ਧੀਆਂ ਤਾਂ ਧੀਆਂ ਨੇ ਭਾਵੇਂ ਕਿਸੇ ਦੀਆਂ ਵੀ ਹੋਣ

ਡਾæ ਗੁਰਨਾਮ ਕੌਰ, ਕੈਨੇਡਾ
ਸ਼ਰੁਤੀ ਅਗਵਾ ਕਾਂਡ ਦੀ ਗੱਲ ਕਰਦਿਆਂ ਬੀਬੀ ਸੁਰਜੀਤ ਕੌਰ ਨੇ ਅਮਰੀਕਾ ਵਿਚ ਧਾਰਮਿਕ ਸੰਸਥਾਵਾਂ ਤੇ ਸਮਾਜਿਕ ਜਥੇਬੰਦੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਸ਼ਰੁਤੀ ਅਗਵਾ ਕਾਂਡ ਵਿਚ ਇਨਸਾਫ ਲਈ ਜਦੋਜਹਿਦ ਕਰ ਰਹੇ ਲੋਕਾਂ ਦੀ ਹਮਾਇਤ ਵਿਚ ਲਿਖਣ/ਨਿਤਰਨ। ਅਪੀਲ ਸਹੀ ਅਤੇ ਸੁਆਗਤਯੋਗ ਹੈ। ਸਮੱਸਿਆ ਇਹ ਹੈ ਕਿ ਸ਼ਰੁਤੀ ਅਗਵਾ ਕਾਂਡ ਦਾ ਧੱਬਾ ਪੰਥਕ ਸਰਕਾਰ ਦੇ ਮੱਥੇ ‘ਤੇ ਲਗਦਾ ਹੈ ਜਿਸ ਨੇ ਆਪਣਾ ਫ਼ਰਜ ਸਹੀ ਰੂਪ ਵਿਚ ਨਹੀਂ ਨਿਭਾਇਆ। ਪਹਿਲੀ ਗੱਲ ਤਾਂ ਇਹ ਹੈ ਕਿ ਪੰਜਾਬ ਪੁਲਿਸ ‘ਪੰਥਕ’ ਸਰਕਾਰ ਦੇ ਅਧੀਨ ਕੰਮ ਕਰ ਰਹੀ ਹੈ। ਜੇ ਪੁਲਿਸ ਨੇ ਵੇਲੇ ਸਿਰ ਤਾਂ ਕੀ ਦੋਸ਼ੀ ਨੂੰ ਬਚਾਉਣ, ਸ਼ਰੁਤੀ ਦੇ ਵਿਆਹ ਦੀਆਂ ਫੋਟੋਆਂ ਜਨਤਕ ਤੌਰ ‘ਤੇ ਨਸ਼ਰ ਕਰਨ ਤੇ ਇਹ ਬਿਆਨ ਦੇਣ ਵਰਗੀ ਕਾਰਵਾਈ ਕੀਤੀ ਹੈ ਕਿ ਸ਼ਰੁਤੀ ਆਪਣੇ ਮਾਂ-ਬਾਪ ਨੂੰ ਮਿਲਣਾ ਨਹੀਂ ਚਾਹੁੰਦੀ, ਤਾਂ ਇਸ ਤੋਂ ਸਪਸ਼ਟ ਹੈ ਕਿ ਪੁਲਿਸ ਸਰਕਾਰ ਵਿਚਲੇ ਕਿਸੇ ‘ਵੱਡੇ’ ਬੰਦੇ ਦੀ ਸ਼ਹਿ ‘ਤੇ ਦੋਸ਼ੀ ਨੂੰ ਬਚਾ ਰਹੀ ਹੈ।
ਕੈਨੇਡਾ-ਅਮਰੀਕਾ ਵਿਚ ਵੀ ਧਾਰਮਿਕ ਸੰਸਥਾਵਾਂ ‘ਤੇ ਕਾਬਜ ਬਹੁਤੇ ਲੋਕ ‘ਪੰਥਕ’ ਸਰਕਾਰ ਨੂੰ ਆਪਣਾ ਮਾਈ-ਬਾਪ ਮੰਨਦੇ ਹਨ। ਫਿਰ ਉਹ ਕਿਵੇਂ ਵਿਚਾਰੀ ਗ਼ਰੀਬ ਸ਼ਰੁਤੀ ਅਤੇ ਉਸ ਦੇ ਬੇਬਸ ਮਾਪਿਆਂ ਦੇ ਹੱਕ ਵਿਚ ਬਿਆਨ ਦੇਣਗੇ? ਗੱਲ ਲੋਕਾਂ ਦੀ ਪ੍ਰਤਿਨਿਧਤਾ ਕਰ ਰਹੀਆਂ ਦੋ ਬੀਬੀਆਂ ਦੀ ਹੈ। ਬੀਬੀ ਪਰਮਜੀਤ ਕੌਰ ਗੁਲਸ਼ਨ, ਜਿਹੜੀ ਆਪਣੇ ਆਪ ਨੂੰ ਗੁਲਸ਼ਨ ਪਰਿਵਾਰ ਵਿਚੋਂ ਹੋਣ ਕਰਕੇ ਅਕਾਲੀਪੁਣੇ ਨੁੰ ਵਿਰਸੇ ਵਿਚ ਮਿਲਿਆ ਸਮਝਦੀ ਹੈ, ਕਿਉਂ ਬੋਲੇਗੀ ਅਤੇ ਹੱਕ ਵਿਚ ਖੜ੍ਹੇਗੀ? ਹੋ ਸਕਦਾ ਹੈ ਕਿ ਹੱਕ ਵਿਚ ਖੜੇ ਹੋਣ ‘ਤੇ ਉਸ ਨੂੰ ਅਕਾਲੀ ਪਾਰਟੀ ਵਿਚੋਂ ਬਾਹਰ ਹੋਣਾ ਪਵੇ? ਅਗਲੀਆਂ ਲੋਕ-ਸਭਾ ਚੋਣਾਂ ਵਿਚ ਉਸ ਨੂੰ ਟਿਕਟ ਤੋਂ ਹੀ ਇਨਕਾਰ ਕਰ ਦਿੱਤਾ ਜਾਵੇ? ਬੀਬੀ ਹਰਸਿਮਰਤ ਕੌਰ ‘ਨੰਨੀ ਛਾਂ’ ਨੂੰ ਬਚਾਉਣ ਲਈ ਹੱਥ-ਪੈਰ ਇਸ ਲਈ ਮਾਰਦੀ ਹੈ ਕਿ ਇਸ ਨਾਲ ਪ੍ਰਚਾਰ ਹੁੰਦਾ ਹੈ ਕਿ ਬੀਬੀ ਭਰੂਣ-ਹੱਤਿਆ ਦੇ ਖਿਲਾਫ ਝੰਡਾ ਚੁੱਕੀ ਖੜ੍ਹੀ ਹੈ। ਪਾਰਲੀਮੈਂਟ ਵਿਚ ਪੰਜਾਬ ਦੇ ਪਾਣੀਆਂ, ਚੰਡੀਗੜ੍ਹ ‘ਤੇ ਹੱਕ ਅਤੇ ਹੋਰ ਹੱਕਾਂ ‘ਤੇ ਬੋਲਣ ਨਾਲੋਂ ਭਰੂਣ ਹੱਤਿਆ ‘ਤੇ ਬੋਲਣਾ ਸੌਖਾ ਹੈ ਅਤੇ ਅਖ਼ਬਾਰਾਂ ਵਿਚ ਫੋਟੋਆਂ ਵੀ ਲਗਦੀਆਂ ਹਨ। ਭਰੂਣ-ਹੱਤਿਆ ਦਾ ਵਿਸ਼ਾ ਅੱਜ-ਕਲ੍ਹ ਕਿਸੇ ਵੀ ਬੀਬੀ ਨੂੰ ਮਸ਼ਹੂਰ ਕਰਨ ਲਈ ਵਾਹਵਾ ਭਖਦਾ ਵਿਸ਼ਾ ਹੈ।
ਉਂਜ ਸਵਾਲ ਇਹ ਵੀ ਹੈ ਕਿ ਸ਼ਰੁਤੀ ਕਾਂਡ ਨੂੰ ਦੇਖ ਕੇ, ਪੰਜਾਬ ਵਿਚ ਸਰਕਾਰ ਦੀ ਸ਼ਹਿ ‘ਤੇ ਚੱਲ ਰਹੀ ਗੁੰਡਾਗਰਦੀ ਦੇ ਮੱਦੇ ਨਜ਼ਰ ਕਿਹੜਾ ਮਾਂ-ਬਾਪ ਚਾਹੇਗਾ ਕਿ ਉਸ ਦੇ ਘਰ ਕੁੜੀ ਜੰਮੇ? ਇਸ ਤੋਂ ਪਾਠਕ ਇਹ ਨਾ ਸਮਝ ਲੈਣ ਕਿ ਮੈਂ ਭਰੂਣ ਹੱਤਿਆ ਦੇ ਹੱਕ ਵਿਚ ਹਾਂ। ਜੇ ਮੇਰੀ ਭਰੂਣ ਹੱਤਿਆ ਹੋਈ ਹੁੰਦੀ ਤਾਂ ਮੈਂ ਆਪਣੇ ਪਿੰਡ ਘੁੰਗਰਾਲੀ ਦੀ ਪਹਿਲੀ ਹਾਈ ਸਕੂਲ ਜਾਣ ਵਾਲੀ ਕੁੜੀ, ਪਹਿਲੀ ਕਾਲਜ ਜਾਣ ਵਾਲੀ ਕੁੜੀ, ਪਹਿਲੀ ਪੀæਐਚæਡੀ ਕੁੜੀ, ਯੂਨੀਵਰਸਿਟੀ ਵਿਚ ਪ੍ਰੋਫੈਸਰ/ਮੁਖੀ/ਡੀਨ, ਪਹਿਲੀ ਵਿਦੇਸ਼ਾਂ ਵਿਚ ਕਾਨਫਰੰਸਾਂ ਅਟੈਂਡ ਕਰਨ ਵਾਲੀ ਕੁੜੀ ਕਿਵੇਂ ਬਣਦੀ? ਅਤੇ ਅੱਜ ਆਪਣੇ ਪਿੰਡ ਦੀ ‘ਪੰਜਾਬ ਟਾਈਮਜ਼’ ਵਿਚ ਲਿਖਣ ਵਾਲੀ ਪਹਿਲੀ ਕੁੜੀ ਕਿਵੇਂ ਹੁੰਦੀ? ਮੈਂ ਕੁੜੀਆਂ ਨੂੰ ਬਚਾਉਣ ਦੇ ਹੱਕ ਵਿਚ ਹਾਂ ਅਤੇ ਇਸ ਹੱਕ ਵਿਚ ਵੀ ਹਾਂ ਕਿ ਪੰਜਾਬ ਵਿਚ ‘ਪੰਥਕ’ ਸਰਕਾਰ ਦੇ ਸਮੇਂ ਵਿਚ ਜੋ ਗੁੰਡਾਗਰਦੀ ਹੋ ਰਹੀ ਹੈ ਉਸ ਦੇ ਖਿਲਾਫ ਪੰਜਾਬ ਦੀਆਂ ਧੀਆਂ ਨੂੰ ਅੱਗੇ ਆਉਣ ਦੀ ਹਿੰਮਤ ਕਰਨੀ ਚਾਹੀਦੀ ਹੈ ਜਿਵੇਂ ਪਟਿਆਲੇ ਦੇ ਸ਼ਾਹੀ ਘਰਾਣੇ ਦੀ ਧੀ ਸਾਹਿਬ ਕੌਰ ਨੇ ਕਦੇ ਅੰਟਾ ਰਾਉ ਮਰਹੱਟੇ ਨੂੰ ਵੰਗਾਰਿਆ ਸੀ ਅਤੇ ਪੰਜਾਬੀ ਯੂਨੀਵਰਸਿਟੀ ਦੇ ਇੱਕ ਗਰਲਜ਼ ਹੋਸਟਲ ਦਾ ਨਾਮ ਪੰਜਾਬ ਦੀ ਇਸ ਬਹਾਦਰ ਧੀ ਦੇ ਨਾਮ ‘ਤੇ ਹੈ ‘ਬੀਬੀ ਸਾਹਿਬ ਕੌਰ ਗਰਲਜ਼ ਹੋਸਟਲ।’ ਮੈਨੂੰ ਕਵੀ ਦਾ ਨਾਮ ਤਾਂ ਯਾਦ ਨਹੀਂ ਪਰ ਇਸ ਸਬੰਧ ਵਿਚ ਸਕੂਲ ਵੇਲੇ ਪੜ੍ਹੀ ਕਵਿਤਾ ਦੀਆਂ ਪੰਕਤੀਆਂ ਅੱਜ ਵੀ ਯਾਦ ਹਨ,
ਲਿਖਿਆ ਸਾਹਿਬ ਕੌਰ ਨੇ ਅੰਟਾ ਰਾਉ ਤਾਣੀ।
ਮੈਂ ਸ਼ੀਂਹਣੀ ਪੰਜ ਦਰਿਆ ਦੀ ਮੈਨੂੰ ਕੱਲੀ ਨਾ ਜਾਣੀ।
ਮੈਂ ਕਰ ਕਰ ਸੁੱਟਾਂ ਡੱਕਰੇ ਸਭ ਤੇਰੀ ਢਾਣੀ।
ਮੈਂ ਨਾਗਣ ਡੰਗਾਂ ਜਿਸ ਨੂੰ ਨਹੀਂ ਮੰਗਦਾ ਪਾਣੀ।
ਹੋ ਸਕਦਾ ਹੈ ਬੀਬੀਆਂ ਦੇ ਅੱਗੇ ਆਉਣ ਨਾਲ ਬੀਬੀ ਹਰਸਿਮਰਤ ਕੌਰ ਬਾਦਲ ਅਤੇ ਬੀਬੀ ਪਰਮਜੀਤ ਕੌਰ ਗੁਲਸ਼ਨ ਨੂੰ ਥੋੜੀ ਜਿਹੀ ਸ਼ਰਮ ਆਵੇ ਅਤੇ ਉਨ੍ਹਾਂ ਵਿਚ ਵੀ ਆਪਣੇ ਆਪ ਦੇ ਇਸਤਰੀ ਹੋਣ ਦਾ ਕੋਈ ਅਹਿਸਾਸ ਜਾਗੇ। ਇਸ ਦੀ ਮਿਸਾਲ ਬੀæਜੇæਪੀæ ਦੀ ਬੀਬੀ ਚਾਵਲਾ ਹੈ। ਨਾਲੇ ਸ਼ਰੁਤੀ ਕਿਹੜਾ ‘ਨੰਨ੍ਹੀ ਛਾਂ’ ਹੈ? ਪੰਜਾਬ ਪੁਲਿਸ ਨੇ ਉਸ ਨੂੰ 18 ਸਾਲ ਤੋਂ ਘੱਟ ਉਮਰ ਦੀ ਹੋਣ ‘ਤੇ ਵੀ ਐਲਾਨ ਕਰ ਦਿੱਤਾ ਹੈ ਕਿ ਸ਼ਰੁਤੀ ਨੇ ਵਿਆਹ ਆਪਣੀ ਮਰਜ਼ੀ ਨਾਲ ਕਰਾਇਆ ਹੈ। ਹੈ ਨਾ ਕਮਾਲ? ਜੇ ਕੋਈ ਗ਼ਰੀਬ ਮਾਂ-ਬਾਪ ਜਾਂ ਕੋਈ ਮਜ਼ਬੂਰ ਮਾਂ-ਪਿਓ ਕਿਸੇ ਵਜ੍ਹਾ ਕਾਰਨ ਆਪਣੀ 18 ਸਾਲ ਤੋਂ ਛੋਟੀ ਉਮਰ ਦੀ ਧੀ ਦਾ ਵਿਆਹ ਕਰ ਦੇਵੇ ਤਾਂ ਪਤਾ ਲੱਗ ਜਾਣ ‘ਤੇ ਪ੍ਰਸਾਸ਼ਨ ਝੱਟ ਹਰਕਤ ਵਿਚ ਆ ਜਾਂਦਾ ਹੈ ਅਤੇ ਉਨ੍ਹਾਂ ਨੂੰ ਠਾਣੇ ਲਿਜਾ ਕੇ ਜ਼ਲੀਲ ਵੀ ਕਰਦਾ ਹੈ ਅਤੇ ਜੇਲ੍ਹ ਦੀ ਹਵਾ ਵੀ ਖੁਆਉਂਦਾ ਹੈ ਕਿ 18 ਸਾਲ ਤੋਂ ਛੋਟੀ ਉਮਰ ਵਿਚ ਵਿਆਹ ਕਰਨਾ ਭਾਰਤੀ ਕਾਨੂੰਨ ਅਨੁਸਾਰ ਜ਼ੁਰਮ ਹੈ। ਨਿਸ਼ਾਨ ਸਿੰਘ ਤਾਂ ਬਾਲਗ ਹੈ, ਹੁਣ ਤੱਕ ਉਸ ਨੂੰ ਕਿਉਂ ਸਜਾ ਦੇਣ-ਦੁਆਉਣ ਦਾ ਪ੍ਰਬੰਧ ਨਹੀਂ ਕੀਤਾ ਗਿਆ?
ਪੰਜਾਬ ਪੁਲਿਸ ਦੀ ਬੇਸ਼ਰਮੀ ਦੀ ਹੱਦ ਹੈ ਕਿ ਉਹ ਨਾਬਾਲਗ ਲੜਕੀ ਨਾਲ ਕਿਸੇ ਧੱਕੜ ਅਤੇ ਹੰਕਾਰੇ ਹੋਏ ਬੰਦੇ ਵੱਲੋਂ ਗੁੰਡਾਗਰਦੀ ਨਾਲ ਜ਼ਬਰੀ ਵਿਆਹ ਕਰ ਲੈਣ ‘ਤੇ ਕਹਿ ਰਹੀ ਹੈ ਕਿ ਸ਼ਰੁਤੀ ਨੇ ਵਿਆਹ ਆਪਣੀ ਮਰਜ਼ੀ ਨਾਲ ਕਰਾਇਆ ਹੈ ਅਤੇ ਉਹ ਮਾਪਿਆਂ ਨੂੰ ਮਿਲਣਾ ਨਹੀਂ ਚਾਹੁੰਦੀ। ਸ਼ਰੁਤੀ ਦੇ ਪਿਤਾ ਅਸ਼ਵਨੀ ਸਚਦੇਵਾ ਨੇ ਕਿਹਾ ਹੈ ਕਿ ਸਾਡੀ ਧੀ ਨਾਰੀ ਨਿਕੇਤਨ ਵਿਚ ਨਹੀਂ ਬਲਕਿ ਪੁਲਿਸ ਦੀ ਕੈਦ ਵਿਚ ਹੈ। ਨਾਰੀ ਨਿਕੇਤਨ ਤਾਂ ਉਸ ਨੂੰ ਸਿਰਫ ਕਮਰਾ ਅਤੇ ਖਾਣਾ ਦੇ ਰਿਹਾ ਹੈ। ਬਾਕੀ ਪੂਰਾ ਕੰਟਰੋਲ ਪੁਲਿਸ ਦਾ ਹੈ। ਇਹੀ ਨਹੀਂ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਹਰਚਰਨ ਬੈਂਸ ਵਲੋਂ ਚੰਡੀਗੜ੍ਹ ਵਿਚ ਪ੍ਰੈਸ ਕਾਨਫ਼ਰੰਸ ਵਿਚ ਇਹ ਕਹਿਣਾ ਕਿ ਨਾਰੀ ਨਿਕੇਤਨ ਵਿਚ ਸ਼ਰੁਤੀ ਨੇ ਉਨ੍ਹਾਂ ਨੂੰ ਮਿਲਣ ਤੋਂ ਇਨਕਾਰ ਕੀਤਾ, ਇਹ ਝੂਠ ਹੈ। ਉਨ੍ਹਾਂ ਕਿਹਾ ਕਿ ਸਿਰਫ਼ ਇਕ ਮੈਂਬਰ ਨੂੰ ਹੀ ਸ਼ਰੁਤੀ ਨੂੰ ਮਿਲਣ ਦਿੱਤਾ ਗਿਆ ਅਤੇ ਜਲੰਧਰ ਪੁਲਿਸ ਦਾ ਅਧਿਕਾਰੀ ਰਵਿੰਦਰਪਾਲ ਸਿੰਘ ਹੀ ਉਸ ਦੀ ਪਤਨੀ ਨੂੰ ਸ਼ਰੁਤੀ ਨੂੰ ਮਿਲਾਉਣ ਲਈ ਲੈ ਕੇ ਗਿਆ ਸੀ। ਇਸ ਦੇ ਲਈ ਸਿਰਫ਼ ਦੋ ਮਿੰਟ ਦਾ ਸਮਾਂ ਹੀ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਹਰਚਰਨ ਸਿੰਘ ਬਿਆਨਬਾਜ਼ੀ ਕਰਕੇ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਮੈਂ ਹਰਚਰਨ ਬੈਂਸ ਨੂੰ ਅਗਾਂਹਵਧੂ ਅਤੇ ਬਹੁਤ ਹੀ ਸਿਆਣਾ ਬੰਦਾ ਸਮਝਦੀ ਸੀ ਪਰ ਅਹੁਦੇ ਦਾ ਲਾਲਚ ਬੰਦੇ ਨੂੰ ਕਿਵੇਂ ਮਜ਼ਬੂਰ ਕਰ ਦਿੰਦਾ ਹੈ ਕਿ ਬੰਦਾ ਸੱਚ ਨੂੰ ਸੱਚ ਅਤੇ ਝੂਠ ਨੂੰ ਝੂਠ ਨਹੀਂ ਕਹਿ ਸਕਦਾ? ਕੀ ਇਸ ਤੋਂ ਇਹ ਵੀ ਪ੍ਰਤੀਤ ਨਹੀਂ ਹੁੰਦਾ ਕਿ ਨਿਸ਼ਾਨ ਸਿੰਘ ਦੇ ਚੀਫ ਮਨਿਸਟਰ ਦੇ ਆਲੇ-ਦੁਆਲੇ ਕਿਸੇ ਨਾ ਕਿਸੇ ਵੱਡੇ ਬੰਦੇ ਨਾਲ ਜ਼ਰੂਰ ਹੀ ਕੋਈ ਬਹੁਤ ਨੇੜਲੇ ਸਬੰਧ ਹੋਣਗੇ? ਨਹੀਂ ਤਾਂ ਹਰਚਰਨ ਬੈਂਸ ਵਰਗੇ ਸੁਲਝੇ ਹੋਏ ਬੰਦੇ ਦੀ ਅਜਿਹੇ ਬਿਆਨ ਦੇਣ ਦੀ ਕੀ ਮਜ਼ਬੂਰੀ ਸੀ? ਪੰਜਾਬ ਦੀਆਂ ਹਵਾਵਾਂ ਵਿਚ ਬੜੀ ਤਰ੍ਹਾਂ ਦੀਆਂ ਗੱਲਾਂ ਖਿਲਰ ਰਹੀਆਂ ਹਨ। ਅਫਵਾਹ ਤਾਂ ਇਹ ਵੀ ਹੈ ਕਿ ਪਿਛਲੀ ਪੰਜਾਬ ਸਰਕਾਰ ਵਿਚ ਭਾਜਪਾ ਪਾਰਟੀ ਦੀ ਮੰਤਰੀ ਰਹੀ ਬੀਬੀ ਨੇ ਜਦੋਂ ਨਿਸ਼ਾਨ ਸਿੰਘ ਦੀਆਂ ਕਿਸੇ ਬਹੁਤ ਵੱਡੇ ਮੰਤਰੀ ਤੋਂ ਵੀ ਉਪਰਲੇ ਅਹੁਦੇ ‘ਤੇ ਸੁਸ਼ੋਭਤ ਬੰਦੇ ਦੇ ਸਕਿਉਰਟੀ ਗਾਰਡ ਵਜੋਂ ਵੀਡੀਓ ਕਲਿਪਿੰਗਜ਼ ਨਸ਼ਰ ਕੀਤੀਆਂ ਤਾਂ ਦੂਸਰੇ ਦਿਨ ਹੀ ਪੁਲਿਸ ਦਾ ਬਿਆਨ ਆ ਗਿਆ ਕਿ ਪੰਜਾਬ ਪੁਲਿਸ ਨੇ ਫੁਰਤੀ ਦਿਖਾਉਂਦੇ ਹੋਏ ਸ਼ਰੁਤੀ ਅਤੇ ਉਸ ਦੇ ਅਗਵਾਕਾਰ ਨੂੰ ਗੋਆ ਤੋਂ ਲੱਭ ਲਿਆ ਹੈ। ਕਈ ਵਾਰ ਮਨ ਵਿਚ ਸਵਾਲ ਉਠਦਾ ਹੈ ਕਿ ਪੰਜਾਬ ਪੁਲਿਸ ਅਮਰੀਕਾ ਜਾਂ ਕੈਨੇਡਾ ਦੀ ਪੁਲਿਸ ਵਰਗੀ ਕਿਉਂ ਨਹੀਂ ਹੈ? ਕਿਉਂ ਇਥੋਂ ਦੀ ਪੁਲਿਸ ਦੀ ਤਰ੍ਹਾਂ ਲੋਕਾਂ ਦੀ ਹਿਫ਼ਾਜ਼ਤ ਨਹੀਂ ਕਰਦੀ? ਕਿਉਂ ਇਹ ਹਮੇਸ਼ਾ ਗਲਤ ਅਤੇ ਗੁੰਡੇ ਬੰਦਿਆਂ ਨੂੰ ਬਚਾਉਣ ‘ਤੇ ਲੱਗੀ ਰਹਿੰਦੀ ਹੈ? ਸਾਡਾ ਸਿਸਟਮ ਬਦਲਦਾ ਕਿਉਂ ਨਹੀਂ? ਅਮਰੀਕਾ ਅਤੇ ਕੈਨੇਡਾ ਵਿਚ ਕੋਈ ਹਥਿਆਰਬੰਦ ਇਨਕਲਾਬ ਨਹੀਂ ਆਇਆ, ਭਾਰਤ ਵਾਂਗ ਹੀ ਲੋਕ-ਰਾਜ ਹੈ ਫਿਰ ਕਿਉਂ ਇਥੋਂ ਦੇ ਮੰਤਰੀਆਂ ਦੀ ਤਰ੍ਹਾਂ ਭਾਰਤ ਦੇ ਮੰਤਰੀ ਅਤੇ ਪੁਲਿਸ ਗੁੰਡਿਆਂ ਦੀ ਹਿਫ਼ਾਜ਼ਤ ਕਰਨੀ ਨਹੀਂ ਛੱਡਦੇ? ਕਹਿਣ ਨੂੰ ਤਾਂ ਅਸੀਂ ਬਾਬੇ ਨਾਨਕ ਦੇ ਪੈਰੋਕਾਰ ਹਾਂ, ਗੁਰੂ ਗੋਬਿੰਦ ਸਿੰਘ ਦੇ ਖ਼ਾਲਸੇ ਹਾਂ ਪਰ ਅਸੀਂ ਸਾਥ ਮਾਲਿਕ ਭਾਗੋਆਂ ਅਤੇ ਔਰੰਗਜੇਬਾਂ ਦਾ ਦੇ ਰਹੇ ਹਾਂ। ਜੋ ਕੁੱਝ ਅੱਜ ਪੰਜਾਬ ਵਿਚ ਹੋ ਰਿਹਾ ਹੈ, ਕੀ ਇਸ ਤੋਂ ਜਰਾ ਵੀ ਅਹਿਸਾਸ ਹੁੰਦਾ ਹੈ ਕਿ ਸਾਡੀ ‘ਪੰਥਕ ਸਰਕਾਰ’ ਦਾ ਲਾਣਾ ਗੁਰੂ ਨਾਨਕ ਨੂੰ ਆਪਣਾ ਗੁਰੂ ਮੰਨ ਕੇ ਉਸ ਦੀ ਕਿਸੇ ਸਿੱਖਿਆ ‘ਤੇ ਅਮਲ ਕਰਦਾ ਹੋਵੇਗਾ?

Be the first to comment

Leave a Reply

Your email address will not be published.