ਇਤਿਹਾਸਕ ਤਸ਼ਤਰੀ

ਕਾਨਾ ਸਿੰਘ ਨੇ ਸ਼ਾਇਰੀ ਵੀ ਕੀਤੀ ਹੈ ਅਤੇ ਕਹਾਣੀਆਂ ਵੀ ਲਿਖੀਆਂ ਹਨ। ਬਾਲ ਰਚਨਾਵਾਂ ਵੀ ਸਾਹਿਤ ਦੀ ਝੋਲੀ ਪਾਈਆਂ ਹਨ। ਹੋਰ ਵੀ ਕਈ ਕੁਝ, ਨਿੱਕ-ਸੁੱਕ; ਪਰ ਉਹਦੀ ਨਸਰ (ਵਾਰਤਕ) ਦਾ ਰੰਗ ਨਿਰਾਲਾ ਹੈ। ਰਸਦਾਰ, ਸੁਘੜ, ਚੁਸਤ, ਤੇ ਨਾਲ ਹੀ ਨੱਚ-ਨੱਚ ਫਾਵੀ ਹੁੰਦੀ ਹੋਈ। ਕਰਤਾਰ ਸਿੰਘ ਦੁੱਗਲ ਅਤੇ ਪ੍ਰੋæ ਮੋਹਨ ਸਿੰਘ ਤੋਂ ਬਾਅਦ ਉਹਦੀਆਂ ਰਚਨਾਵਾਂ ਵਿਚ ਪੋਠੋਹਾਰ ਭਰਵੇਂ ਰੂਪ ਵਿਚ ਪੇਸ਼ ਪੇਸ਼ ਹੈ। ਪਿਛਲੇ ਅੰਕਾਂ ਵਿਚ ਪਾਠਕਾਂ ਨੇ ਉਹਦੀ ਨਸਰ ਦਾ ਰੰਗ ‘ਮਰ ਜਾਣੇ ਜਿਉਣ ਜੋਗੇ’, ‘ਛੋਟਾ ਕੱਦ ਵੱਡਾ ਕੱਦ’ ਅਤੇ ‘ਕੁੜੀ ਦਾ ਪਿਓ’ ਲੇਖਾਂ ਵਿਚ ਦੇਖਿਆ। ਨਸਰ ਦੀ ਆਪਣੀ ਕਿਤਾਬ ‘ਚਿਤ ਚੇਤਾ’ ਵਿਚ ਉਹਨੇ ਆਪਣੀ ਅਤੇ ਆਪਣੇ ਆਲੇ-ਦੁਆਲੇ ਦੀ ਕਹਾਣੀ ਪੂਰੇ ਜਲੌਅ ਨਾਲ ਸਭ ਦੇ ਸਾਹਮਣੇ ਰੱਖੀ ਹੈ। ਇਸ ਵਾਰ ਛਾਪੇ ਜਾ ਰਹੇ ਲੇਖ ‘ਇਤਿਹਾਸਕ ਤਸ਼ਤਰੀ’ ਵਿਚ ਭਾਰਤ ਦੇ ਪਹਿਲੇ ਗਣਤੰਤਰ ਦਿਵਸ ਬਾਰੇ ਚਰਚਾ ਹੈ।-ਸੰਪਾਦਕ

ਕਾਨਾ ਸਿੰਘ
ਫੋਨ: 91-95019-44944
ਛੱਬੀ ਜਨਵਰੀ, ਉਨੀ ਸੌ ਪੰਜਾਹ ਤੇ ਆਜ਼ਾਦ ਭਾਰਤ ਦਾ ਪਹਿਲਾ ਗਣਤੰਤਰ ਦਿਵਸ। ਨੌਵੀਂ ਜਮਾਤ ਦੀ ਵਿਦਿਆਰਥਣ ਸਾਂ ਮੈਂ। ਸੁਤੰਤਰਤਾ ਦਿਵਸ ਤਾਂ ਤਿੰਨ ਲੰਘ ਚੁੱਕੇ ਸਨ ਪਰ ਗਣਤੰਤਰ ਦਿਵਸ ਦੀ ਅਸਾਂ ਬਾਲਕਾਂ ਨੂੰ ਹਾਲੇ ਕੋਈ ਸਮਝ ਨਹੀਂ ਸੀ। ਉਸ ਦਿਨ ਦੀ ਤਾਂਘ ਤੇ ਚਾਅ ਬਹੁਤ ਸੀ, ਕਿਉਂਕਿ ਸਾਨੂੰ ਪਤਾ ਲੱਗਾ ਸੀ ਕਿ ਉਸ ਸ਼ੁਭ ਦਿਹਾੜੇ ‘ਤੇ ਭਾਰਤ ਭਰ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਤਿਰੰਗੇ ਝੰਡੇ ਦੀ ਸਲਾਮੀ ਮਗਰੋਂ ਲੱਡੂਆਂ ਸਮੇਤ ਪਿੱਤਲ ਦੀ ਇਕ ਇਕ ਪਲੇਟ ਮਿਲਣੀ ਸੀ।
ਹੁਣ ਉਹ ਭਾਗਾਂ ਭਰਿਆ ਦਿਨ ਵੀ ਆ ਗਿਆ ਸੀ ਤੇ ਆ ਗਈ ਸੀ ਸਲਾਮੀ ਦੀ ਘੜੀ ਵੀ। ਸਕੂਲ ਦੇ ਵਿਸ਼ਾਲ ਮੈਦਾਨ ਵਿਚ ਸਭ ਜਮਾਤਾਂ ਜੁੜੀਆਂ ਹੋਈਆਂ ਸਨ, ਪੰਕਤੀਓ-ਪੰਕਤੀ। ਮੁੱਖ ਅਧਿਆਪਕਾ ਸ੍ਰੀਮਤੀ ਕਪੂਰ ਨੇ ਝੰਡੇ ਦੀ ਸਲਾਮੀ ਮਗਰੋਂ ਗਣਤੰਤਰ ਦਿਵਸ ਦੀ ਮਹੱਤਤਾ ਉਤੇ ਆਪਣਾ ਭਾਸ਼ਣ ਅਰੰਭਿਆ। ਕੁਝ ਗੱਲਾਂ ਪੱਲੇ ਪਈਆਂ ਤੇ ਕੁਝ ਨਹੀਂ ਵੀ। ਸਾਡਾ ਧਿਆਨ ਤਾਂ ਲੱਡੂਆਂ ਵੱਲ ਸੀ।
-ਹੁਣ ਤੁਸਾਂ ਸਾਰਿਆਂ ਨੂੰ ਇਕ ਇਕ ਤਸ਼ਤਰੀ ਦਿੱਤੀ ਜਾਵੇਗੀ। ਇਹ ਕੋਈ ਆਮ ਪਲੇਟਾਂ ਵਰਗੀ ਪਲੇਟ ਨਹੀਂ। ਇਹ ਖ਼ਾਸ ਵੱਡਮੁੱਲਾ ਤੋਹਫ਼ਾ ਹੈ ਜੋ ਤੁਸਾਂ ਸਦਾ ਸੰਭਾਲ ਕੇ ਰੱਖਣਾ ਹੈ ਅਤੇ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਪੁਸ਼ਤ-ਦਰ-ਪੁਸ਼ਤ ਸਪੁਰਦ ਕਰਨਾ ਹੈ। ਤੁਹਾਡੇ ਬਾਲਕ ਤੇ ਫੇਰ ਅੱਗਿਉਂ ਉਨ੍ਹਾਂ ਦੇ ਵਾਰਸ ਆਪਣੇ ਬੱਚਿਆਂ ਨੂੰ ਦੱਸਿਆ ਕਰਨਗੇ ਕਿ ਇਹ ਤਸ਼ਤਰੀ ਸਾਡੇ ਵਡੇਰਿਆਂ ਨੂੰ ਪਹਿਲੇ ਗਣਤੰਤਰ ਦਿਵਸ ਉਤੇ ਸਕੂਲੋਂ ਪ੍ਰਾਪਤ ਹੋਈ ਸੀæææ
ਓਧਰ ਸ੍ਰੀਮਤੀ ਕਪੂਰ ਬੋਲੀ ਜਾ ਰਹੇ ਸਨ ਆਪਣੀ ਰੌਂ ਵਿਚ, ਤੇ ਏਧਰ ਅਸੀਂ ਕੁੜੀਆਂ ਸ਼ਰਮ ਨਾਲ ਪਾਣੀ ਪਾਣੀ ਹੋ ਰਹੀਆਂ ਸਾਂ। ਉਦੋਂ ਕੋਈ ਵਡੇਰਾ, ਬਾਲੜੀਆਂ ਨਾਲ ਉਨ੍ਹਾਂ ਦੇ ਵਿਆਹ-ਸ਼ਾਦੀ ਜਾਂ ਬਾਲ-ਬੱਚੇ ਹੋਣ ਦਾ ਕਦੇ ਜ਼ਿਕਰ ਨਹੀਂ ਸੀ ਕਰਦਾ।
ਮਿਲ ਗਈਆਂ ਸਾਨੂੰ ਤਸ਼ਤਰੀਆਂ ਪਿੱਤਲ ਦੀਆਂ, ਗੋਲਾਕਾਰ। ਇਨ੍ਹਾਂ ਤਸ਼ਤਰੀਆਂ ਦੇ ਵਿਚਕਾਰ ਸ਼ੇਰਾਂ ਵਾਲੀ ਤ੍ਰਿਮੂਰਤੀ ਖੁਣੀ ਹੋਈ ਸੀ, ਸਣੇ ਭਾਰਤ ਦੇ ਪਹਿਲੇ ਗਣਤੰਤਰ ਦਿਵਸ ਦੀ ਤਿੱਥੀ ਦੇ।
ਲੱਡੂ ਕੋਈ ਨਾ ਮਿਲੇ। ਅਸੀਂ ਨਿਮੋਝੂਣ ਸਾਂ।
ਸਾਡੇ ਘਰ ਤਿੰਨ ਤਸ਼ਤਰੀਆਂ ਇਕੱਠੀਆਂ ਹੋ ਗਈਆਂ। ਇਕ ਮੇਰੀ ਤੇ ਦੋ ਮੇਰੇ ਨਿੱਕੇ ਭਰਾਵਾਂ ਦੀਆਂ। ਉਹ ਆਮ ਪਿਰਚਾਂ ਵਾਂਗ ਵਰਤੀਆਂ ਜਾਣ ਲੱਗੀਆਂ। ਕੋਈ ਘੜੇ ਦਾ ਢੱਕਣ ਬਣ ਗਈ ਤੇ ਕੋਈ ਕੁੰਨੀ ਦੀ ਛੂਣੀ।
ਵਤਨੋਂ-ਬੇਵਤਨ ਹੋਈਆਂ ਮਾਂਵਾਂ ਨੂੰ ਕਿੰਨੀ ਕੁ ਸਮਝ ਸੀ ਗਣਤੰਤਰਤਾ ਦੀ, ਤੇ ਕਿੰਨਾ ਕੁ ਲਗਾਓ ਹੋਣਾ ਸੀ ਉਨ੍ਹਾਂ ਦਾ ਛੱਬੀ ਜਨਵਰੀ ਨਾਲ। ਉਨ੍ਹਾਂ ਨੂੰ ਤਾਂ ਪੰਦਰਾਂ ਅਗਸਤ ਦਾ ਹੀ ਪਤਾ ਸੀ ਜਦੋਂ ਹਿੰਦੁਸਤਾਨ ਆਜ਼ਾਦ ਹੋਇਆ ਸੀ ਤੇ ਉਨ੍ਹਾਂ ਨੂੰ ਉਜਾੜਾ ਮਿਲਿਆ ਸੀ।
ਸਭ ਪਾਸੇ ਰੋਟੀ ਦੇ ਲਾਲੇ ਸਨ, ਮੁੜ ਭਾਂਡਿਆਂ ਬਿਸਤਰਿਆਂ ਦੇ ਜੁਗਾੜ ਦੇ ਮਸਲੇ ਸਨ। ਹਰ ਵਸਤੂ ਦਾ ਮੁੱਲ ਉਸ ਦੀ ਵਰਤੋਂ ਦੇ ਮੁਤਾਬਕ ਸੀ ਤੇ ਵਰਤੋਂ ਅਜਿਹੀ ਦੈਂਤਣ ਸੀ ਜਿਸ ਦਾ ਮੂੰਹ ਭਰਨ ‘ਤੇ ਹੀ ਨਹੀਂ ਸੀ ਆਉਂਦਾ। ਬਾਲਣ ਲਈ ਕੋਲਿਆਂ ਦੀ ਕੇਰੀ ਦੇ ਗੋਲੇ ਬਣਾਏ ਜਾਂਦੇ ਤੇ ਅੱਧ-ਬਲੇ ਪੱਥਰੀ ਕੋਲਿਆਂ ਨੂੰ ਮੁੜ ਧੋ ਕੇ ਬਾਲਣ ਲਈ ਵਰਤਿਆ ਜਾਂਦਾ। ਰਾਸ਼ਨ ਕਾਰਡਾਂ ‘ਤੇ ਮਿਲਦੀ ਰੂਸੀ ਤੇ ਆਸਟ੍ਰੇਲੀਅਨ ਲਾਲ ਕਣਕ ਪੂਰੀ ਨਾ ਪੈਣ ‘ਤੇ ਉਸ ਵਿਚ ਛੋਲੇ ਦਲਾਏ ਤੇ ਪਿਹਾਏ ਜਾਂਦੇ।
ਥੁੜ੍ਹਾਂ ਤੇ ਥਿੜਾਂ ਦੀ ਕਿਹੜੀ ਗੱਲ ਕਰੀਏ ਤੇ ਕਿਹੜੀ ਛੋੜੀਏ। ਵਕਤ ਨਾਲ ਹਰ ਸਮੱਸਿਆ ਦਾ ਹੱਲ ਅਤੇ ਹਰ ਹੱਲ ਵਿਚੋਂ ਮੁੜ ਸਮੱਸਿਆ ਦਾ ਪੈਦਾ ਹੋਣਾ ਸੁਭਾਵਕ ਹੀ ਹੈ।
ਪੇਕਾ ਘਰ ਵੀ ਮੁੜ ਵਸ ਗਿਆ। ਮੈਂ ਵੀ ਪੜ੍ਹ-ਲਿਖ ਕੇ, ਨੌਕਰੀ ਕਰ-ਛੱਡ ਕੇ ਆਪਣੀ ਵਿਆਹੁਤਾ ਜ਼ਿੰਦਗੀ ਦੌਰਾਨ ਕਦੇ ਪਤੀਲੇ ਅਤੇ ਕਦੇ ਢੱਕਣ ਦੀ ਖਰੀਦੋ-ਫਰੋਖ਼ਤ ‘ਚੋਂ ਲੰਘਦੀ, ਸੋਫ਼ਾ, ਅਲਮਾਰੀ, ਭਾਂਡੇ-ਟੀਂਡੇ ਜੋੜਨ ਮਗਰੋਂ ਫਰਿੱਜ਼, ਗੈਸ-ਚੁੱਲ੍ਹੇ ਅਤੇ ਟੀਵੀ ਆਦਿ ਨਾਲ ਘਰ ਬਣਾਣ-ਸੁਆਰਨ ਦੀ ਖੁਸ਼ੀ ਪ੍ਰਾਪਤ ਕਰਨ ਵਿਚ ਜੁਟੀ ਰਹੀ।
ਗਰਮੀ ਦੀਆਂ ਛੁੱਟੀਆਂ ਵਿਚ ਅਸੀਂ ਸਾਰੀਆਂ ਭੈਣਾਂ ਪੇਕੇ ਆਉਂਦੀਆਂ। ਕੋਈ ਕਾਨਪੁਰ, ਕੋਈ ਕਲਕੱਤੇ ਤੇ ਕੋਈ ਮੁੰਬਈ ਤੋਂ। ਵੱਡੀਆਂ ਆਪਣੇ ਧੀਆਂ-ਪੁੱਤਾਂ ਅਤੇ ਦੋਹਤਰਿਆਂ ਦੋਹਤਰੀਆਂ ਸਮੇਤ ਤੇ ਮੈਂ ਆਪਣੇ ਪੁੱਤਰਾਂ ਨਾਲ। ਸਭ ਤੋਂ ਨਿੱਕੀ ਮਾਸੀ ਹੁੰਦਿਆਂ ਮੈਂ ਭਣੇਵੀਆਂ ਦੀ ਲਗਭਗ ਹਮ-ਉਮਰ ਹੀ ਹਾਂ। ਉਹ ਨਿੱਕੀ ਉਮਰੇ ਵਿਆਹੀਆਂ ਗਈਆਂ ਤੇ ਮੈਂ ਪੜ੍ਹਦੀ-ਪੜ੍ਹਾਂਦੀ ਰਹੀ। ਉਨ੍ਹਾਂ ਦੇ ਬੱਚੇ ਮੇਰੇ ਬੱਚਿਆਂ ਤੋਂ ਤਿੰਨ, ਚਾਰ ਸਾਲ ਵੱਡੇ ਵੀ ਹਨ।
ਦਿੱਲੀ ਵਸਦੇ ਭੈਣ ਭਰਾ ਵੀ ਆ ਰਲਦੇ। ਸਾਰੇ ਕੁਨਬੇ ਦਾ ਦੋਹਤਰ-ਪੋਤਰ ਰਲ ਕੇ ਲੰਗਰ ਛਕਦਾ ਪੰਕਤੀਓ-ਪੰਕਤੀ। ਸਾਡੇ ਦੱਖਣ-ਦਿੱਲੀ ਵਾਲੇ ਘਰ ਵਿਚ।
‘ਦਾਲਾ ਜੀ, ਪਰਸ਼ਾਦਾ ਜੀ, ਦਿਲ-ਖੁਸ਼ ਜੀæææ’, ਦੇ ਬੋਲ ਬਾਲੇ। ਵਿਆਹ ਵਰਗਾ ਮੇਲ-ਮੰਡਲ ਤੇ ਸਾਰੇ ਬਾਲਕਾਂ ਦੀ ਖਿਡਾਵੀ ਮੈਂ, ਨਾਨੀ-ਮਾਸੀ। ਛੁੱਟੀਆਂ ਖ਼ਤਮ ਹੋਣ ਵਾਲੀਆਂ ਸਨ। ਸਭ ਆਪੋ-ਆਪਣੇ ਵਤਨਾਂ ਨੂੰ ਪਰਤਣ ਲਈ ਖੰਭ ਸੁਆਰ ਰਹੀਆਂ ਸਨ। ਮਾਂ ਸਭ ਨੂੰ ਕੱਪੜੇ-ਲੱਤੇ ਤੇ ਸੌਗਾਤਾਂ ਦੇਣ ਦੇ ਪ੍ਰਬੰਧ ਵਿਚ ਰੁਝ ਗਈ ਸੀ। ਬਰਾਂਡੇ ਵਿਚ ਡੱਠੇ ਵੱਡੇ ਤਖ਼ਤਪੋਸ਼ ਉਪਰ ਮਾਂ ਨੇ ਕਾਂਸੇ ਦੇ ਭਾਂਡੇ, ਥਾਲ, ਕਟੋਰੀਆਂ, ਬਾਟੀਆਂ ਜੋੜ ਦਿੱਤੀਆਂ।
“ਆਪੋ-ਆਪਣੀ ਲੋੜ ਅਤੇ ਪਸੰਦ ਮੁਤਾਬਕ ਚੁਣ ਲਵੋ।” ਮਾਂ ਦੇ ਬਚਨ ਸਨ।
ਤਖ਼ਤਪੋਸ਼ ਦੇ ਨਾਲ ਹੀ ਰਸੋਈ ਦੇ ਬਾਹਰਲੇ ਸਲੈਬ ਉਪਰ ਪਈ ਘੜਵੰਜੀ ਉਤੇ ਟਿਕੀ ਹੋਈ ਵਲਟੋਹੀ ਉਤੇ ਮੇਰੀ ਨਜ਼ਰ ਪਈ। ਪਾਣੀ ਨਾਲ ਭਰੀ ਹੋਈ ਵਲਟੋਹੀ ਢਕੀ ਹੋਈ ਸੀ। ਉਸੇ ਪਹਿਲੇ ਗਣਤੰਤਰ ਦਿਵਸ ਵਾਲੀ ਤ੍ਰਿਮੂਰਤੀ ਦੀ ਯਾਦਗਾਰੀ ਤਸ਼ਤਰੀ ਨਾਲ!
ਭੈਣਾਂ-ਭਣੇਵੀਆਂ ਤੇ ਉਨ੍ਹਾਂ ਦੇ ਬੱਚੇ ਤਾਂ ਵਧ-ਚੜ੍ਹ ਕੇ ਬੋਚਣ ਲੱਗੇ ਥਾਲੀਆਂ, ਬਾਟੀਆਂ, ਕੌਲੀਆਂ, ਛੂਣੀਆਂ ਪਰ ਮੈਂ ਉਠ ਕੇ ਇਤਿਹਾਸਕ ਤਸ਼ਤਰੀ ਚੁੱਕ ਲਈ, ਚੁੰਮ ਕੇ ਮੱਥੇ ਛੁਹਾ ਕੇ, ਸੀਨੇ ਲਾਈ।
ਇਹ ਸੀ ਮੇਰਾ ਇਤਿਹਾਸ, ਮੇਰੇ ਪਰਿਵਾਰ ਦਾ ਇਤਿਹਾਸ ਤੇ ਇਤਿਹਾਸ ਮੇਰੇ ਵਤਨ ਦਾ।
ਇਹ ਤਸ਼ਤਰੀ ਮੈਂ ਆਪਣੀ ਪੋਤਰੀ ਜ਼ਾਵੀਆ ਨੂੰ ਸਪੁਰਦ ਕਰ ਕੇ ਸੁਰਖਰੂ ਹੋਣ ਦੀ ਤਮੰਨਾ ਰੱਖਦੀ ਹਾਂ, ਬਸ ਉਹ ਰਤਾ ਸਮਝਣ-ਸੰਭਾਲਣ ਜੋਗੀ ਤਾਂ ਹੋ ਜਾਵੇ।

Be the first to comment

Leave a Reply

Your email address will not be published.