ਬਾਉਲਾ

ਹਰਭਜਨ ਸਿੰਘ ਸਾਗਰ
ਕੀ ਪ੍ਰਤਾਪ ਸਿੰਘ ਬਾਉਲਾ ਹੋ ਗਿਆ ਹੈ?
ਪਰ ਇਹ ਕਿੰਝ ਹੋ ਸਕਦਾ ਹੈ? ਉਸ ਦਾ ਸੁਮਾਰ ਤਾਂ ਪਿੰਡ ਦੇ ਸਿਆਣੇ ਬਿਆਣੇ ਲੋਕਾਂ ਵਿਚ ਹੁੰਦਾ ਹੈ। ਲੋਕ ਵੀ ਕੋਈ ਕੰਮ ਆਰੰਭ ਕਰਨ ਤੋਂ ਪਹਿਲਾਂ ਉਸ ਦੀ ਰਾਇ ਲੈਣਾ ਉਚਿਤ ਸਮਝਦੇ ਹਨ। ਉਹ ਅਕਸਰ ਲੋਕਾਂ ਦਿਆਂ ਝਗੜਿਆਂ ਦੇ ਵੀ ਨਿਪਟਾਰੇ ਕਰਦਾ ਰਿਹਾ ਹੈ। ਫਿਰ ਉਹ ਬਾਉਲਾ ਕਿੰਝ ਹੋ ਸਕਦਾ ਹੈ? ਸ਼ਾਇਦ ਇਹ ਗੱਲ ਇਸ ਕਾਰਨ ਫੈਲ ਗਈ ਹੋਵੇ ਕਿ ਜਦ ਦਾ ਉਹ ਹਿਜਰਤ ਕਰਕੇ ਹੋ ਕੇ ਜੰਮੂ ਆਇਆ ਹੈ, ਕੁਝ ਊਲ ਜਲੂਨ ਜੇਹਾ ਬਕਣ ਲੱਗ ਪਿਆ ਹੈ। ਇਥੇ ਉਜੜ ਕੇ ਆਏ ਲੋਕਾਂ ਨੂੰ ਜਾਨ ਮਾਲ ਦੀਆਂ ਫਿਕਰਾਂ ਨੇ ਪ੍ਰੇਸ਼ਾਨ ਕੀਤਾ ਹੈ। ਪਰ ਉਸ ਨੂੰ ਚਿੰਤਾ ਖਾ ਰਹੀ ਹੈ ਅਪਣੇ ਅਖਰੋਟ ਦੇ ਬੂਟੇ ਦੀ। ਹਰ ਵੇਲੇ, ਕੁਵੇਲੇ ਸਿਰਫ਼ ਅਖਰੋਟ ਦੇ ਬੂਟੇ ਦੀ ਹੀ ਗੱਲ ਛੇੜ ਬਹਿੰਦਾ ਹੈ। ਪੁੱਤਰ ਵੀ ਕਈ ਵਾਰ ਟੋਕਦੇ, “ਬਾਪੂ! ਅੱਗ ਲੱਗ ਗਈ ਖੋੜੀ ਦੇ ਬੁਟੇ ਕੋ। ਗਰਾਂ ਲੱਖਾਂ ਦੀ ਜਾਇਦਾਦ ਛੋੜ ਆਏ ਹਾਂ, ਜ਼ਮੀਨਾਂ, ਬਾਗਾਤ, ਮਕਾਨ, ਮਾਲ ਬੱਛਾ। ਪਰ ਤੁਸਾਂ ਕੋ ਚੌਵੀ ਘੰਟੇ ਸਿਰਫ਼ ਖੋੜੇ ਦੇ ਬੂਟੇ ਦੀ ਹੀ ਪਈ ਰਹਿੰਦੀ ਹੈ। ਅਜੀ ਦਫਾ ਕਰੋ। ਜਿਥਾ ਇੰਨੀਆਂ ਚੀਜ਼ਾਂ ਰਹਿ ਗਈਆਂ, ਉਥਾ ਇਹ ਖੋੜ ਵੀ। ਜਾਨੀ ਕੋਲੋਂ ਚੰਗਾ ਵਾ ਇਹ ਬੂਟਾ?”
ਉਸ ਦੇ ਕੁਝ ਰਿਸ਼ਤੇਦਾਰ ਵੀ ਉਸ ਦੀ ਇਸ ਹਾਸੋਹੀਣੀ ਗੱਲ ‘ਤੇ ਹੈਰਾਨ ਹੁੰਦੇ ਅਤੇ ਸੋਚਦੇ ਕਿ ਉਸ ਵਰਗੇ ਸਿਆਣੇ ਵਿਅਕਤੀ ਨੂੰ ਹਰ ਵੇਲੇ ਅਖਰੋਟ ਦੇ ਬੂਟੇ ਦੀ ਹੀ ਗੱਲ ਕਰਨੀ ਸੋਭਦੀ ਨਹੀਂ। ਇੰਜ ਬੰਦਾ ਹੋਲਾ ਪੈ ਜਾਂਦਾ ਹੈ। ਸੋ ਉਹ ਵੀ ਗੱਲਾਂ ਗੱਲਾਂ ਵਿਚ ਉਸ ਨੂੰ ਸਮਝਾਉਣ ਦਾ ਯਤਨ ਕਰਦੇ, “ਹੈਂ ਵਾ ਪ੍ਰਤਾਪ ਭਾਈਆ! ਜੋ ਪਿਛਾ ਰਹਿ ਗਿਆ, ਸੋ ਰਹਿ ਗਿਆ। ਹੁਣ ਅਗਾਂ ਦੀ ਸੋਚ। ਜੇ ਜੀਂਦੇ ਰਹੇ ਤਾਂ ਮੁੜ ਜਾਇਦਾਦਾਂ ਬਣ ਗੈਸਨ, ਖੋੜੀਆਂ ਦੇ ਕਈ ਬਾਗ ਬਣ ਗੈਸਨ, ਫਿਰ ਨਾ ਹੇਕ ਬੂਟਾ! ਵਾਹਿਗੁਰੂ ਵਾਹਿਗੁਰੂ ਕਰਦਾ ਕਰ।” ਪਰ ਕਿੱਥੇ? ਉਸ ਦੀ ਜ਼ੁਬਾਨ ‘ਤੇ ਅਖਰੋਟ ਦਾ ਬੂਟਾ ਐਸਾ ਚੜ੍ਹਿਆ ਕਿ ਹਰ ਵੇਲੇ ਉਸੇ ਦੀ ਕਥਾ ਛੇੜ ਬਹਿੰਦਾ, “ਲੋਕਾਂ ਟੁਕ ਖੜਿਆ ਹੋਸੀ ਬੂਟਾ, ਬੂਟੇ ਬਿਨਾਂ ਹੁਣ ਬਾੜੀ ਵੀ ਵੀਰਾਨ ਜਿਹੀ ਲੱਗਦੀ ਹੋਸੀ।”
ਕੁਝ ਵੀ ਹੋਵੇ ਪ੍ਰਤਾਪ ਸਿੰਘ ਬਾਉਲਾ ਨਹੀਂ ਹੋ ਸਕਦਾ। ਉਸ ਦੀ ਸਿਆਣਪ ‘ਤੇ ਕਿੰਤੂ ਤਾਂ ਕੀਤਾ ਹੀ ਨਹੀਂ ਜਾ ਸਕਦਾ। ਉਹ ਉਡਦੀਆਂ ਚਿੜੀਆਂ ਦੇ ਪਰ ਗਿਣ ਲੈਂਦਾ ਹੈ। ਲੋਕਾਂ ਦੀਆਂ ਨਬਜ਼ਾਂ ਪਛਾਣ ਲੈਂਦਾ ਹੈ। ਭਲਾ ਐਸਾ ਆਦਮੀ ਬਾਉਲਾ ਕਿੰਝ ਹੋ ਸਕਦੈ। ਉਹ ਤਾਂ ਹੁਣ ਸਹਿਜੇ ਹੀ ਭਾਂਪ ਗਿਆ ਹੈ ਕਿ ਲੋਕ ਅਖਰੋਟ ਵਾਲੀ ਗੱਲ ਨੂੰ ਲੈ ਕੇ ਉਸ ਦਾ ਮਖੌਲ ਉਡਾਣ ਲੱਗ ਪਏ ਹਨ। ਇਸ ਲਈ ਉਹ ਕੋਸ਼ਿਸ਼ ਕਰਦਾ ਹੈ ਕਿ ਕਿਸੇ ਸਾਹਮਣੇ ਅਖਰੋਟ ਦੇ ਬੂਟੇ ਦੀ ਗੱਲ ਨਾ ਕੀਤੀ ਜਾਵੇ।
ਕਦੀ ਕਦੀ ਉਹ ਸੈਰ ਕਰਦੇ ਕਰਦੇ ਵੱਡੀ ਸੜਕ ‘ਤੇ ਆ ਜਾਂਦਾ। ਜੇ ਕੋਈ ਨਾਲ ਹੁੰਦਾ ਤਾਂ ਅਖਰੋਟ ਦੇ ਬੂਟੇ ਦੀ ਗੱਲ ਟਾਲ ਕੇ ਕੋਈ ਹੋਰ ਗੱਲ ਛੇੜ ਬਹਿੰਦਾ, “ਹੈਂ ਵਾ! ਇਹ ਸੜਕ ਕਸ਼ਮੀਰ ਹੀ ਗਹਿੰਦੀ ਆ? ਇਥੋਂ ਕਿੰਨੇ ਦੂਰ ਹੋਸੀ ਅਸਦਾ ਗਰਾਂ? ਖਬਰਾ, ਅੱਜ ਕੈਸੇ ਹਾਲਾਤ ਹੋਸਨ ਉਧਰ?” ਹਾਲਾਂਕਿ ਉਹ ਜਾਣਦਾ ਹੈ ਕਿ ਇਹ ਵੱਡੀ ਸੜਕ ਕਸ਼ਮੀਰ ਹੀ ਜਾਂਦੀ ਹੈ। ਉਸ ਨੂੰ ਇਹ ਵੀ ਪਤਾ ਹੈ ਕਿ ਇਥੋਂ ਉਸ ਦਾ ਪਿੰਡ ਕਿੰਨੀ ਦੂਰ ਹੈ ਤੇ ਉਸ ਨੂੰ ਉਥੋਂ ਦੇ ਅਜੋਕੇ ਹਾਲਾਤ ਦੀ ਵੀ ਜਾਣਕਾਰੀ ਹੈ। ਪਰ ਇੰਜ ਗੱਲਾਂ ਕਰਕੇ ਉਹ ਆਪਣੇ ਅੰਦਰ ਦੀ ਗੱਲ ਨੂੰ ਬਾਹਰ ਆਉਣ ਤੋਂ ਰੋਕਣ ਦੀ ਕੋਸ਼ਿਸ਼ ਕਰਦਾ ਹੈ ਤੇ ਇਹ ਪ੍ਰਭਾਵ ਦੇਣਾ ਚਾਹੁੰਦਾ ਹੈ ਕਿ ਉਸ ਦੇ ਮਗਜ਼ ਠੀਕ ਕੰਮ ਕਰ ਰਹੇ ਹਨ। ਪਰ ਕੀ ਕੀਤਾ ਜਾਵੇ ਕਿ ਗੱਲਾਂ ਕਰਦਿਆਂ ਕਰਦਿਆਂ ਉਸ ਦੀ ਘੜਿਆਲ ਦੀਆਂ ਸੂਈਆਂ ਵਰਗੀ ਸੋਚ ਪੂਰੇ ਗਰਾਂ ਦਾ ਚੱਕਰ ਕੱਟ ਆਉਂਦੀ ਤੇ ਅਖੀਰ ਵਿਚ ਸੋਚ ਦੀ ਸੂਈ ਮੁੜ ਅਖਰੋਟ ਦੇ ਬੂਟੇ ‘ਤੇ ਹੀ ਆ ਟਿਕਦੀ, “ਲੋਕਾਂ ਕਪ ਟੁਕ ਕੇ ਬੇਚ ਛੋੜੀ ਹੋਸੀ ਮਾੜੀ ਖੋੜੀ ਦੀ ਲੱਕੜ। ਹਾਂ ਜੀ! ਭਲਾ ਬੇਖਸਮੀ ਚੀਜ਼ਾਂ ਕੋ ਕੌਣ ਛੋੜਦਾ। ਚਲੋ ਅਸਦਾ ਵੀ ਵਾਹਿਗੁਰੂ ਆ।”
ਲੋਕ ਭਾਵੇਂ ਮੂੰਹ ‘ਤੇ ਕੁਝ ਨਹੀਂ ਕਹਿੰਦੇ। ਪਰ ਪਿੱਠ ਪਿੱਛੇ ਅਕਸਰ ਗੱਲਾਂ ਕਰਦੇ ਹਨ, “ਪ੍ਰਤਾਪਾ ਭਾਈਆ ਬਉਲਾ ਹੋ ਗਿਆ।” ਉਹ ਸ਼ਾਇਦ ਸੋਚਦੇ ਹੋਣ ਕਿ ਉਹ ਆਪਣੇ ਪਿੰਡ ਲੱਖਾਂ ਰੁਪਿਆਂ ਦੀ ਜਾਇਦਾਦ ਛੱਡ ਆਇਆ ਹੈ, ਜਿਸ ਬਾਰੇ ਉਹ ਕਦੀ ਗੱਲ ਨਹੀਂ ਕਰਦਾ, ਪਰ ਇਕ ਅਖਰੋਟ ਦੇ ਬੂਟੇ ਦੀ ਚੁੰਝ-ਚਰਚਾ ਉਹ ਹਰ ਆਏ ਗਏ ਨਾਲ ਕਰਦਾ ਹੈ। ਬੂਟਾ ਵੀ ਕੀ ਜਿਸ ਨੂੰ ਹੁਣ ਪਹਿਲੇ ਵਰਗਾ ਫਲ ਵੀ ਨਹੀਂ ਲੱਗਦਾ। ਸਗੋਂ ਉਲਟਾ ਬਾੜੀ ਦਾ ਸਤਿਆਨਾਸ ਕਰ ਰੱਖਿਆ ਹੈ। ਇਹ ਬਾਉਂਲਿਆਂ ਵਰਗੇ ਲੱਛਣ ਹੀ ਤਾਂ ਹਨ।
ਪਰ ਨਹੀਂ! ਪ੍ਰਤਾਪ ਸਿੰਘ ਬਾਉਲਾ ਨਹੀਂ ਹੋਇਆ। ਉਸ ਦੇ ਊਲ ਜਲੂਲ ਪਿਛੇ ਵੀ ਇਕ ਨਿੱਕੀ ਜਿਹੀ ਘਟਨਾ ਦਾ ਹੱਥ ਹੈ। ਅਸਲ ਵਿਚ ਉਸ ਦੇ ਪਿੰਡ ਉਸ ਦਾ ਦੋ ਮੰਜ਼ਿਲਾ ਮਕਾਨ ਹੈ। ਮਕਾਨ ਹੀ ਨਹੀਂ, ਸਗੋਂ ਭਰਿਆ ਸਰਿਆ ਇਕ ਘਰ ਵੀ। ਘਰ ਦੇ ਪਿਛਵਾੜੇ ਇਕ ਬਹੁਤ ਵੱਡੀ ਬਾੜੀ ਹੈ। ਜੋ ਸਬਜ਼ੀਆਂ ਉਗਾਣ ਦੇ ਕੰਮ ਆ ਸਕਦੀ ਹੈ। ਪਰ ਬਾੜੀ ਵੀਰਾਨ ਹੈ, ਕਿਉਂਕਿ ਬਾੜੀ ਵਿਚ ਅਖਰੋਟ ਦਾ ਇਕ ਬਹੁਤ ਵੱਡਾ ਪੁਰਾਣਾ ਬੂਟਾ ਹੈ। ਇਤਨਾ ਪੁਰਾਣਾ ਕਿ ਉਸ ਦੀਆਂ ਜੜ੍ਹਾਂ ਪੂਰੀ ਬਾੜੀ ਮਲ ਬੈਠੀਆਂ ਹਨ ਤੇ ਟਾਹਣੀਆਂ ਦੇ ਪਰਛਾਵੇਂ ਸਾਰਾ ਦਿਨ ਬਾੜੀ ‘ਤੇ ਫੈਲੇ ਰਹਿੰਦੇ ਹਨ। ਅਖਰੋਟ ਦੀਆਂ ਦੂਰ ਦੂਰ ਤੱਕ ਫੈਲੀਆਂ ਜੜ੍ਹਾਂ ਅਤੇ ਸੰਘਣੇ ਪਰਛਾਵਿਆਂ ਕਾਰਨ ਬਾੜੀ ਵਿਚ ਪਿਛਲੇ ਕਈ ਵਰ੍ਹਿਆਂ ਤੋਂ ਸਬਜ਼ੀਆਂ ਦੀ ਉਪਜ ਹੀ ਨਹੀਂ ਹੋਈ। ਪਿੰਡਾਂ ਵਿਚ ਬਾੜੀਆਂ ਦਾ ਵੀਰਾਨ ਪਿਆ ਰਹਿਣਾ ਕਾਫ਼ੀ ਚਿੰਤਾਜਨਕ ਗੱਲ ਹੁੰਦੀ ਹੈ, ਪਰ ਪ੍ਰਤਾਪ ਸਿੰਘ ਖੋਰੇ ਕਿਸ ਮਿੱਟੀ ਦਾ ਬਣਿਆ ਹੋਇਆ ਹੈ, ਉਸ ਨੇ ਕਦੀ ਬਾੜੀ ਬਾਰੇ ਸੰਜੀਦਗੀ ਨਾਲ ਸੋਚਿਆ ਹੀ ਨਹੀਂ। ਜਦ ਸੋਚਿਆ ਹੀ ਨਹੀਂ ਤਾਂ ਚਿੰਤਾ ਕਿਸ ਗੱਲ ਦੀ। ਚਿੰਤਾ ਸ਼ਾਇਦ ਇਸ ਕਾਰਨ ਵੀ ਨਹੀਂ ਹੋਈ ਕਿ ਉਸ ਨੇ ਕਦੀ ਸਬਜ਼ੀ ਦੀ ਥੁੜ ਹੀ ਮਹਿਸੂਸ ਨਹੀਂ ਸੀ ਕੀਤੀ। ਕਦੀ ਕੋਈ ਕਾਸ਼ਤਕਾਰ ਦੇ ਗਿਆ, ਕਦੀ ਕੋਈ ਗੁਆਂਢੀ। ਕਦੀ ਭਤੀਜੇ ਦੀ ਬਾੜੀ ਵਿਚੋਂ ਕੱਢ ਲਿਆਂਦੀ, ਕਦੀ ਖਰੀਦ ਲਈ।
ਪਰ ਇਕ ਦਿਨ ਘਰ ਵਿਚ ਇਸ ਗੱਲ ਦੀ ਚਰਚਾ ਹੋ ਹੀ ਗਈ। ਚਰਚਾ ਦਾ ਉਦੇਸ਼ ਭੂਚਾਲ ਲਿਆਉਣਾ ਨਹੀਂ, ਸਗੋਂ ਘਰ ਦੇ ਭਲੇ ਸਬੰਧੀ ਵਿਚਾਰ ਕਰਨਾ ਸੀ। ਜਿਵੇਂ ਜ਼ਿਕਰ ਆ ਚੁੱਕਾ ਹੈ ਕਿ ਉਸ ਦੇ ਦੋ ਪੁੱਤਰ ਹਨ। ਪੁੱਤਰ ਹੀ ਨਹੀਂ, ਸਗੋਂ ਸਪੁੱਤਰ, ਪੜ੍ਹੇ ਲਿਖੇ, ਪਿਓ ਦਾ ਆਦਰ ਕਰਨ ਵਾਲੇ। ਪੱਕੇ ਦੁਕਾਨਦਾਰ, ਨਫੇ ਨੁਕਸਾਨ ਦੀਆਂ ਬਾਰੀਕੀਆਂ ਤੋਂ ਜਾਣੂ। ਦੋਵੇਂ ਪੁੱਤਰ ਵਿਆਹੇ ਹੋਏ ਹਨ। ਵੱਡਾ ਲੜਕਾ ਕਿਸੇ ਸਰਕਾਰੀ ਸਕੂਲ ਵਿਚ ਟੀਚਰ ਹੈ। ਲੋਕ ਉਸ ਨੂੰ ਮਾਸਟਰ ਜੀ ਕਹਿ ਕੇ ਸੱਦਦੇ ਹਨ। ਅੱਗੋਂ ਉਸ ਦੇ ਵੀ ਦੋ ਬੱਚੇ ਹਨ। ਛੋਟਾ ਪੁੱਤਰ ਕਿਸੇ ਸਰਕਾਰੀ ਡਿਸਪੈਂਸਰੀ ਵਿਚ ਮੈਡੀਕਲ ਅਸਿਸਟੈਂਟ ਹੈ। ਲੋਕ ਉਸ ਨੂੰ ਡਾਕਟਰ ਸਾਹਿਬ ਕਹਿ ਕੇ ਬੁਲਾਂਦੇ ਹਨ। ਉਸ ਦਾ ਵੀ ਇਕ ਲੜਕਾ ਹੈ। ਭਲਾ ਐਸੇ ਪੜ੍ਹੇ ਲਿਖੇ ਆਗਿਆਕਾਰ ਬੇਟੇ ਕੋਈ ਗਲਤ ਗੱਲ ਛੇੜ ਕੇ ਘਰ ਦੀ ਸੁਖ ਸ਼ਾਂਤੀ ਕਿਉਂ ਭੰਗ ਕਰਦੇ। ਇਹ ਤਾਂ ਸੁਭਾਵਿਕ ਤੌਰ ‘ਤੇ ਹੀ ਮਾਸਟਰ ਨੇ ਪੁੱਛ ਲਿਆ, “ਬਾਪੂ! ਅਸਦੀ ਖੋੜੀ ਦਾ ਬੂਟਾ ਕਿੰਨਾ ਕੁ ਪੁਰਾਣਾ ਹੋਸੀ?”
“ਤੂੰ ਕੇ ਕਰਨਾ ਇਸ ਦੀ ਉਮਰ ਪੁੱਛ ਕੇ? ਵੈਸੇ ਮੇਰੇ ਜਮੇ ਤੋਂ ਲਰ ਚਿਰ ਪਹਿਲਾਂ ਦਾ ਲੱਗੇ ਦਾ ਇਹ ਬੂਟਾ। ਸ਼ਾਇਦ ਮਾੜੇ ਦਾਦੇ ਲਾਏ ਦਾ ਹੋਵਾ।”
“ਦਿਖ ਬਾਪੂ! ਇਹ ਬੂਟਾ ਆਪਨੀ ਉਮਰ ਹੰਢਾ ਚੁੱਕੇ ਦਾ। ਹੁਣ ਇਸ ਕੋ ਫਲ ਵੀ ਘੱਟ ਹੀ ਲਗਦਾ।”
“ਹੈਂ ਵਾ! ਤੂੰ ਆਖਣਾ ਕੀ ਚਾਹੁੰਦੇ?” ਪ੍ਰਤਾਪ ਸਿੰਘ ਨੇ ਉਤਸੁਕਤਾ ਨਾਲ ਪੁੱਛਿਆ।
“ਗੱਲ ਕੋਈ ਖਾਸ ਨੀ ਬਾਪੂ। ਮਾਂ ਮਰੇ ਕੋ ਦਸ ਸਾਲ ਹੋ ਗਏ ਨਾ। ਘਰ ਕੋਈ ਭੈਣ ਵੀ ਨਾ ਆਸੀ ਕਿ ਬਾੜੀ ਵਿਚ ਸਾਗ ਸਬਜ਼ੀਆਂ ਉਗਾਂਦੀ। ਕਿਉਂਕਿ ਬਾੜੀਆਂ ਕਮਾਣੀਆਂ ਔਰਤਾਂ ਦਾ ਹੀ ਕੰਮ ਹੁੰਦਾ ਹੈ। ਹੁਣ ਘਰ ਵਿਚ ਸੁਖ ਨਾਲ ਤੁਸਦੀਆਂ ਦੋ ਨੂੰਹਾਂ ਹਨ, ਜੋ ਚੁੱਲ੍ਹੇ ਚੌਕੇ ਦੇ ਕੰਮਾਂ ਤੋਂ ਵਿਹਲੀਆਂ ਹੋ ਕੇ ਸਾਰੀ ਦਿਹਾੜੀ ਗੱਪਾਂ ਮਾਰਦੀਆਂ ਹਨ। ਇਹ ਬਾੜੀ ਦਾ ਕੰਮ ਵੀ ਤਾਂ ਸਾਂਭ ਸਕਦੀਆਂ ਹਨ। ਗਰਾਂ ਵਿਚ ਸਿਰਫ਼ ਅਸਦਾ ਹੀ ਘਰ ਹੈ, ਜਿਨ੍ਹਾਂ ਕੋ ਚੰਗੀ ਭਲੀ ਬਾੜੀ ਹੁੰਦਿਆਂ ਸੁੰਦਿਆਂ ਵੀ ਸਾਗ ਸਬਜ਼ੀਆਂ ਵਾਸਤੇ ਲੋਕਾਂ ਦੇ ਮੂੰਹਾਂ ਦਰ ਵੇਖਣਾ ਪੈਂਦਾ।”
“ਫਿਰ?”
“ਬਾਪੂ! ਅਸਲ ਗੱਲ ਇਹ ਵਾ ਕਿ ਅਸਾਂਦੀ ਬਾੜੀ ਕੋ ਖੋੜੀ ਦੇ ਬੂਟੇ ਬਰਬਾਦ ਕਰ ਛੋੜੇ ਦਾ। ਮੈਂ ਸੋਚਦਾ ਕੀਆਂ ਨਾ ਅਸੀਂ ਇਸ ਕੋ ਕਪ ਛੁੜੀਏ। ਇਸ ਦੀ ਲਕੜੀ ਦੇ ਵੀ ਪੈਸੇ ਚਾਰ ਚੰਗਾ ਧਾ ਮੈਸਨ, ਨਾਲੇ ਬਾੜੀ ਵੀ ਬਚ ਗੈਸੀ। ਸਗੋਂ ਕਲ ਠੇਕੇਦਾਰ ਵੀ ਮਿਲਿਆ ਆਸਿਆ। ਆਖਣ ਲੱਗਾ ਖੋੜੀ ਦਾ ਬੂਟਾ ਹੁਣ ਤੁਸਦੇ ਕਿਸ ਕੰਮ ਆਸੀ। ਬੇਚੋ ਇਸ ਨੋ।”
ਡਾਕਟਰ ਨੇ ਮਾਸਟਰ ਦੀ ਗੱਲ ਦੀ ਹਾਮੀ ਭਰੀ। ਪਰ ਪ੍ਰਤਾਪ ਸਿੰਘ ਨੇ ਮਹਿਸੂਸ ਕੀਤਾ, ਜਿਵੇਂ ਦੋਵਾਂ ਭਰਾਵਾਂ ਨੇ ਮਿਲ ਕੇ ਅਖਰੋਟ ਦਾ ਬੂਟਾ ਨਹੀਂ, ਸਗੋਂ ਉਸੇ ਨੂੰ ਹੀ ਖੁੰਡੀ ਕੁਹਾੜੀ ਨਾਲ ਵੱਢ ਦਿੱਤਾ ਹੋਵੇ। ਉਹ ਕੁਝ ਚਿਰ ਚੁੱਪ ਸਾਧ ਕੇ ਬੈਠਾ ਰਿਹਾ। ਫਿਰ ਉਨ੍ਹਾਂ ਦੀ ਗੱਲ ਦਾ ਜਵਾਬ ਦਿੱਤੇ ਬਿਨਾਂ ਹੀ ਕਮਰੇ ਵਿਚੋਂ ਬਾਹਰ ਨਿਕਲ ਗਿਆ।
ਇਹ ਗੱਲ ਚੋਖਾ ਚਿਰ ਖਾਮੋਸ਼ੀ ਦੀ ਪਟਾਰੀ ਵਿਚ ਪਈ ਰਹੀ। ਲੜਕੇ ਸਿਆਣੇ ਸਨ। ਪਿਓ ਦੀ ਬੂਟੇ ਨਾਲ ਜੁੜੀ ਭਾਵੁਕਤਾ ਨੂੰ ਸਮਝਦੇ ਹਨ। ਇਸ ਲਈ ਸਮਝਦਾਰ ਪੁੱਤਰਾਂ ਵਾਂਗ ਕੁਝ ਚਿਰ ਚੁੱਪ ਰਹਿਣ ਵਿਚ ਹੀ ਚੰਗਿਆਈ ਸਮਝੀ। ਪਰ ਉਨ੍ਹਾਂ ਦੀ ਸਲਾਹ ਵੀ ਤਾਂ ਅਜਾਈਂ ਛੱਡਣ ਯੋਗ ਨਹੀਂ ਸੀ। ਅਜੋਕੇ ਯੁੱਗ ਦੀ ਪੜ੍ਹੀ ਲਿਖੀ ਸਮਝਦਾਰ ਔਲਾਦ ਲਾਭਦਾਇਕ ਸੌਦਾ ਛੱਡ ਕੇ ਕੇਵਲ ਭਾਵੁਕਤਾ ਨਾਲ ਸਮਝੌਤਾ ਤਾਂ ਕਰ ਨਹੀਂ ਸਕਦੀ। ਉਨ੍ਹਾਂ ਸਾਹਮਣੇ ਅਖਰੋਟ ਦੇ ਪੁਰਾਣੇ ਬੂਟੇ ਨਾਲੋਂ ਸਬਜ਼ੀਆਂ ਦੀ ਪੈਦਾਵਾਰ ਦਾ ਸੌਦਾ ਵੱਧ ਲਾਭਦਾਇਕ ਸੀ। ਨਾਲੇ ਅਖਰੋਟ ਦੀ ਲੱਕੜ ਵੀ ਤਾਂ ਬਹੁਤ ਮਹਿੰਗੇ ਭਾਅ ਵਿਕਦੀ ਹੈ। ਇਸ ਲਈ ਆਪਣੇ ਮਨਸੂਬੇ ਨੂੰ ਨੇਪਰੇ ਚਾੜ੍ਹਨ ਲਈ ਉਹ ਚੁੱਪ ਚਾਪ ਕਿਸੇ ਯੋਗ ਸਮੇਂ ਦੀ ਉਡੀਕ ਕਰਨ ਲੱਗੇ ਅਤੇ ਜਦੋਂ ਯੋਗ ਸਮਾਂ ਆਇਆ ਤਾਂ ਪੁੱਤਰਾਂ ਨੇ ਝੱਟ ਗੱਲ ਛੇੜ ਦਿੱਤੀ। ਪਰ ਐਤਕਾਂ ਪ੍ਰਤਾਪ ਸਿੰਘ ਵੀ ਖਾਮੋਸ਼ ਨਹੀਂ ਰਿਹਾ,
“ਮੈਂ ਸੋਚਿਆ ਆਸਿਆ ਮਾੜ੍ਹੀ ਚੁੱਪ ਤੋਂ ਤੁਸਾਂ ਮਾੜਾ ਜਵਾਬ ਘਿਨਿਆ ਹੋਸੀ। ਪਰ ਨਹੀਂ। ਸ਼ਾਇਦ ਤੁਸੀਂ ਵੀ ਆਪਣਾ ਹਠ ਛੱਡਣ ਕੇ ਤਿਆਰ ਨਹੀਂ। ਪੁਤਰੋ ਹੇਕ ਗੱਲ ਧਿਆਨ ਨਾਲ ਸੁਣ ਘਿਨੋ ਕਿ ਖੋੜੀ ਦਾ ਇਹ ਬੂਟਾ ਮਾੜੀ ਪੈਦਾਇਸ਼ ਤੋਂ ਲਗ ਚਿਰ ਪਹਿਲਾਂ ਦਾ ਲਾਗੇ ਦਾ। ਸ਼ਾਇਦ ਮਾੜੇ ਦਾਦੇ ਦੇ ਹੱਥਾਂ ਦਾ ਲਗੇ ਦਾ ਹੋਸੀ। ਇਹ ਬੂਟਾ ਅਸਦੇ ਬਜ਼ੁਰਗਾਂ ਦੀ ਐਸੀ ਨਿਸ਼ਾਨੀ ਹੈ ਜਿਸ ਦੀਆਂ ਜੜ੍ਹਾਂ ਪਾਤਾਲ ਤੱਕ ਪੁੱਜਦੀਆਂ ਹੈਨ। ਮੈਂ ਇਸ ਬੂਟੇ ਦੀਆਂ ਸੁਆਦਲੀਆਂ ਗਿਰੀਆਂ ਖਾਧੀਆਂ ਹੈਨ। ਤੁਸੀਂ ਵੀ ਖਾਂਦੇ ਰਹੇ ਹੋ। ਪਰ ਤੁਅੱਜਬ ਹੁੰਦਾ ਹੈ ਦਿਖ ਕੇ ਕਿ ਹੁਣ ਤੁਸੀਂ ਵੀ ਇਸ ਦੇ ਵੱਢ ਟੁੱਕ ਦੀਆਂ ਗੱਲਾਂ ਕਰਦੇ ਹੋ। ਕੈਸੇ ਆਦਮੀ ਹੋ ਤੁਸੀਂ? ਇਸੇ ਕੋ ਆਖਦੇ ਹਨ ਕਲਜੁਗ। ਮਾੜ੍ਹੇ ਕੋਲੋਂ ਪੁੱਛੋ ਤਾਂ ਮੈਂ ਇਸ ਕੋ ਵੀ ਆਪਣੇ ਹੀ ਟੱਬਰਾਂ ਦਾ ਹੇਕ ਜੀਅ ਸਮਝਦਾ ਵਾਂ। ਜੇ ਇਹ ਬੂਟਾ ਆਪ ਸੁੱਕਦਾ ਜਾਂ ਕਿਸੇ ਝੱਖੜ ਨਾਲ ਝੜਦਾ ਤਾਂ ਬੇਸ਼ਕ ਝੜੇ। ਪਰ ਮੈਂ ਕਿਸੇ ਵੀ ਹਾਲਤ ਵਿਚ ਨੀਲੇ ਬੂਟੇ ਤੇ ਕੁਹਾੜੀ ਨਹੀਂ ਚੱਲਣ ਦੇਣੀ। ਇਸ ਦੀ ਹੇਕ ਛਿੰਗ ਵੀ ਟੁਕਣ ਨਹੀਂ ਦੇਣੀ।”
ਪਿਓ ਦਾ ਦੋ ਟੁੱਕ ਜਵਾਬ ਸੁਣ ਕੇ ਪੁੱਤਰਾਂ ਨੂੰ ਦੁੱਖੀ ਹੋਣਾ ਚਾਹੀਦਾ ਸੀ, ਪਰ ਸ਼ਾਬਾਸ਼ ਹੈ ਉਨ੍ਹਾਂ ਨੂੰ ਕਿ ਉਹ ਉਕਾ ਦੁਖੀ ਨਹੀਂ ਹੋਏ। ਸਗੋਂ ਪਿਓ ਦੀਆਂ ਦਲੀਲਾਂ ਨੂੰ ਕੇਵਲ ਜਜ਼ਬਾਤ ਦਾ ਵਹਿਣ ਕਹਿ ਕੇ ਗੱਲ ਨੂੰ ਕਿਸੇ ਹੋਰ ਪਾਸੇ ਲਈ ਟਾਲ ਦਿੱਤਾ। ਭਾਵ ਕਿਸੇ ਸਿਆਣੇ ਰਾਜਨੇਤਾ ਵਾਂਗ ਸਮੱਸਿਆ ਨੂੰ ਸਮਾਪਤ ਨਹੀਂ ਹੋਣ ਦਿੱਤਾ, ਸਗੋਂ ਸਮੱਸਿਆ ਵਾਂਗ ਹੀ ਲਟਕਿਆ ਰਹਿਣ ਦਿੱਤਾ। ਭਲਾ ਉਹ ਵੀ ਕੈਸੀ ਸਮੱਸਿਆ ਹੋਈ, ਜੋ ਸੁਲਝ ਜਾਵੇ।
ਇਸ ਵਿਚਕਾਰ ਕਸ਼ਮੀਰ ਵਿਚ ਵੀ ਗੰਭੀਰ ਸਮੱਸਿਆ ਨੇ ਫਨੀਅਰ ਸੱਪ ਵਾਂਗ ਸਿਰ ਚੁੱਕਿਆ, ਆਤੰਕਵਾਦ ਦੀ ਸਮੱਸਿਆ। ਇਸ ਸਮੱਸਿਆ ਦਾ ਆਗਮਨ ਹਜ਼ਾਰਾਂ ਨਿਰਦੋਸ਼ ਲੋਕਾਂ ਦੀਆਂ ਹੱਤਿਆਵਾਂ ਨਾਲ ਹੋਇਆ। ਮੌਤ ਦੇ ਡਰ ਤੋਂ ਲੱਖਾਂ ਘਬਰਾਏ ਹੋਏ ਲੋਕ ਕਸ਼ਮੀਰ ਤੋਂ ਪ੍ਰਵਾਸ ਕਰ ਗਏ। ਪਰ ਪ੍ਰਤਾਪ ਸਿੰਘ ਅਤੇ ਉਸ ਦੇ ਭਾਈਚਾਰੇ ਦੇ ਲੋਕ ਸ਼ਹਿਰਾਂ ਵਿਚ, ਕਸਬਿਆਂ ਵਿਚ ਅਤੇ ਦੂਰ ਦਰਾਜ ਦੇ ਪਿੰਡਾਂ ਵਿਚ ਸਹਿਮ ਦੀ ਕਾਲੀ ਚਾਦਰ ਤਾਣ ਕੇ ਵਸਦੇ ਰਹੇ । ਕਈ ਪ੍ਰਵਾਸ ਬਾਰੇ ਸੋਚਦੇ। ਪਰ ਕਈ ਮਹਿਸੂਸ ਕਰਦੇ ਜਿਵੇਂ ਉਨ੍ਹਾਂ ਦੇ ਪੈਰਾਂ ਹੇਠ ਮੂਲ ਲਗ ਗਏ ਹੋਣ। ਭੈਅਭੀਤ ਤਾਂ ਉਹ ਵੀ ਸਨ। ਪਰ ਵਿਚਾਰੇ ਜੜ੍ਹੋਂ ਉਖੜ ਕੇ ਜਾਂਦੇ ਵੀ ਕਿੱਥੇ? ਕਰਦੇ ਵੀ ਕੀ? ਗੱਲ ਤਾਂ ਚੱਲ ਰਹੀ ਸੀ ਪ੍ਰਤਾਪ ਸਿੰਘ ਦੇ ਘਰ ਪੈਦਾ ਹੋਈ ਅਖਰੋਟ ਦੇ ਬੂਟੇ ਦੀ ਸਮੱਸਿਆ ਦੀ, ਜਿਸ ਦਾ ਵੇਖਣ ਨੂੰ ਆਤੰਕਵਾਦ ਨਾਲ ਕੋਈ ਜੋੜ ਨਹੀਂ, ਕਿਉਂਕਿ ਅਖਰੋਟ ਦੇ ਬੂਟੇ ਨੂੰ ਲੈ ਕੇ ਚੱਲ ਰਿਹਾ ਵਿਵਾਦ ਤਾਂ ਪ੍ਰਤਾਪ ਸਿੰਘ ਅਤੇ ਉਸ ਦੇ ਪੁੱਤਰਾਂ ਦੀ ਸਮੱਸਿਆ ਹੈ। ਭਲਾ ਇਸ ਦਾ ਆਤੰਕਵਾਦ ਨਾਲ ਕੀ ਲੈਣ ਦੇਣ। ਪਰ ਸੰਜੋਗ ਹੀ ਸਮਝੋ ਕਿ ਪ੍ਰਤਾਪ ਸਿੰਘ ਦੇ ਪਰਿਵਾਰ ਦੀ ਇਸ ਸਮੱਸਿਆ ਨੂੰ ਆਤੰਕਵਾਦ ਨੇ ਬੁਰੀ ਤਰ੍ਹਾਂ ਉਲਝਾ ਕੇ ਰੱਖ ਦਿੱਤਾ ਹੈ।
ਹੋਇਆ ਇੰਜ ਕੇ ਮਸ਼ਹੂਰ ਵਿਅਕਤੀ ਸੂਬੇਦਾਰ ਰਘੁਨਾਥ ਸਿੰਘ ਨੂੰ ਆਤੰਕਵਾਦੀਆਂ ਨੇ ਬਸ ਵਿਚੋਂ ਉਤਾਰਿਆ ਤੇ ਧੂਹ ਕੇ ਆਪਣੇ ਨਾਲ ਲੈ ਗਏ। ਅਗਲੇ ਦਿਨ ਗੋਲੀਆਂ ਨਾਲ ਛਲਨੀ ਉਸ ਦੀ ਲਾਸ਼ ਧਾਈਂ ਦੇ ਖੇਤਾਂ ਵਿਚੋਂ ਮਿਲੀ। ਇਸ ਘਟਨਾ ਨੇ ਪੂਰੇ ਭਾਈਚਾਰੇ ਨੂੰ ਹਿਲਾ ਕੇ ਰੱਖ ਦਿੱਤਾ। ਇਸ ਗੱਲ ਨੂੰ ਲੈ ਕੇ ਲੋਕਾਂ ਵਿਚ ਗੁੱਸੇ ਦੇ ਨਾਲ ਨਾਲ ਸ਼ੰਕੇ ਵੀ ਪੈਦਾ ਹੋਏ। ਆਖਰ ਉਸ ਨਿਰਦੋਸ਼ ਨੇ ਉਨ੍ਹਾਂ ਦਾ ਕੀ ਵਿਗਾੜਿਆ ਸੀ। ਅੰਦਰਖਾਤੇ ਲੋਕਾਂ ਦੇ ਦਿਲਾਂ ਵਿਚ ਕਿਸੇ ਆਉਣ ਵਾਲੇ ਵੱਡੇ ਹਾਦਸੇ ਦਾ ਭੈਅ ਪੈਦਾ ਹੋ ਗਿਆ ਸੀ। ਇਸ ਡਰ ਦੇ ਪਰਛਾਵੇਂ ਮੱਧਮ ਪੈਣ ਲੱਗ ਪਏ। ਇੰਨੇ ਨੂੰ ਇਕ ਹੋਰ ਮਨਹੂਸ ਖਬਰ ਜੰਗਲ ਦੀ ਅੱਗ ਵਾਂਗ ਫੈਲ ਗਈ ਕਿ ਬਾਰਾਮੂਲਾ ਵਿਖੇ ਇਕ ਸਿੱਖ ਨੌਜਵਾਨ ਨੂੰ ਉਸ ਦੇ ਘਰ ਜਾ ਕੇ ਗੋਲੀਆਂ ਨਾਲ ਭੁੰਨ ਦਿੱਤਾ ਗਿਆ। ਫਿਰ ਇਕ ਹੋਰ ਵਾਰਦਾਤ ਵਾਪਰ ਗਈ ਕਿ ਖਾਰਾਂ ਵਾਲੇ ਪਾਸੇ ਫੌਜ ਦੇ ਇਕ ਵੱਡੇ ਅਫ਼ਸਰ ਨੂੰ ਮਾਰਿਆ ਗਿਆ, ਜੋ ਜੰਮੂ ਤੋਂ ਆਪਣੇ ਮਰੇ ਹੋਏ ਭਰਾ ਦੀ ਲਾਸ਼ ਲੈ ਕੇ ਘਰ ਆਇਆ ਸੀ। ਇੰਜ ਇਸ ਨਿੱਕੇ ਜਿਹੇ ਭਾਈਚਾਰੇ ਅੰਦਰ ਇਕਾ-ਦੁੱਕਾ ਵਾਰਦਾਤਾਂ, ਕਤਲਾਂ, ਦੁਰਘਟਨਾਵਾਂ ਦਾ ਵਾਪਰਨਾ ਨਿੱਤ ਦਾ ਕੰਮ ਹੋ ਗਿਆ। ਵਾਰਦਾਤਾਂ ਮਗਰੋਂ ਲੋਕਾਂ ਅੰਦਰ ਸੋਗ, ਮੌਤ ਦੇ ਭੈਅ ਨਾਲ ਸਹਿਮ ਜਾਣਾ, ਅਸੁਰਖਿਆ ਮਹਿਸੂਸ ਕਰਨਾ ਅਤੇ ਮਗਰੋਂ ਐਸੇ ਹਾਲਾਤ ਨਾਲ ਸਮਝੌਤਾ ਕਰ ਲੈਣਾ ਜੀਵਨ ਦਾ ਇਕ ਢੰਗ ਹੀ ਬਣ ਗਿਆ।
ਐਸੇ ਹਾਲਾਤ ਵਿਚ ਮਾਸਟਰ ਅਤੇ ਡਾਕਟਰ ਵਲੋਂ ਪਿਓ ਨਾਲ ਅਖਰੋਟ ਦੇ ਬੂਟੇ ਦੀ ਚਰਚਾ ਬੇਤੁਕੀ ਜਿਹੀ ਗੱਲ ਲੱਗਦੀ ਹੈ। ਇਕ ਪਾਸੇ ਤਾਂ ਉਹ ਅਖਰੋਟ ਦੇ ਬੂਟੇ ਨੂੰ ਵੱਢਣ ਲਈ ਉਤਾਵਲੇ ਹਨ, ਪਰ ਦੂਜੇ ਪਾਸੇ ਰੋਜ਼ ਕੋਈ ਨਾ ਕੋਈ ਦੁਰਘਟਨਾ ਵਾਪਰ ਜਾਂਦੀ ਹੈ। ਜਿਸ ਕਾਰਨ ਪੂਰਾ ਭਾਈਚਾਰਾ ਸਹਿਮ ਜਾਂਦਾ ਹੈ। ਉਹ ਆਪ ਵੀ ਸਹਿਮ ਜਾਂਦੇ ਹਨ ਅਤੇ ਉਨ੍ਹਾਂ ਦੇ ਪ੍ਰਸਤਾਵ ਦੀ ਪੂਰਤੀ ਦੇ ਰਸਤੇ ਵਿਚ ਅੜਿੱਕੇ ਪੈਦਾ ਹੋ ਜਾਂਦੇ। ਇੰਜ ਇਹ ਮਸਲਾ ਉਲਝ ਜਾਂਦਾ। ਉਹ ਸੋਚਦੇ, ਲੋਕ ਗਰਾਂ ਛੱਡ ਕੇ ਕਿਸੇ ਸੁਰਖਸ਼ਤ ਥਾਂ ਜਾਣ ਦਾ ਵਿਚਾਰ ਬਣਾ ਰਹੇ ਹਨ, ਜਿਥੇ ਆਦਮੀਆਂ ਨੂੰ ਆਦਮੀਆਂ ਦਾ ਡਰ ਨਾ ਹੋਵੇ। ਕਈਆਂ ਨੇ ਤਾਂ ਜ਼ਮੀਨਾਂ ਵੀ ਵੇਚ ਦਿੱਤੀਆਂ ਹਨ। ਪਰ ਬਾਪੂ ਹੇਕ ਖੋੜੀ ਦੇ ਬੂਟੇ ਕੋ ਘਿਨ ਕੇ ਬਹਿ ਗਏ ਦਾ। ਜੇ ਅਸੀਂ ਆਪ ਨਾ ਰਹੇ ਤਾਂ ਬੂਟੇ ਕਿਸ ਕੰਮ ਦੇ। ਉਹ ਤਾਂ ਕਿਸੇ ਪਾਸਿਓਂ ਵੀ ਆਟੇ ਗੋਟੇ ਨਹੀਂ ਆ ਰਿਹਾ।
ਪਰ ਬਾਪੂ ਯਾਨਿ ਪ੍ਰਤਾਪ ਸਿੰਘ ਨੇ ਆਟੇ ਗੋਟੇ ਕੀ ਆਣਾ ਸੀ। ਉਸ ਨੂੰ ਤਾਂ ਆਤੰਕਵਾਦ ਦੇ ਭੈਅ ਨੇ ਬਖੇਰ ਕੇ ਰੱਖ ਦਿੱਤਾ ਸੀ। ਉਸ ਨੇ ਤਾਂ ਸੰਤਾਲੀ ਵਿਚ ਵਾਪਰੀ ਦੁਰਦਸ਼ਾ ਵੀ ਵੇਖੀ ਸੀ। ਨਵੀਂ ਨਸਲ ਨੂੰ ਘਲੂਘਾਰਿਆਂ ਦੇ ਸੰਤਾਪ ਦਾ ਤਾਂ ਅੰਦਾਜ਼ਾ ਵੀ ਨਹੀਂ ਹੋ ਸਕਦਾ। ਉਹ ਘਰ ਵਿਚ ਹੁੰਦਾ ਤਾਂ ਕਦੀ ਚੁੱਪ ਚਾਪ ਜਵਾਨ ਪੁੱਤਰਾਂ, ਸੁਘੜ ਨੂੰਹਾਂ ਤੇ ਪਿਆਰੇ ਪਿਆਰੇ ਪੋਤਰਿਆਂ ਵੱਲ ਚਿੰਤਾਜਨਕ ਨਿਗਾਹਾਂ ਨਾਲ ਵੇਖਦਾ ਅਤੇ ਰੋਣਹਾਕਾ ਜੇਹਾ ਹੋ ਜਾਂਦਾ। ਵਿਹੜੇ ਵਿਚ ਬੈਠਿਆ ਹੁੰਦਾ ਤਾਂ ਮਹਿਸੂਸ ਕਰਦਾ ਜਿਵੇਂ ਕਿਸੇ ਓਪਰੀ ਥਾਂ ਬੈਠਿਆ ਹੋਵੇ। ਫਿਰ ਉਸ ਦੇ ਮੂੰਹੋਂ ਆਪ ਮੁਹਾਰੇ ਵਾਹਿਗੁਰੂ ਵਾਹਿਗੁਰੂ ਦਾ ਜਾਪ ਡਰੀ ਹੋਈ ਆਵਾਜ਼ ਵਿਚ ਨਿਕਲ ਪੈਂਦਾ ਅਤੇ ਮਹਿਸੂਸ ਕਰਦਾ ਜਿਵੇਂ ਉਹ ਡੂੰਘੀ ਨੀਦਰੋਂ ਜਾਗ ਪਿਆ ਹੋਵੇ। ਉਹ ਆਪਣੇ ਸੱਜੇ ਖੱਬੇ, ਅੱਗੇ ਪਿਛੇ ਵੇਖਦਾ ਅਤੇ ਸੰਭਲ ਕੇ ਬੈਠਣ ਦਾ ਯਤਨ ਕਰਦਾ ਤਾਂ ਜੋ ਕੋਈ ਵੇਖਣ ਵਾਲਾ ਸਮਝੇ ਕਿ ਉਹ ਜਾਗ ਰਿਹਾ ਹੈ ਜਾਂ ਉਸ ਦੇ ਅੰਦਰ ਪ੍ਰੇਸ਼ਾਨੀ ਵਰਗਾ ਕੁਝ ਵੀ ਨਹੀਂ ਜਾਂ ਉਸ ਨੂੰ ਕਿਸੇ ਗੱਲ ਦੀ ਚਿੰਤਾ ਹੀ ਨਹੀਂ।
“ਕੇ ਵਾ! ਅਸਦੇ ਲੀਡਰ ਸੁੱਤੇ ਦਿਅਨ?” ਇਕ ਦਿਨ ਉਸ ਨੇ ਪੁੱਤਰਾਂ ਕੋਲੋਂ ਪੁੱਛਿਆ।
“ਕਿਸ ਦੇ ਲੀਡਰ ਬਾਪੂ? ਕਿਹੜੇ ਲੀਡਰ? ਸਾਰਿਆਂ ਆਪਣੇ ਆਪਣੇ ਟਿਕਾਣੇ ਬਣਾ ਲਏ ਦਿਅਨ। ਹੁਣ ਅਸਾਂ ਜਹੇ ਗਰੀਬ ਗੁਰਬਿਆਂ ਕੋ ਰਖੇ ਦਖ ਅਪਨੀਆਂ ਲੀਡਰੀਆਂ ਚਮਕਾਣ ਵਾਸਤ, ਨਾਲੇ ਗੋਲੀਆਂ ਦਾ ਨਿਸ਼ਾਨਾ ਬਣਾਨ ਵਾਸਤੇ।”
“ਫਿਰ ਕੇ ਬਣਸੀ ਅਸਦਾ?” ਪ੍ਰਤਾਪ ਸਿੰਘ ਨੇ ਚਿੰਤਾ ਪ੍ਰਗਟਾਈ।
“ਬਣਨਾ ਕੇ ਆ। ਸਿੱਧਾ ਬੇਮੌਤੇ ਮਰ ਗੈਣਾ। ਕੁਝ ਸਿਆਣੇ ਲੋਕ ਲਗੇ ਦਿਅਨ ਜ਼ਮੀਨ ਜਾਇਦਾਦਾਂ ਬੇਚੇ ਕੋ। ਉਹ ਲੀਡਰਾਂ ਕੋ ਨੀ ਡੀਕਦੇ। ਮਗਰ ਤੁਸੀਂ ਹੇਕ ਖੋੜੀ ਦੇ ਬੂਟੇ ਕੋ ਥਪ ਕਰ ਕੇ ਬੈਠੇ ਦੇ ਹੋ। ਐ ਜੀ, ਜੇ ਅਸੀਂ ਆਪੇ ਨਾ ਰਹੇ ਤਾਂ ਇਹ ਬੂਟਾ ਕਿਸ ਕੰਮ ਦਾ। ਕੌਣ ਦਿਖਸੀ ਅਸਦੇ ਬਜੁਰਗਾਂ ਦੀ ਨਿਸ਼ਾਨੀ ਕੋ।”
ਡਾਕਟਰ ਪੁੱਤਰ ਦੀ ਗੱਲ ਸੁਣ ਕੇ ਪ੍ਰਤਾਪ ਸਿੰਘ ਚੁੱਪ ਹੋ ਗਿਆ। ਚੁੱਪ ਹੋ ਕੇ ਕੁਝ ਸੋਚਣ ਲੱਗਾ। ਸੋਚਣ ਮਗਰੋਂ ਬੋਲਿਆ, “ਚੰਗਾ ਪੁੱਤਰੋ! ਕਰੋ ਜੋ ਤੁਸਾਂ ਕੋ ਚੰਗਾ ਲੱਗਾ।”
ਬਾਪੂ ਦੀ ਗੱਲ ਸੁਣ ਕੇ ਪੁੱਤਰ ਹੈਰਾਨ ਪ੍ਰੇਸ਼ਾਨ ਹੋ ਗਿਆ। ਸ਼ਾਇਦ ਸੋਚ ਰਹੇ ਹੋਣ, ਕੀ ਬਾਪੂ ਨੇ ਆਗਿਆ ਦੇ ਦਿੱਤੀ ਹੈ? ਭਾਵੇਂ ਦਿਲੋਂ ਨਹੀਂ, ਪਰ ਨੀਮ ਰਜ਼ਾਮੰਦੀ ਤਾਂ ਸੀ। ਨੀਮ ਰਜ਼ਾਮੰਦੀ ਭਾਵ ਪੂਰੀ ਰਜ਼ਾਮੰਦੀ। ਉਨ੍ਹਾਂ ਨੇ ਪਿਓ ਵੱਲ ਵੇਖਿਆ। ਫਿਰ ਇਕ ਦੂਜੇ ਵੱਲ ਤੱਕਿਆ। ਚਾਣਚੱਕ ਦੋਵਾਂ ਦੇ ਚਿਹਰੇ ਖੁਸ਼ੀ ਨਾਲ ਖਿੜ ਗਏ।
ਹੁਣ ਉਹ ਬੂਟੇ ਨੂੰ ਵੱਢਣ ਦੀਆਂ ਵਿਉਂਤਾਂ ਬਣਾਉਣ ਲੱਗੇ। ਪਰ ਬੂਟਾ ਵੀ ਜਿਵੇਂ ਕੋਈ ਰਿਸ਼ੀ ਸੀ ਜਾਂ ਅੰਤਰਜ਼ਾਮੀ ਸੀ, ਜੋ ਪ੍ਰੀਤਮ ਸਿੰਘ ਦੇ ਪੁੱਤਰਾਂ ਦੀਆਂ ਸਾਜਿਸ਼ਾਂ ਤੋਂ ਝੱਟ ਜਾਣੂ ਹੋ ਜਾਂਦਾ ਅਤੇ ਫਿਰ ਚਾਣਚੱਕ ਕੋਈ ਭਾਣਾ ਵਰਤ ਜਾਂਦਾ, ਜਿਸ ਕਾਰਨ ਬੂਟੇ ਦੀ ਕਟਾਈ ਦਾ ਕੰਮ ਪਿੱਛੇ ਪੈ ਜਾਂਦਾ। ਪਰ ਹੁਣ ਤਾਂ ਬਾਪੂ ਨੇ ਇਜਾਜ਼ਤ ਦੇ ਦਿੱਤੀ ਹੈ, ਭਾਵੇਂ ਬੇਦਿਲੀ ਨਾਲ। ਸੋ ਉਨ੍ਹਾਂ ਦੇ ਰਸਤੇ ਦੇ ਸਾਰੇ ਹੀ ਅੜਿੱਕੇ ਮੁੱਕ ਗਏ ਸਨ।
ਘਟਨਾ ਦੇ ਇਸ ਪੜਾਅ ‘ਤੇ ਪੁੱਜ ਕੇ ਦੋਵਾਂ ਭਰਾਵਾਂ ਨੂੰ ਰਮਜ਼ਾਨ ਤਬਰਦਾਰ ਦੇ ਮਸ਼ਵਰੇ ਦੀ ਲੋੜ ਪਈ, ਅਜੇ ਉਹ ਉਸ ਨੂੰ ਮਿਲਣ ਬਾਰੇ ਸੋਚ ਹੀ ਰਹੇ ਸਨ ਕਿ ਚਿੱਠੀ ਸਿੰਘ ਪੁਰੇ ਦਾ ਦਰਦਨਾਕ ਕਾਂਡ ਵਾਪਰ ਗਿਆ। 36 ਨਿਰਦੋਸ਼ ਸਿੱਖਾਂ ਨੂੰ ਘਰੋਂ ਬਾਹਰ ਕੱਢ ਕੇ ਗੁਰਦੁਆਰੇ ਦੇ ਹਾਤੇ ਵਿਚ ਗੋਲੀਆਂ ਨਾਲ ਭੁੰਨ ਦਿੱਤਾ ਗਿਆ। ਹਰ ਕੋਈ ਇਸ ਘਟਨਾ ਦੀ ਨਿਖੇਧੀ ਕਰਨ ਲੱਗਾ। ਦਿੱਲੀ ਤੋਂ ਕਈ ਕੇਂਦਰੀ ਮੰਤਰੀ ਚਿੱਠੀ ਸਿੰਘ ਪੁਰਾ ਪੁੱਜ ਗਏ। ਅੰਮ੍ਰਿਤਸਰ ਤੋਂ ਧਾਰਮਿਕ ਨੇਤਾ ਆ ਗਏ। ਦਿੱਲੀ ਤੋਂ ਵਾਜਪਾਈ ਨੇ ਇਸ ਅਣਮਨੁੱਖੀ ਘਟਨਾ ਨੂੰ ਨਿੰਦਿਆ। ਇਸਲਾਮਾਬਾਦ ਤੋਂ ਪਰਵੇਜ਼ ਮੁਸ਼ੱਰਫ਼ ਨੇ ਇਸ ਹਾਦਸੇ ਦੀ ਆਲੋਚਨਾ ਕੀਤੀ। ਬਿਲ ਕਲਿੰਟਨ ਨੇ ਅਫ਼ਸੋਸ ਪ੍ਰਗਟ ਕੀਤਾ। ਹੁਰੀਅਤ ਕਾਨਫਰੰਸ ਦੇ ਨੇਤਾਵਾਂ ਨੇ ਇਸ ਘਟਨਾ ਨੂੰ ਇਨਸਾਨੀਅਤ ਦਾ ਕਤਲ ਦੱਸਦਿਆਂ ਮੰਗ ਕੀਤੀ ਕਿ ਇਸ ਕਾਰੇ ਦੀ ਕਿਸੇ ਨਿਰਪੱਖ ਸੰਸਥਾ ਤੋਂ ਜਾਂਚ ਕਰਾਈ ਜਾਵੇ। ਮਿਲੀਟੈਂਟ ਜਮਾਤਾਂ ਨੇ ਵੀ ਇਸ ਨੂੰ ਗੈਰ ਇਸਲਾਮੀ ਘਟਨਾ ਕਹਿ ਕੇ ਨਿੰਦਿਆ। ਪਰ ਪ੍ਰਤਾਪ ਸਿੰਘ ਹੈਰਾਨ ਪ੍ਰੇਸ਼ਾਨ ਹੋ ਕੇ ਪੁੱਤਰਾਂ ਤੋਂ ਪੁੱਛਦਾ, “ਹੈ ਵਾ! ਸਾਰੇ ਹੀ ਇਸ ਕਾਂਡ ਦੀ ਨਿੰਦਿਆ ਕਰ ਰਹੇ ਹਨ। ਮਗਰ ਮੁੰਗੋ ਤਾਂ ਸਮਝਾਓ ਕਿ ਆਖਰ ਇਹ ਕਤਲ ਕੀਤੇ ਕਿਸ ਹੈਨ? ਕੋਈ ਵੀ ਜ਼ਿੰਮੇਵਾਰੀ ਨਹੀਂ ਲੈ ਰਿਹਾ।”
“ਬਾਪੂ! ਇਸ ਕੋ ਆਖਦਿਅਨ ਬੇਮੌਤ ਮਰਨਾ। ਇਤਨੀ ਬੜੀ ਵਾਰਦਾਤ ਹੋ ਗਈ ਹੈ, ਪਰ ਸਰਕਾਰ ਜਾਂਚ ਦਾ ਹੁਕਮ ਹੀ ਨਹੀਂ ਕਰਦੀ।” ਮਾਸਟਰ ਨੇ ਘਬਰਾਈ ਹੋਈ ਆਵਾਜ਼ ਵਿਚ ਕਿਹਾ।
“ਲੀਡਰ ਕੇ ਆਖਦਿਅਨ?”
“ਆਖਦਿਅਨ ਮਾਉ ਆਪਣੀ ਦਾ ਸਿਰ। ਸਾਰੇ ਹੀ ਮਨਿਸਟਰਾਂ ਦੀ ਬੋਲੀ ਬੋਲ ਕੇ ਆਪਣਾ ਲੁੱਚ ਸੇਕਦੇ ਹਨ। ਅਖਾ ਘਰ ਛੋੜ ਕੇ ਨਾ ਜਾਓ, ਬੇਸ਼ਕ ਏਥੇ ਹੀ ਮਰਦੇ ਰਹੋ। ਮਗਰ ਨੌਜਵਾਨ ਤਾਂ ਇਥਾ ਰਹਿਣਾਂ ਮੰਨਦੇ ਹੀ ਨਹੀਂ।”
ਲੋਕਾਂ ਨੇ ਇਕ ਵਾਰ ਫਿਰ ਮੁੜ ਪਰਵਾਸ ਸਬੰਧੀ ਜ਼ੋਰਦਾਰ ਢੰਗ ਨਾਲ ਵਿਚਾਰ ਕੀਤਾ। ਬਹੁਤ ਲੰਮੀ ਬਹਿਸ ਚੱਲੀ। ਬਹਿਸ ਇਤਨੀ ਲੰਮੀ ਹੋ ਗਈ ਕਿ ਪਰਵਾਸ ਦਾ ਮਸਲਾ ਹੀ ਮੱਠਾ ਪੈ ਗਿਆ ਜਾਂ ਫਿਰ ਲੋਕਾਂ ਦੇ ਪੈਰਾਂ ਹੇਠ ਉਗੀਆਂ ਜੜ੍ਹਾਂ ਧਰਤੀ ਵਿਚੋਂ ਪੁਟਣੀਆਂ ਔਖੀਆਂ ਹੋ ਗਈਆਂ।
ਐਸੀਆਂ ਹੋਰ ਕਈ ਕਠੋਰ ਘਟਨਾਵਾਂ ਨੇ ਮਾਸਟਰ ਨੂੰ ਮਾਯੂਸ ਕਰ ਦਿੱਤਾ। ਕਾਫੀ ਚਿਰ ਤੋਂ ਉਸ ਨੇ ਅਖਰੋਟ ਦੇ ਬੂਟੇ ਬਾਰੇ ਸੋਚਣਾ ਹੀ ਛੱਡ ਦਿੱਤਾ। ਸਵੇਰੇ ਚੁੱਪ ਚੁਪੀਤੇ ਸਕੂਲ ਤੁਰ ਪੈਂਦਾ। ਸਕੂਲੋਂ ਆਉਂਦਿਆਂ ਧਾਈਂ ਦੇ ਖੇਤਾਂ ਵੱਲ ਨਜ਼ਰ ਮਾਰ ਆਉਂਦਾ। ਫਿਰ ਘਰੋਂ ਬਾਹਰ ਹੀ ਨਹੀਂ ਨਿਕਲਦਾ। ਇਕ ਦਿਨ ਡਾਕਟਰ ਨੇ ਪੁੱਛਿਆ, “ਭਾਪਾ! ਤੁਸੀਂ ਕਿੰਝ ਢਿੱਲੇ ਪੈ ਗਏ ਦੇ ਲਗਦੇ ਹੋ। ਹੁਣ ਖੋੜੀ ਦੇ ਬੂਟੇ ਬਾਰੇ ਸੋਚਦੇ ਹੀ ਨਹੀਂ।”
“ਨਾ ਵਾ! ਐਸੀ ਗੱਲ ਨਹੀਂ।” ਮਾਸਟਰ ਬਹੁਤ ਧੀਮੇ ਸੁਰ ਵਿਚ ਬੋਲਿਆ, “ਪਰ ਲੱਗਦਾ ਜੀਆਂ ਇਹ ਬੂਟਾ ਪੁਰਾਣੇ ਵੇਲਿਆਂ ਦਾ ਕੋਈ ਪੀਰ ਹੋਣਾ। ਜਿਲੇ ਵੀ ਅਸਾਂ ਇਸ ਕੋ ਟੁਕੇ ਬਾਰੇ ਸੋਚਿਆ ਕੋਈ ਨਾ ਕੋਈ ਭਾਣਾ ਵਰਤ ਗੈਂਦਾ।”
“ਭਾਪਾ! ਕਿਹੜੇ ਵੇਲਿਆਂ ਦੀ ਗੱਲ ਕਰਦੇ ਹੋ। ਵਹਿਮਾਂ ਭਰਮਾਂ ਵਿਚ ਨਹੀਂ ਪੈਣਾ। ਮੈਂ ਕਲ ਹੀ ਰਮਜ਼ਾਨ ਤਬਰਦਾਰਾ ਕੋ ਸਦ ਆਵਸਾਂ।”
ਅਗਲੇ ਦਿਨ ਇਕ ਰਮਜ਼ਾਨ ਤਬਰਦਾਰ ਮੋਢੇ ‘ਤੇ ਕੁਹਾੜੀ ਰੱਖ ਕੇ ਹਾਜ਼ਰ ਹੋ ਗਿਆ। ਉਸ ਨੇ ਬਹੁਤ ਤਜ਼ਰਬਾਕਾਰ ਨਜ਼ਰਾਂ ਨਾਲ ਅਖਰੋਟ ਦਾ ਬੂਟਾ ਵੇਖਿਆ। ਵੇਖਦਿਆਂ ਹੀ ਉਸ ਦੇ ਮੱਥੇ ਦੀਆਂ ਝੁਰੜੀਆਂ ਹੋਰ ਗਹਿਰੀਆਂ ਹੋ ਗਈਆਂ। ਉਸ ਨੇ ਬੂਟੇ ਦੀਆਂ ਧਰਤੀ ਅੰਦਰ ਡੂੰਘੀਆਂ ਧੱਸੀਆਂ ਜੜ੍ਹਾਂ ਦਾ ਨੀਝ ਨਾਲ ਜਾਇਜ਼ਾ ਲਿਆ। ਬਾੜੀ ਵੱਲ ਨਿਗਾਹ ਮਾਰੀ। ਉਸ ਦੀ ਬਦਹਾਲੀ ਦਾ ਅੰਦਾਜ਼ਾ ਲਾਇਆ ਅਤੇ ਕਿਹਾ, “ਮਾਸਟਰ ਜੀ! ਬੂਟਾ ਬਹੁਤ ਪੁਰਾਣਾ ਹੈ। ਇਸ ਦੀਆਂ ਜੜ੍ਹਾਂ ਧਰਤੀ ਅੰਦਰ ਬਹੁਤ ਡੂੰਘੀਆਂ ਲੱਕ ਗਈਆਂ ਹਨ। ਸੋ ਇਸ ਨੂੰ ਮੁੱਢ ਦੇ ਬਜਾਏ ਮੂਲੋਂ ਹੀ ਵੱਢਣਾ ਪਵੇਗਾ। ਨਹੀਂ ਤਾਂ ਜੜ੍ਹਾਂ ਧਰਤੀ ਅੰਦਰ ਹੀ ਰਹਿ ਜਾਣਗੀਆਂ ਅਤੇ ਕਿਸੇ ਦਿਨ ਬੂਟੇ ਨੇ ਮੁੜ ਉਗ ਪੈਣਾ। ਇੰਜ ਸਮੱਸਿਆ ਉਥੇ ਦੀ ਉਥੇ ਹੀ ਰਹਿ ਜਾਵੇਗੀ। ਸੋ ਇਸ ਨੂੰ ਜੜ੍ਹੋਂ ਉਖਾੜਨ ਲਈ ਇਸ ਦੇ ਆਸੇ ਪਾਸੇ ਬਹੁਤ ਡੂੰਘਾ ਟੋਇਆ ਪੁੱਟਣਾ ਪੈਣਾ ਹੈ। ਦੱਸੋ ਤੁਸੀਂ ਕੀ ਕਹਿੰਦੇ ਹੋ?”
“ਰਮਜ਼ਾਨਾ! ਤੂੰ ਠੀਕ ਆਖਦੇਂ।”
ਰੁੱਖ ਕੋਈ ਰਿਸ਼ੀ ਸੀ ਜਾਂ ਪੀਰ। ਅੱਜ ਤੀਕ ਉਸ ਨੂੰ ਵੱਢਣ ਦੇ ਸਾਰੇ ਮਨਸੂਬੇ ਹੀ ਅਸਫਲ ਹੁੰਦੇ ਰਹੇ। ਪਰ ਲਗਦੈ ਹੁਣ ਰਮਜ਼ਾਨ ਤਬਰਦਾਰ ਦੇ ਹੱਥੋਂ ਇਹ ਬੂਟਾ ਨਹੀਂ ਬਚਣਾ। ਅਗਲੇ ਦਿਨ ਉਹ ਦੋ ਮਜ਼ਦੂਰ, ਕੁਹਾੜੀਆਂ, ਗੈਂਤੀਆਂ, ਬੇਲਚੇ ਲੈ ਕੇ ਥਾਂ ‘ਤੇ ਪੁੱਜ ਗਿਆ। ਲਓ ਜੀ ਇਕ ਮਜ਼ਦੂਰ ਬੂਟੇ ‘ਤੇ ਕੁਹਾੜੀ ਲੈ ਕੇ ਚੜ੍ਹ ਗਿਆ ਤੇ ਲੱਗਾ ਬੂਟੇ ਦੇ ਟਾਹਣ ਵੱਢਣ। ਅਜੇ ਕੁਝ ਹੀ ਟਾਹਣ ਵੱਢੇ ਸਨ ਕਿ ਰਮਜ਼ਾਨ ਤਬਰਦਾਰ ਨੇ ਉਸ ਨੂੰ ਥੱਲ੍ਹੇ ਆਉਣ ਦਾ ਇਸ਼ਾਰਾ ਕਰ ਦਿੱਤਾ। ਹੁਣ ਉਹ ਸਾਰੇ ਹੀ ਮਿਲ ਕੇ ਬੂਟੇ ਦੇ ਆਸੇ ਪਾਸੇ ਟੋਆ ਪੁੱਟਣ ਲੱਗੇ। ਉਹ ਜਿਵੇਂ ਜ਼ਮੀਨ ਪੁੱਟਦੇ ਜਾਂਦੇ, ਅੱਗੋਂ ਉਸ ਦੀਆਂ ਜੜ੍ਹਾਂ ਦਾ ਤਣਿਆ ਜਾਲ ਵੇਖ ਕੇ ਉਨ੍ਹਾਂ ਦੇ ਪਸੀਨੇ ਛੁੱਟ ਪੈਂਦੇ। ਪੂਰੇ ਦਿਨ ਦੀ ਮਿਹਨਤ ਮਗਰੋਂ ਮਸਾਂ ਕੁਝ ਕੁ ਟਾਹਣ, ਜੜ੍ਹਾਂ ਅਤੇ ਛੇ ਕੁ ਫੁੱਟ ਟੋਆ ਹੀ ਪੁਟ ਸਕੇ ਸਨ ਕਿ ਅੰਦਰੋਂ ਪਾਣੀ ਦੇ ਫੁਹਾਰੇ ਫੁੱੱਟ ਪਏ। ਪਾਣੀ ਨਾਲ ਟੋਆ ਭਰ ਗਿਆ। ਜਿਸ ਕਾਰਨ ਰਮਜ਼ਾਨ ਤਬਰਦਾਰ ਦਾ ਕੰਮ ਹੋਰ ਔਖਾ ਹੋ ਗਿਆ। ਹੁਣ ਜ਼ਰੂਰੀ ਸੀ ਕਿ ਪਹਿਲਾਂ ਟੋਏ ਵਿਚੋਂ ਪਾਣੀ ਕੱਢਿਆ ਜਾਵੇ। ਪਾਣੀ ਕੱਢਣ ਲਈ ਘੱਟੋ ਘੱਟ ਸੱਤ ਫੁੱਟ ਡੂੰਘੀ ਨਾਲ ਕੱਢਣੀ ਪੈਣੀ ਸੀ। ਇਕ ਤਾਂ ਟੋਆ ਪੁੱਟਦਿਆਂ, ਦੂਜਾ ਕੁਝ ਟਾਹਣ ਤੇ ਕੁਝ ਜੜ੍ਹਾਂ ਵੱਢਦਿਆਂ ਉਹ ਸਾਰੇ ਹੀ ਹਫ਼ ਚੁੱਕੇ ਸਨ। ਉਪਰੋਂ ਟੋਏ ਵਿਚ ਪਾਣੀ ਨਿਕਲ ਆਉਣ ‘ਤੇ ਉਹ ਕੁਝ ਸੋਚਾਂ ਵਿਚ ਪੈ ਗਏ। ਤਰਕਾਲਾਂ ਦਾ ਵੇਲਾ ਹੋ ਗਿਆ । ਸੋ ਉਨ੍ਹਾਂ ਨੇ ਕੰਮ ਰੋਕ ਕੇ ਅਗਲੇ ਦਿਨ ‘ਤੇ ਪਾ ਦਿੱਤਾ। ਜਾਣ ਤੋਂ ਪਹਿਲਾਂ ਰਮਜ਼ਾਨ ਤਬਰਦਾਰ ਨੇ ਬੂਟੇ ਨੂੰ ਪੂਰੇ ਜ਼ੋਰ ਦਾ ਹਿਲਾ ਕੇ ਵੇਖਿਆ। ਉਸ ਨੂੰ ਅਸਚਰਜਤਾ ਹੋਈ ਕਿ ਇੰਨੀਆਂ ਜੜ੍ਹਾਂ ਕੱਟਣ ਮਗਰੋਂ ਵੀ ਬੂਟਾ ਅਹਿਲ ਖੜ੍ਹਾ ਸੀ, ਇਕ ਪਹਾੜ ਦੀ ਤਰ੍ਹਾਂ।
ਪਰ ਅਗਲੇ ਦਿਨ ਰਮਜ਼ਾਨ ਤਬਰਦਾਰ ਕੰਮ ‘ਤੇ ਨਹੀਂ ਆਇਆ। ਇਸ ਲਈ ਨਹੀਂ ਕਿ ਕੰਮ ਮੁਸ਼ਕਿਲ ਸੀ, ਸਗੋਂ ਇਸ ਲਈ ਕਿ ਇਕ ਹੋਰ ਕਾਂਡ ਵਾਪਰ ਗਿਆ ਸੀ। ਮਹਿਜੂਰ ਨਗਰ ਵਿਚ ਅੱਠ ਸਿੱਖਾਂ ਦਾ ਕਤਲ ਕਰ ਦਿੱਤਾ ਗਿਆ, ਜਿਸ ਨਾਲ ਸਿੱਖਾਂ ਵਿਚ ਕਰੋਧ ਦੀ ਇਕ ਲਹਿਰ ਦੌੜ ਗਈ ਸੀ। ਪ੍ਰਤਾਪ ਸਿੰਘ ਅਤੇ ਉਸ ਦਾ ਪਰਿਵਾਰ ਵੀ ਪ੍ਰੇਸ਼ਾਨ ਸੀ। ਸ਼ਾਇਦ ਇਹ ਖ਼ਬਰ ਰਮਜ਼ਾਨ ਤਬਰਦਾਰ ਨੇ ਵੀ ਸੁਣ ਲਈ ਹੋਵੇ, ਜਿਸ ਕਾਰਨ ਉਹ ਕੰਮ ‘ਤੇ ਨਹੀਂ ਆਇਆ।
ਪਰ ਮਾਸਟਰ ਦੀ ਪ੍ਰੇਸ਼ਾਨੀ ਦਾ ਦੂਜਾ ਕਾਰਨ ਵੀ ਸੀ ਅਤੇ ਉਹ ਸੀ ਰੁੱਖ ਦੀ ਕਟਾਈ ਸਬੰਧੀ। ਹੁਣ ਉਸ ਦਾ ਸ਼ੱਕ ਯਕੀਨ ਵਿਚ ਬਦਲ ਗਿਆ ਕਿ ਅਖਰੋਟ ਦਾ ਬੂਟਾ ਜ਼ਰੂਰ ਕੋਈ ਪੁਰਾਣੇ ਜ਼ਮਾਨੇ ਦਾ ਰਿਸ਼ੀ ਹੈ ਜਾਂ ਪੀਰ। ਉਸ ਨੇ ਆਪਣੀ ਹਠਧਰਮੀ ‘ਤੇ ਅਫਸੋਸ ਹੋਣ ਲੱਗਾ ਕਿ ਉਹ ਇਕ ਹਤਿਆਰੇ ਵਾਂਗ ਹੱਥ ਧੋ ਕੇ ਬੂਟੇ ਪਿਛੇ ਪੈ ਗਿਆ ਹੈ।
ਫਿਰ ਇਕ ਦਿਨ ਪਿੰਡ ਦੇ ਲੋਕਾਂ ਨੇ ਵੇਖਿਆ ਕਿ ਪ੍ਰਤਾਪ ਸਿੰਘ ਦੇ ਮਕਾਨ ‘ਤੇ ਤਾਲਾ ਚੜ੍ਹਿਆ ਹੋਇਆ ਸੀ।
ਬਸ ਇਹ ਕਹਾਣੀ ਹੈ ਪ੍ਰਤਾਪ ਸਿੰਘ ਦੀ।
ਪਰ ਕਹਾਣੀ ਇਥੇ ਹੀ ਸਮਾਪਤ ਨਹੀਂ ਹੁੰਦੀ। ਕਹਾਣੀ ਦੇ ਅੱਗੇ ਤੁਰਨ ਦਾ ਕਾਰਨ ਹੈ ਪ੍ਰਤਾਪ ਸਿੰਘ ਦੇ ਊਲ ਜਲੂਲ ਨੂੰ ਲੈ ਕੇ ਉਸ ਦੇ ਪੁੱਤਰਾਂ ਦਾ ਪ੍ਰੇਸ਼ਾਨ ਹੋਣਾ। ਇਕ ਤਾਂ ਅਣ ਦੇਖਿਆ ਭਾਲਿਆ ਪ੍ਰਦੇਸ਼। ਉਪਰੋਂ ਪ੍ਰਦੇਸ਼ ਵਿਚ ਘਰ ਦੇ ਬਜ਼ੁਰਗ ਦਾ ਬਾਉਲਾ ਹੋ ਜਾਣਾ ਚਿੰਤਾਜਨਕ ਸਥਿਤੀ ਹੀ ਤਾਂ ਸੀ। ਇਸ ਤੋਂ ਛੁਟਕਾਰਾ ਪਾਉਣ ਲਈ ਇਕ ਦਿਨ ਪੁੱਤਰਾਂ ਨੇ ਰਲ ਬੈਠ ਕੇ ਵਿਚਾਰ ਕੀਤਾ। ਮਾਸਟਰ ਨੇ ਕਿਹਾ, “ਡਾਕਟਰਾ! ਇਹ ਬੜੀ ਪ੍ਰੇਸ਼ਾਨੀ ਵਾਲੀ ਗੱਲ ਹੈ ਕਿ ਇਸ ਪ੍ਰਦੇਸਾਂ ਵਿਚ ਵੀ ਖੋੜੀ ਦਾ ਬੂਟਾ ਬਾਪੂ ਦਾ ਪਿੱਛਾ ਨਹੀਂ ਛੱਡਦਾ। ਮੈਂ ਪਹਿਲੇ ਵੀ ਆਖਿਆ ਆਸਿਆ ਕਿ ਉਹ ਕੋਈ ਮਾਮੂਲੀ ਬੂਟਾ ਨਹੀਂ, ਸਗੋਂ ਕੋਈ ਪੁਜੇ ਦਾ ਪੀਰ ਹੈ। ਅਸਦੀ ਜਹਾਲਤ ਦਾ ਫਲ ਹੁਣ ਬਾਪੂ ਭੋਗ ਰਿਹਾ। ਦਸ ਹੁਣ ਕੇ ਕਰੀਏ?”
“ਭਾਪਾ! ਹੇਕ ਗੱਲ ਹੋ ਸਕਦੀ ਹੈ।”
“ਕੇ?”
“ਕਿਉਂ ਨਾ ਅਸੀਂ ਬਾਪੂ ਕੋ ਚਰਨੇ ਦਾ ਸੁਮੋ ਬਿਚ ਬਿਠਾ ਕੇ ਗਰਾਂ ਭੇਜ ਦੇਈਏ। ਉਥਾ ਉਹ ਅਪਨਾ ਮਕਾਨ ਦਿਖ ਕੇ ਠੀਕ ਹੋ ਗੈਸੀ।”
“ਮਗਰ ਉਸ ਦੀ ਰੂਹ ਤਾਂ ਖੋੜੀ ਦੇ ਬੂਟੇ ਬਿਚ ਹੈ। ਖੋੜ ਲੋਕਾਂ ਟੁਕ ਖੜੀ ਦੀ ਹੋਸੀ। ਫਿਰ ਖੋੜ ਨਾ ਦਿਖ ਕੇ ਤਾ ਉਹ ਪਾਗਲ ਹੋ ਗੈਸੀ।”
“ਇੰਜ ਨਹੀਂ ਹੁੰਦਾ ਭਾਪਾ। ਤੂੰ ਮਾੜੀ ਜ਼ਿੰਮੇਵਾਰੀ ਤਾਂ ਭੈਜਸ। ਹਾਂ ਚਰਨੇ ਕੋ ਆਖਸਾਂ ਕਿ ਵਾਪਸੀ ਤਾਂ ਨਾਲ ਘਿਨ ਆਵਸ।”
ਪਿੰਡ ਜਾਣ ਦੀ ਗੱਲ ਸੁਣ ਕੇ ਪ੍ਰਤਾਪ ਸਿੰਘ ਬਹੁਤ ਖੁਸ਼ ਸੀ।
ਕੁਝ ਦਿਨਾਂ ਮਗਰੋਂ ਰਤਨ ਸਿੰਘ ਨੇ ਉਸ ਨੂੰ ਗਰਾਂ ਪੁਜਾ ਦਿੱਤਾ। ਰਾਤੀਂ ਉਹ ਲੰਬੜਦਾਰ ਕਰਤਾਰ ਸਿੰਘ ਦੇ ਘਰ ਰਿਹਾ। ਸਵੇਰ ਹੁੰਦਿਆਂ ਹੀ ਉਹ ਚਾਬੀਆਂ ਦਾ ਗੁੱਛਾ ਲੈ ਕੇ ਆਪਣੇ ਘਰ ਵੱਲ ਤੁਰ ਪਿਆ। ਦੂਰੋਂ ਹੀ ਆਪਣਾ ਮਕਾਨ ਦੇਖ ਕੇ ਉਹ ਪ੍ਰਸੰਨ ਹੋ ਗਿਆ ਅਤੇ ਉਸ ਦਾ ਚਿਹਰਾ ਫੁੱਲ ਵਾਂਗ ਖਿੜ ਗਿਆ। ਮਕਾਨ ਆਪਣੀ ਹੀ ਸਹੀ ਹਾਲਤ ਵਿਚ ਖੜ੍ਹਾ ਸੀ। ਮਕਾਨ ਦੀ ਛੱਤ ਉਪਰੋਂ ਅਖਰੋਟ ਦੇ ਬੂਟੇ ਦੀਆਂ ਟਾਹਣੀਆਂ ਨੂੰ ਹਵਾ ਨਾਲ ਝੂਲਦਿਆਂ ਵੇਖ ਕੇ ਉਸ ਦਾ ਦਿਲ ਜ਼ੋਰ ਜ਼ੋਰ ਨਾਲ ਧੜਕਣ ਲੱਗਾ। ਇੰਜ ਲੱਗ ਰਿਹਾ ਸੀ ਜਿਵੇਂ ਕਿਸੇ ਪੀਰ ਨੇ ਆਪਣੇ ਮੁਰੀਦ ਦੇ ਸਿਰ ‘ਤੇ ਮਿਹਰ ਭਰਿਆ ਹੱਥ ਰੱਖਿਆ ਹੋਵੇ ਜਾਂ ਕੋਈ ਰਿਸ਼ੀ ਉਸ ਦੇ ਮਕਾਨ ਦੀ ਰੱਖਿਆ ਕਰ ਰਿਹਾ ਹੋਵੇ। ਅਖਰੋਟ ਦਾ ਬੂਟਾ ਸੱਚ ਮੁੱਚ ਆਪਣੀ ਥਾਂ ‘ਤੇ ਮਹਿਫੂਜ ਖੜ੍ਹਾ ਸੀ? ਉਸ ਨੂੰ ਅਜੇ ਵੀ ਅੱਖੀਂ ਡਿੱਠੇ ਦ੍ਰਿਸ਼ ‘ਤੇ ਵਿਸ਼ਵਾਸ ਨਹੀਂ ਹੋ ਰਿਹਾ ਸੀ। ਹੁਣ ਉਹ ਮਕਾਨ ਵੱਲ ਜਾਣ ਦੀ ਬਜਾਏ ਸਿੱਧਾ ਬਾੜੀ ਵੱਲ ਤੁਰ ਪਿਆ, ਜਿਥੇ ਉਸ ਨੇ ਅਖਰੋਟ ਦੇ ਖੜ੍ਹੇ ਬੂਟੇ ਨੂੰ ਹੱਥ ਲਾ ਕੇ ਵੇਖਿਆ। ਉਹ ਹੈਰਾਨ ਸੀ ਕਿ ਬੂਟਾ ਅਜੇ ਵੀ ਸਾਬਤ ਸਾਲਮ ਖੜ੍ਹਾ ਸੀ ਅਤੇ ਰਮਜ਼ਾਨ ਤਬਰਦਾਰ ਵਲੋਂ ਪੁੱਟਿਆ ਟੋਆ ਵੀ ਭਰ ਗਿਆ ਸੀ। ਖੌਰੇ ਕਿੰਝਾਂ? ਬੂਟਾ ਸੱਚ ਮੁੱਚ ਕਿਸੇ ਪੁੱਜੇ ਹੋਏ ਰਿਸ਼ੀ ਵਾਂਗ ਪਹਿਲਾਂ ਵਰਗੀ ਸ਼ਾਨ ਨਾਲ ਮੁੜ ਹਰਿਆਲੇ ਪੱਤਿਆਂ ਦੀ ਚਾਦਰ ਹੇਠ ਕੱਜਿਆ ਹੋਇਆ ਖੜ੍ਹਾ ਸੀ ਤੇ ਮੁਸਕਰਾ ਰਿਹਾ ਸੀ। ਪ੍ਰਤਾਪ ਸਿੰਘ ਨੇ ਸੁੱਖ ਦਾ ਇਕ ਲੰਮਾ ਸਾਹ ਲਿਆ।
ਜਦ ਚਰਨ ਸਿੰਘ ਕੁਝ ਦਿਨਾਂ ਮਗਰੋਂ ਉਹਨੂੰ ਵਾਪਸ ਜੰਮੂ ਲੈ ਜਾਣ ਲਈ ਆਇਆ ਤਾਂ ਉਹ ਪ੍ਰੇਸ਼ਾਨ ਜਿਹਾ ਹੋ ਗਿਆ ਤੇ ਸਿਰ ਪਕੜ ਕੇ ਕੰਜ ‘ਤੇ ਬੈਠ ਗਿਆ, ਜਿਵੇਂ ਕੁਝ ਸੋਚ ਰਿਹਾ ਹੋਵੇ। ਫਿਰ ਚਰਨ ਸਿੰਘ ਵੱਲ ਵੇਖ ਕੇ ਕਹਿਣ ਲੱਗਾ, “ਸੁਣ ਤਾਂ ਚਰਨਿਆ। ਜੰਮੂ ਗਛ ਕੇ ਮਾੜ੍ਹੇ ਬੱਚਿਆਂ ਕੋ ਆਖੀਂ ਕਿ ਅਜਾਂ ਉਨ੍ਹਾਂ ਲਰ ਦੁਨੀਆਂ ਦਿਖਣੀ ਹੈ। ਸੋ ਸੋਚ ਘਿਨਣ ਕਿ ਇਥਾਂ ਰਹਿਸਨ ਮੁਸ਼ਕਲ ਹੈ। ਕੀਆਂ ਜੇ ਮਾੜੇ ਮੂਲ ਇਸੇ ਧਰਤ ਬਿਚ ਹਨ। ਮੈਂ ਹੁਣ ਇਸ ਬੁੱਢੇ ਬਾਰੇ ਇਥੋਂ ਉਖੜ ਕੇ ਕਿਦੇ ਹੋਰ ਨਹੀਂ ਜਾਣਾ। ਚੰਗਾ ਤੂੰ ਸੁਖਾਂ ਨਾਲ ਗੱਛ।”
ਚਰਨ ਸਿੰਘ ਨੇ ਹੈਰਾਨ ਹੋ ਕੇ ਪ੍ਰਤਾਪ ਸਿੰਘ ਵੱਲ ਵੇਖਿਆ। ਫਿਰ ਉਸ ਦੀ ਨਿਗਾਹ ਮਕਾਨ ਪਿਛੋਂ ਝਾਕ ਰਹੇ ਅਖਰੋਟ ਦੇ ਬੂਟੇ ‘ਤੇ ਪਈ। ਹਵਾ ਸੰਗ ਝੂਲ ਰਹੇ ਉਸ ਦੇ ਟਾਹਣ ਤੇ ਹਰਿਆਲੇ ਪੱਤੇ। ਉਸ ਨੇ ਅਸਚਰਜ ਨਾਲ ਪੁੱਛਿਆ, “ਪ੍ਰਤਾਪਾ ਭਾਈਆ! ਤੂੰ ਕਿਦੇ ਬਾਊਲਾ ਤਾਂ ਨਹੀਂ ਹੋ ਗਏ ਦਾ?”

Be the first to comment

Leave a Reply

Your email address will not be published.