ਬਲਰਾਜ ਸਾਹਨੀ (1 ਮਈ 1913-13 ਅਪਰੈਲ 1973) ਜਿਸ ਦਾ ਅਸਲੀ ਨਾਂ ਯੁਧਿਸ਼ਟਰ ਸਾਹਨੀ ਸੀ, ਉਮਦਾ ਕਲਾਕਾਰ ਹੀ ਨਹੀਂ ਸੀ, ਬਹੁਤ ਅੱਛਾ ਇਨਸਾਨ ਵੀ ਸੀ। ਇਨਸਾਨੀਅਤ ਦਾ ਇਹ ਰੰਗ ਉਸ ਦੀਆਂ ਫਿਲਮਾਂ ਵਿਚ ਵੀ ਪੂਰਾ ਉਘੜ ਕੇ ਸਾਹਮਣੇ ਆਉਂਦਾ ਹੈ ਅਤੇ ਫਿਲਮਾਂ ਤੋਂ ਇਲਾਵਾ ਕੀਤੀ ਸਰਗਰਮੀ ਵੀ ਇਹੀ ਦੱਸ ਪਾਉਂਦੀ ਹੈ। ਉਹਦਾ ਅਦਾਕਾਰੀ ਦਾ ਸਫਰ ਤਰੱਕੀਪਸੰਦਾਂ ਦੀ ਜਥੇਬੰਦੀ ਇੰਡੀਅਨ ਪੀਪਲ’ਜ਼ ਥਿਏਟਰ ਐਸੋਸੀਏਸ਼ਨ (ਇਪਟਾ) ਨਾਲ ਹੋਇਆ ਸੀ। ਅਦਾਕਾਰੀ ਵੱਲ ਆਉਣ ਤੋਂ ਪਹਿਲਾਂ ਉਹਨੇ ਕੁਝ ਸਮਾਂ ਸ਼ਾਂਤੀ ਨਿਕੇਤਨ ਵਿਚ ਸਥਿਤ ਟੈਗੋਰ ਦੀ ਵਿਸ਼ਵ ਭਾਰਤੀ ਯੂਨੀਵਰਸਿਟੀ ਵਿਚ ਪੜ੍ਹਾਇਆ, ਬੀæਬੀæਸੀæ ਲੰਡਨ ਵਿਖੇ ਨੌਕਰੀ ਵੀ ਕੀਤੀ। ਉਸ ਨੇ ਪੰਜਾਬੀ ਵਿਚ ਕੁਝ ਰਚਨਾਵਾਂ ਲਿਖੀਆਂ ਜਿਨ੍ਹਾਂ ਨੂੰ ਪਾਠਕਾਂ ਦਾ ਭਰਪੂਰ ਹੁੰਗਾਰਾ ਮਿਲਿਆ। ਆਪਣੇ ਪਾਠਕਾਂ ਨਾਲ ਅਸੀਂ ਉਨ੍ਹਾਂ ਦੀ ਬੜੀ ਖੂਬਸੂਰਤ ਰਚਨਾ ‘ਇਕ ਮਿੱਠੀ ਯਾਦ’ ਸਾਂਝੀ ਕਰਨ ਦੀ ਖੁਸ਼ੀ ਲੈ ਰਹੇ ਹਾਂ। -ਸੰਪਾਦਕ
ਬਲਰਾਜ ਸਾਹਨੀ
ਕੋਈ ਜ਼ਮਾਨਾ ਸੀ ਜਦੋਂ ਜ਼ਿੰਦਗੀ ਦੇ ਰੰਗ ਮੰਚ ਉਤੇ ਮੈਂ ਸਾਹਿਤਕਾਰ ਦੇ ਤੌਰ Ḕਤੇ ਵਿਚਰਨ ਦਾ ਖਾਹਿਸ਼ਮੰਦ ਸਾਂ। ਉਦੋਂ ਇਸ ਗੱਲ ਦੀ ਸ਼ਾਇਦ ਮੈਂ ਕਦੇ ਕਲਪਨਾ ਵੀ ਨਹੀਂ ਸੀ ਕੀਤੀ ਕਿ ਇਸ ਵਿਸ਼ਾਲ ਜੀਵਨ ਨਾਟਕ ਵਿਚ ਮੈਂ ਅਦਾਕਾਰ ਦਾ ਪਾਰਟ ਵਧੇਰੇ ਨਿਪੁੰਨਤਾ ਨਾਲ ਨਿਭਾ ਸਕਾਂਗਾ। ਇਸ ਦਾ ਅਹਿਸਾਸ ਉਦੋਂ ਹੋਇਆ ਜਦੋਂ ਕੁਦਰਤ ਦੇ ਇਸ ਮੰਚ ਉਤੇ ਕਈ ਤਰ੍ਹਾਂ ਦੇ ਨਿਪੁੰਨ ਅਦਾਕਾਰਾਂ ਦੇ ਵਿਚਕਾਰ ਆਪਣੀ ਵੱਖਰੀ ਹੋਂਦ ਕਾਇਮ ਰੱਖਣ ਲਈ ਮੈਂ ਹਾਲਾਤ ਨਾਲ ਘੁਲਦਾ ਰਿਹਾ। ਹਾਲਾਤ ਦੀਆਂ ਮਜਬੂਰੀਆਂ ਨੇ ਮੈਥੋਂ ਕਈ ਤਰ੍ਹਾਂ ਦੀ ਅਦਾਕਾਰੀ ਕਰਵਾਈ। ਇਸ ਸਾਰੀ ਭਟਕਣ ਵਿਚ ਆਖ਼ਰ ਅਦਾਕਾਰ ਦਾ ਪਾਰਟ ਹੀ ਅਜਿਹਾ ਨਿਕਲਿਆ ਜਿਸ ਵਿਚ ਮੈਂ ਆਪਣੇ ਆਪ ਨੂੰ ḔਮੈਂḔ ਬਣਾਉਣ ਦੀ ਰੀਝ ਪੂਰੀ ਹੁੰਦੀ ਵੇਖੀ।
ਜਦੋਂ ਵੀ ਕਦੇ ਅਤੀਤ ਵੱਲ ਝਾਤੀ ਮਾਰਦਾ ਹਾਂ, ਤਾਂ ਜਾਪਦੈ, ਮੈਂ ਹਮੇਸ਼ਾਂ ਹੀ ਕਿਸੇ ਅਜਿਹੇ ਪਹਾੜੀ ਦਰਿਆ ਵਿਚ ਪਏ ਪੱਥਰ ਦੇ ਗੀਟੇ ਵਾਂਗ ਰਿੜ੍ਹਦਾ ਰਿਹਾ ਹਾਂ ਜੋ ਨਾਲੇ ਤਾਂ ਉਹਨੂੰ ਉਂਗਲੀ ਲਾਈ ਆਪਣੀ ਤੋਰੇ ਤੋਰਦਾ ਰਹਿੰਦੈ, ਤੇ ਨਾਲੇ ਬੁੱਤ ਘਾੜੇ ਵਾਂਗ ਉਹਦੀ ਸ਼ਕਲ ਘੜ ਕੇ ਵੀ ਸੁਆਦ ਮਾਣਦਾ ਹੈ। ਅਜਿਹੀ ਹਾਲਤ ਵਿਚ ਵਿਚਾਰਾ ਪੱਥਰ ਗੀਟਾ ਏਦੂੰ ਵਧ ਹੋਰ ਕੀ ਕਰ ਸਕਦੈ ਕਿ ਜਿਥੇ ਵੀ ਕੋਈ ਚੰਗੀ ਜਿਹੀ ਥਾਂ ਲੱਭੇ, ਫਟ ਡੇਰਾ ਲਾ ਲਵੇ; ਪਰ ਏਨੀ ਗੱਲ ਦਾ ਖਿਆਲ ਰੱਖੇ ਕਿ ਥਾਂ ਕੋਈ ਅਜਿਹੀ ਹੀ ਹੋਵੇ ਜਿਥੇ ਪਾਣੀ ਦਾ ਵਹਿਣ ਉਸ ਨੂੰ ਉਕਾ ਗੋਲ ਮਟੋਲ ਗੋਲਾ ਹੀ ਨਾ ਬਣਾ ਧਰੇ, ਕਿਉਂਕਿ ਅਜਿਹੀ ਵਸਤ ਦਾ ਕੋਈ ਥਾਂ ਟਿਕਾਣਾ ਤਾਂ ਹੁੰਦਾ ਨਹੀਂ।
ਜਿਥੋਂ ਤੱਕ ਸਾਹਿਤ ਦੀ ਚੇਟਕ ਦਾ ਸਵਾਲ ਹੈ, ਮੇਰਾ ਤਾਂ ਇਹ ਹਾਲ ਹੈ ਕਿ ਜੇ ਕਦੇ ਮੈਨੂੰ ਕੋਈ ਇਹ ਸਵਾਲ ਕਰ ਬੈਠੇ ਕਿ ਮੇਰੀ ਜ਼ਿੰਦਗੀ ਦੀ ਸਭ ਤੋਂ ਵੱਡੀ ਖਾਹਸ਼ ਕੀ ਹੈ, ਤਾਂ ਮੈਂ ਆਖਾਂਗਾ, Ḕਕਾਸ਼! ਮੈਂ ਅਤਿ ਪਿਆਰਾ ਕਵੀ ਹੋ ਸਕਦਾ ਹੁੰਦਾ ਤਾਂæææ।Ḕ ਇਹ ਵੀ ਭਾਵੇਂ ਚੰਗੀ ਤਰ੍ਹਾਂ ਜਾਣਦਾ ਹਾਂ ਕਿ ਇਹ ਖਾਹਸ਼ ਸ਼ਾਇਦ ਜ਼ਿੰਦਗੀ ਭਰ ਵੀ ਪੂਰੀ ਨਹੀਂ ਕਰ ਸਕਾਂਗਾ।
ਪਰ ਇਸ ਦਾ ਮਤਲਬ ਇਹ ਨਹੀਂ ਕਿ ਇਸ ਇੱਛਾ ਦੇ ਫਲਸਰੂਪ ਮੈਨੂੰ ਆਪਣੀ ਅਦਾਕਾਰੀ ਦੀ ਜ਼ਿੰਦਗੀ ਤੋਂ ਨਫਰਤ ਹੈ। ਅਦਾਕਾਰੀ ਤਾਂ ਮੇਰੀਆਂ ਨਜ਼ਰਾਂ ਵਿਚ ਮਹਾਨ ਕਲਾ ਹੈ ਜਿਸ ਵਿਚ ਪੂਰੀ ਨਿਪੁੰਨਤਾ ਪ੍ਰਾਪਤ ਕਰਨ ਲਈ ਅਣਥੱਕ ਮਿਹਨਤ ਤੇ ਲਗਨ ਬਗੈਰ ਗੱਲ ਨਹੀਂ ਬਣਦੀ, ਪਰ ਜੇ ਕਦੇ ਮਨ ਜ਼ਰਾ ਉਚਾਟ ਹੋ ਵੀ ਜਾਂਦੈ, ਤਾਂ ਇਸ ਕਰਕੇ ਕਿ ਫਿਲਮੀ ਦੁਨੀਆਂ ਦੇ ਮੌਜੂਦਾ ਮਾਹੌਲ ਵਿਚ ਇੰਜ ਦੀ ਮਿਹਨਤ ਤੇ ਲਗਨ ਜੇ ਅਸੰਭਵ ਨਹੀਂ ਤਾਂ ਘਟੋ-ਘਟ ਮੁਸ਼ਕਲ ਜ਼ਰੂਰ ਹੈ। ਜੇ ਪ੍ਰੇਮ ਚੰਦ ਵਾਂਗ ਮੈਂ ਵੀ ਇਸ ਮਾਹੌਲ ਤੋਂ ਘਬਰਾ ਕੇ ਨੱਸ ਨਹੀਂ ਤੁਰਿਆ, ਤਾਂ ਇਸ ਦਾ ਕਾਰਨ ਇਹੀ ਹੈ ਕਿ ਸਮੇਂ ਦੀ ਤੋਰ ਨਾਲ ਫਿਲਮੀ ਮਾਹੌਲ ਵਿਚ ਕਾਫੀ ਤਬਦੀਲੀ ਆ ਗਈ ਹੈ, ਤੇ ਚੰਗੀਆਂ ਤੇ ਉਚ ਪੱਧਰ ਦੀਆਂ ਫਿਲਮਾਂ ਨੂੰ ਦਰਸ਼ਕ ਅੱਜ ਕਲ੍ਹ ਵਧੇਰੇ ਉਤੇਜਨਾ ਨਾਲ ਉਡੀਕਦੇ ਹਨ; ਪਰ ਕੀ ਪਤਾ, ਹੋ ਸਕਦੈ ਇਹ ਮੇਰੀ ਖੁਸ਼ਫਹਿਮੀ ਹੀ ਹੋਵੇ!
ਪਰ ਨਹੀਂ। ਕਈ ਵਾਰ ਕੁਝ ਅਜਿਹੀਆਂ ਪਿਆਰੀਆਂ ਜਿਹੀਆਂ ਗੱਲਾਂ ਵਾਪਰ ਜਾਂਦੀਆਂ ਹਨ ਕਿ ਮਨ ਉਮੀਦਾਂ ਤੇ ਉਮੰਗਾਂ ਦੀ ਲੋਅ ਵਿਚ ਖਿੜ ਪੁੜ ਜਾਂਦੈ ਤੇ ਘਟੋ-ਘਟ ਉਸ ਵੇਲੇ ਕੁਝ ਚਿਰ ਲਈ ਮੈਨੂੰ ਆਪਣੀ ਇਹ ਅਦਾਕਾਰੀ ਦੀ ਜ਼ਿੰਦਗੀ ਪਿਆਰੀ ਜਿਹੀ ਲੱਗਣ ਲੱਗ ਪੈਂਦੀ ਹੈ। ਕਹਾਣੀ ਘੜਨ ਦਾ ਨਾ ਤਾਂ ਸਮਾਂ ਹੀ ਮਿਲਦੈ, ਤੇ ਨਾ ਹੀ ਮੇਰੇ ਖਿਆਲ ਵਿਚ ਮੈਂ ਹੁਣ ਤਕਨੀਕ ਦੀ ਉਸ ਕਲਾ ਦਾ ਹੀ ਮਾਲਕ ਹਾਂ ਜਿਸ ਦੀਆਂ ਕਲਾਤਮਕ ਛੁਹਾਂ ਨਾਲ ਅੱਜ ਤੋਂ ਪੰਦਰਾਂ ਸਾਲ ਪਹਿਲਾਂ ਮੈਂ ਕਦੇ-ਕਦੇ ਕੋਈ ਚੰਗੀ ਜਿਹੀ ਕਹਾਣੀ ਲਿਖ ਲੈਂਦਾ ਹੁੰਦਾ ਸਾਂ, ਪਰ ਅਜਿਹੀ ਇਕ ਅਭੁੱਲ ਯਾਦ ਦੀ ਕਹਾਣੀ ਸੁਣਾਵਾਂ ਤੁਹਾਨੂੰ?
ਅਦਾਕਾਰੀ ਦੇ ਜੀਵਨ ਵਿਚ ਮੋਟਰਸਾਈਕਲ ਕਾਫ਼ੀ ਚਿਰ ਮੇਰਾ ਸਾਥ ਨਿਭਾਉਂਦਾ ਰਿਹਾ ਹੈ। ਇਹ ਮੋਟਰ ਸਾਈਕਲ ਮੈਂ ਉਨੀ ਸੌ ਸੰਤਾਲੀ ਵਿਚ ਲਿਆ ਸੀ, ਤੇ ਜੇ ਹੋਰ ਵੀ ਸੱਚ ਆਖਾਂ ਤਾਂ ਇਹ ਮੈਂ ਉਸ ਦਿਨ ਖਰੀਦਿਆ ਸੀ ਜਿਸ ਦਿਨ ਹਿੰਦੁਸਤਾਨ ਨੇ ਪਹਿਲੀ ਵਾਰ ਆਜ਼ਾਦ ਫ਼ਿਜ਼ਾ ਵਿਚ ਸਾਹ ਲਿਆ ਸੀ। ਹੁਣ ਜਿਵੇਂ ਸਾਡੀ ਆਜ਼ਾਦੀ ਦੀ ਰਾਜਸੀ ਮਸ਼ੀਨ ਦੇ ਕੁਝ ਪੁਰਜ਼ੇ ਤਾਂ ਇਕ ਦਮ ਵਧੀਆ ਤੇ ਮਜ਼ਬੂਤ ਹਨ, ਤੇ ਕੁਝ ਉਕਾ ਹੀ ਢਿੱਲੜ ਤੇ ਨਿਢਾਲ ਪਏ ਹਨ; ਬਿਲਕੁਲ ਉਹੀ ਹਾਲ ਮੇਰੇ ਇਸ ਮੋਟਰਸਾਈਕਲ ਦਾ ਹੈ। ਕਈ ਮਿੱਤਰਾਂ ਯਾਰਾਂ ਨੇ ਮੈਨੂੰ ਮੋਟਰ ਸਾਈਕਲ ਵੇਚ ਕੇ ਕਾਰ ਲੈਣ ਦੀ ਸਲਾਹ ਵੀ ਦਿੱਤੀ ਹੈ, ਪਰ ਕੀ ਕਰਾਂ! ਇਸ ਅਤਿ ਪਿਆਰੇ ਮਿੱਤਰ ਨਾਲੋਂ ਵਿਛੜਨਾ ਮੇਰੇ ਲਈ ਓਨਾ ਹੀ ਅਸਹਿ ਹੈ, ਜਿੰਨਾ ਜਵਾਹਰ ਲਾਲ ਨਹਿਰੂ ਲਈ ਕਾਂਗਰਸ ਨੂੰ ਛੱਡਣਾ ਸੀ।
ਇਕ ਦਿਨ ਮੈਂ ਆਪਣੇ ਸਨੇਹੀ ਮਿੱਤਰ ਲੇਖਕ ਕ੍ਰਿਸ਼ਨ ਚੰਦਰ ਦੇ ਘਰੋਂ ਵਾਪਸ ਆਪਣੇ ਘਰ ਵਲ ਜਾ ਰਿਹਾ ਸਾਂ ਕਿ ਅੰਧੇਰੀ ਸਟੇਸ਼ਨ ਦੇ ਚੌਕ ਕੋਲ ਆ ਕੇ ਮੇਰਾ ਮੋਟਰਸਾਈਕਲ ਜਵਾਬ ਦੇ ਗਿਆ। ਸ਼ਾਇਦ ਕਲੱਚ ਤੇ ਤਾਰ ਦਾ ਟਾਂਕਾ ਟੁੱਟ ਗਿਆ ਸੀ, ਤੇ ਹੁਣ ਮੁਰੰਮਤ ਬਗੈਰ ਇਸ ਚਲਣਾ ਵੀ ਨਹੀਂ ਸੀ। ਮੈਨੂੰ ਡਾਢਾ ਗੁੱਸਾ ਆਇਆ। ਸਵੇਰੇ ਵੀ ਘਰੋਂ ਬਗੈਰ ਕੁਝ ਖਾਧਿਆਂ ਪੀਤਿਆਂ, ਬਗੈਰ ਨ੍ਹਾਤਿਆਂ ਧੋਤਿਆਂ ਤੁਰ ਪਿਆ ਸਾਂ। ਕੱਪੜੇ ਵੀ ਐਵੇਂ ਜਿਹੇ ਹੀ ਪਾ ਛੱਡੇ ਹੋਏ ਸਨ। ਕ੍ਰਿਸ਼ਨ ਨਾਲ ਗੱਪਾਂ ਜਿਉਂ ਚੱਲੀਆਂ, ਟਾਈਮ ਦਾ ਪਤਾ ਹੀ ਨਾ ਲੱਗਾ। ਹੁਣ ਦੁਪਹਿਰ ਸਿਰ Ḕਤੇ ਸੀ। ਕੜਕਦੀ ਧੁੱਪ ਤੇ ਉਤੋਂ ਉਨ੍ਹਾਂ ਲੋਕਾਂ ਦੀਆਂ ਨਜ਼ਰਾਂ ਦੀ ਅਸਹਿ ਗਰਮੀ ਜੋ ਹਰ ਫਿਲਮੀ ਅਦਾਕਾਰ ਦੀ ਹਰ ਹਰਕਤ ਦਿਲਚਸਪੀ ਨਾਲ ਵਾਚਦੇ ਹਨ। ਮੇਰਾ ਮਨ ਕਾਹਲਾ ਪੈਣ ਲੱਗਾ। ਕਮਬਖ਼ਤ ਮੋਟਰ ਸਾਈਕਲ ਉਤੇ ਅੰਦਰੇ ਅੰਦਰ ਕੁੜ੍ਹਦਾ ਮੈਂ ਬਾਜ਼ਾਰ ਵਿਚ ਇਧਰ ਉਧਰ ਝਾਤੀਆਂ ਮਾਰਨ ਲੱਗਾ ਤਾਂ ਕਿ ਠੀਕ ਕਰਵਾਉਣ ਲਈ ਕੋਈ ਮਿਸਤਰੀ ਹੀ ਨਜ਼ਰੀਂ ਪੈ ਜਾਵੇ। ਕਈ ਥਾਂਈਂ ਪੁੱਛ ਪੜਤਾਲ ਕੀਤੀ, ਪਰ ਵੈਲਡਿੰਗ ਦਾ ਕੰਮ ਕਿਸੇ ਨੂੰ ਵੀ ਨਹੀ ਸੀ ਆਉਂਦਾ। ਆਖਰ ਇਕ ਸੱਜਣ ਨੇ ਦੱਸਿਆ ਕਿ ਚੌਕ ਦੇ ਕੋਲ ਇਕ ਠੇਲ੍ਹੇ ਵਾਲੇ ਦੀ ਦੁਕਾਨ ਹੈ, ਤੇ ਉਸ ਦਾ ਮੁੰਡਾ ਪਹਿਲਾਂ ਕਿਸੇ ਵਰਕਸ਼ਾਪ ਵਿਚ ਲੱਗਾ ਹੋਇਆ ਸੀ, ਪਰ ਅੱਜ ਕਲ੍ਹ ਵਿਹਲਾ ਹੀ ਹੈ ਤੇ ਅਕਸਰ ਬਾਪੂ ਦੀ ਦੁਕਾਨ Ḕਤੇ ਹੀ ਬੈਠਾ ਰਹਿੰਦੈ। ਮੁੜ੍ਹਕੇ ਵਿਚ ਭਿੱਜਾ ਉਸ ਲੋਹੇ ਦੇ ਹਾਥੀ ਨੂੰ ਰੇੜ੍ਹਦਾ, ਆਖ਼ਰ ਉਸ ਠੇਲ੍ਹੇ ਵਾਲੇ ਦੀ ਦੁਕਾਨ Ḕਤੇ ਪੁੱਜਾ। ਕਈ ਤਮਾਸ਼ਬੀਨ ਮੇਰੇ ਮਗਰ ਲੱਗੇ ਹੋਏ ਸਨ। ਦੁਕਾਨ Ḕਤੇ ਉਸ ਬੁੱਢੇ ਦਾ ਮੁੰਡਾ ਬੈਠਾ ਡਾਲਡੇ ਦਾ ਟੀਨ ਕੁੱਟਣ ਵਿਚ ਮਸਤ ਸੀ। ਉਸ ਲਾਪਰਵਾਹ ਜਿਹੀ ਵਿਚ ਇਕ ਨਜ਼ਰ ਮੇਰੇ Ḕਤੇ ਸੁੱਟੀ, ਤੇ ਫਿਰ ਕੰਮ ਵਿਚ ਜੁਟ ਗਿਆ। ਮੇਰੀ ਗੱਲ ਵੀ ਉਸ ਉਸੇ ਹੀ ਅਜੀਬ ਅੰਦਾਜ਼ ਨਾਲ ਸੁਣੀ, ਤੇ ਫੇਰ ਬਗੈਰ ਮੋਟਰਸਾਈਕਲ ਨੂੰ ਹੱਥ ਲਾਇਆਂ ਹੀ ਆਖਣ ਲੱਗਾ, “ਇਸ ਕੋ ਏਕ ਸਾਈਡ ਪਰ ਉਧਰ ਛੋਡ ਦੋ, ਦੋ ਘੰਟੇ ਬਾਅਦ ਆ ਕਰ ਲੇ ਜਾਨਾ।” ਤੇ ਫੇਰ ਉਹ ਟੀਨ ਕੁੱਟਣ ਵਿਚ ਲੀਨ ਹੋ ਗਿਆ।
ਮੈਂ ਪਹਿਲਾਂ ਹੀ ਬੜਾ ਪ੍ਰੇਸ਼ਾਨ ਸਾਂ। ਉਸ ਦਾ ਵਤੀਰਾ ਮੈਨੂੰ ਬੜਾ ਚੁਭਿਆ। ਨਾਲ ਹੀ ਉਸ ਦੀ ਲਿਆਕਤ Ḕਤੇ ਵੀ ਮੈਨੂੰ ਸੰਦੇਹ ਹੋਣ ਲੱਗਾ! ਕਿਥੇ ਡਾਲਡੇ ਦੇ ਟੀਨ ਨੂੰ ਟਾਂਕੇ ਲਾਉਣੇ, ਤੇ ਕਿਥੇ ਕਲੱਚ ਨੂੰ। ਫਿਰ ਪਤਾ ਨਹੀਂ, ਉਸ ਕੋਲ ਵੈਲਡਿੰਗ ਦਾ ਲੋੜੀਂਦਾ ਸਾਮਾਨ ਵੀ ਹੈ ਸੀ ਜਾਂ ਨਹੀਂ। ਆਪਣੀ ਤਸੱਲੀ ਲਈ ਉਸ ਨੂੰ ਮੈਂ ਕਈ ਤਰ੍ਹਾਂ ਦੇ ਸਵਾਲ ਕੀਤੇ, ਪਰ ਉਸ ਪਿਉ ਦੇ ਪੁੱਤਰ ਨੇ ਇਕ ਦਾ ਵੀ ਤਸੱਲੀਬਖ਼ਸ਼ ਜਵਾਬ ਨਾ ਦਿੱਤਾ। ਘੜੀ ਮੁੜੀ ਬਸ ਏਨਾ ਹੀ ਆਖ ਛੱਡਦਾ, “ਹਾਂ ਹਾਂ, ਹੋ ਜਾਏਗਾ। ਦੋ ਘੰਟੇ ਬਾਅਦ ਆ ਕਰ ਲੇ ਜਾਨਾ।”
ਗੁੱਸਾ ਤਾਂ ਏਨਾ ਆਇਆ ਕਿ ਜੇ ਮੋਟਰਸਾਈਕਲ ਉਥੇ ਛੱਡਣ ਬਗੈਰ ਕੋਈ ਹੋਰ ਚਾਰਾ ਹੋ ਸਕਦਾ ਹੁੰਦਾ, ਤਾਂ ਸ਼ਾਇਦ ਉਸ ਦੀ ਚੰਗੀ ਖ਼ਬਰ ਲੈਂਦਾ, ਪਰ ਮਜਬੂਰੀ ਸੀ। ਮੈਂ ਚੁੱਪ ਧਾਰ ਲਈ। ਮੋਟਰਸਾਈਕਲ ਉਸ ਦੇ ਦੱਸੇ ਥਾਂ Ḕਤੇ ਟਿਕਾ ਕੇ ਜਾਣ ਲੱਗਿਆ ਮੈਂ ਫਿਰ ਆਖ ਬੈਠਾ, “ਪੈਸੇ ਕਿਤਨੇ ਲੋਗੇ?” ਤੇ ਫੇਰ ਉਵੇਂ ਦੀ ਲਾਪਰਵਾਹੀ ਦੇ ਅੰਦਾਜ਼ ਵਿਚ ਉਸ ਦੇ ਹਾਸੇ ਦੀ ਆਵਾਜ਼ ਗੂੰਜੀ, “ਦੋ ਰੁਪਏ ਦੇ ਦੇਨਾ, ਔਰ ਕਿਆ।”
ਮੈਨੂੰ ਜਾਪਿਆ, ਮੇਰੀ ਕਾਫ਼ੀ ਬੇਇੱਜ਼ਤੀ ਹੋ ਚੁੱਕੀ ਹੈ। ਆਪਣੀ ਜ਼ਮੀਰ ਕਾਇਮ ਰੱਖਣ ਲਈ ਜ਼ਰਾ ਰੋਅਬਦਾਰ ਆਵਾਜ਼ ਵਿਚ, ਤਾਂਕਿ ਆਲੇ-ਦੁਆਲੇ ਖਲੋਤੇ ਤਮਾਸ਼ਬੀਨਾਂ ਦੇ ਕੰਨਾਂ ਤੱਕ ਵੀ ਅੱਪੜ ਜਾਏ, ਮੈਂ ਉਸ ਨੂੰ ਆਖਿਆ, “ਦੇਖੋ ਦੋ ਘੰਟੇ ਬਾਅਦ ਆਨਾ ਤੋ ਹਮਾਰੇ ਲੀਏ ਮੁਸ਼ਕਲ ਹੋਗਾ, ਤੁਮ ਠੀਕ ਰੱਖਨਾ। ਹਮ ਸ਼ਾਮ ਕੋ ਪਾਂਚ ਛੇ ਬਜੇ ਆ ਕਰ ਲੇ ਜਾਏਂਗੇ।”
ਬੇਧਿਆਨੀ ਜਿਹੀ ਵਿਚ ਉਸ Ḕਅੱਛਾ’ ਆਖਿਆ, ਤੇ ਮੈਂ ਚੌਕ ਵਲ ਵਾਪਸ ਤੁਰ ਪਿਆ। ਉਮੀਦ ਸੀ, ਚੌਕ Ḕਤੇ ਕੋਈ ਨਾ ਕੋਈ ਟੈਕਸੀ ਮਿਲ ਜਾਏਗੀ ਪਰ ਨਿਰਾਸ਼ਾ ਹੀ ਹੱਥ ਲੱਗੀ। ਨਾਲ ਹੀ ਬਸ ਸਟਾਪ ਸੀ। ਬੜਾ ਦਿਲ ਕੀਤਾ, ਜਾ ਕੇ ਲਾਈਨ ਵਿਚ ਲੱਗ ਜਾਵਾਂ। ਲਾਈਨ ਕੋਈ ਲੰਬੀ ਵੀ ਨਹੀਂ ਸੀ, ਤੇ ਪੰਜਾਂ ਦਸਾਂ ਮਿੰਟਾਂ ਵਿਚ ਬਸ ਵੀ ਆਉਣ ਵਾਲੀ ਸੀ ਪਰ ਖਿਆਲ ਆਇਆ ਕਿ ਇਹ ਸਾਰੇ ਤਮਾਸ਼ਬੀਨ ਜੋ ਮਗਰ ਲੱਗੇ ਫਿਰਦੇ ਸਨ, ਵਿਚਾਰੇ ਕੀ ਸੋਚਣਗੇ। ਇਕ ਕਾਮਯਾਬ ਫਿਲਮੀ ਅਦਾਕਾਰ ਲਈ ਤਾਂ ਮੋਟਰਸਾਈਕਲ Ḕਤੇ ਵੀ ਕਿਤੇ ਜਾਣਾ ਰੌਲੇ ਰੱਪੇ ਦਾ ਮਸਾਲਾ ਇਕੱਠਾ ਕਰਨ ਵਾਲੀ ਗੱਲ ਸੀæææ ਉਸ ਕੋਲ ਤਾਂ ਸ਼ਾਨਦਾਰ ਕਾਰ ਹੋਣੀ ਚਾਹੀਦੀ ਹੈ, ਤੇ ਫਿਰ ਬਸ ਦੀ ਲਾਈਨ ‘ਚ ਲੱਗਣਾ?æææ ਉਫ਼! ਇਹ ਤਾਂ ਉਨ੍ਹਾਂ ਵਿਚਾਰਿਆਂ ਲਈ ਬੜੀ ਹਿਰਦੇਵੇਧਕ ਗੱਲ ਸੀ। ਨਾਲੇ ਉਨ੍ਹਾਂ ਦਾ ਕੀ ਪਤਾ, ਮੇਰੇ ਬਸ ਸਟਾਪ Ḕਤੇ ਪਹੁੰਚਦਿਆਂ ਹੀ ਕਈ ਤਰ੍ਹਾਂ ਦੇ ਫ਼ਿਕਰੇ ਕੱਸਣੇ ਸ਼ੁਰੂ ਕਰ ਦੇਣ। ਚਾਹੁੰਦਿਆਂ ਹੋਇਆਂ ਵੀ ਮੈਂ ਬਸ ਸਟਾਪ Ḕਤੇ ਜਾਣ ਦੀ ਦਲੇਰੀ ਨਾ ਕਰ ਸਕਿਆ। ਬਸ ਆਈ, ਤੇ ਤੁਰ ਵੀ ਗਈ, ਤੇ ਮੈਂ ਸੋਚਾਂ ਵਿਚ ਗੁੰਮ ਉਥੇ ਹੀ ਖਲੋਤਾ ਰਹਿ ਗਿਆ।
ਏਸੇ ਵੇਲੇ ਅਚਾਨਕ ਹੀ ਖ਼ਵਾਜਾ ਅਹਿਮਦ ਅੱਬਾਸ ਆਪਣੀ ਕਾਰ ਵਿਚ ਆਉਂਦੇ ਦਿਸੇ। ਮੈਨੂੰ ਸੁਖ ਦਾ ਸਾਹ ਆਇਆ। ਕਾਰ ਵਿਚ ਉਨ੍ਹਾਂ ਦੇ ਨਾਲ ਬਹਿ ਤਾਂ ਗਿਆ, ਪਰ ਇਥੇ ਵੀ ਖੂਹ ਵਿਚੋਂ ਨਿਕਲ ਕੇ ਖਾਈ ਵਿਚ ਡਿੱਗਣ ਵਾਲੀ ਹੀ ਗੱਲ ਹੋਈ। ਅੱਬਾਸ ਨੂੰ ਸ਼ਾਇਦ ਉਸ ਦਿਨ ਕਿਸੇ ਸਾਥ ਦੀ ਬੇਹੱਦ ਲੋੜ ਸੀ। ਮੈਨੂੰ ਘਰ ਅਪੜਾਉਣ ਦੀ ਥਾਂ ਉਹ ਸਾਰਾ ਦਿਨ ਆਪਣੇ ਨਾਲ ਹੀ ਭੁਆਉਂਦਾ ਰਿਹਾ। ਕਦੇ ਇਕ ਸਟੂਡੀਓ, ਕਦੇ ਦੂਜੇ। ਕਦੇ ਲੈਬਾਰਟਰੀ ਤੇ ਕਦੇ ਆਪਣੇ ਘਰ ਸ਼ਾਮ ਦੇ ਸੱਤ ਵਜੇ ਤਕ ਇੰਜ ਹੀ ਉਸ ਦੇ ਨਾਲ ਫਿਰਦਾ ਫਿਰਾਉਂਦਾ ਰਿਹਾ। ਮੋਟਰਸਾਈਕਲ ਤਾਂ ਮੈਨੂੰ ਉੱਕਾ ਹੀ ਵਿਸਰ ਚੁਕਿਆ ਸੀ। ਕੋਈ ਅੱਠ ਕੁ ਵਜੇ ਜਦੋਂ ਮੇਰਾ ਘਰ ਜਾਣ ਦਾ ਇਰਾਦਾ ਹੋਇਆ ਤਾਂ ਇਕਦਮ ਮੋਟਰਸਾਈਕਲ ਦਾ ਖਿਆਲ ਆਇਆ। ਕਾਫ਼ੀ ਨ੍ਹੇਰਾ ਪੈ ਗਿਆ ਸੀ ਪਰ ਸ਼ਹਿਰ ਦੇ ਬਾਹਰਲੇ ਇਲਾਕੇ ਦੀਆਂ ਦੁਕਾਨਾਂ ਤਾਂ ਕਾਫੀ ਛੇਤੀ ਬੰਦ ਹੋ ਜਾਂਦੀਆਂ ਹਨ। ਇਹ ਵੀ ਡਰ ਭਾਸਿਆ ਕਿ ਕਿਤੇ ਉਹ ਮਿਸਤਰੀ ਮੁੰਡਾ ਮੇਰਾ ਮੋਟਰਸਾਈਕਲ ਉਥੇ ਸੜਕ Ḕਤੇ ਹੀ ਛੱਡ ਕੇ ਕਿਤੇ ਤੁਰ ਨਾ ਗਿਆ ਹੋਵੇ। ਮੈਂ ਫਟਾ ਫਟ ਅੰਧੇਰੀ ਵਲ ਟੈਕਸੀ ਦੁੜਾਈ।
ਅੰਧੇਰੀ ਚੌਕ ਦੇ ਨੇੜੇ ਤੇੜੇ ਦੀਆਂ ਸਾਰੀਆਂ ਦੁਕਾਨਾਂ ਬੰਦ ਪਈਆਂ ਸਨ। ਸਿਰਫ ਕੁਝ ਕੁ ਹੋਟਲ ਖੁੱਲ੍ਹੇ ਸਨ। ਠੇਲ੍ਹੇ ਵਾਲੇ ਦੀ ਦੁਕਾਨ ਦੇ ਕੋਲ ਪਹੁੰਚ ਕੇ ਮੈਂ ਚਾਰੇ ਪਾਸੇ ਨਜ਼ਰ ਦੁੜਾਈ। ਉਸ ਲਾਈਨ ਦੀਆਂ ਸਾਰੀਆਂ ਦੁਕਾਨਾਂ ਬੰਦ ਸਨ, ਤੇ ਮੇਰਾ ਮੋਟਰਸਾਈਕਲ ਕਿਸੇ ਯਤੀਮ ਬੱਚੇ ਵਾਂਗ ਕੱਲਮ-ਕੱਲਾ ਸੜਕ Ḕਤੇ ਇਕ ਪਾਸੇ ਪਿਆ ਸੀ। ਟੈਕਸੀ ਤੋਂ ਉਤਰ ਕੇ ਮੈਂ ਕੋਲ ਗਿਆ, ਸਾਰੇ ਦਿਨ ਦੇ ਮਿੱਟੀ ਘੱਟੇ ਨਾਲ ਲਿਬੜੇ ਮੋਟਰਸਾਈਕਲ ਦੀ ਹਾਲਤ ਠੀਕ ਹੋਣ ਦੀ ਥਾਂ ਮੈਨੂੰ ਹੋਰ ਵੀ ਭੈੜੀ ਜਾਪ ਰਹੀ ਸੀ। ਹਾਂ, ਇਸ ਖਿਆਲ ਨਾਲ ਜ਼ਰੂਰ ਤਸੱਲੀ ਜਿਹੀ ਹੋਈ ਕਿ ਘੱਟੋ-ਘੱਟ ਉਸ ਨੂੰ ਕਿਸੇ ਚੁੱਕ ਨਹੀਂ ਸੀ ਖੜਿਆ। ਮੈਂ ਕਲੱਚ ਵੱਲ ਨਜ਼ਰ ਮਾਰੀ, ਦਬਾ ਕੇ ਵੇਖਿਆ, ਉਹ ਸਚਮੁਚ ਮੁੰਡੇ ਨੇ ਠੀਕ ਕਰ ਦਿੱਤਾ ਹੋਇਆ ਸੀ। ਹਨੇਰੇ ਵਿਚ ਮੈਂ ਫਿਰ ਆਲੇ-ਦੁਆਲੇ ਵੇਖਣ ਲੱਗਾ ਕਿ ਕਿਤੇ ਉਹ ਮੁੰਡਾ ਨਜ਼ਰੀਂ ਪਵੇ, ਤੇ ਉਹਨੂੰ ਪੈਸੇ ਦੇ ਕੇ ਆਪਣਾ ਰਾਹ ਫੜਾਂ। ਏਸੇ ਵੇਲੇ ਈਰਾਨੀ ਚਾਹ ਵਾਲੇ ਦੀ ਦੁਕਾਨ ਵਿਚੋਂ ਦੋ ਮੁੰਡੇ ਮੈਨੂੰ ਆਪਣੇ ਵਲ ਤੁਰੇ ਆਉਂਦੇ ਦਿਸੇ। ਉਨ੍ਹਾਂ ਵਿਚੋਂ ਇਕ ਉਹੀ ਠੇਲ੍ਹੇ ਵਾਲੇ ਦਾ ਮੁੰਡਾ ਸੀ। ਤਸੱਲੀ ਹੋਣ Ḕਤੇ ਮੈਂ ਟੈਕਸੀ ਵਾਲੇ ਨੂੰ ਪੈਸੇ ਦੇ ਕੇ ਤੋਰ ਦਿਤਾ।
ਉਸੇ ਮੁੰਡੇ ਨੇ ਮੇਰੇ ਕੋਲ ਆ ਕੇ ਉਵੇਂ ਦੇ ਹੀ ਲਾਪਰਵਾਹ ਅੰਦਾਜ਼ ਵਿਚ ਆਖਿਆ, “ਅਰੇ ਸਾਹਬ, ਤੁਮ ਇਤਨਾ ਦੇਰ ਸੇ ਆਇਆ। ਤੁਮਾਰੀ ਵਜ੍ਹਾ ਸੇ ਤੋ ਆਜ ਹਮਾਰਾ ਬਹੁਤ ਨੁਕਸਾਨ ਹੋ ਗਿਆ।”
“ਮੁਝੇ ਅਫ਼ਸੋਸ ਹੈ, ਕੁਛ ਜ਼ਰੂਰੀ ਕਾਮ ਸੇ ਦੇਰ ਹੋ ਗਈ”, ਮੈਂ ਏਨਾ ਹੀ ਆਖਿਆ, ਪਰ ਮੈਨੂੰ ਸਮਝ ਨਹੀਂ ਸੀ ਆ ਰਹੀ ਕਿ ਮੇਰੇ ਦੇਰ ਨਾਲ ਆਉਣ ਕਰ ਕੇ ਉਸ ਦਾ ਐਸਾ ਕਿਹੜਾ ਨੁਕਸਾਨ ਹੋ ਸਕਦਾ ਸੀ। ਹੋ ਸਕਦੈ, ਉਸ ਨੇ ਕਿਤੇ ਜਾਣਾ ਹੋਵੇ ਤੇ ਮੇਰੇ ਕਰ ਕੇ ਨਾ ਜਾ ਸਕਿਆ ਹੋਵੇ। ਮੈਂ ਸੋਚਿਆ, ਇਕ ਰੁਪਿਆ ਵਧ ਦੇ ਦਿਆਂਗਾ ਸੁ।
ਮੇਰੇ ਕਈ ਵਾਰ ਪੁੱਛਣ Ḕਤੇ ਵੀ ਜਦੋਂ ਉਸ ਆਪਣੇ ਨੁਕਸਾਨ ਦਾ ਭਾਂਡਾ ਨਾ ਭੰਨਿਆ ਤਾਂ ਮੈਨੂੰ ਡਾਢਾ ਗੁੱਸਾ ਆਇਆ। ਆਖਰ ਉਸ ਆਖ ਹੀ ਦਿੱਤਾ, “ਅਰੇ ਸਾਹਬ, ਤੁਮਾਰਾ ਗਾੜੀ ਯਹਾਂ ਸੜਕ ਪਰ ਖੜਾ ਥਾ। ਕੋਈ ਸਾਲਾ ਟੰਕੀ ਕੀ ਕੈਪ ਉਤਾਰ ਕਰ ਲੇ ਗਿਆ। ਅਬੀ ਹਮ ਦੋ ਰੁਪਿਆ ਖਰਚ ਕੇ ਇਸ ਕੇ ਉਪਰ ਲਗਾਇਆ ਹੈ।”
ਟੰਕੀ ਵਲ ਮੇਰੀ ਨਜ਼ਰ ਗਈ। ਮੇਰੀ ਆਪਣੀ ਚਮਕਦਾਰ ਤੇ ਖੂਬਸੂਰਤ ਕੈਪ ਗਾਇਬ ਸੀ, ਤੇ ਉਸ ਦੀ ਥਾਂ ਇਹ ਦੂਜੀ ਸਲੇਟੀ ਰੰਗ ਦੀ ਐਲੂਮੀਨੀਅਮ ਦੀ ਕੈਪ ਚੜ੍ਹੀ ਹੋਈ ਸੀ ਜਿਸ ਨੇ ਮੇਰੇ ਮੋਟਰ ਸਾਈਕਲ ਦੀ ਰਹਿੰਦੀ-ਖੂੰਹਦੀ ਸ਼ਾਨ ਵੀ ਮਿੱਟੀ ਕਰ ਸੁੱਟੀ ਸੀ। ਕੁਝ ਦਿਨ ਪਹਿਲਾਂ ਮੋਬਿਲ ਆਇਲ ਦੀ ਟੰਕੀ ਤੋਂ ਵੀ ਕੈਪ ਇਵੇਂ ਹੀ ਗਾਇਬ ਹੋਈ ਸੀ। ਉਵੇਂ ਦੀ ਹੀ ਕੈਪ ਖਰੀਦਣ ਲਈ ਮੈਂ ਸਾਰੀ ਬੰਬਈ ਛਾਣ ਮਾਰੀ ਸੀ, ਪਰ ਕਿਸੇ ਦੀ ਦੁਕਾਨ Ḕਤੇ ਉਸ ਦੇ ਨਾਲ ਦੀ ਕੈਪ ਨਹੀਂ ਸੀ ਮਿਲੀ। ਉਹ ਵਿਦੇਸ਼ੀ ਕੈਪ ਹੁਣ ਇਥੇ ਮਿਲਦੀ ਹੀ ਨਹੀਂ। ਮੈਨੂੰ ਪੂਰਾ ਯਕੀਨ ਹੋ ਗਿਆ ਕਿ ਇਸ ਮੁੰਡੇ ਨੇ ਆਪ ਹੀ ਕੈਪ ਗਾਇਬ ਕੀਤੀ ਹੈ, ਤੇ ਉਹਨੂੰ ਵੇਚ-ਵਾਚ ਕੇ ਕਿਤੋਂ ਪੰਜ ਦਸ ਰੁਪਏ ਝਾੜ ਲਏਗਾ, ਤੇ ਉਤੋਂ ਹਰਾਮੀ ਆਖ ਰਿਹਾ ਸੀ- ਨੁਕਸਾਨ ਹੋ ਗਿਆ।
“ਤੁਮਾਰਾ ਕੈਸੇ ਨੁਕਸਾਨ ਹੂਆ ਮਾਸਟਰ? ਦਸ ਬੀਸ ਰੁਪਏ ਕੀ ਮੇਰੀ ਕੈਪ ਗੁੰਮ ਹੋ ਗਈ, ਔਰ ਬਾਜ਼ਾਰ ਮੇਂ ਆਜ ਕਲ ਯੇ ਮਿਲਤੀ ਭੀ ਨਹੀਂ। ਤੁਮਾਰੀ ਦੁਕਾਨ ਕੇ ਸਾਮਨੇ ਗਾੜੀ ਖੜੀ ਥੀ, ਕਿਆ ਤੁਮ ਉਸ ਕਾ ਖਿਆਲ ਭੀ ਨਹੀਂ ਰਖ ਸਕਤੇ ਥੇ?” ਗੁੱਸੇ ਵਿਚ ਭਰਿਆ ਪੀਤਾ ਮੈਂ ਵਰ੍ਹ ਪਿਆ।
ਤੇ ਉਸ ਦਾ ਜਵਾਬ ਸੀ, “ਹਮ ਕੋ ਮਾਲਮੂ ਥਾ, ਤੁਮ ਐਸਾ ਹੀ ਬੋਲੇਗਾ। ਜਬੀ ਤੋਂ ਅਪਨੀ ਜੇਬ ਸੇ ਪੈਸਾ ਖ਼ਰਚ ਕਰ ਕੇ ਦੂਸਰਾ ਫਿਟ ਕੀਆ ਹੈ। ਹਮ ਦੁਕਾਨ ਪਰ ਬੈਠ ਕਰ ਅਪਨਾ ਕਾਮ ਕਰੇਗਾ, ਯਾ ਤੁਮਾਰੀ ਗਾੜੀ ਕਾ ਚੌਕੀਦਾਰੀ?”
ਮਨ ‘ਚ ਆਇਆ ਕਿ ਇਕ ਵਾਰੀ ਇਹਨੂੰ ਇਹਦੀ ਬੇਲਿਹਾਜ਼ੀ ਦਾ ਸੁਆਦ ਤਾਂ ਚਖਾਵਾਂ, ਪਰ ਹਾਲਾਤ ਜਾਚ ਕੇ ਮੈਂ ਆਪਣੇ ਆਪ Ḕਤੇ ਕਾਬੂ ਪਾ ਲਿਆ। ਮੈਂ ਇਕੱਲਾ ਸਾਂ, ਪਰਾਈ ਥਾਂ ਸੀ। ਉਹ ਦੋ ਜਣੇ ਸਨ, ਤੇ ਚੰਗੇ ਛਟੇ ਹੋਏ ਲੋਫਰ ਲੱਗਦੇ ਸਨ। ਨਾਲੇ ਕੀ ਪਤਾ, ਗੱਲ ਵਧ ਜਾਂਦੀ ਤਾਂ ਹੋਰ ਕਿੰਨੇ ਯਾਰ ਦੋਸਤ ਉਨ੍ਹਾਂ ਦੇ ਨੇੜਿਓਂ-ਤੇੜਿਓਂ ਨਿਕਲ ਆਉਂਦੇ। ਗੱਲ ਠੱਪਣ ਲਈ ਮੈਂ ਕਲੱਚ ਦੀ ਮਜ਼ਦੂਰੀ ਦੇ ਦੋ ਰੁਪਈਆਂ ਦੇ ਨਾਲ ਦੋ ਰੁਪਏ ਉਸ ਲੀਚੜ ਦੀ ਕੈਪ ਦੇ ਵੀ ਧਰ ਦਿੱਤੇ। ਇਕ ਵਾਰ ਤਾਂ ਉਸ ਬੜੇ ਸ਼ਾਹਾਨਾ ਅੰਦਾਜ਼ ਵਿਚ ਲੈਣ ਤੋਂ ਇਨਕਾਰ ਕਰ ਦਿੱਤਾ, ਤੇ ਫੇਰ ਲੈ ਵੀ ਲਏ।
ਉਸ ਦੀ ਕਮੀਨਗੀ ਹੱਦੋਂ ਵਧ ਰਹੀ ਸੀ। ਮੈਂ ਫਟਾ-ਫਟ ਮੋਟਰਸਾਈਕਲ ਸਟਾਰਟ ਕਰ ਕੇ ਇਸ ਮਾਹੌਲ ਵਿਚੋਂ ਖਿਸਕ ਜਾਣਾ ਚਾਹੁੰਦਾ ਸਾਂ, ਉਨ੍ਹਾਂ ਹਰਾਮੀਆਂ ਦੀਆਂ ਤਿੱਖੀਆਂ ਨਜ਼ਰਾਂ ਤੋਂ ਬਹੁਤ ਦੂਰ। ਗੱਲਾਂ ਗੱਲਾਂ ਵਿਚ ਹੀ ਤਿੰਨ ਚਾਰ ਮੁੰਡੇ ਹੋਰ ਕਿਤੋਂ ਨਿਕਲ ਆਏ। ਮੈਂ ਮਨ ‘ਚ ਬੜਾ ਕੁੜ੍ਹਿਆ, ਇਸ ਮੁਲਕ ਵਿਚ ਫਿਲਮੀ ਅਦਾਕਾਰ ਹੋਣਾ ਵੀ ਪਾਪ ਏ!
ਚੰਗੇ ਕਰਮਾਂ ਨੂੰ ਪਹਿਲੀ ਕਿੱਕ ਮਾਰਦਿਆਂ ਹੀ ਮੋਟਰਸਾਈਕਲ ਸਟਾਰਟ ਹੋ ਗਿਆ। ਮੇਰੀਆਂ ਨਜ਼ਰਾਂ ਉਸ ਮੁੰਡੇ ਦਾ ਧੰਨਵਾਦ ਕਰਨੋਂ ਨਾ ਰਹਿ ਸਕੀਆਂ, ਕਿਉਂਕਿ ਪਿਛਲੇ ਕੁਝ ਚਿਰ ਤੋਂ ਕਾਰਬੋਰੇਟਰ ਸਾਫ਼ ਕਰਨ ਵਾਲਾ ਹੋਇਆ ਪਿਆ ਸੀ ਜਿਸ ਕਰ ਕੇ ਪੰਜ ਸੱਤ ਕਿੱਕਾਂ ਮਾਰਨ ਪਿਛੋਂ ਹੀ ਮੋਟਰ ਸਾਈਕਲ ਸਟਾਰਟ ਹੁੰਦਾ ਸੀ। ਤੇ ਹੁਣ ਜੇ ਛੇਤੀ ਸਟਾਰਟ ਨਾ ਹੁੰਦਾ, ਤਾਂ ਇਨ੍ਹਾਂ ਮੁੰਡਿਆਂ ਨੂੰ ਮੈਨੂੰ ਚਿੜ੍ਹਾਉਣ ਦਾ ਹੋਰ ਮੌਕਾ ਮਿਲ ਜਾਣਾ ਸੀ। ਇੰਜਣ ਸਟਾਰਟ ਹੁੰਦਿਆਂ ਹੀ ਮੈਂ ਫਟਾ-ਫਟ ਤੁਰਨ ਦੀ ਕੀਤੀ। ਕਾਹਲ ਵਿਚ ਬੱਤੀ ਜਗਾਉਣੀ ਵੀ ਭੁੱਲ ਗਿਆ।
ਕੁਝ ਅਗਾਂਹ ਜਾ ਕੇ ਮੈਂ ਬੱਤੀ ਦਾ ਸਵਿੱਚ ਆਨ ਕੀਤਾ। ਕਾਫ਼ੀ ਦਿਨਾਂ ਤੋਂ ਇਹ ਕੁਝ ਢਿੱਲਾ ਜਿਹਾ ਸੀ ਜਿਸ ਕਰ ਕੇ ਪਿਛਲੀ ਬੱਤੀ ਉਕਾ ਹੀ ਨਹੀਂ ਸੀ ਜਗਦੀ, ਤੇ ਅਗਲੀ ਵੀ ਜਗਦੀ ਬੁਝਦੀ ਰਹਿੰਦੀ ਸੀ; ਪਰ ਹੁਣ ਤਾਂ ਬੜੀ ਸੋਹਣੀ ਤਰ੍ਹਾਂ ਜਗ ਰਹੀ ਸੀ। ਇਸ ਨਾਲ ਮਨ ਨੂੰ ਕੁਝ ਤਾਂ ਧੀਰਜ ਹੋਇਆ। ਨਹੀਂ ਤਾਂ ਹੋ ਸਕਦਾ ਸੀ, ਚੁਰਾਹੇ Ḕਤੇ ਕੋਈ ਪੁਲਸੀਆ ਨੰਬਰ ਨੋਟ ਕਰ ਬਹਿੰਦਾ ਤੇ ਪੰਦਰਾਂ ਵੀਹ ਰੁਪਏ ਹੋਰ ਗੁਆਉਣੇ ਪੈਂਦੇ।
ਕੁਝ ਹੋਰ ਅਗਾਂਹ ਜਾ ਕੇ ਐਕਸਲਰੇਟਰ ਦਬਾਉਂਦਿਆਂ ਅਚਾਨਕ ਹੀ ਮੇਰਾ ਹੱਥ ਹਾਰਨ ਵਜਾਉਣ ਵਾਲੇ ਬਟਨ ਨਾਲ ਜਾ ਲੱਗਾ। ਇਹ ਬਟਨ ਵੀ ਕਾਫ਼ੀ ਚਿਰ ਤੋਂ ਖਰਾਬ ਹੋਇਆ ਪਿਆ ਸੀ, ਤੇ ਹਾਰਨ ਵੀ ਨਹੀਂ ਸੀ ਵੱਜਦਾ। ਮੈਂ ਠੀਕ ਕਰਵਾਉਣ ਦੀ ਕੋਸ਼ਿਸ਼ ਵੀ ਨਾ ਕੀਤੀ, ਕਿਉਂਕਿ ਹਾਰਨ ਵਜਾਉਣਾ ਮੈਨੂੰ ਪਸੰਦ ਨਹੀਂ ਸੀ ਪਰ ਅਜ ਮੇਰਾ ਹੱਥ ਵਜਦਿਆਂ ਹੀ ਹਾਰਨ ਜ਼ੋਰ ਦੀ ਅਜੀਬ ਜਿਹੀ ਆਵਾਜ਼ ਵਿਚ ਵੱਜ ਪਿਆ। ਇਸ ਦੀ ਏਨੀ ਪਿਆਰੀ ਆਵਾਜ਼ ਸੁਣ ਕੇ ਮੈਨੂੰ ਕਾਫ਼ੀ ਹੈਰਾਨੀ ਹੋਈ। ਪਹਿਲਾਂ ਤਾਂ ਇਹ ਭੁੱਖੇ ਬਘਿਆੜ ਵਾਂਗ ਘਉਂ ਘਉਂ ਹੀ ਕਰਦਾ ਹੁੰਦਾ ਸੀ। ਤੇ ਇਕ ਹੋਰ ਅਜੀਬ ਗੱਲ ਇਹ ਹੋਈ ਕਿ ਹਾਰਨ ਦੀ ਆਵਾਜ਼ ਐਨ ਮੇਰੀ ਸੀਟ ਦੇ ਥੱਲਿਉਂ ਦੀ ਨਿਕਲੀ ਸੀ ਜਿਸ ਨਾਲ ਖਾਹਮਖ਼ਾਹ ਮੇਰੇ ਸਾਰੇ ਸਰੀਰ ਵਿਚ ਝੁਣਝੁਣੀ ਜਿਹੀ ਛਾ ਗਈ, ਜਿਵੇਂ ਬੇਧਿਆਨੀ ਵਿਚ ਹੀ ਮੈਂ ਕੋਈ ਐਸੀ ਵੈਸੀ ਹਰਕਤ ਕਰ ਬੈਠਾ ਹੋਵਾਂ। ਇਸ ਦਾ ਮਤਲਬ ਮਿਸਤਰੀ ਦਾ ਮੁੰਡਾ ਮੇਰੇ ਨਾਲ ਇਕ ਹੋਰ ਸ਼ਰਾਰਤ ਕਰ ਗਿਆ ਸੀ। ਗੁੱਸਾ ਬੜਾ ਆਇਆ, ਪਰ ਪਤਾ ਨਹੀਂ ਕਿਉਂ, ਨਾਲ ਹੀ ਬੱਚਿਆਂ ਵਾਂਗ ਘੜੀ-ਮੁੜੀ ਹਾਰਨ ਵਜਾਉਣ ਲਈ ਮੇਰਾ ਮਨ ਕਾਹਲਾ ਪੈਣ ਲੱਗਾ, ਤੇ ਜਦੋਂ ਆਵਾਜ਼ ਸੀਟ ਦੇ ਵਿਚੋਂ ਦੀ ਨਿਕਲਦੀ ਤਾਂ ਆਪਣੇ ਆਪ ਹੀ ਮੇਰਾ ਹਾਸਾ ਨਿਕਲ ਜਾਂਦਾ।
ਫੇਰ ਕੁਝ ਦੂਰ ਜਾ ਕੇ ਮੈਨੂੰ ਮਹਿਸੂਸ ਹੋਇਆ ਕਿ ਇੰਜਣ ਅੱਜ ਬੜਾ ਸੋਹਣਾ ਚੱਲ ਰਿਹੈ। ਖਿਆਲ ਆਇਆ, ਰਾਤ ਦਾ ਵੇਲਾ ਹੈ, ਠੰਢੀ ਹਵਾ ਹੈ, ਸ਼ਾਇਦ ਇਸੇ ਕਰ ਕੇ ਹਲਕਾ ਫੁਲਕਾ ਜਾਪ ਰਿਹੈ; ਪਰ ਫਿਰ ਇਕ ਹੋਰ ਗੱਲ ਮੇਰੇ ਧਿਆਨ ਵਿਚ ਆਈ। ਚੇਨ ਦੇ ਚੇਨ-ਬਕਸ ਨਾਲ ਰਗੜਨ Ḕਤੇ ਜਿਹੜੀ ਖੜ-ਖੜ ਪਹਿਲਾਂ ਹੁੰਦੀ ਸੀ, ਹੁਣ ਉਸ ਦਾ ਨਾਂ-ਨਿਸ਼ਾਨ ਤਕ ਨਹੀਂ ਸੀ। ਮੈਨੂੰ ਪੂਰਾ ਯਕੀਨ ਹੋ ਗਿਆ ਕਿ ਮੁੰਡੇ ਨੇ ਕਲੱਚ ਦਾ ਟਾਂਕਾ ਲਾ ਕੇ ਜ਼ਰੂਰ ਮੋਟਰਸਾਈਕਲ ਦੀ ਹੋਰ ਵੀ ਥੋੜ੍ਹੀ ਬਹੁਤ ਮੁਰੰਮਤ ਕੀਤੀ ਸੀ, ਪਰ ਇਹ ਸਭ ਕੁਝ ਮੈਨੂੰ ਏਨਾ ਅਜੀਬ ਜਿਹਾ ਜਾਪਿਆ ਕਿ ਮੈਂ ਮੋਟਰਸਾਈਕਲ ਖਲ੍ਹਾਰ ਕੇ ਉਸ ਦੇ ਇਕ-ਇਕ ਪੁਰਜ਼ੇ ਨੂੰ ਧਿਆਨ ਨਾਲ ਵਾਚਣ ਲੱਗ ਪਿਆ। ਪਿਛਲੀ ਬੱਤੀ ਵਲ ਮੇਰਾ ਧਿਆਨ ਪਿਆ, ਉਹ ਵੀ ਜਗਦੀ ਸੀ ਪਈ। ਇਸ ਦਾ ਮਤਲਬ, ਉਸ ਨੇ ਇਸ ਦੀ ਵਾਇਰਿੰਗ ਵੀ ਠੀਕ ਕੀਤੀ ਸੀ। ਮੋਬਿਲ ਆਇਲ ਦੀ ਟੰਕੀ ਵਲ ਧਿਆਨ ਮਾਰਿਆ ਤਾਂ ਉਥੇ ਵੀ ਸਸਤੀ ਜਿਹੀ, ਨਵੀਂ ਕੈਪ ਲੱਗੀ ਹੋਈ! ਮੈਂ ਤਾਂ ਉਸ ਉਤੇ ਸਿਗਰਟ ਦਾ ਖਾਲੀ ਟੀਨ ਹੀ ਮੂਧਾ ਮਾਰ ਛੱਡਿਆ ਹੋਇਆ ਸੀ। ਬ੍ਰੇਕ ਵੇਖੀ, ਉਹ ਵੀ ਕੱਸੀ ਪਈ ਸੀ। ਚੇਨ ਵੀ ਐਨ ਟਿਚ ਸੀ। ਗੀਅਰ-ਬਾਕਸ ਵੀ ਠੀਕ ਕੀਤਾ ਪਿਆ ਸੀ। ਮੈਨੂੰ ਇਕ ਦਮ ਖਿਆਲ ਆਇਆ, ਆਪਣਾ ਟੂਲ ਬਕਸ ਤਾਂ ਵੇਖ ਲਵਾਂ, ਕੀ ਪਤਾ ਕੋਈ ਔਜ਼ਾਰ ਹੀ ਨਾ ਖਿਸਕਾ ਗਿਆ ਹੋਵੇ, ਪਰ ਟੂਲ ਬਕਸ ਵਿਚੋਂ ਔਜ਼ਾਰ ਤਾਂ ਕੀ ਜਾਣੇ ਸਨ, ਸਗੋਂ ਪੈਟਰੋਲ ਟੈਂਕ ਦੀ ਕੈਪ ਵੀ ਸਹੀ ਸਲਾਮਤ ਉਸੇ ਦੇ ਵਿਚ ਪਈ ਸੀ ਜਿਸ ਬਾਰੇ ਉਸ ਵਿਚਾਰੇ ਨੇ ਸੋਚਿਆ ਸੀ, ਸ਼ਾਇਦ ਗੁਆਚ ਗਈ ਹੈ। ਮੈਂ ਹੱਕਾ-ਬੱਕਾ ਹੋਇਆ ਕਦੇ ਇਕ ਚੀਜ਼ ਵਲ ਝਾਤੀ ਮਾਰ ਰਿਹਾ ਸਾਂ, ਤੇ ਕਦੇ ਦੂਜੀ ਵਲ। ਉਸ ਮੁੰਡੇ ਨੇ ਲਏ ਤਾਂ ਮੇਰੇ ਕੋਲੋਂ ਸਿਰਫ ਚਾਰ ਰੁਪਏ ਸਨ, ਤੇ ਕੰਮ ਉਸ ਘੱਟੋ ਘੱਟ ਪੰਦਰਾਂ ਵੀਹਾਂ ਦਾ ਕੀਤਾ ਜਾਪਦਾ ਸੀ। ਮੈਨੂੰ ਕੱਖ ਸਮਝ ਨਹੀਂ ਸੀ ਆ ਰਹੀ। ਜੇ ਉਸ ਕੀਤਾ ਸੂ, ਤਾਂ ਦੱਸਿਆ ਕਿਉਂ ਨਾ? ਇੰਜ ਮਜ਼ਾਕ ਕਰਨ ਦਾ ਭਲਾ ਕੀ ਮਤਲਬ ਹੋਇਆ?
ਹੁਣ ਮੈਨੂੰ ਉਹ ਮੁੰਡਾ ਚੰਗਾ ਚੰਗਾ ਲੱਗਣ ਲੱਗਾ। ਇਕ ਬੇਕਾਰ, ਬੇਰੁਜ਼ਗਾਰ ਕਾਰੀਗਰ ਜੋ ਮੋਟਰਾਂ ਦੇ ਇੰਜਣ ਠੀਕ ਕਰਨ ਦੀ ਥਾਂ ਆਪਣਾ ਆਪ ਡਾਲਡੇ ਦੇ ਡੱਬੇ ਕੁੱਟਣ ਵਿਚ ਗੁਆ ਰਿਹਾ ਸੀ, ਭਲਾ ਏਨਾ ਮਜ਼ਾਕੀਆ ਕਿਸਮ ਦਾ ਇਨਸਾਨ ਵੀ ਹੋ ਸਕਦੈ! ਇਹ ਸਭ ਕੁਝ ਮੇਰੇ ਲਈ ਅਜੀਬ ਜਿਹੀ ਬੁਝਰਤ ਬਣ ਗਈ।
ਘਰ ਵਲ ਜਾਣਾ ਤਾਂ ਹੁਣ ਅਸੰਭਵ ਸੀ। ਉਸ ਦੀ ਮਿਹਨਤ ਦਾ ਮੁਆਵਜ਼ਾ ਦਿਤਿਆਂ ਬਗੈਰ ਜਾਂਦਾ ਕਿਵੇਂ, ਤੇ ਮੈਂ ਇਕ ਦਮ ਵਾਪਸ ਅੰਧੇਰੀ ਵਲ ਤੁਰ ਪਿਆ। ਰਾਹ ਵਿਚ ਇਕ ਦੋ ਵਾਰ ਮੈਂ ਫਿਰ ਮੋਟਰਸਾਈਕਲ ਰੋਕ ਕੇ ਚੰਗੀ ਤਰ੍ਹਾਂ ਜਾਚਿਆ ਪਰਖਿਆ ਕਿ ਕਿਤੇ ਮੈਨੂੰ ਭਰਮ ਤਾਂ ਨਹੀਂ ਲਗ ਰਿਹਾ ਪਰ ਏਨਾ ਵੀ ਕਾਹਦਾ ਭੁਲੇਖਾ ਹੋਇਆ! ਕੱਲ੍ਹ ਤਕ ਤਾਂ ਮੈਂ ਇਸ ਨੂੰ ਗੈਰੇਜ ਵਿਚ ਭੇਜ ਕੇ ਸਰਵਿਸ ਕਰਵਾਉਣ ਦੀ ਜ਼ਰੂਰਤ ਮਹਿਸੂਸ ਕਰ ਰਿਹਾ ਸਾਂ, ਤੇ ਅੱਜ ਇੰਜ ਜਾਪ ਰਿਹਾ ਸੀ ਜਿਵੇਂ ਹੁਣੇ ਹੀ ਗੈਰੇਜ ਵਿਚੋਂ ਸਰਵਿਸ ਕਰਵਾ ਕੇ ਵਾਪਸ ਲਿਆਂਦੀ ਹੋਵੇ। ਉਸ ਦੇ ਪੂਰੇ ਪੈਸੇ ਜ਼ਰੂਰ ਦੇਣੇ ਸਨ, ਤੇ ਨਾਲੇ ਉਸ ਦੇ ਮਜ਼ਾਕ ਦੀ ਦਾਦ ਦੇਣ ਨੂੰ ਵੀ ਬੜਾ ਜੀਅ ਕੀਤਾ।
ਹੁਣ ਥੋੜ੍ਹਾ ਜਿਹਾ ਮਨ ਘਬਰਾਇਆ ਕਿ ਕਿਤੇ ਮੈਂ ਕੋਈ ਹੋਰ ਨਵੀਂ ਮੁਸੀਬਤ ਤਾਂ ਨਹੀਂ ਮੁੱਲ ਲੈ ਰਿਹਾ! ਕੀ ਪਤਾ ਉਹ ਮੁੰਡਾ ਹੁਣ ਉਥੇ ਹੋਵੇ ਵੀ ਕਿ ਨਾ। ਹੋ ਸਕਦੈ, ਮੈਨੂੰ ਵੇਖ ਕੇ ਉਹ ਤੇ ਉਹਦੇ ਸਾਥੀ ਕੋਈ ਹੋਰ ਸ਼ਰਾਰਤ ਕਰਨ Ḕਤੇ ਤੁਲ ਪੈਣ, ਫੇਰ ਕੀ ਬਣੇਗਾ? ਪਰ ਪਤਾ ਨਹੀਂ ਕਿਉਂ, ਮੈਂ ਰੁਕਿਆ ਨਹੀਂ।
ਚੌਕ ਪਾਰ ਕਰ ਕੇ ਮੈਂ ਨਜ਼ਰ ਮਾਰੀ, ਟੀਨਾਂ ਵਾਲੀ ਦੁਕਾਨ ਖੁੱਲ੍ਹੀ ਪਈ ਸੀ; ਤੇ ਉਸੇ ਮੁੰਡੇ ਦਾ ਬਾਪੂ ਟੀਨ ਭੰਨਣ ਵਿਚ ਮਗਨ ਸੀ। ਮੋਟਰਸਾਈਕਲ ਦਾ ਇੰਜਣ ਬੰਦ ਕਰ ਕੇ ਉਸ ਪਾਸੇ ਵਲ ਤੁਰਿਆ ਹੀ ਸੀ ਕਿ ਪਤਾ ਨਹੀਂ ਕਿਹੜੇ ਪਾਸਿਉਂ ਉਹੀ ਮੁੰਡਾ ਤੇ ਉਹਦੇ ਯਾਰ ਮੇਰੇ ਸਾਹਮਣੇ ਆ ਖਲੋਤੇ। ਮੁੰਡਾ ਮੋਟਰਸਾਈਕਲ ਕੋਲ ਜਾ ਖਲੋਤਾ, ਤੇ ਉਸ ਨੂੰ ਜਾਚਦਿਆਂ ਬੋਲਿਆ, “ਕਿਉਂ ਸਾਹਬ, ਫਿਰ ਕੋਈ ਖ਼ਰਾਬੀ ਹੋ ਗਈ ਕਿਆ?”
ਮੈਂ ਸਿੱਧਾ ਜਾ ਕੇ ਉਸ ਦਾ ਸੱਜਾ ਹੱਥ, ਆਪਣੇ ਹੱਥ ਵਿਚ ਘੁੱਟ ਲਿਆ ਤੇ ਆਖਿਆ, “ਅਰੇ ਯਾਰ, ਤੁਮ ਤੋ ਬੜੇ ਸ਼ਾਨਦਾਰ ਆਦਮੀ ਹੋ। ਮੁਝੇ ਮਾਲੂਮ ਨਹੀਂ ਥਾ ਕਿ ਤੁਮਨੇ ਗਾੜੀ ਪਰ ਇਤਨਾ ਕਾਮ ਕੀਆ ਹੈ। ਬਤਾਉ ਮੁਝੇ ਔਰ ਕਿਤਨੇ ਪੈਸੇ ਦੇਨੇ ਹੈਂ।”
“ਕੁਛ ਨਹੀਂ, ਕੁਛ ਨਹੀਂæææ ਤੁਮ Ḕਹਮ ਲੋਗ’ ਪਿਕਚਰ ਮੇਂ ਬਹੁਤ ਅਛਾ ਕਾਮ ਕਰਤਾ ਹੈ, ਬਸ।”
ਮੇਰੀ ਹੈਰਾਨੀ ਦੀ ਹੱਦ ਨਾ ਰਹੀ। ਮੈਂ ਆਖਿਆ, “ਮਗਰ ਮੈਂ ਤੋ ਤਮਾਮ ਵਕਤ ਯੇ ਸੋਚਤਾ ਰਹਾ ਕਿ ਤੁਮ ਮੇਰਾ ਮਜ਼ਾਕ ਉੜਾ ਰਹੇ ਹੋ।”
“ਐਕਟਰ ਲੋਗ ਕੇ ਸਾਥ ਥੋੜ੍ਹਾ ਮਜ਼ਾਕ ਕਰਨਾ ਮਾਂਗਤਾ ਹੈ”, ਉਹ ਹੋਠਾਂ ਵਿਚ ਮੁਸਕਣੀ ਘੁੱਟ ਕੇ ਸ਼ਰਾਰਤ ਨਾਲ ਬੋਲਿਆ।
ਮੈਂ ਪੈਸੇ ਲੈਣ ਲਈ ਬਥੇਰਾ ਜ਼ੋਰ ਲਾਇਆ, ਪਰ ਉਸ ਮੇਰੀ ਇਕ ਨਾ ਮੰਨੀ ਸਗੋਂ ਉਸ ਦੀ ਯਾਰ ਮੰਡਲੀ ਮੈਨੂੰ ਉਸੇ ਚਾਹ ਵਾਲੇ ਦੀ ਦੁਕਾਨ ਵਿਚ ਲੈ ਤੁਰੀ। ਮੈਨੂੰ ਉਨ੍ਹਾਂ ਚਾਹ ਪਿਆਈ, ਤੇ ਫਿਰ ਫਿਲਮਾਂ ਬਾਰੇ, ਐਕਟਰਾਂ-ਐਕਟਰੈਸਾਂ ਬਾਰੇ ਬੜੇ ਮਜ਼ੇਦਾਰ ਸਵਾਲ ਪੁੱਛਦੇ ਰਹੇ। ਮੈਂ ਸਾਰਾ ਸੰਕੋਚ ਮਿਟਾ ਕੇ ਉਨ੍ਹਾਂ ਦੀ ਮਿੱਤਰਤਾ ਵਿਚੋਂ ਅਕਹਿ ਸੁਆਦ ਮਾਣ ਰਿਹਾ ਸਾਂ। ਹੁਣ ਤਕ ਮਜ਼ਦੂਰਾਂ ਬਾਰੇ ਮੇਰਾ ਨਜ਼ਰੀਆ ਕੁਝ ਹੋਰ ਹੀ ਸੀ। ਕੰਗਾਲੀ ਤੇ ਮਜਬੂਰੀ ਦੀ ਹਾਲਤ ਵਿਚ ਵੀ ਮਜ਼ਦੂਰ ਏਨਾ ਹਸਮੁਖ, ਖੁਸ਼ਮਿਜ਼ਾਜ ਤੇ ਏਨਾ ਬਾਦਸ਼ਾਹ ਦਿਲ ਹੋ ਸਕਦੈ, ਇਹ ਮੇਰੀ ਕਲਪਨਾ ਤੋਂ ਕਿਤੇ ਬਾਹਰੀ ਗੱਲ ਸੀ।
ਇਹ ਹੈ ਮੇਰੀ ਫਿਲਮੀ ਜ਼ਿੰਦਗੀ ਦੀ ਉਹ ਅਭੁੱਲ ਯਾਦ। ਕਹਾਣੀ ਲਿਖਣ ਦੀ ਕਲਾ ਭੁੱਲ ਨਾ ਗਿਆ ਹੁੰਦਾ, ਤਾਂ ਸ਼ਾਇਦ ਇਸ ਦੀ ਅਤਿਅੰਤ ਪਿਆਰੀ ਤੇ ਬੇ-ਮਿਸਾਲ ਕਹਾਣੀ ਲਿਖ ਮਾਰਦਾ।
Leave a Reply