ਪਟਿਆਲਾ: ਪਟਿਆਲਾ ਦੇ ਕਿਲ੍ਹਾ ਮੁਬਾਰਕ ਵਿਖੇ ਗੁਰੂ ਗੋਬਿੰਦ ਸਿੰਘ ਦੇ ਸ਼ਸਤਰ, ਵਸਤਰ ਤੇ ਹੋਰ ਵਸਤਾਂ ਪਿਛਲੇ ਸਵਾ ਚਾਰ ਸਾਲਾਂ ਸੀਲਬੰਦ ਬਕਸੇ ਵਿਚ ਪਈਆਂ ਹਨ ਅਤੇ ਇਨ੍ਹਾਂ ਬਾਰੇ ਕੋਈ ਤੋਂ ਮਰਿਆਦਾ ਨਹੀਂ ਅਪਣਾਈ ਜਾ ਰਹੀ। ਹਾਈ ਕੋਰਟ ਦੇ ਹੁਕਮਾਂ ਦੇ ਬਾਵਜੂਦ ਇਨ੍ਹਾਂ ਵਸਤਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਵੀ ਨਹੀਂ ਕਰਵਾਏ ਜਾ ਰਹੇ। ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਇਨ੍ਹਾਂ ਧਾਰਮਿਕ ਨਿਸ਼ਾਨੀਆਂ ਦੀ ਪਵਿੱਤਰਤਾ ਬਹਾਲੀ ਵਾਸਤੇ ਜੋ ਇਕ ਮਹੀਨੇ ਦੀ ਮੋਹਲਤ ਦਿੱਤੀ ਸੀ, ਉਹ ਵੀ ਖਤਮ ਹੋਣ ਕਿਨਾਰੇ ਹੈ।
ਇਹ ਧਾਰਮਿਕ ਨਿਸ਼ਾਨੀਆਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਪੰਜਾਬ ਸਰਕਾਰ ਨੂੰ ਕੁਝ ਸਮੇਂ ਦੀ ਸੰਭਾਲ ਮਗਰੋਂ ਸੰਗਤ ਦੇ ਖੁੱਲ੍ਹੇ ਦੀਦਾਰ ਵਾਸਤੇ ਕਿਸੇ ਢੁੱਕਵੀਂ ਜਗ੍ਹਾ ਟਿਕਾਉਣ ਲਈ ਸਪੁਰਦ ਕੀਤੀਆਂ ਗਈਆਂ ਸਨ ਪਰ ਪੰਜਾਬ ਸਰਕਾਰ ਨੇ ਨਵੰਬਰ 2009 ਦੌਰਾਨ ਇਹ ਵਸਤਾਂ ਕਿਲ੍ਹਾ ਮੁਬਾਰਕ ਦੇ ਬਾਬਾ ਬੁਰਜ ਆਲਾ ਸਿੰਘ ਵਿਖੇ ਅਜਿਹੀਆਂ ਟਿਕਾਈਆਂ ਕਿ ਇਹ ਹੁਣ ਤੱਕ ਉਥੇ ਹੀ ਪਈਆਂ ਹਨ। ਕਿਲ੍ਹਾ ਮੁਬਾਰਕ ਦਾ ਇਹ ਬੁਰਜ ਆਮ ਲੋਕਾਂ ਲਈ ਬੰਦ ਹੈ, ਇਸ ਕਾਰਨ ਲੋਕ ਇਨ੍ਹਾਂ ਨਿਸ਼ਾਨੀਆਂ ਦੇ ਦਰਸ਼ਨਾਂ ਤੋਂ ਵਾਂਝੇ ਹਨ।
ਪੰਜਾਬ ਸਿੱਖ ਕੌਂਸਲ ਵੱਲੋਂ ਇਹ ਮਾਮਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲ ਤਖਤ ਤੱਕ ਵੀ ਪਹੁੰਚਾਇਆ ਗਿਆ ਪਰ ਕੋਈ ਕਾਰਵਾਈ ਨਹੀਂ ਹੋਈ। ਇਨ੍ਹਾਂ ਨਿਸ਼ਾਨੀਆਂ ਦੀ ਪਵਿੱਤਰਤਾ ਬਹਾਲੀ ਲਈ ਨਾਭਾ ਦੀ ਸੰਗਤ ਵੱਲੋਂ ਹਾਈ ਕੋਰਟ ਵਿਚ ਚਾਰਾਜੋਈ ਤੋਂ ਮਹੀਨਾ ਪਹਿਲਾਂ 18 ਦਸੰਬਰ, 2013 ਨੂੰ ਅਦਾਲਤ ਵੱਲੋਂ ਪੰਜਾਬ ਸਰਕਾਰ ਨੂੰ ਤਾਈਦ ਕੀਤੀ ਗਈ ਕਿ ਇਕ ਮਹੀਨੇ ਦੀ ਮੋਹਲਤ ਦੌਰਾਨ ਇਨ੍ਹਾਂ ਵਸਤਾਂ ਨੂੰ ਨਾਭਾ ਸਥਿਤ ਗੁਰਦੁਆਰੇ ਵਿਚ ਸ਼ੁਸ਼ੋਭਿਤ ਲਈ ਕਦਮ ਚੁੱਕੇ ਜਾਣ। ਪੰਜਾਬ ਸਿੱਖ ਕੌਂਸਲ ਦੇ ਪ੍ਰਧਾਨ ਮੋਹਨ ਸਿੰਘ ਕਰਤਾਰਪੁਰ ਦਾ ਕਹਿਣਾ ਹੈ ਕਿ ਹੁਣ ਤਾਜ਼ਾ ਅਦਾਲਤੀ ਫੈਸਲੇ ਦੀ ਮੋਹਲਤ ਇਕ ਮਹੀਨੇ ਤੋਂ ਟੱਪਣ ਵਾਲੀ ਹੈ ਪਰ ਪੰਜਾਬ ਸਰਕਾਰ ਵੱਲੋਂ ਅਜੇ ਤੱਕ ਕਦਮ ਨਹੀਂ ਚੁੱਕੇ ਗਏ। ਉਨ੍ਹਾਂ ਕਿਹਾ ਕਿ ਪੰਥਕ ਮਰਿਆਦਾ ਤਹਿਤ ਗੁਰੂ ਸਾਹਿਬਾਂ ਨਾਲ ਸਬੰਧਤ ਹਰ ਅਸਤਰ, ਵਸਤਰ ਜਾਂ ਸ਼ਸਤਰ ਦੀ ਪੂਰੀ ਸਾਂਭ ਸੰਭਾਲ ਹੋਣੀ ਚਾਹੀਦੀ ਹੈ।
ਉਧਰ ਸਭਿਆਚਾਰਕ ਤੇ ਪੁਰਾਤੱਤਵ ਵਿਭਾਗ ਪੰਜਾਬ ਦੇ ਡਾਇਰੈਕਟਰ ਐਨæਐਸ਼ ਰੰਧਾਵਾ ਨੇ ਦੱਸਿਆ ਕਿ ਅਦਾਲਤੀ ਫੈਸਲੇ ਤਹਿਤ ਵਿਭਾਗ ਵੱਲੋਂ ਬੰਦ ਵਸਤਾਂ ਬਾਹਰ ਲਿਜਾਣ ਲਈ ਤਿਆਰੀਆਂ ਆਰੰਭੀਆਂ ਹੋਈਆਂ ਹਨ। ਉਂਜ, ਵਿਭਾਗ ਨੂੰ ਇਸ ਮਾਮਲੇ ‘ਤੇ ਸਕੱਤਰੇਤ ਪੰਜਾਬ ਸਰਕਾਰ ਦੀ ਮਨਜ਼ੂਰੀ ਮਿਲਣੀ ਹਾਲੇ ਬਾਕੀ ਹੈ। ਇਨ੍ਹਾਂ ਵਸਤਾਂ ਇਕ ਚੋਲਾ ਹੈ ਜੋ ਗੁਰੂ ਗੋਬਿੰਦ ਸਿੰਘ ਨੇ ਬਾਬਾ ਤ੍ਰਿਲੋਕਾ ਨੂੰ ਦਿੱਤਾ ਸੀ। ਇਨ੍ਹਾਂ ਵਿਚ ਗੁਰੂ ਸਾਹਿਬ ਦੀ ਹੱਥ ਲਿਖਤ ਵੀ ਜੋ ਨਾਭਾ ਦੇ ਰਾਜਾ ਭਰਪੂਰ ਸਿੰਘ ਨੇ ਭਾਈ ਤਾਰਾ ਸਿੰਘ ਕੋਲੋਂ ਇੱਕ ਹਜ਼ਾਰ ਰੁਪਏ ਸਾਲਾਨਾ ਜਾਗੀਰ ਬਦਲੇ ਹਾਸਲ ਕੀਤੀ ਸੀ। ਭੰਗਾਣੀ ਦੇ ਯੁੱਧ ਤੋਂ ਬਾਅਦ ਸਢੌਰਾ ਦੇ ਸੱਯਦ ਪੀਰ ਬੁੱਧੂ ਸ਼ਾਹ ਨੂੰ ਉਸਦੀ ਵਫ਼ਾਦਾਰੀ ਦੀ ਉਤਸਤ ਵਜੋਂ ਦਿੱਤੇ ਗਏ ਕੰਘਾ ਤੇ ਦਸਤਾਰ ਵੀ ਹਨ। ਇਹ ਉਸ ਵੇਲੇ ਬਾਬਾ ਤ੍ਰਿਲੋਕਾ ਨੂੰ ਭੇਟ ਕੀਤੇ ਗਏ ਸਨ। ਇਨ੍ਹਾਂ ਵਿਚ ਤਿੰਨ ਤਲਵਾਰਾਂ ਵੀ ਹਨ। ਇਕ ਤਲਵਾਰ ਉਹ ਹੈ ਜੋ ਦਮਦਮਾ ਸਾਹਿਬ ਵਿਖੇ ਭਾਈ ਤ੍ਰਿਲੋਕਾ ਸਿੰਘ ਨੂੰ ਅੰਮ੍ਰਿਤ ਛਕਾਉਣ ਵੇਲੇ ਭੇਟ ਕੀਤੀ ਗਈ ਸੀ। ਦੂਜੀ ਤਲਵਾਰ ਮਹਾਰਾਜਾ ਮਾਲੇਰਕੋਟਲਾ ਦੇ ਅਸਰ-ਰਸੂਖ਼ ਸਦਕਾ ਨਾਭਾ ਦੇ ਰਾਜਾ ਜਸਵੰਤ ਸਿੰਘ ਵੱਲੋਂ ਖਰੀਦੀ ਗਈ ਸੀ ਤੇ ਰਾਏ ਕੱਲਾ ਨੂੰ ਭੇਟ ਕੀਤੀ ਗਈ ਸੀ। ਤੀਜੀ ਤਲਵਾਰ ਪਿੰਡ ਬਡਰੁੱਖਾਂ ਤੋਂ ਨਾਭਾ ਦੇ ਮਹਾਰਾਜਾ ਹੀਰਾ ਸਿੰਘ ਵੱਲੋਂ ਲਿਆਂਦੀ ਗਈ ਸੀ। ਇਸ ਉਪਰ ‘ਗੁਰੂ ਗੋਬਿੰਦ ਸਿੰਘ ਜੀ ਕੇ ਕਮਰ ਕੀ ਤਲਵਾਰ ਹੈ ਜੀ’ ਅੰਕਿਤ ਹੈ।
Leave a Reply