ਪਿੱਥੋ ਦੀ ਨੂੰਹ, ਕਵਿੱਤਰੀ ਹਰਨਾਮ ਕੌਰ ਨਾਭਾ

ਗੁਰਬਚਨ ਸਿੰਘ ਭੁੱਲਰ
ਫੋਨ: 91-11-65736868
12 ਦਸੰਬਰ 1898 ਨੂੰ ਅੰਮ੍ਰਿਤਸਰ ਵਿਖੇ ਜਨਮੀ ਬੀਬੀ ਹਰਨਾਮ ਕੌਰ ਨਾਭਾ ਨੂੰ ਦਹਾਕਿਆਂ ਤੱਕ ਪੰਜਾਬੀ ਦੀ ਪਹਿਲੀ ਕਵਿੱਤਰੀ ਹੋਣ ਦਾ ਮਾਣ ਪਰਾਪਤ ਰਿਹਾ। ਮੈਨੂੰ ਚੇਤੇ ਹੈ, ਜਦੋਂ ਪਿਛਲੀ ਸਦੀ ਦੇ ਪੰਜਾਹਵਿਆਂ ਵਿਚ ਮੈਂ ਗਿਆਨੀ ਕੀਤੀ ਸੀ, ਸਾਹਿਤ ਦੇ ਇਤਿਹਾਸ ਵਿਚ ਬੀਬੀ ਦਾ ਜ਼ਿਕਰ ਪੰਜਾਬੀ ਵਿਚ ਕਵਿਤਾ ਲਿਖਣ ਦੀ ਪਹਿਲ ਕਰਨ ਵਾਲੀ ਰਚਨਾਕਾਰ ਵਜੋਂ ਹੀ ਕੀਤਾ ਹੋਇਆ ਮਿਲਦਾ ਸੀ। ਉਸ ਸਮੇਂ ਤੱਕ ਪੁਸਤਕ ਤਾਂ ਉਨ੍ਹਾਂ ਦੀ ਇਕੋ ਹੀ ਛਪੀ ਸੀ, ਅਰਸ਼ੀ ਕਲੀਆਂ, ਪਰ ਇਹ ਉਨ੍ਹਾਂ ਨੂੰ ਮੋਢੀ ਕਵਿੱਤਰੀ ਦਾ ਸਥਾਨ ਦੁਆਉਣ ਲਈ ਕਾਫ਼ੀ ਸੀ। ਇਹ ਬਹੁਤ ਮਗਰੋਂ, ਉਨ੍ਹਾਂ ਦੇ ਸਵਰਗਵਾਸ ਤੋਂ ਵੀ ਮਗਰੋਂ ਦੀ ਗੱਲ ਹੈ ਕਿ ਖੋਜ ਨੇ ਪੰਜਾਬੀ ਦੀ ਪਹਿਲੀ ਕਵਿੱਤਰੀ ਹੋਣ ਦਾ ਮਾਣ ਪੀਰੋ ਪ੍ਰੇਮਣ ਨੂੰ ਬਖ਼ਸ਼ਿਆ। ਹੁਣ ਤਾਂ ਪੀਰੋ ਤੋਂ ਵੀ ਪਹਿਲਾਂ ਕਵਿਤਾ ਰਚਣ ਵਾਲੇ ਕੁਛ ਇਸਤਰੀ ਨਾਂਵਾਂ ਦੀ ਟੋਹ ਲਾਈ ਅਤੇ ਦੱਸ ਪਾਈ ਜਾ ਰਹੀ ਹੈ।
ਬੀਬੀ ਦੀ ਰਚਨਾ ਦਾ ਆਕਾਰ ਕੋਈ ਬਹੁਤ ਵੱਡਾ ਨਹੀਂ ਸੀ। ਅੱਗੇ ਇਸ ਪੁਸਤਕ ਵਿਚ ਵੀ ਕੁਛ ਕਵਿਤਾਵਾਂ ਉਨ੍ਹਾਂ ਦੀ ਛੋਟੀ ਭੈਣ ਬੀਬੀ ਅਮਰ ਕੌਰ ਦੇ ਨਾਂ ਹੇਠ ਦਰਜ ਸਨ। 1936 ਵਿਚ ਛਪੇ ਇਸ ਕਾਵਿ-ਸੰਗ੍ਰਹਿ ਨੂੰ ਉਜਾਗਰ ਕਰਨ ਵਿਚ ਇਸ ਤੱਥ ਦਾ ਵੀ ਹੱਥ ਰਿਹਾ ਕਿ ਪਾਠਕਾਂ ਨਾਲ ਇਸ ਦੀ ਜਾਣ-ਪਛਾਣ ਸਾਡੇ ਵੱਡੇ ਕਵੀ, ਪ੍ਰੋæ ਪੂਰਨ ਸਿੰਘ ਨੇ ਕਰਵਾਈ ਸੀ। 37 ਸਾਲਾਂ ਦੇ ਲੰਮੇ ਫ਼ਰਕ ਨਾਲ 1973 ਵਿਚ ਉਨ੍ਹਾਂ ਦਾ ਦੂਜਾ ਤੇ ਅੰਤਿਮ ਕਾਵਿ-ਸੰਗ੍ਰਹਿ ਪਾਰਸ-ਛੁਹ ਛਪਿਆ। ਇਕ ਸੰਗ੍ਰਹਿ ਜਿੰਨੀ ਰਚਨਾ ਅਣਛਪੀ ਪਈ ਵੀ ਦੱਸੀ ਜਾਂਦੀ ਹੈ। ਪਹਿਲੇ ਕਾਵਿ-ਸੰਗ੍ਰਹਿ ਵਿਚੋਂ ਬੀਬੀ ਅਮਰ ਕੌਰ ਦੇ ਨਾਂ ਹੇਠ ਛਪੀ ਇਕ ਕਵਿਤਾ ਕਾਫ਼ੀ ਮਸ਼ਹੂਰ ਹੋਈ ਅਤੇ ਸਾਨੂੰ ਵਿਦਿਆਰਥੀਆਂ ਨੂੰ ਇਮਤਿਹਾਨ ਵਾਸਤੇ ਇਹੋ ਚੇਤੇ ਕਰਨ ਦੀ ਸਲਾਹ ਦਿੱਤੀ ਜਾਂਦੀ ਸੀ। ਕਿਹਾ ਜਾਂਦਾ ਹੈ ਕਿ ਇਹ ਕਵਿਤਾ ਬੀਬੀ ਅਮਰ ਕੌਰ ਨੇ ਨੌਂਵੀਂ ਜਮਾਤ ਵਿਚ ਪੜ੍ਹਦਿਆਂ ਲਿਖੀ ਸੀ। ਜੇ ਇਹ ਗੱਲ ਸੱਚੀ ਹੈ ਤਾਂ ਉਸ ਦੀ ਬਾਲ-ਕਲਮ ਸੱਚਮੁੱਚ ਹੀ ਵਡਿਆਈ ਦੀ ਹੱਕਦਾਰ ਹੈ,
ਖਿੜੇ ਚਮਨ ਵਿਚ ਨਾਲਾ ਵਹਿੰਦਾ,
ਨਾ ਜਾਣੇ ਮੁੜ ਵਹੇ ਕਿ ਨਾ।
ਰੁੱਤ ਫਿਰਿਆਂ ਗੁਲਜ਼ਾਰ ਉਦਾਸੇ,
ਸੁੰਦਰਤਾ ਮਤ ਰਹੇ ਕਿ ਨਾ।
ਸੁੰਦਰਤਾ ਦਾ ਹਾਇ ਵਿਛੋੜਾ,
ਸੁੰਦਰ ਨਾਲਾ ਸਹੇ ਕਿ ਨਾ।
ਜੇਕਰ ਸਹੇ ਤਾਂ ਕੰਢੇ ਬਹਿ ਕੇ,
ਨੈਣਾਂ ਛਹਿਬਰ ਛਹੇ ਕਿ ਨਾ।
ਹੇ ਦਿਲ ਅੱਖੀਓ ਸੱਧਰ ਲਾਹ ਲਓ,
ਨਾ ਜਾਣੇ ਮੁੜ ਲਹੇ ਕਿ ਨਾ।
ਇਸ ਜਿੰਦੜੀ ਦਾ ਕੀ ਭਰਵਾਸਾ,
ਆਉਂਦੀ ਰੁੱਤੇ ਰਹੇ ਕਿ ਨਾ!
ਬੀਬੀ ਦਾ ਸੁਭਾਗ ਸੀ ਕਿ ਜਦੋਂ ਤੋਂ ਸੁਰਤ ਸੰਭਾਲੀ, ਆਪਣੇ ਭਵਿੱਖੀ ਜੀਵਨ-ਸਾਥੀ ਭਗਵੰਤ ਸਿੰਘ ਹਰੀ ਜੀ
ਵਾਂਗ ਆਪਣੇ ਆਪ ਨੂੰ ਵੱਡੇ ਵਿਦਵਾਨਾਂ ਤੇ ਲੇਖਕਾਂ ਦੀ ਛਤਰਛਾਇਆ ਵਿਚ ਹੀ ਦੇਖਿਆ। ਜਿਵੇਂ ਹਰੀ ਜੀ ਦੇ ਪਿਤਾ, ਭਾਈ ਕਾਨ੍ਹ ਸਿੰਘ ਨਾਭਾ ਆਪਣੇ ਸਮੇਂ ਦੇ ਇਕ ਪ੍ਰਮੁੱਖ ਗਿਆਨਵਾਨ ਸਨ, ਬੀਬੀ ਦੇ ਪਿਤਾ, ਜੀਵਨ ਸਿੰਘ ਸੇਵਕ ਆਪਣੇ ਵੇਲੇ ਦੇ ਇਕ ਪ੍ਰਸਿੱਧ ਪੱਤਰਕਾਰ ਸਨ। ਸਿੰਘਸਭਾਈ ਵਿਚਾਰਾਂ ਦੇ ਸੇਵਕ ਜੀ ‘ਖਾਲਸਾ ਸੇਵਕ’ ਪੱਤਰ ਕਢਦੇ ਸਨ ਅਤੇ ਉਸ ਨੂੰ ਛਾਪਣ ਵਾਲਾ ਛਾਪਾਖਾਨਾ ਵੀ ਉਨ੍ਹਾਂ ਦਾ ਆਪਣਾ ਹੀ ਸੀ। ਇਸ ਕਾਰਨ ਸੇਵਕ ਜੀ ਕੋਲ ਦਫ਼ਤਰ ਤੇ ਘਰ ਵਿਦਵਾਨਾਂ ਦੀ ਆਵਾਜਾਈ ਬਣੀ ਰਹਿੰਦੀ ਸੀ। ਵਿਦਵਾਨ ਆਉਂਦੇ ਸਨ ਤਾਂ ਵਿਦਵਤਾ-ਭਰਪੂਰ ਵਿਚਾਰ-ਚਰਚਾ ਵੀ ਸੁਭਾਵਿਕ ਸੀ ਅਤੇ ਉਸ ਦਾ ਦੋਵਾਂ ਬਾਲੜੀਆਂ ਦੇ ਕੰਨੀਂ ਪੈਣਾ ਵੀ ਸੁਭਾਵਿਕ ਸੀ।
ਭਗਵੰਤ ਸਿੰਘ ਨਾਲ ਬੀਬੀ ਹਰਨਾਮ ਕੌਰ ਦਾ ਜੀਵਨ-ਸਾਥ ਬਣਨ ਦਾ ਆਧਾਰ ਵੀ ਕਵਿਤਾ ਹੀ ਸੀ। ਵਿਕਟੋਰੀਆ ਗਰਲਜ਼ ਸਕੂਲ ਅੰਮ੍ਰਿਤਸਰ ਤੋਂ ਮਿਲੀ ਮੁੱਢਲੀ ਵਿੱਦਿਆ ਮਗਰੋਂ ਉਹਨੂੰ ਸਿੱਖ ਕੰਨਿਆ ਮਹਾਂਵਿਦਿਆਲਾ ਫਿਰੋਜ਼ਪੁਰ ਵਿਚ ਦਾਖ਼ਲ ਕਰਵਾ ਦਿੱਤਾ ਗਿਆ। ਆਪਣੇ ਸਮੇਂ ਵਿਚ ਬਹੁਤ ਪ੍ਰਸਿੱਧ ਰਹੀ ਇਸ ਸੰਸਥਾ ਦੇ ਸੰਚਾਲਕ ਇਸਤਰੀਆਂ ਦੀ ਵਿੱਦਿਆ ਦੇ ਵੱਡੇ ਹਮਾਇਤੀ ਭਾਈ ਤਖ਼ਤ ਸਿੰਘ ਸਨ। ਬੀਬੀ ਹਰਨਾਮ ਕੌਰ ਦੇ ਰੂਪ ਵਿਚ ਹੋਣਹਾਰ ਭਵਿੱਖੀ ਕਵਿੱਤਰੀ ਪਛਾਣਦਿਆਂ ਉਨ੍ਹਾਂ ਨੇ ਸੇਵਕ ਜੀ ਨਾਲ ਸਲਾਹ ਕਰ ਕੇ ਭਾਈ ਕਾਨ੍ਹ ਸਿੰਘ ਨਾਲ ਗੱਲ ਕੀਤੀ ਅਤੇ ਉਹਦਾ ਰਿਸ਼ਤਾ ਭਗਵੰਤ ਸਿੰਘ ਨਾਲ ਜੁੜ ਗਿਆ।
ਆਧੁਨਿਕ ਕਵਿਤਾ ਦੇ ਮੋਢੀ ਕਹੇ ਜਾਂਦੇ ਭਾਈ ਵੀਰ ਸਿੰਘ ਨਾਲ ਵੀ ਸੇਵਕ ਪਰਿਵਾਰ ਦਾ ਗੂੜ੍ਹਾ ਨਾਤਾ ਸੀ। ਜਦੋਂ ਬਾਲ-ਉਮਰੇ ਬੀਬੀ ਨੇ ਆਪਣੀ ਇਕ ਕਵਿਤਾ ਭਾਈ ਸਾਹਿਬ ਨੂੰ ਸੁਣਾਈ, ਉਨ੍ਹਾਂ ਦਾ ਸਹਿਜ-ਸੁਭਾਅ ਪ੍ਰਤੀਕਰਮ ਝੱਟ ਇਨ੍ਹਾਂ ਸ਼ਬਦਾਂ ਵਿਚ ਪ੍ਰਗਟ ਹੋਇਆ, “ਇਹ ਕੁੜੀ ਤਾਂ ਸਾਡੀ ਹੈ, ਇਸ ਦਾ ਜਨਮ ਕਿਸੇ ਹੋਰ ਘਰ ਹੋ ਗਿਆ ਹੈ!” ਉਸ ਦੌਰ ਵਿਚ ਸਿੱਖ ਵਿਦਿਅਕ ਕਾਨਫ਼ਰੰਸਾਂ ਬੜੇ ਜਲੌਅ ਨਾਲ ਹੁੰਦੀਆਂ ਸਨ। ਬੀਬੀ ਹਰਨਾਮ ਕੌਰ ਉਨ੍ਹਾਂ ਦੇ ਮੰਚ ਤੋਂ ਕਵਿਤਾਵਾਂ ਪੜ੍ਹਦੀ ਜਿਨ੍ਹਾਂ ਨੂੰ ਕਾਫ਼ੀ ਸਲਾਹਿਆ ਜਾਂਦਾ। ਛੋਟੀ ਉਮਰ ਵਿਚ ਹੀ ਉਹਦੀਆਂ ਕਵਿਤਾਵਾਂ ਪਿਤਾ ਜੀ ਦੇ ਪੱਤਰ ਖਾਲਸਾ ਸੇਵਕ ਤੋਂ ਇਲਾਵਾ ਖਾਲਸਾ ਸਮਾਚਾਰ ਜਿਹੇ ਹੋਰ ਪੱਤਰਾਂ ਵਿਚ ਵੀ ਛਪ ਕੇ ਸ਼ਲਾਘਾ ਖੱਟਣ ਤੇ ਇਨਾਮ ਪ੍ਰਾਪਤ ਕਰਨ ਲੱਗੀਆਂ। ਭਾਈ ਵੀਰ ਸਿੰਘ ਨਾਲ ਨੇੜਤਾ ਦਾ ਸਿੱਟਾ ਹੀ ਸੀ ਕਿ ਬੀਬੀ ਨੇ ਕੁਦਰਤ ਬਾਰੇ ਅਨੇਕ ਖ਼ੂਬਸੂਰਤ ਰਚਨਾਵਾਂ ਦੇ ਨਾਲ ਨਾਲ ਕਈ ਸਤਿਕਾਰ-ਸੂਚਕ ਕਵਿਤਾਵਾਂ ਭਾਈ ਸਾਹਿਬ ਦਾ ਧਿਆਨ ਧਰ ਕੇ ਵੀ ਲਿਖੀਆਂ। ਵੰਨਗੀ ਵਜੋਂ ਭਾਈ ਸਾਹਿਬ ਦੇ ਇਕ ਜਨਮ-ਦਿਨ ਸਮੇਂ ਲਿਖੀ ਇਹ ਕਵਿਤਾ ਦੇਖੀ ਜਾ ਸਕਦੀ ਹੈ,
ਸਾਧ-ਜਨ ਧਰਤੀ ‘ਤੇ ਆਇਆ।
ਰੁਲੀ ਪੰਜਾਬੀ ਸੀਨੇ ਲਾਇਆ।
ਕਵਿਤਾ ਦਾ ਭੰਡਾਰ ਰਚਾਇਆ।
ਕਰੇ ਅਗੰਮੀ ਕਾਜ!
ਜੁਗ ਜੁਗ ਜੀਵੋ ਜੀ,
ਜੀਵੋ ਜੀ, ਜੀਵੋ ਜੀ ਮਹਾਰਾਜ!
ਭਾਈ ਵੀਰ ਸਿੰਘ ਦੀ ਨੇੜਤਾ ਸਦਕਾ ਪ੍ਰੋæ ਪੂਰਨ ਸਿੰਘ ਤੇ ਉਨ੍ਹਾਂ ਦੀ ਜੀਵਨ-ਸਾਥਣ ਮਾਇਆ ਦੇਵੀ ਨਾਲ ਵੀ ਅਜਿਹੀ ਨੇੜਤਾ ਬਣੀ ਕਿ ਉਹ ਵੀ ਦੋਵਾਂ ਭੈਣਾਂ ਨੂੰ ਆਪਣੀਆਂ ਧੀਆਂ ਹੀ ਸਮਝਣ ਲੱਗੇ। ਦੋਵਾਂ ਵੱਡੇ ਕਵੀਆਂ ਨਾਲ ਏਨੀਂ ਨੇੜਤਾ ਦਾ ਰਚਨਾਤਮਕ ਪ੍ਰਭਾਵ ਪੈਣਾ ਬਿਲਕੁਲ ਸੁਭਾਵਿਕ ਸੀ। ਭਗਵੰਤ ਸਿੰਘ ਹਰੀ ਜੀ ਅਤੇ ਬੀਬੀ ਹਰਨਾਮ ਕੌਰ ਦਾ ਪਿੱਥੋ ਆਉਣ-ਜਾਣ ਭਾਈ ਕਾਨ੍ਹ ਸਿੰਘ ਨਾਲੋਂ ਬਹੁਤ ਵੱਧ ਰਿਹਾ। ਇਸ ਦਾ ਇਕ ਕਾਰਨ ਸ਼ਾਇਦ ਇਹ ਹੋਵੇ ਕਿ ਇਹ ਜੋੜੀ ਕਲਮ ਨਾਲ ਜੁੜੀ ਹੋਣ ਦੇ ਬਾਵਜੂਦ ਰਚਨਾ ਅਤੇ ਖੋਜ ਦੇ ਕਾਰਜ ਵਿਚ ਭਾਈ ਸਾਹਿਬ ਵਾਲੀ ਹੱਦ ਤੱਕ ਖੁੱਭੀ ਹੋਈ ਨਹੀਂ ਸੀ। ਖੇਤਾਂ ਵਿਚ ਖ਼ੂਬਸੂਰਤ ਬਾਗ਼ ਦੇ ਵਿਚਕਾਰ ਬਣੀ ਹੋਈ ਕੋਠੀ ਵਿਚ ਪ੍ਰਕਿਰਤੀ ਦੀ ਗੋਦ ਵਿਚ ਰਹਿਣਾ ਦੋਵਾਂ ਨੂੰ ਹੀ ਬੜਾ ਭਾਉਂਦਾ ਸੀ। ਪ੍ਰੋæ ਪਿਆਰਾ ਸਿੰਘ ਪਦਮ, ਜਿਨ੍ਹਾਂ ਦਾ ਭਗਵੰਤ ਸਿੰਘ ਹਰੀ ਜੀ ਦੇ ਪਰਿਵਾਰ ਨਾਲ ਖੁੱਲ੍ਹਾ ਮੇਲ-ਮਿਲਾਪ ਤੇ ਆਉਣ-ਜਾਣ ਸੀ, ਦਸਦੇ ਸਨ ਕਿ ਪ੍ਰੋæ ਪੂਰਨ ਸਿੰਘ ਤੇ ਮਾਇਆ ਦੇਵੀ ਇਕ-ਦੋ ਵਾਰ ਪਿੱਥੋ ਉਨ੍ਹਾਂ ਕੋਲ ਰਹਿਣ ਵਾਸਤੇ ਵੀ ਆਏ। ਪ੍ਰੋæ ਪਦਮ ਅਨੁਸਾਰ ਬੀਬੀ ਹਰਨਾਮ ਕੌਰ ਨੂੰ ਇਕ ਵਾਰ ਸ਼ਾਂਤੀ ਨਿਕੇਤਨ ਪੁੱਜ ਕੇ ਮਹਾਂਕਵੀ ਰਾਬਿੰਦਰਨਾਥ ਟੈਗੋਰ ਨੂੰ ਮਿਲਣ ਦਾ ਅਤੇ ਉਨ੍ਹਾਂ ਤੋਂ ਅਸ਼ੀਰਵਾਦ ਲੈਣ ਦਾ ਸੁਭਾਗ ਵੀ ਪ੍ਰਾਪਤ ਹੋਇਆ।
ਬੀਬੀ ਹਰਨਾਮ ਕੌਰ ਨੂੰ ਦੂਰੋਂ ਤਾਂ ਮੈਂ ਬਚਪਨ ਵਿਚ ਆਪਣੇ ਪਿੰਡ ਪਿੱਥੋ ਦੇ ਗੁਰਦੁਆਰੇ ਵਿਚ ਦੇਖਿਆ ਹੋਇਆ ਸੀ, ਪਰ ਉਨ੍ਹਾਂ ਨੂੰ ਮੇਰੇ ਬਾਰੇ ਜਾਣਕਾਰੀ ਸਾਡੇ ਪਿੰਡ ਦੇ ਮੇਰੇ ਮਿੱਤਰ ਗੁਰਚਰਨ ਸਿੰਘ ਪੰਛੀ ਨੇ ਦਿਤੀ, ਜਿਸ ਦਾ ਉਸ ਪਰਿਵਾਰ ਨਾਲ ਗੂੜ੍ਹਾ ਮੇਲ-ਮਿਲਾਪ ਸੀ ਤੇ ਹੁਣ ਵੀ ਹੈ। ਉਹਦੇ ਮੂੰਹੋਂ ਆਪਣੇ ਪਿੰਡ ਦੇ ਇਕ ਮੁੰਡੇ ਦਾ ਲੇਖਕ ਹੋਣਾ ਸੁਣ ਕੇ ਬੀਬੀ ਨੂੰ ਬੇਹੱਦ ਖ਼ੁਸ਼ੀ ਹੋਈ ਅਤੇ ਉਨ੍ਹਾਂ ਨੇ ਪੰਛੀ ਜੀ ਕੋਲ ਮੇਰੀ ਕੋਈ ਰਚਨਾ ਪੜ੍ਹਨ ਦੀ ਇੱਛਾ ਜਤਾਈ। ਜਦੋਂ ਪੰਛੀ ਜੀ ਮੇਰੀ ਪੁਸਤਕ ਲੈਣ ਦੇ ਆਸ਼ੇ ਨਾਲ ਮਿਲੇ, ਸਬੱਬ ਨਾਲ ਉਸ ਵੇਲੇ ਮੇਰੇ ਕੋਲ ਪਹਿਲਾਂ ਦਾ ਛਪਿਆ ਹੋਇਆ ਕਹਾਣੀ-ਸੰਗ੍ਰਹਿ ‘ਓਪਰਾ ਮਰਦ’ ਤਾਂ ਨਹੀਂ ਸੀ, ਸੱਜਰੀ ਛਪੀ ਸੰਪਾਦਿਤ ਪੁਸਤਕ ‘ਮਾਂ ਬੋਲੀ ਪੰਜਾਬੀ: ਅਜੋਕੀ ਸਥਿਤੀ ਤੇ ਸਮੱਸਿਆਵਾਂ’ ਹੀ ਸੀ। ਉਨ੍ਹੀਂ ਦਿਨੀਂ ਪ੍ਰੋæ ਕਿਸ਼ਨ ਸਿੰਘ ਦੀ ਅਗਵਾਈ ਵਿਚ ਗੁਰਵੇਲ ਪੰਨੂ, ਡਾæ ਪਰੇਮ ਸਿੰਘ ਅਤੇ ਮੈਂ ਪ੍ਰਸਿੱਧ ਮਾਸਕ ਪਰਚਾ ‘ਸੇਧ’ ਕਢਦੇ ਸੀ। ‘ਸੇਧ’ ਦਾ ਮੁੱਖ ਉਦੇਸ਼ ਪੰਜਾਬੀ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਨੂੰ ਉਜਾਗਰ ਕਰਨਾ ਤੇ ਵਿਚਾਰਨਾ ਸੀ। ਇਹ ਪੁਸਤਕ ਉਸ ਦੇ ਚੋਣਵੇਂ ਲੇਖਾਂ ਤੋਂ ਸੰਪਾਦਤ ਕੀਤੀ ਗਈ ਸੀ।
ਪੰਛੀ ਜੀ ਦੇ ਦੱਸਣ ਅਨੁਸਾਰ ਬੀਬੀ ਜੀ ਇਹ ਪੁਸਤਕ ਦੇਖ ਕੇ ਬਹੁਤ ਖ਼ੁਸ਼ ਹੋਏ ਅਤੇ ਉਨ੍ਹਾਂ ਹੱਥ ਮੇਰੇ ਲਈ ਆਪਣੀਆਂ ਸ਼ੁਭ-ਇਛਾਵਾਂ ਭੇਜੀਆਂ।
ਸੋਵੀਅਤ ਦੂਤਾਵਾਸ ਦਾ ਸੂਚਨਾ ਵਿਭਾਗ, ਜਿਥੇ ਮੈਂ ਕੰਮ ਕਰਦਾ ਸੀ, ਦਿੱਲੀ ਦੀ ਬਾਰਾਂਖੰਭਾ ਰੋਡ ਦੀ 25 ਨੰਬਰ ਕੋਠੀ ਵਿਚ ਸੀ। ਸੜਕ ਦੇ ਸਾਡੇ ਵਾਲੇ ਪਾਸੇ ਕੋਠੀਆਂ ਦੇ ਕਲੀ ਨੰਬਰ ਸਨ ਅਤੇ ਦੂਜੇ ਪਾਸੇ ਜੋਟਾ ਨੰਬਰ। ਸਾਡੇ ਨਾਲ ਸਾਂਝੀ ਕੰਧ ਵਾਲੀ 23 ਨੰਬਰ ਕੋਠੀ ਦੇ ਬਾਹਰ ਲਿਖਿਆ ਹੋਇਆ ਅਕੋਈ-ਹਾਊਸ ਉਸ ਦੇ ਮਾਲਕਾਂ ਦੇ ਮਲਵਈ
ਹੋਣ ਦੀ ਦੱਸ ਪਾਉਂਦਾ, ਕਿਉਂਕਿ ਅਕੋਈ ਵਾਲੇ ਸਰਦਾਰ ਸਾਡੇ ਇਲਾਕੇ ਵਿਚ ਕਾਫ਼ੀ ਮਸ਼ਹੂਰ ਸਨ। ਫੇਰ ਪੰਛੀ ਜੀ ਤੋਂ
ਪਤਾ ਲੱਗਿਆ ਕਿ ਉਸ ਘਰ ਵਿਚ ਭਾਈ ਕਾਨ੍ਹ ਸਿੰਘ ਦੇ ਛੋਟੇ ਭਰਾ ਮੀਂਹਾਂ ਸਿੰਘ ਦੀ ਧੀ ਵਿਆਹੀ ਹੋਈ ਸੀ। ਬੀਬੀ ਹਰਨਾਮ ਕੌਰ ਜਦੋਂ ਦਿੱਲੀ ਦਾ ਗੇੜਾ ਮਾਰਦੇ, ਆਪਣੀ ਨਣਦ ਦੇ ਘਰ-ਪਰਿਵਾਰ ਨੂੰ ਮਿਲਣ ਵਾਸਤੇ 23 ਨੰਬਰ ਕੋਠੀ ਵਿਚ ਵੀ ਆਉਂਦੇ। ਮੈਂ ਉਨ੍ਹਾਂ ਦੇ ਨੌਕਰ ਨੂੰ ਕਹਿ ਛੱਡਿਆ ਸੀ ਕਿ ਜਦੋਂ ਬੀਬੀ ਜੀ ਆਉਣ, ਉਹ ਮੈਨੂੰ ਜ਼ਰੂਰ ਖ਼ਬਰ
ਕਰੇ। ਇਉਂ ਮੈਨੂੰ ਆਪਣਾ ਪਹਿਲਾ ਕਹਾਣੀ-ਸੰਗ੍ਰਹਿ ‘ਓਪਰਾ ਮਰਦ’ ਉਨ੍ਹਾਂ ਨੂੰ ਭੇਟ ਕਰਨ ਦਾ ਤੇ ਉਨ੍ਹਾਂ ਦੀਆਂ ਅਸੀਸਾਂ ਲੈਣ ਦਾ ਅਵਸਰ ਪਰਾਪਤ ਹੋਇਆ। ਸਾਡੇ ਪਿੰਡ ਦੇ ਕਲਮ ਦੇ ਧਨੀ ਘਰਾਣੇ ਦੇ ਮੋਢੀ ਭਾਈ ਕਾਨ੍ਹ ਸਿੰਘ ਦੀ ਨੂੰਹ, ਭਾਈ ਭਗਵੰਤ ਸਿੰਘ ਦੀ ਜੀਵਨ-ਸਾਥਨ ਅਤੇ ਆਪ ਪ੍ਰਸਿੱਧ ਕਵਿੱਤਰੀ ਨਾਲ ਇਹ ਸੰਪਰਕ ਮੇਰੇ ਲਈ ਵੱਡੇ ਸੁਭਾਗ ਦੀ ਗੱਲ ਸੀ।
ਬੀਬੀ ਹਰਨਾਮ ਕੌਰ 77 ਸਾਲ ਦੀ ਆਯੂ ਭੋਗ ਕੇ 2 ਜੂਨ 1976 ਨੂੰ ਪੂਰੇ ਹੋ ਗਏ। ਆਧੁਨਿਕ ਪੰਜਾਬੀ ਕਵਿਤਾ ਵਿਚ ਅੰਮ੍ਰਿਤਾ ਪ੍ਰੀਤਮ ਨਾਲ ਸ਼ੁਰੂ ਹੋਈ ਕਵਿੱਤਰੀਆਂ ਦੀ ਲੜੀ ਦੀ ਪੂਰਵਲੀ ਵਜੋਂ ਅਤੇ ਪੀਰੋ ਪ੍ਰੇਮਣ ਦੇ ਕਾਵਿ ਤੇ ਅੰਮ੍ਰਿਤਾ ਦੇ ਕਾਵਿ ਵਿਚਕਾਰ ਮਹੱਤਵਪੂਰਨ ਪੁਲ ਵਜੋਂ ਉਨ੍ਹਾਂ ਦਾ ਸਥਾਨ ਪੰਜਾਬੀ ਸਾਹਿਤ ਦੇ ਇਤਿਹਾਸ ਵਿਚ ਸਦਾ ਲਈ ਸੁਰੱਖਿਅਤ ਰਹੇਗਾ। ਬੀਬੀ ਦੀ ਕਲਪਨਾ-ਉਡਾਰੀ ਬੜੀ ਉੱਚੀ ਸੀ,
ਨੀਲਾ ਅੰਬਰ ਕਾਗ਼ਜ਼ ਮੇਰਾ,
ਨਜ਼ਰ ਮੈਂਡੜੀ ਮੇਰੀ ਕਾਨੀ।
ਤਾਰੇ ਪਾਲਾਂ ਅੱਖਰ ਚਮਕਣ,
ਨਿੱਤ ਲਿਖਦੀ ਮੈਂ ਤੱਕ ਅਸਮਾਨੀਂ।
ਉਨ੍ਹਾਂ ਦੀ ਇਕ ਹੋਰ ਰਚਨਾ ਹੈ,
ਅੰਬਰ ਤੋਂ ਇਕ ਲੈ ਕੇ ਆਈ
ਟਿਮਟਿਮ ਕਰਦਾ ਤਾਰਾ
ਤਾਰਾ-ਦੀਵਾ ਹੱਥ ‘ਤੇ ਰੱਖ ਕੇ,
ਮੈਂ ਡਿੱਠਾ ਜੱਗ ਸਾਰਾ।
ਏਸ ਤਾਰੇ ਦੀ ਲੋਅ ਦੇ ਅੰਦਰ,
ਲੱਭਿਆ ਪੁਰਖ ਨਿਆਰਾ।
ਜੁਗਜੁਗ ਜੀਵਣ ਸੂਰਜ ਤੇ ਚੰਦ,
ਸਾਨੂੰ ਤਾਰਾ ਪਯਾਰਾ।
ਇਕ ਹੋਰ ਥਾਂ ਉਹ ਲਿਖਦੇ ਹਨ,
ਅੱਜ ਸਵੇਰੇ ਬੜੀ ਸਵੇਰੇ,
ਅੰਬਰ ਸਾਂਭ ਰਿਹਾ ਸੀ ਤਾਰੇ।
ਮੈਂ ਹੱਥ ਲੈ ਕੇ ਪੱਛੀ,
ਦੋਵੇਂ ਅੰਬਰ ਅੱਗੇ ਹੱਥ ਪਸਾਰੇ।
ਸੁਹਣੇ ਅੰਬਰ, ਦੋ ਬੁੱਕ ਤਾਰੇ,
ਮੇਰੀ ਪੱਛੀ ਦੇ ਵਿਚ ਪਾ ਦੇ।
ਅੱਜ ਇਹ ਭੇਟਾ ਲੈ ਕੇ ਜਾਣੀ,
ਆਪਣੇ ਸੱਜਣ ਦੇ ਮੈਂ ਦੁਆਰੇ!
ਉਹ ਨਿਰਸੰਦੇਹ ਅੰਬਰ ਦੇ ਤਾਰਿਆਂ ਵਰਗੇ ਆਪਣੇ ਕਾਵਿ-ਬੋਲਾਂ ਦੇ ਬੁੱਕ ਸਾਡੀ, ਪਾਠਕਾਂ ਦੀ ਝੋਲੀ ਪਾ ਗਏ ਹਨ ਜੋ ਮੇਰੇ ਵਰਗੇ ਅਨੇਕਾਂ ਦੀ ਸਿਖਾਂਦਰੂ ਕਲਮ ਵਾਸਤੇ ਪ੍ਰੇਰਕ ਬਣੇ ਹਨ।

Be the first to comment

Leave a Reply

Your email address will not be published.