ਸਿੱਖ ਕੌਮ ਦੇ ਜਥੇਦਾਰ ਅਤੇ ਮੰਤਰੀ ਸਾਹਿਬਾਨ

-ਬੀਬੀ ਸੁਰਜੀਤ ਕੌਰ ਸੈਕਰਾਮੈਂਟੋ
ਫੋਨ: 916-687-3536
ਪਿਛਲੇ ਦਿਨਾਂ ਵਿਚ ਦੋ ਖਬਰਾਂ ਅਖਬਾਰਾਂ ਦੀਆਂ ਸੁਰਖੀਆਂ ਬਣੀਆਂ ਰਹੀਆਂ। ਪਹਿਲੀ ਅਨੁਸਾਰ, ਪੰਜਾਬ ਸਰਕਾਰ ਦੇ ਲੋਕ ਸੰਪਰਕ ਤੇ ਮਾਲ ਮੰਤਰੀ ਸ਼ ਬਿਕਰਮ ਸਿੰਘ ਮਜੀਠੀਆ ਨੂੰ ਸ਼ਰ੍ਹੇਆਮ ਡਰੱਗ ਸਮਗਲਰ ਗਰਦਾਨਿਆ ਜਾ ਰਿਹਾ ਹੈ। ਡਰੱਗ ਸਮਗਲਿੰਗ ਦੇ ਦੋਸ਼ਾਂ ਵਿਚ ਘਿਰੇ ਅਤੇ ਆਪਣੇ ਸਮੇਂ ਦੇ ਕੌਮਾਂਤਰੀ ਪਹਿਲਵਾਨ ਸਾਬਕਾ ਡੀæਐਸ਼ਪੀæ ਜਗਦੀਸ਼ ਭੋਲਾ ਨੇ ਉਨ੍ਹਾਂ ਦਾ ਨਾਮ ਡਰੱਗ ਸਮਗਲਰਾਂ ਵਿਚ ਉਜਾਗਰ ਕਰ ਕੇ ਤਹਿਲਕਾ ਹੀ ਨਹੀਂ ਮਚਾਇਆ, ਬਲਕਿ ਸਮੁੱਚੀ ਕੌਮ ਨੂੰ ਵੀ ਹਿਲਾ ਕੇ ਰੱਖ ਦਿੱਤਾ ਹੈ।
ਦੂਜੇ ਖਬਰ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਪੁਰਬ ਉਤੇ ਅਤੇ ਉਨ੍ਹਾਂ ਦੇ ਹੀ ਪਾਵਨ ਜਨਮ ਅਸਥਾਨ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਸਮਾਗਮਾਂ ਵਿਚ ਜੋ ਇਖ਼ਲਾਕ ਤੋਂ ਡਿਗਿਆ ਤਮਾਸ਼ਾ ਟੀæਵੀæ ਚੈਨਲਾਂ ਰਾਹੀਂ ਦੁਨੀਆਂ ਨੇ ਵੇਖਿਆ, ਉਸ ਦੀ ਜਿੰਨੀ ਵੀ ਨਿੰਦਿਆ ਕੀਤੀ ਜਾਵੇ, ਥੋੜ੍ਹੀ ਹੈ। ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਅਤੇ ਉਨ੍ਹਾਂ ਦੀ ਆਪੋਜੀਸ਼ਨ ਵਿਚ ਚਲਦੀਆਂ ਹੋਈਆਂ ਤਲਵਾਰਾਂ, ਜਥੇਦਾਰ ਸਾਹਿਬ ਅਤੇ ਹੋਰਾਂ ਦੀਆਂ ਢੱਠੀਆਂ ਹੋਈਆਂ ਦਸਤਾਰਾਂ, ਸਿੰਘਾਂ ਦੇ ਖਿਲਰੇ ਹੋਏ ਕੇਸ, ਲਹੂ-ਲੁਹਾਣ ਚਿਹਰੇ ਅਤੇ ਸੋਹਣੇ ਸਿੱਖੀ ਸਰੂਪ, ਉਸ ਸਭ ਨੂੰ ਵੇਖ-ਸੁਣ ਕੇ ਨਾ ਹੀ ਕਲਮ ਚੱਲਦੀ ਹੈ ਅਤੇ ਨਾ ਹੀ ਸ਼ਬਦ ਅਹੁੜਦੇ ਹਨ। ਜਥੇਦਾਰ ਇਕਬਾਲ ਸਿੰਘ ਅਤੇ ਉਨ੍ਹਾਂ ਦੇ ਸਾਹਮਣੇ ਵਾਲੀ ਪਾਰਟੀ ਦਾ ਹੁਣ ਕੋਈ ਬਹੁਤਾ ਦੋਸ਼ ਨਹੀਂ ਰਹਿ ਗਿਆ, ਕਿਉਂਕਿ ਸਾਡੇ ਧਾਰਮਿਕ ਜਾਂ ਸਮਾਜਕ ਲੀਡਰਾਂ ਦੇ ਅੰਦਰੋਂ ਰੱਬ, ਗੁਰੂ ਜਾਂ ਆਪਣੇ ਧਰਮ ਦੀ ਖਾਤਰ ਆਪਾ ਵਾਰੂ ਭਾਵਨਾ ਹੀ ਮਰ-ਮੁੱਕ ਗਈ ਹੈ। ਜਿਹੜਾ ਵੀ ਆਦਮੀ ਜਿਸ ਗੱਦੀ ਜਾਂ ਸਿੰਘਾਸਨ ‘ਤੇ ਬੈਠ ਜਾਂਦਾ ਹੈ, ਉਹ ਉਸ ਗੱਦੀ ਜਾਂ ਸਿੰਘਾਸਨ ਨੂੰ ਇੰਨਾ ਘੁੱਟ ਕੇ ਫੜ ਲੈਂਦਾ ਹੈ ਕਿ ਜਿਉਂਦੇ ਜੀਅ ਉਸ ਦਾ ਛੱਡਣ ਨੂੰ ਜੀਅ ਨਹੀਂ ਕਰਦਾ। ਫਿਰ ਜਾਂ ਤਾਂ ਉਹਨੂੰ ਲੋਕ ਖਿੱਚ ਕੇ ਗੱਦੀਓਂ ਥੱਲੇ ਲਾਹੁਣ ਅਤੇ ਜਾਂ ਧਰਮ ਰਾਜ ਦੇ ਦੂਤ ਉਸ ਦੀ ਮੌਤ ਦਾ ਪ੍ਰਵਾਨਾ ਲੈ ਕੇ ਪਹੁੰਚਣ; ਵਰਨਾ ਕੋਈ ਚੌਧਰ ਛੱਡਣ ਨੂੰ ਤਿਆਰ ਨਹੀਂ।
ਕੁਝ ਸਮਾਂ ਪਹਿਲਾਂ ਦਿੱਲੀ ਦੇ ਤਖ਼ਤ ‘ਤੇ ਕਾਬਜ਼ ਪਰਿਵਾਰ ਨੂੰ ਲੈ ਕੇ ਸਾਰੇ ਮੁਲਕ ਦੇ ਲੋਕ ਪਾਣੀ ਪੀ-ਪੀ ਕੇ ਗਾਲ੍ਹਾਂ ਕੱਢਦੇ ਹੁੰਦੇ ਸਨ ਕਿ ਕੁਨਬਾਪ੍ਰਸਤੀ ਦਾ ਦੌਰ ਚੱਲ ਰਿਹਾ ਹੈ, ਪਰ ਅੱਜ ਲੋੜ ਹੈ ਪੰਜਾਬ ਦੀ ਸਿਆਸਤ ਅਤੇ ਧਾਰਮਿਕ ਸੰਸਥਾਵਾਂ ਵੱਲ ਵੇਖਣ ਦੀæææ ਜਿਸ ਤਰ੍ਹਾਂ ਇਨ੍ਹਾਂ ਦੋਹਾਂ ਖੇਤਰਾਂ ਦੇ ਲੋਕਾਂ ਦੇ ਅੰਦਰ ਕੁਨਬਾਪ੍ਰਸਤੀ ਨੇ ਪੈਰ ਪਸਾਰ ਲਏ ਹਨ ਅਤੇ ਪੰਥ ਦੀਆਂ ਜੜ੍ਹਾਂ ਵੱਢੀਆਂ ਜਾ ਰਹੀਆਂ ਹਨ, ਉਹ ਸ਼ਾਇਦ ਜੱਗੋਂ ਤੇਰ੍ਹਵੀਂ ਹੋ ਰਹੀ ਹੈ। ਪੰਜਾਬ ਦੀ ਸਿਆਸਤ ਉਤੇ ਵੀ ਇਕੋ ਪਰਿਵਾਰ ਦਾ ਡੰਕਾ ਵੱਜ ਰਿਹਾ ਹੈ ਅਤੇ ਸਾਡੇ ਧਾਰਮਿਕ ਅਸਥਾਨਾਂ ਉਤੇ ਕਾਬਜ਼ ਲੋਕ ਵੀ ਘੱਟ ਨਹੀਂ ਗੁਜ਼ਾਰ ਰਹੇ। ਕਿਸੇ ਸਿੰਘ ਸਾਹਿਬ ਦਾ ਸਪੁੱਤਰ ਉਥੇ ਹੀ ਹੈਡ ਗ੍ਰੰਥੀ ਹੈ ਅਤੇ ਕਿਸੇ ਜਥੇਦਾਰ ਦਾ ਸ਼ਹਿਜ਼ਾਦਾ ਹੈਡ ਕੀਰਤਨੀਆ ਹੈ। ਅੱਜ ਕੁਰਸੀ ਜਾਂ ਗੱਦੀ ‘ਤੇ ਬੈਠਾ ਹਰ ਆਦਮੀ ਚੰਮ ਦੀਆਂ ਚਲਾ ਕੇ ਨਜ਼ਾਰੇ ਲੁੱਟ ਰਿਹਾ ਹੈ। ਜਦ ਕੁਰਸੀ ਹੈ ਤਾਂ ਮਾਇਆ ਹੈ; ਜਦ ਮਾਇਆ ਹੈ ਤਾਂ ਐਸ਼ਪ੍ਰਸਤੀ ਵੀ ਹੈ; ਫਿਰ ਕੁਰਸੀ ਜਾਂ ਗੱਦੀ ਛੱਡਣ ਨੂੰ ਕੋਈ ਕਿਵੇਂ ਤਿਆਰ ਹੋਵੇ?
ਉਧਰ ਸਾਡੇ ਮਾਲ ਮੰਤਰੀ ਸ਼ ਮਜੀਠੀਆ ਵੀ ਜਦੋਂ ਦੇ ਕੁਰਸੀ ‘ਤੇ ਬਿਰਾਜੇ ਹਨ, ਉਨ੍ਹਾਂ ਦੇ ਨਿਤ ਕਰਮਾਂ ਦੇ ਕਿੱਸੇ ਅਤੇ ਉਨ੍ਹਾਂ ਦੇ ਗੈਂਗਾਂ ਦੀਆਂ ਗੱਲਾਂ ਵੀ ਗਾਹੇ-ਬਗਾਹੇ ਲੋਕਾਂ ਨੂੰ ਸੁਣਨ ਨੂੰ ਮਿਲਦੀਆਂ ਰਹਿੰਦੀਆਂ ਹਨ, ਪਰ ਸਾਡੇ ਵੱਡੇ ਵਡੇਰੇ ਵੀ ਆਖ ਗਏ ਹਨ ਕਿ ਜਿਹਦੀ ਡਾਂਗ ਉਸੇ ਦੀ ਮੱਝ ਤੇ ਜਾਂ ਫਿਰ ਤਕੜੇ ਦਾ ਸੱਤੀਂ ਵੀਹੀਂ ਸੌ। ਸੋ, ਸੱਚੀ ਗੱਲ ਤਾਂ ਇਹ ਹੈ ਕਿ ਜਗਦੀਸ਼ ਭੋਲਾ ਜਿੰਨਾ ਮਰਜ਼ੀ ਸੱਚ ਬੋਲੇ, ਬਾਦਲਕਿਆਂ ਨੇ ਸ਼ ਮਜੀਠੀਆ ਦਾ ਵਾਲ ਵਿੰਗਾ ਨਹੀਂ ਹੋਣ ਦੇਣਾ; ਤੇ ਮੰਤਰੀ ਦਾ ਬਚਾਉ ਇੰਜ ਕਰ ਲੈਣਾ ਹੈ ਜਿਵੇਂ ਮੱਖਣ ਵਿਚੋਂ ਵਾਲ ਕੱਢ ਲਈਦਾ ਹੈ। ਉਨ੍ਹਾਂ ਦੀ ਕੁਰਸੀ ਵੀ ਅਡੋਲ ਬਣੀ ਰਹਿਣੀ ਹੈ। ਬੱਸ, ਚਾਰ ਦਿਨ ਹੋਰ ਰੌਲਾ-ਰੱਪਾ ਪਵੇਗਾ, ਉਸ ਤੋਂ ਬਾਅਦ ਸਾਰਾ ਗਰਦ-ਗੁਬਾਰ ਹੌਲੀ-ਹੌਲੀ ਆਪੇ ਬੈਠ ਜਾਵੇਗਾ। ਇਹ ਕੋਈ ਪਹਿਲੀ ਜਾਂ ਆਖਰੀ ਵਾਰ ਨਹੀਂ ਹੈ। ਸਰਕਾਰ ਲੋਕਾਂ ਨੂੰ ਚੰਗੀ ਤਰ੍ਹਾਂ ਜਾਣਦੀ ਅਤੇ ਪਛਾਣਦੀ ਵੀ ਹੈ। ਇਸ ਨੂੰ ਪਤਾ ਹੈ ਕਿ ਲੋਕ ਹੁਣ ਰੱਜ ਕੇ ਸਹਿੰਦੜ ਹੋ ਚੁੱਕੇ ਹਨ। ‘ਚੱਲ ਹੋਊ ਪਰੇ, ਸਾਨੂੰ ਕੀ’ ਆਖ ਕੇ ਹਰ ਬੰਦਾ ਆਪਣਾ ਟਾਈਮ ਲੰਘਾ ਰਿਹਾ ਹੈ।
ਇਹ ਤਾਂ ਹੋਈ ਸਰਕਾਰ ਦੇ ਮੰਤਰੀਆਂ ਦੀ ਗੱਲ! ਸਾਡੇ ਧਾਰਮਿਕ ਲੋਕ ਤਾਂ ਆਪਣੇ ਗੁਰੂਆਂ ਨੂੰ ਅਤੇ ਗੁਰ ਅਸਥਾਨਾਂ ਨੂੰ ਟਿਚ ਸਮਝਦੇ, ਉਥੇ ਖਿਲਵਾੜ ਕਰਨੋਂ ਨਹੀਂ ਝਿਜਕਦੇ। ਫਿਰ ਆਮ ਚੌਧਰੀਆਂ ਦੀ ਗੱਲ ਹੀ ਕੀ ਹੈ? ਹੈਰਾਨੀ ਦੀ ਗੱਲ ਹੈ ਕਿ ਪਹਿਲੇ ਦਿਨ ਜਥੇਦਾਰ ਇਕਬਾਲ ਸਿੰਘ ਦੀ ਢੱਠੀ ਦਸਤਾਰ, ਤੇ ਸਿਰ ਵਿਚੋਂ ਵਗਦੇ ਖੂਨ ਦੀ ਫੋਟੋ ਆਉਂਦੀ ਹੈ। ਉਹ ਇਸ ਮਾਮਲੇ ਨੂੰ ਪੁਲਿਸ ਕੋਲ ਵੀ ਲੈ ਜਾਂਦੇ ਹਨ ਅਤੇ ਆਖਦੇ ਹਨ, ‘ਮੈਂ ਨਵੇਂ ਜਥੇਦਾਰ ਭਾਈ ਪ੍ਰਤਾਪ ਸਿੰਘ ਨੂੰ ਜਥੇਦਾਰ ਮੰਨਦਾ ਹੀ ਨਹੀਂ, ਜਥੇਦਾਰ ਮੈਂ ਹਾਂ।’ ਉਸ ਤੋਂ ਅਗਲੇ ਦਿਨ ਖ਼ਬਰ ਆਉਂਦੀ ਹੈ ਕਿ ਇਕਬਾਲ ਸਿੰਘ ਨੂੰ ਆਪਣੀ ਗ਼ਲਤੀ ਦਾ ਅਹਿਸਾਸ ਹੋ ਗਿਆ ਹੈ ਅਤੇ ਉਨ੍ਹਾਂ ਨੇ ਭਾਈ ਪ੍ਰਤਾਪ ਸਿੰਘ ਦੀ ਆਮਦ ਨੂੰ ਪ੍ਰਵਾਨ ਕਰ ਲਿਆ ਹੈ, ਤੇ ਉਹ ਪੁਲਿਸ ਕੋਲ ਕੀਤੀ ਸ਼ਿਕਾਇਤ ਵੀ ਵਾਪਸ ਲੈ ਰਹੇ ਹਨ। ਤੀਜੇ ਦਿਨ ਫਿਰ ਖ਼ਬਰ ਆਉਂਦੀ ਹੈ ਕਿ ਜਥੇਦਾਰ ਇਕਬਾਲ ਸਿੰਘ ਆਪਣੇ ਬਿਆਨ ਤੋਂ ਮੁੱਕਰ ਗਏ ਹਨ ਅਤੇ ਆਖ ਰਹੇ ਹਨ ਕਿ ਪਟਨਾ ਸਾਹਿਬ ਦਾ ਜਥੇਦਾਰ ਸਿਰਫ਼ ਮੈਂ ਹਾਂ, ਮੈਨੂੰ ਕੋਈ ਤਖ਼ਤ ਤੋਂ ਥੱਲੇ ਲਾਹ ਕੇ ਵਿਖਾਵੇ!
ਉਧਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਡਾਢੀ ਦੋਚਿਤੀ ਵਿਚ ਹਨ ਕਿ ਜਾਈਏ ਤਾਂ ਕਿਸ ਪਾਸੇ ਜਾਈਏ? ਉਹ ਵੀ ਸੰਭਲ-ਸੰਭਲ ਕੇ ਬੋਲ ਰਹੇ ਹਨ ਅਤੇ ਡਰ ਵੀ ਰਹੇ ਹਨ ਕਿ ਕਿਤੇ ਮੂੰਹ ਵਿਚੋਂ ਕੁਝ ਧਰਮ ਦੇ ਹੱਕ ਵਿਚ ਨਾ ਬੋਲ ਬੈਠੀਏ! ਧਰਮ ਦਾ ਕੀ ਹੈ? ਇਹ ਤਾਂ ਸਿਰਫ਼ ਦਿਖਾਵੇ ਦੀ ਚੀਜ਼ ਹੈ ਪਰ ਹਾਇ ਰੱਬਾ! ਇਹ ਉਚੇ ਅਹੁਦੇ ਤੇ ਚੌਧਰਾਂ ਕਿਤੇ ਸੌਖੀਆਂ ਮਿਲ ਜਾਂਦੀਆਂ ਹਨ? ਨਾਲੇ ਜਥੇਦਾਰ ਨੇ ਤਾਂ ਸਾਰੇ ਧੋਣੇ ਇਕੱਠੇ ਹੀ ਧੋ ਛੱਡੇ ਹਨ।
ਇਥੇ ਅਮਰੀਕਾ ਵਿਚ ਤਾਂ ਆਏ ਦਿਨ ਹੀ ਗੁਰੂ ਘਰਾਂ ਵਿਚ ਤਲਵਾਰਾਂ ਡਾਂਗਾਂ ਚੱਲਦੀਆਂ ਰਹਿੰਦੀਆਂ ਹਨ, ਕੋਰਟ-ਕਚਹਿਰੀਆਂ ਵਿਚ ਵੀ ਸਿੰਘ ਆਉਂਦੇ-ਜਾਂਦੇ ਰਹਿੰਦੇ ਹਨ ਅਤੇ ਬੜੇ ਫਖ਼ਰ ਨਾਲ ਧੌਣ ਉਠਾ ਕੇ ਤੁਰਦੇ ਵੀ ਹਨ। ਇਸ ਲਈ ਜਥੇਦਾਰ ਨੇ ਸਾਰੀ ਕੌਮ ਨੂੰ ਹੀ ਸੁਰਖਰੂ ਕਰ ਦਿੱਤਾ ਹੈ ਕਿ ਘਬਰਾਓ ਨਾ, ਤੇ ਡਰੋ ਨਾ, ਹੁਣ ਜਥੇਦਾਰੀਆਂ ਅਤੇ ਪ੍ਰਧਾਨਗੀਆਂ ਤਲਵਾਰਾਂ ਦੇ ਸਿਰ ‘ਤੇ ਹੀ ਚੱਲਣਗੀਆਂ! ਉਂਜ ਜੇ ਕਿਸੇ ਮੁਲਕ ਦੇ ਏਅਰਪੋਰਟ ‘ਤੇ ਕਿਸੇ ਦੀ ਦਸਤਾਰ ਦੀ ਤਲਾਸ਼ੀ ਲੈਣ ਦੀ ਗੱਲ ਹੋਵੇ ਤਾਂ ਸਾਡਾ ਹੱਕ ਹੈ ਤੇ ਫਰਜ਼ ਹੈ ਕਿ ਅਸੀਂ ਉਥੇ ਹੀ ਧਰਨੇ ‘ਤੇ ਵੀ ਬੈਠ ਜਾਵਾਂਗੇ, ਕਿਉਂਕਿ ਅਸੀਂ ਆਪਣੀਆਂ ਦਸਤਾਰਾਂ ਨੂੰ ਆਪੇ ਲਾਹੁਣ ਅਤੇ ਲੁਹਾਉਣ ਵਿਚ ਵੀ ਖਾਸੀ ਮੁਹਾਰਤ ਰੱਖਦੇ ਹਾਂ; ਕੋਈ ਸਾਡੀ ਪੱਗ ਨੂੰ ਹੱਥ ਕਿਉਂ ਪਾਵੇ; ਇਹ ਕੰਮ ਤਾਂ ਅਸੀਂ ਬਾਖੂਬੀ ਆਪੇ ਹੀ ਕਰ ਲੈਂਦੇ ਹਾਂ! ਸੋ ਹੁਣ ਹਰ ਗੁਰੂ ਘਰ ਦੇ ਸੇਵਾਦਾਰ ਸਾਹਿਬਾਨ ਉਪਰ ਦੱਸੇ ਇਸ ਮਾਰਗ ਉਤੇ ਚੱਲ ਕੇ ਆਪਣੇ ਆਪਣੇ ਨਾਮ ਦੇ ਸਿੱਕੇ ਚਲਾ ਸਕਦੇ ਹਨ। ਬਹੁਤ ਸਾਰੇ ਗੁਰੂ ਘਰਾਂ ਵਿਚ ਇਹ ਸਿਲਸਿਲਾ ਪਹਿਲਾਂ ਹੀ ਚਾਲੂ ਹੈ। ਬਾਕੀ ਬਚੇ ਹੋਏ ਵੀ ਹੁਣ ਹੱਕ ਅਜਮਾਉਣ ਤੇ ਲਾਭ-ਲਾਹਾ ਪ੍ਰਾਪਤ ਕਰਨ, ਇਹ ਜਥੇਦਾਰ ਜੀ ਦਾ ਹੁਕਮ ਹੈ।
ਅੱਜ ਹਾਲ ਇਹ ਹੈ ਕਿ ਕਿਹੜੇ ਪੰਥ ਨੂੰ ਆਵਾਜ਼ ਦੇਈਏ? ਕਿਹੜੇ ਪੰਥਕ ਦਰਦੀਆਂ ਅੱਗੇ ਰੋਣੇ ਰੋਈਏ? ਕਿਥੋਂ ਲੱਭ ਕੇ ਲਿਆਈਏ ਜਥੇਦਾਰ ਮਹਾਂ ਸਿੰਘ ਤੇ ਨਲੂਏ ਜਿਹੇ ਸਰਦਾਰ? ਕਿੱਥੋਂ ਬੁਲਾ ਕੇ ਲਿਆਈਏ ਭਾਈ ਸੁੱਖਾ ਸਿੰਘ ਤੇ ਮਹਿਤਾਬ ਸਿੰਘ ਨੂੰ? ਕਿਥੋਂ ਆਵਾਜ਼ਾਂ ਦੇ ਕੇ ਬੁਲਾਈਏ ਭਾਈ ਲਛਮਣ ਸਿੰਘ ਤੇ ਭਾਈ ਦਲੀਪ ਸਿੰਘ ਨੂੰ? ਅੱਜ ਹਰ ਪਾਸੇ ਧੁੰਦੂਕਾਰ ਛਾਇਆ ਪਿਆ ਹੈ। ਹਰ ਪਾਸੇ ਅਤਿਆਚਾਰ ਹੋ ਰਹੇ ਹਨ। ਹਰ ਧਾਰਮਿਕ ਦਿਸਦਾ ਆਦਮੀ ਕਿਰਦਾਰ ਤੋਂ ਡਿੱਗ ਕੇ ਆਚਰਨਹੀਣ ਹੋ ਕੇ ਤਮਾਸ਼ਾ ਦਿਖਾ ਰਿਹਾ ਹੈ ਅਤੇ ਸਮੁੱਚੀ ਕੌਮ ਇਹ ਤਮਾਸ਼ਾ ਦੇਖ ਰਹੀ ਹੈ।

Be the first to comment

Leave a Reply

Your email address will not be published.