ਇਕਬਾਲ ਜੱਬੋਵਾਲੀਆ
ਫੋਨ: 917-375-6395
ਸੰਜੇ ਗਾਂਧੀ ਦੀ ਮੌਤ ਤੋਂ ਬਾਅਦ 1981 ‘ਚ ਦਿੱਲੀ ਫੈਡਰੇਸ਼ਨ ਵਾਲਿਆਂ ਨੇ ਉਹਦੀ ਯਾਦ ਵਿਚ ਕੁਸ਼ਤੀਆਂ ਕਰਾਈਆਂ। ਇਨ੍ਹਾਂ ਕੁਸ਼ਤੀਆਂ ਵਿਚ ਭਾਰਤ ਦੇ ਨਾਮਵਰ ਪਹਿਲਵਾਨਾਂ ਨੇ ਹਿੱਸਾ ਲੈਣਾ ਸੀ। ਬੁੱਧ ਸਿੰਘ ਦਾ ਨਾਂ ਉਸ ਵੇਲੇ ਧਰੂ ਤਾਰੇ ਵਾਂਗ ਚਮਕ ਰਿਹਾ ਸੀ। ‘ਦਿੱਲੀ-ਕੁਮਾਰ’ ਖਿਤਾਬ ਜੇਤੂ ਅਤੇ ਨੈਸ਼ਨਲ ਚੈਂਪੀਅਨ ਜੈ ਪ੍ਰਕਾਸ਼ ਨਾਲ ਇਹ ਕੁਸ਼ਤੀ ਹੋਣੀ ਸੀ। ਦਿੱਲੀ ‘ਚ ਰਹਿੰਦੇ ਹੋਰ ਨਾਮੀ ਪਹਿਲਵਾਨ ਇਸ ਕੁਸ਼ਤੀ ਤੋਂ ਆਨਾ-ਕਾਨੀ ਕਰ ਗਏ। ਫਿਰ ਬੁੱਧੂ ਨਿੱਤਰਿਆ ਮੈਦਾਨ ਵਿਚ। ਜੈ ਪ੍ਰਕਾਸ਼ ਨਾਲ ਕੁਸ਼ਤੀ ਵਿਚ ਉਹਨੂੰ ਹਰਾ ਕੇ ਬੁੱਧੂ ਨੇ ‘ਸੰਜੇ ਗਾਂਧੀ’ ਟਰਾਫੀ ‘ਤੇ ਕਬਜ਼ਾ ਕੀਤਾ। ਜਿੱਤ ਦੀ ਇਸ ਖੁਸ਼ੀ ਵਿਚ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਬੁੱਧ ਸਿੰਘ ਨੂੰ ਘਰ ਖਾਣੇ ‘ਤੇ ਬੁਲਾਇਆ। ਰਾਜੀਵ ਗਾਂਧੀ ਵੀ ਖਾਣੇ ‘ਚ ਸ਼ਾਮਲ ਸੀ। ਰਾਜੀਵ ਨੇ ਬੁੱਧ ਸਿੰਘ ‘ਤੇ ਬਹੁਤ ਮਾਣ ਮਹਿਸੂਸ ਕੀਤਾ। ਇਹ ਦਾਅਵਤ ਤੇ ਸਨਮਾਨ ਬੁੱਧ ਸਿੰਘ ਲਈ ਬੜੇ ਫਖਰ ਵਾਲੀ ਗੱਲ ਸੀ। ਭਾਰਤੀ ਪਹਿਲਵਾਨੀ ਵਿਚ ਇਹ ਇਕ ਵੱਖਰੀ ਛਾਪ ਸੀ। ਚੰਦਗੀ ਰਾਮ ਦੇ ਅਖਾੜੇ ਵਿਚ ਜਾਣ ਤੋਂ ਬਾਅਦ ਬੁੱਧ ਸਿੰਘ ਨੇ ਪਹਿਲਵਾਨੀ ਦੀ ਦੁਨੀਆਂ ‘ਚ ਪੂਰੀ ਤਰਥੱਲੀ ਮਚਾਈ।
ਬੁੱਧ ਸਿੰਘ ਨੇ ਸੱਤਵੀਂ ‘ਚ ਪੜ੍ਹਦੇ ਨੇ ਕੁਸ਼ਤੀ ‘ਚ ਮੱਲਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। 14 ਸਾਲ ਦੀ ਉਮਰ ਤੋਂ ਲੈ ਕੇ ਹਾਈ ਸਕੂਲ ਤੋਂ ਯੂਨੀਵਰਸਿਟੀ ਤੱਕ ਗੋਲਡ-ਮੈਡਲ ਜਿੱਤੇ। ਸੰਨ ’81 ਤੱਕ ਵੱਡੇ-ਵੱਡੇ ਮੱਲਾਂ ਨੂੰ ਢਾਹਿਆ। ਬੁੱਧ ਸਿੰਘ ਦੀਆਂ ਕੁਸ਼ਤੀਆਂ ਪੰਜਾਬ ‘ਚ ਘੱਟ ਦਿੱਲੀ, ਹਰਿਆਣਾ ਅਤੇ ਮਹਾਂਰਾਸ਼ਟਰ ਵਿਚ ਜ਼ਿਆਦਾ ਹੋਈਆਂ। ਲੋਕ ਬੁੱਧ ਸਿੰਘ ਦੀ ਤੇਜ਼-ਤਰਾਰੀ ਅਤੇ ਫੁਰਤੀ ਨੂੰ ਅੱਜ ਵੀ ਯਾਦ ਕਰਦੇ ਨੇ। ਖੇਡ-ਸ਼ੌਕੀਨਾਂ ਦੇ ਮੂੰਹੋਂ ਅਕਸਰ ਅੱਜ ਵੀ ਸੁਣਿਆ ਜਾਂਦੈ, ਜੇ ਕਿਸਮਤ ਸਾਥ ਦਿੰਦੀ ਤਾਂ ਬੁੱਧ ਸਿੰਘ ਕਿੱਕਰ ਸਿੰਘ ਅਤੇ ਗਾਮੇ ਦੀ ਤਰ੍ਹਾਂ ਭਾਰਤੀ ਕੁਸ਼ਤੀ ਦਾ ਰਾਜਾ ਹੁੰਦਾ। ਸਖ਼ਤ ਮੁਕਾਬਲਿਆਂ ‘ਚ ਟੱਕਰ ਲੈਂਦੇ ਬੁੱਧੂ ਨੇ ਸਫਲਤਾ ਦੀਆਂ ਪੌੜੀਆਂ ਚੜ੍ਹਦੇ ਜਿੱਤਾਂ ਦੇ ਢੇਰ ਲਾਏ। ਸਾਢੇ ਕੁ ਤਿੰਨ ਸੌ ਛੋਟੀਆਂ ਵੱਡੀਆਂ ਕੁਸ਼ਤੀਆਂ ਲੜੀਆਂ।
ਖੰਨੇ ਲਾਗਲੇ ਪਿੰਡ ਭੁੱਟਾਂ ਵਿਚ ਜਨਮੇ ਬੁੱਧੂ ਦੇ ਪਿਤਾ ਪਹਿਲਵਾਨ ਕਰਮ ਸਿੰਘ ਅਤੇ ਮਾਤਾ ਦਲਵਾਰ ਕੌਰ ਨੇ ਖ਼ੁਰਾਕਾਂ ਖੁਆ ਕੇ ਉਹਨੂੰ ਵੱਡਾ ਮੱਲ ਬਣਾਇਆ। ਦਾਦਾ ਪੂਰਨ ਸਿੰਘ ਵੀ ਪਹਿਲਵਾਨ ਸੀ। ਸੋ, ਪਹਿਲਵਾਨੀ ਖ਼ੂਨ ‘ਚ ਰਚੀ ਹੋਈ ਸੀ। ਬੁੱਧੂ ਦੇ ਦੱਸਣ ਅਨੁਸਾਰ ਜਦੋਂ ਪਹਿਲੀ ਵਾਰ ਉਹਨੇ ਬੈਠਕਾਂ ਮਾਰੀਆਂ ਤਾਂ ਲੱਤਾਂ ਚੌੜੀਆਂ ਕਰਕੇ ਤੁਰਦੇ ਨੂੰ ਵੇਖ ਪਿਤਾ ਨੇ ਪੁੱਛਿਆਂ, “ਅੱਜ ਬੈਠਕਾਂ ਮਾਰੀਆਂ?” ‘ਹਾਂ’ ਦਾ ਜਵਾਬ ਸੁਣ ਕੇ ਪਿਤਾ ਨੇ ਹੱਲਾਸ਼ੇਰੀ ਦਿੱਤੀ। ਬੁੱਧੂ ਹੁਣੀਂ ਤਿੰਨ ਭਰਾ ਹਨ-ਊਧਮ ਸਿੰਘ ਵੱਡਾ, ਬੁੱਧੂ ਵਿਚਕਾਰਲਾ ਤੇ ਪਾਲਾ ਛੋਟਾ। ਸਿਰਫ਼ ਬੁੱਧ ਹੀ ਪਹਿਲਵਾਨੀ ਵੱਲ ਤੁਰਿਆ।
ਕੁਸ਼ਤੀਆਂ ਦੀ ਸ਼ੁਰੂਆਤ ਆਪਣੇ ਪਿਤਾ ਜੀ ਤੋਂ ਕੀਤੀ। ਪਹਿਲਵਾਨ ਹੋਣ ਕਰਕੇ ਪਿਤਾ ਨੇ ਕੁਸ਼ਤੀਆਂ ਦੇ ਕਈ ਨੁਕਤੇ ਸਮਝਾਏ। ਇਲਾਕੇ ਦਾ ਮੰਨਿਆ ਪਹਿਲਵਾਨ ਕਾਲਾ ਕੁੰਬੜੇ ਵਾਲਾ ਬੁੱਧੂ ਕੇ ਖੂਹ ‘ਤੇ ਰਹਿੰਦਾ ਹੋਣ ਕਰਕੇ, ਉਸ ਕੋਲੋਂ ਵੀ ਬਹੁਤ ਕੁਝ ਸਿਖਿਆ। ਪਟਿਆਲੇ ਕੋਲ ਕਾਨ੍ਹਾ-ਹੇੜ੍ਹੀਆ ਦਾ ਸਾਧੂ (ਸਾਧੂ ਕਾਨ੍ਹਾ-ਹੇੜ੍ਹੀਆ) ਪ੍ਰਸਿੱਧ ਭਲਵਾਨ ਹੋਇਐ। ਕਾਲਾ ਅਤੇ ਸਾਧੂ-ਦੋਵੇਂ ਤਕੜੇ ਅਤੇ ਚੀੜ੍ਹੇ ਮੱਲ ਸਨ। ਦੋ-ਦੋ, ਢਾਈ-ਢਾਈ ਘੰਟੇ ਫ਼ਸਵਾਂ ਘੁਲਦੇ। ਸਾਧੂ ਨਾਲ ਬੁੱਧੂ ਦੀਆਂ ਤਿੰਨ ਕੁਸ਼ਤੀਆਂ ਹੋਈਆਂ। ਦੋ ਬਰਾਬਰ ਤੇ ਤੀਜੀ ਨੂੰ ਰਾਜਪੁਰੇ ਹਰਾਇਆ।
ਬੁੱਧੂ ਨੇ ਰੱਜ ਕੇ ਖ਼ੁਰਾਕ ਖਾਧੀ। ਦਾਦੀ ਨੇ ਤਕੜਾ ਮੱਲ ਬਣਾਉਣ ਲਈ ਪੀਪਿਆਂ ਦੇ ਪੀਪੇ ਘਿਓ ਦੇ ਚਾਰੇ ਬੁੱਧੂ ਨੂੰ। ਪੌਣਾ ਕਿਲੋ ਰੋਜ਼ਾਨਾ ਘਿਓ, ਮੀਟ ਦਾ ਸੂਪ, ਬਦਾਮ ਅਤੇ ਕੁਸ਼ਤੇ ਮਾਰ ਕੇ ਖਾਣੇ। ਸੌਣਾ ਵੀ ਰੱਜ ਕੇ। ਖ਼ੁਰਾਕ ‘ਚ ਕਈ ਵਾਰ ਔਲੇ ਦਾ ਮੁਰੱਬਾ ਲੈਣਾ ਚਾਂਦੀ ਦਾ ਵਰਕ ਲਾ ਕੇ। ਖ਼ੁਰਾਕ ਨੂੰ ਤਰੀਕੇ ਨਾਲ ਖਾਣ ਲਈ ਪੁਰਾਣਾ ਪਹਿਲਵਾਨ ਦਾਦਾ ਗੁਰੂ ਪਹਾੜੀਆ ਪੰਜ ਸਾਲ ਨਾਲ ਰੱਖਿਆ। ਸਵੇਰੇ-ਸ਼ਾਮ ਡੰਡ-ਬੈਠਕਾਂ, ਦੌੜ ਲਾਉਣੀ, ਛੋਟੇ ਭਰਾ ਪਾਲੇ ਨੂੰ ਸੁਹਾਗੀ ‘ਤੇ ਬਿਠਾ ਖੇਤ ਦੇ ਕਈ ਕਈ ਚੱਕਰ ਲਾਉਣੇ। ਹਲਕੀ ਸੁਹਾਗੀ ਦੀ ਥਾਂ ਫਿਰ ਗੱਡੀ ਦੀ ਲਾਈਨ ਦੇ ਗਾਡਰਾਂ ਦਾ ਬਣਿਆ 70 ਕਿਲੋ ਭਾਰਾ ਸੁਹਾਗਾ ਖੇਤ ‘ਚ ਖਿਚਣਾ। ਦਸ ਕਿਲੋ ਭਾਰੀ ਕਹੀ ਨਾਲ ਦੋ-ਤਿੰਨ ਵਾਰ ਰੋਜ਼ਾਨਾ ਅਖਾੜਾ ਗੁਡਣਾ।
ਆਲੇ-ਦੁਆਲੇ ਦੇ ਇਲਾਕੇ ‘ਚ ਜਿਥੇ ਕਿਤੇ ਕੁਸ਼ਤੀਆਂ ਹੁੰਦੀਆਂ ਤਾਂ ਪਿਤਾ ਆਪ ਨਾਲ ਲੈ ਕੇ ਜਾਂਦਾ। ਬੁੱਧ ਸਿੰਘ ਦਾ ਕਹਿਣਾ ਹੈ ਕਿ ਅਸਲੀ ਪਹਿਲਵਾਨ ਉਹੀ ਹੁੰਦੈ, ਜਿਹੜਾ ਸੱਚ ਦੱਸੇ। ਕਿਹਦੇ ਕੋਲੋਂ ਹਾਰਿਆ, ਕੀਹਨੂੰ ਹਰਾਇਆ। ਉਸ ਦੱਸਿਆ, ਅੰਮ੍ਰਿਤਸਰ ਕੁਸ਼ਤੀਆਂ ਵਿਚ ਇਕ ਵਾਰ ਅੰਮ੍ਰਿਤਸਰੀਏ ਸਰਲੇ ਪਹਿਲਵਾਨ ਨੇ ਹਰਾ ਦਿਤਾ ਸੀ। ਉਸ ਹਾਰ ਨੇ ਉਸ ਨੂੰ ਦਿੱਲੀ ਦਾ ਰਾਹ ਵਿਖਾਇਆ। ਕੁਝ ਬਣਨ ਲਈ ਮਾਸਟਰ ਚੰਦਗੀ ਰਾਮ ਦੇ ਅਖਾੜੇ ਜਾ ਡੇਰੇ ਲਾਏ। ਉਥੇ ਦਿੱਲੀ, ਮਹਾਂਰਾਸ਼ਟਰ ਅਤੇ ਹਰਿਆਣੇ ਦੇ ਕੋਈ 25 ਪਹਿਲਵਾਨ ਸਨ। ਬੁੱਧੂ ਉਸ ਅਖਾੜੇ ਵਿਚ ‘ਕੱਲਾ ਹੀ ਪੰਜਾਬੀ ਸੀ। ਅੰਮ੍ਰਿਤਸਰੀਆ ਬਿੱਲਾ ਅਤੇ ਰੰਗਾ ਪਹਿਲਵਾਨ ਬਾਅਦ ‘ਚ ਆਏ।
ਭਾਰਤੀ ਪਹਿਲਵਾਨੀ ਵਿਚ ਦਿੱਲੀ ਦੇ ਅਖਾੜਿਆਂ ਦਾ ਨਾਂ ਹੁੰਦਾ ਸੀ। ਦਿੱਲੀ ‘ਚ ਉਸ ਵੇਲੇ ਦੋ ਅਖਾੜੇ ਹੁੰਦੇ ਸਨ। ਇਕ ਮਾਸਟਰ ਚੰਦਗੀ ਰਾਮ ਦਾ ਅਤੇ ਦੂਜਾ ਹਨੂੰਮਾਨ ਦਾ। ਚੰਦਗੀ ਰਾਮ ਦੇ ਅਖਾੜੇ ‘ਚ ਬੁੱਧੂ ਤੇ ਬਿੱਲਾ ਤਕੜੇ ਪਹਿਲਵਾਨ ਸਨ। ਜਦ ਕਿ ਹਨੂੰਮਾਨ ਅਖਾੜੇ ‘ਚ ਕਰਤਾਰ ਅਤੇ ਸਤਪਾਲ। ਬੁੱਧੂ ਨੇ ਇਹ ਵੀ ਦੱਸਿਆ ਕਿ ਇਕ ਵਾਰ ਦਿੱਲੀ ਹੋਈਆਂ ਕੁਸ਼ਤੀਆਂ ਵਿਚ ਕਰਤਾਰ ਅਤੇ ਸਤਪਾਲ ਘੁਲੇ ਨਹੀਂ ਸਨ। ਉਥੋਂ ‘ਰੁਸਤਮੇ ਹਿੰਦ’ ਦਾ ਖਿਤਾਬ ਮਿਲਿਆ। ਸੰਜੇ ਗਾਂਧੀ ਟਰਾਫ਼ੀ ਮੁਕਾਬਲੇ ਵੇਲੇ ਵੀ ਦੋਨੋਂ ਘੁਲੇ ਨਹੀਂ ਸਨ ਤੇ ਬੁੱਧੂ ਨੇ ਉਹ ਕੁਸ਼ਤੀ ਕਰਨੀ ਪ੍ਰਵਾਨ ਕੀਤੀ। ਉਸ ਵੇਲੇ ਦੇ ਨਾਮਵਰ ਮੱਲਾਂ ਨਾਲ ਵੱਡੇ-ਵੱਡੇ ਭੇੜ ਕੀਤੇ ਜਿਨ੍ਹਾਂ ‘ਚ ਮਹਾਂਬਲੀ ਸਤਪਾਲ, ਬਿੱਲਾ ਅੰਮ੍ਰਿਤਸਰੀਆ, ਕਰਤਾਰ, ਮੇਹਰਦੀਨ, ਆਗਰੇ ਵਾਲਾ ਕ੍ਰਿਸ਼ਨ, ਆਲਮਗੀਰੀਆ ਫ਼ੱਤਾ, ਈਸ਼ਵਰ, ਸ਼ੀਰੀ ਪਹਿਲਵਾਨ, ਜੈ ਪ੍ਰਕਾਸ਼, ਸੰਨੀ ਗਿੱਲ, ਅਵਤਾਰ ਭੁੱਲਰ, ਕੇਹਰ, ਗੁਰਮੁੱਖ ਪਟਿਆਲਾ ਅਤੇ ਕਈ ਹੋਰ ਪਹਿਲਵਾਨਾਂ ਨਾਲ। ਸਤਾਰਾਂ ਸਾਲ ਪੰਜਾਬ ਬਿਜਲੀ ਬੋਰਡ ਦੇ ਚੈਂਪੀਅਨ ਰਹੇ ਗੁਰਮੁੱਖ ਸਿੰਘ ਅਨੁਸਾਰ ਬੁੱਧ ਸਿੰਘ ਵਾਕਈ ਤਕੜਾ ਪਹਿਲਵਾਨ ਸੀ। ਉਹਦੀਆਂ ਬੁੱਧ ਨਾਲ ਕੁਸ਼ਤੀਆਂ ਹੋਈਆਂ ਤੇ ਬੁੱਧ ਸਿੰਘ ਉਹਨੂੰ ਜਿੱਤਦਾ ਰਿਹੈ। ਇਹ ਵੀ ਦੱਸਿਆ ਕਿ ਬੁੱਧ ਸਿੰਘ ਵਿਰੋਧੀ ਪਹਿਲਵਾਨ ਦਾ ਜ਼ੋਰ ਲੁਆ ਕੇ ਫਿਰ ਉਹਨੂੰ ਹਰਾਉਂਦਾ ਸੀ। ਗੁਰਮੁੱਖ ਪਹਿਲਵਾਨ ਦਾ ਇਹ ਵਡੱਪਣ ਹੈ ਕਿ ਉਹਨੇ ਆਪਣੀ ਹਾਰ ਦਾ ਵੀ ਜ਼ਿਕਰ ਕੀਤਾ ਹੈ। ਪਹਿਲਵਾਨੋ ਯਾਦ ਰੱਖਣਾ ਸਾਂਝੇ ਪੰਜਾਬ ਦੇ ਕਿੱਕਰ ਸਿੰਘ ਅਤੇ ਗਾਮੇ ਜਿਹੇ ਧਰਤੀ ਧੱਕ ਪਹਿਲਵਾਨ ਵੀ ਕਦੇ ਕਦੇ ਬਰਾਬਰ ਅਤੇ ਜਾਂ ਕਦੇ ਧੋਖੇ ਨਾਲ ਹਾਰ ਦਾ ਮੂੰਹ ਵੇਖਦੇ ਰਹੇ ਹਨ।
ਬੁੱਧ ਸਿੰਘ ਦੀਆਂ ਕਰਤਾਰ ਸਿੰਘ ਨਾਲ ਪੰਜ ਕੁਸ਼ਤੀਆਂ ਹੋਈਆਂ, ਦੋ ਜਿੱਤੀਆਂ, ਤਿੰਨ ਬਰਾਬਰ। ਕਿਰਲਗੜ੍ਹ ਅਤੇ ਏਸ਼ੀਆ ਟਰਾਇਲਾਂ ਲਈ ਹੋਈ ਪਟਿਆਲੇ ਕੁਸ਼ਤੀ ਵਿਚ ਜਿੱਤ ਪ੍ਰਾਪਤ ਕੀਤੀ। ਬੁੱਧ ਸਿੰਘ ਨੇ ਦੱਸਿਆ ਕਿ ਟਰਾਇਲਾਂ ਵਾਲੀ ਕੁਸ਼ਤੀ ਦਾ ਫ਼ੈਸਲਾ ਤਾਂ 9 ਮਿੰਟਾਂ ਵਿਚ ਹੀ ਹੋ ਗਿਆ ਸੀ। ਜਦ ਕਿ ਪਾਲਮ ਏਅਰ-ਪੋਰਟ ਕੋਲ, ਆਜ਼ਾਦ ਸਟੇਡੀਅਮ ਅਤੇ ਹਰਦਾਸਪੁਰ ਬਰਾਬਰ ਰਿਹਾ। ਦਿੱਲੀ ਆਜ਼ਾਦਪੁਰ ਸਟੇਡੀਅਮ ਵਾਲੀ ਕੁਸ਼ਤੀ ਲੋਕਾਂ ਨੇ ਟਿਕਟਾਂ ਲੈ ਵੇਖੀ ਸੀ। ਬਰਾਬਰ ਫ਼ਸਵੀਂ ਰਹੀ ਕੁਸ਼ਤੀ ਦਾ ਲੋਕਾਂ ਵਾਹਵਾ ਆਨੰਦ ਮਾਣਿਆ।
ਉਹ ਮੇਹਰਦੀਨ ਦੀ ਬਹੁਤ ਇੱਜ਼ਤ ਕਰਦਾ ਹੈ। ਉਸ ਨੂੰ ਭਾਰਤ ਦਾ ਤਕੜਾ ਪਹਿਲਵਾਨ ਮੰਨਦਾ ਹੈ। ਬੁੱਧ ਸਿੰਘ ਦੀ ਮੇਹਰਦੀਨ ਨਾਲ ਵੀ ਕੁਸ਼ਤੀ ਹੋਈ। ਪਹਿਲੀ ਸਮਰਾਲੇ ਜਦ ਕਿ ਨਵਾਂ ਸ਼ਹਿਰ ਲਾਗੇ ਬਰਨਾਲੇ ਮੇਹਰਦੀਨ ਘੁਲਿਆ ਨਹੀ ਸੀ। ਕਹਿੰਦਾ, “ਇਨਾਮ ਵਾਲੀ ਮੱਝ ਬੁੱਧੂ ਨੂੰ ਦੇ ਦਿਓੁ।” ਬਰਨਾਲੇ ਹੀ ਕਪੂਰਥਲੀਏ ਦਰਸ਼ਣ ਪਹਿਲਵਾਨ ਨੂੰ ਹਰਾ ਕੇ ਸੋਨੇ ਦੀ ਮੁੰਦਰੀ ਜਿੱਤੀ। ਸਮਰਾਲੇ ਕੁਸ਼ਤੀ ਸਮੇਂ ਬੁੱਧ ਸਿੰਘ ਮੇਹਰਦੀਨ ਨਾਲ ਘੁੱਲਣਾ ਨਹੀਂ ਸੀ ਚਾਹੁੰਦਾ ਪਰ ਸਤਿਕਾਰ ਵਜੋਂ ਉਹਦੇ ਗੋਡੀਂ ਹੱਥ ਲਾਇਆ। ਬੁੱਧੂ ਉਸ ਵੇਲੇ ਉਠਿਆ ਹੀ ਸੀ ਤੇ ਮੇਹਰਦੀਨ ਦੀ ਉਮਰ ਪੱਕਣ ਵੱਲ ਤੁਰ ਪਈ ਸੀ। ਕਿਸੇ ਕਾਰਨ ਕਰਕੇ ਮਜ਼ਬੂਰਨ ਘੁੱਲਣਾ ਪਿਆ। ਉਹ ਕੁਸ਼ਤੀ ਜਿੱਤੀ। ਸ਼ੀਰੀ ਤੇ ਸੁੱਖਾ ਪਹਿਲਵਾਨ ਵੀ ਉਥੇ ਸਨ। ਬਿੱਲੇ ਅੰਮ੍ਰਿਤਸਰੀਏ ਨਾਲ ਵੀ ਦੋ ਕੁਸ਼ਤੀਆਂ ਹੋਈਆਂ-ਪਹਿਲੀ ਬਿਲਗੇ, ਦੂਜੀ ਚੰਡੀਗੜ੍ਹ ਲਾਗੇ ਕਾਲਕਾ। ਬੁੱਧੂ ਅਨੁਸਾਰ ਬਿੱਲਾ ਹੈ ਤਾਂ ਉਹਦਾ ਯਾਰ ਸੀ ਪਰ ਕਿਤੇ ਕਿਤੇ ਵਿੰਗਾ ਚੱਲਣ ਲੱਗ ਪੈਂਦਾ ਸੀ। ਬੁੱਧੂ ਨੇ ਦਿਲਚਸਪ ਗੱਲ ਦੱਸੀ ਕਿ ਬਿੱਲਾ ਚੰਡੀਗੜ੍ਹ ਕੋਲ ਖਰੜ ਵਿਆਹਿਆ ਹੋਇਆ ਹੈ। ਚੰਡੀਗੜ੍ਹ ਦਾ ਇਲਾਕਾ ਛੱਡ ਬੁੱਧੂ ਦਿੱਲੀ ਘੁੱਲਣ ਲੱਗ ਪਿਆ। ਚੰਡੀਗੜ੍ਹ ਇਲਾਕੇ ਦੇ ਸਾਰੇ ਭਲਵਾਨ ਖ਼ੁਸ਼ ਸਨ ਕਿ ਉਨ੍ਹਾਂ ਦੇ ਚਾਰ ਪੈਸੇ ਬਣ ਜਾਂਦੇ ਸਨ। ਸਹੁਰਿਆਂ ਦਾ ਇਲਾਕਾ ਹੋਣ ਕਰਕੇ ਬਿੱਲਾ ਇਥੇ ਆਪਣੀ ਟੌਹਰ ਬਣਾਉਣ ਲੱਗਾ, ਜਿਹੜਾ ਮਰਜ਼ੀ ਘੁਲ ਲਵੇ। ਅਖਾੜਿਆਂ ‘ਚ ਜਾ ਕੇ ਗੇੜੀਆਂ ਮਾਰਨੀਆਂ ਤੇ ਆਖਣਾ ਭਾਵੇ ਬੁੱਧੂ ਵੀ ਘੁਲ ਲਵੇ। ਬਿੱਲੇ ਦੇ ਮਨ ਵਿਚ ਸੀ ਕਿ ਬੁੱਧੂ ਨੇ ਕਿਹੜਾ ਇਥੇ ਆਉਣਾ। ਇਹ ਗੱਲ ਕਾਲੇ ਕੁੰਭੜੇ ਵਾਲੇ ਦੇ ਕੰਨੀਂ ਪੈ ਗਈ। ਕਾਲੇ ਨੇ ਮਾਸਟਰ ਚੰਦਗੀ ਰਾਮ ਦੇ ਸ਼ਾਗਿਰਦ ਅਮਰੀਕ (ਜੋ ਅੱਜ ਕੱਲ੍ਹ ਅਮਰੀਕਾ ਹੈ) ਨੂੰ ਬੁੱਧੂ ਨੂੰ ਲੈਣ ਦਿੱਲੀ ਭੇਜ ਦਿਤਾ। ਅਮਰੀਕ ਅਤੇ ਬੁੱਧੂ ਕੁਸ਼ਤੀਆਂ ਵਾਲੀ ਜਗ੍ਹਾ ਆ ਪਹੁੰਚੇ। ਬੁੱਧੂ ਨੂੰ ਵੇਖ ਬਿੱਲਾ ਠਠਬੰਰ ਗਿਆ। ਹੁਣ ਬਿੱਲੇ ਨੂੰ ਬੁੱਧੂ ਨਾਲ ਕੁਸ਼ਤੀ ਕਰਨੀ ਪੈਣੀ ਸੀ। ਪੰਜ ਕੁ ਮਿੰਟ ਕੁਸ਼ਤੀ ਚੱਲੀ ਤੇ ਗਰਮ ਸੁਭਾਅ ਦਾ ਬਿੱਲਾ ਉਹਦੀਆਂ ਅੱਖਾਂ ‘ਚ ਉਗਲੀਆਂ ਮਾਰ ਅਖਾੜੇ ‘ਚੋਂ ਬਾਹਰ ਨਿਕਲ ਗਿਆ।
ਬੁੱਧੂ ਨੇ ਉਸਤਾਦ ਮਾਸਟਰ ਚੰਦਗੀ ਰਾਮ ਦੇ ਅਖਾੜੇ ਦਾ ਬੜਾ ਨਾਂ ਉਚਾ ਕੀਤਾ। ਆਲੇ-ਦੁਆਲੇ ਦੇ ਸਾਰੇ ਪਹਿਲਵਾਨ ਇਸ ਦੇ ਨਾਂ ਤੋਂ ਚਲਦੇ ਸਨ। ਕਹਿੰਦੇ ਕਹਾਉਂਦੇ ਪਹਿਲਵਾਨ ਬੋਰੀਆ-ਬਿਸਤਰਾ ਚੁੱਕ ਪੰਜਾਬ ਆ ਗਏ ਸਨ। ਮਾਸਟਰ ਚੰਦਗੀ ਰਾਮ ਨੇ ਬੁੱਧ ਨੂੰ ਭਾਰਤ ਦਾ ਮਾਣ ਅਤੇ ਬੇਹਤਰੀਨ ਭਲਵਾਨ ਦੱਸਿਆ।
ਗੋਰੇ-ਨਿਛੋਹ ਲੰਮੇ-ਝੰਮੇ ਐਕਟਰਾਂ ਵਰਗੇ ਬੁੱਧ ਸਿੰਘ ਨੇ ਕੁਸ਼ਤੀਆਂ ਦੇ ਨਾਲ-ਨਾਲ ਫ਼ਿਲਮਾਂ ‘ਚ ਕੰਮ ਕਰਨ ਦਾ ਸ਼ੌਕ ਵੀ ਪੂਰਿਆ। ਗੁੱਗੂ ਗਿੱਲ, ਯੋਗਰਾਜ ਅਤੇ ਗੁਰਦਾਸ ਮਾਨ ਨਾਲ ਕਾਫ਼ੀ ਪਿਆਰ ਹੋਣ ਕਰਕੇ ਚੰਡੀਗੜ੍ਹ ‘ਕੱਠੇ ਘੁੰਮਦੇ ਹੁੰਦੇ ਸਨ। ਪੰਜਾਬੀ ਫਿਲਮਾਂ-ਧੀ ਜੱਟ ਦੀ, ਬਾਗੀ ਸੂਰਮੇ ਅਤੇ ਕਚਹਿਰੀ ‘ਚ ਕੰਮ ਕੀਤਾ। ਬੁੱਧ ਸਿੰਘ ਨੇ ਇਕ ਵਾਰ ਦਾ ਵਾਕਿਆ ਸੁਣਾਇਆ ਕਿ ਚੰਡੀਗੜ੍ਹ ਕਿਸੇ ਪਾਰਟੀ ‘ਤੇ ਗਏ ਹੋਏ ਸਨ। ਗੁੱਗੂ ਗਿੱਲ, ਯੋਗਰਾਜ ਅਤੇ ਗੁਰਦਾਸ ਮਾਨ ਵੀ ਪਰਿਵਾਰਾਂ ਸਮੇਤ ਉਥੇ ਪਹੁੰਚੇ ਹੋਏ ਸਨ। ਬੈਠੇ ਖਾ-ਪੀ ਰਹੇ ਸਨ ਕਿ ਕਿਸੇ ਨੇ ਸ਼ੈਤਾਨੀ ਨਾਲ ਬੁੱਧ ਸਿੰਘ ਨੂੰ ਦਾਰੂ ‘ਚ ਮਿਲਾ ਕੇ ਕੋਈ ਚੀਜ਼ ਪਿਆ ਦਿਤੀ। ਪੀਂਦੇ ਸਾਰ ਹੀ ਉਹਨੂੰ ਉਲਟੀਆਂ ਲੱਗ ਗਈਆਂ। ਚੰਗੀ ਜਿੰਦ-ਜਾਨ ਹੋਣ ਕਰਕੇ ਉਹਦਾ ਬਚਾਅ ਹੋ ਗਿਆ, ਨਹੀ ਤਾਂ ਕੁਛ ਵੀ ਹੋ ਸਕਦਾ ਸੀ।
1979 ‘ਚ ਜਲੰਧਰ ਏਸ਼ੀਆ ਕੁਸ਼ਤੀਆਂ ‘ਚ ਵਰਲਡ ਚੈਂਪੀਅਨ ਈਰਾਨੀ ਪਹਿਲਵਾਨ ਨਾਲ ਕੁਸ਼ਤੀ ਹੋਈ। ਬੁੱਧੂ ਉਹਦੀ ਖਿਚਾਈ ਕਰਦਾ ਜਿੱਤ ਵੱਲ ਵੱਧਣ ਲੱਗਾ। ਆਖਰ ਨੂੰ ਉਹ ਭਾਰੂ ਹੋ ਗਿਆ। ਉਸਤਾਦ ਚੰਦਗੀ ਰਾਮ ਨੇ ਮੌਕੇ ‘ਤੇ ਆ ਕੇ ਲੱਤ ਦਾ ਗਲਤ ਦਾਅ ਮਰਾ ਦਿਤਾ ਤੇ ਉੇਹ ਜਿੱਤਦਾ ਜਿੱਤਦਾ ਰਹਿ ਗਿਆ। ਦੂਜੀ ਪੁਜ਼ੀਸ਼ਨ ਦਾ ਹੱਕਦਾਰ ਬਣਿਆ। ਪੱਟ ਕੱਢਣਾ ਇਕੋ ਦਾਅ ਸੀ ਬੁੱਧੂ ਦਾ। ਬਾਹਾਂ ਅਤੇ ਲੱਤਾਂ ਦੀ ਖਿਚਾਈ ਕਰਕੇ ਵਿਰੋਧੀ ਪਹਿਲਵਾਨ ਨੂੰ ਥਕਾ ਦੇਣਾ ਤੇ ਫਿਰ ਦਾਅ ਮਾਰਨਾ। ਵੱਡੇ-ਵੱਡੇ ਮਹਾਂਰਥੀ ਪਹਿਲਵਾਨ ਹਰਾਏ ਇਸ ਦਾਅ ਨਾਲ।
1980 ‘ਚ ਭਾਰਤੀ ਟੀਮ ਨਾਲ ਮੰਗੋਲੀਆ ਜਾਣ ਵਾਸਤੇ ਸਿਲੈਕਟ ਹੋਇਆ। ਫ਼ੈਡਰੇਸ਼ਨ ਵਾਲਿਆਂ ਪੱਖਪਾਤ ਕਰਕੇ ਜਾਣ-ਬੁੱਝ ਕੇ ਉਹਦਾ ਪਾਸਪੋਰਟ ਅੱਗੇ-ਪਿਛੇ ਕਰ ਦਿਤਾ। ਬੁੱਧ ਸਿੰਘ ਸੰਜੇ ਗਾਂਧੀ ਨੂੰ ਮਿਲਿਆ ਤੇ ਹੇਰਾਫ਼ੇਰੀ ਨਾਲ ਪਾਸਪੋਰਟ ਗੁਆਉਣ ਦੀ ਸਾਰੀ ਗੱਲ ਦੱਸੀ। ਸੰਜੇ ਗਾਂਧੀ ਨੇ ਉਸ ਵੇਲੇ ਦੇ ਗ੍ਰਹਿ ਮੰਤਰੀ ਬੂਟਾ ਸਿੰਘ ਨੂੰ ਹਦਾਇਤ ਕੀਤੀ ਤੇ ਬੂਟਾ ਸਿੰਘ ਨੇ ਇਕ ਦਿਨ ਵਿਚ ਹੀ ਟਿਕਟ ਤੇ ਪਾਸਪੋਰਟ ਦਾ ਪ੍ਰਬੰਧ ਕਰਕੇ ਬੁੱਧ ਸਿੰਘ ਨੂੰ ਮੰਗੋਲੀਆ ਚਾੜ੍ਹ ਦਿਤਾ।
ਉਸਤਾਦਾਂ ਬਾਰੇ ਪੁੱਛਣ ‘ਤੇ ਬੁੱਧ ਸਿੰਘ ਨੇ ਦੱਸਿਆ ਕਿ ਗੁਰੂ ਤਾਂ ਇਕ ਨੂੰ ਇਕ ਵਾਰ ਹੀ ਧਾਰਿਆ ਜਾਂਦੈ, ਵਾਰ ਵਾਰ ਨਹੀਂ। ਦਿੱਲੀ ਜਾ ਕੇ ਬੁੱਧੂ ਨੇ ਮਾਸਟਰ ਚੰਦਗੀ ਰਾਮ ਨੂੰ ਉਸਤਾਦ ਧਾਰਿਆ। ਇਕੋ ਗੁਰੂ ਬਣਾਇਆ। ਬੱਸ ਉਸ ਨੇ ਜ਼ਿੰਦਗੀ ਬਦਲ ਦਿਤੀ। ਛੇ ਕੁ ਸਾਲ ਚੰਦਗੀ ਰਾਮ ਦੇ ਅਖਾੜੇ ਰਹਿ ਕੇ ਵਾਹਵਾ ਮੇਹਨਤ ਕੀਤੀ। ਕਈ ਕਈ ਭਲਵਾਨਾਂ ਦਾ ਜ਼ੋਰ ਕਰਵਾ ਕਦੇ ਥੱਕਦਾ ਨਾ। ਉਸਤਾਦ ਨੇ ਚੰਗਾ ਚੰਡਿਆ। ਪੰਜਾਬ ਆ ਕੇ ਕੁਸ਼ਤੀਆਂ ਕੀਤੀਆਂ ਜਿਥੇ ਉਸ ਵੇਲੇ ਹਰ ਪਾਸੇ ਫ਼ੱਤਾ-ਫ਼ੱਤਾ ਹੋਈ ਪਈ ਸੀ। ਅਨੰਦਪੁਰ ਸਾਹਿਬ ਕੁਸ਼ਤੀਆਂ ਵਿਚ ਆਲਮਗੀਰੀਏ ਫ਼ੱਤੇ ਨੂੰ ਹਰਾ ਕੇ ਪੰਜਾਬ ਕੇਸਰੀ ਦਾ ਖ਼ਿਤਾਬ ਜਿੱਤਿਆ। ਉਥੇ ਹੀ ਸੋਂਧੀ ਕੋਚ ਦੇ ਛੋਟੇ ਭਰਾ ਜਰਨੈਲ ਸੋਂਧੀ ਨੂੰ ‘ਭਾਰਤ ਕੁਮਾਰ’ ਮੁਕਾਬਲੇ ਵਿਚ ਹਰਾਇਆ।
ਬੁੱਧੂ ਦੀ ਕੁਸ਼ਤੀਆਂ ‘ਚ ਚੜ੍ਹਤ ਵੇਖ ਪੰਜਾਬ ਪੁਲਿਸ ਦੇ ਉਸ ਵੇਲੇ ਦੇ ਡੀæ ਆਈæ ਜੀæ ਬਰਜਿੰਦਰ ਸਿੰਘ ਨੇ ਸਿੱਧਾ ਇੰਸਪੈਕਟਰ ਭਰਤੀ ਕਰ ਲਿਆ। ਕਬੱਡੀ ਵਾਲਾ ਬਲਵਿੰਦਰ ਫਿੱਡੂ ਵੀ ਬੁੱਧ ਸਿੰਘ ਦੇ ਨਾਲ ਹੀ ਭਰਤੀ ਹੋਇਆ ਸੀ। ਪੰਜਾਬ ਪੁਲਿਸ ਵਲੋਂ ਬੁੱਧੂ ਨੇ ਮਹਿਕਮੇ ਦਾ ਕਾਫ਼ੀ ਨਾਂ ਉਚਾ ਕੀਤਾ।
ਭਲਵਾਨਾਂ ਦੀ ਈਰਖਾ ਬਾਰੇ ਬੁੱਧ ਸਿੰਘ ਦੱਸਣ ਲੱਗਾ ਕਿ ਉਹਦੀ ਤਿਆਰੀ ਕਰਾਉਣ ਲਈ ਉਨ੍ਹਾਂ ਨੇ ਖੂਹ ‘ਤੇ ਭਲਵਾਨ ਰੱਖੇ ਹੋਏ ਸਨ। ਹੋਰ ਸੇਵਾ ਦੇ ਨਾਲ ਉਹ ਉਨ੍ਹਾਂ ਨੂੰ ਰੋਜ਼ ਬਦਾਮਾਂ ਦੀ ਸ਼ਰਦਾਈ ਘੋਟ ਕੇ ਦਿੰਦਾ। ਅਸਲੀ ਮਾਲ ਉਨ੍ਹਾਂ ਨੂੰ ਪੀਣ ਨੂੰ ਦੇ ਦੇਣਾ ਤੇ ਸ਼ਰਦਾਈ ਦਾ ਧੋਣ ਜਿਹਾ ਆਪ ਪੀਣਾ। ਇਕ ਦਿਨ ਅਖਾੜੇ ‘ਚ ਜ਼ੋਰ ਕਰਾਉਂਦੇ ਉਹ ਬੁੱਧੂ ਦੇ ਸੱਟ ਮਾਰਨ ਦੀ ਕੋਸ਼ਿਸ਼ ਕਰਨ ਲੱਗੇ। ਉਹ ਉਨ੍ਹਾਂ ਕੋਲੋਂ ਬਚ ਕੇ ਆ ਗਿਆ ਤੇ ਪਿਤਾ ਨੂੰ ਗੱਲ ਦੱਸੀ। ਪਿਤਾ ਨੇ ਕਿਹਾ ਕਿ ਤੈਨੂੰ ਹੁਣ ਮੈਂ ਜ਼ੋਰ ਕਰਾਵਾਂਗਾ ਤੇ ਉਨ੍ਹਾਂ ਤੋਂ ਬਚ ਕੇ ਰਹੀਂ ਤੇ ਸ਼ਰਦਾਈ ਘੋਟ ਕੇ ਨਾ ਦੇਵੀਂ, ਉਹ ਆਪੇ ਚਲੇ ਜਾਣਗੇ। ਹੋਇਆ ਵੀ ਇਸੇ ਤਰ੍ਹਾਂ ਹੀ। ਇਸੇ ਤਰ੍ਹਾਂ ਇਕ ਵਾਰ ਮਿਥੀ ਕੁਸ਼ਤੀ ਤੋਂ ਇਕ ਦਿਨ ਪਹਿਲਾਂ ਈਰਖਾਲੂ ਭਲਵਾਨਾਂ ਨੇ ਡੰਡ ਕਢਾ-ਕਢਾ ਉਹਦੀਆਂ ਬਾਂਹਾਂ ਦਾ ਜ਼ੋਰ ਲਵਾ ਦਿਤਾ। ਖੇਤ ਵਾਹੁਣ ਲੱਗਾ ਤਾਂ ਟਰੈਕਟਰ ਦਾ ਸਟੇਰਿੰਗ ਨਾ ਮੁੜੇ। ਨਾਲ ਬੈਠੇ ਬਾਬਾ ਜੀ ਨੇ ਪੁਛਿਆ ਤਾਂ ਪਤਾ ਲੱਗਾ ਕਿ ਭਲਵਾਨਾਂ ਨੇ ਜਾਣ-ਬੁੱਝ ਕੇ ਜ਼ੋਰ ਲੁਆ ਦਿਤਾ ਤਾਂ ਕਿ ਅਗਲੇ ਦਿਨ ਹੋਣ ਵਾਲੀ ਕੁਸ਼ਤੀ ਹਾਰ ਜਾਵੇ। ਬਾਬਾ ਜੀ ਸੰਨ 1976 ਵਿਚ ਪੂਰੇ ਹੋ ਗਏ ਜਦਕਿ ਪਿਤਾ ਜੀ 2001 ਵਿਚ।
ਬੁੱਧੂ ਨੇ 1979-80 ਦੀ ਗੱਲ ਸੁਣਾਉਂਦਿਆਂ ਕਿਹਾ ਕਿ ਇਕ ਵਾਰ ਮਜ਼ਾਰਾ ਰਾਜਾ ਸਾਹਿਬ ਕੁਸ਼ਤੀਆਂ ਹੋਈਆਂ। ਉਸ ਵੇਲੇ ਕਰਤਾਰ ਸਿੰਘ ਏਸ਼ੀਆ ਵਿਚੋਂ ਗੋਲਡ ਮੈਡਲ ਜਿੱਤ ਕੇ ਲਿਆਇਆ ਸੀ। ਕਰਤਾਰ ਨਾਲ ਕੁਸ਼ਤੀ ਕਰਨ ਲਈ ਬੁੱਧੂ ਨੂੰ ਸੋਂਧੀ ਕੋਚ 2500 ਰੁਪਏ ਮੁਕਾ ਕੇ ਦਿੱਲੀ ਤੋਂ ਲੈ ਆਇਆ। ਬੁੱਧੂ ਨਾਲ ਮੁਹੱਬਤ ਕਰਕੇ ਅੰਮ੍ਰਿਤਸਰੀਆ ਬਿੱਲਾ ਵੀ ਨਾਲ ਆ ਗਿਆ। ਉਥੇ ਪਹਿਲਵਾਨ ਦਾਰਾ ਸਿੰਘ ਅਤੇ ਦਾਰਾ ਸਿੰਘ ਦਾ ਉਸਤਾਦ ਪਹਿਲਵਾਨ ਹਰਬੰਸ ਸਿੰਘ ਰਾਏਪੁਰ ਡੱਬਾ ਵੀ ਹਾਜ਼ਰ ਸਨ। ਬੰਗਿਆਂ ਦਾ ਸਾਰਾ ਇਲਾਕਾ ਕੁਸ਼ਤੀਆਂ ਵੇਖਣ ਢੁੱਕਿਆ ਹੋਇਆ ਸੀ। ਮੈਂ ਵੀ ਸਾਰਾ ਸੀਨ ਅੱਖੀਂ ਵੇਖਿਆ। ਬੁੱਧੂ ਤੇ ਬਿੱਲਾ ਕਰਤਾਰ ਨਾਲ ਕੁਸ਼ਤੀ ਕਰਨੀ ਚਾਹੁੰਦੇ ਸਨ। ਕੁਸ਼ਤੀ ਨਹੀਂ ਸੀ ਹੋ ਰਹੀ। ਫਿਰ ਹਰਬੰਸ ਸਿੰਘ ਨੇ ਕਿਹਾ, ਇਨ੍ਹਾਂ ਮੁੰਡਿਆਂ ਨਾਲ ਕਰਤਾਰ ਦੀ ਕੁਸ਼ਤੀ ਕਿਉਂ ਨਹੀਂ ਕਰਵਾਉਂਦੇ? ਕਰਤਾਰ ਦੀ ਕੁਸ਼ਤੀ ਫਿਰ ਪੰਜਾਬ ਪੁਲਿਸ ਦੇ ਮਦਨ ਭਲਵਾਨ ਨਾਲ ਹੋਣ ਲੱਗੀ ਤਾਂ ਰੌਲਾ ਪੈ ਗਿਆ। ਕੁਸ਼ਤੀਆਂ ਵਿਚਾਲੇ ਰਹਿ ਗਈਆਂ। ਪੱਚੀ ਸੌ ਰੁਪਏ ਫਿਰ ਸੋਂਧੀ ਬੁੱਧੂ ਦੇ ਪਿੰਡ ਫੜਾ ਕੇ ਗਿਆ।
1981 ‘ਚ ਬੁੱਧ ਸਿੰਘ ਕੁਸ਼ਤੀਆਂ ਕਰਨ ਕੈਨੇਡਾ ਆ ਗਿਆ। ਕਈ ਭਲਵਾਨਾਂ ਨੂੰ ਹਰਾਇਆ। ਸੰਨੀ ਗਿੱਲ ਨਾਲ ਵੀ ਕੁਸ਼ਤੀ ਹੋਈ। ਭਾਰਤ ਵਾਪਸ ਜਾਣ ਲਈ ਤਿਆਰ ਹੋਇਆ ਤਾਂ ਯਾਰਾਂ-ਦੋਸਤਾਂ ਦੇ ਕਹਿਣ ‘ਤੇ ਅਮਰੀਕਾ ਆ ਗਿਆ। ਕੈਲੀਫੋਰਨੀਆ ਵਿਚ ਸਕੂਲਾਂ ਦੇ ਗੋਲਡ ਮੈਡਲ ਜਿੱਤੇ। ਮਿੱਟੀ ਅਤੇ ਗੱਦੇ ਤੋਂ ਇਲਾਵਾ ਫਰੀ ਸਟਾਇਲ ਕੁਸ਼ਤੀਆਂ ਵੀ ਕੀਤੀਆਂ। ਡਰਾਮਾ ਜਿਹਾ ਲੱਗਦਾ ਹੋਣ ਕਰਕੇ ਫਰੀ ਸਟਾਇਲ ਕੁਸ਼ਤੀਆਂ ਨੂੰ ਦਿਲ ਨਾ ਮੰਨਿਆ। ਮਿੱਟੀ/ਗੱਦੇ ਵਾਲੀਆਂ ਕੁਸ਼ਤੀਆਂ ਨੂੰ ਹੀ ਪਹਿਲ ਦਿਤੀ। ਉਹ ਇਕ ਵਾਰ ਕਿਤੇ ਕੁਸ਼ਤੀ ਕਰ ਕੇ ਹਟਿਆ ਹੀ ਸੀ ਤਾਂ ਕੁਝ ਲੋਕਾਂ ਦੇ ਭਰੋਸੇ ‘ਚ ਆ ਕੇ ਕਿਸੇ ਕਾਲੇ ਭਲਵਾਨ ਨਾਲ ਕੁਸ਼ਤੀ ਕਰਨ ਲੱਗ ਪਿਆ। ਘੁਲਦੇ ਦੇ ਗੋਡੇ ‘ਤੇ ਸੱਟ ਲੱਗ ਗਈ। ਜਿਨ੍ਹਾਂ ਦੋਸਤਾਂ ‘ਤੇ ਯਕੀਨ ਕੀਤਾ ਉਹ ਧੋਖਾ ਦੇ ਗਏ। ਕੈਰੀਅਰ ਤਬਾਹ ਹੋ ਗਿਆ। ਸੱਟ ਨਾ ਲਗਦੀ ਤਾਂ ਭਾਰਤ ਜਾ ਕੇ ’82 ਏਸ਼ੀਆ ਦੀਆਂ ਕੁਸ਼ਤੀਆਂ ਲੜਨੀਆਂ ਸਨ। ਸੰਨ 1979 ਦੀਆਂ ਏਸ਼ੀਆਈ ਖੇਡਾਂ ਵਿਚ ਕੁਸ਼ਤੀਆਂ ਦਾ ਸਿਲਵਰ ਮੈਡਲ ਜਿੱਤਿਆ ਸੀ। ਮਨ ਦੀਆਂ ਮਨ ਵਿਚ ਰਹਿ ਗਈਆਂ। ਭਾਰਤੀ ਸਿਆਸਤ ਨੇ ਵਿਦੇਸ਼ੀ ਧਰਤੀ ‘ਤੇ ਆ ਕੇ ਵੀ ਮਾਰ ਕੀਤੀ। ਬੁੱਧ ਸਿੰਘ ਹੁਣ ਪੱਕਾ ਅਮਰੀਕਾ ਵਿਚ ਰਹਿੰਦਾ ਹੈ। ਪਰਮਜੀਤ ਤੇ ਸਰਬਜੀਤ-ਦੋਵੇਂ ਬੇਟੇ ਸਕੂਲਾਂ ਦੀਆਂ ਕੁਸ਼ਤੀਆਂ ਦੇ ਚੈਂਪੀਅਨ ਰਹਿ ਚੁੱਕੇ ਹਨ। ਕੁਸ਼ਤੀਆਂ ਤੋਂ ਬਾਅਦ ਹੁਣ ਕਬੱਡੀ ਦੇ ਖਿਡਾਰੀ ਹਨ। ਵੱਡੇ ਭਰਾ ਊਧਮ ਸਿੰਘ ਦਾ ਬੇਟਾ ਬਲਵੀਰ ਸਿੰਘ ਵੀਰ੍ਹਾ ਵੀ ਮੰਨਣਹਾਣੇ ਦੀਆਂ ਕੁਸ਼ਤੀਆਂ ਦਾ ‘ਭਾਰਤ ਕੁਮਾਰ’ ਬਣ ਚੁੱਕਾ ਹੈ। ਭਾਰਤੀ ਟੀਮ ਨਾਲ ਉਹ ਕੈਨੇਡਾ ਦੀ ਧਰਤੀ ‘ਤੇ ਵੀ ਘੁਲਣ ਆ ਚੁੱਕਾ ਹੈ। ਛੋਟੇ ਭਰਾ ਪਾਲੇ ਦਾ ਬੇਟਾ ਕੁਲਵਿੰਦਰ ਸਿੰਘ ਵੀ ਪਿੰਡਾਂ ਦੀਆਂ ਕੁਸ਼ਤੀਆਂ ਦਾ ਮੱਲ ਹੈ। ਪਿੰਡ ਖੂਹ ਉਤੇ ਮਿੱਟੀ ਅਤੇ ਗੱਦਿਆਂ ਦਾ ਅਖਾੜਾ ਚਲਦਾ ਹੈ। ਉਥੇ ਪਿੰਡ ਅਤੇ ਆਲੇ-ਦੁਆਲੇ ਪਿੰਡਾਂ ਦੇ ਪਹਿਲਵਾਨ ਮੁੰਡੇ ਜ਼ੋਰ ਕਰਨ ਆਉਂਦੇ ਹਨ। ਭਾਰਤੀ ਮੱਲ ਬੁੱਧ ਸਿੰਘ ਦਾ ਪਿੰਡ ਭੁੱਟੇ ਵੇਖਣ ਦੀ (ਲੇਖਕ ਨੂੰ) ਖਾਹਿਸ਼ ਜੋ ਕੁਝ ਸਾਲ ਪਹਿਲਾਂ ਪੂਰੀ ਹੋਈ ਤੇ ਜਾ ਕੇ ਸਾਰਾ ਕੁਝ ਵੇਖਿਆ।
ਦੋਆਬੇ ਦੇ ਮਿੰਨੀ ਓਲੰਪਿਕ ਹਕੀਮਪੁਰ ਖੇਡ ਮੇਲੇ ‘ਤੇ ਇਕ ਵਾਰ ਪੰਜਾਬ ਦੇ ਰਿਟਾਇਰ ਡੀæ ਜੀæ ਪੀæ ਮਹਿਲ ਸਿੰਘ ਭੁੱਲਰ, ਬੁੱਧ ਸਿੰਘ ਅਤੇ ਕਰਤਾਰ ਸਿੰਘ ਹਾਜ਼ਰ ਸਨ। ਮਹਿਲ ਸਿੰਘ ਭੁੱਲਰ ਬੁੱਧ ਸਿੰਘ ਨੂੰ ਕਹਿਣ ਲੱਗਾ, “ਬੁੱਧ ਸਿੰਹਾਂ ਅਗਰ ਤੂੰ ਵਾਪਸ ਆ ਜਾਂਦਾ ਤਾਂ ਔਹ ਸਾਰੀਆਂ ਫ਼ੀਤੀਆਂ ਤੇਰੀਆਂ ਸਨ।”
“ਚਲੋ ਜੀ ਜੋ ਪਰਮਾਤਮਾ ਨੂੰ ਮਨਜੂਰ,” ਕਹਿੰਦੇ ਬੁੱਧ ਸਿੰਘ ਨੇ ਕੋਲ ਬੈਠੇ ਡੀæ ਜੀæ ਪੀæ ਨੂੰ ਉਤਰ ਦਿਤਾ।
ਨੇਕ ਇਨਸਾਨ ਤੇ ਮਿਲਣਸਾਰ ਬੁੱਧ ਸਿੰਘ ਦਾ ਸਭ ਨੂੰ ਇਹੋ ਪੈਗਾਮ ਹੈ ਕਿ ਚੰਗੇ ਖਿਡਾਰੀਆਂ ਨੂੰ ਹੌਸਲਾ ਦਿਓ, ਬੱਚਿਆਂ ਨੂੰ ਖੇਡਾਂ ਨਾਲ ਜੋੜੋ ਅਤੇ ਸਿਆਸਤ ਨੂੰ ਖੇਡਾਂ ਤੋਂ ਦੂਰ ਰੱਖੋ। ਪੁਰਾਣੇ ਪਹਿਲਵਾਨਾਂ ਨੂੰ ਅਰਜ਼ ਹੈ ਕਿ ਜਿੰਨਾ ਘੁਲ ਲਿਆ, ਵਧੀਆ ਘੁੱਲ ਲਿਆ, ਹੁਣ ਨਵੇਂ ਪਹਿਲਵਾਨਾਂ ਨੂੰ ਵੀ ਅੱਗੇ ਆਉਣ ਦਾ ਮੌਕਾ ਦਿਓ। ਬੁੱਧ ਸਿੰਘ ਨਾਲ ਫੋਨ 513-307-8462 ਉਤੇ ਸੰਪਰਕ ਕੀਤਾ ਜਾ ਸਕਦਾ ਹੈ।
Leave a Reply