ਬਲਜੀਤ ਬਾਸੀ
ਅਮਰੀਕਾ ਦੀ ਮਿਸ਼ੀਗਨ ਸਟੇਟ, ਜਿਥੇ ਮੈਂ ਰਹਿੰਦਾ ਹਾਂ, ਵਿਚ ਇਨ੍ਹਾਂ ਸਰਦੀਆਂ ਵਿਚ ਏਨੀ ਠੰਡ ਪੈ ਰਹੀ ਹੈ ਕਿ ਰਹੇ ਰੱਬ ਦਾ ਨਾਂ। ਮਹੀਨੇ ਤੋਂ ਉਪਰ ਹੋ ਗਿਆ, ਸਮਝੋ ਬਰਫ ਵਿਚ ਹੀ ਲੱਗੇ ਹੋਏ ਹਾਂ। ਕੈਨੇਡਾ ਦੇ ਨੇੜਲੇ ਸ਼ਹਿਰ ਟੋਰਾਂਟੋ ਵਿਚ ਤਾਂ ਕਈ ਦਿਨ ਬਿਜਲੀ ਵੀ ਨਹੀਂ ਆਈ। ਮੇਰੇ ਆਪਣੇ ਸ਼ਹਿਰ ਵਿਚ ਇਕ ਦਿਨ ਚਾਰ ਘੰਟੇ ਬਿਜਲੀ ਗੁੱਲ ਰਹੀ। ਅਜਿਹੇ ਵਿਚ ਬੱਚਿਆਂ ਤੇ ਬਜੁਰਗਾਂ ਦੀ ਬੜੀ ਸ਼ਾਮਤ ਆਈ। ਇਨ੍ਹਾਂ ਦੇਸ਼ਾਂ ਵਿਚ ਕਦ ਸੁਣਿਆ ਸੀ ਕਿ ਇਹ ਸਦਾ ਵਫਾਦਾਰ ਸ਼ੈਅ ਵੀ ਕਦੇ ਧੋਖਾ ਦੇ ਸਕਦੀ ਹੈ। ਅਜਿਹੇ ਹੰਗਾਮੀ ਹਾਲਾਤ ਲਈ ਰੋਸ਼ਨੀ ਜਾਂ ਗਰਮੀ ਦਾ ਕੋਈ ਮੁਤਬਦਲ ਪ੍ਰਬੰਧ ਵੀ ਨਹੀਂ ਕੀਤਾ ਜਾਂਦਾ। ਮੌਸਮ ਦੇ ਕਹਿਰ ਕਾਰਨ ਭਾਰਤ ਜਿਹੇ ਦੇਸ਼ਾਂ ਵਿਚ ਤਾਂ ਅਕਸਰ ਹੀ ਮੌਤਾਂ ਸੁਣੀਂਦੀਆਂ ਹਨ ਪਰ ਇਸ ਵਾਰ ਏਧਰ ਵੀ ਬਥੇਰਾ ਜਾਨੀ-ਮਾਲੀ ਨੁਕਸਾਨ ਹੋਇਆ ਹੈ। ਪਿਛਲੇ ਕਾਫੀ ਸਮੇਂ ਤੋਂ ਬਹੁਤ ਚਿੰਤਾ ਜਤਾਈ ਜਾ ਰਹੀ ਸੀ ਕਿ ਧਰਤੀ ਗਰਮ ਹੋ ਰਹੀ ਹੈ ਪਰ ਹੁਣ ਇਹ ਗੱਲ ਕੋਈ ਨਹੀਂ ਕਰਦਾ।
ਇਸ ਕਹਿਰ ਦੇ ਮੌਸਮ ਦਾ ਕੁਝ ਨਿੱਜੀ ਲਾਭ ਵੀ ਹੋਇਆ। ਸੜਕਾਂ ‘ਤੇ ਬਰਫਾਂ ਦਾ ਰਾਜ ਹੋ ਗਿਆ, ਕਾਰਾਂ ਕਿਧਰੋਂ ਚੱਲਣੀਆਂ ਸਨ। ਅਚਾਨਕ ਕੰਮ ਤੋਂ ਦੋ ਛੁੱਟੀਆਂ ਛੱਤ ਪਾੜ ਕੇ ਆਈ ਨਿਆਮਤ ਹੀ ਸਨ। ਇਸ ਦੌਰਾਨ ਦਿਮਾਗ ਨੂੰ ਵੀ ਠੰਡੇ ਬਸਤੇ ਵਿਚ ਪਾਈ ਰੱਖਿਆ। ਘਰ ਦੇ ਅੰਦਰ ਹੀ ਮਸਤੀ ਕਰਦਿਆਂ ਅਚਾਨਕ ਖਿਆਲ ਆਇਆ ਕਿ ਮੈਂ ਤਾਂ ਕਾਲਮ ਲਿਖਣਾ ਹੈ ਜਿਸ ਦਾ ਵਿਸ਼ਾ ਅਜੇ ਤਕ ਸੋਚਿਆ ਹੀ ਕੋਈ ਨਹੀਂ। ਚਿੰਤਿਤ ਹੁੰਦਿਆਂ ਖਿੜਕੀ ਥਾਣੀਂ ਬਾਹਰ ਝਾਕਿਆ ਤਾਂ ਬਰਫਾਂ ਦੇ ਅੰਬਾਰ ਨਜ਼ਰ ਆਏ। ਚਿੱਟੀ ਬਰਫ ਉਤੇ ਪੈ ਰਹੀ ਧੁੱਪ ਦੀ ਲਿਸ਼ਕੋਰ ਨਾਲ ਅੱਖਾਂ ਚੁੰਧਿਆ ਰਹੀਆਂ ਸਨ। ਇਸੇ ਲਿਸ਼ਕੋਰ ਨੇ ਦਿਮਾਗ ਦੀ ਬੱਤੀ ਜਗਾ ਦਿੱਤੀ, ਕੋਈ ਬਰਫਾਂ ਦੀ ਗੱਲ ਕਰੀਏ।
ਭਾਵੇਂ ਪੰਜਾਬੀ ਵਿਚ ਬਰਫ ਸ਼ਬਦ ਬਹੁਤ ਪ੍ਰਚਲਿਤ ਹੈ ਪਰ ਇਹ ਫਾਰਸੀ ਵਲੋਂ ਆਇਆ ਹੋਣ ਕਰਕੇ ਸੋਚਿਆ ਇਸ ‘ਤੇ ਬਹੁਤੀ ਕਲਮ ਨਹੀਂ ਚੱਲਣੀ। ਇਸ ਨੂੰ ਫਿਰ ਕਿਸੇ ਵੇਲੇ ਲਈ ਛੱਡ ਦੇਈਏ। ਬਰਫ ਲਈ ਸੰਸਕ੍ਰਿਤ ਵਲੋਂ ਹਿੰਮ ਸ਼ਬਦ ਹੈ ਪਰ ਪੰਜਾਬੀ ਇਸ ਦੀ ਕਦੀ ਵਰਤੋਂ ਨਹੀਂ ਕਰਦੇ। ਇਹ ਸ਼ਬਦ ਜ਼ਰੂਰ ਕਿਸੇ ਵੇਲੇ ਸਾਡੀ ਭਾਸ਼ਾ ਵਿਚ ਆਮ ਵਰਤਿਆ ਜਾਂਦਾ ਰਿਹਾ ਹੋਵੇਗਾ। ਅਰਬੀ-ਫਾਰਸੀ ਦੇ ਲੰਮੇ ਰਾਜ ਨੇ ਇਸ ਨੂੰ ਖਦੇੜ ਦਿੱਤਾ ਤੇ ਇਸ ਦੀ ਜਗਹ ਬਰਫ ਨੇ ਲੈ ਲਈ। ਕੋਈ ਗੱਲ ਨਹੀਂ, ਅੱਜ ਇਸ ਨਾਲ ਨਿਆਂ ਕਰਦੇ ਹਾਂ, ਇਸ ਸ਼ਬਦ ਦੇ ਭਾਈਬੰਦੀਆਂ ਦੀ ਗੱਲ ਕਰਦੇ ਹਾਂ।
ਸਭ ਤੋਂ ਪਹਿਲਾਂ ਤਾਂ ਬਰਫਬਾਰੀ ਲਈ ਹਿਮਪਾਤ ਸ਼ਬਦ ਹੀ ਲੈ ਲਓ। ਪਤਿਤ ਸਬੰਧੀ ਲੇਖ ਵਿਚ ਅਸੀਂ ਪਾਤ ਸ਼ਬਦ ਦਾ ਜ਼ਿਕਰ ਕਰ ਆਏ ਹਾਂ। ਇਸ ਦਾ ਅਰਥ ਹੁੰਦਾ ਹੈ ਡਿਗਣਾ, ਗਿਰਨਾ। ਸੋ ਹਿਮਪਾਤ ਦਾ ਅਰਥ ਹੋਇਆ ਬਰਫ ਡਿਗਣਾ। ਪੰਜਾਬ ਦੇ ਬਹੁਤੇ ਲੋਕਾਂ ਨੇ ਹਿਮਾਲਾ ਪਰਬਤ ਦੇ ਰਮਣੀਕ ਥਾਂਵਾਂ ਜਿਵੇਂ ਸ਼ਿਮਲਾ, ਕਸੌਲੀ, ਮਸੂਰੀ ਆਦਿ ਵਿਚ ਬਰਫ ਪੈਂਦੀ ਜ਼ਰੂਰ ਦੇਖੀ ਹੋਵੇਗੀ। ਹਿਮਾਲਾ ਦਾ ਅਰਥ ਹੀ ਉਹ ਜਗਹ ਹੈ ਜਿਥੇ ਹਿਮ ਪੈਂਦੀ ਹੈ: ਹਿਮ=ਬਰਫ, ਆਲਾ=ਘਰ। ਆਲਾ ਪਿਛੇਤਰ ਵਾਲੇ ਕੁਝ ਹੋਰ ਸ਼ਬਦ ਹਨ, ਸ਼ਿਵਾਲਾ, ਮੇਘਾਲਿਆ ਆਦਿ। ਜੇ ਅਜੇ ਤਸੱਲੀ ਨਹੀਂ ਹੋਈ ਤਾਂ ਆਲ੍ਹਣਾ ਸ਼ਬਦ ਵਿਚਾਰ ਲਵੋ ਜੋ ਹੈ ਹੀ ਪੰਛੀਆਂ ਦਾ ਘਰ। ਸੰਸਕ੍ਰਿਤ ਵਿਚ ਹਿਮ ਦੇ ਠੰਡ ਨਾਲ ਸਬੰਧਤ ਕਈ ਭਾਵ ਹਨ। ਇਸ ਦਾ ਪਹਿਲਾ ਅਰਥ ਸਰਦੀ ਦਾ ਮੌਸਮ ਜਾਂ ਪਾਲਾ ਹੀ ਹੈ। ਫਿਰ ਠੰਡ ਦੇ ਅੰਦਰੂਨੀ ਗੁਣਾਂ ਜਾਂ ਤਾਸੀਰ ਵਾਲੀਆਂ ਚੀਜ਼ਾਂ ਜਿਵੇਂ ਚੰਦਨ ਦਾ ਰੁੱਖ, ਚੰਦ, ਕੱਕਰ, ਬਰਫ, ਟੀਨ, ਮੋਤੀ, ਤਾਜ਼ਾ ਮੱਖਣ, ਕਮਲ, ਮੁਸ਼ਕ ਕਾਫੂਰ ਆਦਿ ਵੀ ਹਿਮ ਹੀ ਹਨ। ਗੁਰੂ ਗ੍ਰੰਥ ਸਾਹਿਬ ਵਿਚ ਹਿਮ ਸ਼ਬਦ ਨਹੀਂ ਆਇਆ ਪਰ ਇਸ ਤੋਂ ਬਣਿਆ ਹਿਮਕਰ ਜ਼ਰੂਰ ਹੈ। ਗੁਰੂ ਅਰਜਨ ਦੇਵ ਜੀ ਨੇ ਇਹ ਸ਼ਬਦ ਵਰਤਿਆ ਹੈ, “ਹਿਮਕਰ ਰੁਤਿ ਮਨਿ ਭਾਵਤੀ ਮਾਘੁ ਫਗਣੁ ਗੁਣਵੰਤ ਜੀਉ॥” ਭਾਵ ਗੁਣਾਂ ਨਾਲ ਭਰੀ ਹੋਈ ਮਾਘ ਫੱਗਣ ਦੀ ਬਰਫਾਨੀ ਰੁੱਤ ਮਨ ਨੂੰ ਚੰਗੀ ਲਗਦੀ ਹੈ। ਹਿਰਦਾ ਠੰਡਾ ਹੋਣ ਦਾ ਭਾਵ ਹੁੰਦਾ ਹੈ, ਸ਼ਾਂਤੀ ਹੋਣੀ, ਸੰਤੁਸ਼ਟੀ ਹੋਣੀ। ਗੁਰੂ ਸਾਹਿਬ ਅਜਿਹੀ ਠੰਡਕ ਪਰਮਾਤਮਾ ਦੇ ਮਿਲਾਪ ਵਿਚ ਦੇਖਦੇ ਹਨ ਪਰ ਦੁਨੀਆਂਦਾਰ ਹਮਾਤੜ ਨੂੰ ਪਾਲਾ ਹੀ ਮਾਰਦਾ ਰਹਿੰਦਾ ਹੈ।
ਸੰਸਕ੍ਰਿਤ ਵਿਚ ਹਿਮਕਰ ਦਾ ਅਰਥ ਚੰਦ ਵੀ ਹੁੰਦਾ ਹੈ, ਮਤਲਬ ਜੋ ਠੰਡ ਵਰਤਾਉਂਦਾ ਹੈ। ਹਿਮ ਦੇ ਪਿਛੇ ḔਅਚਲḔ ਲੱਗ ਕੇ ਹਿਮਾਚਲ ਬਣ ਗਿਆ। ਇਸ ਵਿਚ ਲੱਗੇ ਅਚਲ ਦਾ ਅਰਥ ਹੈ, ਜੋ ਨਾ ਚੱਲੇ (ਅ+ਚਲ), ਸਥਿਰ ਰਹੇ। ਪਰਬਤ ਜਾਂ ਪਹਾੜ ਤੋਂ ਵਧ ਕੇ ਹੋਰ ਕਿਹੜੀ ਚੀਜ਼ ਅਚਲ ਹੋ ਸਕਦੀ ਹੈ। ਸੋ, ਹਿਮਾਚਲ ਪ੍ਰਦੇਸ਼ ਦਾ ਅਰਥ ਹੋਇਆ ਬਰਫਾਨੀ ਪਹਾੜ ਵਾਲਾ ਪਰਦੇਸ਼। ਗੁਰੂ ਨਾਨਕ ਦੇਵ ਨੇ ਇਸ ਲਈ ਹੈਮੰਚਲਿ ਸ਼ਬਦ ਵਰਤਿਆ ਹੈ, “ਤਨੁ ਹੈਮੰਚਲਿ ਗਾਲੀਐ ਭੀ ਮਨ ਤੇ ਰੋਗੁ ਨਾ ਜਾਇ॥” ਅਰਥਾਤ ਜੇ ਮਨ ਨੂੰ ਬਰਫਾਨੀ ਹਿਮਾਚਲ ਦੀ ਠੰਡ ਵਿਚ ਵੀ ਗਾਲਿਆ ਜਾਵੇ ਤਾਂ ਹਉਮੈ ਰੋਗ ਦੂਰ ਨਹੀਂ ਹੁੰਦਾ। ਮਈਆ ਸਿੰਘ ਦੇ ਪੰਜਾਬੀ ਕੋਸ਼ ਵਿਚ ਬਰਫ ਲਈ ਹਿਮ ਤੋਂ ਹੀ ਬਣੇ ਹਿਉਣ ਸ਼ਬਦ ਦਾ ਇੰਦਰਾਜ ਹੈ। ਇਸੇ ਤੋਂ ਬਣਿਆ ਇਕ ਸ਼ਬਦ ਹੇਨਤ ਹੈ, ਜਿਸ ਦਾ ਅਰਥ ਖੱਡ ਵਿਚ ਡਿਗਦੀ ਬਰਫ ਦੱਸਿਆ ਗਿਆ ਹੈ।
ਐਪਰ ਪੰਜਾਬੀ, ਖਾਸ ਤੌਰ ‘ਤੇ ਗੁਰੂ ਗ੍ਰੰਥ ਸਾਹਿਬ ਵਿਚ ਹਿਮ ਦਾ ਭੇਦ ਹਿਵ ਤੇ ਇਸ ਤੋਂ ਵਿਉਤਪਤ ਹੋਰ ਸ਼ਬਦ ਮਿਲਦੇ ਹਨ। ḔਮḔ ਅਤੇ ḔਵḔ ਧੁਨੀ ਕਈ ਹਾਲਤਾਂ ਵਿਚ ਇਕ ਦੂਜੇ ਦੀ ਥਾਂ ਲੈ ਲੈਂਦੀ ਹੈ, ਜਿਵੇਂ ਕਿਵੇਂ/ਕਿਮੇਂ, ਰਵਾਂ/ਰਮਾਂ ਆਦਿ। “ਗੁਰ ਹਿਵ ਸੀਤਲੁ ਅਗਨਿ ਬੁਝਾਵੈ” (ਗੁਰੂ ਨਾਨਕ) ਅਰਥਾਤ ਗੁਰੂ ਬਰਫ ਵਾਂਗ ਠੰਡਾ ਹੈ ਜੋ ਮਨ ਦੀ ਅਗਨੀ ਬੁਝਾਉਂਦਾ ਹੈ। ਗੁਰੂ ਸਾਹਿਬ ਨੇ ਬਰਫ ਦੇ ਘਰ ਲਈ Ḕਹਿਵੈ ਘਰḔ ਸ਼ਬਦ ਜੁੱਟ ਵੀ ਵਰਤਿਆ ਹੈ। ਭਗਤ ਨਾਮਦੇਵ ਨੇ ਹਿਮਾਲੇ ਨੂੰ ḔਹਿਵਾਲੇḔ ਕਿਹਾ ਹੈ। ਗੁਰੂ ਗ੍ਰੰਥ ਸਾਹਿਬ ਵਿਚ ਠੰਡਾ ਦੇ ਅਰਥਾਂ ਵਿਚ ਹੇਂਵ ਸ਼ਬਦ ਵੀ ਮਿਲਦਾ ਹੈ, “ਮਨ ਤਨ ਹੇਂਵ ਭਏ ਸਚ ਪਾਇਆ॥” ਇਸ ਤੋਂ ਇਕ ਹੋਰ ਦਿਲਚਸਪ ਸ਼ਬਦ ਬਣਿਆ ਹੈ, ਹੇਂਵਹੀ, ਜੋ ਗੁਰੂ ਨਾਨਕ ਦੇਵ ਨੇ ਇਸਤੇਮਾਲ ਕੀਤਾ ਹੈ, “ਇਕਿ ਪਾਲਾ ਕਕਰੁ ਭੰਨਿ ਸੀਤਲੁ ਜਲੁ ਹੇਂਵਹੀ॥” ਇਥੇ ਹੇਂਵਹੀ ਦਾ ਅਰਥ Ḕਸਹਾਰਦਾ ਹੈḔ ਲਿਆ ਜਾਂਦਾ ਹੈ ਜੋ ਅਸਲ ਵਿਚ Ḕਬਰਫਾਨੀ ਠੰਡ ਸਹਾਰਦਾḔ ਹੈ।
ਹੇਵਤ ਦਾ ਵੀ ਇਹੋ ਅਰਥ ਹੈ, “ਜਲੁ ਹੇਵਤ ਭੂਖ ਅਰੁ ਨੰਗਾ॥” ਇਹ ਸ਼ਬਦ ਸੰਸਕ੍ਰਿਤ ਹਿਮਵਤ ਦਾ ਸੁੰਗੜਿਆ ਰੂਪ ਹੈ ਜਿਸ ਦਾ ਸੰਸਕ੍ਰਿਤ ਵਿਚ ਇਕ ਅਰਥ ਆਪਣੇ ਆਪ ਨੂੰ ਠੰਡ ਲੁਆਉਣਾ ਜਾਂ ਠੰਡ ਸਹਾਰਨਾ ਹੈ। ਇਸ ਤੋਂ ਬਣੇ ਇਕ ਸ਼ਬਦ ਹੀਵ ਦਾ ਅਰਥ ਕਾਂਬੇ ਵਾਲਾ ਬੁਖਾਰ ਹੁੰਦਾ ਹੈ। ਭਾਰਤ ਦੀਆਂ ਹੋਰ ਆਰਿਆਈ ਭਾਸ਼ਾਵਾਂ ਵਿਚ ਇਸ ਦੇ ਸਹਿਮੂਲਕ ਸ਼ਬਦ ਮਿਲਦੇ ਹਨ ਜਿਵੇਂ ਤਿਰਾਹੀ ਵਿਚ ਐਮਨ, ਸ਼ੂਮਾਸਤੀ ਵਿਚ ਯੇਮਨ, ਨਿੰਗਰਾਮੀ ਵਿਚ ਈਮੰਦ, ਗਾਵਾਰ ਬਾਤੀ ਵਿਚ ਹੇਮਾਂਦ, ਕਸ਼ਮੀਰੀ ਵਿਚ ਸ਼ੀਨ ਸ਼ਬਦ। ਇਸੇ ਤਰ੍ਹਾਂ ਦਾਰਦ ਭਾਸ਼ਾਵਾਂ ਵਿਚ ਵੀ ਇਸ ਦੇ ਪ੍ਰਤਿਰੂਪ ਹਨ। ਕੁਝ ਵਿਚ ਇਸ ਦੀ ਅਨੁਨਾਸਿਕਤਾ ਗਾਇਬ ਹੋ ਗਈ ਹੈ।
ਰਾਮ ਵਿਲਾਸ ਸ਼ਰਮਾ ਅਨੁਸਾਰ ਹਿਮਾਚਲ ਪ੍ਰਦੇਸ਼ ਦੇ ਸ਼ਹਿਰ ਸ਼ਿਮਲਾ ਦਾ ਇਹ ਨਾਂ ਹਿਮ ਸ਼ਬਦ ਦੇ ਕਿਸੇ ਪੁਰਾਤਨ ਰਹੇ ਰੂਪ ਸ਼ਿਮ ਤੋਂ ਬਣਿਆ ਹੋ ਸਕਦਾ ਹੈ। ਉਸ ਅਨੁਸਾਰ ਪੂਰਵਵੈਦਿਕ ਭਾਸ਼ਾਵਾਂ ਵਿਚ ਹਿਮ ਦਾ ਰੂਪ ਘਿਮ ਸੀ। ਸਲਾਵ ਅਤੇ ਕੈਲਟ ਭਾਸ਼ਾਵਾਂ ਦੇ ਧੁਨੀ ਰੂਪਾਂ ਦੀ ਤੁਲਨਾ ਕਰਦੇ ਹੋਏ ਉਹ ਇਹ ਸਥਾਪਨਾ ਕਰਦੇ ਹਨ। ਲਾਤਿਵਾਈ ਵਿਚ ਹਿਮ ਦਾ ਰੂਪ ਜੀਅੰਮ, ਲਿਥੂਐਨੀ ਵਿਚ ਝੀਅਮ ਹੈ। ਇਸ ਤਰ੍ਹਾਂ ḔਝḔ ਧੁਨੀ ਵਿਚੋਂ ḔਹḔ ਦੀ ਧੁਨੀ ਅਲੋਪ ਹੋਈ ਤਾਂ ਪੁਰਾਣੀ ਪਰਸ਼ੀਅਨ ਵਿਚ ਸੱਮਾ ਜਿਹਾ ਸ਼ਬਦ ਸਾਹਮਣੇ ਆਇਆ। ਹਿਮ ਦੇ ਪੁਰਾਤਨ ਰੂਪ ਘਿਮ ਦੀ ਜਾਣਕਾਰੀ ਇਥੋਂ ਵੀ ਮਿਲਦੀ ਹੈ ਕਿ ਗਰੀਕ ਵਿਚ ਖਇਮ ਸ਼ਬਦ ਹੈ। ਸੱਮਾ ਜਿਹੇ ਰੂਪ ਤੋਂ ਹੀ ਸ਼ਿਮਲਾ ਦੇ ਸ਼ਿਮ ਦੇ ਵਿਕਾਸ ਦੀ ਕਹਾਣੀ ਸਮਝ ਆਉਂਦੀ ਹੈ। ਕਸ਼ਮੀਰੀ ਵਿਚ ਹਿਮਭੰਡਾਰ ਦੇ ਲਈ ਮਾਨ/ਮੋਨੂ ਸ਼ਬਦ ਵੀ ਹਨ। ਸੰਸਕ੍ਰਿਤ ਵਿਚ ਸਰਦੀ ਦੇ ਮੌਸਮ ਨੂੰ ਹੇਮੰਤ ਕਿਹਾ ਜਾਂਦਾ ਹੈ। ਇਥੇ ਹੇਮ ਵੀ ਹਿਮ ਤੋਂ ਹੀ ਬਦਲਿਆ ਹੈ। ਹੇਮੰਤ ਦਾ ḔਤḔ ਅਲੋਪ ਹੋ ਕੇ ਪਹਾੜੀ ਬੋਲੀਆਂ ਵਿਚ ਹਿਮਨ, ਹੇਮਨ, ਹਿਮਾਨ, ਖਿਮਾਨ ਜਿਹੇ ਰੂਪ ਬਣਦੇ ਹਨ। ਸਰਦੀ ਦਾ ਬਰਫੀਲਾ ਜਾਂ ਸੀਤ ਜਿਹੇ ਅਰਥਾਂ ਵਿਚ ਇਸ ਦਾ ਪ੍ਰਯੋਗ ਹੁੰਦਾ ਹੈ। ਸਪਸ਼ਟ ਹੈ ਕਿ ਹਿਮਾਲਾ ਤੋਂ ਹਿਮਾਲ ਰੂਪ ਤਾਂ ਹਿਮਾਚਲੀ ਅਤੇ ਨੇਪਾਲੀ ਵਿਚ ਵੀ ਬਣਦੇ ਹਨ। ਹਿਮਾਲ ਤੋਂ ਸ਼ਿਮਾਲ ਤੇ ਫਿਰ ਸ਼ਿਮਲਾ ਰੁਪਾਂਤਰ ਦੂਰ ਦੀ ਕੌਡੀ ਨਹੀਂ ਲਗਦੇ।
ਸ਼ਰਮਾ ਦੇ ਇਨ੍ਹਾਂ ਵਿਚਾਰਾਂ ‘ਤੇ ਗੌਰ ਕਰਨਾ ਚਾਹੀਦਾ ਹੈ ਭਾਵੇਂ ਕਿ ਅਸੀਂ ਸ਼ਿਮਲਾ ਦਾ ਨਾਂ ਸ਼ਿਆਮਲਾ ਦੇਵੀ ਦੇ ਨਾਂ ਨਾਲ ਜੋੜਦੇ ਹਾਂ। ਸ਼ਿਆਮਲਾ ਸ਼ਿਆਮ ਅਰਥਾਤ ਸ਼ਾਮ (ਕਾਲਾ) ਤੋਂ ਬਣਿਆ ਹੈ। ਸਾਡੇ ਗਲੇ ਵਿਚ ਇਹ ਗੱਲ ਅਜੇ ਅਟਕਦੀ ਨਹੀਂ।
ਹਿੰਮ ਦੇ ਸੁਜਾਤੀ ਸ਼ਬਦ ਭਾਰਤ ਦੀਆਂ ਸਰਹੱਦਾਂ ਤੋਂ ਬਾਹਰ ਵੀ ਹਨ। ਜਿਵੇਂ ਉਪਰ ਰਾਮ ਵਿਲਾਸ ਸ਼ਰਮਾ ਦੇ ਹਵਾਲੇ ਨਾਲ ਦੱਸਿਆ ਗਿਆ ਹੈ। ਇਸ ਦਾ ਭਾਰੋਪੀ ਮੂਲ ਗਹeਮਿ ਹੈ। ਲਾਤੀਨੀ ਵਿਚ ਇਸ ਤੋਂ ਵਿਕਸਿਤ ਹਇਮ ਮਿਲਦਾ ਹੈ। ਅੰਗਰੇਜ਼ੀ ਵਿਚ ਇਕ ਸ਼ਬਦ ਕਿਮੀਰਾ ਮਿਲਦਾ ਹੈ ਜੋ ਇਕ ਮਿਥਿਹਾਸਕ ਜਾਨਵਰ ਦਾ ਨਾਂ ਹੈ। ਇਸ ਜਾਨਵਰ ਦਾ ਸਿਰ ਸ਼ੇਰ ਜਿਹਾ, ਧੜ ਬੱਕਰੀ ਵਰਗਾ ਅਤੇ ਪੂਛ ਸੱਪ ਵਰਗੀ ਹੁੰਦੀ ਹੈ। ਮੰਨਿਆ ਜਾਂਦਾ ਹੈ ਕਿ ਜਾਨਵਰ ਦੀ ਕਲਪਨਾ ਵਿਚ ਸਰਦ ਰੁੱਤ ਦਾ ਮਾਨਵੀਕਰਨ ਕੀਤਾ ਗਿਆ ਹੈ। ਅੱਜ ਕਲ੍ਹ ਕਿਸੇ ਵੀ ਅਜੀਬੋ-ਗਰੀਬ ਜਾਨਵਰ, ਅਦਭੁਤ ਕਲਾ ਵਸਤੂ ਜਾਂ ਖਾਮ ਖਿਆਲੀ ਲਈ ਇਹ ਸ਼ਬਦ ਵਰਤਿਆ ਜਾਂਦਾ ਹੈ। ਇਸ ਸ਼ਬਦ ਦਾ ਗਰੀਕ ਵਿਚ ਰੂਪ ਖਮਾਇਰਾ ਜਿਹਾ ਹੈ ਜਿਸ ਦਾ ਸ਼ਾਬਦਿਕ ਅਰਥ ਇਕ ਸਾਲ (ਜਿਸ ਨੇ ਇਕ ਸਰਦੀ ਹੰਢਾਈ) ਦੀ ਬੱਕਰੀ ਹੈ। ਇਹ ਸ਼ਬਦ ਗਰੀਕ ਤੋਂ ਲਾਤੀਨੀ ਤੇ ਫਿਰ ਫਰਾਂਸੀਸੀ ਵਿਚ ਹੁੰਦਾ ਹੋਇਆ ਅੰਗਰੇਜ਼ੀ ਵਿਚ ਪੁੱਜਾ। ਪੰਜਾਬੀ ਵਿਚ ਹਿਮ ਦੇ ਰੂਪ ਹਿਵ ਜਿਹਾ ਅੰਗਰੇਜ਼ੀ ਵਿਚ ਵੀ ਸ਼ਬਦ ਮਿਲਦਾ ਹੈ ਜੋ ਇਸ ਦਾ ਸਕਾ ਹੀ ਹੈ, ਉਹ ਹੈ ਹਬਿeਰਨਅਟਿਨ। ਇਸ ਦਾ ਸ਼ਾਬਦਿਕ ਅਰਥ ਤਾਂ ਸਿਆਲ ਬਿਤਾਉਣਾ ਹੀ ਹੁੰਦਾ ਹੈ ਪਰ ਜੰਤੂ-ਵਿਗਿਆਨ ਵਿਚ ਇਸ ਦਾ ਅਰਥ ਕੁਝ ਜਾਨਵਰਾਂ ਜਿਵੇਂ ਡੱਡੂਆਂ, ਕਿਰਲੀਆਂ ਆਦਿ ਵਲੋਂ ਸਿਆਲ ਭਰ ਬਿਨਾ ਕੁਝ ਖਾਧੇ ਪੀਤੇ ਕ੍ਰਿਆਹੀਣ ਸੁਪਤ ਅਵਸਥਾ ਵਿਚ ਰਹਿਣਾ। ਇਸ ਲਈ ਤਕਨੀਕੀ ਸ਼ਬਦ ਸੀਤਸਵਾਪਨ ਬਣਾਇਆ ਗਿਆ ਹੈ। ਫਾਰਸੀ ਵਿਚ ਬਰਫ ਲਈ ਜ਼ਮ ਲਫਜ਼ ਹੈ ਜਦਕਿ ਸਰਦੀ ਲਈ ਜ਼ਿੰਮਸਤਾਨ। ਫਰਾਂਸੀਸੀ ਵਿਚ ਸਰਦੀ ਲਈ ਸ਼ਬਦ ਹਿਵਰ ਹੈ।
Leave a Reply