ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੀ ਸਾਂਝੀ ਤਾਲਮੇਲ ਕਮੇਟੀ ਦੀ ਮੀਟਿੰਗ ਦੌਰਾਨ ਅੰਮ੍ਰਿਤਸਰ ਪਾਰਲੀਮਾਨੀ ਹਲਕੇ ਤੋਂ ਸੀਨੀਅਰ ਭਾਜਪਾ ਆਗੂ ਅਰੁਣ ਜੇਤਲੀ ਨੂੰ ਉਮੀਦਵਾਰ ਬਣਾਉਣ ਬਾਰੇ ਚਰਚਾ ਕੀਤੀ ਗਈ। ਪਾਰਟੀ ਦੇ ਸੀਨੀਅਰ ਆਗੂ ਨੇ ਇਸ ਤੱਥ ਦੀ ਪੁਸ਼ਟੀ ਕੀਤੀ ਹੈ।
ਸੂਤਰਾਂ ਅਨੁਸਾਰ ਭਾਜਪਾ ਦੀ ਸੂਬਾਈ ਇਕਾਈ ਨੇ ਮੁੱਖ ਭਾਈਵਾਲਾਂ ਨੂੰ ਸਪਸ਼ਟ ਤੌਰ ‘ਤੇ ਕਿਹਾ ਕਿ ਅੰਮ੍ਰਿਤਸਰ ਤੋਂ ਅਰੁਣ ਜੇਤਲੀ ਜਿੱਤਣ ਦੀ ਸਮਰਥਾ ਰੱਖਦੇ ਹਨ। ਭਾਜਪਾ ਆਗੂਆਂ ਨੇ ਤਾਂ ਇਹ ਵੀ ਕਿਹਾ ਕਿ ਆਗਾਮੀ ਲੋਕ ਸਭਾ ਚੋਣਾਂ ਦੌਰਾਨ ਜੇਕਰ ਸ੍ਰੀ ਜੇਤਲੀ ਅੰਮ੍ਰਿਤਸਰ ਤੋਂ ਉਮੀਦਵਾਰ ਹੋਣ ਤਾਂ ਆਸ-ਪਾਸ ਦੀਆਂ ਸੀਟਾਂ ‘ਤੇ ਵੀ ਇਸ ਦਾ ਹਾਂ-ਪੱਖੀ ਅਸਰ ਪਵੇਗਾ।
ਸੂਤਰਾਂ ਮੁਤਾਬਕ ਪਾਰਟੀ ਦੇ ਸੂਬਾ ਪ੍ਰਧਾਨ ਕਮਲ ਸ਼ਰਮਾ ਤੇ ਹੋਰ ਭਾਜਪਾ ਆਗੂਆਂ ਨੇ ਮੀਟਿੰਗ ਦੌਰਾਨ ਕਿਹਾ ਕਿ ਬੇਸ਼ੱਕ ਇਸ ਤੋਂ ਪਹਿਲਾਂ ਵੀ ਅੰਮ੍ਰਿਤਸਰ ਤੋਂ ਉਮੀਦਵਾਰੀ ਬਾਰੇ ਸ੍ਰੀ ਜੇਤਲੀ ਨਾਲ ਗੱਲਬਾਤ ਹੋ ਚੁੱਕੀ ਹੈ ਜਿਸ ਸਬੰਧੀ ਉਨ੍ਹਾਂ (ਜੇਤਲੀ) ਹਾਮੀ ਨਹੀਂ ਭਰੀ ਸੀ। ਉਨ੍ਹਾਂ ਕਿਹਾ ਕਿ ਮੁੜ ਤੋਂ ਇਸ ਮਸਲੇ ‘ਤੇ ਹਾਈਕਮਾਂਡ ਨਾਲ ਗੱਲ ਕੀਤੀ ਜਾਵੇਗੀ। ਭਾਜਪਾ ਆਗੂਆਂ ਵੱਲੋਂ ਪਹਿਲੀ ਵਾਰੀ ਭਾਈਵਾਲਾਂ ਨਾਲ ਮੀਟਿੰਗ ਦੌਰਾਨ ਇਸ ਮੁੱਦੇ ‘ਤੇ ਚਰਚਾ ਕੀਤੀ ਗਈ।
ਅੰਮ੍ਰਿਤਸਰ ਲੋਕ ਸਭਾ ਹਲਕੇ ਦੀ ਨੁਮਾਇੰਦਗੀ ਇਸ ਸਮੇਂ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਕਰ ਰਹੇ ਹਨ। ਉਹ ਲਗਾਤਾਰ ਤੀਜੀ ਵਾਰ ਇਸ ਹਲਕੇ ਤੋਂ ਜਿੱਤੇ ਹਨ। ਪਿਛਲੇ ਸਮੇਂ ਤੋਂ ਸ਼ ਸਿੱਧੂ ਦੀ ਪਾਰਟੀ ਦੇ ਸੂਬਾਈ ਆਗੂਆਂ ਤੇ ਅਕਾਲੀ ਆਗੂਆਂ ਨਾਲ ‘ਅਣਬਣ’ ਚੱਲ ਰਹੀ ਹੈ। ਪਾਰਟੀ ਵੱਲੋਂ ਉਮੀਦਵਾਰ ਬਦਲੇ ਜਾਣ ਦੀ ਚਰਚਾ ਕਾਫ਼ੀ ਦੇਰ ਤੋਂ ਚੱਲ ਰਹੀ ਹੈ। ਅਕਾਲੀ-ਭਾਜਪਾ ਦੀ ਸਾਂਝੀ ਕੋਰ ਕਮੇਟੀ ਦੀ ਮੀਟਿੰਗ ਦੌਰਾਨ ਇਸ ਮਾਮਲੇ ‘ਤੇ ਚਰਚਾ ਹੋਣ ਕਾਰਨ ਅੰਮ੍ਰਿਤਸਰ ਤੋਂ ਉਮੀਦਵਾਰ ਬਦਲੇ ਜਾਣ ਦੀ ਸੰਭਾਵਨਾ ਨੂੰ ਬਲ ਮਿਲਿਆ ਹੈ।
ਉਧਰ ਸੰਸਦ ਮੈਂਬਰ ਨਵਜੋਤ ਸਿੰਘ ਸਿੱਧੂ ਤੇ ਉਨ੍ਹਾਂ ਦੀ ਪਤਨੀ ਸੰਸਦੀ ਸਕੱਤਰ ਡਾæ ਨਵਜੋਤ ਕੌਰ ਸਿੱਧੂ ਨੂੰ ਲੰਘੇ ਦਿਨੀਂ ਉਨ੍ਹਾਂ ਦੇ ਆਪਣੇ ਸੰਸਦੀ ਹਲਕੇ ਵਿਚ ਉਸ ਸਮੇਂ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ ਜਦੋਂ ਇਥੇ ਉਦਘਾਟਨੀ ਸਮਾਗਮ ਵਿਚ ਪੁੱਜੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਇਸ ਜੋੜੇ ਨਾਲ ਸੱਤ-ਕਸੱਤ ਕਰਨਾ ਤਾਂ ਦੂਰ ਦੀ ਗੱਲ ਸਗੋਂ ਸਾਰੇ ਸਮਾਗਮ ਵਿਚ ਇਨ੍ਹਾਂ ਦੇ ਮੂੰਹ ਲੱਗਣ ਤੋਂ ਵੀ ਟਾਲਾ ਵੱਟੀ ਰੱਖਿਆ।
ਉਂਝ ਸਮਾਗਮ ਵਿਚ ਸੰਬੋਧਨ ਦੌਰਾਨ ਬਾਦਲ ਨੇ ਦਾਅਵਾ ਜ਼ਰੂਰ ਕੀਤਾ ਕਿ ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਭਾਰਤੀ ਜਨਤਾ ਪਾਰਟੀ ਜਿਸ ਵੀ ਉਮੀਦਵਾਰ ਨੂੰ ਮੈਦਾਨ ਵਿਚ ਉਤਾਰੇਗੀ, ਸ਼੍ਰੋਮਣੀ ਅਕਾਲੀ ਦਲ ਉਸ ਨੂੰ ਜਿਤਾਉਣ ਲਈ ਭਰਪੂਰ ਸਹਿਯੋਗ ਦੇਵੇਗੀ। ਉਦਘਾਟਨ ਵਾਲੀ ਥਾਂ ‘ਤੇ ਸਿੱਧੂ ਜੋੜੇ ਤੋਂ ਇਲਾਵਾ ਕੈਬਨਿਟ ਮੰਤਰੀ ਅਨਿਲ ਜੋਸ਼ੀ, ਸੰਸਦੀ ਸਕੱਤਰ ਇੰਦਰਬੀਰ ਸਿੰਘ ਬੁਲਾਰੀਆ, ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਰਜਿੰਦਰ ਮੋਹਨ ਸਿੰਘ ਛੀਨਾ ਤੇ ਤਰੁਣ ਚੁੱਘ ਸਮੇਤ ਹੋਰ ਆਗੂ ਹਾਜ਼ਰ ਸਨ। ਇਹ ਸਾਰੇ ਆਗੂ ਇਕ ਕਤਾਰ ਵਿਚ ਉਪ ਮੁੱਖ ਮੰਤਰੀ ਨੂੰ ਜੀ ਆਇਆਂ ਕਹਿਣ ਲਈ ਖੜ੍ਹੇ ਸਨ ਤੇ ਇਸੇ ਕਤਾਰ ਵਿਚ ਹੀ ਸਿੱਧੂ ਪਤੀ-ਪਤਨੀ ਵੀ ਸਨ।
ਸ਼ ਬਾਦਲ ਨੇ ਕਤਾਰ ਵਿਚ ਖੜ੍ਹੇ ਸਾਰੇ ਆਗੂਆਂ ਨਾਲ ਹੱਥ ਮਿਲਾਇਆ ਤੇ ਹਾਲ-ਚਾਲ ਪੁੱਛਿਆ ਪਰ ਜਿਵੇਂ ਹੀ ਉਹ ਸਿੱਧੂ ਪਤੀ-ਪਤਨੀ ਨੇੜੇ ਪੁੱਜੇ ਤਾਂ ਉਨ੍ਹਾਂ ਨਾਲ ਗੱਲ ਕੀਤਿਆਂ ਬਿਨਾਂ ਹੀ ਉਹ ਦੂਜੇ ਪਾਸੇ ਚਲੇ ਗਏ। ਇਸ ਦੌਰਾਨ ਸਿੱਧੂ ਪਤੀ-ਪਤਨੀ ਦੋਵੇਂ ਪਿਛਾਂਹ ਖੜ੍ਹੇ ਰਹੇ ਜਦੋਂਕਿ ਬਾਕੀ ਸਾਰੇ ਆਗੂ ਸ਼ ਬਾਦਲ ਦੇ ਨਾਲ ਹੀ ਉਦਘਾਟਨੀ ਰਸਮ ਲਈ ਚਲੇ ਗਏ। ਜ਼ਿਕਰਯੋਗ ਹੈ ਕਿ ਸ਼ ਬਾਦਲ 20 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਜਿਸ ਪੁਲ ਦਾ ਉਦਘਾਟਨ ਕਰਨ ਆਏ ਸਨ, ਉਹ ਸ਼ ਸਿੱਧੂ ਦੇ ਉਨ੍ਹਾਂ ਪ੍ਰਾਜੈਕਟਾਂ ਵਿਚ ਸ਼ਾਮਲ ਸੀ, ਜਿਨ੍ਹਾਂ ਨੂੰ ਪੂਰਾ ਕਰਨ ਲਈ ਉਨ੍ਹਾਂ ਵੱਲੋਂ ਮੰਗ ਕੀਤੀ ਜਾ ਰਹੀ ਸੀ।
ਇਸ ਦੌਰਾਨ ਕੁਝ ਸਮੇਂ ਵਿਚ ਇਹ ਸਮਾਗਮ ਸਮਾਪਤ ਹੋ ਗਿਆ ਤੇ ਵਾਪਸੀ ਸਮੇਂ ਸ਼ ਬਾਦਲ ਨੇ ਸਿੱਧੂ ਪਤੀ-ਪਤਨੀ ਨਾਲ ਕੁਝ ਗੱਲ ਕੀਤੀ ਤੇ ਉਹ ਦੋਵੇਂ ਤੁਰੰਤ ਹੀ ਵਾਪਸ ਚਲੇ ਗਏ। ਇਸ ਬਾਰੇ ਸ਼ ਸਿੱਧੂ ਨੇ ਕਿਹਾ ਕਿ ਉਨ੍ਹਾਂ ਦਾ ਕਿਸੇ ਨਾਲ ਨਿੱਜੀ ਤੌਰ ‘ਤੇ ਵੈਰ ਵਿਰੋਧ ਨਹੀਂ ਹੈ। ਉਹ ਤਾਂ ਸਿਰਫ਼ ਅੰਮ੍ਰਿਤਸਰ ਦੇ ਵਿਕਾਸ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ ਸਨ ਤਾਂ ਜੋ ਉਨ੍ਹਾਂ ਵੱਲੋਂ ਲੋਕਾਂ ਨਾਲ ਕੀਤੇ ਹੋਏ ਵਾਅਦੇ ਪੂਰੇ ਹੋ ਸਕਣ। ਸਮਾਗਮ ਵਿਚ ਅਣਗੌਲਿਆਂ ਕੀਤੇ ਜਾਣ ਬਾਰੇ ਉਨ੍ਹਾਂ ਕੁਝ ਵੀ ਕਹਿਣ ਤੋਂ ਇਨਕਾਰ ਕਰਦਿਆਂ ਆਖਿਆ ਕਿ ਮੀਡੀਆ ਨੇ ਖ਼ੁਦ ਸਭ ਕੁਝ ਦੇਖਿਆ ਹੈ।
Leave a Reply