ਸਤਿਗੁਰ ਵਿਟਹੁ ਵਾਰਿਆ ਜਿਤੁ ਮਿਲਿਐ ਖਸਮੁ ਸਮਾਲਿਆ

ਡਾæ ਗੁਰਨਾਮ ਕੌਰ, ਕੈਨੇਡਾ
ਆਸਾ ਦੀ ਵਾਰ ਦੇ ਸ਼ੁਰੂ ਵਿਚ ਹੀ ਇਹ ਤੱਥ ਭਲੀ ਭਾਂਤ ਸਪਸ਼ਟ ਹੋ ਗਿਆ ਸੀ ਕਿ ਗੁਰਮਤਿ ਅਨੁਸਾਰ ਮਨੁੱਖ ਨੂੰ ਸਹੀ ਰਸਤਾ ਦਿਖਾਉਣ ਵਾਲਾ ਗੁਰੂ ਹੈ। ਆਸਾ ਦੀ ਵਾਰ ਦੀ ਤੇਰ੍ਹਵੀਂ ਪਉੜੀ ਵਿਚ ਗੁਰੂ ਨਾਨਕ ਇਸੇ ਤੱਥ ‘ਤੇ ਚਾਨਣਾ ਪਾਉਂਦੇ ਹਨ ਕਿ ਸਤਿਗੁਰੂ ਅਜਿਹੀ ਹਸਤੀ ਹੈ ਜਿਸ ਨੂੰ ਮਿਲਣ ਨਾਲ ਮਨੁੱਖ ਨੂੰ ਪਰਮਾਤਮਾ ਦੇ ਸਿਮਰਨ ਦਾ ਰਸਤਾ ਪਤਾ ਲਗਦਾ ਹੈ, ਮਨੁੱਖ ਅਕਾਲ ਪੁਰਖ ਨੂੰ ਯਾਦ ਕਰਦਾ ਹੈ। ਗੁਰੂ ਨਾਨਕ ਕਹਿੰਦੇ ਹਨ ਕਿ ਮੈਂ ਆਪਣੇ ਸਤਿਗੁਰੂ ਤੋਂ ਕੁਰਬਾਨ ਜਾਂਦਾ ਹਾਂ ਕਿਉਂਕਿ ਉਸ ਨੂੰ ਮਿਲਣ ਨਾਲ ਮੈਨੂੰ ਅਕਾਲ ਪੁਰਖ ਦਾ ਸਿਮਰਨ ਕਰਨ ਦਾ ਵੱਲ ਆ ਗਿਆ ਹੈ, ਮੈਂ ਉਸ ਅਕਾਲ ਪੁਰਖ ਨੂੰ ਯਾਦ ਕਰਦਾ ਹਾਂ।
ਗੁਰਬਾਣੀ ਵਿਚ ਗਿਆਨ ਨੂੰ ਸੁਰਮੇ ਨਾਲ ਤੁਲਨਾ ਦਿੱਤੀ ਗਈ ਹੈ। ਜਿਸ ਤਰ੍ਹਾਂ ਅੱਖਾਂ ਵਿਚ ਅੰਜਨ ਅਰਥਾਤ ਸੁਰਮਾ ਪਾਉਣ ਨਾਲ ਨੇਤ੍ਰ ਖੁੱਲ੍ਹ ਜਾਂਦੇ ਹਨ ਅਤੇ ਸਾਫ ਦਿਸਣ ਲੱਗਦਾ ਹੈ, ਇਸੇ ਤਰ੍ਹਾਂ ਗਿਆਨ ਰੂਪੀ ਅੰਜਨ ਨਾਲ ਇਸ ਸੰਸਾਰ ਨੂੰ ਸਹੀ ਸੰਦਰਭ ਵਿਚ ਦੇਖਣ ਦੀ ਦ੍ਰਿਸ਼ਟੀ ਮਿਲ ਜਾਂਦੀ ਹੈ। ਗੁਰੂ ਨਾਨਕ ਸਤਿਗੁਰੂ ਤੋਂ ਇਸ ਲਈ ਕੁਰਬਾਨ ਜਾਂਦੇ ਹਨ ਕਿ ਸਤਿਗੁਰੂ ਤੋਂ ਗਿਆਨ ਪ੍ਰਾਪਤ ਹੋਇਆ ਹੈ। ਗੁਰੂ ਦੇ ਉਪਦੇਸ਼ ਨਾਲ ਅਜਿਹੀ ਦ੍ਰਿਸ਼ਟੀ ਪ੍ਰਾਪਤ ਹੋ ਗਈ ਹੈ ਜਿਸ ਰਾਹੀਂ ਇਨ੍ਹਾਂ ਅੱਖਾਂ ਨਾਲ ਸੰਸਾਰ ਦੀ ਅਸਲੀਅਤ ਦੇਖ ਲਈ ਹੈ। ਇਸ ਉਪਦੇਸ਼ ਨਾਲ ਸਮਝ ਪੈਂਦੀ ਹੈ ਕਿ ਜੋ ਮਨੁੱਖ ਉਸ ਅਕਾਲ ਪੁਰਖ ਨੂੰ ਵਿਸਾਰ ਕੇ ਕਿਸੇ ਹੋਰ ਨਾਲ ਆਪਣੀ ਸੁਰਤਿ ਜੋੜ ਲੈਂਦੇ ਹਨ, ਉਹ ਇਸ ਸੰਸਾਰ ਸਾਗਰ ਵਿਚ ਡੁੱਬ ਜਾਂਦੇ ਹਨ, ਪਾਰ ਨਹੀਂ ਲੱਗਦੇ। ਸਤਿਗੁਰੁ ਬੇੜਾ ਹੈ, ਜੋ ਪਾਰ ਲੰਘਾ ਦਿੰਦਾ ਹੈ, ਇਹ ਕੋਈ ਵਿਰਲਾ ਮਨੁੱਖ ਹੀ ਸਮਝਦਾ ਹੈ। ਸਤਿਗੁਰ ਦੇ ਉਪਦੇਸ਼ ‘ਤੇ ਚੱਲਦਿਆਂ ਉਸ ਦੇ ਦਿੱਤੇ ਗਿਆਨ ਦੀ ਮਿਹਰ ਸਦਕਾ ਇਸ ਸੰਸਾਰ ਸਮੁੰਦਰ ਤੋਂ ਪਾਰ ਲੱਗ ਜਾਈਦਾ ਹੈ,
ਸਤਿਗੁਰ ਵਿਟਹੁ ਵਾਰਿਆ
ਜਿਤੁ ਮਿਲਿਐ ਖਸਮੁ ਸਮਾਲਿਆ॥
ਜਿਨਿ ਕਰਿ ਉਪਦੇਸੁ ਗਿਆਨ ਅੰਜਨੁ ਦੀਆ
ਇਨ੍ਹੀ ਨੇਤ੍ਰੀ ਜਗਤੁ ਨਿਹਾਲਿਆ॥ (ਪੰਨਾ ੪੭੦)
ਇਸ ਪਉੜੀ ਤੋਂ ਅਗਲੇ ਸਲੋਕ ਵਿਚ ਗੁਰੂ ਨਾਨਕ ਸਮਝਾਉਂਦੇ ਹਨ ਕਿ ਹਲੀਮੀ ਅਤੇ ਮਿੱਠਾ ਬੋਲਣਾ ਸਾਰੇ ਗੁਣਾਂ ਅਤੇ ਚੰਗਿਆਈਆਂ ਦਾ ਸਾਰ-ਤੱਤ ਹੈ। ਇਸ ਦੇ ਨਾਲ ਹੀ ਇਸ ਤੱਥ ‘ਤੇ ਵੀ ਰੋਸ਼ਨੀ ਪਾਈ ਹੈ ਕਿ ਜ਼ਰੂਰੀ ਨਹੀਂ ਜਿਹੜੇ ਮਨੁੱਖ ਦੇਖਣ ਨੂੰ ਸੁਹਣੇ ਲੱਗਦੇ ਹਨ, ਉਨ੍ਹਾਂ ਵਿਚ ਨਿਮਰਤਾ ਅਤੇ ਮਿੱਠਾ ਬੋਲਣ ਵਰਗੇ ਗੁਣ ਵੀ ਹੋਣ। ਇਸ ਗੱਲ ਨੂੰ ਉਨ੍ਹਾਂ ਸਿੰਮਲ ਦੇ ਰੁੱਖ ਦੇ ਪ੍ਰਤੀਕ ਰਾਹੀਂ ਸਮਝਾਇਆ ਹੈ। ਉਹ ਕਹਿੰਦੇ ਹਨ ਕਿ ਸਿੰਮਲ ਦਾ ਰੁੱਖ ਦੇਖਣ ਨੂੰ ਕਿੰਨਾ ਸਿੱਧਾ, ਲੰਮਾ ਤੇ ਮੋਟਾ ਹੁੰਦਾ ਹੈ, ਦੇਖਣ ਨੂੰ ਸ਼ਕਤੀਸ਼ਾਲੀ ਦਰੱਖਤ ਜਾਪਦਾ ਹੈ। ਪੰਛੀ ਫਲ ਖਾਣ ਦੀ ਆਸ ਨਾਲ ਉਡ ਕੇ ਸਿੰਮਲ ਦੇ ਰੁੱਖ ‘ਤੇ ਆ ਕੇ ਡੇਰਾ ਕਰਦੇ ਹਨ ਪਰ ਉਨ੍ਹਾਂ ਨੂੰ ਨਿਰਾਸ਼ ਮੁੜਨਾ ਪੈਂਦਾ ਹੈ ਕਿਉਂਕਿ ਸਿੰਮਲ ਦੇ ਫਲ ਫਿੱਕੇ ਅਤੇ ਫੁੱਲ ਬੇਸੁਆਦ ਹੁੰਦੇ ਹਨ, ਉਸ ਦੇ ਪੱਤ ਵੀ ਕਿਸੇ ਕੰਮ ਨਹੀਂ ਆਉਂਦੇ। ਇਸ ਲਈ ਏਡਾ ਉਚਾ ਲੰਮਾ ਹੋਣ ਦੇ ਬਾਵਜੂਦ ਇਹ ਦਰੱਖਤ ਕਿਸੇ ਕੰਮ ਦਾ ਨਹੀਂ,
ਸਿੰਮਲ ਰੁਖੁ ਸਰਾਇਰਾ ਅਤਿ ਦੀਰਘ ਅਤਿ ਮੁਚੁ॥
ਓਇ ਜਿ ਆਵਹਿ ਆਸ ਕਰਿ ਜਾਹਿ ਨਿਰਾਸੇ ਕਿਤੁ॥
ਫਲ ਫਿਕੇ ਫੁਲ ਬਕਬਕੇ ਕੰਮਿ ਨ ਆਵਹਿ ਪਤ॥
ਗੁਰੂ ਨਾਨਕ ਸਾਹਿਬ ਕਹਿੰਦੇ ਹਨ ਕਿ ਨਿਮਰਤਾ ਨਾਲ ਰਹਿਣ ਵਿਚ ਮਿਠਾਸ ਹੈ, ਗੁਣ ਹਨ। ਨਿਮਰ ਹੋ ਕੇ ਰਹਿਣਾ ਸਾਰੇ ਗੁਣਾਂ ਦਾ ਤੱਤ-ਸਾਰ ਹੈ। ਉਹ ਕਹਿੰਦੇ ਹਨ ਕਿ ਆਪਣੇ ਸਵਾਰਥ ਵਾਸਤੇ ਹਰ ਕੋਈ ਝੁਕਣ ਲਈ ਤਿਆਰ ਹੋ ਜਾਂਦਾ ਹੈ ਪਰ ਕਿਸੇ ਦੂਸਰੇ ਦੀ ਖ਼ਾਤਰ ਕੋਈ ਨਹੀਂ ਝੁਕਦਾ। ਜੇ ਤੱਕੜੀ ਵਿਚ ਪਾ ਕੇ ਤੋਲਿਆ ਜਾਵੇ ਤਾਂ ਪਤਾ ਲੱਗਦਾ ਹੈ ਕਿ ਜੋ ਨੀਵਾਂ ਹੁੰਦਾ ਹੈ ਉਹ ਹੀ ਭਾਰਾ ਹੁੰਦਾ ਹੈ। ਕਹਿਣ ਤੋਂ ਭਾਵ ਹੈ ਕਿ ਜੇ ਗੁਣਾਂ ਦੀ ਪਰਖ ਕੀਤੀ ਜਾਵੇ ਤਾਂ ਨਿਮਰਤਾ ਉਸੇ ਵਿਚ ਹੋਵੇਗੀ ਜਿਸ ਵਿਚ ਗੁਣ ਹੁੰਦੇ ਹਨ। ਪਰ ਇਸ ਦੇ ਨਾਲ ਹੀ ਦੂਸਰੀ ਗੱਲ ਵੀ ਸਮਝਾਉਂਦੇ ਹਨ ਕਿ ਨਿਵਣਾ ਮਨ ਤੋਂ ਚਾਹੀਦਾ ਹੈ, ਇਕੱਲੇ ਸੀਸ ਝੁਕਾਉਣ ਨਾਲ ਕੁਝ ਨਹੀਂ ਹੁੰਦਾ। ਜੇ ਅੰਦਰੋਂ ਮਨ ਵਿਚ ਖੋਟ ਹੋਵੇ ਤਾਂ ਸਰੀਰ ਝੁਕਾਉਣ ਨਾਲ ਵੀ ਕੁਝ ਨਹੀਂ ਬਣਦਾ। ਇਥੇ ਸ਼ਿਕਾਰੀ ਦੀ ਮਿਸਾਲ ਦਿੱਤੀ ਹੈ ਜੋ ਮਿਰਗ ਦਾ ਸ਼ਿਕਾਰ ਕਰਦਾ ਫਿਰਦਾ ਹੈ ਅਤੇ ਲਿਫ ਕੇ ਦੂਹਰਾ ਹੋ ਜਾਂਦਾ ਹੈ। ਉਹ ਲਿਫਦਾ ਹੈ ਪਰ ਉਸ ਦੇ ਮਨ ਵਿਚ ਖੋਟ ਹੈ। ਅਜਿਹੇ ਨਿਵਣ ਨੂੰ ਨਿਵਣਾ ਨਹੀਂ ਕਹਿੰਦੇ,
ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆ ਤਤੁ॥
ਸਭੁ ਕੋ ਨਿਵੈ ਆਪ ਕਉ ਪਰ ਕੋ ਨਿਵੈ ਨ ਕੋਇ॥
ਧਰਿ ਤਾਰਾਜੂ ਤੋਲੀਐ ਨਿਵੈ ਸੁ ਗਉਰਾ ਹੋਇ॥
ਅਪਰਾਧੀ ਦੂਣਾ ਨਿਵੈ ਜੋ ਹੰਤਾ ਮਿਰਗਾਹਿ॥
ਸੀਸਿ ਨਿਵਾਇਐ ਕਿਆ ਥੀਐ ਜਾ ਰਿਦੈ ਕੁਸੁਧੇ ਜਾਹਿ॥ (ਪੰਨਾ ੪੭੦)
ਧਾਰਮਿਕ ਦਿਖਾਵੇ, ਪਖੰਡ ਅਤੇ ਫੋਕੇ ਕਰਮਕਾਂਡ ਨੂੰ ਗੁਰਮਤਿ ਵਿਚ ਕਿਸੇ ਤਰ੍ਹਾਂ ਦੀ ਵੀ ਮਾਨਤਾ ਪ੍ਰਾਪਤ ਨਹੀਂ ਹੈ। ਇਸ ਕਿਸਮ ਦੇ ਧਾਰਮਿਕ ਦਿਖਾਵੇ, ਕਰਮਕਾਂਡ ਦੀ ਅਲੋਚਨਾ ਗੁਰੂ ਨਾਨਕ ਅਗਲੇ ਸਲੋਕ ਵਿਚ ਕਰ ਰਹੇ ਹਨ। ਇੱਕ ਗੱਲ ਇਥੇ ਹੋਰ ਸਪੱਸ਼ਟ ਕਰਨ ਦੀ ਲੋੜ ਹੈ ਕਿ ਇਹ ਸਲੋਕ ਕਿਸੇ ਇੱਕ ਖ਼ਾਸ ਧਰਮ ‘ਤੇ ਹੀ ਲਾਗੂ ਨਹੀਂ ਹੁੰਦਾ, ਬਲਕਿ ਇਹ ਇੱਕ ਵਿਆਪਕ ਸੱਚਾਈ ਹੈ ਜੋ ਹਰ ਧਰਮ ਅਤੇ ਉਸ ਨੂੰ ਮੰਨਣ ਵਾਲਿਆਂ ‘ਤੇ ਲਾਗੂ ਹੁੰਦੀ ਹੈ। ਪੰਡਿਤ ਨੂੰ ਹਿੰਦੂ ਧਰਮ ਵਿਚ ਧਾਰਮਿਕ ਕਾਰਜਾਂ ਦਾ ਕਰਤਾ-ਧਰਤਾ ਮੰਨਿਆ ਗਿਆ ਹੈ ਜੋ ਹਰ ਤਰ੍ਹਾਂ ਦੀਆਂ ਪੂਜਾ-ਵਿਧੀਆਂ ਅਤੇ ਧਾਰਮਿਕ ਸ਼ਾਸਤਰਾਂ ਦੇ ਪਠਨ-ਪਾਠਨ ਲਈ ਜਿੰਮੇਵਾਰ ਹੁੰਦਾ ਹੈ। ਉਸ ਦਾ ਸਥਾਨ ਵਰਣ-ਆਸ਼ਰਮ ਵੰਡ ਵਿਚ ਸਭ ਤੋਂ ਉਤਮ ਮੰਨਿਆ ਗਿਆ ਹੈ। ਗੁਰੂ ਨਾਨਕ ਉਸ ਦੇ ਇਸੇ ਕਾਰਜ ‘ਤੇ ਚਾਨਣਾ ਪਾਉਂਦੇ ਹੋਏ ਫ਼ੁਰਮਾਉਂਦੇ ਹਨ ਕਿ ਪੰਡਤ ਵੇਦਾਂ ਅਤੇ ਹੋਰ ਸ਼ਾਸਤਰ ਆਦਿ ਪੜ੍ਹ ਕੇ ਸੰਧਿਆ ਕਰਦਾ ਹੈ ਅਤੇ ਹੋਰਾਂ ਨਾਲ ਇਨ੍ਹਾਂ ਬਾਰੇ ਚਰਚਾ ਕਰਦਾ ਹੈ। ਮੂਰਤੀਆਂ ਦੀ ਪੂਜਾ ਕਰਦਾ ਹੈ (ਜੋ ਹਿੰਦੂ ਧਰਮ ਦਾ ਖ਼ਾਸ ਕਰਮ ਮੰਨਿਆ ਜਾਂਦਾ ਹੈ) ਅਤੇ ਬਗਲੇ ਵਾਂਗ ਸਮਾਧੀ ਲਾਉਂਦਾ ਹੈ। ਇਹ ਸਾਰੇ ਕਰਮ ਕਰਦਿਆਂ ਮੁੱਖ ਤੋਂ ਝੂਠ ਬੋਲਦਾ ਹੈ। ਇਸ ਝੂਠ ਨੂੰ ਉਹ ਗਹਿਣਿਆਂ ਵਾਂਗ ਸਜਾ ਕੇ ਪੇਸ਼ ਕਰਦਾ ਹੈ, ਸੋਹਣਾ ਕਰਕੇ ਦਿਖਾਉਂਦਾ ਹੈ (ਕਿਸੇ ਨੂੰ ਉਸ ਦੀ ਧਾਰਮਿਕਤਾ ‘ਤੇ ਕੋਈ ਸ਼ੱਕ ਨਹੀਂ ਹੁੰਦਾ)। ਹਰ ਰੋਜ਼ ਤਿੰਨ ਵੇਲੇ ਗਾਇਤ੍ਰੀ ਮੰਤਰ ਨੂੰ ਵਿਚਾਰਦਾ ਹੈ। ਗਲ ਵਿਚ ਹਮੇਸ਼ਾ ਮਾਲਾ ਪਾ ਕੇ ਰੱਖਦਾ ਹੈ, ਮੱਥੇ ਟਿੱਕਾ ਲਾਉਂਦਾ ਹੈ ਅਤੇ ਸਦਾ ਹੀ ਦੋ ਧੋਤੀਆਂ ਆਪਣੇ ਕੋਲ ਰੱਖਦਾ ਹੈ। ਸੰਧਿਆ ਕਰਨ ਵੇਲੇ ਸਿਰ ਉਤੇ ਵਸਤਰ ਰੱਖ ਲੈਂਦਾ ਹੈ। ਗੁਰੂ ਸਾਹਿਬ ਦੱਸਦੇ ਹਨ ਕਿ ਇਹ ਅਸਲੀ ਧਾਰਮਿਕਤਾ ਨਹੀਂ ਹੈ। ਜੇ ਇਹ ਪੰਡਿਤ ਰੱਬ ਨੂੰ ਧਿਆਉਣਾ ਜਾਣਦਾ ਹੋਵੇ ਤਾਂ ਇੱਕ ਗੱਲ ਪੱਕੀ ਹੈ ਕਿ ਇਹ ਸਾਰੀਆਂ ਕਿਰਿਆਵਾਂ ਫੋਕਾ ਕਰਮ-ਕਾਂਡ ਹੈ। ਗੁਰੂ ਨਾਨਕ ਕਹਿੰਦੇ ਹਨ ਕਿ ਮਨ ਵਿਚ ਅਕਾਲ ਪੁਰਖ ਲਈ ਸੱਚੀ ਸ਼ਰਧਾ ਰੱਖ ਕੇ ਮਨੁੱਖ ਉਸ ਅਕਾਲ ਪੁਰਖ ਦਾ ਸਿਮਰਨ ਕਰੇ, ਇਹ ਰਸਤਾ ਵਧੀਆ ਅਤੇ ਗੁਣਕਾਰੀ ਹੈ। ਇਸ ਰਸਤੇ ਦਾ ਪਤਾ ਸਤਿਗੁਰੂ ਦੀ ਅਗਵਾਈ ਤੋਂ ਬਿਨਾ ਨਹੀਂ ਲੱਗਦਾ,
ਪੜਿ ਪੁਸਤਕ ਸੰਧਿਆ ਬਾਦੰ॥
ਸਿਲ ਪੂਜਸਿ ਬਗੁਲ ਸਮਾਧੰ॥
ਮੁਖਿ ਝੂਠ ਬਿਭੂਖਣ ਸਾਰੰ॥
ਤ੍ਰੈਪਾਲ ਤਿਹਾਲ ਬਿਚਾਰੰ॥ (ਪੰਨਾ ੪੭੦)
ਅਗਲੀ ਪਉੜੀ ਵਿਚ ਗੁਰੂ ਨਾਨਕ ਸੰਸਾਰ ਦੀ ਚਲਾਇਮਾਨਤਾ ਦਾ ਅਹਿਸਾਸ ਕਰਾਉਂਦੇ ਹਨ ਕਿ ਇਸ ਸੰਸਾਰ ਵਿਚ ਕੁਝ ਵੀ ਸਥਿਰ ਨਹੀਂ ਹੈ, ਇੱਥੋਂ ਤੱਕ ਕਿ ਮਨੁੱਖ ਵੀ ਨਹੀਂ। ਜਦੋਂ ਸੰਸਾਰ ‘ਤੇ ਕੁਝ ਵੀ ਸਥਿਰ ਨਹੀਂ ਹੈ ਫਿਰ ਬੁਰੇ ਕੰਮ ਕਿਉਂ ਕਰਨੇ ਹਨ? ਗੁਰੂ ਸਾਹਿਬ ਫ਼ੁਰਮਾਉਂਦੇ ਹਨ ਕਿ ਇਹ ਸੁੰਦਰ ਸਰੀਰ ਅਤੇ ਸੁੰਦਰ ਰੂਪ ਮਨੁੱਖ ਨੇ ਇਸ ਸੰਸਾਰ ‘ਤੇ ਹੀ ਛੱਡ ਜਾਣਾ ਹੈ। ਹਰ ਮਨੁੱਖ ਨੇ ਆਪਣੇ ਕੀਤੇ ਹੋਏ ਚੰਗੇ ਅਤੇ ਬੁਰੇ ਕੰਮਾਂ ਦਾ ਫਲ ਇਸ ਸੰਸਾਰ ‘ਤੇ ਆਪ ਹੀ ਭੋਗਣਾ ਹੈ। ਜਿਸ ਮਨੁੱਖ ਨੇ ਇਸ ਦੁਨੀਆਂ ‘ਤੇ ਰਹਿੰਦਿਆਂ ਮਨ ਮਰਜ਼ੀ ਦੇ ਹੁਕਮ ਚਲਾਏ ਹਨ, ਹਕੂਮਤਾਂ ਕੀਤੀਆਂ ਹਨ, ਉਸ ਨੂੰ ਅੱਗੇ ਜਾ ਕੇ ਔਖੀਆਂ ਘਾਟੀਆਂ ਪਾਰ ਕਰਨੀਆਂ ਪੈਣੀਆਂ ਹਨ। ਅਰਥਾਤ ਜੋ ਮਨੁੱਖ ਇਥੇ ਮਨ-ਆਈਆਂ ਕਰਦਿਆਂ ਕਿਸੇ ਨਾਲ ਵਧੀਕੀਆਂ ਕਰਦੇ ਹਨ, ਉਨ੍ਹਾਂ ਨੂੰ ਆਪਣੀ ਕਰਨੀ ਦਾ ਫਲ ਵੀ ਭੋਗਣਾ ਪੈਂਦਾ ਹੈ। ਅਜਿਹੇ ਮਨੁੱਖ ਨੂੰ ਨੰਗਾ ਕੀਤਾ ਜਾਂਦਾ ਹੈ ਅਰਥਾਤ ਉਸ ਦੇ ਕੀਤੇ ਹੋਏ ਬੁਰੇ ਕਰਮਾਂ ਦਾ ਖ਼ੁਲਾਸਾ ਉਸ ਦੇ ਸਾਹਮਣੇ ਕੀਤਾ ਜਾਂਦਾ ਹੈ। ਇਨ੍ਹਾਂ ਕਰਮਾਂ ਦਾ ਫਲ ਭੋਗਣ ਲਈ ਉਸ ਨੂੰ ਦੋਜ਼ਕ ਵੱਲ ਧੱਕਿਆ ਜਾਂਦਾ ਹੈ। ਉਸ ਵੇਲੇ ਫਿਰ ਮਨੁੱਖ ਨੂੰ ਇਹ ਸਭ ਕੁਝ ਬਹੁਤ ਭਿਆਨਕ ਅਤੇ ਡਰਾਉਣਾ ਲੱਗਦਾ ਹੈ,
ਕਪੜੁ ਰੂਪੁ ਸੁਹਾਵਣਾ
ਛਡਿ ਦੁਨੀਆ ਅੰਦਰਿ ਜਾਵਣਾ॥
ਮੰਦਾ ਚੰਗਾ ਆਪਣਾ
ਆਪੇ ਹੀ ਕੀਤਾ ਪਾਵਣਾ॥ (ਪੰਨਾ ੪੭੦)
ਅਗਲੇ ਸਲੋਕ ਵਿਚ ਗੁਰੂ ਨਾਨਕ ਸਾਹਿਬ ਮਨੁੱਖ ਨੂੰ ਇਹ ਸਮਝਾ ਰਹੇ ਹਨ ਕਿ ਜੇ ਮਨੁੱਖ ਚੰਗੇ ਗੁਣਾਂ ਦਾ ਧਾਰਨੀ ਨਹੀਂ ਹੈ, ਫਿਰ ਬਾਹਰੀ ਤੌਰ ‘ਤੇ ਧਾਰਮਿਕ ਚਿੰਨ੍ਹ ਪਹਿਨਣਾ ਕੋਈ ਮਾਇਨੇ ਨਹੀਂ ਰੱਖਦਾ। ਨੈਤਿਕ ਗੁਣਾਂ ਤੋਂ ਬਿਨਾਂ ਧਾਰਮਿਕ ਚਿੰਨ੍ਹ ਪਹਿਨਣਾ ਮਹਿਜ ਦਿਖਾਵਾ ਹੈ ਅਤੇ ਬੇਕਾਰ ਹੈ। ਪੰਡਤ ਦੀ ਦਿਖ ਸਭ ਤੋਂ ਵੱਧ ਧਾਰਮਿਕ ਹੁੰਦੀ ਹੈ ਕਿਉਂਕਿ ਪਰੰਪਰਾ ਅਨੁਸਾਰ ਉਸ ਨੂੰ ਧਰਮ ਨੂੰ ਚਲਾਉਣ ਵਾਲਾ ਮੋਢੀ ਮੰਨਿਆ ਜਾਂਦਾ ਹੈ। ਉਸ ‘ਤੇ ਸਾਰੇ ਸਮਾਜ ਦੇ ਧਰਮ ਦੀ ਜ਼ਿੰਮੇਵਾਰੀ ਹੁੰਦੀ ਹੈ। ਮਨੁੱਖ ਨੂੰ ਕਿਸ ਕਿਸਮ ਦੇ ਨੈਤਿਕ ਗੁਣਾਂ ਦਾ ਧਾਰਨੀ ਹੋਣਾ ਚਾਹੀਦਾ ਹੈ? ਗੁਰੂ ਨਾਨਕ ਧਾਰਮਿਕ ਚਿੰਨ੍ਹਾਂ ਰਾਹੀਂ ਸਮਝਾਉਂਦੇ ਹਨ ਕਿ ਅਸਲੀ ਜਨੇਊ ਸੂਤ ਦਾ ਧਾਗਾ ਵੱਟ ਕੇ ਗਲ ਵਿਚ ਪਾ ਲੈਣਾ ਨਹੀਂ ਹੈ। ਜਨੇਊ ਤਾਂ ਹੀ ਸਾਰਥਕ ਹੈ ਜੇ ਇਹ ਦਇਆ ਦੀ ਕਪਾਹ ਤੋਂ ਬਣਿਆ ਹੋਵੇ ਅਰਥਾਤ ਮਨੁੱਖ ਵਿਚ ਪਹਿਲਾ ਗੁਣ ਦਇਆ ਹੋਣੀ ਹੈ। ਜਨੇਊ ਦੇ ਧਾਗੇ ਵਾਸਤੇ ਦਇਆ-ਰੂਪੀ ਕਪਾਹ ਹੋਣੀ ਚਾਹੀਦੀ ਹੈ ਜਿਸ ਤੋਂ ਸੰਤੋਖ-ਰੂਪੀ ਸੂਤ ਕੱਤਿਆ ਜਾਵੇ ਅਰਥਾਤ ਦੂਸਰਾ ਮਹੱਤਵਪੂਰਨ ਗੁਣ ਸੰਤੋਖ ਹੈ। ਇਸ ਨੂੰ ਜਤ ਦੀਆਂ ਗੰਢਾਂ ਦਿੱਤੀਆਂ ਹੋਣ ਅਤੇ ਇਸ ਨੂੰ ਸਤ ਦਾ ਵੱਟ ਦਿੱਤਾ ਹੋਵੇ ਅਰਥਾਤ ਆਚਰਣ ਉਚਾ ਅਤੇ ਸੁੱਚਾ ਹੋਵੇ। ਗੁਰੂ ਸਾਹਿਬ ਕਹਿੰਦੇ ਹਨ ਕਿ ਹੇ ਪੰਡਿਤ ਜੇ ਤੇਰੇ ਕੋਲ ਇਸ ਕਿਸਮ ਦਾ ਜਨੇਊ ਹੈ ਤਾਂ ਪਾ। ਇਸ ਕਿਸਮ ਦਾ ਜਨੇਊ ਨਾ ਟੁੱਟਦਾ ਹੈ, ਨਾ ਇਸ ਨੂੰ ਮੈਲ ਲੱਗਦੀ ਹੈ, ਨਾ ਇਹ ਸੜਦਾ ਹੈ ਅਤੇ ਨਾ ਹੀ ਗੁਆਚਦਾ ਹੈ। ਕਹਿਣ ਤੋਂ ਭਾਵ ਹੈ ਕਿ ਮਨੁੱਖ ਨੂੰ ਧਾਰਮਿਕ ਹੋਣ ਲਈ ਦਇਆ, ਸੰਤੋਖ, ਜਤ ਅਤੇ ਸਤ ਦਾ ਧਾਰਨੀ ਹੋਣਾ ਚਾਹੀਦਾ ਹੈ। ਜਿਹੜਾ ਮਨੁੱਖ ਇਨ੍ਹਾਂ ਗੁਣਾਂ ਨੂੰ ਆਪਣੇ ਅੰਦਰ ਪੈਦਾ ਕਰ ਲੈਂਦਾ ਹੈ, ਉਹ ਭਾਗਾਂ ਵਾਲਾ ਹੈ। ਗੁਰੂ ਸਾਹਿਬ ਪੰਡਿਤ ਨੂੰ ਆਗਾਹ ਕਰਦੇ ਹਨ ਕਿ ਚਾਰ ਕੌਡਾਂ ਦਾ ਧਾਗਾ ਮੁੱਲ ਖਰੀਦ ਕੇ ਫਿਰ ਜਜਮਾਨ ਦੇ ਚੌਂਕੇ ਵਿਚ ਬੈਠ ਕੇ ਉਸ ਦੇ ਗਲ ਵਿਚ ਪਾ ਦਿੱਤਾ ਅਤੇ ਕੰਨ ਵਿਚ ਉਪਦੇਸ਼ ਦੇ ਦਿੱਤਾ ਕਿ ਬ੍ਰਾਹਮਣ ਉਸ ਦਾ ਗੁਰੂ ਹੋ ਗਿਆ ਹੈ, ਕਾਫੀ ਨਹੀਂ ਹੈ। ਸਮਾਂ ਆਉਣ ‘ਤੇ ਜਦੋਂ ਉਸ ਨੂੰ ਪਹਿਨਣ ਵਾਲਾ ਮਰ ਗਿਆ ਤਾਂ ਉਹ ਜਨੇਊ ਉਸ ਦੇ ਸਰੀਰ ਤੋਂ ਲੱਥ ਜਾਣਾ ਹੈ ਅਤੇ ਉਸ ਵਿਚਾਰੇ ਨੇ ਸੰਸਾਰ ਤੋਂ ਬਿਨਾ ਜਨੇਊ ਹੀ ਤੁਰ ਜਾਣਾ ਹੈ। ਕਹਿਣ ਦਾ ਅਰਥ ਹੈ ਕਿ ਨੈਤਿਕ ਗੁਣ ਮਨੁੱਖ ਨਾਲ ਸਦੀਵੀ ਰਹਿੰਦੇ ਹਨ ਪਰ ਦਿਖਾਵੇ ਦੇ ਚਿੰਨ੍ਹ ਸਦੀਵੀ ਨਹੀਂ ਹਨ। ਬੰਦਾ ਤਦ ਹੀ ਧਾਰਮਿਕ ਹੈ ਜੇ ਉਹ ਆਪਣੇ ਅੰਦਰ ਨੈਤਿਕ ਗੁਣ ਪੈਦਾ ਕਰੇ,
ਦਇਆ ਕਪਾਹ ਸੰਤੋਖੁ ਸੂਤੁ ਜਤੁ ਗੰਢੀ ਸਤੁ ਵਟੁ॥
ਏਹੁ ਜਨੇਊ ਜੀਅ ਕਾ ਹਈ ਤ ਪਾਡੇ ਘਤੁ॥
ਨਾ ਏਹੁ ਤੁਟੈ ਨ ਮਲੁ ਲਗੈ ਨਾ ਏਹੁ ਜਲੈ ਨ ਜਾਇ॥
ਧੰਨੁ ਸੁ ਮਾਣਸ ਨਾਨਕਾ ਜੋ ਗਲਿ ਚਲੇ ਪਾਇ॥ (ਪੰਨਾ ੪੭੧)
ਇਸੇ ਤਰ੍ਹਾਂ ਦੀ ਭਾਵਨਾ ਦਾ ਅਗਲਾ ਸਲੋਕ ਹੈ। ਪਹਿਲੇ ਸਲੋਕ ਵਿਚ ਧਾਰਮਿਕ ਚਿੰਨ੍ਹ ਜਨੇਊ ਦੀ ਉਦਾਹਰਣ ਨਾਲ ਨੈਤਿਕ ਗੁਣਾਂ ਦੀ ਗੱਲ ਕੀਤੀ ਹੈ ਜਿਨ੍ਹਾਂ ਤੋਂ ਬਿਨਾਂ ਬਾਹਰੀ ਤੌਰ ‘ਤੇ ਧਾਰਮਿਕ ਚਿੰਨ੍ਹਾਂ ਨੂੰ ਧਾਰਨ ਕਰਨ ਦੀ ਕੋਈ ਸਾਰਥਕਤਾ ਨਹੀਂ ਹੈ। ਇਸ ਸਲੋਕ ਵਿਚ ਮਾੜੇ ਕੰਮਾਂ ਦਾ ਜ਼ਿਕਰ ਕੀਤਾ ਹੈ ਕਿ ਅੰਦਰੂਨੀ ਤੌਰ ‘ਤੇ ਅਜਿਹੇ ਕੰਮ ਕਰਦਿਆਂ ਵੀ ਜੇ ਦਿਖਾਵੇ ਲਈ ਮਨੁੱਖ ਧਾਰਮਿਕ ਚਿੰਨ੍ਹ ਪਹਿਨਦਾ ਹੈ ਤਾਂ ਇਹ ਨਿਰਾਰਥਕ ਹਨ। ਗੁਰੂ ਨਾਨਕ ਸਾਹਿਬ ਕਹਿੰਦੇ ਹਨ ਕਿ ਮਨੁੱਖ ਲੱਖਾਂ ਚੋਰੀਆਂ-ਯਾਰੀਆਂ ਅਰਥਾਤ ਚਰਿੱਤਰਹੀਣ ਕੰਮ ਕਰਦਾ ਹੈ; ਲੱਖਾਂ ਝੂਠ ਬੋਲਦਾ ਅਤੇ ਗਾਲ੍ਹਾਂ ਕੱਢਦਾ ਹੈ। ਦਿਨ ਰਾਤ ਲੱਖ ਠਗੀਆਂ ਮਾਰਦਾ ਅਤੇ ਬੇਈਮਾਨੀਆਂ ਕਰਦਾ ਹੈ ਪਰ ਲੋਕਾਚਾਰੀ ਦੇ ਤੌਰ ‘ਤੇ ਦਿਖਾਵੇ ਲਈ ਕਪਾਹ ਤੋਂ ਧਾਗਾ ਕੱਤਿਆ ਜਾਂਦਾ ਹੈ ਅਤੇ ਬ੍ਰਾਹਮਣ ਆ ਕੇ ਉਸ ਨੂੰ ਵੱਟਦਾ ਹੈ। ਇਸ ਜਨੇਊ ਪਹਿਨਣ ਦੇ ਜਸ਼ਨ ਵਿਚ ਸ਼ਾਮਲ ਹੋਣ ਆਏ ਮਹਿਮਾਨਾਂ ਨੂੰ ਬੱਕਰਾ ਰਿੰਨ੍ਹ ਕੇ ਖੁਆਇਆ ਜਾਂਦਾ ਹੈ। ਘਰ ਦਾ ਹਰ ਜੀਅ ਆਖਦਾ ਹੈ ਕਿ Ḕਜਨੇਊ ਪਾਇਆ ਹੈ।Ḕ ਕਹਿਣ ਤੋਂ ਭਾਵ ਹੈ ਕਿ ਸਾਰੇ ਇਸ ਧਾਰਮਿਕ ਚਿੰਨ੍ਹ ਪਹਿਨਣ ‘ਤੇ ਖੁਸ਼ੀ ਦਾ ਇਜ਼ਹਾਰ ਕਰਦੇ ਹਨ। ਜਦੋਂ ਇਹ ਜਨੇਊ ਪੁਰਾਣਾ ਹੋ ਜਾਂਦਾ ਹੈ ਤਾਂ ਇਸ ਨੂੰ ਉਤਾਰ ਕੇ ਸੁੱਟ ਦਿੱਤਾ ਜਾਂਦਾ ਹੈ ਅਤੇ ਇਸ ਦੀ ਥਾਂ ਹੋਰ ਵੱਟ ਕੇ ਪਾ ਲਿਆ ਜਾਂਦਾ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਹਨ ਕਿ ਜੇ ਇਸ ਜਨੇਊ ਵਿਚ ਜ਼ੋਰ ਹੋਵੇ, ਤਾਕਤ ਹੋਵੇ ਤਾਂ ਇਹ ਧਾਗਾ ਨਹੀਂ ਟੁੱਟਦਾ ਅਰਥਾਤ ਮਨੁੱਖ ਦੇ ਅੰਦਰ ਨੈਤਿਕ ਗੁਣ ਹੋਣ ਤਾਂ ਉਹ ਸਦੀਵੀ ਨਾਲ ਨਿਭਦੇ ਹਨ,
ਲਖ ਚੋਰੀਆ ਲਖ ਜਾਰੀਆ
ਲਖ ਕੂੜੀਆ ਲਖ ਗਾਲਿ॥
ਲਖ ਠਗੀਆ ਪਹਿਨਾਮੀਆ
ਰਾਤਿ ਦਿਨਸੁ ਜੀਅ ਨਾਲਿ॥ (ਪੰਨਾ ੪੭੧)
ਅਗਲੇ ਸਲੋਕ ਵਿਚ ਦੱਸਦੇ ਹਨ ਕਿ ਅਕਾਲ ਪੁਰਖ ਦੇ ਦਰਬਾਰ ਵਿਚ ਜਨੇਊ ਪਹਿਨਣ ਨਾਲ ਸਤਿਕਾਰ ਅਤੇ ਆਦਰ ਨਹੀਂ ਮਿਲਦਾ। ਉਥੇ ਸਤਿਕਾਰ ਤਾਂ ਮਿਲਦਾ ਹੈ ਜੇ ਉਸ ਦੇ ਨਾਮ ਨੂੰ ਮਨੁੱਖ ਆਪਣੇ ਅੰਦਰ ਦ੍ਰਿੜ ਕਰ ਲਵੇ। ਰੱਬ ਦੀ ਸਿਫ਼ਤਿ-ਸਾਲਾਹ ਕਰਨਾ ਹੀ ਅਸਲੀ ਜਨੇਊ ਹੈ, ਅਸਲੀ ਧਾਰਮਿਕਤਾ ਹੈ। ਇਹ ਹੀ ਸੁੱਚਾ ਜਨੇਊ ਹੈ ਜਿਸ ਨੂੰ ਪਹਿਨਣ ਨਾਲ ਉਸ ਦੀ ਦਰਗਾਹ ਵਿਚ ਆਦਰ ਵੀ ਮਿਲਦਾ ਹੈ ਅਤੇ ਇਹ ਜਨੇਊ ਪੱਕਾ ਵੀ ਹੈ ਜੋ ਕਦੇ ਟੁੱਟਦਾ ਨਹੀਂ,
ਨਾਇ ਮੰਨਿਐ ਪਤਿ ਊਪਜੈ
ਸਾਲਾਹੀ ਸਚੁ ਸੂਤੁ॥
ਦਰਗਹ ਅੰਦਰਿ ਪਾਈਐ
ਤਗੁ ਨ ਤੂਟਸਿ ਪੂਤ॥੩॥
ਅਗਲੇ ਸਲੋਕ ਵਿਚ ਦੱਸਿਆ ਹੈ ਕਿ ਬ੍ਰਾਹਮਣ ਜਿਹੜਾ ਸਭ ਨੂੰ ਜਨੇਊ ਪਹਿਨਾਉਂਦਾ ਹੈ ਉਸ ਨੇ ਆਪਣੇ ਇੰਦਰਿਆਂ ‘ਤੇ ਇਸ ਕਿਸਮ ਦਾ ਕੋਈ ਜਨੇਊ ਨਹੀਂ ਪਾਇਆ ਅਰਥਾਤ ਬੰਧਨ ਨਹੀਂ ਲਾਇਆ ਜਿਸ ਨਾਲ ਉਹ ਵਿਸ਼ੇ ਵਿਕਾਰਾਂ ਵੱਲ ਨਾ ਜਾਵੇ। ਹਰ ਰੋਜ਼ ਉਸ ਦੀ ਬੇਇਜ਼ਤੀ ਹੁੰਦੀ ਹੈ। ਪੈਰਾਂ ‘ਤੇ ਕੋਈ ਅਜਿਹਾ ਜਨੇਊ ਨਹੀਂ ਪਾਇਆ ਜਿਸ ਨਾਲ ਉਹ ਮਾੜੇ ਪਾਸੇ ਨਾ ਜਾਣ; ਹੱਥਾਂ ਨੂੰ ਜਨੇਊ ਨਹੀਂ ਪਾਇਆ ਕਿ ਉਹ ਬੁਰੇ ਕੰਮ ਨਾ ਕਰਨ। ਜੀਭ ਨੂੰ ਕੋਈ ਜਨੇਊ ਨਹੀਂ ਪਾਇਆ ਕਿ ਪਰਾਈ ਨਿੰਦਾ ਨਾ ਕਰੇ; ਅੱਖਾਂ ਨੂੰ ਕੋਈ ਜਨੇਊ ਨਹੀਂ ਪਾਇਆ ਕਿ ਉਹ ਮੰਦੀ ਦ੍ਰਿਸ਼ਟੀ ਨਾ ਰੱਖਣ। ਪੰਡਿਤ ਆਪ ਤਾਂ ਅਜੇਹੇ ਜਨੇਊ ਤੋਂ ਬਿਨਾ ਭਟਕਦਾ ਫਿਰਦਾ ਹੈ ਪਰ ਹੋਰ ਲੋਕਾਂ ਨੂੰ ਸੂਤ ਦੇ ਧਾਗੇ ਵੱਟ ਵੱਟ ਕੇ ਪੁਆ ਰਿਹਾ ਹੈ। ਆਪਣੇ ਜਜਮਾਨਾਂ ਦੀਆਂ ਧੀਆਂ ਦੇ ਵਿਆਹ ਦੱਛਣਾ ਲੈ ਕੇ ਕਰਦਾ ਹੈ ਅਤੇ ਪੱਤ੍ਰੀ ਸੋਧ ਕੇ ਲੋਕਾਂ ਨੂੰ ਰਸਤਾ ਦਿਖਾਉਂਦਾ ਹੈ। ਗੁਰੂ ਨਾਨਕ ਸਾਹਿਬ ਲੋਕਾਂ ਨੂੰ ਆਗਾਹ ਕਰਦੇ ਹਨ ਕਿ ਅਜੀਬ ਤਮਾਸ਼ਾ ਹੈ, ਪੰਡਿਤ ਆਪ ਤਾਂ ਅਕਲ ਦਾ ਅੰਨ੍ਹਾ ਹੈ ਭਾਵ ਅਗਿਆਨੀ ਹੈ ਪਰ ਆਪਣਾ ਨਾਮ ਉਸ ਨੇ ਸਿਆਣਾ (ਪੰਡਿਤ) ਰਖਾਇਆ ਹੋਇਆ ਹੈ,
ਤਗੁ ਨ ਇੰਦ੍ਰੀ ਤਗੁ ਨ ਨਾਰੀ॥
ਭਲਕੇ ਥੁਕ ਪਵੈ ਨਿਤ ਦਾੜੀ॥ (ਪੰਨਾ ੪੭੧)

Be the first to comment

Leave a Reply

Your email address will not be published.