ਦੀਨ ਤੋਂ ਦੂਰ

ਪ੍ਰੋæ ਹਰਪਾਲ ਸਿੰਘ ਪੰਨੂ
ਫੋਨ: 91-94642-51454
ਥੋੜ੍ਹੇ ਥੋੜ੍ਹੇ ਅਰਸੇ ਬਾਦ ਮੀਡੀਆ ਰਾਹੀਂ ਪਤਾ ਲਗਦਾ ਰਹਿੰਦਾ ਹੈ ਕਿ ਫਲਾਣੀ ਥਾਂ ਫਲਾਣੇ ਗੁਰਦੁਆਰੇ ਵਿਚ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਵਿਚਕਾਰ ਕਿਰਪਾਨਾਂ ਚੱਲ ਗਈਆਂ, ਪੱਗਾਂ ਲੱਥ ਗਈਆਂ ਤੇ ਕੇਸਾਂ ਤੋਂ ਫੜ ਲਏ ਗਏ। ਇਸੇ ਤਰ੍ਹਾਂ ਦੀਆਂ ਖਬਰਾਂ ਤਖਤਾਂ ਦੇ ਜਥੇਦਾਰਾਂ ਬਾਰੇ ਪੜ੍ਹੀਆਂ, ਸੁਣੀਆਂ, ਦੇਖੀਆਂ ਜਾਂਦੀਆਂ ਹਨ। ਆਮ ਸੰਗਤ ਦੁਖੀ ਹਿਰਦੇ ਨਾਲ ਇਹ ਤਮਾਸ਼ਾ ਦੇਖਦੀ ਹੈ ਪਰ ਖਾਮੋਸ਼ ਰਹਿੰਦੀ ਹੈ। ਦੁਨੀਆਂ ਭਰ ਵਿਚ ਇੰਜ ਹੋ ਰਿਹਾ ਹੈ।
ਆਮ ਵਰਤੋਂ-ਵਿਹਾਰ ਵਿਚ ਵੀ ਆਪਸੀ ਗੱਲ ਕਰਦਿਆਂ ਘਟੀਆ ਲਫਜ਼ਾਂ ਦੀ ਵਰਤੋਂ ਕਰਨੀ ਸ਼ੋਭਨੀਕ ਨਹੀਂ। ਪਿੰਡਾਂ ਸ਼ਹਿਰਾਂ ਵਿਚ ਵਸਦੇ ਆਮ ਪੰਜਾਬੀਆਂ ਦੀ ਕੀ ਗੱਲ ਕਰਨੀ, ਮੈਂ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਸਰਸਰੀ ਗੱਲਬਾਤ ਦੌਰਾਨ ਅਸ਼ਲੀਲ ਗਾਲੀ-ਗਲੋਚ ਵਾਲੇ ਸ਼ਬਦ ਵਰਤਦੇ ਸੁਣਦਾ ਹਾਂ। ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸ਼ ਸਵਰਨ ਸਿੰਘ ਬੋਪਾਰਾਏ ਸ਼ਾਮ ਸੈਰ ਕਰਨ ਨਿਕਲਦੇ, ਜਦੋਂ ਕਦੀ ਜੁਆਨਾਂ ਦੀ ਢਾਣੀ ਦੀਆਂ ਗੱਲਾਂ ਵਿਚ ਲਚਰ ਸ਼ਬਦਾਵਲੀ ਸੁਣਦੇ, ਰੁਕ ਜਾਂਦੇ, ਆਖਦੇ, ਬੱਚਿਓ ਤੁਹਾਡੇ ਲਿਬਾਸ ਤੋਂ ਅਤੇ ਉਚੀ ਵਿਦਿਆ ਪ੍ਰਾਪਤੀ ਦੀ ਇੱਛਾ ਤੋਂ ਮੈਨੂੰ ਲਗਦੈ ਤੁਸੀਂ ਵੱਡੇ, ਇਜ਼ਤਦਾਰ ਸ਼ਾਨਦਾਰ ਖਾਨਦਾਨਾਂ ਵਿਚੋਂ ਹੋ, ਪਰ ਤੁਹਾਡੀ ਬੋਲੀ ਇੰਨੇ ਨੀਵੇਂ ਪੱਧਰ ਦੀ ਕਿਵੇਂ ਹੋ ਗਈ?
ਪੜ੍ਹਾਈ ਦੌਰਾਨ ਮੈਂ ਪੰਜਾਬ ਯੂਨੀਵਰਸਿਟੀ-ਚੰਡੀਗੜ੍ਹ ਅਤੇ ਪੰਜਾਬੀ ਯੂਨੀਵਰਸਿਟੀ-ਪਟਿਆਲਾ ਦੇ ਹੋਸਟਲਾਂ ਵਿਚ ਰਹਿੰਦਾ ਰਿਹਾ। ਇਹ ਦੇਖ ਕੇ ਅਕਸਰ ਹੈਰਾਨੀ ਹੁੰਦੀ ਕਿ ਯੂਨੀਵਰਸਿਟੀ ਪੱਧਰ ‘ਤੇ ਪੜ੍ਹਦੇ ਵਿਦਿਆਰਥੀ ਟੇਪ-ਰਿਕਾਰਡਰਾਂ ਉਪਰ ਲਚਰ ਬੇਸੁਰੇ ਪੰਜਾਬੀ ਗੀਤ ਉਚੀ ਆਵਾਜ਼ ਵਿਚ ਸੁਣਦੇ ਤੇ ਸੁਣਾਉਂਦੇ, ਫਿਰ ਬਾਤਚੀਤ ਦੌਰਾਨ ਅਸੱਭਿਅਕ ਲਫਜ਼ ਵਰਤਦੇ। ਏਨੇ ਵੱਡੇ ਵਿਦਿਅਕ ਅਦਾਰੇ ਵਿਚ ਜੇ ਇਨ੍ਹਾਂ ਦੀ ਬੋਲੀ ਨਹੀਂ ਸੁਧਰੀ ਸੰਵਰੀ, ਫਿਰ ਕਿਥੇ ਭੇਜੀਏ?
ਪਟਿਆਲੇ ਸੂਲਰ ਰੋਡ ਉਪਰ ਬਾਬਾ ਜੱਸਾ ਸਿੰਘ ਦਾ ਡੇਰਾ ਹੈ। ਬਚਿਆ ਲੰਗਰ ਕੁੱਤਿਆਂ ਨੂੰ ਪਾਉਣ ਵਕਤ ਉਚੀ ਆਵਾਜ਼ ਦਿੰਦੇ, ਆਵੋ ਜੀ, ਲੰਗਰ ਛਕੋ। ਪੂਛਾਂ ਹਿਲਾਉਂਦੇ ਖੁਸ਼ੀ ਖੁਸ਼ੀ ਕੁੱਤੇ ਦੌੜੇ ਆਉਂਦੇ। ਬਾਬਾ ਜੀ ਦਾ ਹੁਕਮ ਸੀ, ਪਸ਼ੂਆਂ ਨਾਲ ਗੱਲ ਕਰਨ ਲੱਗਿਆਂ ਵੀ ਜੀ ਸ਼ਬਦ ਦੀ ਵਰਤੋਂ ਕਰਨੀ ਹੈ।
ਪੰਜਾਬੀ ਯੂਨੀਵਰਸਿਟੀ ਦੇ ਅਧਿਆਪਕ ਡਾæ ਗੁਰਤੇਜ ਸਿੰਘ ਕੰਗ ਮੇਰੇ ਵਿਦਿਆਰਥੀ ਅਤੇ ਮਿੱਤਰ ਹਨ, ਹੁਣ ਕੈਨੇਡਾ ਆਬਾਦ ਹੋ ਗਏ ਹਨ। ਉਨ੍ਹਾਂ ਦਾ ਫੋਨ ਆਇਆ, ਗੱਲ ਤੁਰੀ, ਟੋਰਾਂਟੋ ਗੁਰਦੁਆਰੇ ਵਿਚ ਇਕ ਗੋਰੀ ਉਨ੍ਹਾਂ ਨੂੰ ਮਿਲੀ ਜਿਹੜੀ ਸੰਸਾਰ ਧਰਮਾਂ ਉਪਰ ਕਿਤਾਬ ਲਿਖ ਰਹੀ ਹੈ। ਉਸ ਨੇ ਧਰਮ ਗੰ੍ਰਥਾਂ ਦਾ ਪਾਠ ਕੀਤਾ, ਇਤਿਹਾਸ ਅਤੇ ਫਲਸਫੇ ਦੀ ਵਾਕਫੀ ਇਕੱਠੀ ਕੀਤੀ ਅਤੇ ਇਨ੍ਹਾਂ ਧਰਮਾਂ ਦੇ ਮੁਰੀਦਾਂ ਦਾ ਵਿਹਾਰ ਕਿਹੋ ਜਿਹਾ ਹੈ, ਧਾਰਮਿਕ ਰਸਮਾਂ ਕਿਵੇਂ ਨਿਭਾਉਂਦੇ ਹਨ ਆਦਿਕ ਜਾਣਕਾਰੀ ਇਕੱਤਰ ਕੀਤੀ। ਕੰਗ ਨੇ ਉਸ ਦਾ ਖਰੜਾ ਫੋਲਿਆ ਅਤੇ ਦੇਖਿਆ ਕਿ ਇਸ ਵਿਚ ਸਿੱਖ ਧਰਮ ਬਾਰੇ ਜਾਣਕਾਰੀ ਨਹੀਂ। ਕੰਗ ਨੇ ਪੁਛਿਆ, ਕੀ ਗੁਰਮਤਿ, ਧਰਮ ਨਹੀਂ ਹੈ? ਉਹ ਚੁਪ ਹੋ ਗਈ। ਕੰਗ ਨੇ ਕਿਹਾ, ਜੇ ਤੁਹਾਡੇ ਕੋਲ ਸਹਾਇਕ ਸਰੋਤ ਸਮੱਗਰੀ ਨਹੀਂ ਹੈ, ਮੈਂ ਦੇ ਦਿੰਨਾ ਪਰ ਇਸ ਕਿਤਾਬ ਵਿਚੋਂ ਸਿੱਖ ਧਰਮ ਗੈਰਹਾਜ਼ਰ ਨਹੀਂ ਹੋਣਾ ਚਾਹੀਦਾ। ਉਹ ਬੋਲੀ, “ਦਰਖਤ ਦੀ ਉਪਯੋਗਤਾ ਮੈਂ ਉਸ ਦੇ ਫਲ ਤੋਂ ਪਰਖਦੀ ਹਾਂ। ਫਲ ਚੰਗਾ ਹੈ, ਦਰਖਤ ਚੰਗਾ ਹੈ। ਧਰਮ ਸਥਾਨ ਧਰਮ ਦੇ ਫਲ ਹਨ। ਇਨ੍ਹਾਂ ਥਾਂਵਾਂ ‘ਤੇ ਦੁਖੀਆਂ ਦੀਨਾਂ ਨੂੰ ਸਹਾਰਾ ਮਿਲਦਾ ਹੈ। ਗੁਰਦੁਆਰਿਆਂ ਵਿਚ ਮੈਂ ਸਿੱਖਾਂ ਨੂੰ ਸਿੱਖਾਂ ਉਤੇ ਹਮਲੇ ਕਰਦਿਆਂ ਦੇਖਿਆ ਹੈ। ਨਾ ਉਨ੍ਹਾਂ ਨੂੰ ਧਰਮ ਗ੍ਰੰਥ ਦੀ ਲਿਹਾਜ਼, ਨਾ ਸੰਗਤ ਦਾ ਅਦਬ। ਉਹ ਜਾਨਵਰਾਂ ਵਾਂਗ ਵਿਹਾਰ ਕਰਦੇ ਹਨ। ਮੁਸਲਮਾਨਾਂ ਬਾਰੇ ਅਕਸਰ ਸੁਣਨ ਨੂੰ ਮਿਲਦਾ ਹੈ ਕਿ ਉਹ ਗਰਮ ਮਿਜਾਜ਼ ਹਨ ਪਰ ਨਮਾਜ਼ ਅਦਾ ਕਰਨ ਵਾਸਤੇ ਮਸਜਿਦ ਵਿਚ ਜਾਂਦੇ ਹਨ ਤਾਂ ਉਥੇ ਭਰਾਵਾਂ ਵਾਂਗ ਗਲ ਲਗ ਕੇ ਮਿਲਦੇ ਹਨ, ਪ੍ਰੇਮ ਨਾਲ, ਸ਼ਾਂਤ ਚਿਤ ਹੋ ਕੇ ਨਮਾਜ਼ ਪੜ੍ਹਦੇ ਹਨ। ਸਿੱਖ, ਗੁਰਦੁਆਰੇ ਆ ਕੇ ਵੀ ਜੇ ਵਿਹਾਰ ਠੀਕ ਨਹੀਂ ਕਰਦੇ ਤਾਂ ਮੈਂ ਕਿਵੇਂ ਮੰਨਾ ਕਿ ਇਹ ਦਰਖਤ ਵਧੀਆ ਹੈ? ਜਿਹੜੀ ਚੀਜ਼ ਮੈਨੂੰ ਚੰਗੀ ਨਹੀਂ ਲਗਦੀ ਮੈਂ ਉਸ ਦੀ ਨਿੰਦਿਆ ਕਰਨ ਦੀ ਥਾਂ ਖਾਮੋਸ਼ ਹੋ ਜਾਂਦੀ ਹਾਂ। ਸਿੱਖਾਂ ਬਾਰੇ ਹਾਲੇ ਮੈਂ ਖਾਮੋਸ਼ ਰਹਾਂਗੀ।”
ਗਿਆਨੀ ਦਿੱਤ ਸਿੰਘ ਜਦੋਂ ਕਿਸੇ ਗੁਰਦੁਆਰੇ ਕਥਾ ਕਰਨ ਜਾਂਦੇ, ਉਨ੍ਹਾਂ ਦੇ ਬੋਲਾਂ ਦੇ ਪ੍ਰਸ਼ੰਸਕ ਵੱਡੀ ਗਿਣਤੀ ਵਿਚ ਪੁਜਦੇ, ਅੰਦਰ ਬੈਠਣ ਲਈ ਥਾਂ ਨਾ ਮਿਲਦੀ। ਕੰਧਾਂ ਤੋਂ ਬਾਹਰ ਦੂਰ ਦੂਰ ਤੱਕ ਸਰੋਤੇ ਕਥਾ ਸੁਣਦੇ। ਜਦੋਂ ਅਰਦਾਸ ਉਪਰੰਤ ਪ੍ਰਸ਼ਾਦ ਵਰਤਾਉਣ ਦਾ ਸਮਾਂ ਆਉਂਦਾ ਪੁਜਾਰੀਆਂ ਵਲੋਂ ਉਨ੍ਹਾਂ ਨੂੰ ਕਿਹਾ ਜਾਂਦਾ, ਉਥੇ ਜੋੜਿਆਂ ਵਾਲੀ ਥਾਂ ਤੇ ਬੈਠੋ। ਅਜਿਹਾ ਇਸ ਕਰਕੇ ਕੀਤਾ ਜਾਂਦਾ ਕਿ ਉਹ ਅਖੌਤੀ ਨੀਵੀਂ ਜਾਤ ਦੇ ਸਨ। ਪੱਤਰਕਾਰਾਂ ਨੇ ਪੁੱਛਿਆ, ਭਾਈ ਜੀ, ਇਸ ਵਰਤਾਰੇ ਸਦਕਾ ਤੁਹਾਨੂੰ ਗੁੱਸਾ ਨਹੀਂ ਆਉਂਦਾ? ਗਿਆਨੀ ਜੀ ਦਾ ਉਤਰ ਸੀ, ਨਹੀਂ। ਹਾਲੇ ਤਾਂ ਮੈਨੂੰ ਜੋੜਿਆਂ ਵਿਚ ਬੈਠਣ ਦਾ ਹੁਕਮ ਮਿਲਦਾ ਹੈ, ਜੇ ਜੋੜੇ ਵਿਚੋਂ ਚੁੱਕ ਕੇ ਛਕਣ ਲਈ ਕਹਿਣ, ਮੈਂ ਤਾਂ ਵੀ ਬੁਰਾ ਨਾ ਮਨਾਵਾਂ। ਇਨ੍ਹਾਂ ਵਿਚ ਅਤੇ ਮੇਰੇ ਵਿਚ ਕੋਈ ਫਰਕ ਹੋਣਾ ਚਾਹੀਦਾ ਹੈ।
ਇਸ ਫਰਕ ਸਦਕਾ ਸਦੀ ਬਾਦ ਗਿਆਨੀ ਦਿਤ ਸਿੰਘ ਯਾਦ ਆਏ।
ਤਖਤ ਪਟਨਾ ਸਾਹਿਬ ਵਿਚ ਵਾਪਰੀਆਂ ਘਟਨਾਵਾਂ ਨੇ ਖਾਲਸਾ ਪੰਥ ਨੂੰ ਸ਼ਰਮਿੰਦਗੀ ਦਿੱਤੀ ਹੈ। ਖਬਰ ਆਈ ਹੈ ਕਿ ਜਥੇਦਾਰ ਇਕਬਾਲ ਸਿੰਘ ਨੇ ਪ੍ਰਬੰਧਕ ਕਮੇਟੀ ਨੂੰ ਮਾਫ ਕਰ ਦਿੱਤਾ ਹੈ ਤੇ ਪ੍ਰਬੰਧਕ ਕਮੇਟੀ ਨੇ ਜਥੇਦਾਰ ਨੂੰ ਖਿਮਾ ਕਰ ਦਿੱਤਾ ਹੈ। ਇਨ੍ਹਾਂ ਦੇ ਕਾਰਨਾਮਿਆਂ ਨੇ ਗੁਰੂ ਨਾਨਕ ਸਾਹਿਬ ਦੀ ਸੰਗਤ ਨੂੰ ਦੁਨੀਆਂ ਭਰ ਵਿਚ ਜੋ ਬਦਨਾਮੀ ਦਿਵਾਈ, ਉਸ ਦਾ ਇਨ੍ਹਾਂ ਕੋਲ ਕੀ ਇਲਾਜ ਹੈ?
ਗੁਰਦੁਆਰੇ ਵਿਚ ਦਾਖਲ ਹੋਣ ਸਾਰ ਸ਼ਰਧਾਲੂਆਂ ਦੀ ਬੋਲੀ ਵਿਚ ਤਬਦੀਲੀ ਆ ਜਾਂਦੀ ਹੈ, “ਜਲ ਛਕੋ ਜੀ, ਪ੍ਰਸ਼ਾਦ ਲਵੋ ਜੀ, ਸੀਸ ਢਕ ਲਵੋ ਜੀ,” ਆਦਿਕ ਸੁਖਦਾਈ ਬੋਲ ਕੰਨੀ ਪੈਂਦੇ ਹਨ। ਪਰ ਇਹ ਤਾਂ ਆਮ ਆਦਮੀ ਹਨ, ਇਨ੍ਹਾਂ ਦਾ ਕੀ ਹੈ? ਖਾਸ ਆਦਮੀ ਗੁਰਦੁਆਰੇ ਜਾ ਕੇ ਵੀ ਬਦਜ਼ਬਾਨ ਬਦਕਲਾਮ ਰਹੇਗਾ ਅਤੇ ਸ਼ਰਮਨਾਕ ਵਰਤਾਰਾ ਕਰਨੋ ਨਹੀਂ ਝਿਜਕੇਗਾ। ਜਿਨ੍ਹਾਂ ਨੇ ਇਨ੍ਹਾਂ ਬੰਦਿਆਂ ਨੂੰ ਆਮ ਤੋਂ ਖਾਸ ਬਣਾਇਆ, ਉਹ ਕਦੀ ਇੱਧਰ ਧਿਆਨ ਦੇਣਗੇ? ਗੁਰੂ ਗੋਬਿੰਦ ਸਿੰਘ ਜੀ ਨੇ ਔਰੰਗਜ਼ੇਬ ਨੂੰ ਲਿਖਿਆ ਸੀ,
ਔਰੰਗਜ਼ੇਬ ਸ਼ਹਿਨਸ਼ਾਹਿ ਆਲਮੀਂ।
ਦਾਰਾ ਇਦੌਰ ਅਸਤ, ਦੂਰ ਅਸਤ ਦੀਂ।
(ਤੂੰ ਦੁਨੀਆਂ ਦੇ ਸ਼ਾਹਾਂ ਦਾ ਸ਼ਹਿਨਸ਼ਾਹ ਹੈਂ ਔਰੰਗਜ਼ੇਬ, ਤੂੰ ਆਪਣੇ ਜ਼ਮਾਨੇ ਦਾ ਦਾਰਾ ਤਾਂ ਹੈ ਪਰ ਤੂੰ ਧਰਮ ਤੋਂ ਦੂਰ ਹੈਂ।)
ਗੁਰਦੁਆਰਾ ਪ੍ਰਬੰਧਕਾਂ ਅਤੇ ਜਥੇਦਾਰਾਂ ਪਾਸ ਵੀ ਥੋੜਾ ਕੁ ਧਰਮ ਆਵੇ, ਸਾਡੀ ਅਰਦਾਸ ਹੈ। ਆਮੀਨ।

Be the first to comment

Leave a Reply

Your email address will not be published.