ਜੇਲ੍ਹਾਂ ਵਿਚ ਨੀਂਦ ਵਾਲੀ ਦਵਾਈ ਦੀ ਖਪਤ ਵਧੀ

ਚੰਡੀਗੜ੍ਹ: ਜੇਲ੍ਹਾਂ ਵਿਚ ਬੰਦ ਹਜ਼ਾਰਾਂ ਕੈਦੀ ਨੀਂਦ ਵਾਲੀ ਦਵਾਈ ਲੈ ਕੇ ਸੌਂਦੇ ਹਨ। ਬਹੁਤੇ ਕੈਦੀ ਤਾਂ ਇਸ ਦਵਾਈ ਦੇ ਆਦੀ ਬਣ ਗਏ ਹਨ ਕਿਉਂਕਿ ਇਸ ਦਵਾਈ ਵਿਚ ਨਸ਼ਾ ਹੁੰਦਾ ਹੈ। ਟੇਢੇ ਢੰਗ ਨਾਲ ਬਹੁਤੇ ਨਸ਼ੇੜੀ ਇਸ ਦਵਾਈ ਤੋਂ ਨਸ਼ੇ ਦੀ ਵੀ ਪੂਰਤੀ ਕਰਦੇ ਹਨ। ਪੰਜਾਬ ਦੀਆਂ ਜੇਲ੍ਹਾਂ ਵਿਚ ਨੀਂਦ ਤੇ ਘਬਰਾਹਟ ਵਾਲੀ ਦਵਾਈ ਦੀ ਮੰਗ ਕਾਫ਼ੀ ਵਧ ਗਈ ਹੈ। ਪੰਜਾਬ ਸਰਕਾਰ ਹਰ ਵਰ੍ਹੇ ਲੱਖਾਂ ਰੁਪਏ ਸਿਰਫ਼ ਨੀਂਦ ਤੇ ਘਬਰਾਹਟ ਵਾਲੀ ਦਵਾਈ ‘ਤੇ ਖਰਚ ਕਰਦੀ ਹੈ ਤੇ ਬਹੁਤੇ ਕੈਦੀਆਂ ਨੂੰ ਇਹ ਦਵਾਈ ਲੈਣ ਦੀ ਆਦਤ ਪੈ ਗਈ ਹੈ।
ਜਦੋਂ ਕਿਸੇ ਕੈਦੀ ਨੂੰ ਨੀਂਦ ਨਹੀਂ ਆਉਂਦੀ ਤਾਂ ਉਹ ਫਟ ਗੋਲੀ ਖਾ ਲੈਂਦਾ ਹੈ। ਆਰæਟੀæਆਈæ ਤਹਿਤ ਮਿਲੀ ਸੂਚਨਾ ਅਨੁਸਾਰ ਸਬ ਜੇਲ੍ਹ ਬਰਨਾਲਾ ਵਿਚ ਬੀਤੇ ਅੱਠ ਸਾਲਾਂ ਦੌਰਾਨ ਹਵਾਲਾਤੀ ਅਤੇ ਕੈਦੀ ਨੀਂਦ ਤੇ ਘਬਰਾਹਟ ਵਾਲੀਆਂ 1,40,380 ਗੋਲੀਆਂ ਛਕ ਗਏ ਹਨ ਜਿਨ੍ਹਾਂ ‘ਤੇ ਸਰਕਾਰ ਨੂੰ 76453 ਰੁਪਏ ਖਰਚ ਕਰਨੇ ਪਏ ਹਨ। ਇਸ ਜੇਲ੍ਹ ਵਿਚ 2005-06 ਤੋਂ 2012-13 ਤੱਕ ਬੰਦੀਆਂ ਦੇ ਇਲਾਜ ‘ਤੇ 15æ85 ਲੱਖ ਰੁਪਏ ਖਰਚ ਕੀਤੇ ਗਏ ਹਨ।
ਇਸ ਸਮੇਂ ਦੌਰਾਨ 1æ87 ਲੱਖ ਮਰੀਜ਼ ਓæਪੀæਡੀæ ਵਿਚ ਦੇਖੇ ਗਏ। ਰੋਪੜ ਜੇਲ੍ਹ ਵਿਚ ਬੰਦੀਆਂ ਦੇ ਇਲਾਜ ‘ਤੇ ਅੱਠ ਵਰ੍ਹਿਆਂ ਵਿਚ 16æ58 ਲੱਖ ਰੁਪਏ ਖਰਚ ਕੀਤੇ ਗਏ ਹਨ। ਇਸ ਜੇਲ੍ਹ ਵਿਚ ਇਸ ਸਮੇਂ ਦੌਰਾਨ 12147 ਬੰਦੀਆਂ ਨੇ ਨੀਂਦ ਨਾ ਆਉਣ ਕਰਕੇ ਗੋਲੀਆਂ ਦੀ ਵਰਤੋਂ ਕੀਤੀ। ਸਬ ਜੇਲ੍ਹ ਮੋਗਾ ਵਿਚ ਇਸ ਸਮੇਂ ਦੌਰਾਨ 1150 ਮਰੀਜ਼ ਨੀਂਦ ਵਾਲੀਆਂ ਗੋਲੀਆਂ ਖਾ ਕੇ ਸੁੱਤੇ ਹਨ। ਇਨ੍ਹਾਂ ਮਰੀਜ਼ਾਂ ਨੇ ਘਬਰਾਹਟ ਤੇ ਨੀਂਦ ਨਾ ਆਉਣ ਦੀ ਸ਼ਿਕਾਇਤ ਕੀਤੀ ਸੀ। ਇਸ ਜੇਲ੍ਹ ਵਿਚ ਇਨ੍ਹਾਂ ਸਾਲਾਂ ਦੌਰਾਨ 31145 ਬੰਦੀਆਂ ਦੀ ਓਪੀਡੀ ਰਹੀ ਹੈ ਜਿਨ੍ਹਾਂ ਦੀ ਸਿਹਤ ‘ਤੇ 3æ82 ਲੱਖ ਰੁਪਏ ਖਰਚੇ ਗਏ ਹਨ।
ਜ਼ਿਲ੍ਹਾ ਜੇਲ੍ਹ ਹੁਸ਼ਿਆਰਪੁਰ ਨੇ ਲਿਖਤੀ ਸੂਚਨਾ ਵਿਚ ਦੱਸਿਆ ਹੈ ਕਿ ਕੁੱਲ ਮਰੀਜ਼ਾਂ ਵਿਚੋਂ 15 ਤੋਂ 20 ਫੀਸਦੀ ਮਰੀਜ਼ ਘਬਰਾਹਟ ਤੇ ਨੀਂਦ ਵਾਲੀ ਦਵਾਈ ਲੈ ਕੇ ਸੌਂਦੇ ਹਨ। ਅੱਠ ਵਰ੍ਹਿਆਂ ਵਿੱਚ ਇਸ ਜੇਲ੍ਹ ਵਿਚ 1æ31 ਲੱਖ ਮਰੀਜ਼ਾਂ ਦੀ ਓਪੀਡੀ ਰਹੀ ਹੈ। ਜ਼ਨਾਨਾ ਜੇਲ੍ਹ ਲੁਧਿਆਣਾ ਦੀ ਗੱਲ ਕਰੀਏ ਤਾਂ ਔਰਤ ਕੈਦੀਆਂ ਨੂੰ ਵੀ ਇਹੋ ਸਮੱਸਿਆ ਹੈ। ਇਸ ਜੇਲ੍ਹ ਵਿਚ ਅੱਠ ਸਾਲਾਂ ਵਿਚ 1800 ਔਰਤ ਕੈਦਣਾਂ ਨੇ ਨੀਂਦ ਵਾਲੀ ਦਵਾਈ ਲੈ ਕੇ ਰਾਤ ਕੱਢੀ।
ਇਸ ਜੇਲ੍ਹ ਵਿਚ ਇਸ ਸਮੇਂ ਦੌਰਾਨ ਕੈਦਣਾਂ ਦੇ ਇਲਾਜ ‘ਤੇ 36æ38 ਲੱਖ ਰੁਪਏ ਖਰਚ ਆਏ ਹਨ। ਖੁੱਲ੍ਹੀ ਖੇਤੀਬਾੜੀ ਜੇਲ੍ਹ ਨਾਭਾ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਉਨ੍ਹਾਂ ਦੀ ਜੇਲ੍ਹ ਵਿਚ ਤਾਂ ਸਿਰਫ਼ ਰਿਸ਼ਟ ਪੁਸ਼ਟ ਤੇ ਮਾਨਸਿਕ ਤੌਰ ‘ਤੇ ਫਿੱਟ ਕੈਦੀ ਹੀ ਲਿਆਂਦੇ ਜਾਂਦੇ ਹਨ। ਇਹੀ ਕਾਰਨ ਹੈ ਕਿ ਇਸ ਜੇਲ੍ਹ ਦੀ ਅੱਠ ਸਾਲਾਂ ਵਿਚ ਓæਪੀæਡੀæ 2013 ਮਰੀਜ਼ਾਂ ਦੀ ਰਹੀ ਹੈ। ਕੇਂਦਰੀ ਜੇਲ੍ਹ ਬਠਿੰਡਾ ਦੇ ਪ੍ਰਬੰਧਕਾਂ ਨੇ ਮੰਨਿਆ ਕਿ ਜੇਲ੍ਹ ਵਿਚ ਨੀਂਦ ਤੇ ਘਬਰਾਹਟ ਦੀ ਦਵਾਈ ਆਉਂਦੀ ਹੈ ਪਰ ਉਨ੍ਹਾਂ ਵੇਰਵੇ ਨਾ ਦਿੱਤੇ।
ਇਸ ਬਾਰੇ ਆਈਜੀ (ਜੇਲ੍ਹਾਂ) ਜਗਜੀਤ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਬੰਦੀ ਜਦੋਂ ਪਰਿਵਾਰ ਨਾਲੋਂ ਟੁੱਟਦੇ ਹਨ ਤਾਂ ਉਹ ਇਕੱਲਤਾ ਮਹਿਸੂਸ ਕਰਦੇ ਹਨ ਤੇ ਖਾਸ ਕਰਕੇ ਪਹਿਲੀ ਦਫ਼ਾ ਜੇਲ੍ਹ ਆਉਣ ਵਾਲੇ ਬੰਦੀਆਂ ਨੂੰ ਜ਼ਿਆਦਾ ਤਣਾਓ ਹੁੰਦਾ ਹੈ ਜਿਨ੍ਹਾਂ ਨੂੰ ਲੋੜ ਪੈਣ ‘ਤੇ ਹੀ ਘਬਰਾਹਟ ਤੇ ਨੀਂਦ ਆਦਿ ਲਈ ਦਵਾਈ ਦਿੱਤੀ ਜਾਂਦੀ ਹੈ।

Be the first to comment

Leave a Reply

Your email address will not be published.