ਨਿੱਤ ਉਡਣ ਜਹਾਜ਼ ਉਡੀਕਾਂ ਦੇ

ਮੇਜਰ ਕੁਲਾਰ ਬੋਪਾਰਾਏ ਕਲਾਂ
ਫੋਨ: 916-273-2856
ਪੰਜ ਦਿਨਾਂ ਤੋਂ ਮੈਂ ਆਪਣਾ ਸਾਰਾ ਸਾਮਾਨ ਦੋ ਅਟੈਚੀ ਕੇਸਾਂ ਵਿਚ ਪਾ ਕੇ ਉਪਰ ਦੀ ਹਰੀ ਰੱਸੀ ਲਪੇਟੀ ਬੈਠਾ ਸਾਂ। ਹੁਣ ਮੈਨੂੰ ਉਡੀਕ ਸੀ ਆਪਣੀ ਉਡਾਣ ਦੀ। ਉਡਾਣ ਵਾਲਾ ਦਿਨ ਆ ਨਹੀਂ ਸੀ ਰਿਹਾ। ਇਕ ਇਕ ਮਿੰਟ ਮਹੀਨਾ ਬਣ ਬਣ ਲੰਘ ਰਿਹਾ ਸੀ। ਮੈਂ ਚੁੱਪ-ਚੁਪੀਤੇ ਨਿਕਲਣ ਦਾ ਪ੍ਰੋਗਰਾਮ ਨਹੀਂ ਸੀ ਬਣਾਇਆ, ਸਗੋਂ ਸਾਰਿਆਂ ਨੂੰ ਦੱਸ ਕੇ ਜਾ ਰਿਹਾ ਸਾਂ, ਸਭ ਨਾਲ ਲੈਣ-ਦੇਣ ਮੁਕਾ ਕੇ। ਕਿਸੇ ਦੀ ਇਕ ਪੈਨੀ ਮੇਰੇ ਸਿਰ ਕਰਜ਼ ਨਹੀਂ ਸੀ। ਹੁਣ ਪਰਮਾਤਮਾ ਨਾਲ ਵੀ ਕੋਈ ਗਿਲਾ ਨਹੀਂ ਸੀ। ਉਸ ਦਾ ਹੁਕਮ ਸਿਰ ਮੱਥੇ ਪ੍ਰਵਾਨ ਕਰ ਲਿਆ ਸੀ। ਫਿਰ ਉਹ ਦਿਨ ਆ ਗਿਆ ਜਿਸ ਦੀ ਉਡੀਕ ਸੀ। ਮੇਰਾ ਮਿੱਤਰ ਆਪਣੀ ਕਾਰ ਲੈ ਆਇਆ, ਤੇ ਅਸੀਂ ਸਾਮਾਨ ਰੱਖ ਕੇ ਗੁਰੂ ਘਰ ਮੱਥਾ ਟੇਕਣ ਚਲੇ ਗਏ। ਪਹਿਲਾਂ ਵਾਂਗ ਅੱਜ ਅੱਖਾਂ ਵਿਚ ਅੱਥਰੂ ਨਹੀਂ ਸਨ, ਕੋਈ ਮੰਗ ਨਹੀਂ ਸੀ। ਸ਼ੁਕਰਾਨਾ ਕਰਨ ਲਈ ਹੱਥ ਜੋੜੇ ਹੋਏ ਸਨ ਕਿ ਪਰਮਾਤਮਾ ਤੇਰੀ ਕਿਰਪਾ ਨਾਲ ਮੈਨੂੰ ਬਹੁਤ ਕੁਝ ਮਿਲਿਆ ਹੈ। ਜੋ ਨਹੀਂ ਮਿਲਿਆ, ਉਸ ਵਿਚ ਵੀ ਸ਼ਾਇਦ ਮੇਰਾ ਹੀ ਭਲਾ ਹੋਵੇਗਾ।
ਚਾਹ ਪੀਣ ਤੋਂ ਬਾਅਦ ਅਸੀਂ ਆਪਣੀ ਕਾਰ ਹਾਈਵੇ 80 ‘ਤੇ ਚਾੜ੍ਹ ਲਈ। ਮੇਰੀਆਂ ਅੱਖਾਂ ਉਚੀਆਂ ਇਮਾਰਤਾਂ ਤੱਕ ਰਹੀਆਂ ਸਨ, ਸ਼ਾਇਦ ਇਹ ਆਖਰੀ ਝਾਕੀ ਸੀ। ਹਰ ਚੀਜ਼ ਆਪਣੀ ਆਪਣੀ ਲਗਦੀ ਸੀ। ਦਿਲ ਨੂੰ ਹੌਲ ਜਿਹਾ ਪੈ ਰਿਹਾ ਸੀ। ਮੈਂ ਤੇ ਮਿੱਤਰ ਗੱਲਾਂ ਕਰਦੇ ਕਰਦੇ ਕਈ ਵਾਰ ਚੁੱਪ ਕਰ ਜਾਂਦੇ। ਫਿਰ ਕਿੰਨਾ ਸਮਾਂ ਗੱਲ ਦੁਬਾਰਾ ਸ਼ੁਰੂ ਨਾ ਹੁੰਦੀ। ਸ਼ਾਇਦ ਮੇਰੇ ਇਸ ਮਿੱਤਰ ਨੂੰ ਵੀ ਮੇਰੇ ਵਿਛੜਨ ਦਾ ਗਮ ਸੀ। ਸ਼ਾਇਦ ਉਹ ਚੁੱਪ ਦੇ ਪਾਣੀ ਨਾਲ ਸਾਰਾ ਗਮ ਪੀ ਜਾਣਾ ਚਾਹੁੰਦਾ ਸੀ। ਫਿਰ ਮੈਂ ਕਹਿ ਦਿੰਦਾ, “ਤਾਰੀ, ਆਹ ‘ਟਾਕੋ ਬੈਲ’ ਉਤੇ ਵੀ ਆਪਾਂ ਇਕ ਵਾਰ ਖਾਣਾ ਖਾਧਾ ਸੀ।”
ਉਹ ‘ਹਾਂ’ ਕਹਿ ਦਿੰਦਾ। ਫਿਰ ਮੈਂ ਉਸ ਦਾ ਧਿਆਨ ਖਿੱਚਦਾ ਤੇ ਕਹਿੰਦਾ, “ਆਹ ਦੇਖ ਉਏ ਪੰਜਾਬੀ ਢਾਬਾ ਗਰੇਵਾਲਾਂ ਦਾ। ਆਪਾਂ ਕਿੰਨੀ ਵਾਰ ਇਥੇ ਰੁਕ ਕੇ ਰੋਟੀ ਖਾਧੀ ਸੀ ਤੇ ਫੋਟੋਆਂ ਖਿੱਚੀਆਂ ਸਨ।” ਮਿੱਤਰ ਜਵਾਬ ਦੇਣ ਦੀ ਬਜਾਏ ਖਿਝ ਕੇ ਕਹਿੰਦਾ, “ਲਾਡੀ ਯਾਰ, ਤੂੰ ਦੋ ਚਾਰ ਮਹੀਨੇ ਹੋਰ ਉਡੀਕ ਨਹੀਂ ਸੀ ਕਰ ਸਕਦਾ। ਸ਼ਾਇਦ ਪਰਮਾਤਮਾ ਤੇਰੇ ਮਨ ਦੀ ਆਵਾਜ਼ ਸੁਣ ਲੈਂਦਾ।”
“ਵੀਰ, ਮੈਂ ਪਿਛਲੇ ਪੰਦਰਾਂ ਸਾਲਾਂ ਤੋਂ ਜੋ ਉਡੀਕ ਰਿਹਾ ਸੀæææ ਉਹ ਹੁਣ ਤੱਕ ਨਹੀਂ ਮਿਲਿਆ ਤੇ ਅਗਾਂਹ ਮਿਲਣ ਦੀ ਮੈਨੂੰ ਕੋਈ ਆਸ ਨਹੀਂ ਹੈ।” ਮੈਂ ਉਤਰ ਦਿੱਤਾ।
ਫੇਅਰਫੀਲਡ ਸ਼ਹਿਰ ਲੰਘੇ ਤਾਂ ਪਤਾ ਲੱਗਿਆ ਕਿ ਅਗਾਂਹ ਬੜਾ ਭਿਆਨਕ ਐਕਸੀਡੈਂਟ ਹੋਇਆ ਹੈ। ਕਈ ਕਾਰਾਂ ਆਪਸ ਵਿਚ ਭਿੜ ਗਈਆਂ ਸਨ। ਟਰੈਫਿਕ ਜੂੰ ਦੀ ਚਾਲ ਹੋ ਗਿਆ ਸੀ। ਮੈਂ ਸੀਟ ਪਿਛਾਂਹ ਕਰਦਿਆਂ ਮੱਥੇ ‘ਤੇ ਆਪਣੀ ਬਾਂਹ ਰੱਖਦਿਆਂ ਮਨ ਦੇ ਜਹਾਜ਼ ਵਿਚ ਚੜ੍ਹ ਕੇ ਪੰਦਰਾਂ ਸਾਲ ਪਹਿਲਾਂ ਵਾਲੇ ਪਿੰਡ ਪਹੁੰਚ ਗਿਆæææ
ਮੈਂ ਮਾਪਿਆਂ ਦਾ ਇਕਲੌਤਾ ਪੁੱਤ ਸੀ। ਚੜ੍ਹਦੀ ਉਮਰੇ ਮਾਪਿਆਂ ਨੇ ਵਿਆਹ ਕਰ ਦਿੱਤਾ। ਪਹਿਲਾਂ ਧੀ ਹੋਈ, ਫਿਰ ਪੁੱਤ। ਗ੍ਰਹਿਸਥੀ ਜੀਵਨ ਵਿਚ ਫੁੱਲ ਖਿੜੇ ਹੋਏ ਸਨ। ਬਾਪੂ ਮੇਰਾ ਪਿੰਡ ਦੀ ਸਹਿਕਾਰੀ ਸੁਸਇਟੀ ਵਿਚ ਲੱਗਿਆ ਹੋਇਆ ਸੀ। ਮੈਂ ਖੇਤੀਬਾੜੀ ਕਰਦਾ ਸੀ। ਕੋਈ ਨਾਜਾਇਜ਼ ਖਰਚਾ ਨਹੀਂ ਸੀ। ਪਰਮਾਤਮਾ ਦੀ ਪੂਰੀ ਕ੍ਰਿਪਾ ਸੀ। ਇਕ ਦਿਨ ਮਾਮਾ ਆਇਆ ਤੇ ਕਹਿੰਦਾ, “ਭੈਣੇ, ਰੂਪ ਨੂੰ ਤਾਂ ਬਾਹਰ ਕੱਢਣਾ ਪਊਗਾ। ਨਹੀਂ ਤਾਂ ਪੁਲਿਸ ਨੇ ਸਾਰੀਆਂ ਰਿਸ਼ਤੇਦਾਰੀਆਂ ਨੂੰ ਵੀ ਬੰਨ੍ਹ ਕੇ ਥਾਣੇ ਲੈ ਜਾਣਾ ਹੈ। ਉਸ ਨੂੰ ਕਈ ਵਾਰ ਰੋਕਿਆ ਹੈ, ਉਹ ਰੁਕਦਾ ਨਹੀਂ। ਹਮੇਸ਼ਾਂ ਸਿੰਘਾਂ ਦੀਆਂ ਗੱਲਾਂ ਕਰਦਾ ਹੈ।”
ਮਾਮੇ ਦਾ ਇਸ਼ਾਰਾ ਖਾੜਕੂ ਸਿੰਘਾਂ ਤੋਂ ਸੀ। ਮੇਰੀ ਮਾਂ ਸੁਣ ਕੇ ਬੋਲੀ, “ਵੀਰ, ਉਸ ਨੂੰ ਉਸ ਦੇ ਮਾਮਿਆਂ ਕੋਲ ਯੂæਪੀæ ਭੇਜ ਦਿਉ।”
“ਯੂæਪੀæ ਨਾਲ ਨਹੀਂ ਸਰਨਾ। ਇਸ ਨੂੰ ਤਾਂ ਸੱਤ ਸਮੁੰਦਰੋਂ ਪਾਰ ਭੇਜਣਾ ਪਊ। ਜੇ ਆਪਾਂ ਲਾਡੀ ਨੂੰ ਵੀ ਨਾਲ ਭੇਜ ਦੇਈਏ ਤਾਂ ਦੋਵਾਂ ਦਾ ਸਾਥ ਬਣ ਜਾਊ। ਦੋਵਾਂ ਦੇ ਪੈਸੇ ਮੈਂ ਆਪੇ ਭਰ ਦੇਊਂਗਾ।” ਮਾਮਾ ਆਪਣੇ ਦਿਲ ਦੀ ਕਹਿ ਗਿਆ।
ਸਾਡਾ ਸਾਰਾ ਪਰਿਵਾਰ ਵੀ ਇਸ ਲਾਲਚ ਵਿਚ ਆ ਗਿਆ ਕਿ ਮੁੰਡਾ ਬਿਨਾਂ ਪੈਸਿਆਂ ਤੋਂ ਜਹਾਜ਼ ਚੜ੍ਹਨ ਲੱਗਾ ਹੈ। ਉਨ੍ਹਾਂ ਨੇ ਮਾੜੀ ਜਿਹੀ ਨਾਂਹ-ਨੁੱਕਰ ਕਰਦਿਆਂ ‘ਹਾਂ’ ਕਰ ਦਿੱਤੀ ਤੇ ਰੂਪ ਦੇ ਮਾਮਿਆਂ ਨੇ ਏਜੰਟ ਨਾਲ ਗੱਲ ਕਰ ਕੇ ਸਾਨੂੰ ਅਮਰੀਕਾ ਉਤਾਰ ਦਿੱਤਾ। ਰੂਪ ਪੂਰਾ ਤਿਆਰ-ਬਰ-ਤਿਆਰ ਖਾਲਸਾ ਸੀ। ਮੈਂ ਮੂੰਹ ਸਿਰ ਮੁਨਾ ਕੇ ਰੱਖਦਾ ਸੀ। ਅਸੀਂ ਦੋਵੇਂ ਅਗਾਂਹ ਭੂਆ ਦੇ ਪੁੱਤ ਕੋਲ ਆ ਗਏ। ਉਸ ਨੇ ਸਾਡੀ ਬਹੁਤ ਮਦਦ ਕੀਤੀ। ਸਾਨੂੰ ਦੋਵਾਂ ਨੂੰ ਕੰਮ ਵਾਲਾ ਕਾਰਡ ਦਿਵਾ ਦਿੱਤਾ। ਮੈਂ ਸਟੋਰਾਂ ‘ਤੇ ਲੱਗ ਗਿਆ ਤੇ ਰੂਪ ਟਰੱਕ ਉਤੇ ਚੜ੍ਹ ਗਿਆ। ਜਿਸ ਨਾਲ ਉਹ ਟਰੱਕ ‘ਤੇ ਚੜ੍ਹਿਆ ਸੀ, ਉਹ ਟਰੱਕ ਮਾਲਕ ਚੜ੍ਹਦੀ ਕਲਾ ਵਾਲਾ ਖਾਲਸਾ ਸੀ। ਉਸ ਦੀ ਇਕਲੌਤੀ ਧੀ ਸੀ ਜੋ ਕਹਿੰਦੀ ਸੀ ਕਿ ਸਾਬਤ ਸੂਰਤ ਸਿੱਖ ਮੁੰਡੇ ਨਾਲ ਵਿਆਹ ਕਰਵਾਉਣਾ ਹੈ। ਉਸ ਮਾਲਕ ਨੇ ਰੂਪ ਨੂੰ ਆਪਣੀ ਧੀ ਨਾਲ ਮਿਲਾਇਆ ਤੇ ਛੇਤੀ ਹੀ ਦੋਵੇਂ ਗੁਰ-ਮਰਿਆਦਾ ਅਨੁਸਾਰ ਪਤੀ-ਪਤਨੀ ਬਣ ਗਏ। ਰੂਪ ਨੂੰ ਪਰਮਾਤਮਾ ਨੇ ਸਭ ਕੁਝ ਬਖ਼ਸ਼ ਦਿੱਤਾ। ਮੈਂ ਹੋਰ ਮੁੰਡਿਆਂ ਵਾਂਗ ਅਪਾਰਟਮੈਂਟ ਵਿਚ ਰਹਿਣ ਲੱਗ ਗਿਆ। ਮਾਂ ਪਿਉ ਕਹਿੰਦੇ, ਤੂੰ ਵਾਪਸ ਆ ਜਾ ਪਰ ਪਤਾ ਨਹੀਂæææ ਇਥੋਂ ਜਾਣ ਨੂੰ ਦਿਲ ਵੀ ਨਾ ਕਰਦਾ।
ਰੂਪ ਨੂੰ ਮਿਲਣ ਜਾਂਦਾ ਤਾਂ ਉਹ ਕਹਿੰਦਾ, “ਦਾੜ੍ਹੀ ਕੇਸ ਰੱਖ ਕੇ ਗੁਰੂ ਵਾਲਾ ਬਣ ਜਾ, ਸਭ ਕੁਝ ਮਿਲ ਜਾਊਗਾ।” ਮੈਂ ਰੂਪ ਵੱਲ ਦੇਖਦਾ ਤੇ ਸੋਚਦਾ ਕਿ ਗੱਲ ਸੱਚੀ ਹੈ, ਰੂਪ ਖਾਲਸਾ ਸੀæææ ਤਾਹੀਓਂ ਸਭ ਕੁਝ ਮਿਲ ਗਿਆ। ਫਿਰ ਮੈਂ ਵੀ ਕੇਸ ਰੱਖ ਲਏ। ਪਹਿਲਾਂ ਦਾੜ੍ਹੀ ਕੱਟਦਾ ਰਿਹਾ, ਫਿਰ ਰੱਖ ਲਈ। ਬਾਣੀ ਪੜ੍ਹਨ ਲੱਗ ਪਿਆ। ਮੇਰੇ ਨਾਲ ਦੇ ਮੁੰਡੇ ਸ਼ਰਾਬ ਪੀਂਦੇ ਤੇ ਮੀਟ ਖਾਂਦੇ ਸਨ। ਹੌਲੀ ਹੌਲੀ ਉਨ੍ਹਾਂ ਸਾਰਿਆਂ ਦੇ ਪਰਿਵਾਰ ਆਉਣ ਲੱਗ ਪਏ। ਜਿੰਨੇ ਉਹ ਪੁੱਠੇ ਕੰਮ ਕਰਦੇ, ਉਨਾ ਹੀ ਉਨ੍ਹਾਂ ਦਾ ਕੰਮ ਸਿੱਧਾ ਹੋ ਰਿਹਾ ਹੁੰਦਾ। ਮੈਨੂੰ ਸਗੋਂ ਹੋਰ ਦੁੱਖ ਮਿਲਦੇ। ਗੁਰਦੁਆਰੇ ਜਾਂਦਾ ਤਾਂ ਅੱਖਾਂ ਹੰਝੂਆਂ ਨਾਲ ਭਰ ਲੈਂਦਾ ਤੇ ਪੁੱਛਦਾ ਕਿ ਮੇਰਾ ਕਸੂਰ ਕੀ ਹੈ? ਮੈਂ ਕਿਸੇ ਦਾ ਕੀ ਵਿਗਾੜਿਆ ਹੈ? ਮੈਨੂੰ ਪਰਿਵਾਰ ਨਾਲ ਵਿਛੋੜੇ ਦੀ ਐਨੀ ਸਖ਼ਤ ਸਜ਼ਾ ਕਿਉਂ ਮਿਲ ਰਹੀ ਹੈ? ਕਈ ਵਾਰ ਮੁੜ ਜਾਣ ਦਾ ਪ੍ਰੋਗਰਾਮ ਬਣਾਇਆ, ਪਰ ਮਿੱਤਰਾਂ ਦੋਸਤਾਂ ਨੇ ਰੋਕ ਲਿਆ। ਕਈ ਵਕੀਲ ਬਦਲੇ ਪਰ ਗੱਲ ਨਾ ਬਣੀ। ਸ਼ਾਇਦ ਰੱਬ ਵੀ ਬੁਰੇ ਬੰਦਿਆਂ ਦੇ ਵਿਹੜੇ ਖੁਸ਼ੀਆਂ ਖਿਲਾਰਦਾ ਹੈ।
ਹੁਣ ਦੋਵੇਂ ਬੱਚੇ ਵੱਡੇ ਹੋ ਗਏ ਸਨ। ਬੇਬੇ ਨੇ ਕਹਿ ਦਿੱਤਾ ਕਿ ਹੁਣ ਤੂੰ ਨਹੀਂ ਰੁਕਣਾ, ਚੁੱਪ ਕਰ ਕੇ ਜਹਾਜ਼ ਚੜ੍ਹ ਆ। ਮੈਂ ਵੀ ਜਾਣ ਦਾ ਪੱਕਾ ਇਰਾਦਾ ਕਰ ਕੇ ਸਾਮਾਨ ਬੰਨ੍ਹਣ ਲੱਗ ਗਿਆ। ਮਹੀਨਾ ਪਹਿਲਾਂ ਵਕੀਲ ਨੂੰ ਮਿਲਿਆ ਤੇ ਇੰਡੀਆ ਜਾਣ ਬਾਰੇ ਦੱਸਿਆ, “ਮਿਸਟਰ ਸਿੰਘ, ਪਲੀਜ਼ ਮੇਰੇ ਕਹਿਣ ‘ਤੇ ਤਿੰਨ ਮਹੀਨੇ ਹੋਰ ਰੁਕ ਜਾਵੋ। ਸੁਨੇਹਾ ਆ ਸਕਦਾ ਹੈ।” ਮੈਂ ਵਕੀਲ ਦੇ ਕਹਿਣ ‘ਤੇ ਵੀ ਆਪਣਾ ਇਰਾਦਾ ਨਾ ਬਦਲਿਆ। ਇੰਡੀਅਨ ਅੰਬੈਂਸੀ ਤੋਂ ਐਮਰਜੈਂਸੀ ਸਲਿੱਪ ਲਿਆ ਕੇ ਦਿੱੱਲੀ ਦੀ ਟਿਕਟ ਕਟਵਾ ਲਈ ਤੇ ਹੁਣ ਸਾਨ ਫਰਾਂਸਿਸਕੋ ਤੋਂ ਜਹਾਜ਼ ਚੜ੍ਹਨ ਜਾ ਰਿਹਾ ਸਾਂ।
ਜ਼ੋਰ ਦੇ ਖੜਾਕ ਨੇ ਮੈਨੂੰ ਅਤੀਤ ਵਿਚੋਂ ਵਾਪਸ ਮੋੜ ਲਿਆਂਦਾ। ਮੇਰੇ ਮਿੱਤਰ ਤੋਂ ਕਿਸੇ ਦੀ ਕਾਰ ਵਿਚ ਕਾਰ ਵੱਜ ਗਈ ਸੀ। ਅਗਲੇ ਨੇ ਪੁਲਿਸ ਨੂੰ ਕਾਲ ਕਰ ਦਿੱਤੀ। ਅਸੀਂ ਪਹਿਲਾਂ ਹੀ ਲੇਟ ਹੋ ਚੁੱਕੇ ਸੀ, ਉਪਰੋਂ ਆਹ ਝੰਜਟ ਗਲ ਪੈ ਗਿਆ। ਪੁਲਿਸ ਆਈ, ਆਪਣੀ ਕਾਰਵਾਈ ਕੀਤੀ। ਉਹ ਕਾਰ ਵਾਲਾ ਤਾਂ ਚਲਿਆ ਗਿਆ ਪਰ ਸਾਡੀ ਕਾਰ ਅਗਾਂਹ ਤੁਰਨ ਵਾਲੀ ਨਾ ਰਹੀ। ਕਾਰ ਦੇ ਅੱਗਿਉਂ ਆਵਾਜ਼ਾਂ ਆਉਣ ਲੱਗੀਆਂ। ਫਿਰ ਕਾਰ ਟੋਅ ਕਰਵਾਈ ਤੇ ਰੈਂਟ ‘ਤੇ ਕਾਰ ਲੈ ਕੇ ਏਅਰਪੋਰਟ ਪੁੱਜੇ। ਅੱਗਿਉਂ ਜਵਾਬ ਮਿਲਿਆ ਕਿ ‘ਸੌਰੀ, ਜਹਾਜ਼ ਤੁਹਾਡੀ ਉਡੀਕ ਕਰਦਾ ਉਡ ਗਿਆ ਹੈ।’ ਅਗਲੀ ਉਡਾਣ ਲਈ ਗੱਲ ਕੱਲ੍ਹ-ਪਰਸੋਂ ‘ਤੇ ਜਾ ਪਈ। ਮੂੰਹ ਲਟਕਾ ਕੇ ਵਾਪਸ ਮੁੜ ਪਏ। ਪਿੰਡ ਫੋਨ ਕਰ ਕੇ ਉਡਾਣ ਲੇਟ ਹੋਣ ਦਾ ਕਾਰਨ ਦੱਸਿਆ। ਸਾਰਾ ਦਿਨ ਖੱਜਲ ਖੁਆਰੀ ਕਰ ਕੇ ਵਾਪਸ ਮੁੜੇ ਹੋਣ ਕਰ ਕੇ ਝੱਟ ਨੀਂਦ ਆ ਗਈ। ਸਵੇਰੇ ਉਠਿਆ ਇਸ਼ਨਾਨ ਕਰ ਕੇ ਬਾਣੀ ਪੜ੍ਹੀ ਤੇ ਗੁਰਦੁਆਰੇ ਚਲਿਆ ਗਿਆ। ਏਅਰਲਾਈਨਜ਼ ਵਾਲਿਆਂ ਨੂੰ ਫੋਨ ਕੀਤਾ ਤਾਂ ਉਨ੍ਹਾਂ ਨੇ ਅਗਾਂਹ ਦੋ ਦਿਨ ਦਾ ਸਮਾਂ ਦੇ ਦਿੱਤਾ। ਮਨ ਬਹੁਤ ਉਦਾਸ ਹੋਇਆ। ਫਿਰ ਮੂੰਹੋਂ ਨਿਕਲਿਆ ਕਿ ਰੱਬਾ ਹੁਣ ਮੈਂ ਵਤਨਾਂ ਨੂੰ ਜਾਣਾ ਚਾਹੁੰਦਾ ਹਾਂ, ਮੈਨੂੰ ਜਾਣ ਦੇ! ਕਿਉਂ ਅੜਿੱਕੇ ਖੜ੍ਹੇ ਕਰੀ ਜਾਂਦਾ ਹੈਂ? ਮਨ ਵਿਚ ਹੀ ਰੱਬ ਨਾਲ ਸਵਾਲ-ਜਵਾਬ ਕਰ ਰਿਹਾ ਸਾਂ। ਫਿਰ ਰਾਤ ਨੂੰ ਮਿੱਤਰ ਆਇਆ, ਉਹਦੇ ਨਾਲ ਗੱਲਾਂ ਕਰਦਾ ਕਰਦਾ ਸੌਂ ਗਿਆ।
ਸਵੇਰੇ ਉਠੇ। ਫਿਰ ਬਾਣੀ ਪੜ੍ਹ ਕੇ ਗੁਰੂ ਘਰ ਚਲੇ ਗਏ। ਵਾਪਸ ਮੁੜੇ ਤਾਂ ਮਿੱਤਰ ਮੈਨੂੰ ਕਹਿੰਦਾ, “ਚੱਲ ਜਾਂਦੇ ਜਾਂਦੇ ਮੇਲ ਬਾਕਸ ਦੇਖ ਲਈਏ, ਕੋਈ ਚਿੱਠੀ ਪੱਤਰ ਆਇਆ ਹੋਊ।” ਮੈਂ ਕਿਹਾ, “ਚੱਲ ਸਿੱਧਾ ਘਰ ਨੂੰ, ਆਇਆ ਹੋਊ ਤੇਰਾ ਗਰੀਨ ਕਾਰਡ!” ਉਹ ਮੇਲ ਬਾਕਸ ਦੇਖ ਕੇ ਆਇਆ ਤਾਂ ਮੇਰੇ ਨਾਂ ਦੀ ਇਮੀਗਰੇਸ਼ਨ ਵੱਲੋਂ ਭੇਜੀ ਚਿੱਠੀ ਮੈਨੂੰ ਫੜਾ ਦਿੱਤੀ। ਮੈਂ ਝੱਟ ਦੇਣੇ ਚਿੱਠੀ ਖੋਲ੍ਹੀ ਤੇ ਪੜ੍ਹਿਆ ਕਿ ਤੁਹਾਡਾ ਅਸਾਇਲਮ ਦਾ ਕੇਸ ਪਾਸ ਹੋ ਗਿਆ ਹੈ। ਮੈਨੂੰ ਯਕੀਨ ਨਾ ਆਵੇ। ਮਿੱਤਰ ਨੇ ਝੱਟ ਮੇਰੇ ਵਕੀਲ ਨੂੰ ਫੋਨ ਕੀਤਾ ਤਾਂ ਉਸ ਨੇ ਕਿਹਾ ਕਿ ਚਿੱਠੀ ਮੈਨੂੰ ਫੈਕਸ ਕਰ ਦੇਵੋ। ਅਸੀਂ ਸਟੋਰ ਤੋਂ ਚਿੱਠੀ ਫੈਕਸ ਕੀਤੀ, ਤਾਂ ਵਕੀਲ ਦਾ ਫੋਨ ਆ ਗਿਆ ਕਿ ਤੈਨੂੰ ਇੱਥੇ ਰਹਿਣ ਦੀ ਆਗਿਆ ਮਿਲ ਗਈ ਹੈ, ਤੇ ਤੂੰ ਆਪਣੇ ਬੱਚੇ ਤੇ ਘਰਵਾਲੀ ਲਈ ਅਪਲਾਈ ਕਰ ਸਕਦਾ ਹੈਂ। ਫਿਰ ਕੀ ਸੀ! ਅਟੈਚੀਆਂ ਤੋਂ ਹਰੀ ਰੱਸੀ ਖੋਲ੍ਹ ਦਿੱਤੀ। ਪਿੰਡ ਫੋਨ ਘੁਮਾ ਕੇ ਦੱਸ ਦਿੱਤਾ ਕਿ ਪਰਮਾਤਮਾ ਨੇ ਮਿਹਰ ਕਰ ਦਿੱਤੀ ਹੈ। ਝੱਟ ਹੀ ਸਭ ਕੁਝ ਬਦਲ ਗਿਆ। ਟਿਕਟ ਮੋੜ ਦਿੱਤੀ ਤੇ ਬੱਚਿਆਂ ਦੇ ਪੇਪਰ ਅਪਲਾਈ ਕਰਨ ਲੱਗਿਆ। ਮਸਾਂ ਨੌਂ ਮਹੀਨੇ ਲੱਗੇ, ਘਰਵਾਲੀ ਤੇ ਬੱਚਿਆਂ ਨੂੰ ਇਥੇ ਆਉਂਦਿਆਂ। ਸਾਰਾ ਪਰਿਵਾਰ ਅੰਮ੍ਰਿਤਧਾਰੀ ਹੋ ਗਿਆ। ਪਰਮਾਤਮਾ ਦਾ ਲੱਖ ਲੱਖ ਸ਼ੁਕਰ ਹੈ।
ਇਹ ਹੱਡ-ਬੀਤੀ ਮਨਜਿੰਦਰ ਸਿੰਘ ਲਾਡੀ ਦੀ ਹੈ। ਉਸ ਦਾ ਕਹਿਣਾ ਹੈ ਕਿ ਜੇ ਪਰਮਾਤਮਾ ਚਾਹੇ ਤਾਂ ਚੱਪੂ ਤੋਂ ਬਿਨਾਂ ਵੀ ਕਿਸ਼ਤੀ ਕਿਨਾਰੇ ਲਾ ਦਿੰਦਾ ਹੈ।

Be the first to comment

Leave a Reply

Your email address will not be published.