ਲਿਓਨ ਤ੍ਰਾਤਸਕੀ ਦੀ ਪ੍ਰਸੰਗਿਕਤਾ

ਗੁਰਦਿਆਲ ਬੱਲ ਦਾ ਆਪਣੇ ਉਨ੍ਹਾਂ ਦੋਸਤਾਂ ਦੇ ਨਾਂ ਇੱਕ ਖੱਤ ਹੈ ਜਿਹੜੇ ਚੜ੍ਹਦੀ ਉਮਰੇ ਮਾਨਵ-ਮੁਕਤੀ ਦੀ ਵਿਸ਼ਵ-ਵਿਆਪੀ ਮਾਰਕਸੀ ਲਹਿਰ ਤੋਂ ਪ੍ਰਭਾਵਿਤ ਹੋਏ। ਇਨ੍ਹਾਂ ਨੇ ਨਿੱਜੀ ਸੁੱਖ ਅਨੰਦ, ਕੈਰੀਅਰ ਤੇ ਨੌਕਰੀਆਂ ਦੀ ਪ੍ਰਵਾਹ ਨਾ ਕਰਦੇ ਹੋਏ, ਜਾਤਾਂ-ਧਰਮਾਂ ਦੇ ਬੰਧਨਾਂ ਅਤੇ ਊਚ-ਨੀਚ ਦੇ ਵਿਚਾਰਾਂ ਤੋਂ ਉਪਰ ਉਠ ਕੇ ਬਸਤੀਵਾਦੀ, ਜੰਗਬਾਜ, ਸਾਮਰਾਜ ਵਿਰੁਧ ਅੰਦੋਲਨ ਨੂੰ ਪ੍ਰਣਾਈਆਂ ਧਿਰਾਂ ਲਈ ਆਪਣੀ ਜਵਾਨੀ ਦੀ ਊਰਜਾ ਸਮਰਪਿਤ ਕੀਤੀ। Ḕਨੌ ਖੰਡ ਪ੍ਰਿਥਵੀḔ ਦਾ ਢੋਆ ਬਣ ਕੇ ਇਤਿਹਾਸ ਦੀ ਸਭ ਤੋਂ ਵਿਆਪਕ ਮਾਨਵ ਭਲਾਈ ਨੂੰ ਸਮਰਪਿਤ ਕਮਿਊਨਿਸਟ ਲਹਿਰ ਵਿਚ ਆਪਣੀਆਂ ਜਾਨਾਂ ਤੇ ਜਵਾਨੀਆਂ ਦੀ ਆਹੂਤੀ ਪਾਈ।
ਗੁਰਦਿਆਲ ਬੱਲ ਨੇ ਆਪਣੇ ਖਤ (ਲੇਖ) ਵਿਚ ਇਸ ਲਹਿਰ ਨਾਲ ਜੁੜੇ, ਖਾਸ ਕਰਕੇ ਰੂਸ ਦੀ ਸਮਾਜਵਾਦੀ ਕ੍ਰਾਂਤੀ ਨਾਲ ਜੁੜੇ ਆਗੂਆਂ ਬਾਰੇ ਜਾਣਕਾਰੀ ਦਿੰਦੇ ਹੋਏ, ਸਮਾਜਵਾਦੀ ਕਿਲੇ ਦੇ ਰਖਵਾਲੇ ਕਹੇ ਜਾਂਦੇ ਜੋਜ਼ਫ ਸਟਾਲਿਨ ਦੀ ਤਬਾਹਕੁਨ ਭੂਮਿਕਾ ਬਾਰੇ ਆਪਣੇ ਵਿਚਾਰ ਪੇਸ਼ ਕੀਤੇ ਹਨ। ਸਟਾਲਿਨ ਨੇ ਸੱਤਾ ‘ਤੇ ਕਾਬਜ਼ ਹੋ ਕੇ ਸਮਾਜਵਾਦੀ ਕ੍ਰਾਂਤੀ ਦੇ ਸਿਰਕੱਢ ਆਗੂਆਂ ਨੂੰ ਜ਼ਲੀਲ ਕੀਤਾ ਅਤੇ ਮੌਤ ਤੱਕ ਦੀਆਂ ਸਜ਼ਾਵਾਂ ਦਿੱਤੀਆਂ। ਉਸ ਨੇ ਆਪਣੇ ਨਾਲੋਂ ਕਿਤੇ ਵੱਡੀ ਯੋਗਤਾ ਤੇ ਸਮਰੱਥਾ ਵਾਲੇ ਸਾਥੀ ਤ੍ਰਾਤਸਕੀ ਨੂੰ ਦੇਸ਼ ਨਿਕਾਲਾ ਦਿੱਤਾ। ਅੰਤ ਆਪਣੇ ਜਸੂਸਾਂ ਰਾਹੀਂ ਉਸ ਨੂੰ ਕਤਲ ਕਰਾਉਣ ਦਾ ਘਿਨਾਉਣਾ ਪਾਪ ਵੀ ਕੀਤਾ। ਸਟਾਲਿਨ ਦੀ ਇਸ ਕਰੂਰਤਾ ਦਾ ਸ਼ਿਕਾਰ ਤ੍ਰਾਤਸਕੀ ਦੀ ਪ੍ਰਸੰਗਿਕਤਾ ਦਰਸਾਉਦੇ ਹੋਏ ਬੱਲ ਨੇ ਸਟਾਲਿਨ ਦੀ ਪੁਨਰ ਸਥਾਪਤੀ ਦੇ ਯਤਨਾਂ ਦੀ ਸੰਭਾਵੀ ਭਿਆਨਕਤਾ ਤੋਂ ਸੁਚੇਤ ਕੀਤਾ ਹੈ।
ਸਮਾਜਵਾਦੀ ਲਹਿਰ ਦੀ Ḕਜਿੱਤ ਕੇ ਹਾਰੀ ਬਾਜ਼ੀḔ ਅਤੇ ਇਸ ਦੁਖਾਂਤ ਲਈ ਸਟਾਲਿਨ ਦੀ ਜਿੰਮੇਵਾਰੀ ਤੈਅ ਕਰਨ ਹਿੱਤ ਬੱਲ ਨੇ ਇਹ ਖਤ ਲਿਖਿਆ ਹੈ। ਉਨ੍ਹਾਂ ਨੇ ਆਪਣੇ ਵਿਚਾਰਾਂ ਦੀ ਪੁਸ਼ਟੀ ਹਿੱਤ ਦਰਜਨਾਂ ਪੁਸਤਕਾਂ ਅਤੇ ਲੇਖਕਾਂ ਦੇ ਹਵਾਲੇ ਦਿੱਤੇ ਹਨ। ਹਰ ਇੱਕ ਸਿਰਕੱਢ ਆਗੂ ਬਾਰੇ ਬੱਲ ਨੇ ਕਿਸੇ ਨਾ ਕਿਸੇ ਪੁਸਤਕ ਦਾ ਸਟੀਕ ਹਵਾਲਾ ਪੇਸ਼ ਕੀਤਾ ਹੈ। ਪਰੰਤੂ ਇਸ ਲਿਖਤ ਉਪਰ ਆਪਣਾ ਪ੍ਰਤੀਕਰਮ ਪੇਸ਼ ਕਰਦੇ ਹੋਏ ਪ੍ਰਭਸ਼ਰਨਦੀਪ ਸਿੰਘ ਹੁਰਾਂ ਨੇ ਬੱਲ ਸਾਹਿਬ ਵੱਲੋਂ ਹਵਾਲਾ ਦਿੱਤੇ ਲਿਖਾਰੀਆਂ ਦੀ ਗਿਣਤੀ ਕਰਕੇ 84 ਨਾਮ ਆਪਣੀ ਟਿੱਪਣੀ ਵਿਚ ਦਰਜ ਕਰਦੇ ਹੋਏੇ ਹਵਾਲਿਆਂ ਦੀ ਏਨੀ ਵੱਡੀ ਗਿਣਤੀ ਨੂੰ ਇੱਕ ਡਿਕਟੇਟਰਾਨਾ ਕਾਰਜ ਕਿਹਾ ਹੈ। ਇਹ ਟਿੱਪਣੀ ਪੜ੍ਹ ਕੇ ਸਾਨੂੰ ਉਨ੍ਹਾਂ ਖੋਜਾਰਥੀਆਂ ਦਾ ਖਿਆਲ ਆਉਂਦਾ ਹੈ ਜਿਹੜੇ ਗੁਰੂਆਸ਼ਾ, ਗੁਰੂਅਮਲ, ਗੁਰੁਸੂਰਤ ਅਤੇ ਗੁਰਬਾਣੀ ਦੇ ਸੰਦੇਸ਼ ਬਾਰੇ ਕੋਈ ਮੌਲਿਕ ਜਾਂ ਅਰਥਭਰਪੂਰ ਵਿਚਾਰ ਪੇਸ਼ ਕਰਨ ਦੀ ਬਜਾਏ, ਕਿਹੜੇ ਗੁਰੂ ਸਾਹਿਬਾਨ ਵੱਲੋਂ, ਕਿੰਨੇ ਰਾਗਾਂ ਵਿਚ, ਕਿੰਨੇ ਸ਼ਬਦ, ਸਲੋਕ, ਪਉੜੀਆਂ, ਅਸ਼ਟਪਦੀਆਂ, ਵਾਰਾਂ ਦੀਆਂ ਕਿੰਨੀਆਂ ਤੁਕਾਂ ਲਿਖੀਆਂ ਹਨ ਆਦਿ ਦਾ ਵੇਰਵਾ ਪੇਸ਼ ਕਰਨ ਨੂੰ ਹੀ ਗੁਰਬਾਣੀ ਦੀ ਖੋਜ ਮੰਨਦੇ ਹਨ। ਇਸ ਨਾਲੋਂ ਪ੍ਰਭਸ਼ਨਰਦੀਪ ਸਿੰਘ ਆਪਣੀ ਟਿੱਪਣੀ ਦਾ ਆਧਾਰ ਕਿਸੇ ਵਿਚਾਰ ਦੀ ਥਾਂ 84 ਨਾਂਵਾਂ ਨੂੰ ਲੈ ਕੇ Ḕ84 ਦਾ ਗੇੜḔ ਸਿਰਲੇਖ ਦਿੱਤਾ ਹੈ। ਉਨ੍ਹਾਂ ਨੇ ਕਿਸੇ ਪੁਸਤਕ ਜਾਂ ਲੇਖਿਕ ਦੇ ਹਵਾਲੇ ਦੇ ਸਬੰਧ ਵਿਚ ਕੋਈ ਇਤਰਾਜ਼, ਮੱਤਭੇਦ ਜਾਂ ਅਣਢੁੱਕਵਾਂ ਹੋਣ ਬਾਰੇ ਕੁਝ ਵੀ ਨਹੀਂ ਕਿਹਾ।
ਸੁਰਜੀਤ ਪਾਤਰ ਦਾ ਸ਼ੇਅਰ ਹੈ,
ਅੱਗ ਦਾ ਸਫਾ ਹੈ ਓਸ ਤੇ ਪਾਣੀ ਦੀ ਲੀਕ ਹਾਂ,
ਉਹ ਬਹਿਸ ਕਰ ਰਹੇ ਨੇ ਕਿ ਗਲਤ ਹਾਂ ਕਿ ਠੀਕ ਹਾਂ।
ਇਸ ਸ਼ੇਅਰ ਵਿਚਲਾ ਵਿਅੰਗ ਅਤੇ ਦੁਖਾਂਤ ਪ੍ਰਭਸ਼ਰਨਦੀਪ ਸਿੰਘ ਹੁਰਾਂ ਦੀ ਟਿੱਪਣੀ ਉਪਰ ਪੂਰੀ ਤਰ੍ਹਾਂ ਢੁੱਕਦਾ ਹੈ। ਸਟਾਲਿਨ ਦੀ ਭੂਮਿਕਾ ਬਾਰੇ ਬੱਲ ਦੇ ਸਟੈਂਡ ਅਤੇ ਤ੍ਰਾਤਸਕੀ ਨੂੰ ਖਤਮ ਕਰਨ, ਰੂਸ ਵਿਚ ਸਮਾਜਵਾਦੀ ਕ੍ਰਾਂਤੀ ਦੇ ਪਤਨ ਅਤੇ ਇਸ ਨਾਲ ਜੁੜੇ ਕਮਿਊਨਿਸਟ ਆਗੂਆਂ ਬਾਰੇ ਉਸ ਨੇ ਬਹੁਤ ਹੀ ਹਮਦਰਦੀ ਭਰੇ ਰੁਖ ਨਾਲ ਜ਼ਿਕਰ ਕੀਤਾ ਹੈ। ਇਸ ਬਾਰੇ ਪ੍ਰਭਸ਼ਰਨਦੀਪ ਸਿੰਘ ਹੁਰਾਂ ਕੋਲ ਕਹਿਣ ਲਈ ਕੁਝ ਵੀ ਨਹੀਂ। ਉਹ ਇਸ ਬੇਲੋੜੀ ਬਹਿਸ ਵਿਚ ਪੈ ਗਏ ਹਨ ਕਿ ਕੀ ਇਹ ਲੇਖ ਹੈ ਜਾਂ (ਅ) ਲੇਖ ਹੈ, ਸਾਹਿਤ ਹੈ ਜਾਂ ਫਿਲਾਸਫੀ। ਅਸੀਂ ਇਸ ਨੂੰ ਮਾਰਕਸਵਾਦੀ ਲਹਿਰ ਦੇ ਪਤਨ ਬਾਰੇ ਲਿਖਿਆ ਇੱਕ ਸ਼ੋਕ-ਗੀਤ (ਮਰਸੀਹਾ) ਕਹਿ ਸਕਦੇ ਹਾਂ। ਬੱਲ ਦੀਆਂ ਚੀਖਾਂ ਉਪਰ ਟਿੱਪਣੀਕਾਰ ਦੀਆਂ ਅੱਖਾਂ ਨੂੰ ਨਮ ਹੋਣਾ ਤਾਂ ਦੂਰ ਦੀ ਗੱਲ, ਆਮ ਜਿਹੀ ਹਮਦਰਦੀ ਵੀ ਮਹਿਸੂਸ ਹੁੰਦੀ ਨਹੀਂ ਜਾਪਦੀ। ਇਸ ਵਰਤਾਰੇ ‘ਤੇ ਸਾਨੂੰ ਉਤਰੀ ਕੋਰੀਆ ਦੇ ਨੱਢੇ ਤਾਨਾਸ਼ਾਹ ਦਾ ਖਿਆਲ ਆਉਂਦਾ ਹੈ ਜਿਸ ਨੇ ਕੁਝ ਦਿਨ ਪਹਿਲਾਂ ਦੇਸ਼ ਦੇ ਇੱਕ ਸ਼ਕਤੀਸ਼ਾਲੀ ਆਗੂ ਅਤੇ ਆਪਣੇ ਸਕੇ ਚਾਚੇ ਨੂੰ ਮ੍ਰਿਤੂ ਦੰਡ ਦੇਣ ਦਾ ਅੱਤ ਘਿਨਾਉਣਾ ਤੇ ਕਰੂਰ ਢੰਗ ਅਪਨਾਉਂਦੇ ਹੋਏ, ਉਸ ਨੂੰ ਭੁੱਖੇ ਸ਼ਿਕਾਰੀ ਕੁੱਤਿਆਂ ਤੋਂ ਆਪਣੀਆਂ ਅੱਖਾਂ ਸਾਹਮਣੇ ਪੜਵਾਇਆ। ਇਸ ਨਜ਼ਾਰੇ ਨੂੰ ਦੇਖਦੇ ਸਮੇਂ ਉਹ ਮੁਸਕਰਾ ਰਿਹਾ ਸੀ। ਉਂਜ ਵੀ ਕੇਵਲ ਖਾਸ ਕਿਸਮ ਦਾ ਬਾਣਾ ਪਾ ਕੇ ਹੀ ਜਿਹੜੇ ਲੋਕ ਸਮਝਦੇ ਹਨ ਕਿ ਉਨ੍ਹਾਂ ਨੂੰ ਬਾਬੇ ਦੀ ਮਿਹਰ ਤੇ ਸਵਰਗਾਂ ਦਾ ਪੀæਆਰæ ਮਿਲ ਗਿਆ ਹੈ। ਉਨ੍ਹਾਂ ਲਈ ਮਾਨਵ ਮੁਕਤੀ ਦੇ ਕਿਸੇ ਵਿਆਪਕ ਅੰਦੋਲਨ ਦੇ ਅਸਫਲ ਹੋ ਜਾਣ ਤੇ ਦੁੱਖ ਹੋਣ ਦੀ ਥਾਂ ਇੱਕ ਕਿਸਮ ਦੀ ਤਸੱਲੀ ਹੀ ਹੁੰਦੀ ਹੈ। ਕੇਵਲ ਅਜਿਹੀ ਮਨੋਦਸ਼ਾ ਹੀ ਕਿਸੇ ਤਵਾਰੀਖੀ ਦੁਖਾਂਤ ਉਪਰ ਲੱਚਰ ਕਿਸਮ ਦਾ ਬਿਦੂਸ਼ਕੀ ਵਿਅੰਗ ਕਰ ਸਕਦੀ ਹੈ।
-ਅਮਰਜੀਤ ਸਿੰਘ ਪਰਾਗ

Be the first to comment

Leave a Reply

Your email address will not be published.