ਬਰੈਸਤ-ਲਿਤੋਵਸਕ ਸੰਧੀ ਦਾ ਸੱਚ

ਕਾਮਰੇਡ ਤ੍ਰਾਤਸਕੀ ਬਾਰੇ ਵਿਚਾਰ-2
ਰੂਸੀ ਇਨਕਲਾਬ ਵਿਚ ਲਿਓਨ ਤ੍ਰਾਤਸਕੀ (1879-1940) ਦਾ ਚੰਗਾ-ਚੋਖਾ ਯੋਗਦਾਨ ਰਿਹਾ ਹੈ। ਇਨਕਲਾਬ ਤੋਂ ਬਾਅਦ ਉਸ ਨੇ ਲਾਲ ਫੌਜ ਦੀ ਜਿਸ ਢੰਗ ਨਾਲ ਅਗਵਾਈ ਕੀਤੀ ਅਤੇ ਉਲਟ-ਇਨਕਲਾਬ ਦੇ ਖਦਸ਼ੇ ਨਾਲ ਜਿਸ ਤਰ੍ਹਾਂ ਕਰੜੇ ਹੱਥੀਂ ਨਜਿੱਠਿਆ, ਉਸ ਦੀ ਸੰਸਾਰ ਭਰ ਵਿਚ ਕਿਤੇ ਕੋਈ ਮਿਸਾਲ ਨਹੀਂ ਲੱਭਦੀ। ਉਂਜ, ਉਸ ਦੇ ਕੁਝ ਵਿਚਾਰ ਪਹਿਲਾਂ ਰੂਸੀ ਇਨਕਲਾਬ ਦੇ ਪਿਤਾਮਾ ਲੈਨਿਨ ਅਤੇ ਮਗਰੋਂ ਸਤਾਲਿਨ ਨਾਲ ਇੰਨੇ ਜ਼ਿਆਦਾ ਖਹਿਸਰੇ ਕਿ ਅਖੀਰ ਉਹ ਇਕ-ਦੂਜੇ ਦੇ ਵਿਰੋਧੀ ਹੋ ਨਿਬੜੇ। ਇਸ ਵਿਚਾਰਧਾਰਕ ਭੇੜ ਵਿਚ ਤ੍ਰਾਤਸਕੀ ਨੂੰ ਬਹੁਤ ਵੱਡੀ ਕੀਮਤ ਤਾਰਨੀ ਪਈ। ਇਸ ਕੋਣ ਤੋਂ ਸਤਾਲਿਨ ਦੀ ਅੱਜ ਤੱਕ ਨੁਕਤਾਚੀਨੀ ਹੋ ਰਹੀ ਹੈ ਜਿਸ ਨੇ ਆਪਣੇ ਵਿਰੋਧੀਆਂ ਖਿਲਾਫ ਸਫਾਏ ਦੀ ਮੁਹਿੰਮ ਵਿੱਢ ਦਿੱਤੀ ਸੀ। ਪੰਜਾਬ ਟਾਈਮਜ਼ ਵਿਚ ਡਾæ ਅੰਮ੍ਰਿਤਪਾਲ ਸਿੰਘ ਦਾ ਤ੍ਰਾਤਸਕੀ ਦੇ ਵਿਚਾਰਾਂ ਬਾਰੇ ਲੇਖ ਦੋ ਕਿਸ਼ਤਾਂ ਵਿਚ ਛਾਪਿਆ ਗਿਆ ਸੀ ਜਿਸ ਵਿਚ ਉਨ੍ਹਾਂ ਲੈਨਿਨ ਅਤੇ ਸਤਾਲਿਨ ਦੇ ਹਵਾਲੇ ਨਾਲ ਤ੍ਰਾਤਸਕੀ ਦੀ ਗੱਲ ਛੇੜੀ ਸੀ। ਇਸ ਤੋਂ ਬਾਅਦ ਪਿਛਲੇ ਦੋ ਅੰਕਾਂ ਵਿਚ ਗੁਰਦਿਆਲ ਸਿੰਘ ਬੱਲ ਦਾ ਲੇਖ ਪਾਠਕਾਂ ਨਾਲ ਸਾਂਝਾ ਕੀਤਾ ਗਿਆ। ਸਭ ਧਿਰਾਂ ਨੂੰ ਆਪਣੀ ਗੱਲ ਕਹਿਣ ਦਾ ਮੌਕਾ ਦੇਣ ਦੇ ਅਸੂਲ ਅਨੁਸਾਰ ਇਸ ਅੰਕ ਵਿਚ ਬਘੇਲ ਸਿੰਘ ਬੱਲ ਦੇ ਲੰਮੇ ਲੇਖ ਦਾ ਦੂਜਾ ਹਿੱਸਾ ਛਾਪ ਰਹੇ ਹਾਂ। ਉਨ੍ਹਾਂ ਆਪਣੇ ਲੇਖ ਦਾ ਆਧਾਰ ਡਾæ ਅੰਮ੍ਰਿਤਪਾਲ ਸਿੰਘ ਦੇ ਲੇਖ ਨੂੰ ਬਣਾਇਆ ਹੈ ਅਤੇ ਨਾਲ ਹੀ ਤ੍ਰਾਤਸਕੀ ਦੀ ਸਿਆਸਤ ਦੀ ਗੱਲ ਕੀਤੀ ਹੈ। -ਸੰਪਾਦਕ

ਬਘੇਲ ਸਿੰਘ ਬੱਲ
ਫੋਨ: 91-81468-63344
ਡਾæ ਅੰਮ੍ਰਿਤਪਾਲ ਨੇ ਬਰੈਸਤ-ਲਿਤੋਵਸਕ ਸੰਧੀ ਦੀ ਗੱਲ ਵੀ ਕੀਤੀ ਹੈ। ਇਨਕਲਾਬ ਤੋਂ ਬਾਅਦ ਅਜੇ ਰੂਸ ਦੀ ਆਰਥਿਕ ਹਾਲਤ ਖਰਾਬ ਸੀ ਅਤੇ ਫੌਜ ਵੀ ਜੰਗ ਤੋਂ ਅੱਕ ਚੁੱਕੀ ਸੀ, ਦੇਸ਼ ਲੜਨ ਦੀ ਹਾਲਤ ਵਿਚ ਨਹੀਂ ਸੀ। ਇਸ ਲਈ ਸੋਵੀਅਤ ਸਰਕਾਰ ਨੇ ਜਰਮਨੀ ਨਾਲ ਵੱਖਰੀ ਸ਼ਾਂਤੀ-ਸੰਧੀ ਬਾਰੇ ਵਿਚਾਰ ਕੀਤੀ ਤਾਂ ਕਿ ਇਨਕਲਾਬ ਉਸਾਰੀ ਦਾ ਕੰੰਮ ਸਿਰੇ ਲਾਇਆ ਜਾਵੇ ਪਰ ਇਨਕਲਾਬੀਆਂ ਵਿਚ ਇਸ ਸੰਧੀ ਬਾਰੇ ਤਿੱਖੇ ਮਤਭੇਦ ਹੋ ਗਏ ਅਤੇ ਉਹ ਦੋ ਧਿਰਾਂ ਵਿਚ ਵੰਡੇ ਗਏ। ਇਕ ਧਿਰ ਜਰਮਨੀ ਤੇ ਆਸਟਰੀਆ ਵੱਲੋਂ ਸ਼ਾਂਤੀ-ਸੰਧੀ ਲਈ ਲਾਈਆਂ ਗਈਆਂ ਸ਼ਰਤਾਂ ਮੰਨਣ ਲਈ ਤਿਆਰ ਨਹੀਂ ਸੀ। ਲੈਨਿਨ ਖੁਦ ਇਸ ਸ਼ਾਂਤੀ-ਸੰਧੀ ਬਾਰੇ ਆਖਦਾ ਸੀ, “ਸ਼ਰਮਨਾਕ ਸ਼ਾਂਤੀ-ਸੰਧੀ ਜਿਸ ਵਿਚ ਪੋਲੈਂਡ ਨਾਲ ਧੋਖਾ ਸ਼ਾਮਲ ਸੀ।” ਜਰਮਨੀ ਨਾਲ ਜੰਗ ਦੇ ਹੱਕ ਵਿਚ ਬੁਖਾਰਿਨ, ਦਰਜਿੰਸਕੀ, ਰਾਦੇਕ, ਯੋਫ, ਯੂਰਿਤਸਕੀ, ਕੋਲੋਨਤਾਈ, ਬੁਬਨੋਵ, ਪਿਆਤਾਕੋਵ, ਸਮਿਰਨੋਵ ਅਤੇ ਰਿਆਜ਼ਾਨੋਵ ਆਦਿ ਕਾਮਰੇਡ ਨੇਤਾ ਸਨ। ਇਹ ਨੇਤਾ ਜਰਮਨੀ ਵੱਲੋਂ ਸ਼ਾਂਤੀ ਬਦਲੇ ਰੱਖੀਆਂ ਗਈਆਂ ਸ਼ਰਤਾਂ ਮੰਨਣਾ ਪ੍ਰੋਲੇਤਾਰੀ ਨਾਲ ਧੋਖਾ ਅਤੇ ਸਾਮਰਾਜ ਅੱਗੇ ਗੋਡੇ ਟੇਕਣਾ ਸਮਝਦੇ ਸਨ। ਉਹ ਸਮਝਦੇ ਸਨ ਕਿ ਇਸ ਤਰ੍ਹਾਂ ਨਾਲ ਰੂਸ ਤੇ ਪੱਛਮੀ ਯੂਰਪ ਦੇ ਦੇਸ਼ਾਂ ਜਿਵੇਂ ਜਰਮਨੀ, ਆਸਟਰੀਆ ਤੇ ਪੋਲੈਂਡ ਆਦਿ ਵਿਚਲੇ ਪ੍ਰੋਲੇਤਾਰੀ ਵਰਗਾਂ ਵਿਚ ਮਾਯੂਸੀ ਛਾ ਜਾਵੇਗੀ ਅਤੇ ਇਨਕਲਾਬੀ ਤਾਕਤਾਂ ਦਾ ਮਨੋਬਲ ਡਿੱਗੇਗਾ।
ਸ਼ਾਂਤੀ ਦੇ ਹੱਕ ਵਿਚ ਲੈਨਿਨ, ਸਤਾਲਿਨ, ਜਿਨੋਵੀਵ ਤੇ ਸਕੋਲਨੀਕੋਵ ਸਨ। ਇਨ੍ਹਾਂ ਨੇਤਾਵਾਂ ਦਾ ਵਿਚਾਰ ਸੀ ਕਿ ਹਰ ਹਾਲਤ ਵਿਚ ਜਰਮਨੀ ਨਾਲ ਸੰਧੀ ਕਰ ਕੇ ਪ੍ਰਾਪਤ ਕੀਤੇ ਸ਼ਾਂਤੀ ਭਰੇ ਸਮੇਂ ਨੂੰ ਇਨਕਲਾਬ ਨੂੰ ਪਰਪੱਕ ਕਰਨ ਲਈ ਵਰਤਿਆ ਜਾਵੇ ਅਤੇ ਲਾਲ ਫੌਜ ਜਥੇਬੰਦ ਕੀਤੀ ਜਾਵੇ। ਕਮਿਊਨਿਸਟ ਪਾਰਟੀ ਦੀ ਕੇਂਦਰੀ ਕਮੇਟੀ ਦੀ ਬਹੁਸੰਮਤੀ ਜਰਮਨੀ ਨਾਲ ਜੰਗ ਦੇ ਹੱਕ ਵਿਚ ਸੀ। ਤ੍ਰਾਤਸਕੀ ਅਰੰਭ ਵਿਚ ਚਾਹੁੰਦਾ ਸੀ ਜਰਮਨੀ ਨਾਲ ‘ਨਾ ਜੰਗ, ਨਾ ਸ਼ਾਂਤੀ’ ਵਾਲੀ ਸਥਿਤੀ ਕਾਇਮ ਰੱਖੀ ਜਾਵੇ। ਇਸ ਨਾਲ ਇਕ ਤਾਂ ਜਰਮਨੀ ਵੱਲੋਂ ਰੱਖੀਆਂ ਅਪਮਾਨਜਨਕ ਸ਼ਰਤਾਂ ਤੋਂ ਬਚਿਆ ਜਾ ਸਕਦਾ ਹੈ ਤੇ ਦੂਜਾ ਬਾਲਸ਼ਵਿਕ ਪਾਰਟੀ ਵਿਚਲੀ ਸੰਭਾਵੀ ਫੁੱਟ ਤੋਂ ਬਚਿਆ ਜਾ ਸਕਦਾ ਹੈ। ਤ੍ਰਾਤਸਕੀ ਦੀ ਅਗਵਾਈ ਵਿਚ ਵਫਦ ਨੇ ਬਰੈਸਤ-ਲਿਤੋਵਸਕ ਵਿਚ ਜਰਮਨੀ ਨਾਲ ਸ਼ਾਂਤੀ ਵਾਰਤਾ ਵਿਚ ਹਿੱਸਾ ਲਿਆ ਤੇ ਆਪਣਾ ਪੱਖ ਦਲੇਰੀ ਨਾਲ ਰੱਖਿਆ। ਸ਼ਾਂਤੀ ਵਾਰਤਾ ਵਿਚ ਹਿੱਸਾ ਲੈ ਰਹੇ ਆਸਟਰੀਆ ਦੇ ਵਿਦੇਸ਼ ਮੰਤਰੀ ਕਾਊਂਟ ਸਜ਼ਰਨਿਨ ਨੇ ਆਪਣੀ ਪੁਸਤਕ ‘ਸੰਸਾਰ ਜੰਗ ਸਮੇਂ’ ਦੇ ਪੰਨਾ 234 ਉਤੇ ਤ੍ਰਾਤਸਕੀ ਦੀ ਇਸ ਵਾਰਤਾ ਵਿਚ ਕਾਰਗੁਜ਼ਾਰੀ ਬਾਰੇ ਲਿਖਿਆ, “ਇਕ ਚਲਾਕ ਤੇ ਬਹੁਤ ਹੀ ਖਤਰਨਾਕ ਵਿਰੋਧੀæææ ਅਸਾਧਾਰਨ ਤੌਰ ‘ਤੇ ਪ੍ਰਭਿਤਾਵਾਨ, ਜੋ ਗੱਲ ਦਾ ਜਵਾਬ ਦੇਣ ਵਿਚ ਬਹੁਤ ਤੇਜ਼ ਤੇ ਮਾਹਿਰ ਸੀ। ਇਹੋ ਜਿਹੀ ਤੇਜ਼ੀ ਤੇ ਮੁਹਾਰਤ ਮੈਂ ਪਹਿਲਾਂ ਘੱਟ ਹੀ ਕਿਧਰੇ ਵੇਖੀ ਸੀ।” ਤ੍ਰਾਤਸਕੀ ਨੇ ਇਹ ਕਹਿੰਦਿਆਂ ਸ਼ਾਂਤੀ ਸੰਧੀ ‘ਤੇ ਦਸਤਖਤ ਕਰਨ ਤੋਂ ਇਨਕਾਰ ਕਰ ਦਿੱਤਾ, “ਅਸੀਂ ਜ਼ਾਰ ਤੇ ਬੁਰਜੂਆਜ਼ੀ ਨੂੰ ਇਸ ਕਰ ਕੇ ਨਹੀਂ ਹਰਾਇਆ ਕਿ ਜਰਮਨੀ ਦੇ ਕੈਂਸਰ ਅੱਗੇ ਗੋਡੇ ਟੇਕ ਦਈਏ। ਕੇਂਦਰੀ ਕਮੇਟੀ ਦੇ ਬਹੁਮਤ ਨੇ ਤ੍ਰਾਤਸਕੀ ਦੇ ਹੱਕ ਵਿਚ ਮਤਾ ਪਾਸ ਕੀਤਾ ਤੇ ਉਸ ਦੀ ਨੀਤੀ ਨੂੰ ਯੋਗ ਠਹਿਰਾਇਆ ਪਰ ਜਦ ਜਰਮਨੀ ਨੇ ਰੂਸ ‘ਤੇ ਹਮਲਾ ਕਰ ਕੇ ਇਸ ਦੇ ਕੁਝ ਭਾਗ ‘ਤੇ ਕਬਜ਼ਾ ਕਰ ਲਿਆ ਤਾਂ ਲੈਨਿਨ ਨੇ ਸ਼ਾਂਤੀ ਸੰਧੀ ਦੇ ਵਿਰੋਧੀਆਂ ਨੂੰ ਸਰਕਾਰ ਤੇ ਕੇਂਦਰੀ ਕਮੇਟੀ ਵਿਚੋਂ ਆਪਣਾ ਅਸਤੀਫਾ ਦੇ ਦੇਣ ਦੀ ਧਮਕੀ ਦਿੱਤੀ। ਇਸ ‘ਤੇ ਤ੍ਰਾਤਸਕੀ ਨੇ ਕੇਂਦਰੀ ਕਮੇਟੀ ਵਿਚ ਲੈਨਿਨ ਦੇ ਹੱਕ ਵਿਚ ਮਤਾ ਪਾਸ ਹੋ ਜਾਣ ਦਿੱਤਾ ਅਤੇ ਨਾਲ ਹੀ ਆਪ ਵਿਦੇਸ਼ੀ ਮਾਮਲਿਆਂ ਦੇ ਕਮੀਸਾਰ ਵਜੋਂ ਅਸਤੀਫਾ ਦੇ ਦਿੱਤਾ।
ਤ੍ਰਾਤਸਕੀ ਦੀ ਥਾਂ ‘ਤੇ ਹੁਣ ਹੋਰ ਕੋਈ ਵੀ ਕਾਮਰੇਡ ਨੇਤਾ ਸ਼ਾਂਤੀ ਵਾਰਤਾ ਲਈ ਸਹਿਮਤ ਨਹੀਂ ਹੋ ਰਿਹਾ ਸੀ। ਇੱਥੋਂ ਤੱਕ ਕਿ ਸਕਾਲਨੀਕੋਵ ਜਿਸ ਨੇ ਤ੍ਰਾਤਸਕੀ ਤੋਂ ਬਾਅਦ ਸ਼ਾਂਤੀ-ਵਾਰਤਾ ਲਈ ਜਾਣ ਵਾਲੇ ਵਫਦ ਦੀ ਅਗਵਾਈ ਕੀਤੀ, ਨੇ ਵੀ ਪਹਿਲਾਂ ਵਫਦ ਦੀ ਅਗਵਾਈ ਕਰਨ ਤੋਂ ਨਾਂਹ ਕਰ ਦਿੱਤੀ ਸੀ ਤੇ ਮਜਬੂਰ ਕਰਨ ‘ਤੇ ਸੈਂਟਰਲ ਕਮੇਟੀ ਤੋਂ ਅਸਤੀਫਾ ਦੇਣ ਬਾਰੇ ਕਹਿ ਦਿੱਤਾ ਸੀ। ਬੜੀ ਮੁਸ਼ਕਿਲ ਨਾਲ ਸਕਾਲਨੀਕੋਵ ਨੂੰ ਮਨਾਇਆ ਗਿਆ। ਸ਼ਾਂਤੀ-ਸੰਧੀ ‘ਤੇ ਦਸਤਖਤ ਹੁੰਦਿਆਂ ਸਾਰ ਹੀ ਜਰਮਨੀ ਨੇ ਉਹੋ ਕੰਮ ਕੀਤਾ ਜਿਸ ਤੋਂ ਡਰਦਿਆਂ ਲੈਨਿਨ ਨੇ ਇਹ ‘ਅਪਮਾਨਜਨਕ ਸੰਧੀ’ ਕੀਤੀ ਸੀ। ਸੰਧੀ ਉਤੇ ਦਸਤਖਤ ਹੋਣ ਤੋਂ ਪੰਦਰਾਂ ਦਿਨਾਂ ਦੇ ਅੰਦਰ ਹੀ ਜਰਮਨੀ ਨੇ ਹਮਲਾ ਕਰ ਦਿੱਤਾ ਅਤੇ ਕੀਵ ਤੇ ਯੂਕਰੇਨ ਦੇ ਵੱਡੇ ਭਾਗ ‘ਤੇ ਕਬਜ਼ਾ ਕਰ ਲਿਆ। ਆਸਟਰੀਆ ਓਡੇਸਾ ਵਿਚ ਦਾਖਲ ਹੋ ਗਿਆ ਤੇ ਟਰਕ ਟਰੇਥੀ ਜੋਂਡ ਵਿਚ ਪਹੁੰਚ ਗਏ। ਯੂਕਰੇਨ ਵਿਚ ਫੌਜਾਂ ਨੇ ਸੋਵੀਅਤਾਂ ਨੂੰ ਹਰਾ ਦਿੱਤਾ ਤੇ ਰਾਡਾ ਨੂੰ ਬਹਾਲ ਕਰ ਦਿੱਤਾ। ਹੁਣ ਜਰਮਨੀ ਇਕ ਤੋਂ ਬਾਅਦ ਇਕ ਹੇਠੀ ਭਰੀਆਂ ਸ਼ਰਤਾਂ ਲੈਨਿਨ ਅੱਗੇ ਰੱਖਣ ਲੱਗਾ।
ਜਰਮਨਾਂ ਨੇ ਲੈਨਿਨ ਨੂੰ ‘ਸੁਤੰਤਰ ਯੂਕਰੇਨ’ ਨਾਲ ਵੱਖਰੀ ਸੰਧੀ ਕਰਨ ਨੂੰ ਕਿਹਾ ਜਿਸ ਦਾ ਸਿੱਧਾ ਮਤਲਬ ਯੂਕਰੇਨ ਦੇ ਜਰਮਨੀ ਖਿਲਾਫ ਲੜ ਰਹੇ ਕਾਮਿਆਂ ਨਾਲ ਗੱਦਾਰੀ ਸੀ। ਕੋਈ ਵੀ ਸੰਧੀ ਦੇ ਹੱਕ ਵਿਚ ਨਹੀਂ ਸੀ ਪਰ ਲੈਨਿਨ ਹਰ ਸ਼ਰਤ ਮੰਨਣ ਨੂੰ ਤਿਆਰ ਸੀ। ਜਰਮਨ ਭੈਅ ਇੰਨਾ ਵਧ ਗਿਆ ਸੀ ਕਿ ਸਾਰੇ ਕਮੀਸਾਰ ਪੀਤਰੋਗਰਾਦ ਖਾਲੀ ਕਰਨ ਤਿਆਰ ਹੋ ਗਏ। ਸਿਰਫ ਤ੍ਰਾਤਸਕੀ ਹੀ ਉਥੇ ਯੁੱਧ ਲਈ ਡਟਿਆ ਸੀ। ਚਾਰ ਚੁਫੇਰੇ ਸ਼ਾਂਤੀ-ਸੰਧੀ ਦਾ ਵਿਰੋਧ ਹੋਣ ਲੱਗਾ। ਲੈਨਿਨ ਨੇ ਵੀ ਪ੍ਰਧਾਨ ਵਿਲਸਨ ਨਾਲ ਗੱਲ ਚਲਾਈ ਕਿ ਜੇ ਉਹ ਮਦਦ ਕਰਨ ਲਈ ਤਿਆਰ ਹੋਵੇ ਤਾਂ ਬਰੈਸਤ-ਲਿਤੋਵਸਕ ਸੰਧੀ ਰੱਦ ਕੀਤੀ ਜਾਵੇਗੀ। ਲੈਨਿਨ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਹੋ ਸਕਦਾ ਹੈ, ਉਹ ਖੁਦ ਇਕ ਦੋ ਦਿਨਾਂ ਤੱਕ ਇਸ ਸੰਧੀ ਨੂੰ ਰੱਦ ਕਰ ਦੇਵੇ। ਜੇ ਅਜਿਹੀ ਹਾਲਤ ਵਿਚ ਜਦੋਂ ਜਰਮਨੀ ਤ੍ਰਾਤਸਕੀ ਕੋਲੋਂ ਸ਼ਾਂਤੀ-ਸੰਧੀ ਬਦਲੇ ਲਿਥੂਏਨੀਆ, ਕੋਰਟਲੈਂਡ, ਲਿਵੋਨੀਆ, ਮੂਨ ਸਾਊਂਡ ਤੇ ਦਸ ਹਜ਼ਾਰ ਮਿਲੀਅਨ ਰੂਬਲ ਦੀ ਮੰਗ ਕਰ ਰਿਹਾ ਸੀ, ਤਾਂ ਤ੍ਰਾਤਸਕੀ ਨੇ ਜੇ ‘ਨਾ ਸ਼ਾਂਤੀ ਨਾ ਜੰਗ’ ਦੀ ਨੀਤੀ ਅਪਨਾਈ ਤਾਂ ਇਹ ਕਿੰਨੀ ਕੁ ਵੱਡੀ ਗ਼ਲਤੀ ਸੀ; ਉਹ ਵੀ ਉਦੋਂ ਜਦੋਂ ਲੈਨਿਨ ਖੁਦ ਇਸ ਸੰਧੀ ਨੂੰ ਅਪਮਾਨਜਨਕ ਕਹਿ ਰਿਹਾ ਸੀ ਤੇ ਇਸ ਸੰਧੀ ਤੋਂ ਬਚਣ ਲਈ ਸਾਮਰਾਜੀ ਦੇਸ਼ਾਂ ਤੋਂ ਮਦਦ ਮੰਗ ਰਿਹਾ ਸੀ। ਜੇ ਬਰੈਸਤ-ਲਿਤੋਵਸਕ ਨਾਲ ਸਬੰਧਤ ਤ੍ਰਾਤਸਕੀ ਦੀ ਨੀਤੀ ਇੰਨੀ ਹੀ ਗ਼ਲਤ ਸੀ ਤਾਂ ਇਸ ਪਿਛੋਂ ਤ੍ਰਾਤਸਕੀ ਨੂੰ ਭਾਰੀ ਬਹੁਮਤ ਨਾਲ ਪਾਰਟੀ ਦੀ ਸੈਂਟਰਲ ਕਮੇਟੀ ਦਾ ਮੈਂਬਰ ਕਿਉਂ ਬਣਾਇਆ ਗਿਆ? ਉਸ ਨੂੰ ‘ਕਮੀਸਾਰ ਆਫ ਵਾਰ’ ਬਣਾ ਕੇ ਦੇਸ਼ ਦੀ ਡਾਵਾਂਡੋਲ ਤੇ ਖਹਿਬਾਜ਼ੀ ਵਾਲੀ ਸਥਿਤੀ ਵਿਚੋਂ ‘ਲਾਲ ਫੌਜ’ ਖੜ੍ਹੀ ਕਰਨ ਦੀ ਜ਼ਿੰਮੇਵਾਰੀ ਕਿਉਂ ਸੌਂਪੀ ਗਈ?
ਡਾæ ਅੰਮ੍ਰਿਤਪਾਲ ਨੇ ਤ੍ਰਾਤਸਕੀ ਨੂੰ ‘ਲਾਲ ਫੌਜ ਦਾ ਨਿਰਮਾਤਾ’ ਕਹੇ ਜਾਣ ਉਤੇ ਵੀ ਸਵਾਲ ਉਠਾਇਆ ਹੈ। ਤ੍ਰਾਤਸਕੀ ਨੂੰ ‘ਕਮੀਸਾਰ ਆਫ ਵਾਰ’ ਅਤੇ ‘ਪਰੈਜ਼ੀਡੈਂਟ ਆਫ ਸੁਪਰੀਮ ਵਾਰ ਕਾਊਂਸਲ’ ਬਣਾਏ ਜਾਣ ਸਮੇਂ ਰੂਸੀ ਫੌਜ ਲਗਭਗ ਖਤਮ ਹੋ ਚੁੱਕੀ ਸੀ। ਸਿਰਫ ਲਾਤਵੀਆ ਰਾਈਫਲਮੈਨ ਦੀ ਇਕ ਡਵੀਜ਼ਨ ਹੀ ਬਚੀ ਸੀ, ਜਾਂ ਕੁਝ ਰੈਡ ਗਾਰਡਜ਼ ਦੇ ਟੋਲੇ ਸਨ ਜਿਹੜੇ ਮਿਲਟਰੀ ਟਰੇਨਿੰਗ ਤੋਂ ਕੋਰੇ ਸਨ। ਰੈਡ ਗਾਰਡ ਦੀ ਗਿਣਤੀ 1000 ਤੋਂ ਵੀ ਘੱਟ ਸੀ। ਅਜਿਹੀ ਹਾਲਤ ਵਿਚੋਂ ਢਾਈ ਸਾਲ ਤੋਂ ਘੱਟ ਸਮੇਂ ਵਿਚ ਤ੍ਰਾਤਸਕੀ ਨੇ 5 ਮਿਲੀਅਨ ਫੌਜ ਭਰਤੀ ਕਰ ਕੇ ਉਸ ਨੂੰ ਟਰੇਨਿੰਗ ਦੇ ਦਿੱਤੀ ਸੀ। ਬਾਲਸ਼ਵਿਕਾਂ ਵਿਚ ਇਸ ਸਮੇਂ ਰੈਗੂਲਰ ਫੌਜ ਦੇ ਸੰਗਠਨ ਦਾ ਵਿਰੋਧ ਵੀ ਚੱਲ ਰਿਹਾ ਸੀ ਤੇ ਉਹ ਫੌਜ ਨੂੰ ਕਰੜੇ ਅਨੁਸ਼ਾਸਨ ਤੇ ਅਫਸਰਾਂ ਵਿਰੁਧ ਵੀ ਉਕਸਾ ਰਹੇ ਸਨ। ਤ੍ਰਾਤਸਕੀ ਨੇ ਸਾਰਿਆਂ ਲਈ ਮਿਲਟਰੀ ਟਰੇਨਿੰਗ ਲਾਜ਼ਮੀ ਕਰ ਦੇਣ ਲਈ ਸਰਕਾਰ ਕੋਲ ਪਹੁੰਚ ਕੀਤੀ। ਫੌਜ ਦੇ ਕਮਾਂਡਿੰਗ ਸਟਾਫ ਦੀ ਸਥਾਪਨਾ ਤੋਂ ਬਾਅਦ ਦੇਸ਼ ਦੇ ਵੱਖ-ਵੱਖ ਭਾਗਾਂ ਵਿਚ ਰੀਕਰੂਟਿੰਗ ਸੈਂਟਰ ਸਥਾਪਤ ਕੀਤੇ ਗਏ। ਫੌਜ ਦੀ ਟਰੇਨਿੰਗ ਲਈ ਜ਼ਾਰ ਦੇ ਜਨਰਲਾਂ ਦੀ ਵੀ ਸਹਾਇਤਾ ਲਈ। ਜਰਮਨੀ ਵਿਚੋਂ ਹਥਿਆਰਾਂ ਦੇ ਕਾਰੀਗਰ ਮੰਗਵਾ ਕੇ ਫੌਜ ਨੂੰ ਹਥਿਆਰਾਂ ਨਾਲ ਲੈਸ ਕੀਤਾ। ਸਭ ਤੋਂ ਪਹਿਲਾਂ ਕਾਮਿਆਂ ਨੂੰ ਫੌਜ ਵਿਚ ਭਰਤੀ ਕੀਤਾ ਤੇ ਬਾਅਦ ਵਿਚ ਕਿਸਾਨਾਂ ਵਿਚੋਂ ਭਰਤੀ ਕੀਤੀ ਗਈ। ਲਾਲ ਫੌਜ ਵਿਚ ਅਨੁਸ਼ਾਸਨ ਨੂੰ ਬਹੁਤ ਸਖਤੀ ਨਾਲ ਲਾਗੂ ਕੀਤਾ ਗਿਆ। ਇਹ ਕਿਹਾ ਗਿਆ ਕਿ ਜੇ ਕੋਈ ਫੌਜੀ ਟੁਕੜੀ ਜੰਗ ਵਿਚ ਪਿੱਠ ਵਿਖਾਏਗੀ ਤਾਂ ਉਸ ਟੁਕੜੀ ਦੇ ਕਮਾਂਡਰ ਤੇ ਕਮੀਸਾਰ ‘ਤੇ ਸਖਤੀ ਵਰਤੀ ਜਾਵੇਗੀ।
ਤ੍ਰਾਤਸਕੀ ਨੇ ਪੱਛਮੀ ਦੇਸਾਂ ਦੇ ਮਿਲਟਰੀ ਸਾਹਿਤ ਦਾ ਗੰਭੀਰ ਅਧਿਐਨ ਕੀਤਾ ਹੋਇਆ ਸੀ ਤੇ ਉਹ ਆਪ ਮਿਲਟਰੀ ਮਸਲਿਆਂ ਦਾ ਕੁਸ਼ਲ ਲੇਖਕ ਸੀ। ਗੋਰਕੀ ਨੇ ਲੈਨਿਨ ਨਾਲ ਸਬੰਧਤ ਆਪਣੀਆਂ ਯਾਦਾਂ ਬਾਰੇ ਲਿਖੀ ਪੁਸਤਕ ‘ਵਲਾਦੀਮੀਰ ਲੈਨਿਨ’ ਦੇ ਪੰਨਾ 23 ਉਤੇ ਲਿਖਿਆ ਹੈ, “ਮੇਜ਼ ‘ਤੇ ਮੁੱਕੀ ਮਾਰਦਿਆਂ ਲੈਨਿਨ ਨੇ ਕਿਹਾ- ਮੈਨੂੰ ਕੋਈ ਹੋਰ ਅਜਿਹਾ ਆਦਮੀ ਵਿਖਾਉ ਜਿਹੜਾ ਇਕ ਸਾਲ ਵਿਚ ਨਮੂਨੇ ਦੀ ਫੌਜ ਖੜ੍ਹੀ ਕਰ ਸਕਦਾ ਹੋਵੇ ਅਤੇ ਫੌਜੀ ਮਾਹਰਾਂ ਤੋਂ ਸ਼ਾਬਾਸ਼ ਲੈ ਸਕਦਾ ਹੋਵੇ। ਸਾਡੇ ਕੋਲ ਅਜਿਹਾ ਆਦਮੀ ਹੈ।”
ਘਰੇਲੂ ਜੰਗ ਦਾ ਵਰਣਨ ਕਰਦਿਆਂ ਜ਼ਾਰਤੀਸਿਨ ਦੇ ਜਿਸ ਮੋਰਚੇ ਦਾ ਵਰਣਨ ਕੀਤਾ ਗਿਆ ਹੈ, ਉੱਥੇ ਅਸਲ ਵਿਚ ਵੋਰੋਸ਼ੀਲੋਵ, ਸਤਾਲਿਨ ਦੀ ਸ਼ਹਿ ‘ਤੇ ਤ੍ਰਾਤਸਕੀ ਤੋਂ ਆਕੀ ਹੋਇਆ ਪਿਆ ਸੀ। ਤ੍ਰਾਤਸਕੀ ਨੇ ਪੁਰਾਣੀ ਫੌਜ ਦੇ ਜਨਰਲ ਸਾਈਟਿਨ ਨੂੰ ਦੱਖਣੀ ਫਰੰਟ ਦਾ ਕਮਾਂਡਰ ਬਣਾ ਕੇ ਭੇਜ ਦਿਤਾ ਜਿਸ ਨੇ ਵੋਰੋਸ਼ੀਲੋਵ ਨੂੰ ਬੰਦਾ ਬਣਨ ਲਈ ਕਿਹਾ। ਸਤਾਲਿਨ ਦੀ ਥਾਂ ‘ਤੇ ਤ੍ਰਾਤਸਕੀ ਨੇ ਸ਼ਲਯਾਪਨੀਕੋਵ ਨੂੰ ਨਿਯੁਕਤ ਕਰ ਦਿੱਤਾ। ਬਾਅਦ ਵਿਚ ਲੈਨਿਨ ਨੇ ਸਤਾਲਿਨ ਨੂੰ ਮਾਸਕੋ ਬੁਲਾ ਲਿਆ ਤੇ ਵੋਰੋਸ਼ੀਲੋਵ ਨੇ ਤ੍ਰਾਤਸਕੀ ਦੇ ਆਦੇਸ਼ਾਂ ਦੀ ਪਾਲਣਾ ਕਰਨੀ ਸ਼ੁਰੂ ਕਰ ਦਿੱਤੀ। ਇਸ ਤਰ੍ਹਾਂ ਜ਼ਾਰਤੀਸਿਨ ਦੇ ਮੋਰਚੇ ‘ਤੇ ਫੈਸਲਾਕੁਨ ਕੰਮ ਤ੍ਰਾਤਸਕੀ ਦੀ ਦੇਖ-ਰੇਖ ਵਿਚ ਹੋਇਆ। ਪੂਰਬੀ ਮੋਰਚੇ ‘ਤੇ ਸਤਾਲਿਨ ਦੀ ਕੋਈ ਕਾਰਗੁਜ਼ਾਰੀ ਨਹੀਂ ਸੀ। ਇਹ ਮੋਰਚਾ ਜ਼ਾਰ ਦੀ ਫੌਜ ਵਿਚ ਕਰਨਲ ਰਹੇ ਐਸ਼ ਕਾਮੇਨੇਵ ਨੇ ਫਤਿਹ ਕੀਤਾ ਸੀ ਤੇ ਕੋਲਚਕ ਦਾ ਦੂਰ ਤੱਕ ਪਿੱਛਾ ਕਰ ਕੇ ਉਸ ਨੂੰ ਭਾਂਜ ਦਿੱਤੀ ਸੀ। ਸਤਾਲਿਨ ਨੇ ਸਿਰਫ ਯੂਦਨਿਚ ਤੋਂ ਪੀਤਰੋਗਰਾਦ ਦੀ ਹੀ ਰੱਖਿਆ ਕੀਤੀ ਸੀ।
ਸਤਾਲਿਨ ਸ਼ੁਰੂ ਤੋਂ ਤ੍ਰਾਤਸਕੀ ਦੀ ਯੁੱਧ ਨੀਤੀ ਦਾ ਵਿਰੋਧ ਕਰ ਰਿਹਾ ਸੀ, ਆਖਰ ਤ੍ਰਾਤਸਕੀ ਦੀ ਯੁੱਧ ਨੀਤੀ ਦੀ ਵਕਾਲਤ ਕਰਨ ਲੱਗ ਪਿਆ। ਘਰੇਲੂ ਯੁੱਧ ਦੇ ਫੈਸਲਾਕੁਨ ਸਮੇਂ ਜਦੋਂ ਯੂਦਨਿਚ ਪੀਤਰੋਗਰਾਦ ਦੇ ਨੇੜੇ ਪਹੁੰਚ ਗਿਆ ਸੀ ਤਾਂ ਤ੍ਰਾਤਸਕੀ ਆਪ ਘੋੜੇ ‘ਤੇ ਸਵਾਰ ਹੋ ਕੇ ਜੰਗ ਦੇ ਮੋਹਰਲੇ ਮੋਰਚਿਆਂ ‘ਤੇ ਪਹੁੰਚਿਆ। ਤ੍ਰਾਤਸਕੀ ਦਾ ਮੁੱਖ ਵਿਰੋਧੀ ਲੈਸ਼ੀਵਿਚ ਵੀ ਤ੍ਰਾਤਸਕੀ ਦੀ ਪ੍ਰਸ਼ੰਸਾ ਕਰਨ ਤੋਂ ਰਹਿ ਨਾ ਸਕਿਆ। ਡੇਨੀਕਿਨ ਨੂੰ ਹਰਾ ਕੇ ਮਾਸਕੋ ਨੂੰ ਬਚਾ ਲਿਆ ਗਿਆ ਜਿਸ ਦੀ ਚਿੰਤਾ ਲੈਨਿਨ ਤੇ ਪੋਲਿਟ ਬਿਊਰੋ ਨੂੰ ਖਾ ਰਹੀ ਸੀ। ਘਰੇਲੂ ਯੁੱਧ ਸਮੇਂ ਇਨ੍ਹਾਂ ਜਿੱਤਾਂ ਕਾਰਨ ਤ੍ਰਾਤਸਕੀ ਨੂੰ ‘ਫਾਦਰ ਆਫ ਵਿਕਟਰੀḔ ਅਤੇ ‘ਆਰਡਰ ਆਫ ਰੈਡ ਬੈਨਰḔ ਦੀਆਂ ਉਪਾਧੀਆਂ ਨਾਲ ਸਨਮਾਨਿਤ ਕੀਤਾ ਗਿਆ ਸੀ।
ਡਾæ ਅੰਮ੍ਰਿਤਪਾਲ ਤ੍ਰਾਤਸਕੀ ਬਾਰੇ ਕਹਿੰਦਾ ਹੈ, “ਤ੍ਰਾਤਸਕੀ ਦੀ ਇਹ ਧਾਰਨਾ ਸੀ ਕਿ ਮਜ਼ਦੂਰ ਜਮਾਤ ਬਿਨਾਂ ਪਾਰਟੀ ਤੋਂ ਹੀ ਸਮੁੱਚੀ ਜਮਾਤ ਦੇ ਰੂਪ ਵਿਚ ਸਿਆਸੀ ਸੰਘਰਸ਼ ਚਲਾ ਸਕਦੀ ਹੈ ਅਤੇ ਚਲਾਏਗੀ”, ਪਰ ਤ੍ਰਾਤਸਕੀ ਦੇ ਅਜਿਹੇ ਕੋਈ ਵਿਚਾਰ ਨਹੀਂ ਸਨ। ਉਹ ਸੰਗਠਿਤ ਕਮਿਊਨਿਸਟ ਪਾਰਟੀ ਨੂੰ ਹੀ ਇਨਕਲਾਬ ਦੀ ਅਗਵਾਈ ਦੇ ਯੋਗ ਸਮਝਦਾ ਸੀ। ਉਸ ਦੇ ਸ਼ਬਦ ਸਨ, “ਪਾਰਟੀ ਤੋਂ ਬਿਨਾਂ, ਪਾਰਟੀ ਤੋਂ ਵੱਖਰਾ, ਪਾਰਟੀ ਦੇ ਉਪਰੋਂ ਦੀ ਜਾਂ ਪਾਰਟੀ ਦਾ ਕੋਈ ਹੋਰ ਬਦਲ ਪ੍ਰੋਲੇਤਾਰੀ ਇਨਕਲਾਬ ਨੂੰ ਜਿੱਤ ਨਹੀਂ ਦਿਵਾ ਸਕਦਾ।” (‘ਅਕਤੂਬਰ ਦੇ ਸਬਕ ਪੰਨਾ’ 117)। “ਪ੍ਰੋਲੇਤਾਰੀ ਇਨਕਲਾਬ ਦੀ ਅਗਵਾਈ ਕਰਨ ਵਾਲੀ ਪਾਰਟੀ ਤੋਂ ਬਿਨਾਂ ਇਨਕਲਾਬ ਅਸੰਭਵ ਹੋ ਜਾਂਦਾ ਹੈ। ਪ੍ਰੋਲੇਤਾਰੀ ਆਪ-ਮੁਹਾਰੀ ਬਗ਼ਾਵਤ ਰਾਹੀਂ ਇਨਕਲਾਬ ਨਹੀਂ ਲਿਆ ਸਕਦਾæææ ਹੋਰ ਕੋਈ ਚੀਜ਼ ਪ੍ਰੋਲੇਤਾਰੀ ਲਈ ਇਸ ਪਾਰਟੀ ਦਾ ਬਦਲ ਨਹੀਂ ਹੋ ਸਕਦੀæææ ਪ੍ਰੋਲੇਤਾਰੀ ਲਈ ਇਨਕਲਾਬ ਦਾ ਮੁਢਲਾ ਹਥਿਆਰ ਪਾਰਟੀ ਹੀ ਹੈ।”
ਨਵੀਂ ਆਰਥਿਕ ਨੀਤੀ (ਐਨæਈæਪੀæ) ਬਾਰੇ ਵੀ ਤ੍ਰਾਤਸਕੀ ਦੇ ਵਿਚਾਰਾਂ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਹੈ। ਤ੍ਰਾਤਸਕੀ ਐਨæਈæਪੀæ ਦੇ ਵਿਰੁਧ ਨਹੀਂ ਸੀ। ਉਸ ਨੇ ਤਾਂ ਸਗੋਂ ਖੁਦ 1920 ਦੇ ਸ਼ੁਰੂ ਵਿਚ ਕਿਸਾਨੀ ਅਰਥਚਾਰੇ ਦੀ ਹਾਲਤ ਬਾਰੇ ਆਪਣੇ ਵਿਸ਼ਲੇਸ਼ਣ ਦੇ ਆਧਾਰ ‘ਤੇ ਪੋਲਿਟ ਬਿਊਰੋ ਨੂੰ ਐਨæਈæਪੀæ ਵਿਚਲੇ ਸੁਝਾਵਾਂ ਦੇ ਸਮਰੂਪ ਸੁਝਾਅ ਸਾਲ ਪਹਿਲਾਂ ਪੇਸ਼ ਕੀਤੇ ਸਨ। ਪਾਰਟੀ ਵੱਲੋਂ ਐਨæਈæਪੀæ ਅਪਨਾਉਣ ਤੋਂ ਬਾਅਦ ਉਸ ਨੇ ਇਸ ਨੂੰ ਕਮਿਊਨਿਸਟ ਇੰਟਰਨੈਸ਼ਨਲ ਦੀ 1921 ਤੇ 1922 ਦੀਆਂ ਤੀਜੀ ਤੇ ਚੌਥੀ ਕਾਂਗਰਸਾਂ ਵਿਚ ਸਮਰਥਨ ਦਿੱਤਾ। ਉਸ ਦੇ ਮਤਭੇਦ ਐਨæਈæਪੀæ ਦੀ ਨੀਤੀ ਬਾਰੇ ਨਹੀਂ ਸਨ, ਸਗੋਂ ਇਸ ਦੀ ਗ਼ਲਤ ਵਰਤੋਂ ਬਾਰੇ ਸਨ। ਉਹ ਚਾਹੁੰਦਾ ਸੀ ਕਿ ਐਨæਈæਪੀæ ਦਾ ਫਾਇਦਾ ਸਰਮਾਏਦਾਰੀ ਤੱਤ ਨਾ ਉਠਾਉਣ। ਇਸ ਦੀ ਵਰਤੋਂ ਸਿਰਫ ਰੂਸ ਦੇ ਆਰਥਿਕ ਸੋਮਿਆਂ ਦੇ ਵਿਕਾਸ ਤੇ ਇਸ ਵਿਕਾਸ ਨੂੰ ਸਮਾਜਵਾਦੀ ਲੀਹਾਂ ‘ਤੇ ਲਿਆਉਣ ਲਈ ਕੀਤੀ ਜਾਵੇ। ਲੈਨਿਨ ਐਨæਈæਪੀæ ਨੂੰ ‘ਮਜਬੂਰਨ ਪਿਛੇ ਹਟਣਾ’ ਆਖਦਾ ਸੀ, ਕਿਉਂਕਿ ਇਨਕਲਾਬ ਤੋਂ ਤੁਰੰਤ ਬਾਅਦ ਢਹਿ-ਢੇਰੀ ਹੋਏ ਅਰਥਚਾਰੇ ਨੂੰ ਠੀਕ ਕਰਨ ਲਈ ਛੋਟੇ ਕਿਸਾਨਾਂ, ਮੱਧਵਰਗੀ ਕਿਸਾਨਾਂ ਤੇ ਛੋਟੇ ਵਪਾਰੀਆਂ ਨੂੰ ਕੁਝ ਪੂੰਜੀਵਾਦੀ ਰਿਆਇਤਾਂ ਦਿਤੀਆਂ ਗਈਆਂ ਸਨ। ‘ਵਰਕਰਜ਼ ਅਪੋਜੀਸ਼ਨ’ ਵਾਲੇ ਐਨæਈæਪੀæ ਨੂੰ ਨਿਊ ਐਕਸਪਲੌਇਟੇਸ਼ਨ ਆਫ ਪਰੋਲੇਟੇਰੀਅਟ ਕਹਿੰਦੇ ਸਨ। ਤ੍ਰਾਤਸਕੀ ਅਨੁਸਾਰ ਐਨæਈæਪੀæ ਦਾ ਫਾਇਦਾ ਤਦ ਹੀ ਸੀ ਜੇ ਇਹ ਅਰਥਚਾਰੇ ਵਿਚਲੇ ਪੂੰਜੀਵਾਦੀ ਤੱਤਾਂ ਦੀ ਥਾਂ ਸਮਾਜਵਾਦੀ ਤੱਤਾਂ ਨੂੰ ਮਜ਼ਬੂਤ ਕਰੇ। ਉਂਜ ਇਹ ਸੱਚ ਹੈ ਕਿ ਐਨæਈæਪੀæ ਨੇ ਜਿੱਥੇ ਰੂਸੀ ਅਰਥਚਾਰੇ ਨੂੰ ਕੁਝ ਹੁਲਾਰਾ ਦਿੱਤਾ, ਉੱਥੇ ਰੂਸ ਵਿਚ ਸਰਮਾਏਦਾਰੀ ਦੀ ਬਹਾਲੀ ਦੇ ਬੀਜ ਵੀ ਬੀਜੇ।
ਡਾæ ਅੰਮ੍ਰਿਤਪਾਲ ਨੇ ਤ੍ਰਾਤਸਕੀ ਨੂੰ ਗ਼ਲਤ ਇਤਿਹਾਸਕਾਰ ਦੱਸਦਿਆਂ ਉਸ ਦੀਆਂ ਜਿਨੋਵੀਵ, ਕਮੇਨੇਵ, ਸਵੇਰਦਲੋਵ, ਦਜੇਰਜਿੰਸਕੀ, ਬੁਖਾਰਿਨ, ਰੀਕੋਵ, ਨੋਗਿਨ, ਲੋਮੋਵ, ਬੁਬਨੋਵ ਤੇ ਮਿਲਿਉਤਿਨ ਬਾਰੇ ਟਿੱਪਣੀਆਂ ‘ਤੇ ਵੀ ਇਤਰਾਜ਼ ਕੀਤਾ ਹੈ ਪਰ ਡਾæ ਸਾਹਿਬ ਨੂੰ ਇਹ ਵੀ ਪਤਾ ਹੋਵੇਗਾ ਕਿ ਇਨ੍ਹਾਂ ਵਿਚੋਂ ਜਿਨੋਵੀਵ, ਕਮੇਨੇਵ ਤੇ ਬੁਬਨੋਵ ਨੂੰ ਸਤਾਲਿਨ ਨੇ ਇਨਕਲਾਬ ਦੇ ਦੁਸ਼ਮਣ ਕਹਿ ਕੇ ਗੋਲੀ ਮਰਵਾ ਦਿੱਤੀ ਸੀ ਜਦੋਂ ਕਿ ਰੀਕੋਵ, ਨੋਗਿਨ ਤੇ ਮਿਲਿਉਤਿਨ ਲੈਨਿਨ ਵਿਰੋਧੀ ਸਨ, ਤੇ ਲੈਨਿਨ ਆਪ ਉਨ੍ਹਾਂ ਨੂੰ ਠੀਕ ਨਹੀਂ ਸਮਝਦਾ ਸੀ। ਫਿਰ ਤ੍ਰਾਤਸਕੀ ਦੀਆਂ ਟਿੱਪਣੀਆਂ ‘ਤੇ ਇਤਰਾਜ਼ ਕਿਉਂ?
ਤ੍ਰਾਤਸਕੀ ਨੇ ਬਰੈਸਤ-ਲਿਤੋਵਸਕ ਦੀ ਸੰਧੀ ਸਮੇਂ ਅਕਤੂਬਰ ਇਨਕਲਾਬ ਬਾਰੇ ਪੁਸਤਕ ਲਿਖੀ ਸੀ ਜਿਸ ਦੀਆਂ ਕਈ ਅਡੀਸ਼ਨਾਂ ਰੂਸ ਦੀਆਂ ਕਈ ਭਾਸ਼ਾਵਾਂ ਵਿਚ ਛਪੀਆਂ ਸਨ। ਇਸ ਪੁਸਤਕ ਨੂੰ ਬਹੁਤ ਸਾਰੇ ਪਾਰਟੀ ਵਰਕਰਾਂ ਨੇ ਪੜ੍ਹਿਆ ਸੀ ਤੇ ਕਿਸੇ ਨੇ ਵੀ ਇਹ ਇਲਜ਼ਾਮ ਨਹੀਂ ਸੀ ਲਾਇਆ ਕਿ ਇਸ ਵਿਚ ਸਤਾਲਿਨ ਦੀ ਇਨਕਲਾਬ ਪ੍ਰਤੀ ਦੇਣ ਨੂੰ ਅਣਡਿੱਠ ਕੀਤਾ ਗਿਆ ਹੈ। 1922 ਵਿਚ ਆਰਗੇਨਾਈਜੇਸ਼ਨ ਬਿਊਰੋ, ਜਿਸ ਦਾ ਮੁਖੀ ਉਦੋਂ ਸਤਾਲਿਨ ਸੀ, ਨੇ ਆਪ ਤ੍ਰਾਤਸਕੀ ਨੂੰ ਅਕਤੂਬਰ ਇਨਕਲਾਬ ਦੇ ਇਤਿਹਾਸ ਬਾਰੇ ਕਿਤਾਬ ਐਡਿਟ ਕਰਨ ਨੂੰ ਕਿਹਾ ਸੀ, ਜਦੋਂ ਕਿ ਇਸ ਤੋਂ ਪਹਿਲਾਂ ਵੀ ਤ੍ਰਾਤਸਕੀ ਦੀਆਂ ਦੋ ਪੁਸਤਕਾਂ ਰੂਸੀ ਇਨਕਲਾਬ ਬਾਰੇ ਛਪ ਚੁੱਕੀਆਂ ਸਨ। ਡਾæ ਅੰਮ੍ਰਿਤਪਾਲ ਖੁਦ ਰੂਸ ਦੇ ਇਨਕਲਾਬ ਦੇ ਇਤਿਹਾਸ ਨੂੰ ਵਿਗਾੜ ਕੇ ਪੇਸ਼ ਕਰਦੇ ਹੋਏ ਲਿਖਦੇ ਹਨ, “ਹਥਿਆਰਬੰਦ ਇਨਕਲਾਬ ਦੀ ਅਗਵਾਈ ਲਈ ਪਾਰਟੀ-ਕੇਂਦਰ ਦਾ ਸੰਚਾਲਕ ਸਤਾਲਿਨ ਨੂੰ ਥਾਪਿਆ ਗਿਆ ਤੇ ਇਸ ਕੇਂਦਰ ਵਿਚ ਇਨਕਲਾਬ ਦਾ ਨੇਤਾ ਤ੍ਰਾਤਸਕੀ ਸ਼ਾਮਿਲ ਨਹੀਂ ਸੀ।” ਡਾæ ਸਾਹਿਬ ਇੱਥੇ ਭੁੱਲ ਜਾਂਦੇ ਹਨ ਕਿ ਇਸ ਪਾਰਟੀ ਕੇਂਦਰ ‘ਕਰਾਂਤੀਕਾਰੀ ਸੋਵੀਅਤ ਕਮੇਟੀ’ ਦਾ ਪ੍ਰਧਾਨ ਵੀ ਤ੍ਰਾਤਸਕੀ ਸੀ। ਜੇ ਡਾæ ਸਾਹਿਬ ਦੀ ਮੰਨੀਏ ਤਾਂ ਕਿਉਂਕਿ ਲੈਨਿਨ ਵੀ ‘ਪਾਰਟੀ ਕੇਂਦਰ’ ਦਾ ਮੈਂਬਰ ਨਹੀਂ ਸੀ, ਇਸ ਲਈ ਉਸ ਦੀ ਵੀ ਇਨਕਲਾਬ ਲਈ ਕੋਈ ਵਿਸ਼ੇਸ਼ ਭੂਮਿਕਾ ਨਹੀਂ ਸੀ!
ਤ੍ਰਾਤਸਕੀ ‘ਤੇ ਇਹ ਵੀ ਦੋਸ਼ ਲਾਇਆ ਗਿਆ ਹੈ, “ਉਹ ਕੌਮੀ ਮੁਕਤੀ ਦੇ ਸੰਘਰਸ਼ ਨੂੰ ਖਾਰਜ ਕਰ ਦਿੰਦਾ ਹੈ।” ਨਾਲ ਇਹ ਵੀ ਕਿਹਾ ਗਿਆ ਹੈ ਕਿ ਤੀਜੀ ਇੰਟਰਨੈਸ਼ਨਲ ਸਮੇਂ ਤ੍ਰਾਤਸਕੀ ਤੇ ਲੈਨਿਨ ਦੇ ਵਿਚਾਰ ਬਸਤੀਆਂ ਤੇ ਅਰਧ-ਬਸਤੀਆਂ ਵਿਚ ਇਨਕਲਾਬ ਬਾਰੇ ਇਕੋ ਜਿਹੇ ਸਨ ਪਰ ਲੈਨਿਨ ਦੀ ਮੌਤ ਤੋਂ ਬਾਅਦ ਤ੍ਰਾਤਸਕੀ ਦੇ ਵਿਚਾਰ ਬਦਲ ਗਏ। ਤ੍ਰਾਤਸਕੀ ਲੈਨਿਨ ਦੇ ਫਾਰਮੂਲੇ ‘ਮਜ਼ਦੂਰ-ਕਿਸਾਨੀ ਜ਼ਮਹੂਰੀ ਤਾਨਾਸ਼ਾਹੀḔ ਦੇ ਵਿਰੁੱਧ ਹੋ ਗਿਆ ਸੀ। ਲੈਨਿਨ ਤਾਂ ਆਪ ਆਪਣੇ ਫਾਰਮੂਲੇ ਬਾਰੇ ਕਹਿੰਦਾ ਹੈ, “ਪੁਰਾਣੇ ਬਾਲਸ਼ਵਿਕਾਂ ਨੇ ਇਕ ਤੋਂ ਵੱਧ ਵਾਰ ਸਾਡੀ ਪਾਰਟੀ ਦੇ ਇਤਿਹਾਸ ਵਿਚ ਪਛਤਾਵੇ ਵਾਲਾ ਰੋਲ ਅਦਾ ਕੀਤਾ ਹੈ। ਉਹ ਮੂੰਹ ਜ਼ੁਬਾਨੀ ਰਟੇ ਹੋਏ ਵਾਹਯਾਤ ਫਾਰਮੂਲੇ ਦੁਹਰਾਈ ਜਾਂਦੇ ਹਨ ਤੇ ਜਿਊਂਦੀ ਤੇ ਨਵੀਂ ਅਸਲੀਅਤ ਦੀਆਂ ਵਿਸ਼ੇਸ਼ਤਾਈਆਂ ਨੂੰ ਅਣਡਿੱਠਾ ਕਰਦੇ ਹਨ।æææ ਸਾਨੂੰ ਪੁਰਾਣੇ ਫਾਰਮੂਲਿਆਂ ਦੇ ਹਮਸਫਰ ਨਹੀਂ ਬਣਨਾ ਚਾਹੀਦਾ ਸਗੋਂ ਨਵੀਂ ਅਸਲੀਅਤ ਦੇ ਅਨੁਸਾਰ ਚਲਣਾ ਚਾਹੀਦਾ ਹੈ। ਕੀ ਕਾਮਰੇਡ ਕਾਮੇਨੇਵ ਦੇ ਪੁਰਾਣੇ ਬਾਲਸ਼ਵਿਕ ਫਾਰਮੂਲੇ ਕਿ ਅਜੇ ਬੁਰਜ਼ੂਆ ਜਮਹੂਰੀ ਇਨਕਲਾਬ ਪੂਰਾ ਨਹੀਂ ਹੋਇਆ, ਵਿਚ ਕੁਝ ਅਸਲੀਅਤ ਹੈ? ਨਹੀਂ, ਕੋਈ ਅਸਲੀਅਤ ਜਾਂ ਸੱਚਾਈ ਨਹੀਂ ਹੈ। ਇਹ ਫਾਰਮੂਲਾ ਹੁਣ ਪੁਰਾਣਾ ਹੋ ਗਿਆ ਹੈ। ਇਹ ਹੁਣ ਬੇਕਾਰ ਹੈ। ਇਹ ਹੁਣ ਖਤਮ ਹੈ। ਇਸ ਫਾਰਮੂਲੇ ਨੂੰ ਦੁਬਾਰਾ ਜਿੰਦਾ ਕਰਨਾ ਵਿਅਰਥ ਹੈ।” (ਲੈਨਿਨ ਲਿਖਤਾਂ 14 ਪੰਨਾ 28, 33) ਲੈਨਿਨ ਦਾ ਇਹ ਫਾਰਮੂਲਾ ਰੂਸ ਦੇ ਉਸ ਸਮੇਂ ਦੇ ਹਾਲਾਤ ਅਨੁਸਾਰ ਘੜਿਆ ਗਿਆ ਸੀ। ਦੁਨੀਆਂ ਦੇ ਬਾਕੀ ਸਭ ਦੇਸਾਂ ਵਿਚ ਇਨਕਲਾਬ ਇਸੇ ਫਾਰਮੂਲੇ ਅਨੁਸਾਰ ਹੀ ਨਹੀਂ ਆਏ।
ਹੁਣ ਟਰੇਡ ਯੂਨੀਅਨ ਦੇ ਫੌਜੀਕਰਨ ਦੀ ਗੱਲ ਕਰਦੇ ਹਾਂ। ਇਨਕਲਾਬ ਤੋਂ ਬਾਅਦ ਜਦੋਂ ਰੂਸ ਦੀ ਆਰਥਿਕ ਹਾਲਤ ਅਜੇ ਠੀਕ ਨਹੀਂ ਸੀ ਹੋਈ, ਉਸ ਸਮੇਂ ਪੋਲਿਟ ਬਿਊਰੋ ਨੇ ਗੜਬੜਾ ਗਏ ਟਰਾਂਸਪੋਰਟ ਸਿਸਟਮ ਨੂੰ ਪੈਰਾਂ ‘ਤੇ ਖੜ੍ਹੇ ਕਰਨ ਲਈ ਤ੍ਰਾਤਸਕੀ ਦੀ ਡਿਊਟੀ ਲਾਈ। ਤ੍ਰਾਤਸਕੀ ਨੇ ਕਾਮਿਆਂ ਤੇ ਟਰੇਡ ਯੂਨੀਅਨਾਂ ਉਪਰ ਸਖਤ ਡਸਿਪਲਨ ਲਾਗੂ ਕਰਨ ਅਤੇ ਵਧੇਰੇ ਕੰਮ ਕਰਨ ਦੀ ਗੱਲ ਕੀਤੀ। ਉਸ ਨੇ ਖਾਸ ਹਾਲਾਤ ਵਿਚ ਜਬਰੀ ਕਿਰਤ ਨੂੰ ਜਾਇਜ਼ ਠਹਿਰਾਇਆ। ਉਸ ਅਨੁਸਾਰ ‘ਜਬਰੀ ਕਿਰਤḔ ਵਿਕਸਤ ਸਮਾਜਵਾਦੀ ਸਮਾਜ ਵਿਚੋਂ ਲੋਪ ਹੋ ਜਾਂਦੀ ਹੈ ਪਰ ਸਰਮਾਏਦਾਰੀ ਤੋਂ ਸਮਾਜਵਾਦ ਵੱਲ ਤਬਦੀਲੀ ਦੇ ਦੌਰ ਵਿਚ ਇਹ ਚਰਮ ਸੀਮਾ ‘ਤੇ ਹੁੰਦੀ ਹੈ। ਇਸ ਲਈ ਉਸ ਨੇ ਕਿਰਤ ਤੋਂ ਭਗੌੜਿਆਂ ਨੂੰ ਸਖਤ ਸਜ਼ਾ ਦਾ ਉਪਬੰਧ ਕੀਤਾ।
ਤ੍ਰਾਤਸਕੀ ਨੂੰ ਰੂਸ ਵਿਚੋਂ ਜਲਾਵਤਨ ਕਰਨ ਤੋਂ ਬਾਅਦ ਸਤਾਲਿਨ ਵੱਲੋਂ ਕਰਵਾਈ ਗਈ ਵਗਾਰ ਤ੍ਰਾਤਸਕੀ ਵੱਲੋਂ ‘ਟਰੇਡ ਯੂਨੀਅਨ ਦੇ ਫੌਜੀਕਰਨḔ ਨਾਲੋਂ ਕਿਤੇ ਵੱਧ ਦਮਨਕਾਰੀ ਸੀ। ਸੋਵੀਅਤ ਰੂਸ ਦੇ ਸਨਅਤੀਕਰਨ ਤੇ ਖੇਤੀ ਦੇ ਸਮੂਹੀਕਰਨ ਕਰਨ ਲਈ ਜੋ ਤਸ਼ੱਦਦ ਲੋਕਾਂ ‘ਤੇ ਕੀਤਾ ਗਿਆ, ਉਸ ਦੀ ਮਿਸਾਲ ਜ਼ਾਰ ਦੇ ਸ਼ਾਸਨ ਕਾਲ ਵਿਚ ਵੀ ਨਹੀਂ ਮਿਲਦੀ। ਉਹ ਸਿਰਫ ਇਸ ਲਈ ਕੀਤੇ ਗਏ ਜਬਰ ਤੇ ਉਜਾੜੇ ਦਾ ਵਿਰੋਧੀ ਸੀ। ਤ੍ਰਾਤਸਕੀ ਨੇ ਸਤਾਲਿਨ ਦੇ ਸਮੇਂ ਕਮਿਊਨਿਸਟ ਪਾਰਟੀ ਤੇ ਰਾਜਸੀ ਮਸ਼ੀਨਰੀ ਵਿਚ ਵਧ ਰਹੀ ਅਫਸਰਸ਼ਾਹੀ ਨੂੰ ਸਭ ਤੋਂ ਪਹਿਲਾਂ ਨੰਗਿਆਂ ਕੀਤਾ। ਸਾਲਾਂ ਬੱਧੀ ਉਹ ਇਕੱਲਾ ਹੀ ਪਾਰਟੀ ਅੰਦਰਲੀ ਘਟ ਰਹੀ ਜਮਹੂਰੀਅਤ ਤੇ ਵਧ ਰਹੇ ਅਫਸਰਸ਼ਾਹੀ ਅਤੇ ਸਰਮਾਏਦਾਰੀ ਤੱਤਾਂ ਵਿਰੁਧ ਲੜਦਾ ਰਿਹਾ। ਲੈਨਿਨ ਨੇ ਵੀ ਆਪਣੇ ਜੀਵਨ ਦੇ ਆਖਰੀ ਸਮੇਂ ਵਿਚ ਪਾਰਟੀ ਅੰਦਰ ਫੈਲ ਚੁੱਕੀ ਅਫਸਰਸ਼ਾਹੀ ਖਤਮ ਕਰਨ ਲਈ ਤ੍ਰਾਤਸਕੀ ਨੂੰ ਆਪਣੇ ਨਾਲ ਮਿਲ ਕੇ ਬਲਾਕ ਬਣਾਉਣ ਦਾ ਸੱਦਾ ਦਿੱਤਾ ਸੀ।
ਇਸ ਵਿਚ ਕੋਈ ਸ਼ੱਕ ਨਹੀਂ ਕਿ ਤ੍ਰਾਤਸਕੀ ਨੇ ਸੋਵੀਅਤ ਰੂਸ ਵਿਚ ਇਨਕਲਾਬ ਕਰਨ, ਲਾਲ ਫੌਜ ਦਾ ਨਿਰਮਾਣ ਕਰਨ, ਕਮਿਊਨਿਸਟ ਇੰਟਰਨੈਸ਼ਨਲ ਦੀਆਂ ਨੀਤੀਆਂ ਘੜਨ, ਘਰੋਗੀ ਜੰਗ ਫਤਿਹ ਕਰਨ, ਸਮਾਜਵਾਦ ਦੀ ਉਸਾਰੀ ਕਰਨ, ਪਾਰਟੀ ਅੰਦਰਲੀ ਅਫਸਰਸ਼ਾਹੀ ਨਾਲ ਲੜਨ, ਪਾਰਟੀ ਪ੍ਰਾਪੇਗੰਡਾ ਕਰਨ ਤੇ ਮਾਰਕਸਵਾਦੀ ਸਾਹਿਤ ਰਚਣ ਲਈ ਲੈਨਿਨ ਨਾਲ ਮਿਲ ਕੇ ਕੰਮ ਕੀਤਾ। ਤ੍ਰਾਤਸਕੀ ਨੇ ਆਪਣੀ ਵਿਦਵਤਾ ਅਤੇ ਅਸਾਧਾਰਨ ਭਾਸ਼ਣ ਸ਼ਕਤੀ ਨਾਲ ਵਿਸ਼ਾਲ ਜਨ ਸਮੂਹਾਂ ਨੂੰ ਸਮਾਜਵਾਦ ਲਈ ਪ੍ਰੇਰਿਆ। ਤ੍ਰਾਤਸਕੀ ਨੇ ਕਈ ਪੁਸਤਕਾਂ ਰਾਜਨੀਤੀ, ਇਤਿਹਾਸ, ਫੌਜੀ ਮਸਲਿਆਂ ਤੇ ਰਚਨਾਤਮਿਕ ਸਾਹਿਤ ਬਾਰੇ ਲਿਖੀਆਂ। ਉਸ ਨੂੰ ਆਪਣੇ ਕੰਮ ਬਦਲੇ ਜੇਲ੍ਹ, ਤਸੀਹੇ, ਜਲਾਵਤਨੀ ਤੇ ਝੂਠੀਆਂ ਤੋਹਮਤਾਂ ਵੀ ਸਹਿਣੀਆਂ ਪਈਆਂ। ਜਿਸ ਇਨਕਲਾਬ ਲਈ ਉਹ ਸਾਰੀ ਉਮਰ ਲੜਦਾ ਰਿਹਾ, ਉਸੇ ਇਨਕਲਾਬ ਦੇ ਵਾਰਸਾਂ ਨੇ ਉਸ ਨੂੰ ਤੇ ਉਸ ਦੇ ਸਮੁੱਚੇ ਪਰਿਵਾਰ ਨੂੰ ਮਾਰ ਮੁਕਾਇਆ।
ਲੈਨਿਨ ਤ੍ਰਾਤਸਕੀ ਦੇ ਇਨਕਲਾਬ ਲਈ ਯੋਗਦਾਨ ਨੂੰ ਮੰਨਦਾ ਸੀ। ਇਸੇ ਲਈ ਉਸ ਨੇ ਤ੍ਰਾਤਸਕੀ ਨੂੰ ਦੋ ਵਾਰ ਡਿਪਟੀ ਪ੍ਰੀਮੀਅਰ ਬਣਨ ਦੀ ਪੇਸ਼ਕਸ਼ ਕੀਤੀ ਪਰ ਤ੍ਰਾਤਸਕੀ ਨੇ ਨਿਮਰਤਾ ਸਹਿਤ ਅਸਵੀਕਾਰ ਕਰ ਦਿੱਤੀ। ਲੈਨਿਨ ਨਾਲ ਤ੍ਰਾਤਸਕੀ ਦੇ ਤਿੱਖੇ ਮਤਭੇਦ ਵੀ ਰਹੇ ਤੇ ਦੋਵਾਂ ਨੇ ਕਈ ਵਾਰ ਇਕ ਦੂਜੇ ਲਈ ਬਹੁਤ ਸਖਤ ਸ਼ਬਦਾਂ ਦੀ ਵਰਤੋਂ ਵੀ ਕੀਤੀ। ਤ੍ਰਾਤਸਕੀ ਨੇ ਕਈ ਗ਼ਲਤੀਆਂ ਵੀ ਕੀਤੀਆਂ ਪਰ ਉਹ ਹਮੇਸ਼ਾ ਆਪਣੀਆਂ ਗ਼ਲਤੀਆਂ ਮੰਨ ਲੈਂਦਾ ਸੀ। ਪਾਰਟੀ ਨਾਲ ਆਪਣੇ ਪਾਟਵੇਂ ਵਿਚਾਰਾਂ ਨੂੰ ਤਿਆਗ ਵੀ ਦਿੰਦਾ ਸੀ। ਜੁਲਾਈ 1918 ਵਿਚ ਸੋਵੀਅਤਾਂ ਦੀ ਪੰਜਵੀਂ ਕਾਂਗਰਸ ਵਿਚ ਉਸ ਨੇ ਸਟੇਜ ਤੋਂ ਕਿਹਾ ਸੀ, “ਰੂਸ ਦੇ ਕਾਮਿਆਂ ਤੇ ਕਿਸਾਨਾਂ ਦੇ ਪ੍ਰਤੀਨਿਧ ਵੀਰੋ, ਮੈਂ ਤੁਹਾਡੇ ਸਾਹਮਣੇ ਜਵਾਬਦੇਹ ਹਾਂ। ਜੇ ਤੁਸੀਂ ਮੇਰੀ ਆਲੋਚਨਾ ਕਰੋਗੇ ਤੇ ਮੈਥੋਂ ਕੋਈ ਵੱਖਰਾ ਫੈਸਲਾ ਕਰੋਗੇ ਜਿਸ ਨਾਲ ਮੈਂ ਸਹਿਮਤ ਹੋਵਾਂ ਜਾਂ ਨਾ, ਤਾਂ ਮੈਂ ਇਨਕਲਾਬ ਦਾ ਸਿਪਾਹੀ ਹੋਣ ਦੇ ਨਾਤੇ ਤੁਹਾਡੇ ਫੈਸਲੇ ਨੂੰ ਮੰਨਾਂਗਾ ਤੇ ਇਸ ਨੂੰ ਪੂਰਾ ਕਰਨ ਲਈ ਆਪਣੀ ਪੂਰੀ ਵਾਹ ਲਾਵਾਂਗਾ।”
ਤ੍ਰਾਤਸਕੀ ਹਮੇਸ਼ਾ ਚੜ੍ਹਦੀ ਕਲਾ ਵਿਚ ਰਹਿਣ ਵਾਲਾ ਬੰਦਾ ਸੀ। ਆਪਣੇ ਕਸ਼ਟਾਂ ਭਰੇ ਜਲਾਵਤਨੀ ਦੇ ਦਿਨਾਂ ਵਿਚ ਵੀ ਕਤਲ ਕੀਤੇ ਜਾਣ ਤੋਂ ਕੁਝ ਸਮਾਂ ਪਹਿਲਾਂ ਉਸ ਨੇ ਆਪਣੀ ਡਾਇਰੀ ਵਿਚ ਲਿਖਿਆ, “ਜ਼ਿੰਦਗੀ ਖੂਬਸੂਰਤ ਹੈ। ਆਉਣ ਵਾਲੀਆਂ ਪੀੜ੍ਹੀਆਂ ਲਈ ਮੇਰੀ ਇੱਛਾ ਹੈ ਕਿ ਉਹ ਜ਼ਿੰਦਗੀ ਨੂੰ ਸਾਰੀਆਂ ਬੁਰਿਆਈਆਂ, ਜ਼ੁਲਮ ਤੇ ਤਸ਼ੱਦਦ ਤੋਂ ਮੁਕਤ ਕਰਨ ਤੇ ਇਸ ਦਾ ਭਰਭੂਰ ਅਨੰਦ ਮਾਨਣ। ਮੈਂ ਕਮਿਊਨਿਸਟ ਭਵਿੱਖ ਵਿਚ ਅਤੁੱਟ ਵਿਸ਼ਵਾਸ ਰੱਖਦਾ ਹੋਇਆ ਮਰਾਂਗਾ। ਮਨੁੱਖ ਤੇ ਉਸ ਦੇ ਭਵਿੱਖ ਵਿਚ ਮੇਰਾ ਇਹ ਵਿਸ਼ਵਾਸ ਮੈਨੂੰ ਹੁਣ ਵੀ ਜ਼ੁਲਮ ਦਾ ਟਾਕਰਾ ਕਰਨ ਲਈ ਅਜਿਹੀ ਸ਼ਕਤੀ ਦਿੰਦਾ ਹੈ ਜੋ ਦੁਨੀਆਂ ਦਾ ਕੋਈ ਵੀ ਧਰਮ ਨਹੀਂ ਦੇ ਸਕਦਾ।” ਆਪਣੇ ਦੁਸ਼ਮਣਾਂ ਨੂੰ ਵੀ ਉਸ ਨੇ ਕਿਹਾ ਸੀ,
You can juggle citations, hide the reports of your own speeches, forbid the propagation of the letters and articles of Lenin, fabricate yards of dishonestly selected quotations. You can suppress, conceal, and burn up historical documents. You can extend your censorship even to the photographic and moving picture records of revolutionary events. All these things Stalin is doing. But the results will not justify his hopes. Only a limited mind like Stalin’s could imagine that these pitiful secretarical machinations will make men forget the gigantic events of modern history. (From Stalin Falsifies History)

Be the first to comment

Leave a Reply

Your email address will not be published.