ਇੰਗਲੈਂਡ ਦੇ ਖੁਫੀਆ ਅਫਸਰਾਂ ਨੇ ਕੀਤਾ ਸੀ ਦਰਬਾਰ ਸਾਹਿਬ ਦਾ ਦੌਰਾ

ਅੰਮ੍ਰਿਤਸਰ: ਸਾਕਾ ਨੀਲਾ ਤਾਰਾ ਬਾਰੇ ਸਾਬਕਾ ਪ੍ਰਧਾਨ ਮੰਤਰੀ ਮਾਰਗੇਟ ਥੈਚਰ ਦੀ ਭੂਮਿਕਾ ਬਾਰੇ ਬਰਤਾਨੀਆਂ ਦੇ ਪ੍ਰਧਾਨ ਮੰਤਰੀ ਡੇਵਿਡ ਕੈਮਰੂਨ ਵੱਲੋਂ ਤੁਰੰਤ ਜਾਂਚ ਦੇਣ ਦੇ ਹੁਕਮ ਨਾਲ ਤਕਰੀਬਨ 30 ਸਾਲ ਪਹਿਲਾਂ ਵਾਪਰਿਆ ਇਹ ਕਾਂਡ ਮੁੜ ਸੁਰਖੀਆਂ ਵਿਚ ਆ ਗਿਆ ਹੈ। ਉਂਝ ਡੇਵਿਡ ਕੈਮਰੌਨ ਨੇ ਕਿਹਾ ਹੈ ਕਿ 1984 ਵਿਚ ਅਪਰੇਸ਼ਨ ਬਲਿਊ ਸਟਾਰ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਉਪਰ ਹਮਲੇ ਵਿਚ ਬਰਤਾਨਵੀ ਵਿਸ਼ੇਸ਼ ਹਵਾਈ ਫੌਜ ਦੀ ਭੂਮਿਕਾ ਦਾ ਕੋਈ ਸਬੂਤ ਨਹੀਂ ਮਿਲਿਆ।
ਦਲ ਖਾਲਸਾ ਨੇ ਮਹੱਤਵਪੂਰਨ ਖੁਲਾਸਾ ਕਰਦਿਆਂ ਦੱਸਿਆ ਕਿ ਭਾਰਤ ਦੀ ਖੁਫੀਆ ਏਜੰਸੀ ਦੇ ਸਾਬਕਾ ਅਫਸਰ ਬੀ ਰਮਨ ਨੇ ਆਪਣੀ ਕਿਤਾਬ ਵਿਚ ਲਿਖਿਆ ਹੈ ਕਿ ਬ੍ਰਿਟਿਸ਼ ਸਕਿਉਰਿਟੀ ਸਰਵਿਸ ਦੇ ਉੱਚ ਅਧਿਕਾਰੀ ਇੰਦਰਾ ਗਾਂਧੀ ਨੂੰ ਸਾਕਾ ਨੀਲਾ ਤਾਰਾ ਬਾਰੇ ਸੁਝਾਅ ਦੇਣ ਤੋਂ ਪਹਿਲਾਂ ਦਰਬਾਰ ਸਾਹਿਬ ਆਏ ਸਨ। ਸ੍ਰੀ ਰਮਨ ਜੋ 1984 ਵਿਚ ਹੋਏ ਸਾਕਾ ਨੀਲਾ ਤਾਰਾ ਸਮੇਂ ਸਿੱਖ ਵੱਖਵਾਦੀ ਬੈਂਚ ਦੇ ਮੁਖੀ ਸਨ, ਨੇ ਆਪਣੀ ਕਿਤਾਬ ‘ਦੀ ਕਾਉਬੋਇਜ਼ ਆਫ ਰਾਅ’ ਦੇ ਚੈਪਟਰ ‘ਦੀ ਖਾਲਿਸਤਾਨੀ ਟੈਰਰਇਜ਼ਮ’ ਵਿਚ ਸਪਸ਼ਟ ਲਿਖਿਆ ਹੈ ਕਿ ਇੰਦਰਾ ਗਾਂਧੀ ਦੇ ਮੁੱਖ ਸਲਾਹਕਾਰ ਆਰæਐਨæ ਕਾਉ ਦੇ ਕਹਿਣ ‘ਤੇ ਬ੍ਰਿਟਿਸ਼ ਸਕਿਉਰਿਟੀ ਸਰਵਿਸ ਦੇ ਦੋ ਉੱਚ ਅਧਿਕਾਰੀ ਹਾਲਾਤ ਦਾ ਨਿਰੀਖਣ ਕਰਨ ਲਈ ਸ਼ਰਧਾਲੂਆਂ ਦੇ ਭੇਸ ਵਿਚ ਸ੍ਰੀ ਦਰਬਾਰ ਸਾਹਿਬ ਗਏ ਤੇ ਉਨ੍ਹਾਂ ਇੰਦਰਾ ਗਾਂਧੀ ਨੂੰ ਆਪਣੀ ਰਾਏ ਸੌਂਪੀ। ਭਾਈ ਕੰਵਰਪਾਲ ਸਿੰਘ ਨੇ ਦੱਸਿਆ ਕਿ ਕਿਤਾਬ ਵਿਚ ਜੋ ਲਿਖਿਆ ਹੈ, ਉਸ ਦੀ ਪੁਸ਼ਟੀ ਇੰਗਲੈਂਡ ਵਿਚ ਉਥੋਂ ਦੇ ਮੈਂਬਰ ਪਾਰਲੀਮੈਂਟ ਵੱਲੋਂ ਸਾਹਮਣੇ ਲਿਆਂਦੇ ਦਸਤਾਵੇਜ਼ ਰਾਹੀ ਹੋ ਗਈ ਹੈ। ਉਧਰ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬਰਤਾਨੀਆ ਤੇ ਰੂਸ ਵੱਲੋਂ ਦਰਬਾਰ ਸਾਹਿਬ ‘ਤੇ ਹਮਲੇ ਲਈ ਭਾਰਤ ਸਰਕਾਰ ਦੀ ਮਦਦ ਕਰਨ ਦੀ ਨਿਖੇਧੀ ਕਰਦਿਆਂ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਵਿਚ ਕੇਸ ਚਲਾਉਣ ਦੀ ਮੰਗ ਕੀਤੀ ਹੈ।
ਦਲ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਦੋਹਾਂ ਦੇਸ਼ਾਂ ਦੀਆ ਸਰਕਾਰਾਂ ਵਿਰੁੱਧ ਵੀ ਕੌਮਾਂਤਰੀ ਅਦਾਲਤ ਵਿਚ ਜਾਣ ਦੀ ਧਮਕੀ ਦਿੱਤੀ ਹੈ।
ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ਼ ਮਾਨ ਨੇ ਦੋਸ਼ ਲਾਇਆ ਕਿ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਸਮੇਤ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਮਰਹੂਮ ਸੰਤ ਹਰਚੰਦ ਸਿੰਘ ਲੌਂਗੋਵਾਲ, ਸੁਰਜੀਤ ਸਿੰਘ ਬਰਨਾਲਾ ਤੇ ਜਥੇਦਾਰ ਜਗਦੇਵ ਸਿੰਘ ਤਲਵੰਡੀ ਨੇ ਵੀ ਉਸ ਵੇਲੇ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨਾਲ ਹਮਲੇ ਤੋਂ ਪਹਿਲਾਂ ਮੁਲਾਕਾਤਾਂ ਕੀਤੀਆਂ ਸਨ। ਉਨ੍ਹਾਂ ਦੋਸ਼ ਲਾਇਆ ਕਿ ਹਮਲੇ ਵੇਲੇ ਬਰਤਾਨੀਆ, ਰੂਸ ਤੇ ਵੀਅਤਨਾਮ ਦੀਆਂ ਸੂਹੀਆ ਏਜੰਸੀਆਂ ਦੇ ਪ੍ਰਤੀਨਿਧ ਵੀ ਦਿੱਲੀ ਵਿਚ ਬੈਠੇ ਸਨ।
ਉਨ੍ਹਾਂ ਕਿਹਾ ਕਿ ਮਰਹੂਮ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਖੱਬੇ-ਸੱਜੇ ਰਹਿਣ ਵਾਲੇ ਵਿਰਸਾ ਸਿੰਘ ਵਲਟੋਹਾ, ਮਨਜੀਤ ਸਿੰਘ ਭੂਰੇ ਕੋਨਾ, ਰਾਜਿੰਦਰ ਸਿੰਘ ਮਹਿਤਾ, ਅਮਰਜੀਤ ਸਿੰਘ ਚਾਵਲਾ, ਗੁਰਚਰਨ ਸਿੰਘ ਗਰੇਵਾਲ ਤੇ ਰਾਮ ਸਿੰਘ ਰਾਗੀ ਦੀ ਵੀ ਡੂੰਘੀ ਸਾਜ਼ਿਸ਼ ਸੀ। ਸ਼ ਮਾਨ ਨੇ ਇਕ ਸੁਆਲ ਦੇ ਜਵਾਬ ਵਿਚ ਕਿਹਾ ਕਿ ਬਰਤਾਨੀਆ ਦੇ ਪ੍ਰਧਾਨ ਮੰਤਰੀ ਵੱਲੋਂ ਘਟਨਾ ‘ਤੇ ਅਫਸੋਸ ਪ੍ਰਗਟ ਕਰਨਾ ਹੀ ਕਾਫੀ ਨਹੀਂ ਸਗੋਂ ਦੋਸ਼ੀਆਂ ਵਿਰੁੱਧ ਕੌਮਾਂਤਰੀ ਅਦਾਲਤ ਵਿਚ ਕੇਸ ਚੱਲਣੇ ਚਾਹੀਦੇ ਹਨ।
_________________________
ਥੈਚਰ ਨੇ ਕੀਤੀ ਸੀ ਇੰਦਰਾ ਦੀ ਹਮਾਇਤ
ਲੰਡਨ: ਸ੍ਰੀ ਹਰਿਮੰਦਰ ਸਾਹਿਬ ਵਿਚ ਅਪਰੇਸ਼ਨ ਬਲਿਊ ਸਟਾਰ ਪੂਰਾ ਕਰਨ ਮਗਰੋਂ ਬਰਤਾਨੀਆ ਦੀ ਤਤਕਾਲੀ ਪ੍ਰਧਾਨ ਮੰਤਰੀ ਮਾਰਗਰੇਟ ਥੈਚਰ ਨੇ ਆਪਣੀ ਭਾਰਤੀ ਹਮਰੁਤਬਾ ਇੰਦਰਾ ਗਾਂਧੀ ਪ੍ਰ੍ਰਤੀ ਪੂਰਾ ਸਮਰਥਨ ਪ੍ਰਗਟਾਉਂਦਿਆਂ ਨਿੱਜੀ ਨੋਟ ਭੇਜਿਆ ਸੀ। ਅਖ਼ਬਾਰ ‘ਗਾਰਡੀਅਨ’ ਦੀ ਰਿਪੋਰਟ ਅਨੁਸਾਰ ਸ੍ਰੀਮਤੀ ਥੈਚਰ ਨੇ ਸ੍ਰੀਮਤੀ ਗਾਂਧੀ ਨੂੰ ਜੋ ਨੋਟ ਭੇਜਿਆ ਸੀ, ਉਸ ਵਿਚ ਕਿਹਾ ਗਿਆ ਸੀ ਕਿ ਵੱਖਰੇ ਸਿੱਖ ਦੇਸ਼ ਦੀ ਮੰਗ ਦੇ ਮੱਦੇਨਜ਼ਰ ਬਰਤਾਨੀਆ ਭਾਰਤ ਦੀ ਅਖੰਡਤਾ ਦਾ ਪੂਰਾ ਸਮਰਥਨ ਕਰਦਾ ਹੈ ਤੇ ਇਥੋਂ ਦੇ ਭਾਰਤੀ ਡਿਪਲੋਮੈਟਾਂ ਦੀ ਸੁਰੱਖਿਆ ਨੂੰ ਖ਼ਤਰੇ ਦੇ ਮਾਮਲੇ ਦੀ ਪੁਲਿਸ ਜਾਂਚ ਕਰ ਰਹੀ ਹੈ। ਇਹ ਨੋਟ 30 ਜੂਨ, 1984 ਨੂੰ ਭੇਜਿਆ ਗਿਆ ਸੀ।
ਮੰਨਿਆ ਜਾ ਰਿਹਾ ਹੈ ਕਿ ਅਪਰੇਸ਼ਨ ਬਲਿਊ ਸਟਾਰ ਮਗਰੋਂ ਸ੍ਰੀਮਤੀ ਥੈਚਰ ਵੱਲੋਂ ਸ੍ਰੀਮਤੀ ਗਾਂਧੀ ਨੂੰ ਭੇਜਿਆ ਇਹ ਪਹਿਲਾ ਪੱਤਰ ਸੀ। ਇਸ ਵਿਚ ਬਰਤਾਨਵੀ ਪ੍ਰਧਾਨ ਮੰਤਰੀ ਨੇ ਲਿਖਿਆ ਸੀ ਕਿ ਇਹ ਤੁਹਾਡੇ ਲਈ ਪ੍ਰੇਸ਼ਾਨੀ ਭਰੇ ਹਫ਼ਤੇ ਰਹੇ ਹਨ ਜਿਸ ਵਿਚ ਔਖੇ ਫ਼ੈਸਲੇ ਲੈਣੇ ਪਏ। ਬਰਤਾਨਵੀ ਅਖ਼ਬਾਰ ਦੀ ਰਿਪੋਰਟ ਅਨੁਸਾਰ ਇਸ ਚਿੱਠੀ ਮਗਰੋਂ ਉਸ ਬਹਿਸ ਨੂੰ ਮੁੜ ਹਵਾ ਮਿਲੀ ਹੈ ਜੋ ਅਪਰੇਸ਼ਨ ਬਲਿਊ ਸਟਾਰ ਵਿਚ ਇਥੋਂ ਦੀ ਵਿਸ਼ੇਸ਼ ਹਵਾਈ ਸੇਵਾ (ਐਸਏਐਸ) ਦੀ ਭੂਮਿਕਾ ਬਾਰੇ ਸ਼ੁਰੂ ਹੋਈ ਹੈ।

Be the first to comment

Leave a Reply

Your email address will not be published.