‘ਆਰਕਸ਼ਣ’ ਤੋਂ ਬਾਅਦ ਇਕ ਵਾਰ ਫਿਰ ਪ੍ਰਕਾਸ਼ ਝਾਅ ਨੇ ਲੋਕਾਈ ਨਾਲ ਜੁੜਿਆ ਮੁੱਦਾ ਚੁੱਕਿਆ ਹੈ। ਆਪਣੀ ਫਿਲਮ ‘ਚੱਕਰਵਿਊ’ ਵਿਚ ਪ੍ਰਕਾਸ਼ ਝਾਅ ਨੇ ਦੇਸ਼ ਦੇ ਦੋ-ਢਾਈ ਸੌ ਜ਼ਿਲ੍ਹਿਆਂ ਵਿਚ ਚੱਲ ਰਹੀ ਮਾਓਵਾਦੀ ਲਹਿਰ ਦੇ ਕਾਰਨਾਂ, ਮਾਓਵਾਦੀ ਗੁਰੀਲਿਆਂ ਦੀ ਯੁੱਧਨੀਤੀ ਤੇ ਆਦਿਵਾਸੀ ਲੋਕਾਂ ਦੀਆਂ ਅਣਗੌਲੇ ਕੀਤੇ ਜਾ ਰਹੇ ਜਿਉਣ ਹਾਲਾਤ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ।
ਫਿਲਮ ਦੀ ਸ਼ੁਰੂਆਤ ਗੋਬਿੰਦ ਸੂਰਿਆਵੰਸ਼ੀ ਦੀ ਗ੍ਰਿਫਤਾਰੀ ਤੋਂ ਹੁੰਦੀ ਹੈ ਜਿਸ ਦਾ ਰੋਲ ਓਮ ਪੁਰੀ ਵੱਲੋਂ ਨਿਭਾਇਆ ਗਿਆ ਹੈ। ਗੋਬਿੰਦ ਸੂਰਿਆਵੰਸ਼ੀ ਦਾ ਕਿਰਦਾਰ ਕੋਬਾੜ ਗਾਂਧੀ ਤੋਂ ਪ੍ਰਭਾਵਿਤ ਹੈ ਜਿਸ ਦੀ ਗ੍ਰਿਫਤਾਰੀ ਬਿਲਕੁਲ ਉਸੇ ਅੰਦਾਜ਼ ਵਿਚ ਹੁੰਦੀ ਹੈ ਜਿਸ ਤਰ੍ਹਾਂ ਰਾਹੁਲ ਪੰਡਿਤਾ ਨੇ ਆਪਣੀ ਕਿਤਾਬ ‘ਹੈਲੋ ਬਸਤਰ’ ਵਿਚ ਦਿਖਾਈ ਹੈ। ਫਿਲਮ ਬੜੀ ਤੇਜ਼ੀ ਨਾਲ ਚੱਲਦੀ ਹੈ ਤੇ ਬਹੁਤ ਸਾਰੀਆਂ ਘਟਨਾਵਾਂ ਨੂੰ ਤੋੜ ਮੋਰੜ ਕੇ ਪੇਸ਼ ਕੀਤਾ ਗਿਆ ਹੈ।
ਨੰਦੀ ਗ੍ਰਾਮ ਨੂੰ ਨੰਦੀਘਾਟ ਕਰ ਦਿੱਤਾ ਗਿਆ ਜਿੱਥੇ ਐਸ਼ਪੀæ ਆਦਿਲ ਖਾਨ ਦਾ ਤਬਾਦਲਾ ਹੁੰਦਾ ਹੈ ਜਿਸ ਨੂੰ ‘ਰਾਜਨ’ (ਮਨੋਜ ਵਾਜਪਾਈ) ਨਾਂ ਦੇ ਮਾਓਵਾਦੀ ਕਮਾਂਡਰ ਨੂੰ ਫੜਨ ਲਈ ਖਾਸ ਤੌਰ ‘ਤੇ ਲਿਆਂਦਾ ਜਾਂਦਾ ਹੈ। ਐਸ਼ਪੀæ ਖਾਨ ਆਦਿਵਾਸੀਆਂ ਦੇ ਜ਼ਖਮਾਂ ‘ਤੇ ਮਰਹਮ ਲਾਉਣ ਦੀ ਕੋਸ਼ਿਸ਼ ਕਰਦਾ ਹੈ। ਲੋਕਾਂ ਨੂੰ ਸਰਕਾਰ ਦੀਆਂ ਸਫਾਈਆਂ ਦਿੰਦਾ ਹੈ ਪਰ ਦੂਜੇ ਪਾਸੇ ਮਾਓਵਾਦੀ ਕਮਾਂਡਰ ‘ਰਾਜਨ’ ਆਪਣੀਆਂ ਦਲੀਲਾਂ ਦੇ ਕੇ ਸਰਕਾਰ ਦੇ ਚਿਹਰੇ ਨੂੰ ਨੰਗਾ ਕਰਨ ਦੀ ਕੋਸ਼ਿਸ਼ ਵਿਚ ਲੱਗਾ ਰਹਿੰਦਾ ਹੈ।
ਸਰਕਾਰ ਜਿਸ ਤਰ੍ਹਾਂ ਆਦਿਵਾਸੀਆਂ ਦਾ ਉਜਾੜਾ ਕਰ ਰਹੀ ਹੈ ਤੇ ਜੰਗਲ-ਜ਼ਮੀਨ ਵਿਦੇਸ਼ੀ ਕੰਪਨੀਆਂ ਨੂੰ ਦੇ ਰਹੀ ਹੈ, ਇਹ ਸਭ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਨੇਤਾਵਾਂ ਵੱਲੋਂ ਆਦਿਵਾਸੀਆਂ ਦੀ ਪ੍ਰਵਾਹ ਕਰੇ ਬਿਨ੍ਹਾ ‘ਮਹਾਨਤਾ’ (ਵੇਦਾਂਤਾ) ਵਰਗੀਆਂ ਕੰਪਨੀਆਂ ਦੇ ਹਿੱਤਾਂ ਨੂੰ ਪੂਰਿਆ ਜਾਂਦਾ ਹੈ। ਰਣਬੀਰ ਸੈਨਾ ਵਰਗੇ ਸੰਗਠਨਾਂ ਨੂੰ ਕਿਸ ਤਰ੍ਹਾਂ ਜ਼ਮੀਨਾਂ ਖਾਲੀ ਕਰਾਉਣ ਲਈ ਵਰਤਿਆ ਜਾਂਦਾ ਹੈ, ਇਹ ਸਭ ਵੀ ਦਿਖਾਇਆ ਗਿਆ ਹੈ ਪਰ ਬਹੁਤ ਛੋਟੇ ਰੂਪ ਵਿਚ ਦਿਖਾਈਆਂ ਗਈਆਂ ਬਹੁਤ ਸਾਰੀਆਂ ਚੀਜ਼ਾਂ ਸਥਾਪਤ ਨਹੀਂ ਹੋ ਪਾਉਂਦੀਆਂ। ਲੋਕਾਂ ਦੇ ਦਰਦ ਨੂੰ ਘੱਟ ਬਿਆਨ ਕੀਤਾ ਗਿਆ ਹੈ। ਐਸ ਪੀ ਆਦਿਲ ਦਾ ਦੋਸਤ ਕਬੀਰ (ਅਭੈ ਦਿਉਲ) ਬੜੀ ਅਸਾਨੀ ਨਾਲ ਮਾਓਵਾਦੀਆਂ ਦੇ ਦਲ ਵਿਚ ਸ਼ਾਮਲ ਹੋ ਜਾਂਦਾ ਹੈ।
ਭਾਂਵੇ ਕਿ ਕਬੀਰ (ਅਭੈ ਦਿਓਲ) ਰਾਜਨ (ਮਨੋਜ ਵਾਜਪਾਈ) ਨੂੰ ਗ੍ਰਿਫਤਾਰ ਕਰਵਾਉਣ ਲਈ ਪੁਲਿਸ ਦਾ ਮੁਖਬਰ ਬਣ ਕੇ ਜਾਂਦਾ ਹੈ ਜਿਸ ਕਾਰਨ ਮਾਓਵਾਦੀਆਂ ਦਾ ਕਾਫੀ ਨੁਕਸਾਨ ਵੀ ਹੁੰਦਾ ਹੈ ਪਰ ਆਖਰ ਵਿਚ ਉਹ ਨਕਸਲਵਾਦੀਆਂ ਦੀ ਲੋਕ ਲਹਿਰ ਦਾ ਸਿਪਾਹੀ ਬਣ ਜਾਂਦਾ ਹੈ ਤੇ ਲਾਲ ਰੰਗ ਵਿਚ ਰੰਗ ਜਾਂਦਾ ਹੈ। ਉਹ ਨੇੜੇ ਤੋਂ ਉਨ੍ਹਾਂ ਦੀ ਲਹਿਰ ਨੂੰ ਦੇਖਦਾ ਹੈ, ਆਦਿਵਾਸੀਆਂ ਦੀਆਂ ਦੁੱਖ ਤਕਲੀਫਾਂ ਨੂੰ ਸਮਝਦਾ ਹੈ ਤਾਂ ਉਸ ਨੂੰ ਪਤਾ ਹੀ ਨਹੀਂ ਲੱਗਦਾ ਕਿ ਕਦੋਂ ਉਹ ਸੰਪੂਰਨ ਗੁਰੀਲਾ ਬਣ ਜਾਂਦਾ ਹੈ।
ਫਿਲਮ ਵਿਚ ਮਾਓਵਾਦੀ ਗੂਰੀਲਾ ਜੂਹੀ (ਅੰਜਲੀ ਪਾਟਿਲ) ਦਾ ਰੋਲ ਬੜਾ ਸ਼ਾਨਦਾਰ ਤੇ ਜੋਸ਼ੀਲਾ ਹੈ। ‘ਜੂਹੀ’ ਲਹਿਰ ਦੀ ਉਹ ਸਿਪਾਹੀ ਹੈ ਜੋ ਉਨ੍ਹਾਂ ਆਦਿਵਾਸੀ ਔਰਤਾਂ ਦੀ ਪ੍ਰਤੀਨਿਧਤਾ ਕਰਦੀ ਹੈ ਜੋ ਪੁਲਿਸ ਤੇ ਫੌਜ ਦੀਆਂ ਸਤਾਈਆਂ ਹੋਈਆਂ ਹਨ। ਆਜ਼ਾਦ ਭਾਰਤ ਵਿਚ ਗੁਲਾਮੀ ਦੀ ਜ਼ਿੰਦਗੀ ਜੀਅ ਰਹੀਆਂ ਹਨ। ਉਹ ਸਿਸਟਮ ਦੇ ਅੱਤਿਆਚਾਰ ਦਾ ਸ਼ਿਕਾਰ ਤਾਂ ਹੁੰਦੀ ਹੈ ਪਰ ਗੋਡੇ ਨਹੀਂ ਟੇਕਦੀ ਤੇ ਵਿਦਹੋਰ ਕਰਦੀ ਹੋਈ ਲਹਿਰ ਵਿਚ ਕੁੱਦ ਜਾਂਦੀ ਹੈ।
ਉਸ ਦੀ ਲੀਡਰਸ਼ਿਪ ਇਹ ਵੀ ਦਰਸਾਉਂਦੀ ਹੈ ਕਿ ਕੁੜੀਆਂ ਦੀ ਅਗਵਾਈ ਵਿਚ ਵੀ ਇਨਕਲਾਬ ਦੀ ਲੜਾਈ ਲੜੀ ਜਾ ਸਕਦੀ ਹੈ। ਪੁਲਿਸ ਦੀ ਐਨਕਾਊਂਟਰ ਕਰਨ ਦੀ ਚਾਹਤ ਤੇ ਤਸ਼ੱਦਦ ਨੂੰ ਬਾਖੂਬੀ ਪੇਸ਼ ਕੀਤਾ ਗਿਆ ਹੈ ਕਿ ਕਿਸ ਤਰ੍ਹਾਂ ਸਿਰਫ ਤਮਗਿਆਂ ਲਈ ਬੇਕਸੂਰ ਲੋਕਾਂ ਦਾ ਹੀ ਨਹੀਂ ਸਗੋਂ ਪੁਲਿਸ ਦਾ ਵੀ ਕਤਲੇਆਮ ਕਰਵਾ ਦਿੱਤਾ ਜਾਂਦਾ ਹੈ। ਭਾਂਵੇਂ ਕਿ ਫਿਲਮ ਮਾਓਵਾਦੀਆਂ ਦੀ ਲੜਾਈ ਦੇ ਹੱਕ ਵਿਚ ਹੀ ਭੁਗਤਦੀ ਹੈ ਪਰ ਇਹ ਸਵਾਲ ਵੀ ਉਠਾਉਂਦੀ ਹੈ ਕਿ ਜੋ ਲੋਕ ਸਿਰਫ 20 ਤੱਕ ਗਿਣਤੀ ਜਾਣਦੇ ਨੇ, 21 ਕੀ ਹੁੰਦਾ ਹੈ ਉਨ੍ਹਾਂ ਨੂੰ ਪਤਾ ਨਹੀਂ ਤਾਂ ਫਿਰ ਉਹ ਲੋਕ ਕਿਵੇਂ ਇਨਕਲਾਬ ਕਰ ਸਕਦੇ ਨੇ, ਕਿਵੇਂ ਸੱਤਾ ਪ੍ਰਵਿਰਤਨ ਕਰਨਗੇ?
-ਅਵਤਾਰ ਸਿੰਘ
Leave a Reply