ਜੇਲ੍ਹਾਂ ਵਿਚ ਬੰਦ ਸਿੱਖਾਂ ਦੀ ਰਿਹਾਈ ਲਈ ਲਾਮਬੰਦੀ

ਚੰਡੀਗੜ੍ਹ: ਪੰਜਾਬ, ਦਿੱਲੀ, ਹਰਿਆਣਾ ਤੇ ਜੰਮੂ ਦੀਆਂ ਜੇਲ੍ਹਾਂ ਵਿਚ ਤੈਅ ਸਜ਼ਾ ਭੁਗਤਣ ਦੇ ਬਾਵਜੂਦ ਬੰਦ 120 ਸਿੱਖਾਂ ਦੀ ਰਿਹਾਈ ਲਈ ਮੁੜ ਸਰਗਰਮੀ ਵਿੱਡੀ ਗਈ ਹੈ। ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਯੁਨਾਈਟਿਡ ਸਿੱਖ ਮੂਵਮੈਂਟ ਦੇ ਵਫਦ ਨੂੰ ਰਾਜ ਦੀਆਂ ਜੇਲ੍ਹਾਂ ਵਿਚ ਬੰਦ ਸਿੱਖ ਕੈਦੀਆਂ ਦੀ ਰਿਹਾਈ ਦੇ ਮਾਮਲੇ ‘ਤੇ ਤੁਰੰਤ ਗੌਰ ਕਰਨ ਤੇ ਹੋਰ ਰਾਜਾਂ ਦੀਆਂ ਜੇਲ੍ਹਾਂ ਵਿਚ ਬੰਦ ਸਿੱਖਾਂ ਦੀ ਰਿਹਾਈ ਲਈ ਸਬੰਧਤ ਸੂਬਿਆਂ ਦੀਆਂ ਸਰਕਾਰਾਂ ਨਾਲ ਸੰਪਰਕ ਕਰਨ ਦੀ ਹਾਮੀ ਭਰੀ ਹੈ।
ਯੂਨਾਈਟਿਡ ਸਿੱਖ ਮੂਵਮੈਂਟ ਵੱਲੋਂ ਸ਼ ਬਾਦਲ ਨੂੰ ਸੌਂਪੀ ਗਈ ਸੂਚੀ ਵਿਚ 120 ਬੰਦੀ ਸਿੱਖਾਂ ਦੇ ਨਾਂ ਹਨ ਜੋ ਆਪਣੀ ਸਜ਼ਾ ਪੂਰੀ ਕਰ ਚੁੱਕੇ ਹਨ। ਇਨ੍ਹਾਂ ਵਿਚੋਂ 99 ਪੰਜਾਬ ਦੀਆਂ ਜੇਲ੍ਹਾਂ ਵਿਚ ਬੰਦ ਹਨ। ਸੂਚੀ ਅਨੁਸਾਰ ਇਨ੍ਹਾਂ 120 ਸਿੱਖ ਬੰਦੀਆਂ ਵਿਚੋਂ 16 ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਜਿਨ੍ਹਾਂ ਵਿਚੋਂ ਅੱਠ ਟਾਡਾ ਲਾਇਆ ਗਿਆ ਹੈ ਤੇ ਬਾਕੀ ਕਤਲ ਦੇ ਦੋਸ਼ੀ ਹਨ। ਯੂਨਾਈਟਿਡ ਸਿੱਖ ਮੂਵਮੈਂਟ ਦੇ ਵਫਦ ਨੇ ਸ਼ ਬਾਦਲ ਨੂੰ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ 4 ਅਗਸਤ, 1982 ਨੂੰ ਆਨੰਦਪੁਰ ਸਾਹਿਬ ਦੇ ਮਤੇ ਨੂੰ ਲਾਗੂ ਕਰਵਾਉਣ ਲਈ ਲਾਇਆ ਮੋਰਚਾ ਨਾ ਤਾਂ ਜਿੱਤਿਆ ਗਿਆ ਹੈ, ਨਾ ਹਾਰਿਆ ਹੈ ਤੇ ਨਾ ਹੀ ਛੱਡਿਆ ਗਿਆ ਹੈ। ਇਹ ਦਸਤਾਵੇਜ਼ ਅੱਜ ਵੀ ਸਾਰਥਕ ਸਾਬਤ ਹੋ ਸਕਦਾ ਹੈ।
ਉਨ੍ਹਾਂ ਮੰਗ ਕੀਤੀ ਕਿ ਜੇਲ੍ਹਾਂ ਵਿਚ ਬੰਦ ਕੈਦੀਆਂ ਨੂੰ ਰਾਜਸੀ ਤੌਰ ‘ਤੇ ਵਿਚਾਰ ਕਰਕੇ ਰਿਹਾਅ ਕਰਵਾਇਆ ਜਾਵੇ। ਮੂਵਮੈਂਟ ਨੇ 13 ਅਪਰੈਲ, 1978 ਤੋਂ ਲੈ ਕੇ ਹੁਣ ਤੱਕ ਦੇਸ਼ ਭਰ ਵਿਚ ਸਿੱਖਾਂ ਦੇ ਹੋਏ ਖੂਨ ਖਰਾਬੇ, ਤਸ਼ੱਦਦ ਤੇ ਆਰਥਿਕ ਨੁਕਸਾਨ ਦੇ ਅੰਕੜੇ ਇਕੱਠੇ ਕਰਕੇ ਦਸਤਾਵੇਜ਼ ਤਿਆਰ ਕਰਨ ਲਈ ਕਮਿਸ਼ਨ ਨਿਯੁਕਤ ਕਰਨ ਦੀ ਮੰਗ ਵੀ ਕੀਤੀ ਹੈ। ਮੁੱਖ ਮੰਤਰੀ ਨੇ ਵਫ਼ਦ ਵੱਲੋਂ ਉਠਾਈਆਂ ਨੌਂ ਮੰਗਾਂ ‘ਤੇ ਹੁੰਗਾਰਾ ਦਿੱਤਾ ਹੈ।
ਇਸ ਦੌਰਾਨ ਸਿੱਖ ਕੈਦੀਆਂ ਦੀ ਪੱਕੀ ਰਿਹਾਈ ਦੀ ਮੰਗ ਨੂੰ ਲੈ ਕੇ ਲੰਘੇ ਦਿਨੀਂ ਵੱਖ-ਵੱਖ ਧਾਰਮਿਕ ਤੇ ਸਿੱਖ ਜਥੇਬੰਦੀਆਂ ਵੱਲੋਂ ਵਰ੍ਹਦੇ ਮੀਂਹ ਵਿਚ ਰੋਸ ਮਾਰਚ ਕੀਤਾ ਗਿਆ। ਇਸ ਦੌਰਾਨ ਪ੍ਰਦਰਸ਼ਨਕਾਰੀ ਸਿੱਖ ਆਗੂਆਂ ਨੇ ਪੰਜਾਬ ਸਰਕਾਰ ਤੇ ਅਕਾਲ ਤਖ਼ਤ ਦੇ ਜਥੇਦਾਰ ‘ਤੇ ਆਪਣੇ ਵਾਅਦੇ ਤੋਂ ਮੁੱਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਉਨ੍ਹਾਂ ਭਾਈ ਗੁਰਬਖ਼ਸ਼ ਸਿੰਘ ਖਾਲਸਾ ਦੀ ਅਰਦਾਸ ਤੁੜਵਾ ਕੇ ਪੰਥ ਨਾਲ ਧਰੋਹ ਕਮਾਇਆ ਹੈ।
ਸਿੱਖ ਜਥੇਬੰਦੀਆਂ ਦੇ ਆਗੂ ਤੇ ਧਾਰਮਿਕ ਨੁਮਾਇੰਦੇ ਮੁਹਾਲੀ ਦੇ ਫੇਜ਼-3ਬੀ1 ਸਥਿਤ ਗੁਰਦੁਆਰਾ ਸਾਚਾ ਧਨ ਸਾਹਿਬ ਵਿਚ ਇਕੱਠੇ ਹੋਏ ਤੇ ਦੁਪਹਿਰ ਤੱਕ ਸਿੱਖ ਆਗੂਆਂ ਨੇ ਕੌਮ ਦੇ ਸਾਂਝੇ ਮਸਲਿਆਂ ਤੇ ਬੰਦੀ ਸਿੱਖਾਂ ਦੀ ਰਿਹਾਈ ਲਈ ਖੁੱਲ੍ਹ ਕੇ ਵਿਚਾਰਾਂ ਕੀਤੀਆਂ। ਇਸ ਮਗਰੋਂ ਅਰਦਾਸ ਉਪਰੰਤ ਜੈਕਾਰਿਆਂ ਦੀ ਗੂੰਜ ਵਿਚ ਮੁਹਾਲੀ ਦੇ ਡਿਪਟੀ ਕਮਿਸ਼ਨਰ ਦਫ਼ਤਰ ਤੱਕ ਵਰ੍ਹਦੇ ਮੀਂਹ ਵਿਚ ਰੋਸ ਮਾਰਚ ਕੀਤਾ ਤੇ ਰੋਸ ਧਰਨਾ ਦਿੱਤਾ। ਇਸ ਮੌਕੇ ਬੁਲਾਰਿਆਂ ਨੇ ਮੰਗ ਕੀਤੀ ਕਿ ਸਿੱਖ ਨੌਜਵਾਨਾਂ ਦੀ ਬਿਨਾਂ ਸ਼ਰਤ ਪੱਕੀ ਰਿਹਾਈ ਲਈ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸੱਦ ਕੇ ਸਰਬਸੰਮਤੀ ਨਾਲ ਸਾਂਝਾ ਮਤਾ ਪਾਸ ਕਰਕੇ ਕੇਂਦਰ ਸਰਕਾਰ ਨੂੰ ਭੇਜਿਆ ਜਾਵੇ ਤਾਂ ਜੋ ਜੇਲ੍ਹਾਂ ਵਿਚ ਬੰਦ ਬੇਕਸੂਰ ਨੌਜਵਾਨਾਂ ਦੀ ਰਿਹਾਈ ਦਾ ਰਾਹ ਪੱਧਰਾ ਹੋ ਸਕੇ। ਦਲ ਖਾਲਸਾ ਦੇ ਮੁਖੀ ਸਤਨਾਮ ਸਿੰਘ ਪਾਉਂਟਾ ਸਾਹਿਬ ਨੇ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਵੱਲੋਂ ਨੌਜਵਾਨਾਂ ‘ਤੇ ਦਰਜ ਕੇਸ ਗੈਰਕਾਨੂੰਨੀ ਹਨ। ਉਨ੍ਹਾਂ ਕਿਹਾ ਕਿ ਹੁਣ ਇਨਸਾਫ਼ ਦੀ ਉਮੀਦ ਛੱਡ ਕੇ ਸਿੱਖ ਕੈਦੀਆਂ ਦੀ ਰਿਹਾਈ ਲਈ ਹੇਠਲੇ ਪੱਧਰ ‘ਤੇ ਲੋਕ ਲਹਿਰ ਬਣਾਉਣ ਦੀ ਸਖ਼ਤ ਲੋੜ ਹੈ।
__________________________________
ਮੁੱਖ ਮੰਤਰੀ ਬਾਦਲ ਨੂੰ ਬੰਦੀ ਸਿੱਖਾਂ ਦੀ ਸੂਚੀ ਸੌਂਪੀ
ਚੰਡੀਗੜ੍ਹ: ਮੁੱਖ ਮੰਤਰੀ ਪ੍ਰਕਾਸ ਸਿੰਘ ਬਾਦਲ ਨੂੰ ਸੌਂਪੀ ਸੂਚੀ ਵਿਚ ਦੱਸਿਆ ਗਿਆ ਹੈ ਕਿ ਕੇਂਦਰੀ ਜੇਲ੍ਹ ਪਟਿਆਲਾ ਵਿਚ ਬੇਅੰਤ ਸਿੰਘ ਹੱਤਿਆ ਕਾਂਡ ਵਿਚ ਫ਼ਾਂਸੀ ਦੀ ਸਜ਼ਾਯਾਫ਼ਤਾ ਭਾਈ ਬਲਵੰਤ ਸਿੰਘ ਰਾਜੋਆਣਾ ਬੰਦ ਹਨ। ਹੋਰ ਰਾਜਾਂ ਦੀਆਂ ਜੇਲ੍ਹਾਂ ਵਿਚ ਬੰਦ ਕੈਦੀਆਂ ਵਿਚੋਂ ਸੱਤ ਸਿੱਖ ਹਰਿਆਣਾ ਦੀ ਕੇਂਦਰੀ ਜੇਲ੍ਹ ਸਿਰਸਾ ਵਿਚ ਬੰਦ ਹਨ। ਇਨ੍ਹਾਂ ਵਿਚ ਸ਼ਿਵਰਾਜ ਸਿੰਘ, ਬਲਕਰਨ ਸਿੰਘ, ਅਮਰਜੀਤ ਸਿੰਘ, ਨਿਰਮਲ ਸਿੰਘ, ਗੁਰਪ੍ਰੀਤ ਸਿੰਘ, ਰਾਜੂ ਸਿੰਘ ਤੇ ਗੁਰਵਿੰਦਰ ਸਿੰਘ ਸੋਨੂੰ ਨੂੰ 7-7 ਸਾਲ ਦੀ ਕੈਦ ਹੋਈ ਹੈ। ਦਿੱਲੀ ਦੀ ਤਿਹਾੜ ਜੇਲ੍ਹ ਵਿਚ ਬੰਦ ਦਵਿੰਦਰਪਾਲ ਸਿੰਘ ਭੁੱਲਰ ਨੂੰ ਮੌਤ ਦੀ ਸਜ਼ਾ ਹੋਈ ਹੈ।
ਬੇਅੰਤ ਸਿੰਘ ਹੱਤਿਆ ਕਾਂਡ ਦੇ ਦੋਸ਼ੀ ਜਗਤਾਰ ਸਿੰਘ ਹਵਾਰਾ ਇਸ ਜੇਲ੍ਹ ਵਿਚ ਮੌਤ ਤੱਕ ਉਮਰ ਕੈਦ ਦੀ ਸਜ਼ਾ ਭੋਗ ਰਹੇ ਹਨ। ਤਿਹਾੜ ਜੇਲ੍ਹ ਵਿਚ ਹੀ ਬੇਅੰਤ ਸਿੰਘ ਹੱਤਿਆ ਕਾਂਡ (302) ਦੇ ਮਾਮਲੇ ਵਿਚ ਬੱਬਰ ਖ਼ਾਲਸਾ ਦਾ ਕਾਰਕੁਨ ਪਰਮਜੀਤ ਸਿੰਘ ਭਿਓਰਾ 1995 ਤੋਂ ਬੰਦ ਹੈ। ਇਸੇ ਤਰ੍ਹਾਂ 1995 ਤੋਂ ਹੀ ਟਾਡਾ ਤਹਿਤ ਦਿਆ ਸਿੰਘ ਲਾਹੌਰੀਆ ਵੀ ਇਸੇ ਜੇਲ੍ਹ ਵਿਚ ਬੰਦ ਹਨ। 2005 ਤੋਂ ਹੋਰ ਮਾਮਲੇ ਵਿਚ ਬਲਜੀਤ ਸਿੰਘ ਭਾਊ ਵੀ ਤਿਹਾੜ ਜੇਲ੍ਹ ਵਿਚ ਬੰਦ ਹੈ। ਜੰਮੂ ਦੀ ਅੰਫੂਲਾ ਜੇਲ੍ਹ ਵਿਚ ਆਰਮਜ਼ ਐਕਟ ਤਹਿਤ ਮਈ 2007 ਤੋਂ ਚਾਰ ਸਿੱਖ ਮਲਕੀਤ ਸਿੰਘ ਭੂਤਨਾ, ਜਗਜੀਤ ਸਿੰਘ, ਸੁਰਜੀਤ ਸਿੰਘ ਤੇ ਹਰਬੰਸ ਸਿੰਘ ਬੰਦ ਹਨ।
ਟਾਡਾ ਤਹਿਤ ਕੇਂਦਰੀ ਜੇਲ੍ਹ ਪੀਲੀਭੀਤ ਉਤਰ ਪ੍ਰਦੇਸ਼ ਜੇਲ੍ਹ ਵਿਚ ਟਾਡਾ ਤਹਿਤ 1991 ਤੋਂ ਵਰਿਆਮ ਸਿੰਘ, ਕੇਂਦਰੀ ਜੇਲ੍ਹ ਗੁਲਬਰਗ (ਕਰਨਾਟਕਾ) ਵਿਚ ਟਾਡਾ ਤਹਿਤ 1990 ਤੋਂ ਗੁਰਦੀਪ ਸਿੰਘ ਖੈਹਰਾ ਤੇ ਕੇਂਦਰੀ ਜੇਲ੍ਹ ਬੀਕਾਨੇਰ ਵਿਚ ਕਤਲ ਦੇ ਕੇਸ ਵਿਚ 1995 ਤੋਂ ਗੁਰਮੀਤ ਸਿੰਘ ਫੌਜੀ ਬੰਦ ਹਨ। ਉਮਰ ਕੈਦ ਕੱਟ ਰਹੇ ਕੈਦੀਆਂ ਵਿਚੋਂ ਨਾਭਾ ਜੇਲ੍ਹ ਵਿਚ ਟਾਡਾ ਤਹਿਤ 1992 ਤੋਂ ਲਾਲ ਸਿੰਘ ਤੇ 1999 ਤੋਂ ਦਿਲਬਾਗ ਸਿੰਘ ਤੇ ਸਵਰਨ ਸਿੰਘ ਬੰਦ ਹਨ।
ਬੇਅੰਤ ਸਿੰਘ ਹੱਤਿਆ ਕਾਂਡ ਮਾਮਲੇ ਵਿਚ ਮਾਡਲ ਜੇਲ੍ਹ ਬੁੜੈਲ (ਚੰਡੀਗੜ੍ਹ) ਵਿਚ ਲਖਵਿੰਦਰ ਸਿੰਘ, ਗੁਰਮੀਤ ਸਿੰਘ ਤੇ ਸ਼ਮਸ਼ੇਰ ਸਿੰਘ ਬੰਦ ਹਨ। ਭਾਵੇਂ ਗੁਰਬਖਸ਼ ਸਿੰਘ ਖਾਲਸਾ ਦੀ ਭੁੱਖ ਹੜਤਾਲ ਤੋਂ ਬਾਅਦ ਇਨ੍ਹਾਂ ਤਿੰਨਾਂ ਸਮੇਤ ਲਾਲ ਸਿੰਘ ਨੂੰ ਸਰਕਾਰ 28 ਦਿਨਾਂ ਦੀ ਪੈਰੋਲ ‘ਤੇ ਰਿਹਾਅ ਕਰਨ ਲਈ ਮਜਬੂਰ ਹੋਈ ਸੀ ਪਰ ਅਗਲੇ ਦਿਨੀਂ ਇਨ੍ਹਾਂ ਚਾਰਾਂ ਨੂੰ ਮੁੜ ਸੀਖਾਂ ਪਿੱਛੇ ਬੰਦ ਹੋਣਾ ਪਵੇਗਾ। ਕੇਂਦਰੀ ਜੇਲ੍ਹ ਲੁਧਿਆਣਾ ਵਿਚ ਸੁਬੇਗ ਸਿੰਘ ਤੇ ਕੇਂਦਰੀ ਜੇਲ੍ਹ ਪਟਿਆਲਾ ਵਿਚ ਨੰਦ ਸਿੰਘ ਤੇ ਕੇਂਦਰੀ ਜੇਲ੍ਹ ਅੰਮ੍ਰਿਤਸਰ ਵਿਚ ਬਾਜ ਸਿੰਘ ਤੇ ਹਰਦੀਪ ਸਿੰਘ ਵੀ ਉਮਰ ਕੈਦ ਦੀ ਸਜ਼ਾ ਕੱਟ ਰਹੇ ਹਨ।

Be the first to comment

Leave a Reply

Your email address will not be published.