ਮਾਲਵੇ ਦੇ ਪਰਵਾਸੀ ਪੰਜਾਬੀਆਂ ਨੇ ਵਿਸਾਰ ਦਿੱਤੀ ਜਨਮ ਭੂਮੀ

ਚੰਡੀਗੜ੍ਹ: ਮਾਲਵਾ ਪੱਟੀ ਦੇ ਪਰਵਾਸੀ ਪੰਜਾਬੀ ਆਪਣੇ ਪਿੰਡਾਂ ਦਾ ਗੇੜਾ ਤਾਂ ਲਾਉਂਦੇ ਹਨ ਪਰ ਪਿੰਡਾਂ ਦੇ ਵਿਕਾਸ ਵਿਚ ਭਾਗੀਦਾਰ ਨਹੀਂ ਬਣਦੇ। ਪੰਜਾਬ ਸਰਕਾਰ ਵੱਲੋਂ 2011-12 ਵਿਚ ਪਰਵਾਸੀ ਪੰਜਾਬੀ ਤੇ ਉਨ੍ਹਾਂ ਵੱਲੋਂ ਪੇਂਡੂ ਵਿਕਾਸ ਵਿਚ ਪਾਏ ਯੋਗਦਾਨ ਦਾ ਵੇਰਵਾ ਇਕੱਠਾ ਕੀਤਾ ਗਿਆ ਹੈ। ਸਰਕਾਰੀ ਤੱਥ ਗਵਾਹ ਹਨ ਕਿ ਪਰਵਾਸੀ ਪੰਜਾਬੀ ਆਪਣੇ ਪਿੰਡਾਂ ਦੀ ਤਾਕਤ ਨਹੀਂ ਬਣਦੇ।
ਵੇਰਵਿਆਂ ਅਨੁਸਾਰ ਟਾਵੇਂ ਹੀ ਪਰਵਾਸੀ ਪੰਜਾਬੀ ਪੇਂਡੂ ਵਿਕਾਸ ਦੇ ਕੰਮਾਂ ਲਈ ਮਾਲੀ ਮਦਦ ਦਿੰਦੇ ਹਨ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਵੀ ਪਰਵਾਸੀ ਪੰਜਾਬੀਆਂ ਨੂੰ ਹਲੂਣਿਆ ਹੈ ਕਿ ਉਹ ਪੰਜਾਬ ਅਤੇ ਪਿੰਡਾਂ ਦੇ ਵਿਕਾਸ ਲਈ ਯੋਗਦਾਨ ਪਾਉਣ ਤੇ ਨਾਲ ਹੀ ਮਿਹਣਾ ਵੀ ਦਿੱਤਾ ਕਿ ਪਰਵਾਸੀ ਪੰਜਾਬੀ ਪਿੰਡਾਂ ਦੇ ਵਿਕਾਸ ਵਿਚ ਮਦਦਗਾਰ ਨਹੀਂ ਬਣ ਰਹੇ ਹਨ। ਸਰਕਾਰੀ ਅੰਕੜਿਆਂ ਅਨੁਸਾਰ ਮਾਲਵਾ ਪੱਟੀ ਦੇ ਦਰਜਨ ਜ਼ਿਲ੍ਹਿਆਂ ਦੇ 24668 ਪਰਿਵਾਰ ਪਿੰਡਾਂ ਵਿਚੋਂ ਵਿਦੇਸ਼ਾਂ ਵਿਚ ਵਸੇ ਹੋਏ ਹਨ।
ਇਨ੍ਹਾਂ ਵਿਚੋਂ ਕੇਵਲ 26 ਪਰਵਾਸੀ ਪਰਿਵਾਰਾਂ ਨੇ ਆਪਣੇ ਪਿੰਡ ਦੇ ਵਿਕਾਸ ਲਈ 2011-12 ਦੌਰਾਨ 32æ95 ਲੱਖ ਰੁਪਏ ਦਾ ਯੋਗਦਾਨ ਦਿੱਤਾ ਹੈ। ਇਨ੍ਹਾਂ ਪਰਿਵਾਰਾਂ ਨੇ ਇਸ ਮਾਲੀ ਵਰ੍ਹੇ ਤੋਂ ਪਹਿਲਾਂ ਦੇ ਪੰਜ ਵਰ੍ਹਿਆਂ ਦੌਰਾਨ ਆਪਣੇ ਪਿੰਡਾਂ ਦੇ ਵਿਕਾਸ ਲਈ 1æ48 ਕਰੋੜ ਰੁਪਏ ਦੀ ਮਦਦ ਕੀਤੀ ਸੀ। ਜ਼ਿਲ੍ਹਾ ਬਠਿੰਡਾ ਦੇ ਪਿੰਡਾਂ ਦੇ 1710 ਪਰਵਾਸੀ ਪੰਜਾਬੀ ਪਰਿਵਾਰ ਹਨ ਜੋ ਵੱਖ ਵੱਖ ਮੁਲਕਾਂ ਵਿਚ ਵਸੇ ਹੋਏ ਹਨ। ਇਨ੍ਹਾਂ ਵਿਚੋਂ ਸਿਰਫ ਤਿੰਨ ਪਰਿਵਾਰਾਂ ਨੇ ਆਪਣੇ ਪਿੰਡਾਂ ਦੇ ਵਿਕਾਸ ਲਈ ਸਾਢੇ ਚਾਰ ਲੱਖ ਰੁਪਏ ਦਾਨ ਦਿੱਤੇ ਹਨ।
ਜ਼ਿਲ੍ਹਾ ਮੁਕਤਸਰ ਦੇ ਪਿੰਡਾਂ ਦੇ 255 ਪਰਵਾਸੀ ਪੰਜਾਬੀ ਪਰਿਵਾਰ ਹਨ ਜਿਨ੍ਹਾਂ ਨੇ ਆਪਣੇ ਪਿੰਡਾਂ ਲਈ ਕੇਵਲ ਡੇਢ ਲੱਖ ਰੁਪਏ ਦਾ ਯੋਗਦਾਨ ਦਿੱਤਾ ਹੈ। ਮਾਲਵੇ ਵਿਚੋਂ ਜ਼ਿਲ੍ਹਾ ਮੋਗਾ ਕੁਝ ਅੱਗੇ ਹੈ ਜਿਥੋਂ ਦੇ 4843 ਪਰਵਾਸੀ ਪੰਜਾਬੀ ਪਰਿਵਾਰ ਹਨ। ਇਨ੍ਹਾਂ ਵਿਚੋਂ 90 ਪਰਿਵਾਰਾਂ ਨੇ ਆਪਣੇ ਪਿੰਡਾਂ ਨੂੰ ਪੌਣੇ ਗਿਆਰਾਂ ਲੱਖ ਰੁਪਏ ਦੀ ਮਦਦ ਦਿੱਤੀ ਹੈ।
ਪਿੰਡ ਥਰਾਜ ਦੀ ਅਮਨਦੀਪ ਕੌਰ ਸਿੱਧੂ (ਕੈਨੇਡਾ) ਦਾ ਕਹਿਣਾ ਹੈ ਕਿ ਤਾਲਮੇਲ ਦੀ ਕਮੀ ਕਰਕੇ ਅਜਿਹਾ ਹੁੰਦਾ ਹੈ ਜਦਕਿ ਪਰਵਾਸੀ ਪੰਜਾਬੀ ਤਾਂ ਹਮੇਸ਼ਾ ਆਪਣੀ ਜਨਮ ਭੂਮੀ ਵਾਸਤੇ ਯੋਗਦਾਨ ਦੇਣ ਲਈ ਤਤਪਰ ਰਹਿੰਦੇ ਹਨ। ਬਠਿੰਡਾ ਦੇ ਪਿੰਡ ਬੰਗੀ ਕਲਾਂ ਦੇ ਹੀਰਾ ਸਿੱਧੂ (ਕੈਨੇਡਾ) ਦਾ ਕਹਿਣਾ ਹੈ ਕਿ ਬਹੁਤੇ ਪਰਵਾਸੀ ਪਰਿਵਾਰ ਤਾਂ ਵਿਅਕਤੀਗਤ ਤੌਰ ‘ਤੇ ਗਰੀਬ ਬੱਚਿਆਂ ਤੇ ਲੋੜਵੰਦਾਂ ਦੀ ਮਦਦ ਕਰਦੇ ਰਹਿੰਦੇ ਹਨ ਪਰ ਉਨ੍ਹਾਂ ਦਾ ਵੇਰਵਾ ਕਿਸੇ ਰਿਕਾਰਡ ‘ਤੇ ਨਹੀਂ ਆਉਂਦਾ ਹੈ।
ਬਹੁਤੇ ਪਰਵਾਸੀ ਪੰਜਾਬੀ ਮਾਲਵਾ ਪੱਟੀ ਵਿਚ ਕੈਂਸਰ ਪੀੜਤਾਂ ਦੀ ਮਦਦ ਲਈ ਅੱਗੇ ਆ ਰਹੇ ਹਨ। ਮੰਡੀ ਕਲਾਂ ਦੇ ਮਨਦੀਪ ਸਿੰਘ (ਕੈਨੇਡਾ) ਵੱਲੋਂ ਹਰ ਸਾਲ ਸਕੂਲੀ ਬੱਚਿਆਂ ਦੀ ਮਦਦ ਕੀਤੀ ਜਾਂਦੀ ਹੈ। ਪਿੰਡ ਪਿੱਥੋ ਦੇ ਸੁਖਮਿੰਦਰ ਸਿੰਘ ਢਿੱਲੋਂ (ਕੈਨੇਡਾ) ਦਾ ਕਹਿਣਾ ਹੈ ਕਿ ਉਹ ਤਾਂ ਤਿਆਰ ਹਨ ਪਰ ਪੰਚਾਇਤਾਂ ਨੂੰ ਵੀ ਚਾਹੀਦਾ ਹੈ ਕਿ ਉਹ ਪਰਵਾਸੀ ਪੰਜਾਬੀਆਂ ਨੂੰ ਪਿੰਡ ਦੀ ਸਾਂਝੀਆਂ ਲੋੜਾਂ ਤੋਂ ਜਾਣੂ ਕਰਾਉਣ ਤਾਂ ਜੋ ਉਹ ਬਣਦਾ ਯੋਗਦਾਨ ਦੇ ਸਕਣ।
ਸਰਕਾਰੀ ਵੇਰਵਿਆਂ ਅਨੁਸਾਰ ਪੂਰੇ ਪੰਜਾਬ ਵਿਚ ਵੀ ਅਜਿਹਾ ਹੀ ਰੁਝਾਨ ਹੈ। ਪੇਂਡੂ ਪੰਜਾਬ ਵਿਚੋਂ ਕਰੀਬ 64 ਹਜ਼ਾਰ ਪਰਿਵਾਰ ਵਿਦੇਸ਼ਾਂ ਵਿਚ ਵਸੇ ਹੋਏ ਹਨ ਜਿਨ੍ਹਾਂ ਵਿਚੋਂ 335 ਪਰਿਵਾਰਾਂ ਨੇ ਹੀ 2011-12 ਦੌਰਾਨ 1æ39 ਕਰੋੜ ਰੁਪਏ ਦੀ ਮਾਲੀ ਮਦਦ ਆਪਣੇ ਪਿੰਡਾਂ ਦੇ ਵਿਕਾਸ ਲਈ ਦਿੱਤੀ ਹੈ। ਉਸ ਤੋਂ ਪਹਿਲੇ ਪੰਜ ਵਰ੍ਹਿਆਂ ਦੌਰਾਨ ਇਨ੍ਹਾਂ ਪਰਿਵਾਰਾਂ ਨੇ ਪੇਂਡੂ ਵਿਕਾਸ ਲਈ 7æ79 ਕਰੋੜ ਰੁਪਏ ਦਾ ਯੋਗਦਾਨ ਪਾਇਆ ਹੈ। ਦੂਜੇ ਪਾਸੇ ਜ਼ਿਲ੍ਹਾ ਸੰਗਰੂਰ ਦਾ ਪਿੰਡ ਜਲਵਾਣਾ ਅਜਿਹੀ ਮਿਸਾਲ ਹੈ ਜਿਥੋਂ ਦੇ ਪਰਵਾਸੀ ਪੰਜਾਬੀਆਂ ਨੇ ਆਪਣੇ ਪਿੰਡ ਦੇ ਵਿਕਾਸ ਲਈ ਹੰਭਲੇ ਮਾਰੇ ਹਨ ਤੇ ਉਹ ਪਿੰਡ ਦੀ ਕਾਇਆ ਕਲਪ ਕਰ ਰਹੇ ਹਨ। ਅਮਰੀਕਾ ਦੇ ਡਾæ ਸੁਰਿੰਦਰ ਸਿੰਘ ਗਿੱਲ (ਮੈਰੀਲੈਂਡ) ਦਾ ਕਹਿਣਾ ਹੈ ਕਿ ਪੰਚਾਇਤਾਂ ਖੁਦ ਪਹਿਲ ਕਰਨ ਤਾਂ ਹੀ ਪਰਵਾਸੀ ਪੰਜਾਬੀ ਪੇਂਡੂ ਵਿਕਾਸ ਲਈ ਸਹਾਈ ਹੋ ਸਕਦੇ ਹਨ।

1 Comment

Leave a Reply

Your email address will not be published.