ਲਿਓਨ ਤਰਾਤਸਕੀ ਦੀ ਪ੍ਰਸੰਗਿਕਤਾ ਨੂੰ ਸਮਝਣ ਦੀ ਲੋੜ

ਗੁਰਦਿਆਲ ਬੱਲ ਦਾ ਪੱਤਰ-ਲੇਖ Ḕਲਿਓਨ ਤਰਾਤਸਕੀ ਦੀ ਪ੍ਰਸੰਗਿਕਤਾ ਨੂੰ ਸਮਝਣ ਦੀ ਲੋੜ ਵਜੋਂ’ ਸਮਕਾਲੀਨ ਪੰਜਾਬ ਦੇ ਸੁੰਗੜਦੇ-ਸੁੱਕਦੇ ਪ੍ਰਵਚਨੀ ਭੂ-ਦ੍ਰਿਸ਼ ਵਿਚ ਇਕ ਮਹੱਤਵਪੂਰਨ ਉਪਰਾਲਾ ਹੈ। ਬੱਲ ਨੂੰ ਇਹ ਚੰਗੀ ਤਰ੍ਹਾਂ ਪਤਾ ਹੈ ਕਿ ਅਜਿਹੇ ਲੇਖ ਦੇ ਪਾਠਕਾਂ ਦੀ ਗਿਣਤੀ ਬਹੁਤੀ ਨਹੀਂ ਹੋ ਸਕਦੀ ਪਰ ਫਿਰ ਵੀ ਅਜਿਹੇ ਲੇਖਾਂ ਅਤੇ ਪਾਠਕਾਂ ਦੀ ਹਾਜ਼ਰੀ ਕਿਸੇ ਵੀ ਦੌਰ ਵਿਚ ਮਾਇਨੇ ਰੱਖਦੀ ਹੈ।
ਆਧੁਨਿਕ ਰੂਸ ਦੇ ਇਤਿਹਾਸ ਦੀ ਯਾਤਰਾ ਉਪਰ ਨਿਕਲੇ ਬੱਲ ਦਾ ਮੁੱਖ ਸਰੋਕਾਰ ਇਨਸਾਨੀ ਜ਼ਿੰਦਗੀ ਦੀ ਖ਼ੂਬਸੂਰਤੀ ਨੂੰ ਜਿਉਣਾ ਅਤੇ ਉਸ ਨੂੰ ਜਿਊਣ ਦੀ ਰਾਹ ਵਿਚ ਆਉਂਦੀਆਂ ਰੁਕਾਵਟਾਂ ਦੀ ਨਿਸ਼ਾਨਦੇਹੀ ਕਰਨਾ ਹੈ। ਨਿਜ ਤੋਂ ਸਮਾਜ ਤੱਕ ਦਾ ਸਫ਼ਰ ਕਰਦਿਆਂ ਹੁਸੀਨ ਮਨੁੱਖੀ ਸੁਪਨੇ ਕਿਸ ਤਰ੍ਹਾਂ ਭਿਆਨਕ ਇਤਿਹਾਸਕ ਵਰਤਾਰੇ ਹੋ ਨਿਬੜਦੇ ਹਨ, ਬੱਲ ਇਸ ਸੁਆਲ ਨਾਲ ਬਾਰ-ਬਾਰ ਮੁਖ਼ਾਤਬ ਹੁੰਦਾ ਹੈ। ਜੇਕਰ ਸਟਾਲਿਨ ਦੀਆਂ ਵਧੀਕੀਆਂ ਉਸ ਨੂੰ ਕਿਸੇ ਵੀ ਕੀਮਤ ਉਪਰ ਕਬੂਲ ਨਹੀਂ ਤਾਂ ਕਾਰਣ ਇਹੋ ਹੈ ਕਿ ਉਸ ਨੇ ਜ਼ਿੰਦਗੀ ਦੇ ਖਿਲਾਫ਼ ਨਾ ਮੁਆਫ਼ ਕੀਤੇ ਜਾਣ ਵਾਲੇ ਗੁਨਾਹ ਕੀਤੇ। ਤ੍ਰਾਤਸਕੀ ਦੀ ਅਸਫ਼ਲਤਾ ਜੇਕਰ ਬੱਲ ਨੂੰ ਮਨਜ਼ੂਰ ਹੈ ਤਾਂ ਵੀ ਇਸੇ ਲਈ ਕਿ ਉਸ ਦੇ ਕਿਰਦਾਰ ਅਤੇ ਗੁਫ਼ਤਾਰ ਵਿਚ ਜਿਸ ਸਖਸ਼ੀਅਤ ਦੇ ਦਰਸ਼ਨ ਬੱਲ ਨੂੰ ਹੁੰਦੇ ਹਨ, ਉਹ ਜ਼ਿੰਦਗੀ ਨਾਲ ਬੇਇੰਤਹਾ ਮੁਹੱਬਤ ਦਾ ਨਤੀਜਾ ਹੈ।
ਲੈਨਿਨ ਅਤੇ ਰੂਸੀ ਕ੍ਰਾਂਤੀ ਨੂੰ ਵੀ ਬੱਲ ਰੂਸੀ ਚਿੰਤਨ ਦੀ ਮਹਾਨ ਅਤੇ ਗੰਭੀਰ ਪਰੰਪਰਾ ਦੇ ਪ੍ਰਸੰਗ ਵਿਚ ਵਾਚਦਾ ਹੈ, ਜਿਸ ਵਿਚ ਸੁਹਣੇ ਸਮਾਜ ਅਤੇ ਮਨੁੱਖ ਨੂੰ ਸਿਰਜਣ ਦਾ ਵਿਸ਼ਾ ਪ੍ਰਮੁੱਖ ਹੈ। ਲੇਖਕ ਦਾ ਇਹ ਕਹਿਣਾ ਸਹੀ ਹੈ ਕਿ ਦਾਸਤੋਵਸਕੀ ਵਰਗੇ ਦਰਵੇਸ਼ ਕੋਲ ਇਸ ਸੁਆਲ ਦਾ ਜੁਆਬ ਨਹੀਂ ਸੀ ਕਿ ਮਨੁੱਖੀ ਜੀਵਨ ਦੀ ਸ਼ਾਨ ਨੂੰ ਸਭ ਮਨੁੱਖਾਂ ਲਈ ਬਰਕਰਾਰ ਕਿਵੇਂ ਰੱਖਿਆ ਜਾਵੇ। ਫਿਰ ਵੀ ਇਸ ਨੂੰ ਰੂਸੀ ਸਮਾਜ ਦੀ ਤ੍ਰਾਸਦੀ ਹੀ ਕਿਹਾ ਜਾ ਸਕਦਾ ਹੈ ਉਥੇ ਹਾਲਾਤ ਹੱਥੋਂ ਬਾਹਰ ਨਿਕਲਦੇ ਹੀ ਚਲੇ ਗਏ, ਬੇਸ਼ੱਕ ਈਮਾਨਦਾਰ ਨੇਤਾਵਾਂ ਅਤੇ ਸੁਪਨਸਾਜ਼ਾਂ ਦੀ ਕੋਈ ਘਾਟ ਨਹੀਂ ਸੀ। ਸ਼ਾਇਦ ਅਜਿਹੀ ਤ੍ਰਾਸਦੀ ਵੱਲ ਇਕ ਸੂਖ਼ਮ ਸੰਕੇਤ ਦਾਸਤੋਵਸਕੀ ਆਪਣੇ ਨਾਵਲ Ḕਜ਼ੁਰਮ ਅਤੇ ਸਜ਼ਾḔ ਦੇ ਕਿਰਦਾਰ ਰਾਸਕੌਲਨੀਕੋਵ ਨੂੰ ਸਿਰਜ ਕੇ ਪਹਿਲਾਂ ਹੀ ਕਰ ਗਿਆ ਸੀ।
ਲੇਖ ਦੀ ਸਭ ਤੋਂ ਮਹੱਤਵਪੂਰਨ ਗੱਲ ਮੈਨੂੰ ਇਹ ਲੱਗੀ ਕਿ ਇਸ ਵਿਚ ਇਤਿਹਾਸ ਦੇ ਕਿਰਦਾਰਾਂ ਅਤੇ ਘਟਨਾਵਾਂ ਨੂੰ ਸਿੱਧਰੇਪਣ ਨਾਲ ਜੱਜ ਕਰਨ ਤੋਂ ਗੁਰੇਜ਼ ਕੀਤਾ ਗਿਆ ਹੈ। ਅਫ਼ਗਾਨਿਸਤਾਨ ਵਿਚ ਰੂਸ ਦੇ ਆਉਣ ਦੀਆਂ ਇਤਿਹਾਸਕ ਮਜਬੂਰੀਆਂ ਤੋਂ ਲੈ ਕੇ ਸੋਵੀਅਤ ਯੂਨੀਅਨ ਦੇ ਟੁੱਟਣ ਤੱਕ ਦੀਆਂ ਘਟਨਾਵਾਂ ਨੂੰ ਸਮਝਣ ਲਈ ਮੁਸ਼ੱਕਤ ਦੀ ਲੋੜ ਹੈ। ਆਪੋ ਆਪਣੇ ਘਰੀਂ ਬੈਠ ਕੇ ਫਰਮਾਨ ਸੁਣਾਉਣ ਨਾਲ ਘਟਨਾ ਕ੍ਰਮ ਦੀ ਪੇਚੀਦਗੀ ਤੋਂ ਲੁਕਿਆ ਜਾ ਸਕਦਾ ਹੈ। ਉਸ ਦੀ ਜਟਿਲ ਅਤੇ ਲੁਕਵੀਂ ਬਹੁਪਰਤੀ ਸੱਚਾਈ ਨੂੰ ਸਮਝਣ ਵੱਲ ਕੋਈ ਕਦਮ ਨਹੀਂ ਪੁੱਟਿਆ ਜਾ ਸਕਦਾ। ਲੇਖਕ ਜੇ ਉਸ ਪੇਚੀਦਗੀ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹ ਸ਼ਾਇਦ ਇਸੇ ਲਈ ਕਿ ਉਹ ਬੇਹਤਰ ਸੰਸਾਰ ਬਣਾਉਣ ਦੀਆਂ ਕੋਸ਼ਿਸ਼ਾਂ ਤੋਂ ਅਜੇ ਨਿਰਾਸ਼ ਨਹੀਂ ਹੋਇਆ। ਦੂਜੇ ਪਾਸੇ ਉਹ ਇਤਿਹਾਸ ਦੇ ਕਿਰਦਾਰਾਂ ਨੂੰ ਬਿਨਾਂ ਸਮਝੇ ਦੋਸ਼ੀ ਵੀ ਨਹੀਂ ਠਹਿਰਾਉਣਾ ਚਾਹੁੰਦਾ।
ਲੇਖ ਵਿਚਲੀ ਇਹ ਗੱਲ ਮੈਨੂੰ ਪਾਠਕ ਵਜੋਂ ਖ਼ਾਸੀ ਚੰਗੀ ਲੱਗੀ ਹੈ ਕਿ ਬੱਲ ਨੇ ਨਿੱਗਰ ਦਲੀਲ ਬੰਨੀ ਹੈ ਪਰ ਨਾਲ ਹੀ Ḕਲੇਖ’ (ਯਾਨਿ Ḕਨਿਬੰਧ’) ਨੂੰ ਬੰਧਨਾਂ ਵਿਚ ਲੋੜ ਤੋਂ ਵੱਧ ਬੰਨਣ ਦੀ ਕੋਸ਼ਿਸ਼ ਨਹੀਂ ਕੀਤੀ।
-ਰਾਜੇਸ਼ ਸ਼ਰਮਾ
ਅੰਗਰੇਜ਼ੀ ਵਿਭਾਗ,
ਪੰਜਾਬੀ ਯੂਨੀਵਰਸਿਟੀ ਪਟਿਆਲਾ।

Be the first to comment

Leave a Reply

Your email address will not be published.