ਜਤਿੰਦਰ ਮੌਹਰ
ਫੋਨ: 91-97799-34747
ਪੂੰਜੀਵਾਦੀ ਅਤੇ ਸਮਾਜਵਾਦੀ ਖੇਮੇ ਵਿਚਕਾਰ ‘ਠੰਢੀ ਜੰਗ’ ਦੇ ਦਿਨਾਂ ਵਿਚ ਇੰਡੋਨੇਸ਼ੀਆ ਦੀ ਬਦਨਾਮ ਖ਼ੂਨੀ ਮੁਹਿੰਮ ਨੂੰ ਕਮਿਉਨਿਜ਼ਮ ਵਿਰੁਧ ਵੱਡੀ ਜਿੱਤ ਦੇ ਰੂਪ ਵਿਚ ਪ੍ਰਚਾਰਿਆ ਗਿਆ ਸੀ। ਇਸ ਖ਼ੂਨੀ ਮੁਹਿੰਮ ਦੇ ਨਤੀਜਿਆਂ ਨੇ ਸਰਮਾਏਦਾਰ ਜੰਗਬਾਜ਼ਾਂ ਨੂੰ ਵੱਡੀ ਹੱਲਾਸ਼ੇਰੀ ਦਿੱਤੀ। ਉਨ੍ਹਾਂ ਨੇ ਇਸ ਮੁਹਿੰਮ ਨੂੰ ਹੋਰ ਮੁਲਕਾਂ ਵਿਚ ਲਾਗੂ ਕਰਨ ਦਾ ਤਹੱਈਆ ਕਰ ਲਿਆ। ਇਹਦਾ ਨਤੀਜਾ ਚਿੱਲੀ ਸਮੇਤ ਕਈ ਲਾਤੀਨੀ ਮੁਲਕਾਂ ਵਿਚ ਹੋਏ ਫ਼ੌਜੀ ਰਾਜ-ਪਲਟਿਆਂ ਅਤੇ ਕਤਲੇਆਮ ਦੇ ਰੂਪ ਵਿਚ ਸਾਹਮਣੇ ਆਇਆ। ਮਸ਼ਹੂਰ ਲੇਖਕਾ ਨੈਓਮੀ ਕਲੇਨ ਇਸ ਵਰਤਾਰੇ ਨੂੰ ‘ਸਦਮਾ ਸਿਧਾਂਤ’ (ਸ਼ੌਕ ਡੌਕਟਰਿਨ) ਕਹਿੰਦੀ ਹੈ। ਇਨ੍ਹਾਂ ਖ਼ੂਨੀ ਮੁਹਿੰਮਾਂ ਨੇ ਸਿਆਸੀ ਵਿਰੋਧੀਆਂ ਨੂੰ ਕਿਉਂਟਣ ਦਾ ਕੰਮ ਕੀਤਾ। ਇਨ੍ਹਾਂ ਮੁਹਿੰਮਾਂ ਪਿੱਛੇ ਸ਼ਿਕਾਗੋ ਸਕੂਲ ਅਤੇ ਬਰਕਲੇ ਮਾਫ਼ੀਆ ਦੇ ਅਰਥ ਸ਼ਾਸਤਰੀਆਂ ਦਾ ਦਿਮਾਗ ਕੰਮ ਕਰਦਾ ਸੀ ਜਿਨ੍ਹਾਂ ਨੇ ਖੁੱਲ੍ਹੀ ਮੰਡੀ ਜਾਂ ਸ਼ੁੱਧ ਸਰਮਾਏਦਾਰੀ ਦੀਆਂ ਨੀਤੀਆਂ ਲਾਗੂ ਕਰਵਾਉਣ ਦਾ ਬੀੜਾ ਚੁੱਕਿਆ ਹੋਇਆ ਸੀ। ਉਨ੍ਹਾਂ ਦਾ ਤਰੱਦਦ ਆਲਮੀ ਸਰਮਾਏ ਨੂੰ ਚੋਣਵੇਂ ਹੱਥਾਂ ਵਿਚ ਦੇਣ ਦੀ ਸਾਜ਼ਿਸ਼ ਸੀ ਜਿਹਦੇ ਲਈ ਉਹ ਲੱਖਾਂ ਕੀਮਤੀ ਜਾਨਾਂ ਨੂੰ ਬਲਦੀ ਦੇ ਬੂਥੇ ਦੇਣ ਲਈ ਤਿਆਰ-ਬਰ-ਤਿਆਰ ਸਨ। ਉਨ੍ਹਾਂ ਨੇ ਕਹਿਣੀ ਅਤੇ ਕਥਨੀ ਵਿਚ ਫਰਕ ਨਹੀਂ ਕੀਤਾ। ਪੂਰਬੀ ਏਸ਼ੀਆ ਦਾ ਮੁਲਕ ਇੰਡੋਨੇਸ਼ੀਆ ਵਿਤੀ ਹਤਿਆਰਿਆਂ ਅਤੇ ਉਨ੍ਹਾਂ ਦੇ ਮੁਕਾਮੀ ਹੱਥ-ਠੋਕਿਆਂ ਦੇ ਕਾਲੇ ਕਾਰਿਆਂ ਦਾ ਗਵਾਹ ਬਣਿਆ।
ਦਸਤਾਵੇਜ਼ੀ ਫ਼ਿਲਮ ‘ਦਿ ਐਕਟ ਔਫ ਕਿਲਿੰਗ’ (2012) ਮੁਕਾਮੀ ਬੁੱਚੜਾਂ ਦੀ ਮਾਨਸਿਕਤਾ ਅਤੇ ਕਾਰਿਆਂ ਰਾਹੀਂ ਸੰਨ 1965-66 ਵਿਚ ਵਾਪਰੀ ਤਰਾਸਦੀ ਦੀ ਭਿਆਨਕਤਾ ਉਘਾੜਦੀ ਹੈ। ਇਸ ਫ਼ਿਲਮ ਦੇ ਹਦਾਇਤਕਾਰ ਜੋਸ਼ੂਆ ਓਪੇਨਹੈਮਰ ਹਨ। ਹਦਾਇਤਕਾਰੀ ਵਿਚ ਉਨ੍ਹਾਂ ਦਾ ਸਾਥ ਕ੍ਰਿਸਟਾਈਨ ਸਾਈਨ ਅਤੇ ਇੱਕ ਹੋਰ ਬੇਨਾਮ ਫ਼ਿਲਮਸਾਜ਼ ਨੇ ਦਿੱਤਾ ਹੈ। ਇਸ ਫ਼ਿਲਮ ਨੂੰ ਨੈਓਮੀ ਕਲੇਨ ਦੀ ਕਿਤਾਬ ‘ਸਦਮਾ ਸਿਧਾਂਤ’ (ਪੰਜਾਬੀ ਅਨੁਵਾਦ-ਬੂਟਾ ਸਿੰਘ) ਦੇ ਹਵਾਲੇ ਨਾਲ ਸਮਝਦਿਆਂ, ਇੰਡੋਨੇਸ਼ੀਆਈ-ਤਰਾਸਦੀ ਦੀ ਵੱਖਰੀ ਤਫ਼ਸੀਲ ਅਤੇ ਤੰਦ ਖੁੱਲ੍ਹਦੀ ਹੈ। ਕਿਤਾਬ ਮੁਤਾਬਕ ਦੂਜੀ ਆਲਮੀ ਜੰਗ ਦੇ ਸਮਿਆਂ ਤੋਂ ਇੰਡੋਨੇਸ਼ੀਆ ਦੀ ਅਗਵਾਈ ਕਰ ਰਹੇ ਰਾਸ਼ਟਰਪਤੀ ਸੁਕਾਰਨੋ ਨੇ ਮੁਲਕ ਦੀ ਆਰਥਿਕ-ਸੁਰੱਖਿਆ ਲਈ ਨਿੱਗਰ ਕਦਮ ਚੁੱਕੇ। ਉਹਨੇ ਕੌਮਾਂਤਰੀ ਮਾਲੀ ਕੋਸ਼ (ਆਈæਐਮæਐਫ਼æ) ਤੇ ਆਲਮੀ ਬੈਂਕ ਨੂੰ ਮੁਲਕ ਵਿਚੋਂ ਦਫ਼ਾ ਕਰ ਦਿੱਤਾ। ਉਹਦੇ ਮੁਤਾਬਕ ਇਹ ਦੋਵੇਂ ਸੰਸਥਾਵਾਂ ਪੱਛਮੀ ਦਿਉਕੱਦ ਬਹੁ-ਕੌਮੀ ਕੰਪਨੀਆਂ ਦੇ ਹਿੱਤਾਂ ਲਈ ਕੰਮ ਕਰਦੀਆਂ ਸਨ। ਸੁਕਾਰਨੋ ਕੌਮਪ੍ਰਸਤ ਹੋਣ ਦੇ ਬਾਵਜੂਦ ਕਮਿਉਨਿਸਟ ਦਲ ਨਾਲ ਨੇੜਿਉਂ ਜੁੜ ਕੇ ਕੰਮ ਕਰਦਾ ਸੀ। ਉਸ ਵੇਲੇ ਕਮਿਉਨਿਸਟ ਦਲ ਦੇ ਤੀਹ ਲੱਖ ਸਰਗਰਮ ਕਾਰਕੁਨ ਸਨ। ਸੁਕਾਰਨੋ ਤੋਂ ਔਖੀਆਂ ਹੋਈਆਂ ਅਮਰੀਕੀ ਅਤੇ ਬਰਤਾਨਵੀ ਸਰਕਾਰਾਂ ਨੇ ਸੁਕਾਰਨੋ ਨੂੰ ਸੱਤਾ ਤੋਂ ਲਾਂਭੇ ਕਰਨ ਦਾ ਤਹੱਈਆ ਕਰ ਲਿਆ। ਸੰਨ 1965 ਵਿਚ ਜਰਨੈਲ ਸੁਹਾਰਤੋ ਸਰਮਾਏਦਾਰ ਜੰਗਬਾਜ਼ਾਂ ਦੀ ਸ਼ਹਿ ਨਾਲ ਮੁਲਕ ‘ਤੇ ਕਾਬਜ਼ ਹੋ ਗਿਆ। ਅਮਰੀਕੀ ਖ਼ੁਫ਼ੀਆ ਏਜੰਸੀ ਸੀæਆਈæਏæ ਨੇ ਚਾਰ ਤੋਂ ਪੰਜ ਹਜ਼ਾਰ ਮੋਹਰੀ ਖੱਬੇ ਪੱਖੀਆਂ ਦੀ ਸੂਚੀ ਬਣਾ ਲਈ। ਇਸ ਸੂਚੀ ਨੂੰ ਉਨ੍ਹਾਂ ਨੇ ‘ਚਾਂਦਮਾਰੀ ਸੂਚੀ’ ਦਾ ਨਾਮ ਦਿੱਤਾ। ਸੀæਆਈæਏæ ਤੋਂ ਮਿਲੀ ਸੂਚੀ ਨਾਲ ਸੁਹਾਰਤੋ ਨੇ ਖੱਬੇ ਪੱਖੀਆਂ ਦੇ ਖਾਤਮੇ ਦੀ ਮੁਹਿੰਮ ਚਲਾ ਦਿੱਤੀ। ਅਮਰੀਕਾ ਨੇ ਸੁਹਾਰਤੋ ਨੂੰ ਫ਼ੌਜੀ ਮਦਦ ਅਤੇ ਲੋੜੀਂਦਾ ਸਾਜ਼ੋ-ਸਾਮਾਨ ਮੁਹੱਈਆ ਕਰਵਾਇਆ।
ਕਤਲਾਂ ਦਾ ਅੰਕੜਾ ‘ਚਾਂਦਮਾਰੀ ਸੂਚੀ’ ਤੱਕ ਸੀਮਤ ਨਹੀਂ ਰਿਹਾ। ਇੱਕ ਮਹੀਨੇ ਵਿਚ ਹੀ ਪੰਜ ਲੱਖ ਤੋਂ ਵੱਧ ਲੋਕ ਕਤਲ ਕਰ ਦਿੱਤੇ ਗਏ। ਕੁਝ ਵੇਰਵਿਆਂ ਮੁਤਾਬਕ ਲਗਭਗ ਦਸ ਤੋਂ ਬਾਰਾਂ ਲੱਖ ਜਿਉਂਦੇ ਮਨੁੱਖੀ ਜੀਅ ਕਮਿਉਨਿਸਟਾਂ ਦਾ ਬਿੱਲਾ ਲਾ ਕੇ ਮਾਰ ਦਿੱਤੇ ਗਏ। ਕਤਲ ਹੋਣ ਵਾਲਿਆਂ ਵਿਚ ਉਹ ਸਾਰੇ ਸ਼ਾਮਲ ਸਨ ਜਿਨ੍ਹਾਂ ਨੇ ਸੁਹਾਰਤੋ ਦੇ ਫ਼ੋਜੀ ਨਿਜ਼ਾਮ ਦਾ ਵਿਰੋਧ ਕੀਤਾ; ਜਿਵੇਂ ਯੂਨੀਅਨ ਆਗੂ, ਬੇਜ਼ਮੀਨੇ ਕਿਸਾਨ-ਮਜ਼ਦੂਰ, ਵਿਦਿਆਰਥੀ, ਬੁੱਧੀਜੀਵੀ ਅਤੇ ਚੀਨੀ ਨਸਲ ਦੇ ਲੋਕ। ਇੰਨਾ ਭਿਆਨਕ ਕਤਲੇਆਮ ਮਚਾਉਣ ਲਈ ਹਜ਼ਾਰਾਂ ਮੁਕਾਮੀ ਹੱਥ-ਠੋਕੇ ਬੁੱਚੜਾਂ ਦੀ ਲੋੜ ਸੀ। ਸੁਹਾਰਤੋ ਅਤੇ ਉਸ ਦੇ ਆਕਾਵਾਂ ਨੇ ਫ਼ੌਜ, ਪੁਲਿਸ ਅਤੇ ਨੀਮ-ਫ਼ੌਜੀ ਦਸਤਿਆਂ ਤੋਂ ਬਿਨਾਂ ਬੁਨਿਆਦਪ੍ਰਸਤਾਂ ਅਤੇ ਮੁਕਾਮੀ ਜੱਥੇਬੰਦ ਗੁੰਡਾ ਢਾਣੀਆਂ ਦੀ ਮਦਦ ਲਈ। ਇੱਕ ਪੱਤਰਕਾਰ ਮੁਕਾਮੀ ਕਾਤਲਾਂ ਬਾਰੇ ਲਿਖਦਾ ਹੈ, “ਉਹ ਚਟਕਾਰੇ ਲੈ ਕੇ ਆਪਣੇ ਚੇਲਿਆਂ ਨੂੰ ਸੱਦਦੇ, ਡੱਬਾਂ ਵਿਚ ਛੁਰੇ ਅਤੇ ਪਿਸਤੌਲ ਟੁੰਗ ਕੇ ਅਤੇ ਮੋਢੇ ‘ਤੇ ਡਾਂਗ ਧਰ ਕੇ ਸੌਂਪਿਆ ਕੰਮ ਕਰਨ ਨਿਕਲ ਤੁਰਦੇ।” ਕਮਿਉਨਿਸਟਾਂ ਦਾ ਗੜ੍ਹ ਮੰਨੇ ਜਾਂਦੇ ਪੇਂਡੂ ਖੇਤਰਾਂ ਵਿਚ ਉਨ੍ਹਾਂ ਦਾ ਸਫ਼ਾਇਆ ਕਰ ਦਿੱਤਾ ਗਿਆ। ਲੇਖਕ ਡੇਵਿਡ ਰੈਨਸਮ ਲਿਖਦਾ ਹੈ, “ਪੂਰਬੀ ਜਾਵਾ ਵਿਚ ਘੁੰਮ ਕੇ ਆਏ ਲੋਕ ਦੱਸਦੇ ਹਨ ਕਿ ਛੋਟੇ ਦਰਿਆ ਅਤੇ ਨਦੀਆਂ ਲਾਸ਼ਾਂ ਨਾਲ ਭਰ ਗਈਆਂ ਅਤੇ ਕਈ ਥਾਂਈਂ ਦਰਿਆਈ ਆਵਾਜਾਈ ਰੁਕ ਗਈ।”
ਫ਼ਿਲਮਸਾਜ਼ ‘ਦਿ ਐਕਟ ਔਫ ਕਿਲਿੰਗ’ ਨੂੰ ਅਨਵਰ ਕਾਂਗੋ, ਅਦੀ ਜੁਲਕਾਦਰੀ ਅਤੇ ਹਰਮਨ ਕੋਟੇ ਵਰਗੇ ਗੁੰਡਿਆਂ ਦੇ ਹਵਾਲੇ ਨਾਲ ਪੇਸ਼ ਕਰਦਾ ਹੈ। ਇਹ ਫ਼ਿਲਮ ਦੀਆਂ ਟਿਕਟਾਂ ਦੀ ਕਾਲਾ ਬਾਜ਼ਾਰੀ ਕਰਦੇ ਸਨ ਜਿਨ੍ਹਾਂ ਨੂੰ ਮੇਦਾਨ (ਉੱਤਰੀ ਸੁਮਾਟਰਾ) ਦੇ ਵਹਿਸ਼ੀ ਕਾਤਲ ਦਸਤਿਆਂ ਦਾ ਹਿੱਸਾ ਬਣਾਇਆ ਗਿਆ ਸੀ। ਇਨ੍ਹਾਂ ਦਾ ਮੁੱਖ ਨਿਸ਼ਾਨਾ ਕਮਿਉਨਿਸਟ, ਚੀਨੀ ਨਸਲ ਦੇ ਲੋਕ ਅਤੇ ਸੁਹਾਰਤੋ ਦੇ ਵਿਰੋਧੀ ਬਣੇ। ਅਨਵਰ ਨੇ ਫ਼ਿਰੌਤੀ ਨਾ ਦੇਣ ਵਾਲਿਆਂ ਨੂੰ ਵੀ ਕਤਲ ਕੀਤਾ। ਅਨਵਰ ਹੱਥੋਂ ਕਤਲ ਹੋਏ ਜੀਆਂ ਦੀ ਗਿਣਤੀ ਹਜ਼ਾਰ ਦੇ ਕਰੀਬ ਸੀ। ਇਨ੍ਹਾਂ ਵਿਚੋਂ ਬਹੁਤਿਆਂ ਨੂੰ ਤਾਰ ਨਾਲ ਗਲ ਘੁੱਟ ਕੇ ਮਾਰਿਆ ਗਿਆ ਸੀ। ਅਨਵਰ ਮੁਤਾਬਕ ਇਹ ਉਹਦਾ ਈਜਾਦ ਕੀਤਾ ਖ਼ਾਸ ਤਰੀਕਾ ਸੀ ਜਿਹਦੇ ਨਾਲ ਲਹੂ ਨਾਲ ਫ਼ਰਸ਼ ਗੰਦਾ ਹੋਣ ਤੋਂ ਬਚ ਜਾਂਦਾ ਸੀ। ਫ਼ਿਲਮਸਾਜ਼ ਫ਼ਿਲਮ ਰਾਹੀਂ ਕਾਤਲਾਂ ਦੇ ਮੂੰਹੋਂ ਕਤਲੇਆਮ ਦਾ ਇਕਬਾਲ ਕਰਵਾ ਲੈਂਦਾ ਹੈ। ਕਾਤਲ ਚਟਖਾਰੇ ਲੈ ਕੇ ਕਹਾਣੀਆਂ ਸੁਣਾਉਂਦੇ ਹਨ। ਫ਼ਿਲਮਸਾਜ਼ ਨੂੰ ਅਨਵਰ ਕਾਂਗੋ ਵਲੋਂ ਸਭ ਕੁਝ ਦੱਸਣਾ ਇਸ ਗੱਲ ਦਾ ਸਬੂਤ ਹੈ ਕਿ ਉਹ ਆਪਣੇ ਕਾਰਿਆਂ ਨੂੰ ਪਰਦੇ ‘ਤੇ ਦੇਖਣ ਦੀ ਅਤੇ ਨਾਇਕ ਵਜੋਂ ਦਿਸਣ ਦੀ ਕਿੰਨੀ ਲਾਲਸਾ ਰੱਖਦਾ ਹੈ।
ਅਨਵਰ ਕਾਂਗੋ ਸੱਜੇਪੱਖੀ ਨੀਮ-ਫ਼ੌਜੀ ਦਲ ‘ਪੇਮੂਦਾ ਪਾਂਚਾਸੀਲਾ’ (ਪਾਂਚਾਸੀਲਾ ਗੱਭਰੂ) ਦੇ ਬਾਨੀਆਂ ਵਿਚੋਂ ਇਕ ਸੀ। ਇਹ ਦਲ ਕਾਤਲ ਦਸਤਿਆਂ ‘ਚੋਂ ਉਭਰਿਆ ਸੀ। ਅੱਜ ਇਹ ਮੁਲਕ ਦਾ ਸਭ ਤੋਂ ਵੱਡਾ ਨੀਮ-ਫ਼ੌਜੀ ਦਲ ਹੈ। ਇਹਦੇ ਤੀਹ ਲੱਖ ਕਾਰਕੁਨ ਹਨ। ਇਸ ਦਲ ਦੇ ਕਾਰਕੁਨ ਸਰਕਾਰ ਵਿਚ ਮੰਤਰੀ ਹਨ। ਉੱਤਰੀ ਸੁਮਾਟਰਾ ਸੂਬੇ ਦਾ ਰਾਜਪਾਲ ਸਿਆਮਸੁਲ ਅਰੀਫਿਨ, ਅਨਵਰ ਕਾਂਗੋ ਨੂੰ ਸਲਾਮ ਠੋਕਦਾ ਹੈ ਅਤੇ ਉਹਦੀ ਭਰਪੂਰ ਵਡਿਆਈ ਕਰਦਾ ਹੈ। ਰਾਜਪਾਲ ਕਹਿੰਦਾ ਹੈ, “ਹੁਣ ਕਮਿਉਨਿਸਟਾਂ ਦੇ ਜੁਆਕ ਇਤਿਹਾਸ ਨੂੰ ਮੋੜਾ ਦੇਣਾ ਚਾਹੁੰਦੇ ਹਨ। ਉਨ੍ਹਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਉਨ੍ਹਾਂ ਨੂੰ ਕਮਿਉਨਿਸਟ ਦੀ ਔਲਾਦ ਹੋਣ ‘ਤੇ ਮਾਣ ਹੈ। ਇਹ ਜ਼ਿਆਦਾ ਦੇਰ ਨਹੀਂ ਚੱਲੇਗਾ, ਕਿਉਂਕਿ ਲੋਕ ਉਨ੍ਹਾਂ ਨੂੰ ਮਾਨਤਾ ਨਹੀਂ ਦੇਣਗੇ। ਕਮਿਉਨਿਜ਼ਮ ਸਾਡੇ ਮੁਲਕ ਵਿਚ ਜੜ੍ਹਾਂ ਨਹੀਂ ਜਮਾ ਸਕਦਾ, ਕਿਉਂਕਿ ਸਾਡੇ ਕੋਲ ਵੱਡੀ ਗਿਣਤੀ ਵਿਚ ਗੁੰਡਾ ਢਾਣੀਆਂ ਹਨ ਜਿਹੜੀ ਬਹੁਤ ਚੰਗੀ ਗੱਲ ਹੈ।” ਉੱਤਰੀ ਸੁਮਾਟਰਾ ਦਾ ਸੰਸਦ ਮੈਂਬਰ ਮਾਰਜ਼ੂਕੀ ਮਾਣ ਨਾਲ ਦੱਸਦਾ ਹੈ, “ਮੇਰੇ ਸਮੇਤ ‘ਪਾਂਚਾਸੀਲਾ ਗੱਭਰੂ’ ਦਲ ਦੇ ਕਾਰਕੁਨ ਜੂਏ, ਤਸਕਰੀ, ਦਹਿਸ਼ਤੀ ਕਾਰਵਾਈਆਂ, ਕਾਲਾ ਬਾਜ਼ਾਰੀ ਅਤੇ ਫਿਰੌਤੀ ਵਸੂਲਣ ਵਰਗੇ ਗ਼ੈਰ-ਕਾਨੂੰਨੀ ਧੰਦਿਆਂ ਵਿਚ ਸ਼ਾਮਲ ਹਨ। ਸਿਆਸੀ ਲੋਕਾਂ ਨੂੰ ਸਾਡੀ ਲੋੜ ਹੈ, ਇਸ ਕਰ ਕੇ ਉਹ ਸਾਡੀ ਪੁਸ਼ਤ-ਪਨਾਹੀ ਕਰਦੇ ਹਨ। ਗੁੰਡਾ ਢਾਣੀਆਂ ਸੁਰੱਖਿਆ ਵੀ ਦਿੰਦੀਆਂ ਹਨ ਅਤੇ ਦੰਗਿਆਂ ਵਿਚ ਵੀ ਸ਼ਮੂਲੀਅਤ ਕਰਦੀਆਂ ਹਨ। ਅਸੀਂ ਆਪਣੀ ਤਾਕਤ ਕਮਿਉਨਿਸਟਾਂ ਨੂੰ ਖਤਮ ਕਰਨ ਵੇਲੇ ਸਾਬਤ ਕਰ ਚੁੱਕੇ ਹਾਂ। ਸੰਸਦ ਮੈਂਬਰ ਅਤੇ ਸਨਅਤਕਾਰ ਹਾਜੀ ਅਨੀਫ਼ ਖ਼ੁਲਾਸਾ ਕਰਦਾ ਹੈ ਕਿ ਜਦੋਂ ਕਿਸੇ ਸਨਅਤਕਾਰ ਨੇ ਜ਼ਮੀਨ ਹਥਿਆਉਣੀ ਹੋਵੇ ਤਾਂ ਉਹ ‘ਪਾਂਚਾਸੀਲਾ ਗੱਭਰੂ’ ਦਲ ਦੇ ਲੋਕਾਂ ਨੂੰ ਪੈਸਾ ਦੇ ਦਿੰਦਾ ਹੈ। ਲੋਕਾਂ ਵਿਚ ਨੀਮ-ਫ਼ੌਜੀਆਂ ਦਾ ਇੰਨਾ ਖ਼ੌਫ਼ ਹੈ ਕਿ ਉਹ ਕੌਡੀਆਂ ਦੇ ਭਾਅ ਜ਼ਮੀਨ ਛੱਡ ਜਾਂਦੇ ਹਨ। ਅਨੀਫ਼ ਨੇ ਦੋ ਸੌ ਮਿਲੀਅਨ ਡਾਲਰ ਦੀ ਜ਼ਮੀਨ ਖਰੀਦ ਕੇ ਪੰਛੀਆਂ ਨੂੰ ਦਾਨ ਕੀਤੀ ਹੋਈ ਹੈ। ਉਹ ਪੰਛੀਆਂ ਦਾ ਵੱਡਾ ਪ੍ਰੇਮੀ ਹੈ। ਪੰਛੀਆਂ ਦੀ ਖੁਸ਼ੀ ਵਿਚ ਹੀ ਅਨੀਫ਼ ਦੀ ਖੁਸ਼ੀ ਹੈ। ਉਹ ਆਪਣੇ ਘਰ ਵਿਚ ਰੱਖੀਆਂ ਬੇਸ਼ਕੀਮਤੀ ਚੀਜ਼ਾਂ ਬੜੇ ਮਾਣ ਨਾਲ ਦਿਖਾਉਂਦਾ ਹੈ।
ਮੁਲਕ ਦੇ ਉਪ ਰਾਸ਼ਟਰਪਤੀ ਜੂਸਫ ਕੱਲਾ ਦੇ ਵਿਚਾਰ ਵੀ ਕੁਝ ਅਜਿਹੇ ਹੀ ਹਨ। ਉਹ ‘ਪਾਂਚਾਸੀਲਾ ਗੱਭਰੂ’ ਦਲ ਦੇ ਗੁੰਡਿਆਂ ਨੂੰ ਸੰਬੋਧਤ ਹੁੰਦਿਆਂ ਕਹਿੰਦਾ ਹੈ ਕਿ ਸਾਡੇ ਮੁਲਕ ਨੂੰ ਗੁੰਡਾ ਢਾਣੀਆਂ ਦੀ ਬੜੀ ਲੋੜ ਹੈ ਜੋ ਸਾਡੇ ਮੁਤਾਬਕ ਕੰਮ ਕਰ ਸਕਣ। ‘ਪੇਮੂਦਾ ਪਾਂਚਾਸੀਲਾ’ ਦੇ ਨੌਜਵਾਨ ਕਾਰਕੁਨਾਂ ਦਾ ਮੰਨਣਾ ਹੈ ਕਿ ਉਨ੍ਹਾਂ ਨੂੰ ਦਲ ਦੇ ਵਹਿਸ਼ੀ ਕਾਰਿਆਂ ਨੂੰ ਵਡਿਆਉਣਾ ਚਾਹੀਦਾ ਹੈ। ਉਹ ਦਹਿਸ਼ਤ ਅਤੇ ਡਰ ਦੇ ਸਿਰ ‘ਤੇ ਹੀ ਅੱਜ ਇਸ ਮੁਕਾਮ ਉਤੇ ਪਹੁੰਚੇ ਹਨ। ਇੰਡੋਨੇਸ਼ੀਆ ਦੇ ਇਤਿਹਾਸ ਦੀਆਂ ਕਿਤਾਬਾਂ ਵਿਚ 1965-66 ਦੇ ਭਿਆਨਕ ਕਤਲੇਆਮ ਦਾ ਕੋਈ ਜ਼ਿਕਰ ਨਹੀਂ ਮਿਲਦਾ। ਉਲਟਾ ਤਰਾਸਦੀ ਨੂੰ ‘ਮੁਲਕਪ੍ਰਸਤੀ ਦੀ ਮੁਹਿੰਮ’ ਵਜੋਂ ਸਲਾਹਿਆ ਜਾਂਦਾ ਹੈ। ਪਿੱਛੇ ਜਿਹੇ ਕੁਝ ਹਾਦਸਿਆਂ ਨੂੰ ਸਿਲੇਬਸ ‘ਚ ਸ਼ਾਮਲ ਕੀਤਾ ਗਿਆ ਸੀ। ਫ਼ੌਜ, ਨੀਮ-ਫ਼ੌਜੀ ਦਲਾਂ ਅਤੇ ਬੁਨਿਆਦਪ੍ਰਸਤਾਂ ਦੇ ਵਿਰੋਧ ਕਾਰਨ ਨਵੀਆਂ ਕਿਤਾਬਾਂ ਫ਼ੂਕ ਦਿੱਤੀਆਂ ਗਈਆਂ।
ਫ਼ਿਲਮਸਾਜ਼ ਦੇ ਕਹਿਣ ‘ਤੇ ਅਨਵਰ ਅਤੇ ਉਹਦੇ ਸਾਥੀ ਕਤਲ ਦੇ ਤਰੀਕਿਆਂ, ਆਪਣੀਆਂ ਯਾਦਾਂ ਅਤੇ ਭਾਵਨਾਵਾਂ ਨੂੰ ਕੈਮਰੇ ਅੱਗੇ ਝਾਕੀਆਂ ਰਾਹੀਂ ਪੇਸ਼ ਕਰਦੇ ਹਨ। ਸਰਕਾਰ ਅਤੇ ਗੁੰਡਾ ਢਾਣੀਆਂ ਦੀ ਦਹਿਸ਼ਤ ਅਜੇ ਵੀ ਇੰਨੀ ਹੈ ਕਿ ਆਮ ਲੋਕਾਂ ‘ਚੋਂ ਕੋਈ ਵੀ ਫ਼ਿਲਮ ਵਿਚ ਕਮਿਉਨਿਸਟ ਦਾ ਕਿਰਦਾਰ ਨਿਭਾਉਣ ਲਈ ਤਿਆਰ ਨਹੀਂ ਹੁੰਦਾ। ਅਨਵਰ ਅਤੇ ਸਾਥੀ ਪੀੜਤਾਂ ਦੀ ਭੂਮਿਕਾ ਅਦਾ ਕਰਦੇ ਹਨ। ਦ੍ਰਿਸ਼ਾਂ ਦੀ ਨਕਲ ਕਰਨ ਵੇਲੇ ਅਨਵਰ ਦੇ ਕੁਝ ਦੋਸਤ ਆਪਣੇ ਕੀਤੇ ‘ਤੇ ਪਛਤਾਵਾ ਕਰਨ ਲਗਦੇ ਹਨ ਅਤੇ ਕੁਝ ਇਕ ਨੂੰ ਫ਼ਿਲਮ ਦੇ ਜਨਤਕ ਹੋਣ ਨਾਲ ਅਪਣੀ ਬਦਨਾਮੀ ਦਾ ਡਰ ਸਤਾਉਣ ਲਗਦਾ ਹੈ।
ਫ਼ਿਲਮ ਵਿਚ ਦਿਖਾਇਆ ਗਿਆ ਹੈ ਕਿ ਅਨਵਰ, ਇਕ ਅਖ਼ਬਾਰ ਦਾ ਪ੍ਰਕਾਸ਼ਕ ਅਤੇ ਹਰਮਨ ਕੋਟੇ ਟੀæਵੀæ ਚੈਨਲ ‘ਤੇ ਖ਼ਾਸ ਵਾਰਤਾ ਰਾਹੀਂ ਆਪਣੇ ਕਾਲੇ ਕਾਰੇ ਬਿਆਨ ਕਰ ਰਹੇ ਹਨ। ਪੇਸ਼ਕਾਰ ਬੀਬੀ ਉਨ੍ਹਾਂ ਦੇ ਸੋਹਲੇ ਗਾਉਂਦੀ ਹੈ ਕਿ ਅਨਵਰ ਹੋਰਾਂ ਨੇ ਕਮਿਉਨਿਸਟਾਂ ਨੂੰ ਵਧੇਰੇ ਮਨੁੱਖੀ ਢੰਗ ਨਾਲ ਮਾਰਿਆ। ਇਨ੍ਹਾਂ ‘ਸਾਊਆਂ’ ਨੇ ਘੱਟ ਵਹਿਸ਼ੀ ਅਤੇ ਘੱਟ ਹਿੰਸਕ ਢੰਗ ਈਜਾਦ ਕੀਤੇ ਪਰ ਇਹਦੇ ਬਾਵਜੂਦ ਕਮਿਉਨਿਸਟਾਂ ਦਾ ਖਾਤਮਾ ਕਰ ਦਿੱਤਾ। ਪੇਸ਼ਕਾਰ ਬੀਬੀ ਦਾ ਤਰਕ ਸੁਣ ਕੇ ਸਟੂਡੀਉ ਵਿਚ ਬੈਠੇ ਲੋਕ ਤਾੜੀਆਂ ਮਾਰਦੇ ਹਨ। ਲੋਕਾਂ ਨੂੰ ਦਹਿਸ਼ਤ ਅਤੇ ਸਰਕਾਰੀ ਕੂੜ-ਪ੍ਰਚਾਰ ਨੇ ਖੰਗਲ ਕੀਤਾ ਹੋਇਆ ਹੈ। ਦਹਿਸ਼ਤ ਅਤੇ ਭਿਆਨਕ ਚੁੱਪ ਆਮ ਸ਼ਹਿਰੀਆਂ ਦੀ ਜ਼ਿੰਦਗੀ ਦਾ ਹਿੱਸਾ ਬਣਾ ਦਿੱਤੀ ਗਈ ਹੈ। ਚੋਰ ਅਤੇ ਕੁੱਤੀ ਦਾ ਰਲ ਜਾਣਾ ਉਨ੍ਹਾਂ ਦੀ ਹੋਣੀ ਬਣ ਚੁੱਕਿਆ ਹੈ।
ਟੀæਵੀæ ਕੰਟਰੋਲ ਰੂਮ ਵਿਚ ਬੈਠੀ ਇਕ ਵਿੱਤੀ ਮਾਲਕ ਕਹਿੰਦੀ ਹੈ ਕਿ ਇੰਨੇ ਲੋਕ ਮਾਰ ਕੇ ਇਨ੍ਹਾਂ ਨੂੰ ਰਾਤ ਨੂੰ ਨੀਂਦ ਕਿਵੇਂ ਆਉਂਦੀ ਹੈ? ਇਹਦਾ ਜਵਾਬ ਬੁੱਚੜ ਅਦੀ ਦੀ ਅਨਵਰ ਨਾਲ ਹੁੰਦੀ ਵਾਰਤਾ ਵਿਚ ਲੁਕਿਆ ਹੋਇਆ ਹੈ। ਅਦੀ ਆਪਣੇ ਦੋਸਤ ਅਨਵਰ ਨੂੰ ਸਮਝਾਉਂਦਾ ਹੈ, “ਕਤਲ ਸਭ ਤੋਂ ਬੁਰਾ ਜੁਰਮ ਹੈ। ਇਸ ਕਰ ਕੇ ਗ਼ੁਨਾਹ ਦੇ ਅਹਿਸਾਸ ਤੋਂ ਬਚਣ ਦਾ ਇਕੋ ਰਸਤਾ ਹੈ ਕਿ ਆਪਣੇ ਆਪ ਨੂੰ ਕਸੂਰਵਾਰ ਨਾ ਮਹਿਸੂਸ ਕਰੋ। ਸਹੀ ਹੋਵੇਗਾ ਕਿ ਕੋਈ ਚੰਗਾ ਬਹਾਨਾ ਲੱਭੋ। ਮਿਸਾਲ ਵਜੋਂ, ਜੇ ਕਤਲ ਕਰਨ ਦਾ ਸਹੀ ਮੁਆਵਜ਼ਾ ਮਿਲਦਾ ਹੋਵੇ ਤਾਂ ਕਤਲ ਕਰਨ ਵਿਚ ਕੋਈ ਹਰਜ ਨਹੀਂ ਹੈ। ਇਕ ਨਜ਼ਰੀਏ ਤੋਂ ਇਹ ਬਿਲਕੁਲ ਸਹੀ ਹੈ ਅਤੇ ਇਸੇ ਉੱਤੇ ਸਾਨੂੰ ਭਰੋਸਾ ਕਰਨਾ ਚਾਹੀਦਾ ਹੈ। ਖੁਦ ਨੂੰ ਕਸੂਰਵਾਰ ਮੰਨਣ ਨਾਲ ਸਾਡਾ ਬਚਾਅ ਪੱਖ ਕਮਜ਼ੋਰ ਹੁੰਦਾ ਹੈ।” ਅਦੀ ਨੇ ਪ੍ਰੇਮਿਕਾ ਦੇ ਪਿਉ ਦਾ ਕਤਲ ਕੀਤਾ ਸੀ; ਚੀਨੀ ਨਸਲ ਦਾ ਹੋਣਾ ਪਿਉ ਦਾ ਇਕੋ-ਇਕ ਕਸੂਰ ਸੀ।
ਫ਼ਿਲਮ, ਕਤਲੇਆਮ ਵਿਚ ਸ਼ਰੀਕ ਰਹੇ ਸੰਚਾਰ ਮਾਧਿਅਮਾਂ ਦੀ ਭੂਮਿਕਾ ਨੂੰ ਵੀ ਉਘਾੜਦੀ ਹੈ। ਫ਼ਿਲਮ ਵਿਚ ਦਿਖਾਇਆ ਗਿਆ ਅਖ਼ਬਾਰੀ ਪ੍ਰਕਾਸ਼ਨ ਦਾ ਦਫ਼ਤਰ, ਕਮਿਉਨਿਸਟ ਨੌਜਵਾਨਾਂ ਉਤੇ ਤਸ਼ੱਦਦ ਕਰਨ ਦਾ ਅੱਡਾ ਹੁੰਦਾ ਸੀ। ਅਖ਼ਬਾਰ ਦੇ ਪ੍ਰਕਾਸ਼ਕ ਵਲੋਂ ਦਿੱਤੇ ਇਸ਼ਾਰੇ ਨਾਲ ਅਨਵਰ ਕਾਂਗੋ ਵਰਗੇ ਗੁੰਡੇ ਤਸ਼ੱਦਦ ਦੇ ਭੰਨੇ ਨੌਜਵਾਨਾਂ ਨੂੰ ਦਫ਼ਤਰ ਵਿਚੋਂ ਬਾਹਰ ਲਿਜਾ ਕੇ ਮਾਰ ਦਿੰਦੇ ਸਨ। ਅਖ਼ਬਾਰ ਦਾ ਪ੍ਰਕਾਸ਼ਕ ਦੱਸਦਾ ਹੈ ਕਿ ਕਮਿਉਨਿਸਟਾਂ ਨੂੰ ਸ਼ੈਤਾਨ ਸਿੱਧ ਕਰਨਾ ਉਹਦਾ ਮੁੱਖ ਕੰਮ ਸੀ। ਕਾਂਗੋ ਦੱਸਦਾ ਹੈ ਕਿ ਸਰਕਾਰ ਕਮਿਉਨਿਸਟਾਂ ਨੂੰ ਬਦਨਾਮ ਕਰਦੀਆਂ ਫ਼ਿਲਮਾਂ ਬਣਾ ਕੇ ਸਿਨੇਮਾ ਅਤੇ ਟੈਲੀਵਿਜ਼ਨ ਰਾਹੀਂ ਦਿਖਾਉਂਦੀ ਸੀ। ਮੁੱਢਲੀ ਸਿੱਖਿਆ ਦੇ ਵਿਦਿਆਰਥੀਆਂ ਤੋਂ ਲੈ ਕੇ ਹਰ ਕਿਸੇ ਲਈ ਇਹ ਫ਼ਿਲਮਾਂ ਦੇਖਣਾ ਲਾਜ਼ਮੀ ਕਰ ਦਿੱਤਾ ਗਿਆ ਸੀ। ਨਿੱਕੀ ਉਮਰ ਦੇ ਬੱਚਿਆਂ ਨੂੰ ਸਭ ਤੋਂ ਮੂਹਰਲੀਆਂ ਸੀਟਾਂ ‘ਤੇ ਬਿਠਇਆ ਜਾਂਦਾ ਸੀ। ਫ਼ਿਲਮ ਵਿਚ ਕਮਿਉਨਿਸਟਾਂ ਨੂੰ ਵਹਿਸ਼ੀ ਕਾਤਲਾਂ ਦੇ ਕਿਰਦਾਰਾਂ ਵਜੋਂ ਪੇਸ਼ ਕੀਤਾ ਜਾਂਦਾ ਸੀ। ਜੁਆਕ ਫ਼ਿਲਮ ਦੇ ‘ਵਹਿਸ਼ੀ ਕਿਰਦਾਰਾਂ’ ਦੇ ਕਾਰੇ ਦੇਖ ਕੇ ਦਹਿਲ ਜਾਂਦੇ ਸਨ। ਜੁਆਕਾਂ ਦੀ ਹਾਲਤ ਦੇਖ ਕੇ ਅਨਵਰ ਨੂੰ ਮਾਣ ਮਹਿਸੂਸ ਹੁੰਦਾ ਸੀ ਕਿ ਉਹਦੇ ਵਲੋਂ ਮਾਰੇ ਗਏ ਕਮਿਉਨਿਸਟ ਫ਼ਿਲਮ ਵਿਚ ਇੰਨੇ ਜ਼ਾਲਮ ਦਿਸਦੇ ਸਨ। ਇਸ ਵਰਤਾਰੇ ਨੂੰ ਸਮਕਾਲੀ ਸਮਿਆਂ ਨਾਲ ਜੋੜ ਕੇ ਦੇਖਣਾ ਚਾਹੀਦਾ ਹੈ। ਸੱਤਾ ਉਤੇ ਕਾਬਜ਼ ਲੋਕ ਆਵਾਮ ਨੂੰ ਕਾਬੂ ਹੇਠ ਰੱਖਣ ਲਈ ਸੰਚਾਰ ਮਾਧਿਅਮਾਂ ਨੂੰ ਕਿਵੇਂ ਵਰਤਦੇ ਹਨ? ਸੱਤਾ ਦਾ ਕੂੜ-ਪ੍ਰਚਾਰ ਆਵਾਮ ਦਾ ਧਿਆਨ ਬੁਨਿਆਦੀ ਮੰਗਾਂ ਤੋਂ ਭਟਕਾਉਂਦਾ ਵੀ ਹੈ ਅਤੇ ਲਗਾਤਾਰ ਦਹਿਸ਼ਤੀ ਮਾਹੌਲ ਬਣਾ ਕੇ ਰੱਖਣ ਨਾਲ ਆਵਾਮ ਨੂੰ ਖ਼ੌਫ਼ਜ਼ਦਾ ਵੀ ਰੱਖਦਾ ਹੈ।
ਸੈਂਕੜੇ ਕਤਲ ਕਰਨ ਵਾਲਾ ਅਨਵਰ ਪੀੜਤ ਅਤੇ ਕਾਤਲ ਦਾ ਕਿਰਦਾਰ ਨਿਭਾਉਂਦਾ ਹੋਇਆ ਮਾਨਸਿਕ ਤੌਰ ‘ਤੇ ਟੁੱਟ ਜਾਂਦਾ ਹੈ। ਉਹ ਕੈਮਰੇ ਲਈ ਸਿਰਜੇ ਗਏ ਦ੍ਰਿਸ਼ ‘ਚ ਕਤਲ, ਬਲਾਤਕਾਰ ਅਤੇ ਜੁਆਕਾਂ ਦੀ ਹਾਲਤ ਦੇਖ ਕੇ ਸਰਾਪਿਆ ਮਹਿਸੂਸ ਕਰਦਾ ਹੈ। ਉਹ ਪੀੜਤ ਦੀ ਭੂਮਿਕਾ ਅਦਾ ਕਰਨ ਤੋਂ ਮਨ੍ਹਾਂ ਕਰ ਦਿੰਦਾ ਹੈ, ਕਿਉਂਕਿ ਭਿਆਨਕ ਯਾਦਾਂ ਉਹਨੂੰ ਤੰਗ ਕਰ ਰਹੀਆਂ ਹਨ। ਅੰਤ ਵਿਚ ਉਹ ਖੁਦ ‘ਤੇ ਫ਼ਿਲਮਾਏ ਤਸ਼ੱਦਦ ਵਾਲੇ ਦ੍ਰਿਸ਼ ਦੇਖ ਕੇ ਰੋਣ ਲੱਗ ਪੈਂਦਾ ਹੈ। ਉਹ ਰੋਂਦਾ ਹੋਇਆ ਕਹਿੰਦਾ ਹੈ, “ਮੈਂ ਕਿੰਨਿਆਂ ਉਤੇ ਅਜਿਹਾ ਤਸ਼ੱਦਦ ਕੀਤਾ। ਉਨ੍ਹਾਂ ਦਾ ਦਰਦ ਮੈਨੂੰ ਹੁਣ ਮਹਿਸੂਸ ਹੋ ਰਿਹਾ ਹੈ। ਉਨ੍ਹਾਂ ਵਲੋਂ ਹੰਢਾਇਆ ਦਰਦ ਮੇਰੇ ਕੋਲ ਵਾਪਸ ਆ ਰਿਹਾ ਹੈ। ਮੈਨੂੰ ਇਹ ਨਹੀਂ ਚਾਹੀਦਾ।”
ਅਨਵਰ ਨੂੰ ਆਪਣੇ ਗ਼ੁਨਾਹ ਦਾ ਅਹਿਸਾਸ ਜ਼ਰੂਰ ਹੋਇਆ, ਪਰ ਪਰਦੇ ਪਿੱਛੇ ਲੁਕੇ ਭੇੜੀਏ ਅਤੇ ਉਨ੍ਹਾਂ ਦੇ ਆਕਾ ਅੱਜ ਵੀ ਖ਼ੂਨ ਦੇ ਸੋਹਲੇ ਗਾ ਰਹੇ ਹਨ ਜਿਹਦੀ ਮਿਸਾਲ ਇਰਾਕ ਅਤੇ ਤਬਾਹ ਹੋਏ ਹੋਰ ਮੁਲਕਾਂ ਦੇ ਰੂਪ ਵਿਚ ਦੇਖੀ ਜਾ ਸਕਦੀ ਹੈ। ‘ਦਿ ਐਕਟ ਔਫ ਕਿਲਿੰਗ’ ਇੰਡੋਨੇਸ਼ੀਆਈ ਤਰਾਸਦੀ ਦਾ ਇਤਿਹਾਸਕ ਦਸਤਾਵੇਜ਼ ਹੈ ਜੋ ਕਾਤਲਾਂ ਦੇ ਗ਼ੁਨਾਹ ਅਤੇ ਕਤਲ ਹੋਇਆਂ ਦੀ ਪੀੜ ਨੂੰ ਸਦੀਵੀ ਜਿਉਂਦਾ ਰੱਖੇਗੀ।
Leave a Reply