ਸਵਰਨ ਸਿੰਘ ਟਹਿਣਾ
ਫੋਨ: 91-98141-78883
ਉਦੋਂ ਮੈਂ ਸੱਤਵੀਂ ਜਾਂ ਅੱਠਵੀ ‘ਚ ਸਾਂ, ਜਦੋਂ ਅਹਿਸਾਸ ਹੋ ਗਿਆ ਸੀ ਕਿ ਮੇਰੇ ਹਿੱਸੇ ਖੇਡਣਾ-ਕੁੱਦਣਾ ਘੱਟ ਤੇ ਕੰਮ ਕਰਨਾ ਵੱਧ ਆਇਐ। ਬੜਾ ਦਿਲ ਕਰਦਾ ਸੀ ਕਿ ਬਾਕੀ ਨਿਆਣਿਆਂ ਵਾਂਗ ਨਵੀਂਆਂ-ਨਵੀਂਆਂ ਚੀਜ਼ਾਂ ਨਾਲ ਖੇਡਣ, ਮਨ ਪ੍ਰਚਾਉਣ ਤੇ ਨਵੇਂ-ਨਵੇਂ ਕੱਪੜੇ ਪਾਉਣ ਦਾ, ਪਰ ਇਹ ਚੀਜ਼ਾਂ ਦੂਰ ਦੀ ਕੌਡੀ ਸਮਾਨ ਸਨ। ਪਿਤਾ ਜੀ ਲਗਾਤਾਰ ਬਿਮਾਰ ਰਹਿੰਦੇ ਸਨ ਤੇ ਹਾਲਾਤ ਨੇ ਮੈਨੂੰ ਅੰਦਰੋਂ ਪੱਕਾ ਕਰ ਦਿੱਤਾ ਸੀ ਕਿ ਦੀਵਾਲੀ ‘ਤੇ ਕਦੇ ਪਟਾਕੇ ਨਹੀਂ ਮੰਗਣੇ, ਕਦੇ ਖਰਚ ਕਰਾਉਣ ਵਾਲੀ ਗੱਲ ਨਹੀਂ ਕਰਨੀ ਤੇ ਪੜ੍ਹਨ ਦੇ ਨਾਲ-ਨਾਲ ਛੋਟਾ-ਮੋਟਾ ਕੰਮ ਜ਼ਰੂਰ ਕਰਨਾ ਏ।
ਪਰ ਮਾੜੀ ਕਿਸਮਤ, ਬੱਚਾ ਸਮਝ ਕੇ ਕੋਈ ਕੰਮ ਵੀ ਨਹੀਂ ਸੀ ਦਿੰਦਾ। ਆਖਰ ਸੋਚਿਆ ਕਿ ਹੋਰ ਕੁਝ ਨਾ ਸਹੀ, ਘਰ ਬੈਠਿਆਂ ਲਿਫ਼ਾਫ਼ੇ ਬਣਾ ਕੇ ਤਾਂ ਵੇਚ ਹੀ ਸਕਦਾ ਹਾਂ। ਫ਼ਰੀਦਕੋਟ ਲੱਗਦੀਆਂ ਰੇਹੜੀਆਂ ਤੋਂ ਪਤਾ ਕਰ ਆਇਆ ਕਿ ਕਿਹੜੇ ਸਾਈਜ਼ ਦੇ ਲਿਫ਼ਾਫ਼ੇ ਬਣਾਉਣੇ ਨੇ ਤੇ ਕਿੰਨੇ ਲਿਫ਼ਾਫ਼ਿਆਂ ਦਾ ਬੰਡਲ ਬਣਾਉਣੈ। ਗੁਆਂਢੀਆਂ ਦੇ ਘਰੋਂ ਅਖ਼ਬਾਰਾਂ ਦੀ ਰੱਦੀ ਮੰਗ ਲਿਆਂਦੀ ਤੇ ਆਟੇ ਦੀ ਲੇਵੀ ਬਣਾ ਕੇ ਲਿਫ਼ਾਫ਼ੇ ਬਣਾਉਣ ਲੱਗ ਗਿਆ। ਲਿਫ਼ਾਫ਼ੇ ਬਣਾ ਕੇ ਸੁਕਾ ਲਏ ਤੇ ਚਾਲੀ-ਚਾਲੀ ਦੇ ਤਿੰਨ ਬੰਡਲ ਬਣਾ ਲਏ। ਮੰਮੀ ਹੈਰਾਨ ਸੀ ਕਿ ਇਹ ਕਰੀ ਕੀ ਜਾ ਰਿਹੈ। ਸਾਈਕਲ ਚੁੱਕਿਆ ਤੇ ਫਾਟਕਾਂ ਕੋਲ ਲੱਗਦੀਆਂ ਰੇਹੜੀਆਂ ਵਾਲਿਆਂ ਨੂੰ ਜਾ ਦਿਖਾਏ। ਉਨ੍ਹਾਂ ਕਈ ਤਰ੍ਹਾਂ ਦੇ ਨੁਕਸ ਕੱਢੇ ਤੇ ਆਖਿਆ, ‘ਇੱਕ ਰੁਪਏ ਅੱਸੀ ਪੈਸੇ ਦੇ ਸਕਦੇ ਹਾਂ ਇੱਕ ਬੰਡਲ ਦੇ।’ ਮੈਨੂੰ ਇਹ ਸੌਦਾ ਵੀ ਮਾੜਾ ਨਾ ਲੱਗਾ ਕਿਉਂਕਿ ਕੁਝ ਤਾਂ ਘਰ ਆਵੇਗਾ। ਤਿੰਨ ਬੰਡਲਾਂ ਦੇ ਪੰਜ ਰੁਪਏ ਚਾਲੀ ਪੈਸੇ ਮਿਲੇ ਤਾਂ ਮੇਰੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ। ਇਹ ਮੇਰੀ ਪਹਿਲੀ ਕਮਾਈ ਸੀ। ਘਰ ਆ ਕੇ ਦੱਸਿਆ ਤਾਂ ਮਾਂ ਦੇ ਚਿਹਰੇ ਤੋਂ ਕੁਝ ਨਾ ਪੜ੍ਹ ਸਕਿਆ। ਸ਼ਾਇਦ ਉਹ ਸੋਚ ਰਹੀ ਸੀ ਕਿ ਇਹਦੇ ਨਿੱਕੇ-ਨਿੱਕੇ ਹੱਥਾਂ ਨੂੰ ਕਿਹੜੇ-ਕਿਹੜੇ ਕੰਮ ਕਰਨੇ ਪੈ ਰਹੇ ਨੇ।
ਉਸ ਤੋਂ ਬਾਅਦ ਲਗਾਤਾਰ ਲਿਫ਼ਾਫ਼ੇ ਬਣਾਉਣੇ ਤੇ ਵੇਚਣੇ ਪੜ੍ਹਾਈ ਵਾਂਗ ਮੇਰੇ ਲਈ ਜ਼ਰੂਰੀ ਹੋ ਗਏ। ਮੈਂ ਹਰ ਤੀਜੇ ਦਿਨ ਲਿਫ਼ਾਫ਼ੇ ਸ਼ਹਿਰ ਲਿਜਾਂਦਾ ਤੇ ਦਸ ਰੁਪਏ ਦੇ ਵੇਚ ਦਿੰਦਾ। ਏਦਾਂ ਕਰਦਿਆਂ ਇੱਕ ਸੌ ਸੱਠ ਰੁਪਏ ਜਮ੍ਹਾਂ ਹੋ ਗਏ। ਕਿੰਨੇ ਪੈਸੇ ਲੱਗਦੇ ਸਨ ਉਦੋਂ ਇਹ। ਇਨ੍ਹਾਂ ਦੀ ਕਿਹੜੀ ਚੀਜ਼ ਲਵਾਂ, ਕਈ ਦਿਨ ਇਹੀ ਵਿਉਂਤਾਂ ਬਣਾਉਂਦਾ ਰਿਹਾ।
ਮਾਂ ਨੂੰ ਮੈਂ ਅਕਸਰ ਫੱਟੀ ‘ਤੇ ਬੈਠ ਕੇ ਚੁੱਲ੍ਹੇ-ਚੌਂਕੇ ਦਾ ਕੰਮ ਕਰਦਿਆਂ ਦੇਖਦਾ ਸਾਂ, ਸੋ ਸ਼ਹਿਰ ਜਾ ਕੇ ਇੱਕ ਦਿਨ ਪੀੜ੍ਹੀ ਖਰੀਦ ਲਿਆਇਆ। ਮਾਂ ਦੀ ਖੁਸ਼ੀ ਦਾ ਟਿਕਾਣਾ ਨਾ ਰਿਹਾ ਕਿ ਮੇਰਾ ਪੁੱਤ ਹੁਣੇ ਤੋਂ ਘਰ ਦੀਆਂ ਜ਼ਿੰਮੇਵਾਰੀਆਂ ਦਾ ਖਿਆਲ ਰੱਖਣ ਲੱਗ ਗਿਐ। ਮਾਂ ਹਾਲੇ ਤੱਕ ਓਸ ਪੀੜ੍ਹੀ ਨੂੰ ਸੰਭਾਲ ਕੇ ਰੱਖਦੀ ਏ ਕਿ ਇਹ ਮੇਰੇ ਪੁੱਤ ਦੀ ਘਰ ਲਿਆਂਦੀ ਪਹਿਲੀ ਚੀਜ਼ ਹੈ। ਬਾਕੀ ਬਚੇ ਪੈਸਿਆਂ ਦਾ ਇੱਕ ਅਟੈਚੀ ਲਿਆ, ਜਿਸ ਵਿਚ ਥਾਂ-ਥਾਂ ਰੁਲਦੇ ਮੇਰੇ ਤੇ ਭੈਣ ਦੇ ਸਰਟੀਫ਼ਿਕੇਟ ਸੰਭਾਲ ਦਿੱਤੇ। ਉਸ ਅਟੈਚੀ ਨੂੰ ਦੇਖ ਮੈਂ ਅੱਜ ਵੀ ਭਾਵੁਕ ਹੋ ਜਾਂਦਾ ਹਾਂ ਕਿ ਕੇਹਾ ਜਜ਼ਬਾ ਉਠਿਆ ਸੀ ਬਾਲ ਉਮਰੇ, ਜ਼ਿੰਦਗੀ ਦੀਆਂ ਮਜਬੂਰੀਆਂ ਨੂੰ ਕਿੰਨੀ ਛੇਤੀ ਸਮਝਣਾ ਪੈ ਗਿਆ ਸੀ ਮੈਨੂੰ।
ਹੌਲੀ-ਹੌਲੀ ਮੇਰੀ ਰੁਚੀ ਹਾਣੀਆਂ ਨਾਲੋਂ ਘਟਦੀ ਗਈ। ਸਕੂਲੋਂ ਘਰ ਆ ਕੇ ਸਿੱਧਾ ਆਪਣੇ ਕੰਮ ਲੱਗ ਜਾਂਦਾ। ਤਿੰਨ ਵਜੇ ਸਕੂਲੋਂ ਆ ਕੇ ਅਸੀਂ ਦੋਹਾਂ ਭੈਣ-ਭਰਾਵਾਂ ਨੇ ਲੋਕਾਂ ਦੇ ਖੇਤਾਂ ‘ਚੋਂ ਘਾਹ ਖੋਤਣ ਚਲੇ ਜਾਣਾ ਤੇ ਪੰਜ-ਛੇ ਵਜੇ ਤੱਕ ਪਸ਼ੂਆਂ ਲਈ ਘਾਹ ਦੀ ਪੰਡ ਲੈ ਆਉਣੀ। ਇੰਜ ਹੌਲੀ-ਹੌਲੀ ਕੰਮਾਂ ਦੀ ਜ਼ਿੰਮੇਵਾਰੀ ਵਧਦੀ ਗਈ ਤੇ ਬਚਪਨ ਦੇ ਚਾਅ ਛੁੱਟਦੇ ਗਏ।
ਉਦੋਂ ਮੈਂ ਦਸਵੀਂ ਕਲਾਸ ‘ਚ ਸਾਂ, ਜਦੋਂ ਤੰਗੀ ਕਾਰਨ ਮੇਰੀ ਪੜ੍ਹਾਈ ਵਿਚਾਲੇ ਛੁਡਾਉਣ ਦੀਆਂ ਗੱਲਾਂ ਹੋਣ ਲੱਗੀਆਂ। ਭਾਵੇਂ ਮੇਰੀ ਪੜ੍ਹਾਈ ਛੁਡਾਉਣ ਦੇ ਹੱਕ ‘ਚ ਕੋਈ ਨਹੀਂ ਸੀ, ਪਰ ਕਾਰਨ ਤਾਂ ਕਾਰਨ ਹੀ ਸਨ, ਜਿਨ੍ਹਾਂ ਨੂੰ ਬਦਲਣਾ ਔਖਾ ਸੀ। ਇੱਕ ਸੋਚ ਇਹ ਵੀ ਸੀ ਕਿ ਜੇ ਇਹ ਕਲਾਸ ਕਰ ਜਾਵਾਂ ਤਾਂ ਦਸਵੀਂ ਪਾਸ ਕਹਿਣ ਜੋਗਾ ਹੋ ਜਾਵਾਂਗਾ। ਪਰ ਕਿਤਾਬਾਂ ਤੇ ਗਾਈਡਾਂ ਦਾ ਖਰਚਾ ਕੌਣ ਕਰੇਗਾ? ਇਹ ਸਵਾਲ ਮੂੰਹ ਅੱਡੀ ਖੜ੍ਹਾ ਸੀ।
ਸਾਡੇ ਪਿੰਡ ਉਨ੍ਹੀਂ ਦਿਨੀਂ ਗਲੀਆਂ-ਨਾਲੀਆਂ ਪੱਕੀਆਂ ਕਰਨ ਲਈ ਸਰਕਾਰੀ ਗਰਾਂਟ ਆਈ ਸੀ। ਪੂਰਾ ਪਿੰਡ ਖੁਸ਼ ਸੀ ਕਿ ਸਰਕਾਰ ਪਿੰਡ ਬਾਰੇ ਸੋਚਣ ਲੱਗੀ ਹੈ। ਮਿਲਖਾ ਸਿੰਘ ਨਾਂ ਦਾ ਪਿੰਡ ਦਾ ਹੀ ਇੱਕ ਬੰਦਾ ਗਲੀਆਂ-ਨਾਲੀਆਂ ਦਾ ਠੇਕੇਦਾਰ ਸੀ, ਜੀਹਨੇ ਨਾਲ ਦੇ ਪਿੰਡਾਂ ਦੇ ਵੀ ਕਈ ਬੰਦੇ ਮਜਦੂਰੀ ‘ਤੇ ਲਾਏ ਹੋਏ ਸਨ। ਉਨ੍ਹੀਂ ਦਿਨੀਂ ਮਜਦੂਰ ਦੀ ਦਿਹਾੜੀ ਚਾਲੀ ਰੁਪਏ ਪ੍ਰਤੀ ਦਿਨ ਸੀ। ਇੱਕ ਦਿਨ ਮੈਂ ਸਵੇਰੇ-ਸਵੇਰੇ ਠੇਕੇਦਾਰ ਦੇ ਘਰ ਪਹੁੰਚ ਗਿਆ ਤੇ ਹੱਥ ਜੋੜ ਬੇਨਤੀ ਕੀਤੀ ਕਿ ਉਹ ਮੈਨੂੰ ਕੰਮ ‘ਤੇ ਰੱਖ ਲਵੇ। ਉਹਨੂੰ ਮੇਰੇ ਵੱਲ ਦੇਖ ਵੱਟ ਚੜ੍ਹ ਗਿਆ, ‘ਜਾਹ-ਜਾਹ ਸਾਲਾ ਦਿਹਾੜੀ ਦਾ, ਇੱਕ ਇੱਟ ਨਹੀਂ ਚੁੱਕੀ ਜਾਣੀ ਤੈਥੋਂæææਸਾਰਾ ਦਿਨ ਪਸ਼ੂਆਂ ਵਾਂਗ ਕੰਮ ਕਰਨਾ ਪੈਂਦੈ, ਚੰਗੇ ਭਲੇ ਬੰਦਿਆਂ ਦਾ ਆਥਣ ਤੱਕ ਦੀਵਾਲਾ ਨਿਕਲ ਜਾਂਦੈ, ਤੂੰ ਕਿਵੇਂ ਕਰ ਲਏਂਗਾ ਇਹ ਕੰਮæææਭੱਜ ਜਾਹ।’
ਉਹਦੇ ਏਨਾ ਕਹਿਣ ਨਾਲ ਪੜ੍ਹਨ ਦੀ ਮੇਰੀ ਆਖਰੀ ਉਮੀਦ ਵੀ ਜਾਂਦੀ ਲੱਗੀ। ਅਗਲੇ ਦਿਨ ਮੈਂ ਫਿਰ ਉਹਦੇ ਘਰ ਚਲਾ ਗਿਆ। ਏਸ ਵਾਰ ਉਹਨੇ ਮੇਰੀ ਮਜਬੂਰੀ ਸਮਝ ਲਈ, ਪਰ ਨਾਲ ਹੀ ਕਹਿ ਦਿੱਤਾ, ‘ਅੱਧੀ ਦਿਹਾੜੀ ਮਿਲੂ, ਤੂੰ ਹੈਗਾ ਵੀ ਤਾਂ ਬੱਚਾ ਜਿਆ ਈ ਏਂ।’ ਅੱਧੀ ਦਿਹਾੜੀ ਮਤਲਬ ਵੀਹ ਰੁਪਏ, ਮੇਰੇ ਲਈ ਬਹੁਤ ਸਨ।
ਅਗਲੇ ਦਿਨ ਤੋਂ ਦਿਹਾੜੀ ‘ਤੇ ਜਾਣਾ ਸ਼ੁਰੂ ਕਰ ਦਿੱਤਾ। ਮਜਦੂਰਾਂ ‘ਚੋਂ ਸਭ ਨਾਲੋਂ ਛੋਟਾ ਮੈਂ ਹੀ ਸਾਂ। ਜਦੋਂ ਮੈਂ ਦੋ-ਤਿੰਨ ਇੱਟਾਂ ਇਕੱਠੀਆਂ ਚੁੱਕਣੀਆਂ ਤਾਂ ਬੁਰਾ ਹਾਲ ਹੋ ਜਾਣਾ। ਨਿੱਕੇ-ਨਿੱਕੇ ਹੱਥ ਪਹਿਲੇ ਦਿਨ ਹੀ ਛਿੱਲੇ ਗਏ। ਉਂਗਲਾਂ ਦੇ ਪੋਟਿਆਂ ‘ਤੇ ਛਾਲੇ ਬਣ ਗਏ ਸਨ, ਜਿਨ੍ਹਾਂ ‘ਚੋਂ ਪਾਣੀ ਜਿਹਾ ਰਿਸਣ ਲੱਗ ਗਿਆ। ਪਰ ਛਾਲਿਆਂ ਦੀ ਪੀੜ ਬਾਬਤ ਠੇਕੇਦਾਰ ਨੂੰ ਪਤਾ ਨਾ ਲੱਗ ਜਾਵੇ, ਮੇਰੀ ਕੋਸ਼ਿਸ਼ ਇਹੀ ਸੀ, ਨਹੀਂ ਤਾਂ ਉਹਨੇ ਅਗਲੇ ਦਿਨ ਮੈਨੂੰ ਕੰਮ ‘ਤੇ ਨਾ ਆਉਣ ਲਈ ਆਖ ਦੇਣਾ ਸੀ। ਪਿੰਡ ਦੀ ਸੱਥ ‘ਚ ਬੈਠੇ ਲੋਕ ਮੈਨੂੰ ਟਿੱਚਰਾਂ ਕਰਦੇ ਕਿ ਫ਼ਲਾਣਿਆਂ ਦੇ ਮੁੰਡੇ ਨੇ ਆਹ ਕੀ ਕੰਮ ਫੜ ਲਿਆ। ਮੈਂ ਪਰਦੇ ਜਹੇ ਨਾਲ ਰੋ ਲੈਂਦਾ।
ਨਾਲ ਦੇ ਪਿੰਡਾਂ ਵਾਲੇ ਮਜਦੂਰ ਮੇਰੇ ਨਾਲ ਹਮਦਰਦੀ ਰੱਖਦੇ ਸਨ ਕਿ ਨਿਆਣਾ ਹੈ, ਇਹਤੋਂ ਕੰਮ ਤਾਂ ਬਹੁਤਾ ਨਹੀਂ ਹੁੰਦਾ, ਇਹਨੂੰ ਹੌਸਲਾ ਦੇਈ ਰੱਖਣਾ ਏ। ਉਹ ਚੁਟਕਲੇ ਸੁਣਾ ਕੇ ਮੇਰਾ ਜੀਅ ਲਾਈ ਰੱਖਦੇ ਤੇ ਮੈਂ ਡਿੱਗਦਾ-ਢਹਿੰਦਾ ਕੰਮ ‘ਤੇ ਲੱਗਾ ਰਹਿੰਦਾ।
ਠੇਕੇਦਾਰ ਥੋੜ੍ਹਾ ਕੱਬਾ ਸੀ, ਉਹ ਸਾਰੇ ਮਜਦੂਰਾਂ ਨੂੰ ਖੂਬ ਗਾਲ੍ਹਾਂ ਕੱਢਦਾ। ‘ਸਾਲੇ ਆਥਣੇ ਛੇ ਵਜਦੇ ਨੂੰ ਪੈਸੇ ਮੰਗਣ ਲੱਗ ਜਾਣਗੇ, ਹੁਣ ਇਨ੍ਹਾਂ ਤੋਂ ਕੰਮ ਨਹੀਂ ਹੁੰਦਾ।’ ਇੱਕ ਦਿਨ ਉਹਨੇ ਮੈਨੂੰ ਵੀ ਬਹੁਤ ਗਾਲ੍ਹਾਂ ਕੱਢੀਆਂ। ਕਾਰਨ ਸੀ ਕਿ ਇੱਟ ਮੇਰੇ ਹੱਥੋਂ ਛੁੱਟ ਪੈਰ ‘ਤੇ ਡਿੱਗ ਪਈ ਸੀ। ਠੇਕੇਦਾਰ ਨੂੰ ਮੇਰੇ ਪੈਰ ਨਾਲੋਂ ਵੱਧ ਫ਼ਿਕਰ ਇੱਟ ਦਾ ਸੀ। ਮੈਂ ਰੋਂਦਾ ਰਿਹਾ ਤੇ ਜਦੋਂ ਪੀੜ ਥੋੜ੍ਹੀ ਘਟ ਗਈ ਤਾਂ ਰੇਤੇ ‘ਚ ਸੀਮੈਂਟ ਰਲਾਉਣ ਲੱਗ ਗਿਆ।
ਚਾਰ ਦਿਨ ਲਗਾਤਾਰ ਮਜਦੂਰੀ ਕਰਦਾ ਰਿਹਾ ਤਾਂ ਘਰਦਿਆਂ ਮੈਨੂੰ ਪੜ੍ਹਨ ਲਈ ਕਹਿ ਕੇ ਕੰਮ ਤੋਂ ਹਟਾ ਲਿਆ। ਕੁੱਲ ਅੱਸੀ ਰੁਪਏ ਮਜਦੂਰੀ ਬਣੀ ਸੀ ਮੇਰੀ, ਪਰ ਠੇਕੇਦਾਰ ਜਾਣਦਾ ਸੀ ਕਿ ਇਹ ਨਿਆਣਾ ਏ, ਮੈਥੋਂ ਕਿਹੜਾ ਮੰਗ ਸਕਦੈ। ਉਹਨੇ ਸੱਠ ਹੀ ਦਿੱਤੇ, ਕਹਿੰਦਾ ਤੈਥੋਂ ਕੰਮ ਸਹੀ ਨਹੀਂ ਹੋਇਆ, ਵੀਹ ਨਹੀਂ ਮਿਲਣੇ।
ਮੇਰੇ ਬਹੁਤਾ ਕਹਿਣ ‘ਤੇ ਉਹਨੇ ਅਗਲੇ ਹਫ਼ਤੇ ਵੀਹ ਰੁਪਏ ਦੇਣ ਦੀ ਗੱਲ ਕਹਿ ਛੱਡੀ। ਫੇਰ ਉਹਦਾ ਅਗਲਾ ਹਫ਼ਤਾ ਕਦੇ ਨਾ ਆਇਆ। ਜਿੰਨੀ ਵਾਰ ਮੰਗੇ, ਉਹ ਟਾਲਦਾ ਰਿਹਾ ਤੇ ਅਖੀਰ ਮੈਂ ਸਮਝ ਗਿਆ ਕਿ ਜਦੋਂ ਇਹਦਾ ਮਨ ਹੀ ਦੇਣ ਦਾ ਨਹੀਂ ਤਾਂ ਲੈ ਕਿਵੇਂ ਸਕਦਾ ਹਾਂ।
ਸੱਠਾਂ ਰੁਪਿਆਂ ਨਾਲ ਅੱਧੀਆਂ ਕੁ ਕਿਤਾਬਾਂ ਤੇ ਗਾਈਡਾਂ ਆ ਗਈਆਂ ਤੇ ਬਾਕੀ ਦੀਆਂ ਕਿਤਾਬਾਂ ਸਾਨੂੰ ਪੜ੍ਹਾਉਣ ਵਾਲੀਆਂ ਮਾਸਟਰਨੀਆਂ ਨੇ ਦੇ ਦਿੱਤੀਆਂ। ਮੇਰੀ ਫ਼ੀਸ ਵੀ ਤਾਂ ਉਹੀ ਭਰਦੀਆਂ ਸਨ ਤੇ ਕੋਟੀ-ਸਵੈਟਰ ਵੀ ਉਹੀ ਲੈ ਦਿੰਦੀਆਂ। ਮੈਂ ਦਸਵੀਂ ਕਰ ਲਈ।
ਅਗਲੀ ਪੜ੍ਹਾਈ ਵੀ ਜਾਰੀ ਰੱਖੀ, ਪਰ ਪੜ੍ਹਨ ਦੇ ਨਾਲ-ਨਾਲ ਕੰਮ ਦਾ ਸਾਥ ਹੋਰ ਗੂੜ੍ਹਾ ਹੁੰਦਾ ਗਿਆ। ਗਿਆਰਵੀਂ ਤੋਂ ਪੱਤਰਕਾਰੀ ਨਾਲ ਜੁੜ ਗਿਆ। ਫ਼ਰੀਦਕੋਟ ਤੋਂ ਉਨ੍ਹੀਂ ਦਿਨੀਂ ਹਫ਼ਤਾਵਰੀ ਅਖ਼ਬਾਰ ‘ਪਾਰਦਰਸ਼ੀ’ ਪ੍ਰਕਾਸ਼ਤ ਹੁੰਦਾ ਸੀ, ਉਨ੍ਹਾਂ ਮੈਨੂੰ ਅੱਧੇ ਦਿਨ ਦੇ ਕੰਮ ‘ਤੇ ਰੱਖ ਲਿਆ। ਸਕੂਲੋਂ ਮੈਂ ਸਿੱਧਾ ਅਖ਼ਬਾਰ ਦੇ ਦਫ਼ਤਰ ਪਹੁੰਚ ਜਾਂਦਾ ਤੇ ਉਥੋਂ ਉਹ ਮੈਨੂੰ ਜਿੱਥੇ ਚਾਹੁੰਦੇ, ਉਹ ਲੈ ਜਾਂਦੇ। ਅਸੀਂ ਪਿੰਡਾਂ ‘ਚੋਂ ਇਸ਼ਤਿਹਾਰ ਮੰਗਣ ਜਾਂਦੇ, ਲਿਖਾਰੀਆਂ ਤੋਂ ਲੇਖ ਲਿਖਵਾਉਂਦੇ, ਅਖ਼ਬਾਰ ਛਪਵਾਉਂਦੇ ਤੇ ਘਰੋ-ਘਰੀ ਜਾ ਕੇ ਵੰਡਦੇ।
ਜਿਵੇਂ-ਜਿਵੇਂ ਕਲਾਸਾਂ ਅੱਗੇ ਵਧਦੀਆਂ ਗਈਆਂ, ਤਿਵੇਂ-ਤਿਵੇਂ ਲਿਖਣ ਦੀ ਮੱਸ ਵਧਦੀ ਗਈ ਤੇ ‘ਪਾਰਦਰਸ਼ੀ’ ਤੋਂ ਹੁੰਦਾ-ਹੁੰਦਾ ‘ਝਰੋਖਾ’ ਤੇ ਫੇਰ ਹਫ਼ਤਾਵਰੀ ‘ਸੁਜਾਤਾ’ ਨਾਲ ਜੁੜ ਗਿਆ, ਜਿੱਥੇ ਮੈਂ ਓਨਾ ਚਿਰ ਕੰਮ ਕੀਤਾ, ਜਿੰਨਾ ਚਿਰ ਫ਼ਰੀਦਕੋਟ ਛੱਡ ਜਲੰਧਰ ਨਾ ਆ ਗਿਆ।
ਅੱਜ ਉਨ੍ਹਾਂ ਦਿਨਾਂ ਨੂੰ ਚੇਤੇ ਕਰਦਿਆਂ ਕਦੇ-ਕਦੇ ਮੈਨੂੰ ਅਧੂਰਾ ਛੁੱਟਿਆ ਬਚਪਨ ਯਾਦ ਆਉਣ ਲੱਗਦੈ ਤੇ ਕਦੇ ਪੜ੍ਹਾਈ ਵੱਲੋਂ ਵੰਡੇ ਗਏ ਧਿਆਨ ਦਾ। ਕਿਸੇ ਨੂੰ ਭਾਵੇਂ ਆਪਣਾ ਇਹੋ ਜਿਹਾ ਬਚਪਨ ਦੱਸਣ ਤੋਂ ਸ਼ਰਮ ਮਹਿਸੂਸ ਹੁੰਦੀ ਹੋਵੇ, ਪਰ ਮੈਨੂੰ ਅੱਜ ਖੁਸ਼ੀ ਹੁੰਦੀ ਹੈ ਕਿ ਕੰਮ ਕਰਨ ਦੀ ਆਦਤ ਮੈਨੂੰ ਉਸ ਉਮਰੇ ਪੈ ਗਈ, ਜਦੋਂ ਨਿਆਣਿਆਂ ਨੂੰ ਸਿਰਫ਼ ਖਿਡੌਣਿਆਂ ਦਾ ਫ਼ਿਕਰ ਹੁੰਦੈ। ਪਰ ਨਾਲ ਹੀ ਇਹ ਵੀ ਮਹਿਸੂਸ ਕਰਦਾ ਹਾਂ ਕਿ ਪੜ੍ਹਾਈ ਦੀ ਉਮਰੇ ਬੱਚੇ ਨੂੰ ਕੰਮ ਨਾਲ ਬਹੁਤਾ ਨਹੀਂ ਜੁੜਨ ਦੇਣਾ ਚਾਹੀਦਾ, ਖਾਸ ਕਰਕੇ ਦੁਕਾਨਾਂ ਜਾਂ ਹੋਰ ਥਾਈਂ, ਜਿਥੋਂ ਚਾਰ ਛਿੱਲੜ ਆਉਣੇ ਹੋਣ। ਕਿਉਂਕਿ ਜੀਹਦੇ ਕੋਲ ਵੀ ਕੰਮ ਕਰੀਦਾ, ਉਸ ਦਾ ਤੁਹਾਡੇ ਪੜ੍ਹਨ-ਲਿਖਣ ਜਾਂ ਹੋਰ ਮਜਬੂਰੀਆਂ ਨਾਲ ਕੋਈ ਸਬੰਧ ਨਹੀਂ ਹੁੰਦਾ।
ਅੱਜ ਇਹ ਵੀ ਸੋਚਦਾ ਹਾਂ ਕਿ ਗ਼ਰੀਬੀ ਸਭ ਤੋਂ ਵੱਡਾ ਸਰਾਪ ਹੈ ਤੇ ਕਰੋੜਾਂ ਮਾਪੇ ਅਜਿਹੇ ਹੋਣਗੇ, ਜਿਹੜੇ ਆਪਣੇ ਬੱਚਿਆਂ ਨੂੰ ਪੜ੍ਹਾ-ਲਿਖਾ ਕੇ ਬਹੁਤ ਅੱਗੇ ਲਿਜਾਣਾ ਚਾਹੁੰਦੇ ਨੇ, ਪਰ ਸੀਮਤ ਸਾਧਨ ਉਨ੍ਹਾਂ ਦੀ ਪੇਸ਼ ਨਹੀਂ ਜਾਣ ਦਿੰਦੇ। ਬਚਪਨ ਦੇ ਠੇਡਿਆਂ ਦੇ ਬਾਵਜੂਦ ਮੈਨੂੰ ਉਹ ਰੇਹੜੀਆਂ ਵਾਲੇ ਅੱਜ ਵੀ ਆਪਣੇ ਲੱਗਦੇ ਨੇ, ਜਿਨ੍ਹਾਂ ਕਦੇ ਮੇਰੇ ਲਿਫ਼ਾਫ਼ੇ ਖਰੀਦੇ ਸਨ। ਉਹ ਮੁਲਖ ਸਿਓਂ ਵੀ ਰਹਿ-ਰਹਿ ਕੇ ਯਾਦ ਆਉਂਦੈ, ਜਿਸ ਨੇ ਮੈਨੂੰ ਪਹਿਲਾ ਰੁਜ਼ਗਾਰ ਦਿੱਤਾ। ‘ਚੰਗੇ-ਮੰਦੇ ਦਿਨ ਹਰੇਕ ‘ਤੇ ਆਉਂਦੇ ਨੇ, ਇਨ੍ਹਾਂ ਤੋਂ ਘਬਰਾ ਕੇ ਕਦੇ ਡੋਲਣਾ ਨਹੀਂ ਚਾਹੀਦਾ’, ਕਦੇ ਇਹ ਗੱਲਾਂ ਸਿਆਣੇ ਮੈਨੂੰ ਸਮਝਾਉਂਦੇ ਸਨ ਤੇ ਅੱਜ ਜਦੋਂ ਇਨ੍ਹਾਂ ਗੱਲਾਂ ਦੀ ਅਹਿਮੀਅਤ ਦਾ ਪਤਾ ਲੱਗ ਚੁੱਕੈ ਤਾਂ ਮੈਂ ਆਪਣੇ ਦੋਸਤਾਂ-ਮਿੱਤਰਾਂ ਨੂੰ ਅਕਸਰ ਸਮਝਾਉਂਦਾ ਰਹਿੰਦਾ ਹਾਂ।
Leave a Reply