ਮਾਏ ਨੀ ਹੁਣ ਮਾਰ ਉਡਾਰੀ

ਛਾਤੀ ਅੰਦਰਲੇ ਥੇਹ-20
ਗੁਰਦਿਆਲ ਦਲਾਲ
ਫੋਨ: 91-98141-85363
ਮੇਰੀ ਮਾਂ ਦੀ ਉਮਰ ਸੌ ਸਾਲ ਤੋਂ ਵੱਧ ਹੋ ਗਈ ਹੈ। ਸਭ ਉਸ ਨੂੰ ਬੇਬੇ ਕਹਿੰਦੇ ਹਨ। ਕੋਈ ਜ਼ਮਾਨਾ ਸੀ, ਸਾਰਾ ਘਰ ਉਸ ਦੁਆਲੇ ਘੁੰਮਦਾ ਸੀ। ਹਰ ਗੱਲ ਉਸ ਦੀ ਸਲਾਹ ਨਾਲ ਹੁੰਦੀ ਸੀ ਪਰ ਹੁਣ ਬੁਢਾਪੇ ਵਿਚ ਜਦੋਂ ਉਸ ਦਾ ਸਰੀਰ, ਅੱਖਾਂ, ਕੰਨ, ਗੋਡੇ ਉਸ ਦੇ ਸਾਥ ਦੀ ਬਹੁਤੀ ਹਾਮੀ ਨਹੀਂ ਭਰਦੇ ਅਤੇ ਦਿਮਾਗ ਤਾਂ ਉਸ ਤੋਂ ਪਿੱਛਾ ਛੁਡਾਉਣ ਲਈ ਹੀ ਤੁਲਿਆ ਹੋਇਆ ਹੈ, ਉਹ ਪਰਿਵਾਰ ਦੇ ਮੈਂਬਰਾਂ ਦੇ ਅਧੀਨ ਹੋ ਗਈ ਹੈ ਅਤੇ ਤਰਸ ਦਾ ਪਾਤਰ ਵੀ ਬਣ ਗਈ ਹੈ। ਉਸ ਦੀ ਹਰ ਗੱਲ, ਹਰ ਰਾਇ ਬੇਮਾਅਨੇ ਹੋ ਕੇ ਰਹਿ ਗਈ ਹੈ ਪਰ ਉਹ ਅਜੇ ਵੀ ਆਪਣਾ ਹੁਕਮ ਚਲਾਉਣ ਦਾ ਲਹਿਜ਼ਾ ਅਤੇ ਘਰ ਵਿਚ ਦਖ਼ਲ-ਅੰਦਾਜ਼ੀ ਨਹੀਂ ਛੱਡਦੀ। ਇਸ ਲਈ ਸੁਭਾਵਿਕ ਹੈ ਕਿ ਘਰ ਦੇ ਜੀਆਂ ਨੂੰ ਉਸ ਉਤੇ ਗੁੱਸਾ ਆਉਂਦਾ ਹੈ। ਜਦੋਂ ਵੀ ਕਿਸੇ ਨੂੰ ਉਸ ਉਤੇ ਗੁੱਸਾ ਆਉਂਦਾ ਹੈ ਤਾਂ ਉਹ ਉਸ ਨੂੰ ‘ਏ ਮਾਈ’ ਕਹਿ ਕੇ ਟੋਕਦਾ ਹੈ ਤੇ ਜਦੋਂ ਗੁੱਸੇ ਦਾ ਪਾਰਾ ਜ਼ਰਾ ਹੋਰ ਚੜ੍ਹ ਜਾਵੇ ਤਾਂ ‘ਏ ਬੁੜ੍ਹੀਏ’ ਕਹਿ ਕੇ ਫਿਟਕਾਰਦਾ ਹੈ। ਅਸੀਂ ਸਾਰੇ ਉਸ ਨੂੰ ਟੋਕਦੇ, ਵਰਜਦੇ ਰਹਿੰਦੇ ਹਾਂ ਪਰ ਉਸ ਉਤੇ ਕੋਈ ਅਸਰ ਨਹੀਂ ਹੁੰਦਾ। ਵਾਰ-ਵਾਰ ਉਹੀ ਕੁਝ ਕਰਦੀ ਹੈ।
ਉਹ ਸਾਥੋਂ ਐਨੀ ਦੁਖੀ ਹੈ ਕਿ ਜੇ ਵੱਸ ਚੱਲੇ ਤਾਂ ਅਲੱਗ ਚੁੱਲ੍ਹਾ ਬਾਲ ਲਵੇ। ਟਿੰਡ ਫੌੜ੍ਹੀ ਚੁੱਕ ਪਿੰਡ ਨੂੰ ਦੌੜ ਜਾਵੇ। ਮੇਰੇ ਬਾਕੀ ਭਰਾ ਜੋ ਉਸ ਤੋਂ ਦੂਰ ਰਹਿੰਦੇ ਹਨ, ਉਸ ਲਈ ਸਰਵਣ ਪੁੱਤ ਹਨ। ਉਨ੍ਹਾਂ ਦੀਆਂ ਘਰਵਾਲੀਆਂ ਉਸ ਦੀਆਂ ਲਾਡਲੀਆਂ ਨੂੰਹਾਂ ਹਨ। ਬੇਬੇ ਹੁਣ ਕਿਧਰੇ ਆਉਣ ਜਾਣ ਜੋਗੀ ਨਹੀਂ ਰਹੀ। ਅਸੀਂ ਕਿਸੇ ਆਏ ਗਏ ਨਾਲ ਗੱਲਾਂ ਕਰ ਰਹੇ ਹੋਈਏ ਤਾਂ ਉਹ ਵਿਚ ਆ ਬਹਿੰਦੀ ਹੈ। ਲੋਕ ਲਾਜ ਤੋਂ ਡਰਦੇ ਉਸ ਵੇਲੇ ਤਾਂ ਉਸ ਨੂੰ ਕੁਝ ਨਹੀਂ ਕਹਿੰਦੇ ਪਰ ਮਗਰੋਂ ਲਾਹ-ਪਾਹ ਜ਼ਰੂਰ ਕਰਦੇ ਹਾਂ, ਕਿਉਂਕਿ ਉਸ ਦੀਆਂ ਗੱਲਾਂ ਦਾ ਚੈਨਲ ਹੀ ਕੋਈ ਹੋਰ ਹੁੰਦਾ ਹੈ ਜਿਥੋਂ ਪੰਜਾਹ ਸਾਲ ਪਹਿਲਾਂ ਦੀਆਂ ਗੱਲਾਂ ਹੀ ਰਿਲੇਅ ਹੁੰਦੀਆਂ ਹਨ। ਉਹ ਗੱਲ ਸ਼ੁਰੂ ਕਰ ਦੇਵੇਗੀ, “ਲੈ ਭਾਈ, ਇਕ ਵਾਰੀ ਮੈਂ ਰਾਇਪੁਰ ਫਲਾਣੇ ਦੇ ਗੁਹਾਰਾ ਲਿਪਾਉਣæææ।”
ਬੇਬੇ ਦੀਆਂ ਪਤਲੀਆਂ ਸੁੱਕੀਆਂ ਲੱਤਾਂ ਵਿਚ ਅਜੇ ਜਾਨ ਹੈ, ਤਦੇ ਤਾਂ ਉਹ ਹਰ ਰੋਜ਼ ਕੋਠੇ ਉਤੇ ਗੇੜੇ ਕੱਢਦੀ ਰਹਿੰਦੀ ਹੈ। ਮੇਰੀ ਘਰਵਾਲੀ ਨੂੰ ਉਸ ਦੀ ਇਹ ਸੈਰ ਬੜੀ ਚੁਭਦੀ ਹੈ, ਕਿਉਂਕਿ ਕਈ ਵਾਰ ਉਸ ਨਾਲ ਟੱਕਰ ਜੋ ਹੋ ਜਾਂਦੀ ਹੈ, ਜਾਂ ਉਹ ਉਸ ਦੇ ਮੂਹਰੇ ਆ ਜਾਂਦੀ ਹੈ। ਹਫ਼ਤੇ, ਦਸ ਦਿਨਾਂ ਮਗਰੋਂ ਘੁੰਮਦੀ-ਘੁੰਮਦੀ ਮਾਈ ਲੁੜ੍ਹਕ ਜਾਂਦੀ ਹੈ। ਸਿਰ ਗੋਡੇ ਫੁੱਟਦੇ ਹਨ, ਲਹੂ ਨਿਕਲਦਾ ਹੈ। ਚੁੰਨੀ ਨਾਲੋਂ ਲੀਰ ਪਾੜ ਪੱਟੀ ਬੰਨ੍ਹਦੀ ਇਕਬਾਲ ਕਹੇਗੀ, “ਲਹੂ ਦੇਖ ਲਉ ਬੁੜ੍ਹੀ ਵਿਚ ਕਿਵੇਂ ਭਰਿਆ ਪਿਆ ਏ, ਫ਼ੁਹਾਰਾ ਹੀ ਚੱਲ ਰਿਹਾ ਏ।æææ ਬੁੜ੍ਹੀਏ, ਬਹਿ ਕੇ ਰਾਮ ਦਾ ਨਾਂ ਲੈ ਲਿਆ ਕਰ। ਟਿਗ ਘੁਮਾਉਂਦੀ ਫਿਰਦੀ ਰਹਿੰਦੀ ਏਂ ਸਾਰਾ ਦਿਨ ਬੰਬੂਕਾਟ ਬਣੀ। ਅਜੇ ਹੋਰ ਮੇਰੇ ਕਿੰਨੇ ਕੁ ਲੇਖੇ ਲੈਣੇ ਨੇ, ਤੈਂ?”
ਉਹ ਉਸ ਦੀ ਬਾਂਹ ਨੂੰ ਝਪਟਾ ਮਾਰ ਕੇ ਬੋਲੇਗੀ, “ਤੇਰੀਆਂ ਟੰਗਾਂ ਨਾਲ ਨੀ ਘੁੰਮਦੀ, ਵੱਡੀਏ ਰਕਾਨੇ। ਮੈਨੂੰ ਤੁਰਦੀ ਦੇਖ ਕੇ ਮੇਰੇ ਡੋਬੂ ਕਿਉਂ ਪੈਂਦੇ ਨੇ?”
ਉਹ ਕਦੀ-ਕਦੀ ਬੈਠੀ ਹੀ ਆਲਮਾਲ ਹੋ ਜਾਂਦੀ ਹੈ। ਅਵਾ ਤਵਾ ਮਾਰਨ ਲੱਗ ਪੈਂਦੀ ਹੈ, ਆਪਣੇ ਮਰ ਚੁੱਕੇ ਭਰਾ-ਭਰਜਾਈ ਨੂੰ ਮਿਲਣ ਜਾਣ ਲਈ ਕਹਿੰਦੀ ਹੈ। ਇਕ ਦਿਨ ਕੱਪੜਿਆਂ ਦੀ ਗਠੜੀ ਬਣਾ ਕੇ ਮੈਨੂੰ ਕਹਿਣ ਲੱਗੀ, “ਚੱਲ ਮੈਨੂੰ ਮਾਂ ਕੋਲ ਛੱਡ ਕੇ ਆ। ਮੈਂ ਨਈਂ ਤੁਹਾਡੇ ਕੋਲ ਰਹਿਣਾ ਹੁਣ। ਮੁੜ ਕੇ ਐਧਰ ਨੂੰ ਮੂੰਹ ਨਹੀਂ ਕਰਾਂਗੀ।” ਪਰ ਮਾਂ (ਮੇਰੀ ਨਾਨੀ) ਤਾਂ ਪੈਂਤੀ ਸਾਲ ਪਹਿਲਾਂ ਮਰ ਚੁੱਕੀ ਹੈ। ਮੈਂ ਬੇਬੇ ਨੂੰ ਸੁਰਗਾਂ ਵਿਚ ਕਿਵੇਂ ਲੈ ਜਾਂਦਾ? ਅਚਾਨਕ ਮੇਰੀ ਸਾਲੀ ਰਕਸ਼ਾ ਅੰਬਾਲੇ ਤੋਂ ਆ ਗਈ। ਮੈਂ ਬੇਬੇ ਨੂੰ ਕਿਹਾ, “ਲੈ ਮਿਲ ਲੈ, ਆ ਗਈ ਤੇਰੀ ਮਾਂ।” ਡਰਾਮੇਬਾਜ਼ ਸਾਲੀ ਨੇ ਉਸ ਦੀ ਮਾਂ ਹੋਣ ਦਾ ਪੂਰਾ ਸਵਾਂਗ ਕੀਤਾ।
ਘਰਵਾਲਿਆਂ ਨੂੰ ਉਸ ਦੀਆਂ ਅਜਿਹੀਆਂ ਗੱਲਾਂ ਵਿਚੋਂ ਸ਼ੁਗਲ ਮਿਲ ਜਾਂਦਾ ਹੈ। ਉਹ ਉਸ ਨੂੰ ਟਿੱਚਰਾਂ ਕਰਨ ਲੱਗਦੇ ਹਨ ਪਰ ਉਸ ਨੂੰ ਕੁਝ ਪਤਾ ਨਹੀਂ ਲਗਦਾ। ਮੈਂ ਬੇਬੇ ਨੂੰ ਪਹਿਲਾਂ ਤੋਂ ਹੀ ਕਦੀ ਕਿਸੇ ਮੰਦਰ-ਗੁਰਦੁਆਰੇ ਜਾਂਦੀ ਨੂੰ ਨਹੀਂ ਦੇਖਿਆ। ਰੱਬ ਦਾ ਨਾਉਂ ਉਸ ਤੋਂ ਕੋਹਾਂ ਦੂਰ ਹੈ। ਉਸ ਦਾ ਧਿਆਨ ਰੱਬ ਵੱਲ ਲਾਉਣ ਦੇ ਖਿਆਲ ਨਾਲ ਮੈਂ ਉਸ ਨੂੰ ਮਾਲਾ ਲਿਆ ਕੇ ਦਿੱਤੀ ਤੇ ਕਿਹਾ, “ਬੇਬੇ ਆਖਰੀ ਸਮਾਂ ਏਂ। ਵਾਹਿਗੁਰੂ ਵਾਹਿਗੁਰੂ ਕਰ ਕੇ ਘੁਮਾਇਆ ਕਰ ਮਣਕੇ। ਛੱਡ ਦੇ ਘਰ ਦੇ ਫਿਕਰਾਂ ਨੂੰ।” ਉਸ ਨੇ ਮਾਲਾ ਫੜ ਕੇ ਪਰ੍ਹੇ ਵਗ੍ਹਾ ਮਾਰੀ ਤੇ ਬੋਲੀ, “ਤੁਸੀਂ ਮੈਨੂੰ ਮਰੀ ਹੀ ਤਕਾ ਲਿਆ। ਤੁਸੀਂ ਹੀ ਫੜ ਲਉ ਰੱਬ ਦੀ ਪੂਛ, ਮੈਨੂੰ ਨੀ ਲੋੜ!”
ਉਹ ਘਰ ਦੇ ਕੰਮਾਂ ਵਿਚੋਂ ਮਨਫੀ ਹੋਣਾ ਹੀ ਨਹੀਂ ਚਾਹੁੰਦੀ। ਇਕਬਾਲ ਉਸ ਦੇ ਹੱਥੋਂ ਝਾੜੂ ਖੋਂਹਦੀ ਹੈ ਤਾਂ ਉਹ ਰਸੋਈ ਵਿਚ ਵੜ ਕੇ ਮਾਂਜੇ ਹੋਏ ਭਾਂਡੇ ਮੁੜ ਮਾਂਜਣ ਲੱਗਦੀ ਹੈ। ਤਾਰ ‘ਤੇ ਪਾਏ ਕੱਪੜੇ ਖਿੱਚ-ਖਿੱਚ ਪਲਟਾਉਣ ਲੱਗਦੀ ਹੈ, ਜਾਂ ਮੋਗਰੀ ਚੁੱਕ ਕੇ ਕੱਪੜੇ ਕੁੱਟਣ ਬੈਠ ਜਾਂਦੀ ਹੈ। ਗਲਾਸ ਟੁੱਟਦੇ ਹਨ, ਭਾਂਡੇ ਖੜਕਦੇ ਹਨ, ਕੱਪੜੇ ਗੰਦੇ ਹੁੰਦੇ ਹਨ ਤਾਂ ਅਗਲੇ ਨੇ ਤੰਗ ਆ ਕੇ ਡਾਂਟਣਾ ਹੀ ਤਾਂ ਹੈ। ਹਰ ਕੋਈ ਕਹਿੰਦਾ ਹੈ, “ਏ ਬੁੜ੍ਹੀਏ, ਤੈਤੋਂ ਬੈਠੀ ਤੋਂ ਖਾਇਆ ਨਹੀਂ ਜਾਂਦਾ? ਸਾਰਾ ਦਿਨ ਪੰਗੇ ਲੈਂਦੀ ਫਿਰਦੀ ਰਹਿੰਦੀ ਏ।”
ਡਾਂਟ ਖਾ ਕੇ ਉਹ ਭੁੱਲ ਜਾਂਦੀ ਹੈ ਤੇ ਕੋਈ ਨਾ ਕੋਈ ਕੰਮ ਮੁੜ ਸ਼ੁਰੂ ਕਰ ਦਿੰਦੀ ਹੈ। ਹੋਰ ਨਹੀਂ ਤਾਂ ਵਾਰ-ਵਾਰ ਟੂਟੀ ਚਲਾ ਕੇ ਮੂੰਹ, ਹੱਥ ਪੈਰ ਧੋਂਦੀ ਰਹਿੰਦੀ ਹੈ। ਜਦੋਂ ਉਸ ਦੀ ਜਾਗ ਖੁੱਲ੍ਹੇ, ਚਾਹੇ ਅੱਧੀ ਰਾਤ ਹੀ ਕਿਉਂ ਨਾ ਹੋਵੇ, ਉਠ ਕੇ ਹਾਕਾਂ ਮਰਨ ਲੱਗੇਗੀ, “ਵੇ ਉਠ ਖੜੋ ਵੇ, ਘੋੜੇ ਵੇਚ ਕੇ ਸੌਂ ਗਏ। ਗੋਡੇ-ਗੋਡੇ ਦਿਨ ਚੜ੍ਹ ਆਇਆ ਏ। ਅੱਜ ਉਠਣਾ ਨਹੀਂ?” ਨੀਂਦ ਵਿਚੋਂ ਜਾਗ ਕੇ ਕੋਈ ਦਹਾੜੇਗਾ, “ਤੇਰੇ ਲੜ ਜੇ ਸੱਪ ਬੁੜ੍ਹੀਏ! ਦਫ਼ਾ ਹੋ ਜਾ। ਪੈ ਜਾ, ਜਾ ਕੇ। ਅਜੇ ਅੱਧੀ ਰਾਤ ਏ।” ਪਰ ਉਹ ਥੋੜ੍ਹੀ ਦੇਰ ਬਾਅਦ ਫਿਰ ਗੇੜਾ ਲਾ ਕੇ ਹਾਕਾਂ ਮਾਰਨ ਲੱਗ ਪਵੇਗੀ।
ਖ਼ੁਰਾਕ ਉਸ ਦੀ ਪੂਰੀ ਹੈ। ਦਿਨ ਦੀਆਂ ਅੱਠ ਦਸ ਰੋਟੀਆਂ, ਦਾਲ-ਸਬਜ਼ੀ, ਦੁੱਧ ਫਲ। ਜਿੰਨੀ ਚੀਜ਼ ਮਰਜ਼ੀ ਦੇ ਦਿਉ, ਖਾ ਜਾਵੇਗੀ। ਉਸ ਦੀ ਅੱਖ ਚਾਹੇ ਦਿਨ ਨੂੰ ਖੁੱਲੇ, ਚਾਹੇ ਰਾਤ ਨੂੰ; ਉਸ ਦੇ ਭਾਅ ਦਾ ਦਿਨ ਚੜ੍ਹਦਾ ਹੈ। ਅੱਖ ਖੁੱਲ੍ਹਦੀ ਸਾਰ ਉਹ ਟੱਟੀ ਵਿਚ ਜਾ ਵੜਦੀ ਹੈ। ਫਿਰ ਕਬਜ਼ ਦੀ ਸ਼ਿਕਾਇਤ ਕਰਦੀ ਹੈ। ਹਰ ਕਿਸੇ ਨੂੰ ਫੱਕੀ ਲਿਆਉਣ ਲਈ ਕਹਿੰਦੀ ਹੈ। ਇਕ ਵਾਰੀ ਰੋਟੀ ਖਾ ਲਵੇਗੀ, ਥੋੜ੍ਹੀ ਦੇਰ ਬਾਅਦ ਫਿਰ ਬੋਲੇਗੀ, “ਅੱਜ ਰੋਟੀ ਨਹੀਂ ਦੇਣੀ ਮੈਨੂੰ?” ਗੇਟ ਦੇ ਬਾਹਰ ਬੈਠ ਕਿਸੇ ਲੰਘਣ ਵਾਲੇ ਦੀ ਪੈੜਚਾਲ ਸੁਣ ਕੇ ਬੋਲੇਗੀ, “ਦੇਖ ਲਉ ਭਾਈ, ਰੋਟੀ ਨਹੀਂ ਦਿੰਦੇ ਮੈਨੂੰ।”
ਉਸ ਨੇ ਆਪਣੀ ਪੇਟੀ ਅਤੇ ਟਰੰਕ ਦੀ ਚਾਬੀ ਆਪਣੇ ਨਾਲੇ ਨਾਲ ਬੰਨ੍ਹੀ ਹੋਈ ਹੈ। ਉਹ ਪੇਟੀਆਂ ‘ਤੇ ਪਿਆ ਟਰੰਕ ਦਿਨ ਰਾਤ ਕਈ ਵਾਰੀ ਲਾਹੁੰਦੀ ਹੈ। ਆਪਣੇ ਸੂਟ, ਪੈਸੇ, ਗਹਿਣੇ ਆਦਿ ਗਿਣਦੀ ਹੈ ਤੇ ਮੇਰੇ ਕੋਲ ਸ਼ਿਕਾਇਤ ਕਰਨ ਆਉਂਦੀ ਹੈ, “ਅੱਜ ਫੇਰ ਇਕ ਸੂਟ ਚੋਰੀ ਹੋ ਗਿਆ।”
“ਮਾਈ ਐਥੇ ਚੋਰ ਕੌਣ ਏ? ਨਾਲੇ ਤੇਰਾ ਸੂਟ ਦੱਸ ਕਿਸੇ ਨੇ ਕੀ ਕਰਨਾ ਏ?” ਮੈਂ ਕਹਿੰਦਾ ਹਾਂ।
“ਤੇਰੀ ਘਰਵਾਲੀ ਏ ਚੋਲਟੀ। ਆਪਣੀ ਮਾਂ ਨੂੰ ਦੇ ਆਈ ਹੋਊ।”
“ਉਹਦੀ ਮਾਂ ਮਰੀ ਨੂੰ ਤਾਂ ਹੋ ਗਏ ਪੰਦਰਾ ਸਾਲ। ਮੜ੍ਹੀਆਂ ‘ਚ ਦੇ ਕੇ ਆਊ?” ਆਪਣੀਆਂ ਸ਼ਿਕਾਇਤਾਂ ਸੁਣ ਕੇ ਘਰਵਾਲੀ ਵੀ ਦੈਂਅ-ਦੈਂਅ ਕਰਦੀ ਚੜ੍ਹ ਆਉਂਦੀ ਹੈ। ਰੋਂਦੀ ਹੈ। ਦੋਹਾਂ ਧਿਰਾਂ ਵਿਚ ਮਹਾਂਭਾਰਤ ਛਿੜਦਾ ਹੈ। ਮੈਂ ਕਦੀ ਪਤਨੀ ਵੱਲ, ਤੇ ਕਦੇ ਬੇਬੇ ਵੱਲ; ਦੋਹਾਂ ਮੁਹਾਜ਼ਾਂ ‘ਤੇ ਲੜਦਾ ਹਾਂ।
ਇਕ ਦਿਨ ਡਿਊਟੀ ਤੋਂ ਵਾਪਸ ਆਇਆ ਤਾਂ ਬੇਬੇ ਦੋ ਲਿਟਰ ਵਾਲਾ ਪੇਂਟ ਦਾ ਡੱਬਾ ਨਾਲੀ ਵਿਚ ਮਧਿਆ ਕੇ ਸਾਫ਼ ਕਰਨ ਲੱਗੀ ਹੋਈ। ਉਹਦਾ ਮੂੰਹ, ਵਾਲ ਤੇ ਕੱਪੜੇ ਪੇਂਟ ਨਾਲ ਲਿੱਪੇ ਪਏ ਸਨ। ਮੈਂ ਗੁੱਸੇ ਨਾਲ ਕਿਹਾ, “ਏ ਮਾਈ, ਤੈਨੂੰ ਦੌਰਾ ਪੈ ਗਿਆ? ਆਹ ਕੀ ਕਰ’ਤਾ ਤੂੰ? ਇਹ ਪੇਂਟ ਤਾਂ ਦਰਵਾਜ਼ਿਆਂ ਨੂੰ ਕਰਾਉਣਾ ਸੀ। ਤੂੰ ਇਹ ਖਾਲੀ ਡੱਬਾ ਫੂਕਣਾ ਏਂ?” ਤਾਂ ਉਹ ਡੱਬਾ ਪਰ੍ਹੇ ਵਗ੍ਹਾ ਕੇ ਸੁੱਟਦੀ ਬੋਲੀ, “ਆਹ ਚੁੱਕ, ਮੈਂ ਕੀ ਕਰਨਾ ਏਂ। ਮੈਂ ਤਾਂ ਘਰ ਸੁਆਰਦੀ ਹੀ ਹਾਂ। ਜੇ ਨਹੀਂ ਕਰਨ ਦੇਣਾ, ਨਾ ਸਹੀ।” ਮੈਂ ਕਿਹਾ, “ਮੈਂ ਤਾਂ ਤੈਨੂੰ ਕੁਛ ਨਹੀਂ ਕਹਿੰਦਾ। ਹੁਣ ਤੇਰੀ ਨੂੰਹ ਆਉਣ ਵਾਲੀ ਏ। ਸਮਝੀਂ ਉਹਦੇ ਨਾਲ ਆਪ ਈ।”
ਇਕ ਦਿਨ ਸਿਖਿਆ ਮਹਿਕਮੇ ਦੇ ਦੋ ਪ੍ਰਿੰਸੀਪਲ ਤੇ ਡਿਪਟੀ ਡੀæਈæਓæ ਕਿਸੇ ਡਿਊਟੀ ਸਬੰਧੀ ਮੇਰੇ ਕੋਲ ਘਰ ਆਏ। ਅਸੀ ਬੈਠੇ ਚਾਹ ਪੀ ਰਹੇ ਸਾਂ ਕਿ ਬੇਬੇ ਨੇ ਰੱਸੀ ਵਿਚ ਬੰਨ੍ਹੀਆਂ ਟੁੱਟੀਆਂ ਚਪਲਾਂ ਦਾ ਬੰਡਲ ਸਾਡੇ ਮੂਹਰੇ ਮੇਜ਼ ‘ਤੇ ਲਿਆ ਧਰਿਆ ਤੇ ਬੋਲੀ, “ਆਹ ਵੇਚ ਦਿਆਂ ਕੁਆੜੀਏ ਨੂੰ?” ਮੇਰੀ ਤਾਂ ਜਿਵੇਂ ਸੁਆਹ ਹੀ ਹੋ ਗਈ।
ਇਕ ਦਿਨ ਉਹ ਮੇਰੀ ਪੋਤੀ ਤਾਨੀਆ ਨੂੰ ਗੋਦ ਵਿਚ ਲਈ ਕੁਰਸੀ ‘ਤੇ ਬੈਠੀ ਬੇਹੋਸ਼ ਹੋ ਗਈ ਤੇ ਲੁੜ੍ਹਕ ਗਈ। ਇਕਬਾਲ ਦੌੜੀ ਆਈ। ਉਸ ਨੇ ਬੇਬੇ ਨੂੰ ਚੁੱਕਿਆ। ਨਬਜ਼ ਟੋਹੀ ਤੇ ਚੀਕਾਂ ਮਾਰਨ ਲੱਗ ਪਈ, “ਏ ਬੇਬੇ, ਏ ਬੇਬੇ, ਕੀ ਹੋ ਗਿਆ ਤੈਨੂੰ? ਅੱਖਾਂ ਖੋਲ੍ਹæææ ਦੌੜ ਕੇ ਆਉ ਲੋਕੋ, ਸਾਡੀ ਬੇਬੇ ਨੂੰ ਪਤਾ ਨਹੀਂ ਕੀ ਹੋ ਗਿਆ।” ਮੈਂ ਦੌੜਿਆ ਉਸ ਕੋਲ ਗਿਆ। ਇਕਬਾਲ ਬੁਰੀ ਤਰ੍ਹਾਂ ਰੋ ਰਹੀ ਸੀ। ਉਸ ਦੀਆਂ ਅੱਖਾਂ ਵਿਚੋਂ ਪਰਲ-ਪਰਲ ਹੰਝੂ ਡਿੱਗ ਰਹੇ ਸਨ। ਮੇਰਾ ਭਰਾ ਜਸਵੰਤ ਵੀ ਆ ਗਿਆ ਤੇ ਚੀਕਣ ਲੱਗਾ। ਸਾਰਾ ਮੁਹੱਲਾ ਇਕੱਠਾ ਹੋ ਗਿਆ। ਮੈਂ ਉਸ ਨੂੰ ਬਾਹਾਂ ਵਿਚ ਚੁੱਕ ਪੌੜੀਆਂ ਉਤਰ ਕੇ ਉਸੇ ਤਰ੍ਹਾਂ ਡਾਕਟਰ ਭੰਗੂ ਵੱਲ ਦੌੜ ਪਿਆ। ਮੈਂ ਵੀ ਚੀਕ ਰਿਹਾ ਸਾਂ।
ਬੇਬੇ ਨੂੰ ਹੋਸ਼ ਆਈ, ਤਾਂ ਬੋਲੀ, “ਕੀ ਹੋ ਗਿਆ? ਕੋਈ ਮਰ ਗਿਆ?” ਪਤਨੀ ਬੋਲੀ, “ਤੇਰਾ ਬੇੜਾ ਬਹਿ ਜੇ ਬੁੜ੍ਹੀਏ। ਤੂੰ ਤਾਂ ਅੱਜ ਸਾਨੂੰ ਵਖ਼ਤ ਪਾ ਦਿਤਾ ਸੀ।” ਬੇਬੇ ਨੂੰ ਤਿੰਨ ਚਾਰ ਦਿਨ ਹਸਪਤਾਲ ਰੱਖਣਾ ਪਿਆ। ਇਕਬਾਲ ਨੇ ਸਕੂਲੋਂ ਛੁੱਟੀਆਂ ਲੈ ਲਈਆ। ਹਰ ਵੇਲੇ ਉਸ ਦੀਆਂ ਲੱਤਾਂ ਘੁੱਟਦੀ ਰਿਹਾ ਕਰੇ। ਇਕ ਦਿਨ ਮੈਂ ਹੱਸ ਕੇ ਕਿਹਾ, “ਕਰ ਲੈ ਸੱਸ ਦੀ ਸੇਵਾ, ਮੇਵਾ ਮਿਲੂ।” ਉਹ ਬੋਲੀ, “ਮੇਰੀ ਕਰਦੀ ਏ ਜੁੱਤੀ।”
ਫਿਰ ਉਹ ਕਾਫ਼ੀ ਢਿੱਲੀ ਹੋ ਗਈ। ਆਪਣੀ ਰਿਟਾਇਰਮੈਂਟ ਵਾਲੇ ਦਿਨ ਮੈਂ ਉਸ ਦੀ ਇਕੱਲੀ ਦੀ ਵੀ ਫ਼ੋਟੋ ਖਿਚਵਾ ਲਈ ਤੇ ਵੱਡੀ ਕਰਵਾ ਲਈ ਤਾਂ ਕਿ ਉਸ ਦੇ ਭੋਗ ਸਮੇਂ ਗੁਰੂ ਗ੍ਰੰਥ ਸਾਹਿਬ ਮੂਹਰੇ ਰੱਖ ਸਕਾਂ। ਲਾਭ ਡਾਕਟਰ ਦਾ ਕੰਪਾਊਡਰ ਦੂਜੇ ਤੀਜੇ ਦਿਨ ਉਸ ਦੇ ਤਾਕਤ ਦਾ ਟੀਕਾ ਲਾ ਕੇ ਜਾਂਦਾ ਹੈ ਤਾਂ ਪਤਨੀ ਕਹਿੰਦੀ ਹੈ, “ਬੰਦ ਕਰੋ ਇਹ ਟੀਕੇ, ਤੁਸੀ ਕਿਉਂ ਇਸ ਨੂੰ ਸ਼ੇਰਨੀ ਬਣਾਈ ਜਾਂਦੇ ਹੋ। ਅੱਜ ਨਲ੍ਹਾਉਣ ਲੱਗੀ ਦੀ ਉਂਗਲੀ ਮੋਚ’ਤੀ ਬੁੜ੍ਹੀ ਨੇ।”
ਮੇਰੇ ਬੇਟੇ ਕਰਨ ਨੇ ਜਦ ਤਕ ਕਾਰ ਨਹੀਂ ਸੀ ਲਈ, ਉਸ ਨੂੰ ਫਿਕਰ ਰਹਿੰਦਾ ਸੀ ਕਿ ਜੇ ਬੁੜ੍ਹੀ ਮਰ ਗਈ ਤਾਂ ਭੋਗ ‘ਤੇ ਹੋਣ ਵਾਲੇ ਖਰਚਿਆਂ ਕਰ ਕੇ ਕਾਰ ਦੀ ਖ਼ਰੀਦ ਅੱਗੇ ਪੈ ਸਕਦੀ ਹੈ। ਹੁਣ ਕਾਰ ਲੈਣ ਮਗਰੋਂ ਬੇਬੇ ਦੇ ਮਰਨ ਦੀਆਂ ਦੁਆਵਾਂ ਕਰਨ ਲੱਗਾ ਹੈ। ਉਸ ਨੂੰ ਚਾਅ ਹੈ ਕਿ ਬੇਬੇ ਦੇ ਮਰਨ ‘ਤੇ ਡੀæਜੇæ ਲਾਉਣਾ ਹੈ। ਯਾਰਾਂ ਦੋਸਤਾਂ ਦੀ ਹਰ ਤਰ੍ਹਾਂ ਸੇਵਾ ਕਰਨੀ ਹੈ। ਵਾਜੇ-ਗਾਜੇ ਨਾਲ ਭੰਗੜੇ ਪਾਉਂਦੇ ਬੇਬੇ ਦੀ ਅਰਥੀ ਨੂੰ ਸਜਾ ਕੇ ਮੜ੍ਹੀਆਂ ਤੀਕ ਲੈ ਕੇ ਜਾਣਾ ਹੈ।
ਹਰ ਕਿਸੇ ਦੀ ਦਿਲੀ ਇੱਛਾ ਹੈ ਕਿ ਬੇਬੇ ਹੁਣ ਉਡਾਰੀ ਮਾਰ ਜਾਵੇ। ਹੁਣ ਉਸ ਦੇ ਕਰਨ ਵਾਲਾ ਕੋਈ ਐਸਾ ਕੰਮ ਦੁਨੀਆਂ ‘ਤੇ ਨਹੀਂ ਰਿਹਾ ਜਿਸ ਨਾਲ ਕਿਸੇ ਦਾ ਫ਼ਾਇਦਾ ਹੋਵੇ। ਮਾਈ ਦਾ ਹੱਡੀਆਂ ਦਾ ਪਿੰਜਰ ਦੇਖ ਕੇ ਮੈਂ ਸੋਚਦਾ ਹਾਂ ਕਿ ਉਸ ਨੂੰ ਹੁਣ ਉਡਾਰੀ ਮਾਰ ਹੀ ਜਾਣੀ ਚਾਹੀਦੀ ਹੈ। ਆਪਣੀ ਰਿਟਾਇਰਮੈਂਟ ਵਾਲੇ ਦਿਨ ਮੈਂ ਬੇਬੇ ਨੂੰ ਹੱਸ ਕੇ ਕਿਹਾ, “ਬੇਬੇ, ਇਕ ਗੱਲ ਤਾਂ ਮੈਂ ਪੁੱਛਣੀ ਭੁੱਲ ਹੀ ਗਿਆ, ਤੈਨੂੰ ਦਾਗ਼ ਕਿੱਥੇ ਲਾਈਏ?”
“ਹਾਫ਼ਿਜ਼ਾਬਾਦ, ਜਿੱਥੇ ਤੇਰੇ ਪਿਉ ਨੂੰ ਲਾਇਆ ਸੀ।” ਉਹ ਬੋਲੀ ਤਾਂ ਮੈਂ ਰੋ ਪਿਆ। ਮੂੰਹ ਵਿਚ ਹੀ ਬੋਲਿਆ, “ਬੱਲੇ-ਬੱਲੇ! ਬੇਬੇ ਅਠਵੰਜਾ ਸਾਲਾਂ ਤੋਂ ਵਿਧਵਾ ਹੋਈ ਬੈਠੀ ਏ।”

ਬੇਬੇ 9 ਜਨਵਰੀ 2006 ਦੀ ਸਵੇਰ ਨੂੰ, ਦਾਲ ਨਾਲ ਮੱਕੀ ਦੀਆਂ ਦੋ ਰੋਟੀਆਂ ਖਾ ਕੇ, ਕੁਰਸੀ ‘ਤੇ ਬੈਠੀ ਬੈਠੀ ਲੁੜ੍ਹਕ ਗਈ। ਉਸ ਨੂੰ ਚਾਹ ਦਾ ਗਲਾਸ ਫੜਾਉਣ ਲੱਗੀ ਮੇਰੀ ਪਤਨੀ ਨੇ ਚੀਕ ਮਾਰੀ ਤਾਂ ਮੈਂ ਦੌੜ ਕੇ ਰਸੋਈ ਵਿਚ ਗਿਆ। ਕਿਤੇ ਗਲੇ ਵਿਚ ਰੋਟੀ ਦੀ ਬੁਰਕੀ ਨਾ ਫਸ ਗਈ ਹੋਵੇ, ਮੈਂ ਤੇਜ਼ੀ ਨਾਲ ਉਸ ਦੇ ਹਲਕ ਵਿਚ ਉਂਗਲਾਂ ਘੁਮਾਈਆਂ ਤੇ ਚਿੱਥੀ ਹੋਈ ਆਖਰੀ ਬੁਰਕੀ ਦੇ ਕੁੱਝ ਭੋਰੇ ਬਾਹਰ ਕੱਢ ਦਿਤੇ। ਫਿਰ ਉਸ ਦੇ ਮੂੰਹ ਵਿਚ ਪਾਣੀ ਪਾਉਣ ਦੀ ਕੋਸ਼ਿਸ਼ ਕੀਤੀ ਪਰ ਸਾਰਾ ਪਾਣੀ ‘ਘਰੜ-ਘਰੜ’ ਕਰ ਕੇ ਬਾਹਰ ਨਿਕਲ ਗਿਆ। ਬੇਬੇ ਚਲੀ ਗਈ ਸੀ। ਅਸੀਂ ਰੋਣ ਲੱਗੇ ਤੇ ਉਸ ਨੂੰ ਮੰਜੇ ‘ਤੇ ਗਦੈਲਾ ਵਿਛਾ ਕੇ, ਵਿਹੜੇ ਵਿਚ ਲਿਟਾ ਦਿੱਤਾ।
ਬੇਬੇ ਸੱਠ ਸਾਲ ਵਿਧਵਾ ਰਹੀ। ਚਾਰ ਪੁੱਤਰ, ਤਿੰਨ ਨੂੰਹਾਂ ਅਤੇ ਉਨ੍ਹਾਂ ਦੇ ਵੱਡੇ ਪਰਿਵਾਰ ਪਿੱਛੇ ਛੱਡ ਗਈ। ਉਸ ਨੇ ਆਪਣੇ ਤੋਂ ਬਾਅਦ ਦੀਆਂ ਚਾਰ ਪੀੜ੍ਹੀਆਂ ਦੇਖੀਆਂ ਜੋ ਦੋਰਾਹੇ ਤੋਂ ਆਸਟਰੇਲੀਆ ਤਕ ਫੈਲੀਆਂ ਹੋਈਆਂ ਹਨ।æææ ਇਕ ਵਾਰ ਮੇਰਾ ਵੱਡਾ ਭਰਾ (ਵੀਰ ਜੀ, ਉਦੋਂ ਉਮਰ ਅੱਸੀ ਸਾਲ) ਮੇਰੇ ਕੋਲ ਦੋਰਾਹੇ ਸੀ। ਰੋਟੀ ਖਾਣ ਮਗਰੋਂ ਉਸ ਨੇ ਉਠਣ ਦੀ ਕੋਸ਼ਿਸ਼ ਕੀਤੀ, ਪਰ ਉਠਿਆ ਹੀ ਨਾ ਗਿਆ। ਬੇਬੇ ਨੇ ਦੇਖਿਆ ਤੇ ਬਾਹੋਂ ਖਿੱਚ ਕੇ ਉਸ ਨੂੰ ਉਠਾ ਦਿਤਾ ਤੇ ਬੋਲੀ, “ਮੁੰਡਿਆ ਤੂੰ ਤਾਂ ਜਮ੍ਹਾਂ ਈ ਬੁੱਢਾ ਹੋ ਗਿਆ। ਦੇਖੀ ਕਿਤੇ ਮੇਰੇ ਜਾਣ ਤੋਂ ਪਹਿਲਾਂæææ।”
ਇਹ ਗੱਲ ਮੈਂ ਅਕਸਰ ਸੋਚਦਾ ਸੀ ਕਿ ਬੇਬੇ ਮਰਨ ਤਕ ਮੇਰੇ ਸਾਰੇ ਭਰਾ ਸਹੀ ਸਲਾਮਤ ਰਹਿਣ ਤੇ ਬੇਬੇ ਦੀ ਮੌਤ ਮੇਰੇ ਮਰਨ ਤੋਂ ਪਹਿਲਾਂ-ਪਹਿਲਾਂ ਜ਼ਰੂਰ ਹੋ ਜਾਵੇ, ਤਾਂ ਕਿ ਬੇਬੇ ਨੂੰ ਮੇਰੀ ਔਲਾਦ ‘ਤੇ ਨਿਰਭਰ ਨਾ ਹੋਣਾ ਪਵੇ। ਦੋਵੇਂ ਇੱਛਾਵਾਂ ਪੂਰੀਆਂ ਹੋਈਆਂ ਤਾਂ ਉਸ ਦੇ ਮਰਨ ‘ਤੇ ਤਸੱਲੀ ਹੋਈ।
ਬੇਬੇ ਆਖਰੀ ਸਮੇਂ ਤਕ ਸਭ ਨੂੰ ਵਿਸਾਰ ਚੁੱਕੀ ਸੀ। ਉਸ ਨੂੰ ਕਿਸੇ ਦਾ ਨਾਂ ਚੇਤੇ ਨਹੀਂ ਸੀ ਰਿਹਾ। ਉਹ ਆਪ ਕੌਣ ਹੈ? ਕਿਥੇ ਹੈ? ਉਸ ਨੂੰ ਕੋਈ ਸੋਝੀ ਨਹੀਂ ਸੀ ਰਹੀ। ਉਸ ਨੂੰ ਉਸ ਦੇ ਮਾਂ, ਭਰਾ, ਭਰਜਾਈ, ਰਿਸ਼ਤੇਦਾਰ ਅਤੇ ਹੋਰ ਮਰ ਚੁੱਕੇ ਲੋਕ ਹੀ ਯਾਦ ਸਨ ਜੋ ਉਸ ਨੂੰ ਨਿੱਤ ਆ ਕੇ ਮਿਲਦੇ ਸਨ, ਜਾਂ ਦਿਖਾਈ ਦਿੰਦੇ ਸਨ। ਸਾਡੇ ਬਾਰੇ ਉਸ ਦਾ ਖਿਆਲ ਸੀ ਕਿ ਅਸੀ ਉਸ ਦੇ ਕੋਈ ਦੂਰ ਦੇ ਰਿਸ਼ਤੇਦਾਰ ਜਾਂ ਜਾਣੂ ਹਾਂ, ਤੇ ਉਸ ਸਾਨੂੰ ਮਿਲਣ ਆਈ ਹੋਈ ਹੈ। ਇਸੇ ਲਈ ਉਹ ਅਕਸਰ ਕਿਹਾ ਕਰਦੀ, “ਭਾਈ ਮੈਨੂੰ ਜਾਣ ਦਿਉ ਹੁਣ, ਮਾਂ ਉਡੀਕਦੀ ਹੋਊ।” ਰੋਟੀ ਜਾਂ ਖਾਣ ਲਈ ਕੁੱਝ ਦਿੰਦੇ ਤਾਂ ਕਹਿੰਦੀ, “ਕਾਹਨੂੰ ਖੇਚਲ ਕਰਨੀ ਤੀ ਭਾਈ, ਮੈਂ ਤਾਂ ਚਲੀਓ ਜਾਣੈ।”
ਘਰ ਦੇ ਸਾਰੇ ਜੀਅ ਨਿੱਤ ਆਪੋ ਅਪਣੀਆਂ ਨੌਕਰੀਆਂ ‘ਤੇ ਚਲੇ ਜਾਂਦੇ। ਪਿੱਛੇ ਰਹਿ ਜਾਂਦੀ ਬੇਬੇ, ਮੇਰੀ ਪੋਤੀ ਤਾਨੀਆ ਤੇ ਮੈਂ। ਰਿਹਾਇਸ਼ ਉਪਰਲੀ ਮੰਜ਼ਿਲ ‘ਤੇ ਹੋਣ ਕਰ ਕੇ ਮੈਂ ਹੇਠਾਂ ਗੇਟ ਨੂੰ ਤਾਲਾ ਮਾਰ ਆਉਂਦਾ ਤੇ ਵਿਹੜੇ ਵਿਚ ਮੰਜਾ ਡਾਹ ਕੇ ਸਵੇਰੇ ਨੌਂ ਵਜੇ ਤੋਂ ਸ਼ਾਮੀ ਤਿੰਨ ਵਜੇ ਤਕ ਲਿਖਣ ਪੜ੍ਹਨ ਦਾ ਝੱਸ ਪੂਰਾ ਕਰਦਾ, ਪੋਤੀ ਨੂੰ ਖਿਡਾਉਂਦਾ ਜਾਂ ਫਿਰ ਹੇਠਾਂ ਉਤਰ ਗਈ ਜਾਂ ਸਿਖਰਲੀ ਮੰਜ਼ਿਲ ‘ਤੇ ਜਾ ਚੜ੍ਹੀ ਬੇਬੇ ਨੂੰ ਫੜ ਕੇ ਲਿਆਉਂਦਾ। ਮੈਂ ਉਸ ਨੂੰ ਮੰਜੇ ‘ਤੇ ਬਿਠਾਉਂਦਾ, ਉਚੀ ਬੋਲਦਾæææਉਹ ਗਾਲ੍ਹਾਂ ਕੱਢਣ ਲੱਗ ਪੈਂਦੀ। ਮੇਰੀ ਪੋਤੀ ਕੋਈ ਬੱਲਾ ਜਾਂ ਹਾਕੀ ਚੁੱਕ ਕੇ ਮਾਰਨ ਲੱਗਦੀ ਤੇ ਆਪਣੀ ਪੜਦਾਦੀ ਨੂੰ ਕਹਿੰਦੀ, “ਬੇਬੇ ਮੈਂ ਮਾਰਿਆ ਏ ਵੱਡੇ ਪਾਪਾ ਨੂੰ, ਚੱਲ ਤੂੰ ਘੁੰਮ।”
ਉਹ ਆਪਣੀਆਂ ਸਾਰੀਆ ਖੇਡਾਂ ਇਕੱਠੀਆਂ ਕਰ ਕੇ ਬੇਬੇ ਕੋਲ ਢੇਰੀ ਲਾ ਲੈਂਦੀ ਤੇ ਪਰਚੀ ਰਹਿੰਦੀ। ਬੇਬੇ ਨੂੰ ਕਹਿੰਦੀ, “ਖੋਲ੍ਹ ਦੇ ਦੰਦ।” ਬੇਬੇ ਦੰਦ ਬਾਹਰ ਕੱਢ ਕੇ ਦਿਖਾਉਂਦੀ। “ਲਾ ਦੇ ਦੰਦ।” ਉਹ ਲਾ ਲੈਂਦੀ। ਇਹ ਸਿਲਸਿਲਾ ਨਿੱਤ ਹੀ ਚਲਦਾ। ਪੋਤੀ ਹੈਰਾਨ ਹੁੰਦੀ। ਉਹ ਮੈਨੂੰ ਮੇਰੇ ਦੰਦ ਬਾਹਰ ਕੱਢ ਕੇ ਦਿਖਾਉਣ ਲਈ ਆਖਦੀ। ਕਦੀ ਕਹਿੰਦੀ, “ਖੋਲ੍ਹੋ ਮੇਰੇ ਦੰਦ।”
ਬੇਬੇ ਨੇ ਆਖਰੀ ਦਿਨ ਤਕ ਆਪਣੀ ਕਿਰਿਆ ਆਪ ਸੋਧੀ। ਕਿਸ ਤੋਂ ਕਰਵਾਈ ਉਸ ਨੇ ਸੇਵਾ? ਕਿਸੇ ਤੋਂ ਵੀ ਨਹੀਂ। ਉਹ ਕਿਸੇ ‘ਤੇ ਭਾਰ ਨਹੀਂ ਬਣੀ। ਸਾਰੇ ਪੋਤੇ-ਪੋਤੀਆਂ ਦੇ ਵਿਆਹਾਂ ‘ਤੇ ਆਪਣੀ ਪੇਟੀ ਵਿਚੋਂ ਕੋਈ ਨਾ ਕੋਈ ਗਹਿਣਾ ਗੱਟਾ ਕੱਢ ਕੇ ਦਿੰਦੀ ਰਹੀ। ਉਸ ਨੇ ਪਹਿਲਾਂ ਹੀ ਆਪਣੇ ਭੋਗ ਦਾ ਖਰਚਾ ਮੇਰੇ ਹਵਾਲੇ ਕਰ ਕੇ ਪੇਟੀ ਦੀ ਚਾਬੀ ਵੀ ਮੈਨੂੰ ਫੜਾ ਦਿਤੀ ਸੀ।
ਮਰਨ ਵਾਲੇ ਦਿਨ ਤੜਕੇ ਚਾਰ ਵਜੇ ਉਹ ਉਠ ਬੈਠੀ ਤੇ ਆਪਣੀ ਮਾਂ ਨੂੰ ਹਾਕਾਂ ਮਾਰਨ ਲੱਗੀ, “ਏ ਮਾਂæææ ਮਾਂæææ ਏ ਮਾਂæææ ਚੱਲੀਏ?” ਮੈਂ ਉਠ ਕੇ ਉਸ ਨੂੰ ਕਿਹਾ, “ਕਿਥੋਂ ਆ ਗਈ ਤੇਰੀ ਮਾਂ ਇਸ ਵੇਲੇ? ਪੈ ਜਾ ਅਜੇ ਰਾਤ ਏ।” ਉਹ ਆਕੜ ਕੇ ਬੋਲੀ, “ਜਦੋਂ ਮੈਂ ਉੱਠਾਂ, ਇਹ ਜਾਗਦਾ ਹੀ ਪਿਆ ਹੁੰਦਾ ਏ।”
ਮੈਂ ਉਸ ਨੂੰ ਬਾਥਰੂਮ ਦਾ ਗੇੜਾ ਦੁਆ ਕੇ ਮੁੜ ਮੰਜੇ ‘ਤੇ ਪਾ ਦਿਤਾ ਪਰ ਉਹ ਫਿਰ ਉਠ ਬੈਠੀ, “ਚੰਗਾ ਭਾਈææ ਹੁਣ ਮੈਨੂੰ ਜਾਣ ਦਿਉæææ ਦਿਨ ਚੜ੍ਹਦਾ ਜਾਂਦਾ ਏ। ਦੋ ਤੀਵੀਆਂ ਜਾਂਦੀਆਂ ਨੇ। ਮੈਂ ਉਨ੍ਹਾਂ ਦੇ ਨਾਲ ਲੰਘ ਜਾਣਾ ਏਂ। ਮੇਰੇ ਕੱਪੜੇ ਪਾ ਦੇ ਝੋਲੇ ਮਾ।”
“ਇਹਨੇ ਨਾ ਸੌਣਾ ਏ, ਨਾ ਸੌਣ ਦੇਣਾ ਏਂ।” ਪਤਨੀ ਪਾਸਾ ਪਰਤਦੀ ਬੋਲੀ।
“ਚੱਲ ਇਹਦੇ ਕਿਹੜਾ ਵੱਸ ਏæææ ਹੁਣ ਨਾ ਕਿਹਾ ਕਰ ਕੁਛ ਵੀæææ।”
æææ ਤੇ ਸਾਢੇ ਤਿੰਨ ਘੰਟੇ ਬਾਅਦ ਬੇਬੇ ਚਲੀ ਗਈ।
ਸ਼ਾਮ ਨੂੰ ਦਿੱਲੀ ਵਾਲੇ ਭਰਾ, ਅਜੀਤ ਸਿੰਘ ਦੇ ਪਹੁੰਚਣ ਸਾਰ ਅਸੀਂ ਪੂਰੇ ਢੋਲ ਢਮੱਕੇ ਅਤੇ ਬੈਂਡ ਵਾਜੇ ਨਾਲ ਬਵਾਨ ਕੱਢਦੇ ਹੋਏ ਬੇਬੇ ਨੂੰ ਦਾਗ਼ ਲਾ ਕੇ ਆਏ।
ਰਾਤ ਨੂੰ ਨੀਂਦ ਪਤਾ ਨਹੀਂ ਕਿਉਂ ਨਾ ਆਈ। ਬੇਬੇ ਦੇ ਚਲੇ ਜਾਣ ਦੀ ਦਿਲ ਵਿਚ ਛੁਪੀ ਤਸੱਲੀ ਹੋਣ ਦੇ ਬਾਵਜੂਦ ਮੈਂ ਛਾਤੀ ‘ਤੇ ਭਾਰ ਜਿਹਾ ਮਹਿਸੂਸ ਕਰਦਾ ਰਿਹਾ। ਸਵੇਰੇ ਜਦੋਂ ਉਠਿਆ, ਸਿਰ ਫਟ ਰਿਹਾ ਸੀ ਤੇ ਪਲਕਾਂ ਬੋਝਲ ਹੋ ਗਈਆਂ ਸਨ। ਅੱਖਾਂ ਮਲਦੀ ਪਤਨੀ ਬੋਲੀ, “ਰਾਤ ਨੀਂਦ ਜਮ੍ਹਾਂ ਵੀ ਨੀ ਆਈ। ਬੇਬੇ ਜੇ ਅਜੇ ਹੋਰ ਬੈਠੀ ਰਹਿੰਦੀ, ਕਿੰਨਾ ਚੰਗਾ ਸੀ, ਸਭ ਖਾਲੀ ਖਾਲੀ ਹੋ ਗਿਆ।” ਮੇਰੀਆਂ ਅੱਖਾਂ ਭਰ ਆਈਆਂ, ਪਰ ਮੈਂ ਇਕਬਾਲ ਨੂੰ ਪਤਾ ਨਾ ਲੱਗਣ ਦਿੱਤਾ।
ਮੈਂ ਮੰਜੇ ‘ਤੇ ਬੈਠ ਕੰਘਾ ਚੁੱਕ ਕੇ ਸਿਰ ਦੇ ਵਾਲਾਂ ਦੀ ਜੂੜੀ ਕਰਨ ਲੱਗ ਪਿਆ ਪਰ ਵਾਲ ਲੋਟ ਹੀ ਨਹੀਂ ਸਨ ਆ ਰਹੇ। ਵਟਾ ਦਿੰਦਾ, ਘੁਮਾਉਂਦਾ, ਪਰ ਆਖਰੀ ਸਿਰੇ ਦੀ ਗੰਢ ਵੱਜਣ ਤੋਂ ਪਹਿਲਾਂ ਹੀ ਵਾਲ ਖੁੱਲ੍ਹ ਜਾਂਦੇ। ਕਾਫੀ ਦੇਰ ਖੌਝਲਦਾ ਰਿਹਾ। ਗੰਜੇ ਸਿਰ ਵਿਚ ਹੱਥ ਫੇਰ ਕੇ ਪਤਨੀ ਨੂੰ ਕਿਹਾ, “ਇਹ ਕੀ ਹੋ ਗਿਆ? ਜੂੜਾ ਹੀ ਨੀ ਹੁੰਦਾ।”
“ਚਾਰ ਤਾਂ ਵਾਲ ਨੇ, ਜੂੜਾ ਕੀ ਹੋਣਾ ਏ।” ਉਹ ਬੋਲੀ।
“ਪਰ ਕੱਲ੍ਹ ਤਕ ਤਾਂ ਹੁੰਦਾ ਸੀ। ਇਸ ਤਰ੍ਹਾਂ ਤਾਂ ਕਦੀ ਵੀ ਨੀ ਹੋਇਆ।” ਬੋਲ ਮੇਰੇ ਮੂੰਹ ਵਿਚ ਹੀ ਰਹਿ ਗਏੇ।
ਮੈਂ ਮੰਜੇ ਤੋਂ ਉਠਿਆ। ਸ਼ੀਸ਼ੇ ਮੂਹਰੇ ਜਾ ਖੜ੍ਹਿਆ। ਦੋਹਾਂ ਅੱਖਾਂ ਦੇ ਹੇਠੋਂ ਗੱਲ੍ਹਾਂ ਦਾ ਮਾਸ ਲਟਕ ਗਿਆ ਲੱਗਿਆ। ਮੈਨੂੰ ਅਜਿਹਾ ਰਾਹ ਦਿਖਾਈ ਦੇਣ ਲੱਗਾ ਜਿਹੜਾ ਮੈਨੂੰ, ਮੂਹਰੇ ਬੇਬੇ ਬੈਠੀ ਹੋਣ ਕਰ ਕੇ, ਕਦੀ ਵੀ ਨਹੀਂ ਦੀ ਦਿਖਿਆ- ਬੁਢਾਪੇ ਵੱਲ ਜਾਂਦਾ ਰਾਹ। (ਸਮਾਪਤ)

Be the first to comment

Leave a Reply

Your email address will not be published.