ਬੇਕਿਰਕ ਹਿੰਸਾ ਬਣੀ ਸੀ ਸਿੰਧੂ ਘਾਟੀ ਦੀ ਤਬਾਹੀ ਦਾ ਕਾਰਨ

ਵਾਸ਼ਿੰਗਟਨ: ਚਾਰ ਹਜ਼ਾਰ ਸਾਲ ਪਹਿਲਾਂ ਸਿੰਧੂ ਘਾਟੀ ਦੀ ਸਭਿਅਤਾ ਦੇ ਖ਼ਤਮ ਹੋਣ ਦੇ ਤਿੰਨ ਮੁੱਖ ਕਾਰਨ ਆਪਸੀ ਲੜਾਈਆਂ, ਲਾਗ ਦੀਆਂ ਬਿਮਾਰੀਆਂ ਤੇ ਵਾਤਾਵਰਨ ਵਿਚ ਬਦਲਾਅ ਸਨ। ਉੱਤਰੀ ਕੈਰੋਲਿਨਾ ਦੀ ਐਪਾਲਾਚੇਨ ਸਟੇਟ ਯੂਨੀਵਰਸਿਟੀ ਵਿਚ ਮਾਨਵ ਵਿਗਿਆਨ ਦੀ ਸਹਾਇਕ ਪ੍ਰੋਫੈਸਰ ਡਾæ ਵੇਨ ਰੋਬਿਨਸ ਚੁਗ ਨੇ ਦੱਸਿਆ ਕਿ ਵਾਤਾਵਰਨ, ਆਰਥਿਕਤਾ ਤੇ ਸਮਾਜਿਕ ਬਦਲਾਅ ਨੇ ਇਸ ਸਭਿਅਤਾ ਦੇ ਵਿਕਾਸ ਤੇ ਤਬਾਹੀ ਵਿਚ ਮੁੱਖ ਭੂਮਿਕਾ ਨਿਭਾਈ ਸੀ ਪਰ ਇਸ ਗੱਲ ਵੱਲ ਬਹੁਤ ਘੱਟ ਧਿਆਨ ਦਿੱਤਾ ਗਿਆ ਕਿ ਇਸ ਬਦਲਾਅ ਨੇ ਮਨੁੱਖੀ ਆਬਾਦੀ ਉੱਪਰ ਕਿਵੇਂ ਅਸਰ ਪਾਇਆ।
ਸ੍ਰੀਮਤੀ ਚੁੱਗ ਦੀ ਕੌਮਾਂਤਰੀ ਟੀਮ ਨੇ ਇਸ ਸਭਿਅਤਾ ਦੇ ਅਵਸ਼ੇਸ਼ਾਂ ਦੀ ਘੋਖ ਕਰਨ ਮਗਰੋਂ ਇਹ ਸਿੱਟਾ ਕੱਢਿਆ ਹੈ। ਟੀਮ ਨੇ ਹੜੱਪਾ ਦੀ ਖੁਦਾਈ ਦੌਰਾਨ ਮਨੁੱਖੀ ਪਿੰਜਰਾਂ ਦੀ ਜਾਂਚ ਪੜਤਾਲ ਕੀਤੀ। ਇਸ ਤੋਂ ਪਤਾ ਲੱਗਾ ਕਿ ਲਾਗ ਦੀਆਂ ਬਿਮਾਰੀਆਂ ਨੇ ਇਸ ਸਭਿਅਤਾ ਨੂੰ ਤਬਾਹ ਕਰਨ ਵਿਚ ਅਹਿਮ ਭੂਮਿਕਾ ਨਿਭਾਈ। ਹੜੱਪਾ ਸਿੰਧੂ ਘਾਟੀ ਦੀ ਸਭਿਅਤਾ ਦੇ ਸਭ ਤੋਂ ਵੱਡੇ ਸ਼ਹਿਰਾਂ ਵਿਚੋਂ ਇਕ ਸੀ। ਖੋਜ ਦੌਰਾਨ ਲੱਭੀਆਂ ਬਹੁਤੀਆਂ ਖੋਪੜੀਆਂ ਦੀ ਹਾਲਤ ਬਹੁਤ ਖ਼ਰਾਬ ਸੀ।
ਬਿਆਨ ਮੁਤਾਬਕ ਸਿੰਧੂ ਘਾਟੀ ਦੀ ਸਭਿਅਤਾ ਦਾ ਵਿਕਾਸ ਸ਼ਾਂਤੀ, ਸਹਿਜਸ ਤੇ ਸਮਾਨਤਾ ਦੇ ਸਿਧਾਂਤਾਂ ‘ਤੇ ਹੋਇਆ। ਉਦੋਂ ਲੋਕਾਂ ਵਿਚ ਸਮਾਜਿਕ ਵਖਰੇਵੇਂ ਨਹੀਂ ਸਨ। ਹੌਲੀ-ਹੌਲੀ ਪਿਆਰ ਤੇ ਸ਼ਾਂਤੀ ਤੇ ਆਰਥਿਕਤਾ, ਸਮਾਜਿਕ ਤੇ ਮੌਸਮੀ ਤਬਦੀਲੀਆਂ ਨੇ ਅਸਰ ਪਾਉਣਾ ਸ਼ੁਰੂ ਕਰ ਦਿੱਤਾ। ਇਸ ਨਾਲ ਸਭਿਅਤਾ ਤਬਾਹੀ ਵੱਲ ਤੁਰਨੀ ਸ਼ੁਰੂ ਹੋ ਗਈ। ਸਮਾਜ ਵਿਚ ਇਨ੍ਹਾਂ ਮਾੜੀਆਂ ਗੱਲਾਂ ਦੇ ਆਉਣ ਦੇ ਨਾਲ-ਨਾਲ ਲਾਗ ਦੀਆਂ ਬਿਮਾਰੀਆਂ ਨੇ ਰਹਿੰਦੀ ਕਸਰ ਕੱਢ ਦਿੱਤੀ।
ਇਸ ਤੋਂ ਪਹਿਲੀਆਂ ਖੋਜਾਂ ਵਿਚ ਕਿਹਾ ਗਿਆ ਸੀ ਕਿ ਵਾਤਾਵਰਨ ਦੀਆਂ ਤਬਦੀਲੀਆਂ ਦੀ ਮਾਰ ਨੂੰ ਇਹ ਸਭਿਅਤਾ ਝੱਲ ਨਹੀਂ ਸਕੀ ਤੇ ਤਬਾਹ ਹੋ ਗਈ। ਕੁਝ ਦਹਾਕਿਆਂ ਤੋਂ ਨਵੀਂ ਤਕਨੀਕ ਨਾਲ ਕੀਤੀ ਖੋਜ ਤੋਂ ਸਭਿਅਤਾ ਦੇ ਖ਼ਾਤਮੇ ਬਾਰੇ ਨਵੇਂ ਤੱਥ ਉਭਰੇ ਹਨ। ਸਭਿਅਤਾ ਜੋ ਸਾਂਝੀਵਾਲਤਾ ਦੇ ਨਾਲ ਖੜ੍ਹੀ ਹੋਈ ਸੀ, ਸਮਾਂ ਪੈਣ ਨਾਲ ਉਸ ਵਿਚ ਸੱਭਿਆਚਾਰਕ ਵਿਭਿੰਨਤਾਵਾਂ ਆ ਗਈਆਂ ਤੇ ਲੜਾਈਆਂ ਸ਼ੁਰੂ ਹੋ ਗਈਆਂ। ਸਭਿਅਤਾ ਵਿਚ ਕੋਹੜ ਤੇ ਟੀਬੀ ਫੈਲ ਗਈ।
ਖੋਜ ਅਨੁਸਾਰ ਹੜੱਪਾ ਦੇ ਸ਼ਹਿਰੀਕਰਨ ਦੇ ਸ਼ੁਰੂਆਤ ਦੌਰ ਵਿਚ ਵੀ ਕੋਹੜ ਫੈਲ ਗਿਆ ਸੀ। ਇਹ ਖ਼ਤਮ ਨਾ ਹੋਇਆ ਤੇ ਉਪਰੋਂ ਨਵੀਂ ਬਿਮਾਰੀ ਟੀਬੀ ਨੇ ਸਭਿਅਤਾ ਵਿਚ ਆਪਣੇ ਪੈਰ ਜਮਾਅ ਲਏ। ਇਸ ਤੋਂ ਇਲਾਵਾ ਆਪਸੀ ਝਗੜਿਆਂ ਦੌਰਾਨ ਸਿਰ ‘ਤੇ ਹਮਲਾ ਕਰਕੇ ਖੋਪੜੀ ਭੰਨਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੀ ਬਹੁਤ ਸੀ।

Be the first to comment

Leave a Reply

Your email address will not be published.