ਪੰਜਾਬੀ ਸੁਖਨ ਸੰਗੀਤ ਦੇ ਅੱਠ ਸੌ ਸਾਲ

ਗੁਲਜ਼ਾਰ ਸਿੰਘ ਸੰਧੂ
ਦੇਸ਼ ਦੀ ਸੁਤੰਤਰਤਾ ਪ੍ਰਾਪਤੀ ਤੋਂ ਪਿੱਛੋਂ ਪੰਜਾਬ ਸਰਕਾਰ ਦਾ ਭਾਸ਼ਾ ਵਿਭਾਗ ਬੜੀਆਂ ਉਤਮ ਸੇਵਾਵਾਂ ਲਈ ਜਾਣਿਆ ਜਾਂਦਾ ਸੀ। ਹੁਣ ਅੱਧੀ ਸਦੀ ਤੋਂ ਇਹ ਸੇਵਾ ਪੰਜਾਬੀ ਯੂਨੀਵਰਸਿਟੀ, ਪਟਿਆਲਾ ਨਿਭਾ ਰਹੀ ਹੈ। ਪੰਜਾਬੀ ਦੀ ਵਿਦਿਆ, ਪ੍ਰਸਾਰਨ ਤੇ ਰਾਸ਼ਟਰੀ ਅੰਤਰਰਾਸ਼ਟਰੀ ਪਹੁੰਚ ਨੂੰ ਨਿਖਾਰਨ ਵਾਲੀ ਇਸ ਯੂਨੀਵਰਸਿਟੀ ਦੀ ਵਿਕਾਸ ਕਾਨਫਰੰਸ ਮੰਨੀ ਜਾਂਦੀ ਹੈ। 2014 ਵਾਲੀ ਕਾਨਫਰੰਸ ਪੰਜਾਬੀ ਸਮਾਜ ਤੇ ਮੀਡੀਆ ਦੇ ਵਿਸ਼ੇ ਉਤੇ ਸੀ। ਇਸ ਕਾਨਫਰੰਸ ਵਿਚ ਭਖਦੇ ਮਸਲੇ ਵਿਚਾਰੇ ਗਏ।
ਮੈਂ ਕੇਵਲ ਉਸ ਵਿਸ਼ੇ ਦੀ ਗੱਲ ਕਰਾਂਗਾ ਜਿਹੜਾ ਕਿਸੇ ਕਾਰਨ ਹੁਣ ਤੱਕ ਹੋਈਆਂ ਪਹਿਲੀਆਂ ਕਾਨਫਰੰਸਾਂ ਵਿਚ ਨਹੀਂ ਉਭਰਿਆ। ਉਹ ਸੀ, ਸਭਿਆਚਾਰਕ ਸ਼ਾਮ ਵਾਲੀ ਸੁਖਨ ਸੰਗੀਤ ਦੀ ਪੇਸ਼ਕਾਰੀ। ਅੱਠ ਸੌ ਸਾਲ ਦੇ ਸੁਖਨ ਸੰਗੀਤ ਨੂੰ ਪੂਰਨ ਦਿੱਖ ਪ੍ਰਦਾਨ ਕਰਨ ਦਾ ਸਿਹਰਾ ਯੂਨੀਵਰਸਿਟੀ ਵਿਚਲੇ ਗੁਰਮਤਿ ਸੰਗੀਤ ਵਿਭਾਗ ਦੇ ਸਿਰ ਬਝਦਾ ਹੈ। ਸ਼ੇਖ ਫਰੀਦ, ਬੁੱਲ੍ਹੇ ਸ਼ਾਹ, ਵਾਰਿਸ ਸ਼ਾਹ, ਸ਼ਾਹ ਮੁਹੰਮਦ, ਭਾਈ ਵੀਰ ਸਿੰਘ, ਹਰਿਭਜਨ ਸਿੰਘ, ਮੋਹਨ ਸਿੰਘ, ਅੰਮ੍ਰਿਤਾ ਪ੍ਰੀਤਮ, ਸ਼ਿਵ ਕੁਮਾਰ ਤੇ ਸੁਰਜੀਤ ਪਾਤਰ ਦੀ ਸ਼ਾਇਰੀ ਹੀ ਨਹੀਂ, ਇਸ ਪ੍ਰੋਗਰਾਮ ਵਿਚ ਚੰਡੀ ਦੀ ਵਾਰ, ਸੈਫਲ ਮੂਲਕ ਦਾ ਕਿੱਸਾ ਤੇ ਮਾਹੀਆ ਜੋੜ ਕੇ ਇਸ ਨੂੰ ਅਜਿਹੀ ਸ਼ਕਤੀ ਪ੍ਰਦਾਨ ਕੀਤੀ ਗਈ ਜਿਸ ਦੀ ਵਿਉਂਤਬੰਦੀ ਤੇ ਪੇਸ਼ਕਾਰੀ ਕੋਈ ਪਾਰਖੂ ਅੱਖ ਹੀ ਕਰ ਸਕਦੀ ਸੀ, ਵਿਭਾਗ ਦੇ ਮੁਖੀ ਗੁਰਨਾਮ ਸਿੰਘ ਵਰਗੀ।
ਇਸ ਪ੍ਰੋਗਰਾਮ ਵਿਚ ਬਾਬਾ ਫਰੀਦ ਦੇ Ḕਗਲੀਏ ਚਿਕੜ ਦੂਰ ਘਰḔ ਤੋਂ ਲੈ ਕੇ ਬੁੱਲ੍ਹੇ ਸ਼ਾਹ ਦੇ Ḕਆਓ ਸਹੀਓ ਰਲ ਦਿਓ ਨੀ ਵਧਾਈ’ ਤੇ Ḕਵਾਰਿਸ ਸ਼ਾਹ ਦੇ ਘਰ ਆਣ ਨਨਾਣ ਨੇ ਗੱਲ ਕੀਤੀ’ ਹੀ ਨਹੀਂ ਸੈਫਲ ਮਲੂਕ ਦੇ ਹੇਠ ਲਿਖੇ ਬੋਲ ਵੀ ਭਰੇ ਹੋਏ ਸਨ,
ਲੋਏ ਲੋਏ ਭਰ ਲੈ ਕੁੜੀਏ
ਜੇ ਤੁੱਧ ਭਾਂਡਾ ਭਰਨਾ।
ਸ਼ਾਮ ਪਈ ਬਿਨ ਸ਼ਾਹ ਮੁਹੰਮਦ
ਤੂੰ ਘਰ ਜਾਂਦੀ ਨੇ ਡਰਨਾ।
ਜਿੱਥੋਂ ਤੱਕ ਸਮਕਾਲੀ ਸੁਖਨ ਦਾ ਸਬੰਧ ਹੈ, ਇਹ ਭਾਈ ਵੀਰ ਸਿੰਘ ਦੀ Ḕਕੰਬਦੀ ਰਹੀ ਕਲਾਈ’ ਤੋਂ ਲੈ ਕੇ ਮੋਹਨ ਸਿੰਘ ਦੇ Ḕਆਏ ਨੈਣਾਂ ਦੇ ਵਣਜਾਰੇ’ ਹੀ ਨਹੀਂ ਅੰਮ੍ਰਿਤਾ ਪ੍ਰੀਤਮ ਦੇ Ḕਇਸ਼ਕ ਦੀ ਦਹਿਲੀਜ਼ ਤੇ ਸੱਜਦਾ’ ਕਰਨ ਵਾਲੇ ਬੋਲਾਂ ਸਮੇਤ ਹਰਿਭਜਨ ਸਿੰਘ ਦਾ ਆਪਣੇ ਪ੍ਰੀਤਮ ਦੇ ਬੂਹੇ ਉਤੇ ਜਾ ਕੇ ਪ੍ਰੇਮਿਕਾ ਵੱਲੋਂ ਭਰੀ ਸੁਗੰਧੀਆਂ ਪਾਉਣ ਦਾ ਤਰਲਾ ਵੀ ਸ਼ਾਮਲ ਸੀ। ਸ਼ਿਵ ਕੁਮਾਰ ਦੇ ਨੈਣਾਂ ਵਿਚ ਬਿਰਹੋਂ ਦੀ ਰੜਕ ਦਾ ਹੌਕਾ ਵੀ ਸੀ ਤੇ ਸੁਰਜੀਤ ਪਾਤਰ ਦਾ Ḕਬਲਦਾ ਬਿਰਖ ਹਾਂ, ਖਤਮ ਹਾਂ, ਬਸ ਸ਼ਾਮ ਤੀਕ ਹਾਂ’ ਵੀ।
ਇਨ੍ਹਾਂ ਹਰਮਨ ਪਿਆਰੇ ਬੋਲਾਂ ਤੋਂ ਬਿਨਾਂ ਇਸ ਪ੍ਰੋਗਰਾਮ ਵਿਚ ਜੰਗਨਾਮਾ ਸ਼ਾਹ ਮੁਹੰਮਦ ਦੇ ਉਹ ਬੋਲ ਵੀ ਸਨ ਜਿੱਥੇ ਮੇਵਾ ਸਿੰਘ ਤੇ ਮਾਖੇ ਖਾਂ ਇਕੱਠੇ ਹੋ ਕੇ ਫਰੰਗੀਆਂ ਦੇ ਲਹੂ ਨੂੰ ਨਿਚੋੜਦੇ ਦਿਖਾਈ ਦਿੰਦੇ ਹਨ ਤੇ ਗੁਰੂ ਗੋਬਿੰਦ ਸਿੰਘ ਦੀ ਚੰਡੀ ਦੀ ਵਾਰ ਦੇ ਹੇਠ ਲਿਖੇ ਬੋਲ ਵੀ ਜਿਨ੍ਹਾਂ ਵਿਚ ਪੰਜਾਬੀ ਭਾਸ਼ਾ ਦੀ ਸ਼ੁਧਤਾ ਸਿਖਰਾਂ ਦੀ ਹੈ,
ਸੱਟ ਮਾਰੀ ਜਮਧਾਣੀ ਦਲਾਂ ਮੁਕਾਬਲਾ
ਧੂਹ ਲਈ ਕਿਰਪਾਣੀ ਦੁਰਗਾ ਮਿਆਨ ‘ਚੋਂ।
ਗੁਰਮਤਿ ਸੰਗੀਤ ਵਿਭਾਗ ਦੀ ਵਡਿਆਈ ਢੁਕਵੇਂ ਬੋਲਾਂ ਤੇ ਸੁਖਨ ਦੀ ਚੋਣ ਤੱਕ ਹੀ ਸੀਮਤ ਨਹੀਂ, ਉਨ੍ਹਾਂ ਨੇ ਤਬਲਾ, ਢੋਲਕ, ਗਿਟਾਰ ਦਾ ਤਾਲ ਪ੍ਰਦਾਨ ਕਰਨ ਲਈ ਕਰਮਵਾਰ ਰਾਜਵਿੰਦਰ ਸਿੰਘ, ਅਜੀਤ ਸਿੰਘ ਅਤੇ ਮੁਹੰਮਦ ਵਾਜਿਦ ਤੇ ਰਿਸ਼ੀ ਰੰਜਨ ਵਰਗੇ ਮਾਹਿਰ ਵੀ ਬੁਲਾ ਰਖੇ ਸਨ।
ਮੇਰੇ ਲਈ ਨਿੱਜੀ ਖੁਸ਼ੀ ਦਾ ਕਾਰਨ ਪ੍ਰੋਗਰਾਮ ਦੇ ਅੰਤ ਉਤੇ ਸਮੂਹ ਗਾਇਨ ਵਜੋਂ ਪੇਸ਼ ਕੀਤਾ ਮਾਹੀਆ ਸੀ ਜਿਹੜਾ ਮੇਰੇ ਮਿੱਤਰ ਕੁਲਵੰਤ ਗਰੇਵਾਲ ਦੇ ਤ੍ਰੇਲ ਧੋਤੇ ਸ਼ਬਦਾਂ ਉਤੇ ਆਧਾਰਤ ਸੀ,
ਦਿਲ ਟੁੱਟਣ ਹਵਾਵਾਂ ਦੇ
ਬੂੰਦ ਬੂੰਦ ਤਰਸ ਗਏ
ਅਸੀਂ ਪੁੱਤ ਦਰਿਆਵਾਂ ਦੇ।
ਇਹ ਦੱਸਣਾ ਵੀ ਯੋਗ ਹੋਵੇਗਾ ਕਿ Ḕਪੰਜਾਬੀ ਸਮਾਜ ਤੇ ਮੀਡੀਆ’ ਦੇ ਵਿਸ਼ੇ ਉਤੇ ਰਚਾਈ ਗਈ ਇਸ ਕਾਨਫਰੰਸ ਵਿਚ ਸਰੋਤਿਆਂ ਦੀ ਹਾਜ਼ਰੀ ਹੁਣ ਤੱਕ ਹੋਈਆਂ 29 ਕਾਨਫਰੰਸਾਂ ਤੋਂ ਵੱਧ ਸੀ। ਦੱਸਣ ਵਾਲੀ ਗੱਲ ਤਾਂ ਇਹ ਵੀ ਹੈ ਕਿ ਉਪਰੋਕਤ ਪ੍ਰੋਗਰਾਮ ਵਿਦੇਸ਼ਾਂ ਤੋਂ ਆਏ ਉਨ੍ਹਾਂ ਮੈਂਬਰਾਂ ਨੇ ਵੀ ਤੱਕਿਆ ਜਿਹੜੇ ਕਦੀ ਕਦਾਈਂ ਹੀ ਮਿਲਿਆ ਕਰਦੇ ਹਨ। ਕੈਨੇਡਾ ਤੋਂ ਆਏ ਬਲਬੀਰ ਸੰਘੇੜਾ, ਅਜਾਇਬ ਸਿੰਘ ਸੰਘਾ ਤੇ ਮਨਜੀਤ ਕੌਰ ਸੇਖੋਂ ਹੀ ਨਹੀਂ ਇਸ ਕਾਨਫਰੰਸ ਵਿਚ ਸਿਡਨੀ (ਆਸਟ੍ਰੇਲੀਆ) ਤੋਂ ਰਾਜ ਪਾਲ ਸਿੰਘ ਸੰਧੂ, ਬਰਤਾਨੀਆਂ ਤੋਂ ਮੁਸ਼ਤਾਕ ਤੇ ਪਾਕਿਸਤਾਨ ਤੋਂ ਪੰਜਾਬੀ ਵਿਚ ਕਵਿਤਾ, ਕਹਾਣੀ ਲਿਖਣ ਵਾਲੀ ਫਰਹੀਨ ਚੌਧਰੀ ਵੀ ਸ਼ਾਮਲ ਸਨ।
ਸਬੱਬ ਦੀ ਗੱਲ ਤਾਂ ਇਹ ਵੀ ਹੈ ਕਿ ਜਿਸ ਵਿਭਾਗ ਨੇ ਇਸ ਵਾਰ ਦੀ ਕਾਨਫਰੰਸ ਰਚਾਈ ਉਸ ਦੀ ਮੁਖੀ ਜਸਬੀਰ ਕੌਰ ਖੁਦ ਗਾਇਨ ਅਤੇ ਸੰਗੀਤ ਦੀ ਮਾਹਿਰ ਹੈ। ਪਰ ਮੇਰੀ ਇਸ ਟਿੱਪਣੀ ਦੇ ਇਹ ਅਰਥ ਨਾ ਕੱਢ ਲੈਣਾ ਕਿ ਸੁਖਨ ਸੰਗੀਤ ਦਾ ਪ੍ਰੋਗਰਾਮ ਉਸ ਦੀ ਦੇਣ ਹੈ। ਉਸ ਦਾ ਮੁਖੀ ਹੋਣਾ ਪ੍ਰੋਗਰਾਮ ਲਈ ਉਤਸ਼ਾਹ ਦਾ ਸੋਮਾ ਜ਼ਰੂਰ ਸੀ।
ਅੰਤਿਕਾ:
(ਫਰਹੀਨ ਚੌਧਰੀ ਇਸਲਾਮਾਬਾਦ)
ਮੈਂ ਮਾਂਗਤੀ ਹੀ ਰਹਿ ਗਈ ਸਾਏ ਕੀ ਜ਼ਿੰਦਗੀ
ਸੂਰਜ ਮੇਰੇ ਵਜੂਦ ਮੇਂ ਜਲਤਾ ਚਲਾ ਗਿਆ।

Be the first to comment

Leave a Reply

Your email address will not be published.