ਸਰਬ ਸਬਦੰ ਏਕ ਸਬਦੰ ਜੇ ਕੋ ਜਾਣੈ ਭੇਉ

ਡਾæ ਗੁਰਨਾਮ ਕੌਰ, ਕੈਨੇਡਾ
ਇਹ ਸਲੋਕ ਦੂਸਰੀ ਨਾਨਕ ਜੋਤਿ ਗੁਰੂ ਅੰਗਦ ਦੇਵ ਜੀ ਦਾ ਹੈ। ਹਿੰਦੂ ਧਰਮ ਸ਼ਾਸਤਰਾਂ ਅਨੁਸਾਰ ਸਮਾਜ ਨੂੰ ਚਾਰ ਵਰਣਾਂ ਵਿਚ ਵੰਡਿਆ ਗਿਆ ਹੈ। ਵਰਣ ਦਾ ਅਰਥ ḔਰੰਗḔ ਹੁੰਦਾ ਹੈ। ਹਰ ਵਰਣ ਲਈ ਅਲੱਗ ਅਲੱਗ ḔਧਰਮḔ ਥਾਪਿਆ ਗਿਆ ਹੈ। ਇਹ ਚਾਰ ਵਰਣ ਹਨ ਬ੍ਰਾਹਮਣ ਜਿਨ੍ਹਾਂ ਦਾ ਧਰਮ ਹੈ ਵੇਦਾਂ ਦਾ ਪਠਨ-ਪਾਠਣ ਅਤੇ ਵੇਦਾਂ ਅਨੁਸਾਰ ਪੂਜਾ-ਵਿਧੀਆਂ, ਯੱਗ ਆਦਿ ਕਰਨਾ ਅਤੇ ਕਰਾਉਣਾ, ਦੂਸਰਾ ਵਰਣ ਖੱਤਰੀ ਹਨ ਜਿਨ੍ਹਾਂ ਦਾ ਧਰਮ ਦੇਸ਼ ਦੀ ਅੰਦਰੂਨੀ ਤੇ ਬਾਹਰੀ ਹਮਲਿਆਂ ਤੋਂ ਰੱਖਿਆ ਕਰਨਾ ਹੈ। ਤੀਸਰਾ ਵਰਣ ਵੈਸ਼ ਕਹਿਲਾਉਂਦਾ ਸੀ ਜਿਨ੍ਹਾਂ ਦਾ ਧਰਮ ਸਮਾਜ ਵਾਸਤੇ ਅੰਨ ਪੈਦਾ ਕਰਨਾ ਅਤੇ ਵਪਾਰ ਆਦਿ ਕਰਨਾ। ਚੌਥੇ ਵਰਣ ਵਿਚ ਸ਼ੂਦਰ ਆਉਂਦੇ ਹਨ ਜਿਨ੍ਹਾਂ ਦਾ ਧਰਮ ਉਪਰਲੇ ਵਰਣਾਂ ਦੀ ਸੇਵਾ ਕਰਨਾ ਮੰਨਿਆ ਗਿਆ ਹੈ। ਸਿੱਖ ਧਰਮ ਵਿਚ ਇਸ ਕਿਸਮ ਦੀ ਵਰਣ-ਵੰਡ ‘ਤੇ ਆਧਾਰਤ ਧਰਮ ਦੀ ਪਰਿਭਾਸ਼ਾ ਨੂੰ ਨਹੀਂ ਮੰਨਿਆ ਗਿਆ।
ਗੁਰਮਤਿ ਅਨੁਸਾਰ ਹਰ ਇਨਸਾਨ ਨੂੰ ਉਸ ਇੱਕ ਪਰਮਾਤਮਾ ਦੀ ਭਗਤੀ ਕਰਨ ਦਾ ਇੱਕੋ ਜਿਹਾ ਅਧਿਕਾਰ ਹੈ। ਇਸੇ ਵੱਲ ਸੰਕੇਤ ਕਰਦਿਆਂ ਗੁਰੂ ਅੰਗਦ ਦੇਵ ਜੀ ਨੇ ਇਸ ਸਲੋਕ ਵਿਚ ਦੱਸਿਆ ਹੈ ਕਿ ਜੋਗ ਦਾ ਧਰਮ ਗਿਆਨ ਪ੍ਰਾਪਤ ਕਰਨਾ ਹੈ ਅਰਥਾਤ ਬ੍ਰਹਮ ‘ਤੇ ਵਿਚਾਰ ਕਰਨਾ ਜੋਗੀਆਂ ਦਾ ਧਰਮ ਹੈ, ਬ੍ਰਾਹਮਣਾਂ ਦਾ ਧਰਮ ਵੇਦਾਂ ਦੀ ਵਿਚਾਰ ਕਰਨਾ ਹੈ, ਖੱਤਰੀਆਂ ਦਾ ਧਰਮ ਬਹਾਦਰਾਂ ਵਾਲੇ ਕੰਮ ਕਰਨਾ ਹੈ ਅਤੇ ਸ਼ੂਦਰਾਂ ਦਾ ਧਰਮ ਹੈ ਦੂਸਰਿਆਂ ਦੀ ਸੇਵਾ ਕਰਨੀ। (ਸਿੱਖ ਧਰਮ ਵਿਚ ਜਾਤ-ਪਾਤ ਵੰਡ ਦੀ ਮਨਾਹੀ ਹੈ, ਨਾ ਹੀ ਜੋਗ ਵਗੈਰਾ ਨੂੰ ਪਰਮਾਤਮਾ ਦੀ ਪ੍ਰਾਪਤੀ ਦਾ ਸਾਧਨ ਮੰਨਿਆ ਗਿਆ ਹੈ, ਸਿੱਖ ਧਰਮ ਵੇਦਾਂ ਵਿਚ ਵੀ ਵਿਸ਼ਵਾਸ਼ ਨਹੀਂ ਕਰਦਾ। ਇਸ ਲਈ ਉਪਰ ਦਿੱਤੇ ਖਿਆਲ ਪ੍ਰਚੱਲਿਤ ਪਰੰਪਰਾ ਪ੍ਰਤੀ ਹਨ)। ਗੁਰੂ ਅੰਗਦ ਦੇਵ ਗੁਰਮਤਿ ਦਾ ਵਿਚਾਰ ਦਿੰਦੇ ਹੋਏ ਕਹਿੰਦੇ ਹਨ ਕਿ ਸਾਰਿਆਂ ਦਾ ਮੁੱਖ ਧਰਮ ਇਹ ਹੈ ਕਿ ਉਸ ਇੱਕੋ-ਇੱਕ ਹਸਤੀ ਅਕਾਲ ਪੁਰਖ ਦਾ ਸਿਮਰਨ ਕਰੀਏ। ਗੁਰੂ ਸਾਹਿਬ ਅੱਗੇ ਕਹਿੰਦੇ ਹਨ ਕਿ ਜਿਹੜਾ ਮਨੁੱਖ ਇਸ ਭੇਦ ਨੂੰ ਜਾਣਦਾ ਹੈ, ਉਹ ਉਸ ਦਾ ਦਾਸ ਹੈ ਅਤੇ ਅਜਿਹਾ ਮਨੁੱਖ ਅਕਾਲ ਪੁਰਖ ਦਾ ਰੂਪ ਹੈ,
ਜੋਗ ਸਬਦੰ ਗਿਆਨ ਸਬਦੰ ਬੇਦ ਸਬਦੰ ਬ੍ਰਾਹਮਣਹ॥
ਖਤ੍ਰੀ ਸਬਦੰ ਸੂਰ ਸਬਦੰ ਸੂਦ੍ਰ ਸਬਦੰ ਪਰਾਕ੍ਰਿਤਹ॥
ਸਰਬ ਸਬਦੰ ਏਕ ਸਬਦੰ ਜੇ ਕੋ ਜਾਣੈ ਭੇਉ॥
ਨਾਨਕੁ ਤਾ ਕਾ ਦਾਸੁ ਹੈ ਸੋਈ ਨਿਰੰਜਨ ਦੇਉ॥੨॥ (ਪੰਨਾ ੪੬੯)
ਸਿੱਖ ਧਰਮ ਦੇਵੀ ਦੇਵਤਿਆਂ ਦੀ ਅੱਡਰੀ ਹਸਤੀ ਵਿਚ ਵੀ ਵਿਸ਼ਵਾਸ ਨਹੀਂ ਕਰਦਾ। ਜੇ ਕੋਈ ਦੇਵੀ ਦੇਵਤੇ ਹਨ ਵੀ ਤਾਂ ਉਹ ਕੋਈ ਸੁਤੰਤਰ ਸ਼ਕਤੀਆਂ ਨਹੀਂ ਹਨ, ਬਾਕੀ ਸ੍ਰਿਸ਼ਟੀ ਦੀ ਤਰ੍ਹਾਂ ਹੀ ਉਹ ਵੀ ਪਰਮਾਤਮਾ ਦੀ ਰਚਨਾ ਹਨ। ਜਿਸ ਤਰ੍ਹਾਂ ਬਾਕੀ ਸ੍ਰਿਸ਼ਟੀ ਵਿਚ ਕਰਤਾ ਪੁਰਖ ਰਮ ਰਿਹਾ ਹੈ, ਉਸੇ ਤਰ੍ਹਾਂ ਉਹ ਦੇਵੀ-ਦੇਵਤਿਆਂ ਵਿਚ ਵੀ ਰਮ ਰਿਹਾ ਹੈ। ਇੱਕ ਗੱਲ ਹੋਰ ਸਪਸ਼ਟ ਕਰਨੀ ਜ਼ਰੂਰੀ ਹੈ। ਗੁਰੂ ਅੰਗਦ ਦੇਵ ਜੀ ਦੇ ਅਗਲੇ ਸਲੋਕ ਵਿਚ ਲਫਜ਼ Ḕਕ੍ਰਿਸਨੰḔ ਤੇ ḔਬਾਸਦੇਵਸੁḔ ਪਰਮਾਤਮਾ ਲਈ ਆਇਆ ਹੈ। ਜਿੱਥੇ ਕਿਤੇ ਹਿੰਦੂ ਅਵਤਾਰ Ḕਕ੍ਰਿਸ਼ਨḔ ਜਾਂ Ḕਰਾਮਚੰਦ੍ਰḔ ਦੀ ਗੱਲ ਕੀਤੀ ਹੈ, ਉਥੇ ਉਨ੍ਹਾਂ ਦਾ ਖਾਸ ਨਾਮ ਵਰਤਿਆ ਹੈ ਅਤੇ ਉਨ੍ਹਾਂ ਨੂੰ ਆਮ ਤੌਰ ‘ਤੇ ḔਰਾਜਾḔ ਕਰਕੇ ਸੰਬੋਧਨ ਕੀਤਾ ਹੈ, ਪਰਮਾਤਮਾ ਕਰਕੇ ਨਹੀਂ। ਗੁਰੂ ਅੰਗਦ ਦੇਵ ਨੇ ਫ਼ਰਮਾਇਆ ਹੈ ਕਿ ਇੱਕ ਕਰਤਾ ਪੁਰਖ ਹੀ ਸਾਰੇ ਦੇਵਤਿਆਂ ਦੀ ਆਤਮਾ ਹੈ। ਉਹ ਦੇਵਤਿਆਂ ਦੇ ਦੇਵਤਿਆਂ ਦੀ ਵੀ ਆਤਮਾ ਹੈ, ਅਰਥਾਤ ਜਿਨ੍ਹਾਂ ਨੂੰ ਪਰਮਦੇਵ ਮੰਨਿਆ ਜਾਂਦਾ ਹੈ, ਉਨ੍ਹਾਂ ਦਾ ਵੀ ਸਰਬ-ਉਚ ਹੈ। ਜਿਹੜਾ ਮਨੁੱਖ ਪਰਮਾਤਮਾ ਦੇ ਆਤਮਾ ਦਾ ਭੇਤ ਜਾਣ ਲੈਂਦਾ ਹੈ, ਭਾਵ ਜਿਸ ਨੂੰ ਉਸ ਦੀ ਸਰਬ-ਵਆਪਕਤਾ ਅਤੇ ਸਭ ਦਾ ਕਰਤਾਪੁਰਖ ਹੋਣ ਦੀ ਗੱਲ ਸਮਝ ਆ ਜਾਂਦੀ ਹੈ, ਉਸ ਦੇ ਆਤਮਾ ਦਾ ਰੂਪ ਹੋਣ ਦੀ ਸਮਝ ਲੱਗ ਜਾਂਦੀ ਹੈ, ਗੁਰੂ ਆਪ ਵੀ ਉਸ ਅੱਗੇ ਸੀਸ ਨਿਵਾਉਂਦੇ ਹਨ,
ਏਕ ਕ੍ਰਿਸਨੰ ਸਰਬ ਦੇਵਾ ਦੇਵ ਦੇਵਾ ਤ ਆਤਮਾ॥
ਆਤਮਾ ਬਾਸੁਦੇਵਸ੍ਹਿ ਜੇ ਕੋ ਜਾਣੈ ਭੇਉ॥
ਨਾਨਕੁ ਤਾ ਕਾ ਦਾਸੁ ਹੈ ਸੋਈ ਨਿਰੰਜਨ ਦੇਉ॥ (ਪੰਨਾ ੪੬੯)
ਅਗਲੇ ਸਲੋਕ ਵਿਚ ਗੁਰੂ ਨਾਨਾਕ ਜਲ ਅਤੇ ਘੜੇ ਦੇ ਪ੍ਰਤੀਕ ਰਾਹੀਂ ਸਮਝਾਉਂਦੇ ਹਨ ਕਿ ਮਨੁੱਖ ਵਾਸਤੇ ਮਨ ਨੂੰ ਸਹੀ ਰਸਤੇ ‘ਤੇ ਤੋਰਨ ਲਈ ਗੁਰੂ ਦੀ ਅਗਵਾਈ ਹੀ ਕੰਮ ਆਉਂਦੀ ਹੈ। ਪਾਣੀ ਘੜੇ ਜਾਂ ਕਿਸੇ ਭਾਂਡੇ ਦੇ ਵਿਚ ਪਾਇਆ ਹੋਇਆ ਹੀ ਇੱਕ ਥਾਂ ਤੇ ਅਡੋਲ ਟਿਕਿਆ ਰਹਿ ਸਕਦਾ ਹੈ। ਪਰ ਇਸ ਦੇ ਨਾਲ ਹੀ ਸੱਚਾਈ ਇਹ ਵੀ ਹੈ ਕਿ ਜਲ ਤੋਂ ਬਿਨਾਂ ਘੜਾ ਨਹੀਂ ਹੋ ਸਕਦਾ। ਕਹਿਣ ਤੋਂ ਭਾਵ ਹੈ ਕਿ ਮਿੱਟੀ ਨੂੰ ਪਾਣੀ ਨਾਲ ਗੋਹ ਕੇ ਹੀ ਉਸ ਤੋਂ ਘੜਾ ਬਣਾਇਆ ਜਾ ਸਕਦਾ ਹੈ। ਇਸੇ ਤਰ੍ਹਾਂ ਮਨੁੱਖ ਦਾ ਮਨ ਗਿਆਨ ਰਾਹੀਂ ਹੀ ਵਿਕਾਰਾਂ ਵਲੋਂ ਮੁੜ ਕੇ ਟਿਕਾਉ ਵਿਚ ਰਹਿੰਦਾ ਹੈ, ਗਿਆਨ ਰਾਹੀਂ ਹੀ ਅਡੋਲ ਅਵਸਥਾ ਵਿਚ ਆਉਂਦਾ ਹੈ ਪਰ ਗਿਆਨ ਗੁਰੂ ਤੋਂ ਬਿਨਾਂ ਪ੍ਰਾਪਤ ਨਹੀਂ ਹੁੰਦਾ,
ਕੁੰਭੇ ਬਧਾ ਜਲੁ ਰਹੈ ਜਲ ਬਿਨੁ ਕੁੰਭੁ ਨ ਹੋਇ॥
ਗਿਆਨ ਕਾ ਬਧਾ ਮਨੁ ਰਹੈ ਗੁਰ ਬਿਨੁ ਗਿਆਨੁ ਨ ਹੋਇ॥੪॥ (ਪੰਨਾ ੪੬੯)
ਅੱਗੇ ਪਉੜੀ ਵਿਚ ਗੁਰੂ ਨਾਨਕ ਦੱਸਦੇ ਹਨ ਕਿ ਮਨੁੱਖ ਦੇ ਚੰਗਾ ਜਾਂ ਮੰਦਾ ਹੋਣ ਦਾ ਨਿਬੇੜਾ ਅੱਗੇ ਪਰਮਾਤਮਾ ਦੀ ਦਰਗਾਹ ਵਿਚ ਜਾ ਕੇ ਉਸ ਦੇ ਕੀਤੇ ਹੋਏ ਕਰਮਾਂ ਅਨੁਸਾਰ ਹੁੰਦਾ ਹੈ। ਗੁਰੂ ਸਾਹਿਬ ਅਨੁਸਾਰ ਜੇ ਪੜ੍ਹਿਆ ਲਿਖਿਆ ਮਨੁੱਖ ਅਰਥਾਤ ਜਿਸ ਨੂੰ ਸ਼ਬਦੀ ਗਿਆਨ ਹੈ, ਜਿਸ ਨੂੰ ਠੀਕ ਜਾਂ ਗਲਤ ਦਾ ਪਤਾ ਹੋਣਾ ਚਾਹੀਦਾ ਹੈ, ਬੁਰੇ ਕੰਮ ਕਰਦਾ ਹੈ, ਮੰਦੇ ਕਰਮ ਕਰਦਾ ਹੈ ਤਾਂ ਉਸ ਨੂੰ ਦੇਖ ਕੇ ਅਨਪੜ੍ਹ ਮਨੁੱਖ ਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਮੇਰਾ ਕੀ ਬਣੇਗਾ? ਕਿਉਂਕਿ ਜੇ ਅਨਪੜ੍ਹ ਮਨੁੱਖ ਚੰਗੇ ਕਰਮ ਕਰਦਾ ਹੈ, ਉਸ ਨੂੰ ਮਾਰ ਨਹੀਂ ਪੈਂਦੀ। ਉਸ ਸੱਚੇ ਦੀ ਦਰਗਾਹ ਵਿਚ ਫ਼ੈਸਲਾ ਕੀਤੇ ਹੋਏ ਕਰਮਾਂ ਅਨੁਸਾਰ ਹੋਣਾ ਹੈ, ਪੜ੍ਹਿਆ ਜਾਂ ਅਨਪੜ੍ਹ ਹੋਣ ‘ਤੇ ਨਹੀਂ। ਜਿਸ ਕਿਸਮ ਦੇ ਮਨੁੱਖ ਕਰਮ ਕਰਦਾ ਹੈ, ਉਹੋ ਜਿਹਾ ਹੀ ਉਸ ਦਾ ਨਾਮ ਰੋਸ਼ਨ ਹੋ ਜਾਂਦਾ ਹੈ, ਬਣ ਜਾਂਦਾ ਹੈ। ਇਸ ਲਈ ਮਨੁੱਖ ਨੂੰ ਇਹੋ ਜਿਹੀ ਖੇਡ ਨਹੀਂ ਖੇਡਣੀ ਚਾਹੀਦੀ ਜਿਸ ਨਾਲ ਉਹ ਜਨਮ-ਰੂਪੀ ਬਾਜ਼ੀ ਹਾਰ ਜਾਵੇ ਅਰਥਾਤ ਉਸ ਨੂੰ ਪਰਵਦਗਾਰ ਦੀ ਦਰਗਾਹ ਵਿਚ ਸ਼ਰਮਿੰਦਿਆਂ ਹੋਣਾ ਪਵੇ। ਮਨੁੱਖ ਭਾਵੇਂ ਪੜ੍ਹਿਆ ਹੋਵੇ ਭਾਵੇਂ ਅਨਪੜ੍ਹ, ਪਰਮਾਤਮਾ ਦੀ ਦਰਗਾਹ ਵਿਚ ਕੇਵਲ ਮਨੁੱਖ ਦੇ ਗੁਣਾਂ ਦੀ ਵਿਚਾਰ ਹੀ ਕਬੂਲ ਪੈਂਦੀ ਹੈ। ਜਿਹੜਾ ਮਨੁੱਖ ਆਪਣੀ ਮਰਜ਼ੀ ਅਨੁਸਾਰ ਹੀ ਤੁਰਦਾ ਹੈ, ਆਪਣੇ ਮਨ ਦੇ ਮਗਰ ਲੱਗ ਕੇ ਤੁਰਦਾ ਹੈ, ਉਹ ਅੱਗੇ ਜਾ ਕੇ ਮਾਰ ਖਾਂਦਾ ਹੈ,
ਪੜਿਆ ਹੋਵੈ ਗੁਨਹਗਾਰੁ ਤਾ ਓਮੀ ਸਾਧੁ ਨ ਮਾਰੀਐ॥
ਜੇਹਾ ਘਾਲੇ ਘਾਲਣਾ ਤੇਵੇਹੋ ਨਾਉ ਪਚਾਰੀਐ॥ (ਪੰਨਾ ੪੬੯)
ਗੁਰਮਤਿ ਵਿਚਾਰਧਾਰਾ ਵਿਚ ਅਕਾਲ ਪੁਰਖ ਦੀ ਕੀਤੀ ਰਚਨਾ ਵਿਚ ਜੀਵਾਂ ਦੀਆਂ ਸਾਰੀਆਂ ਜੂਨਾਂ ਵਿਚੋਂ ਮਨੁੱਖ ਦੀ ਜੂਨ ਨੂੰ ਸਭ ਤੋਂ ਉਤਮ ਤੇ ਸ੍ਰੇਸ਼ਟ ਮੰਨਿਆ ਗਿਆ ਹੈ। ਮਨੁੱਖ ਕਿਸੇ ਵਿਵਰਜਤ ਫਲ ਖਾਣ ਕਰਕੇ ਸਵਰਗ ਵਿਚੋਂ ਨਹੀਂ ਸੁੱਟਿਆ ਗਿਆ ਅਤੇ ਨਾ ਹੀ ਪਿਛਲੇ ਕੀਤੇ ਮੰਦੇ ਕਰਮਾਂ ਕਰਕੇ ਉਨ੍ਹਾਂ ਦੀ ਸਜਾ ਭੋਗਣ ਲਈ ਇਸ ਸੰਸਾਰ ‘ਤੇ ਆਇਆ ਹੈ। ਬਲਕਿ ਇਸ ਸਭ ਦੇ ਉਲਟ ਮਨੁੱਖ ਇਸ ਸੰਸਾਰ ‘ਤੇ ਉਦੋਂ ਜਨਮ ਲੈਂਦਾ ਹੈ ਜਦੋਂ ਉਸ ਉਤੇ ਅਕਾਲ ਪੁਰਖ ਦੀ ਅਪਾਰ ਕਿਰਪਾ ਹੁੰਦੀ ਹੈ, ਮਿਹਰ ਹੁੰਦੀ ਹੈ। ਅਕਾਲ ਪੁਰਖ ਵਲੋਂ ਮਨੁੱਖ ਨੂੰ ਬਖ਼ਸ਼ਿਆ ਗਿਆ ਇਹ ਹੀ ਇੱਕ ਅਜਿਹਾ ਅਵਸਰ ਹੈ, ਮੌਕਾ ਹੈ ਜਦੋਂ ਮਨੁੱਖ ਆਪਣੇ ਜੋਤਿ-ਸਰੂਪ ਹੋਣ ਦਾ ਅਨੁਭਵ ਕਰ ਸਕਦਾ ਹੈ, ਆਪਣੇ ਅਸਲੇ ਜਾਂ ਮੂਲ ਨੂੰ ਪਛਾਣ ਕੇ ਉਸ ਨਾਲ ਇੱਕ-ਮਿੱਕ ਹੋ ਸਕਦਾ ਹੈ। ਇਸੇ ਤੱਥ ਨੂੰ ਗੁਰੂ ਨਾਨਕ ਸਾਹਿਬ ਅਗਲੇ ਸਲੋਕ ਵਿਚ ਦ੍ਰਿੜ ਕਰਾਉਂਦੇ ਹਨ।
ਇਥੇ ਇੱਕ ਗੱਲ ਹੋਰ ਸਪੱਸ਼ਟ ਕਰਨੀ ਬਣਦੀ ਹੈ। ਵੈਦਿਕ ਸ਼ਾਸਤਰਾਂ ਅਨੁਸਾਰ ਸਮੇਂ ਨੂੰ ਚਾਰ ਜੁਗਾਂ ਸਤਿਜੁਗ, ਤ੍ਰੇਤਾ, ਦੁਆਪਰ ਅਤੇ ਕਲਿਜੁਗ ਵਿਚ ਵੰਡਿਆ ਗਿਆ ਹੈ ਅਤੇ ਹਰ ਜੁਗ ਵਿਚ ਧਰਮ ਦਾ ਸਥਾਨ ਮੁਕੱਰਰ ਕੀਤਾ ਗਿਆ ਹੈ। ਗੁਰਮਤਿ ਅਨੁਸਾਰ ਇਹ ਜੁਗ ਕਿਸੇ ਖਾਸ ਸਮੇਂ ‘ਤੇ ਨਹੀਂ ਵਾਪਰਦੇ। ਜਦੋਂ ਮਨੁੱਖ ਸਤਿ, ਸੰਤੋਖ, ਗਿਆਨ, ਦਇਆ ਆਦਿ ਬਿਰਤੀਆਂ ਅਨੁਸਾਰ ਚੱਲਦਾ ਹੈ, ਉਦੋਂ ਸਤਿਜੁਗ ਹੁੰਦਾ ਹੈ ਅਤੇ ਜਦੋਂ ਪੰਜ ਵਿਕਾਰਾਂ-ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਆਦਿ ਦੇ ਅਧੀਨ ਹੋ ਕੇ ਮਨ ਗਲਤ ਕੰਮ ਕਰਦਾ ਹੈ ਤਾਂ ਕਲਿਜੁਗ ਹੁੰਦਾ ਹੈ। ਇਸੇ ਤਰ੍ਹਾਂ ḔਮੇਰੂḔ ਪਰਬਤ ਨੂੰ ਸ਼੍ਰੋਮਣੀ ਮੰਨਿਆ ਜਾਂਦਾ ਹੈ, ਜਿਸ ਦੇ ਦੁਆਲੇ ਸਾਰੇ ਗ੍ਰਹਿ ਚੱਕਰ ਕੱਟਦੇ ਹਨ, ਇਸ ਨੂੰ ਸਾਰੇ ਦੀਪਾਂ ਦਾ ਕੇਂਦਰ ਮੰਨਿਆ ਗਿਆ ਹੈ ਜਿਸ ਵਿਚ ਸੋਨਾ ਤੇ ਹੀਰੇ ਮਿਲਦੇ ਹਨ। ਮਾਲਾ ਦੇ ਇੱਕ ਸੌ ਅੱਠ ਮਣਕਿਆਂ ਵਿਚ ਸ਼ਰੋਮਣੀ ਮਣਕਾ ਵੀ ḔਮੇਰੂḔ ਮੰਨਿਆ ਗਿਆ ਹੈ। ਇਸੇ ਤਰ੍ਹਾਂ ਅਕਾਲ ਪੁਰਖ ਦੀ ਬੇਅੰਤ ਰਚਨਾ ਵਿਚ ਜੀਵਾਂ ਵਿਚੋਂ ਮਨੁੱਖ ਨੂੰ ਸ਼੍ਰੋਮਣੀ ਅਰਥਾਤ ḔਮੇਰੂḔ ਮੰਨਿਆ ਗਿਆ ਹੈ। ਗੁਰੂ ਨਾਨਕ ਸਹਿਬ ਨੇ ਇਸ ਸ਼੍ਰੋਮਣੀ ਸਰੀਰ ਨੂੰ, ਮਨੁੱਖ ਨੂੰ ਇੱਕ ਰਥ ਨਾਲ ਉਪਮਾ ਦਿੱਤੀ ਹੈ।
ਗੁਰੂ ਨਾਨਕ ਸਾਹਿਬ ਇਸ ਸਲੋਕ ਵਿਚ ਦੱਸਦੇ ਹਨ ਕਿ ਚੌਰਾਸੀ ਲੱਖ ਜੂਨਾਂ ਵਿਚੋਂ ਮਨੁੱਖ ਦਾ ਸਰੀਰ ਸ਼੍ਰੋਮਣੀ ਹੈ ਜਿਸ ਦਾ ਇੱਕ ਰਥ ਹੈ ਅਤੇ ਇੱਕ ਉਸ ਨੂੰ ਚਲਾਉਣ ਵਾਲਾ ਰਥਵਾਹ ਹੈ, ਜਿਸ ਨੇ ਲੰਬਾ ਜੀਵਨ-ਪੰਧ ਮੁਕਾਉਣਾ ਹੈ। ਹਰ ਇੱਕ ਜੁਗ ਵਿਚ ਇਹ ਰਥ ਅਤੇ ਇਸ ਦਾ ਰਥਵਾਹ ਬਦਲਦੇ ਰਹਿੰਦੇ ਹਨ ਅਤੇ ਇਸ ਭੇਦ ਨੂੰ ਸਿਆਣੇ ਮਨੁੱਖ ਸਮਝਦੇ ਹਨ। ਸਤਿਜੁਗ ਵਿਚ ਮਨੁੱਖ ਦੇ ਸਰੀਰ ਦਾ ਰਥ ਸੰਤੋਖ ਹੁੰਦਾ ਹੈ ਅਤੇ ਅੱਗੇ ਇਸ ਦੀ ਰਥਵਾਹੀ ਧਰਮ ਕਰ ਰਿਹਾ ਹੁੰਦਾ ਹੈ। ਇਥੇ ਕਹਿਣ ਤੋਂ ਭਾਵ ਹੈ ਕਿ ਜਿਹੜੇ ਮਨੁੱਖਾਂ ਦਾ ਸੁਭਾਅ ਸੰਤੋਖ ਵਾਲਾ ਹੈ, ਉਹ ਮਨੁੱਖ ਧਰਮੀ ਹਨ ਅਤੇ ਉਹ ਸਤਿਜੁਗ ਵਿਚ ਵਿਚਰ ਰਹੇ ਹਨ। ਤ੍ਰੇਤਾ ਜੁਗ ਉਦੋਂ ਵਾਪਰਦਾ ਹੈ ਜਦੋਂ ਮਨੁੱਖੀ ਸਰੀਰ ਦਾ ਰਥ ḔਜਤੁḔ ਹੈ ਅਤੇ ਇਸ ਰਥ ਦਾ ਅੱਗੇ ਰਥਵਾਹੀ ḔਜੋਰḔ ਹੈ। ਇਥੇ ਕਹਿਣ ਤੋਂ ਭਾਵ ਹੈ ਕਿ ਜਦੋਂ ਮਨੁੱਖ ਦਾ ਨਿਸ਼ਾਨਾ ਬਹਾਦਰੀ ਹੁੰਦਾ ਹੈ ਤਾਂ ਕੁਦਰਤੀ ਤੌਰ ‘ਤੇ ਹੀ ਉਨ੍ਹਾਂ ਦੀ ਸਵਾਰੀ ਜਤੁ ਹੁੰਦਾ ਹੈ। ਬਹਾਦਰ ਮਨੁੱਖਾਂ ਦੇ ਮਨ ਵਿਚ ਜਤੀ ਰਹਿਣ ਦੀ ਇੱਛਾ ਪਰਬਲ ਹੁੰਦੀ ਹੈ।
ਦੁਆਪਰ ਵਿਚ ਮਨੁੱਖੀ ਸਰੀਰ ਦਾ ਰਥ ਤਪੁ ਹੈ ਅਤੇ ਇਸ ਦਾ ਰਥਵਾਹੀ ਸਤੁ ਹੈ। ਇਸ ਦਾ ਭਾਵ ਹੈ ਕਿ ਜਦੋਂ ਮਨੁੱਖ ਦਾ ਨਿਸ਼ਾਨਾ ਸਤੁ ਜਾਂ ਉਚਾ ਆਚਰਣ ਹੁੰਦਾ ਹੈ ਤਾਂ ਉਹ ਵਿਕਾਰਾਂ ਤੋਂ ਬਚਣ ਲਈ ਕਈ ਤਰ੍ਹਾਂ ਦੇ ਤਪ ਸਾਧਦਾ ਹੈ ਤਾਂ ਕਿ ਉਸ ਦੇ ਮਨ, ਕਰਮ ਇੰਦ੍ਰੇ ਵਿਕਾਰਾਂ ਤੋਂ ਬਚੇ ਰਹਿਣ। ਕਲਿਜੁਗ ਵਿਚ ਮਨੁਖੀ ਸਰੀਰ ਦਾ ਰਥ ਤ੍ਰਿਸ਼ਨਾ ਰੂਪੀ ਅੱਗ ਹੈ ਜਿਸ ਦਾ ਅੱਗੇ ਰਥਵਾਹੀ ਕੂੜ ਹੈ। ਜਿਨ੍ਹਾਂ ਮਨੁੱਖਾਂ ਦਾ ਮਕਸਦ ਕੂੜ ਬਣ ਜਾਂਦਾ ਹੈ ਉਨ੍ਹਾਂ ਦੇ ਅੰਦਰ ਤ੍ਰਿਸ਼ਨਾ-ਅੱਗ ਭੜਕਦੀ ਰਹਿੰਦੀ ਹੈ। ਇਥੇ ਗੁਰੂ ਨਾਨਕ ਸਾਹਿਬ ਨੇ ਮਨੁੱਖ ਦੀਆਂ ਅਲੱਗ ਅਲੱਗ ਬਿਰਤੀਆਂ ਦੀ ਗੱਲ ਕੀਤੀ ਹੈ ਜਿਨ੍ਹਾਂ ਦੇ ਅਧੀਨ ਹੋ ਕੇ ਮਨੁੱਖ ਉਸੇ ਕਿਸਮ ਦੇ ਕਰਮ ਕਰਦਾ ਹੈ,
ਨਾਨਕ ਮੇਰੁ ਸਰੀਰ ਕਾ ਇਕੁ ਰਥੁ ਇਕੁ ਰਥਵਾਹੁ॥
ਜੁਗੁ ਜੁਗੁ ਫੇਰਿ ਵਟਾਈਅਹਿ ਗਿਆਨੀ ਬੁਝਹਿ ਤਾਹਿ॥ (ਪੰਨਾ ੪੭੦)
ਗੁਰੂ ਨਾਨਕ ਸਾਹਿਬ ਦਾ ਅਗਲਾ ਸਲੋਕ ਵੀ ਜੁਗਾਂ ਦੀ ਵੰਡ ਅਤੇ ਸਬੰਧਤ ਬਿਰਤੀਆਂ ਦੀ ਪ੍ਰਧਾਨਤਾ ਬਾਰੇ ਹੈ। ਹਿੰਦੂ ਧਰਮ ਵਿਚ ਹਰ ਜੁਗ ਦਾ ਆਪਣਾ ਆਪਣਾ ਵਿਸ਼ਨੂੰ ਦਾ ਅਵਤਾਰ ਵੀ ਮੰਨਿਆ ਗਿਆ ਹੈ। ਇਨ੍ਹਾਂ ਦੇ ਪ੍ਰਤੀਕ ਰਾਹੀਂ ਹੀ ਗੁਰੂ ਨਾਨਕ ਸਾਹਿਬ ਗੁਰਮਤਿ ਵਿਚਾਰਾਧਾਰਾ ਦਾ ਪ੍ਰਤਿਪਾਦਨ ਕਰਦੇ ਹਨ। ਗੁਰਮਤਿ ਵਿਚਾਰਧਾਰਾ ਅਨੁਸਾਰ ਕਿਸੇ ਖਾਸ ਵੇਦ ਦਾ ਕਿਸੇ ਖਾਸ ਜੁਗ ਨਾਲ ਸਬੰਧ ਨਹੀਂ ਹੈ ਪਰ ਇਨ੍ਹਾਂ ਨੂੰ ਸਿਰਫ ਪ੍ਰਤੀਕ ਵਜੋਂ ਵਰਤਿਆ ਗਿਆ ਹੈ। ਗੁਰੂ ਨਾਨਕ ਦੇਵ ਦੱਸਦੇ ਹਨ ਕਿ ਸਾਮ ਵੇਦ ਅਨੁਸਾਰ ਅਰਥਾਤ ਸਤਿਜੁਗ ਵਿਚ ਬ੍ਰਹਿਮੰਡ ਦੇ ਸੁਆਮੀ ਦਾ ਨਾਮ ḔਸੇਤੰਬਰੁḔ ਮਸ਼ਹੂਰ ਹੋਇਆ ਜੋ ਸੱਚ ਵਿਚ ਟਿਕਿਆ ਰਹਿੰਦਾ ਹੈ। ਸਤਿਜੁਗ ਵਿਚ ਸਤੋਗੁਣ ਦੀ ਪ੍ਰਧਾਨਤਾ ਮੰਨੀ ਗਈ ਹੈ, ਇਸ ਲਈ ਹਰ ਇੱਕ ਪ੍ਰਾਣੀ ਸੱਚ ਵਿਚ ਲੀਨ ਹੁੰਦਾ ਹੈ। ਤ੍ਰੇਤੇ ਜੁਗ ਦਾ ਵੇਦ ਰਿਗੁ ਹੈ, ਰਿਗੁ ਵੇਦ ਅਨੁਸਾਰ ਰਾਮ (ਰਾਮ ਚੰਦ੍ਰ ਵਿਸ਼ਨੂੰ ਦਾ ਅਵਤਾਰ) ਦਾ ਨਾਮ ਹੀ ਲਿਆ ਜਾਂਦਾ ਹੈ ਜੋ ਸਾਰੇ ਦੇਵਤਿਆਂ ਵਿਚ ਸੂਰਜ ਵਾਂਗ ਚਮਕਦਾ ਹੈ। ਉਹ ਹੀ ਹਰ ਥਾਂ ਵਿਆਪਕ ਹੈ। ਰਿਗੁ ਵੇਦ ਅਨੁਸਾਰ ਰਾਮ ਦਾ ਨਾਮ ਲਿਆਂ ਸਾਰੇ ਪਾਪ ਦੂਰ ਹੋ ਜਾਂਦੇ ਹਨ ਅਤੇ ਜੀਵ ਮੁਕਤੀ ਪ੍ਰਾਪਤ ਕਰ ਲੈਂਦੇ ਹਨ। ਦੁਆਪਰ ਜੁਗ ਦਾ ਵੇਦ ਯਜੁਰ ਹੈ ਜਿਸ ਅਨੁਸਾਰ ਦੁਆਪਰ ਜੁਗ ਦਾ ਸੁਆਮੀ ਸਾਂਵਲੇ ਰੰਗ ਵਾਲਾ ਕ੍ਰਿਸ਼ਨ (ਵਿਸ਼ਨੂੰ ਦਾ ਅਵਤਾਰ) ਜਾਦਵ ਕੁਲ ਵਿਚ ਪੈਦਾ ਹੋਇਆ ਹੀ ਪ੍ਰਸਿੱਧ ਹੋ ਗਿਆ, ਜਿਸ ਨੇ ਜ਼ੋਰ ਨਾਲ ਚੰਦ੍ਰਾਵਲੀ ਗੋਪੀ ਨੂੰ ਛਲ ਲਿਆਂਦਾ, ਆਪਣੀ ਗੋਪੀ ਸਤਯਭਾਮਾ ਦੀ ਖ਼ਾਤਰ ਇੰਦਰ ਦੇ ਬਾਗ ਵਿਚੋਂ ਪਾਰਜਾਤ ਰੁੱਖ ਲੈ ਆਂਦਾ। ਉਸ ਨੇ ਬ੍ਰਿੰਦਾਵਣ ਵਿਚ ਕੌਤਕ ਵਰਤਾਇਆ। ਕਲਿਜੁਗ ਵਿਚ ਅਥਰਵ ਵੇਦ ਦੀ ਪ੍ਰਧਾਨਗੀ ਹੋ ਗਈ ਹੈ (ਅਥਰਵ ਵੇਦ ਸਭ ਤੋਂ ਆਖ਼ਰੀ ਅਤੇ ਕਲਿਜੁਗ ਦਾ ਵੇਦ ਮੰਨਿਆ ਜਾਂਦਾ ਹੈ ਜਿਸ ਵਿਚ ਜਾਦੂ-ਟੂਣਿਆਂ ਤੇ ਜ਼ੋਰ ਦਿੱਤਾ ਗਿਆ ਹੈ। ਕਲਿਜੁਗ ਵਿਚ ਕੂੜ ਦੀ ਪ੍ਰਧਾਨਤਾ ਮੰਨੀ ਜਾਂਦੀ ਹੈ)।
ਗੁਰੂ ਨਾਨਕ ਸਾਹਿਬ ਕਹਿੰਦੇ ਹਨ ਕਿ ਇਸ ਕਲਿਜੁਗ ਦੇ ਸਮੇਂ ਵਿਚ ਸੰਸਾਰ ਦੇ ਸੁਆਮੀ, ਜਗਤ-ਮਾਲਕ ਦਾ ਨਾਮ ਖੁਦਾ ਅਤੇ ਅਲਹੁ ਮਸ਼ਹੂਰ ਹੋ ਗਿਆ ਹੈ (ਮੁਸਲਮਾਨਾਂ ਦਾ ਰਾਜ ਅਤੇ ਇਸਲਾਮ ਦਾ ਬੋਲ-ਬਾਲਾ ਹੋਣ ਕਰਕੇ)। ਤੁਰਕਾਂ ਅਤੇ ਪਠਾਣਾਂ ਦਾ ਰਾਜ ਹੋ ਗਿਆ ਹੈ ਜਿਨ੍ਹਾਂ ਦਾ ਪਹਿਰਾਵਾ ਨੀਲੇ ਰੰਗ ਦਾ ਹੈ। ਚਾਰੇ ਵੇਦ ਸੱਚੇ ਹੋ ਗਏ ਹਨ ਅਰਥਾਤ ਚਾਰੇ ਵੇਦਾਂ ਨੇ ਚਾਰ ਜੁਗਾਂ ਦੇ ਮਾਲਕਾਂ ਦਾ ਆਪਣਾ ਆਪਣਾ ਵੱਖਰਾ ਵੱਖਰਾ ਨਾਮ ਥਾਪ ਦਿੱਤਾ ਅਤੇ ਇਹ ਧਾਰਨਾ ਬਣ ਗਈ ਕਿ ਜੁਗਾਂ ਅਨੁਸਾਰ ਜੋ ਜੋ ਇਹ ਨਾਮ ਜਪੇਗਾ ਉਸ ਨੂੰ ਮੁਕਤੀ ਪ੍ਰਾਪਤ ਹੋ ਜਾਵੇਗੀ। ਜਿਹੜੇ ਮਨੁੱਖ ਇਸ ਧਾਰਨਾ ਨਾਲ ਆਪੋ ਆਪਣੇ ਸਮੇਂ ਵਿਚ ਆਪਣੇ ਧਰਮ ਗ੍ਰੰਥ ਪੜ੍ਹਦੇ ਤੇ ਵਿਚਾਰਦੇ ਰਹੇ, ਉਹ ਚੰਗੀਆਂ ਯੁਕਤੀਆਂ ਵਾਲੇ ਹੋਏ ਹਨ। ਪਰ ਗੁਰੂ ਨਾਨਕ ਸਾਹਿਬ ਅਨੁਸਾਰ ਜੋ ਮਨੁੱਖ ਅਕਾਲ ਪੁਰਖ ਦੀ ਪ੍ਰੇਮਾ-ਭਗਤੀ ਕਰਦਾ ਹੈ, ਇਸ ਭਗਤੀ ਦੇ ਬਾਵਜੂਦ ਆਪਣੇ ਆਪ ਨੂੰ ਨੀਵਾਂ ਅਖਵਾਉਂਦਾ ਹੈ, ਅਰਥਾਤ ਜਿਸ ਵਿਚ ਹਉਮੈ ਨਹੀਂ ਹੈ, ਹਲੀਮ ਹੈ ਉਹ ਮਨੁੱਖ ਹੀ ਮੁਕਤੀ ਪ੍ਰਾਪਤ ਕਰਦਾ ਹੈ। ਕਹਿਣ ਤੋਂ ਭਾਵ ਹੈ ਕਿ ਅਕਾਲ ਪੁਰਖ ਨੂੰ ਪ੍ਰੇਮ ਕਰਨਾ, ਉਸ ਦੀ ਭਗਤੀ ਕਰਨੀ ਪਰ ਨਾਲ ਹੀ ਹਰ ਤਰ੍ਹਾਂ ਦੀ ਹਉਮੈ ਤੋਂ ਮੁਕਤ ਹੋ ਕੇ ਹੀ ਮੁਕਤੀ ਪ੍ਰਾਪਤ ਹੁੰਦੀ ਹੈ,
ਸਾਮ ਕਹੈ ਸੇਤੰਬਰੁ ਸੁਆਮੀ ਸਚ ਮਹਿ ਆਛੈ ਸਾਚਿ ਰਹੈ॥
ਸਭੁ ਕੋ ਸਚਿ ਸਮਾਵੈ॥
ਰਿਗੁ ਕਹੈ ਰਹਿਆ ਭਰਪੂਰਿ॥
ਰਾਮ ਨਾਮੁ ਦੇਵਾ ਮਹਿ ਸੂਰੁ॥ (ਪੰਨਾ ੪੭੦)

Be the first to comment

Leave a Reply

Your email address will not be published.