‘ਆਪ’ ਦੀ ਸਿਆਸਤ ਅਤੇ ਭਾਰਤ

ਅੰਗਰੇਜ਼ੀ ਮੁਹਾਵਰਾ ਹੈ-ਏ ਬੁੱਲ ਇਨ ਦਿ ਚਾਈਨਾ ਸ਼ਾਪ, ਯਾਨਿ ਚੀਨੀ ਦੇ ਭਾਂਡਿਆਂ ਦੀ ਦੁਕਾਨ ਵਿਚ ਸਾਨ੍ਹ। ਇਸ ਮੁਹਾਵਰੇ ਦੇ ਅਸਲ ਅਰਥ ਅੱਜ ਕੱਲ੍ਹ ਦਿੱਲੀ ਦਾ ਨਵਾਂ ਬਣਿਆ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਮਝਾ ਰਿਹਾ ਹੈ। ਜਦੋਂ ਦੇ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਏ ਹਨ, ਭਾਰਤ ਦੀ ਸਿਆਸਤ ਵਿਚ ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ (ਆਪ) ਦੀ ਹੀ ਚਰਚਾ ਹੋ ਰਹੀ ਹੈ। ਕੋਈ ਵੀ ਚਿੰਤਕ, ਆਗੂ, ਕਾਰਕੁਨ ਅਤੇ ਆਮ ਬੰਦਾ ਇਸ ਦੇ ਅਸਰ ਤੋਂ ਬਾਹਰ ਨਹੀਂ ਰਹਿ ਸਕਿਆ। ਆਮ ਜਿਹੀ ਚਿੱਟੀ ਟੋਪੀ ਰਾਤੋ-ਰਾਤ ਇਸ ਪਾਰਟੀ ਦੀ ਪਛਾਣ ਬਣ ਗਈ ਹੈ। ਉਂਜ, ਇਹ ਤਾਂ ਅਜੇ ਆਉਣ ਵਾਲੇ ਵਕਤ ਨੇ ਤੈਅ ਕਰਨਾ ਹੈ ਕਿ ‘ਆਪ’ ਭਾਰਤ ਦੀ ਭ੍ਰਿਸ਼ਟ ਸਿਆਸਤ ਨੂੰ ਵੱਢ ਮਾਰਨ ਵਿਚ ਕਿੰਨੀ ਕੁ ਕਾਮਯਾਬ ਰਹੇਗੀ, ਪਰ ਫਿਲਹਾਲ ਇਸ ਭ੍ਰਿਸ਼ਟ ਸਿਆਸਤ ਦੇ ਮੋਹਰੀ ਆਗੂ ਇਸ ਫਿਕਰ ਨਾਲ ਅੱਧੇ ਹੋਏ ਪਏ ਹਨ ਕਿ ਜੇ ‘ਆਪ’ ਦੀ ਸਿਆਸਤ ਕਿਸੇ ਵੀ ਰੂਪ ਵਿਚ ਸਫਲ ਹੋ ਗਈ ਤਾਂ ਉਨ੍ਹਾਂ ਦਾ ਕੀ ਬਣੇਗਾ? ਇਸੇ ਲਈ ਮੁੱਖ ਧਾਰਾ ਸਿਆਸਤ ਨਾਲ ਜੁੜੀਆਂ ਪਾਰਟੀਆਂ ਦੇ ਆਗੂਆਂ ਨੇ ਹੁਣ ਕੇਜਰੀਵਾਲ ਖਿਲਾਫ ਮੋਰਚਾ ਬੰਨ੍ਹਣਾ ਅਤੇ ਚਿੰਤਕਾਂ ਨੇ ਉਸ ਦਾ ਉਹ ਪਿਛੋਕੜ ਫਰੋਲਣਾ ਸ਼ੁਰੂ ਕਰ ਦਿੱਤਾ ਹੈ ਜਦੋਂ ਉਹ ਵਿੱਤ ਮੰਤਰਾਲੇ ਦੇ ਰੈਵਨਿਊ ਵਿਭਾਗ (ਆਮਦਨ ਕਰ) ਵਿਚ ਜਾਇੰਟ ਕਮਿਸ਼ਨਰ ਹੁੰਦਾ ਸੀ। ਬਹੁਤ ਸਾਰੇ ਆਗੂ ਹਨ ਜਿਨ੍ਹਾਂ ਨੇ ਉਸ ਨੂੰ ਅਨਾਰਕਿਸਟ ਦਾ ਰੁਤਬਾ ਦੇ ਮਾਰਿਆ ਹੈ। ਇਸ ਰੁਤਬੇ ਨੂੰ ਉਸ ਨੇ ਖੁਦ ਸਵੀਕਾਰ ਵੀ ਕਰ ਲਿਆ ਹੈ ਅਤੇ ਸਾਫ ਸ਼ਬਦਾਂ ਵਿਚ ਕਹਿ ਦਿੱਤਾ ਹੈ ਕਿ ਹਾਂ! ਉਹ ਅਨਾਰਕਿਸਟ ਹੀ ਹੈ ਤੇ ਸੱਚਮੁੱਚ ਇਸ ਭ੍ਰਿਸ਼ਟ ਢਾਂਚੇ ਨੂੰ ਭੰਨ੍ਹਣ ਦੇ ਹੱਕ ਵਿਚ ਹੈ ਜਿਸ ਨੇ ਆਮ ਆਦਮੀ ਤੋਂ ਉਸ ਦੀ ਆਪਣੀ ਮਰਜ਼ੀ ਖੋਹ ਕੇ ਅਖੌਤੀ ਲੀਡਰਾਂ ਦੇ ਹੱਥਾਂ ਵਿਚ ਫੜਾ ਦਿੱਤੀ ਹੈ। ਭਾਰਤ ਦੀ ਸਿਆਸਤ ਵਿਚ ਇਸ ਤਰ੍ਹਾਂ ਦਾ ਗੜ੍ਹਕਾ ਬੜੀ ਦੇਰ ਬਾਅਦ ਸਾਹਮਣੇ ਆਇਆ ਹੈ। ਮੁੱਖ ਧਾਰਾ ਸਿਆਸਤ ਦੀ ਚੱਕੀ ਵਿਚ ਬੁਰੀ ਤਰ੍ਹਾਂ ਪਿਸ ਰਹੇ ਅਤੇ ਨਿੱਤ ਦਿਨ ਦੀਆਂ ਵਧੀਕੀਆਂ ਤੋਂ ਅੱਕੇ ਲੋਕ ਪਹਿਲਾਂ ਵੀ ਸਿਆਸੀ ਬਦਲ ਲਈ ਅਹੁਲਦੇ ਰਹੇ ਹਨ ਅਤੇ ਜਦੋਂ ਕਿਤੇ ਕਿਸੇ ਨੇ ਉਨ੍ਹਾਂ ਦੀ ਬਾਂਹ ਫੜੀ ਹੈ, ਉਨ੍ਹਾਂ ਨੇ ਭਰਵਾਂ ਹੁੰਗਾਰਾ ਦਿੱਤਾ ਹੈ। ਪੰਜਾਬ ਵਿਚ ਅਕਾਲੀਆਂ ਦੀ ਚੜ੍ਹਤ ਨੂੰ ਇਸ ਪ੍ਰਸੰਗ ਵਿਚ ਸਮਝਿਆ-ਸਮਝਾਇਆ ਜਾ ਸਕਦਾ ਹੈ। ਕਿਸੇ ਜ਼ਮਾਨੇ ਵਿਚ ਲੋਕਾਂ ਨੇ ਕਮਿਊਨਿਸਟ ਪਾਰਟੀਆਂ ਤੋਂ ਵੀ ਵੱਡੀਆਂ ਆਸਾਂ ਰੱਖੀਆਂ ਸਨ। ਅਜੇ ਕੱਲ੍ਹ ਦੀ ਹੀ ਗੱਲ ਹੈ, ਲੋਕਾਂ ਨੇ ਇਹੀ ਉਮੀਦਾਂ ਬਾਦਲਾਂ ਤੋਂ ਬਾਗੀ ਹੋਏ ਮਨਪ੍ਰੀਤ ਸਿੰਘ ਬਾਦਲ ਤੋਂ ਵੀ ਲਾਈਆਂ ਸਨ।
‘ਆਪ’ ਅਤੇ ਅਰਵਿੰਦ ਕੇਜਰੀਵਾਲ ਦੇ ਕੇਸ ਵਿਚ ਵਾਧਾ ਇਹ ਹੈ ਕਿ ਉਹ ਇਸ ਭ੍ਰਿਸ਼ਟ, ਮਹਿੰਗੇ ਅਤੇ ਬਾਹੂਬਲ ਦੇ ਜ਼ੋਰ ਚਲਦੇ ਚੋਣ ਢਾਂਚੇ ਵਿਚੋਂ ਜੇਤੂ ਹੋ ਕੇ ਨਿਕਲਿਆ ਹੈ ਅਤੇ ਦਿੱਲੀ ਸੂਬੇ ਦੀ ਸਿਆਸਤ ਵਿਚ ਝੰਡਾ ਗੱਡਣ ਵਿਚ ਸਫਲ ਰਿਹਾ ਹੈ। ਸਫਲ ਹੀ ਨਹੀਂ ਰਿਹਾ, ਉਸ ਨੇ ਸੱਤਾ ਸੰਭਾਲਣ ਤੋਂ ਬਾਅਦ ਵੀ ਆਪਣੀ ‘ਅਨਾਰਕਿਸਟ’ ਸਿਆਸਤ ਜਾਰੀ ਰੱਖੀ ਹੈ। ਆਮ ਕਰ ਕੇ ਬਾਗੀਆਂ ਨੂੰ ਇਹ ਉਲਾਂਭਾ ਮਿਲਦਾ ਰਿਹਾ ਹੈ ਕਿ ਉਹ ਸੱਤਾ ਵਿਚ ਆਉਣ ਸਾਰ ਹੋਰ ਢੰਗ-ਤਰੀਕਿਆਂ ਨਾਲ ਸੋਚਣ-ਵਿਚਰਨ ਲੱਗ ਪੈਂਦੇ ਹਨ। ਉਹ ਇਹ ਵੀ ਕਹਿੰਦੇ ਸੁਣੀਂਦੇ ਹਨ ਕਿ ਜਦੋਂ ਸਿਸਟਮ ਚਲਾਉਣਾ ਹੋਵੇ, ਤਾਂ ਥੋੜ੍ਹਾ-ਬਹੁਤ ਪੈਰ ਤਾਂ ਪਿਛਾਂਹ ਕਰਨਾ ਹੀ ਪੈਂਦਾ ਹੈ ਪਰ ਕੇਜਰੀਵਾਲ ਨੇ ਮੁੱਖ ਮੰਤਰੀ ਬਣਦਿਆਂ ਹੀ, ਪੈਂਦੀ ਸੱਟੇ ਸ਼ੀਲਾ ਦੀਕਸ਼ਿਤ ਸਰਕਾਰ ਦੇ ਕਈ ਫੈਸਲੇ ਉਲਟਾ ਦਿੱਤੇ। ਨਾਲ ਹੀ, ਆਪਣੇ ਮੈਨੀਫੈਸਟੋ ਵਿਚ ਦਰਜ ਵਾਅਦਿਆਂ ਮੁਤਾਬਕ ਲੋਕਾਂ ਨੂੰ ਰਾਹਤ ਵੀ ਦਿੱਤੀ।
ਇਹੀ ਉਹ ਨੁਕਤਾ ਹੈ ਜਿਥੋਂ ‘ਆਪ’ ਅਤੇ ਮੁੱਖ ਧਾਰਾ ਸਿਆਸਤ ਦੀ ਅਸਲ ਬਹਿਸ ਅਰੰਭ ਹੁੰਦੀ ਹੈ। ਦਿੱਲੀ ਵਿਚ ਹੁਣ ਇਸੇ ਮੁੱਖ ਮੰਤਰੀ ਅਤੇ ਉਸ ਦੀ ‘ਆਪ’ ਨੇ ਧਰਨਾ ਮਾਰਿਆ, ਤੇ ਕੇਂਦਰ ਸਰਕਾਰ ਨੂੰ ਗੋਡਿਆਂ ਪਰਨੇ ਕਰ ਦਿੱਤਾ। ਭਾਰਤ ਦੇ ਇਤਿਹਾਸ ਵਿਚ ਇਹ ਸ਼ਾਇਦ ਪਹਿਲੀ ਵਾਰ ਹੀ ਹੈ ਕਿ ਕਿਸੇ ਸੂਬੇ ਦੇ ਮੁੱਖ ਮੰਤਰੀ ਨੇ ਮੰਗਾਂ ਮੰਨਵਾਉਣ ਲਈ ਇਉਂ ਸੜਕਾਂ ਉਤੇ ਰਾਤ ਬਿਤਾਈ ਹੋਵੇ। ਹੁਣ ਤਾਂ ਇਹ ਬਹਿਸ ਵੀ ਚੱਲ ਨਿਕਲੀ ਹੈ ਕਿ ਕੇਂਦਰ ਸਰਕਾਰ ਅਤੇ ਭਾਰਤੀ ਸਟੇਟ ਅਜਿਹੇ ਮੁੱਖ ਮੰਤਰੀ ਨੂੰ ਕਦੋਂ ਤੱਕ ਬਰਦਾਸ਼ਤ ਕਰੇਗੀ? ਇਹ ਸਵਾਲ ਵੀ ਹੁਣ ਉਠ ਰਹੇ ਹਨ ਕਿ ਇਸ ਢਾਂਚੇ ਵਿਚ ਅਜਿਹੀ ਸਿਆਸਤ ਲਈ ਕੋਈ ਥਾਂ ਹੈ ਵੀ? ਗਲ ਗਲ ਤੱਕ ਭ੍ਰਿਸ਼ਟਾਚਾਰ ਵਿਚ ਡੁੱਬੇ ਢਾਂਚੇ ਵਿਚ ਕਿਸੇ ਤਰ੍ਹਾਂ ਦੀ ਲੋਕ-ਪੱਖੀ ਤਬਦੀਲੀ ਸੰਭਵ ਵੀ ਹੈ? ਇਨ੍ਹਾਂ ਸਵਾਲਾਂ ਦੇ ਜਵਾਬ ਆਉਣ ਵਾਲੇ ਸਮੇਂ ਨੇ ਦੇਣੇ ਹਨ। ਹੁਣ ਇਸ ‘ਬਦਲਵੀਂ’ ਸਿਆਸਤ ਦੀ ਅਗਾਂਹ ਉਡਾਣ ਲਈ ਸਿਰਫ ਇਕ ਕਸਰ ਬਾਕੀ ਹੈ ਕਿ ‘ਆਪ’ ਦੇ ਲੀਡਰ ਆਪਣੇ-ਆਪ ਨੂੰ ਧੜੱਲੇਦਾਰ ਲੀਡਰ ਸਾਬਤ ਕਰਨ। ਹਾਲ ਹੀ ਵਿਚ ਕੁਝ ਅਜਿਹੀਆਂ ਘਟਨਾਵਾਂ ਹੋ ਗਈਆਂ ਹਨ ਜਿਨ੍ਹਾਂ ਨਾਲ ਉਨ੍ਹਾਂ ਦੀ ਅਗਵਾਈ ਕਰਨ ਦੀ ਸਮਰੱਥਾ ਉਤੇ ਸਵਾਲ ਖੜ੍ਹੇ ਹੋਏ ਹਨ। ਫਿਰ ਵੀ, ਜੋ ਲੋਕ ਇਸ ਸਮੁੱਚੇ ਢਾਂਚੇ ਨੂੰ ਵੰਗਾਰ ਕੇ ਲੜਾਈ ਨੂੰ ਇਸ ਮੁਕਾਮ ਤੱਕ ਲਿਜਾਣ ਵਿਚ ਕਾਮਯਾਬ ਹੋਏ ਹਨ, ਉਨ੍ਹਾਂ ਨੂੰ ਇਕ ਮੌਕਾ ਤਾਂ ਜ਼ਰੂਰ ਮਿਲਣਾ ਹੀ ਚਾਹੀਦਾ ਹੈ। ਨਾਲੇ ਇਹ ਤਾਂ ਕੁਦਰਤ ਦਾ ਨੇਮ ਵੀ ਹੈ, ਤੇ ਇਸ ਨੂੰ ਝੁਠਲਾਇਆ ਵੀ ਨਹੀਂ ਜਾ ਸਕੇਗਾ ਕਿ ਜਿਸ ਪਾਰਟੀ ਜਾਂ ਸ਼ਖਸ ਵਿਚ ਜਿੰਦ-ਪ੍ਰਾਣ ਹੋਏ, ਉਹ ਹੀ ਇਸ ਢਾਂਚੇ ਵਿਚ ਆਪਣੀ ਹੋਂਦ ਕਾਇਮ ਰੱਖ ਸਕੇਗਾ। ਇਹ ਕੰਮ ਸਦਾ ਔਖਾ ਹੁੰਦਾ ਹੈ, ਪਰ ਅਸੰਭਵ ਨਹੀਂ। ਦੇਖਣਾ ਇਹ ਹੈ ਕਿ ‘ਆਪ’ ਵਾਲੇ ਆਪਣੇ ਇਸ ਸਫਰ ਨੂੰ ਕਿਸ ਪੱਧਰ ਤੱਕ ਪਹੁੰਚਾ ਪਾਉਂਦੇ ਹਨ। ਇਨ੍ਹਾਂ ਲਈ ਹਰ ਦਿਨ, ਅਜ਼ਮਾਇਸ਼ ਦਾ ਦਿਨ ਹੈ ਪਰ ਆ ਰਹੀਆਂ ਲੋਕ ਸਭਾ ਚੋਣਾਂ ਇਨ੍ਹਾਂ ਦੀ ਅਸਲ ਪਰਖ ਹੋਵੇਗੀ। ਇਸ ਅਜ਼ਮਾਇਸ਼ ਵਿਚ ‘ਆਪ’ ਦੀ ਸਫਲਤਾ ਭਾਰਤ ਦੀ ਸਿਆਸਤ ਵਿਚ ਅਸਲੋਂ ਨਵਾਂ ਰਾਹ ਖੋਲ੍ਹ ਸਕਦੀ ਹੈ ਜਿਸ ਦੀ ਉਮੀਦ ਲੋਕ ਚਿਰਾਂ ਤੋਂ ਲਾਈ ਬੈਠੇ ਹਨ।

Be the first to comment

Leave a Reply

Your email address will not be published.