ਸਨਅਤੀ ਪੈਕੇਜ ਨਾ ਮਿਲਣ ਕਰਕੇ ਅਕਾਲੀ ਔਖੇ

ਚੰਡੀਗੜ੍ਹ: ਕੇਂਦਰ ਸਰਕਾਰ ਵੱਲੋਂ ਸਨਅਤੀ ਪੈਕੇਜ ਨਾ ਦੇਣ ਕਰਕੇ ਅਕਾਲੀ ਔਖੇ ਨਜ਼ਰ ਆ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਭਾਜਪਾ ਦੇ ਸੂਬਾ ਪ੍ਰਧਾਨ ਕਮਲ ਸ਼ਰਮਾ ਦੀ ਅਗਵਾਈ ਵਿਚ ਪਾਰਟੀ ਦੀ ਸਾਂਝੀ ਕੋਰ ਕਮੇਟੀ ਤੇ ਅਕਾਲੀ-ਭਾਜਪਾ ਵਿਧਾਇਕਾਂ ਤੇ ਸੰਸਦ ਮੈਂਬਰਾਂ ਵੱਲੋਂ ਰਾਜਪਾਲ ਸ਼ਿਵਰਾਜ ਪਾਟਿਲ ਨੂੰ ਮੰਗ ਪੱਤਰ ਦੇ ਕੇ ਪੰਜਾਬ ਦੇ ਗੁਆਂਢੀ ਰਾਜਾਂ ਹਿਮਾਚਲ ਪ੍ਰਦੇਸ਼ ਤੇ ਉਤਰਾਂਚਲ ਨੂੰ ਟੈਕਸ ਰਿਆਇਤਾਂ ਦੇ ਕੇ ਪੰਜਾਬ ਨੂੰ ਸਨਅਤੀ ਤੌਰ ‘ਤੇ ਪਛਾੜਨ ਤੇ ਪੱਖਪਾਤੀ ਰਵੱਈਏ ਦੇ ਇਲਜ਼ਾਮ ਲਾਉਂਦਿਆਂ ਬਿਨਾਂ ਕਿਸੇ ਦੇਰੀ ਗੁਆਂਢੀ ਸੂਬਿਆਂ ਵਾਲੀਆਂ ਰਿਆਇਤਾਂ ਦੀ ਮੰਗ ਕੀਤੀ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਬੀਤੇ ਦਿਨੀਂ ਪ੍ਰੋਗਰੈਸਿਵ ਪੰਜਾਬ ਸੰਮੇਲਨ ਦੌਰਾਨ ਪੰਜਾਬ ਵਿਚ ਨਿਵੇਸ਼ ਲਈ 65 ਹਜ਼ਾਰ ਕਰੋੜ ਰੁਪਏ ਦੇ ਸਮਝੌਤੇ ਹੋਣ ਤੋਂ ਬਾਅਦ ਯੂæਪੀæਏæ ਸਰਕਾਰ ਵੱਲੋਂ ਪੰਜਾਬ ਵਿਚ ਪੂੰਜੀ ਨਿਵੇਸ਼ ਰੋਕਣ ਲਈ ਗੁਆਂਢੀ ਰਾਜਾਂ ਨੂੰ ਉਕਤ ਰਿਆਇਤਾਂ ਦਿੰਦਿਆਂ ਪੰਜਾਬ ਵਿਚ ਆਉਣ ਵਾਲੇ ਪੂੰਜੀ ਨਿਵੇਸ਼ ਨੂੰ ਤਾਰਪੀਡੋ ਕਰਨ ਦੀ ਸਾਜ਼ਿਸ਼ ਕੀਤੀ ਗਈ ਹੈ। ਸ਼ ਬਾਦਲ ਨੇ ਕਿਹਾ ਕਿ ਪੰਜਾਬ ਕਿਸੇ ਗੁਆਂਢੀ ਰਾਜ ਨੂੰ ਰਿਆਇਤਾਂ ਦਿੱਤੇ ਜਾਣ ਦਾ ਵਿਰੋਧੀ ਨਹੀਂ ਪਰ ਪੰਜਾਬ ਨਾਲ ਜਿਵੇਂ ਧੱਕਾ ਕੀਤਾ ਗਿਆ ਹੈ, ਉਸ ਨੂੰ ਅਕਾਲੀ ਦਲ ਚੁੱਪ ਬੈਠ ਕੇ ਬਰਦਾਸ਼ਤ ਨਹੀਂ ਕਰੇਗਾ। ਉਨ੍ਹਾਂ ਪੰਜਾਬ ਦੀ ਕਾਂਗਰਸੀ ਲੀਡਰਸ਼ਿਪ ‘ਤੇ ਵੀ ਦੋਸ਼ ਲਾਇਆ ਕਿ ਉਨ੍ਹਾਂ ਵੱਲੋਂ ਵੀ ਪੰਜਾਬ ਨਾਲ ਹੋਏ ਇਸ ਵੱਡੇ ਧੱਕੇ ਵਿਰੁੱਧ ਹੁਣ ਤੱਕ ਆਵਾਜ਼ ਨਹੀਂ ਚੁੱਕੀ ਗਈ ਤੇ ਉਹ ਆਪਣੀਆਂ ਪ੍ਰਧਾਨਗੀਆਂ ਦੀ ਲੜਾਈ ਵਿਚ ਵਿਅਸਤ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਵੱਲੋਂ ਇਸ ਧੱਕੇ ਵਿਰੁੱਧ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਕੋਲ ਪਹੁੰਚ ਕਰਨ ਤੋਂ ਇਲਾਵਾ ਸੰਸਦ ਦੇ ਸਮਾਗਮ ਦੌਰਾਨ ਸ਼ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਿਚ ਇਹ ਮੁੱਦਾ ਸੰਸਦ ਵਿਚ ਵੀ ਜ਼ੋਰਦਾਰ ਢੰਗ ਨਾਲ ਉਠਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਅਕਾਲੀ ਦਲ ਹਰ ਲੋਕਤੰਤਰੀ ਢੰਗ ਨਾਲ ਕੇਂਦਰ ਦੇ ਇਸ ਧੱਕੇ ਵਿਰੁੱਧ ਆਵਾਜ਼ ਬੁਲੰਦ ਕਰਨ ਦੀ ਕੋਸ਼ਿਸ਼ ਕਰੇਗਾ। ਸ਼ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਨੂੰ ਅਜਿਹੀਆਂ ਰਿਆਇਤਾਂ ਤੋਂ ਵਾਂਝੇ ਰੱਖ ਕੇ ਕਾਂਗਰਸ ਵੱਲੋਂ ਪੰਜਾਬ ਨਾਲ ਮਤਰੇਈ ਮਾਂ ਵਾਲਾ ਰਵੱਈਆ ਅਪਣਾਇਆ ਗਿਆ ਹੈ।
_________________________________
ਵਾਜਪਾਈ ਸਰਕਾਰ ਵੇਲੇ ਦਾ ਹੈ ਪੈਕੇਜ!
ਸ਼੍ਰੋਮਣੀ ਅਕਾਲੀ ਦਲ ਹਿਮਾਚਲ ਪ੍ਰਦੇਸ਼ ਅਤੇ ਉਤਰਾਂਚਲ ਨੂੰ ਦਿੱਤੇ ਜਿਸ ਸਨਅਤੀ ਪੈਕੇਜ ਦਾ ਅੱਜ ਕੱਲ੍ਹ ਵਿਰੋਧ ਕਰ ਰਿਹਾ ਹੈ, ਉਹ ਅਸਲ ਵਿਚ ਸਾਲ 2003 ਵਿਚ ਤਤਕਾਲੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਦਿੱਤਾ ਸੀ। ਉਸ ਵੇਲੇ ਸ਼੍ਰੋਮਣੀ ਅਕਾਲੀ ਦਲ ਵਾਜਪਾਈ ਸਰਕਾਰ ਵਿਚ ਸ਼ਾਮਲ ਸੀ। ਹੁਣ ਤਾਂ ਯੂæਪੀæਏæ ਸਰਕਾਰ ਨੇ ਇਸ ਪੈਕੇਜ ਦੀ ਸਿਰਫ ਮਿਆਦ ਹੀ ਵਧਾਈ ਹੈ ਜੋ ਛੇਤੀ ਹੀ ਖਤਮ ਹੋ ਰਹੀ ਸੀ। ਇਸ ਬਾਰੇ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਪੁਛਿਆ ਤਾਂ ਉਨ੍ਹਾਂ ਕੋਈ ਜਵਾਬ ਨਹੀਂ ਦਿੱਤਾ।
_______________________________
ਚੋਣ ਦੰਗਲ ਵਿਚ ਕੁੱਦਣ ਦਾ ਸੱਦਾ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅਕਾਲੀ ਵਰਕਰਾਂ ਨੂੰ ਕਿਹਾ ਕਿ ਉਹ ਅਗਲੇ ਤਿੰਨ ਮਹੀਨੇ ਲਈ ਹੋਰ ਸਭ ਕੁਝ ਭੁੱਲ ਕੇ ਚੋਣ ਦੰਗਲ ਵਿਚ ਜੁਟ ਜਾਣ। ਉਨ੍ਹਾਂ ਵਰਕਰਾਂ ਨੂੰ ਕਿਹਾ ਕਿ ਉਹ ਵਿਆਹ ਤੇ ਹੋਰ ਦੂਜੇ ਸਮਾਜਿਕ ਸਮਾਗਮ ਭੁਲਾ ਦੇਣ ਤੇ ਵਰਕਰਾਂ ਨੂੰ ਮਜ਼ਾਕ ਕਰਦਿਆਂ ਕਿਹਾ ਕਿ ਉਹ ਭਾਵੇਂ ਆਪਣੀਆਂ ਬੀਵੀਆਂ ਨੂੰ ਵੀ ਕੁਝ ਸਮੇਂ ਲਈ ਪੇਕੇ ਭੇਜ ਦੇਣ ਤਾਂ ਜੋ ਉਹ ਪੂਰਾ ਸਮਾਂ ਚੋਣ ਪ੍ਰਚਾਰ ਵਿਚ ਲਾ ਸਕਣ।
ਕੈਬਿਨਟ ਮੰਤਰੀ ਬਿਕਰਮ ਸਿੰਘ ਮਜੀਠੀਆ ਵੱਲ ਇਸ਼ਾਰਾ ਕਰਦਿਆਂ ਸ਼ ਬਾਦਲ ਨੇ ਕਿਹਾ ਕਿ ਜਿਨ੍ਹਾਂ ਦੇ ਵਿਆਹ ਅਜੇ ਤਾਜ਼ੇ ਹਨ, ਉਨ੍ਹਾਂ ਨੂੰ ਛੋਟ ਦੇਣ ਬਾਰੇ ਪਾਰਟੀ ਸੋਚ ਸਕਦੀ ਹੈ ਪਰ ਸ਼ ਮਜੀਠੀਆ ਨੇ ਵੀ ਅੱਗਿਉਂ ਜਵਾਬ ਦਿੱਤਾ ਕਿ ਉਨ੍ਹਾਂ ਦਾ ਵਿਆਹ ਵੀ ਹੁਣ ਪੁਰਾਣਾ ਹੋ ਗਿਆ ਹੈ ਤੇ ਉਹ ਵੀ ਪੂਰਾ ਸਮਾਂ ਪਾਰਟੀ ਨੂੰ ਦੇਣਗੇ।

Be the first to comment

Leave a Reply

Your email address will not be published.