ਐਸ਼ਵਰਿਆ ਅਗਲੀ ਪਾਰੀ ਖੇਡਣ ਲਈ ਤਿਆਰ

ਬਚਨ ਪਰਿਵਾਰ ਦੀ ਨੂੰਹ ਐਸ਼ਵਰਿਆ ਰਾਏ ਬਚਨ ਇਕ ਵਾਰ ਫਿਰ ਦਰਸ਼ਕਾਂ ਨੂੰ ਆਪਣੇ ਰੂਪ ਤੇ ਅਦਾਕਾਰੀ ਨਾਲ ਰੂ-ਬਰੂ ਕਰਵਾਉਣ ਜਾ ਰਹੀ ਹੈ। ਇਸ ਦੇ ਲਈ ਉਸ ਨੇ ਇਕ ਵਾਰ ਫਿਰ ਆਪਣੇ ਨਿਰਦੇਸ਼ਕ ਮਣੀਰਤਨਮ ਨਾਲ ਜੋੜੀ ਬਣਾਈ ਹੈ। ਜਿਸ ਫ਼ਿਲਮ ਨਾਲ ਐਸ਼ਵਰਿਆ ਵੱਡੇ ਪਰਦੇ ‘ਤੇ ਵਾਪਸੀ ਕਰੇਗੀ, ਉਹ ਡੇਫਨੇ ਡੂ ਮਾਰਿਅਰ ਦੇ ਪ੍ਰਸਿੱਧ ਨਾਵਲ ‘ਰੈਬੇਕਾ’ ਉਤੇ ਆਧਾਰਤ ਹੈ।
ਫਿਲਹਾਲ ਮਣੀ ਆਪਣੀ ਸਕ੍ਰਿਪਟ ਨੂੰ ਅੰਤਿਮ ਰੂਪ ਦੇਣ ਵਿਚ ਜੁਟੇ ਹਨ। ਇਹ ਨਾਵਲ ਇਕ ਨਵੀਂ ਦੁਲਹਨ ਦੀ ਕਹਾਣੀ ਹੈ ਜਿਸ ਦੀ ਤੁਲਨਾ ਉਸ ਦੀ ਪਹਿਲੀ ਮਰ ਚੁੱਕੀ ਪਤਨੀ ਨਾਲ ਕੀਤੀ ਜਾਂਦੀ ਹੈ। ਉਸ ਨੂੰ ਲੱਗਦਾ ਹੈ ਕਿ ਉਹ ਕਦੇ ਵੀ ਉਸ ਮ੍ਰਿਤਕ ਔਰਤ ਦੇ ਸਾਏ ਵਿਚ ਨਹੀਂ ਨਿਕਲ ਸਕੇਗੀ। ਪਿੱਛੋਂ ਉਸ ਨੂੰ ਅਹਿਸਾਸ ਹੁੰਦਾ ਹੈ ਕਿ ਉਸ ਦੇ ਪਤੀ ਨੂੰ ਆਪਣੀ ਪਹਿਲੀ ਪਤਨੀ ਨਾਲ ਪਿਆਰ ਹੀ ਨਹੀਂ ਸੀ। ਫ਼ਿਲਮ ਦੀ ਸ਼ੂਟਿੰਗ ਅਗਲੇ ਸਾਲ ਸ਼ੁਰੂ ਹੋਵੇਗੀ। ਜ਼ਿਕਰਯੋਗ ਹੈ ਕਿ ਹੁਣ ਤੱਕ ਐਸ਼ਵਰਿਆ ਮਣੀਰਤਨਮ ਦੀਆਂ ਕਈ ਫ਼ਿਲਮਾਂ ਕਰ ਚੁੱਕੀ ਹੈ। ਹੋਰ ਤਾਂ ਹੋਰ ਜਦੋਂ ਕਦੇ ਵੀ ਮਣੀਰਤਨਮ ਨੇ ਐਸ਼ਵਰਿਆ ਨੂੰ ਫ਼ਿਲਮ ਦੀ ਪੇਸ਼ਕਸ਼ ਕੀਤੀ ਤਾਂ ਉਹ ਉਸ ਨੂੰ ਠੁਕਰਾ ਨਾ ਸਕੀ। ਐਸ਼ਵਰਿਆ ਨੇ ਸਭ ਤੋਂ ਪਹਿਲਾਂ 1997 ਵਿਚ ਮਣੀ ਦੀ ਫ਼ਿਲਮ ‘ਇਰੂਵਰ’ ਵਿਚ ਕੰਮ ਕੀਤਾ ਸੀ। ਉਸ ਤੋਂ 10 ਸਾਲ ਬਾਅਦ ਐਸ਼ ਨੇ ਮਣੀ ਦੀ ਫ਼ਿਲਮ ‘ਗੁਰੂ’ ਵਿਚ ਕੰਮ ਕੀਤਾ ਸੀ। ਫਿਰ 2010 ਵਿਚ ਐਸ਼ਵਰਿਆ ਨੇ ਆਪਣੇ ਪਤੀ ਅਭਿਸ਼ੇਕ ਨਾਲ ਮਣੀ ਦੀ ਫ਼ਿਲਮ ‘ਰਾਵਣ’ ਵਿਚ ਵੀ ਕੰਮ ਕੀਤਾ ਸੀ। ਉਸ ਨੂੰ ਆਸ ਹੀ ਨਹੀਂ, ਯਕੀਨ ਹੈ ਕਿ ਉਸ ਦੀ ਇਹ ਪਾਰੀ ਵੀ ਸਫਲ ਰਹੇਗੀ।
_____________________________________
ਤੱਬੂ ਵੱਲੋਂ ਹਾਲੀਵੁੱਡ ਵਿਚ ਦਸਤਕ
ਪਿਛਲੇ ਕੁਝ ਸਮੇਂ ਤੋਂ ਸੁਨਹਿਰੀ ਪਰਦੇ ਤੋਂ ਲਾਪਤਾ ਤੱਬੂ ਹੁਣ ਛੇਤੀ ਹੀ ਹਾਲੀਵੁੱਡ ਫ਼ਿਲਮ ‘ਲਾਈਫ ਆਫ ਪਾਈ’ ਵਿਚ ਨਜ਼ਰ ਆਏਗੀ ਜਿਸ ਵਿਚ ਇਰਫਾਨ ਖਾਨ ਵੀ ਕੰਮ ਕਰ ਰਿਹਾ ਹੈ। ਬਿਨਾ ਸ਼ੱਕ ਪਿਛਲੇ ਕਾਫੀ ਸਮੇਂ ਤੋਂ ਤੱਬੂ ਦੇ ਕਿਰਦਾਰ ਵਿਚ ਇਕ ਠਹਿਰਾਅ ਰਿਹਾ ਹੋਵੇ ਪਰ ਉਹ ਆਪਣੇ ਕਰੀਅਰ ਤੇ ਪ੍ਰਾਪਤੀਆਂ ਤੋਂ ਕਾਫੀ ਖੁਸ਼ ਹੈ।ਬਤੌਰ ਅਦਾਕਾਰਾ ਉਸ ਨੂੰ ਕਮਰਸ਼ੀਅਲ ਤੇ ਆਰਟ ਦੋਹਾਂ ਫ਼ਿਲਮਾਂ ਵਿਚ ਸੰਤੁਲਨ ਕਾਇਮ ਰੱਖਣ ਦਾ ਮਾਣ ਹਾਸਲ ਹੈ।
ਉਂਜ ਤੱਬੂ ਨੂੰ ਵੀ ਬਾਲੀਵੁੱਡ ਦੀਆਂ ਮਸਾਲਾ ਫ਼ਿਲਮਾਂ ਘੱਟ ਮਿਲਣ ਦਾ ਅਫਸੋਸ ਹੈ। ਉਹ ਕਾਮੇਡੀ ਫ਼ਿਲਮਾਂ ਵੀ ਕਰਨਾ ਚਾਹੁੰਦੀ ਹੈ। ਆਪਣਾ 41ਵਾਂ ਜਨਮ ਦਿਨ ਮਨਾ ਚੁੱਕੀ ਤੱਬੂ ਦਾ ਕਹਿਣਾ ਹੈ ਕਿ ਕਦੇ ਅਦਾਕਾਰਾ ਬਣਨ ਬਾਰੇ ਨਹੀਂ ਸੋਚਿਆ ਸੀ। ਇਸ ਲਈ ਹਰ ਛੋਟੀ ਪ੍ਰਾਪਤੀ ਵੀ ਵੱਡੀ ਹੀ ਲੱਗਦੀ ਹੈ। ਇਹ ਉਸ ਲਈ ਲੰਬਾ ਸਫਰ ਰਿਹਾ ਹੈ। ਇਹ ਦੇਖਣਾ ਬੇਹੱਦ ਚੰਗਾ ਲੱਗਦੈ ਕਿ ਉਸ ਨੇ ਕੁਝ ਬਿਹਤਰ ਕੀਤਾ ਹੈ। ਹਿੰਦੀ ਦੇ ਨਾਲ-ਨਾਲ ਤੱਬੂ ਨੇ ਤੇਲਗੂ ਭਾਸ਼ਾ ਵਿਚ ਵੀ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ। ਉਸ ਦਾ ਕਹਿਣਾ ਹੈ ਕਿ ਬਾਲੀਵੁੱਡ ਤੇ ਤੇਲਗੂ ਫ਼ਿਲਮਾਂ ਵਿਚ ਸਮਾਂ ਚੰਗਾ ਰਿਹਾ ਹੈ ਤੇ ਇਹ ਇਕ ਦਿਲਚਸਪ ਸਫਰ ਰਿਹਾ ਹੈ। ਉਸ ਨੇ ਦੱਖਣ ਵਿਚ ਸਿਰਫ ਮਸਾਲਾ ਫ਼ਿਲਮਾਂ ਕੀਤੀਆਂ ਹਨ ਤੇ ਬਾਲੀਵੁੱਡ ਵਿਚ ਆਪਣੇ ਲਈ ਮਸਾਲਾ ਫ਼ਿਲਮਾਂ ਦੀ ਕਮੀ ਵਾਕਈ ਮਹਿਸੂਸ ਹੋ ਰਹੀ ਹੈ। ਉਸ ਨੂੰ ਬਾਲੀਵੁੱਡ ਦੇ ਗੀਤ ਤੇ ਨ੍ਰਿਤ ਵਾਲੀਆਂ ਫ਼ਿਲਮਾਂ ਪਸੰਦ ਹਨ।
_____________________________________
ਅਮੀਸ਼ਾ ਦੇ ਦਿਨ ਪਰਤੇ
ਅਮੀਸ਼ਾ ਪਟੇਲ ਦੀ ਬਾਰਾਂ ਸਾਲ ਪਹਿਲਾਂ ਰਿਤਿਕ ਰੌਸ਼ਨ ਨਾਲ ‘ਕਹੋ ਨਾ ਪਿਆਰ ਹੈ’ ਫ਼ਿਲਮ ਆਈ ਸੀ ਪਰ ਉਸ ਨੂੰ ਰਿਤਿਕ ਰੌਸ਼ਨ ਜਿੰਨਾ ਫਾਇਦਾ ਨਹੀਂ ਸੀ ਹੋਇਆ। ਰਿਤਿਕ ਨਿਰਮਾਤਾ ਨਿਰਦੇਸ਼ਕ ਰਾਕੇਸ਼ ਰੌਸ਼ਨ ਦਾ ਬੇਟਾ ਹੋਣ ਕਰਕੇ ਫਾਇਦਾ ਲੈ ਗਿਆ ਜਦੋਂਕਿ ਅਮੀਸ਼ਾ ਗ਼ੈਰ-ਫ਼ਿਲਮੀ ਪਰਿਵਾਰ ਵਿਚੋਂ ਹੋਣ ਕਰਕੇ ਕਾਫ਼ੀ ਪਿੱਛੇ ਰਹਿ ਗਈ। ਰਿਤਿਕ ਦੀ ਫ਼ਿਲਮ ਦੇ ਬਾਅਦ ਹੀ ਅਨਿਲ ਸ਼ਰਮਾ ਦੀ ਫ਼ਿਲਮ ‘ਗ਼ਦਰ-ਏਕ ਪ੍ਰੇਮ ਕਥਾ’ ਸੁਪਰ ਡੁਪਰ ਹਿੱਟ ਰਹੀ ਜਿਸ ਕਰਕੇ ਅਮੀਸ਼ਾ ਨੇ ਢੇਰ ਸਾਰੀਆਂ ਫ਼ਿਲਮਾਂ ਕੀਤੀਆਂ ਜਿਵੇਂ ‘ਬਦਰੀ’, ‘ਯੇਹ ਜ਼ਿੰਦਗੀ ਕਾ ਸਫ਼ਰ’, ‘ਕ੍ਰਾਂਤੀ’, ‘ਕਯਾ ਯਹੀ ਪਿਆਰ ਹੈ’, ‘ਆਪ ਮੁਝੇ ਅੱਛੇ ਲਗਨੇ ਲਗੇ’, ‘ਹਮਰਾਜ਼’, ‘ਪਰਵਾਨਾ’, ‘ਸੁਨੋ ਸਸੁਰਜੀ’, ‘ਵਾਅਦਾ’, ਐਲਾਨ’, ‘ਜ਼ਮੀਰ’, ‘ਮੰਗਲ ਪਾਂਡੇ’, ‘ਮੇਰੇ ਜੀਵਨ ਸਾਥੀ’, ‘ਤੀਸਰੀ ਆਂਖ’, ‘ਅਨਕਹੀ’, ‘ਆਪ ਕੀ ਖਾਤਰ’, ‘ਹਨੀਮੂਨ’, ‘ਟ੍ਰੈਵਲਜ਼ ਪ੍ਰਾæ ਲ਼ਿ’, ‘ਹੇ ਬੇਬੀ’, ‘ਭੂਲ ਭੁਲੱਈਆ’, ‘ਓਮ ਸ਼ਾਂਤੀ ਓਮ’, ‘ਪਰਮਵੀਰ ਚੱਕਰ’, ‘ਚਤੁਰ ਸਿੰਘ ਟੂ ਸਟਾਰ’ ਕੀਤੀਆਂ।
ਇਸ ਸਮੇਂ ਅਮੀਸ਼ਾ ਪਟੇਲ ਕੋਲ 12 ਫ਼ਿਲਮਾਂ ਹਨ ਜਿਨ੍ਹਾਂ ਵਿਚ ‘ਰਨ ਭੋਲਾ ਰਨ’, ‘ਸ਼ਾਰਟ ਕੱਟ ਰੋਮੀਓ’, ‘ਰੇਸ-2’, ‘ਭਈਆ ਜੀ ਸੁਪਰਹਿੱਟ’, ‘ਸਿੰਘ ਸਾਹਿਬ ਦਾ ਗ੍ਰੇਟ’,’ਦੇਸੀ ਮੈਜਿਕ’, ‘ਪੈਰਾਡਾਇਸ ਸਟਰੀਟ’ ਦੇ ਇਲਾਵਾ ਕਈ ਦੱਖਣ ਦੀਆਂ ਫ਼ਿਲਮਾਂ ਹਨ। ਅਮੀਸ਼ਾ ਹੁਣ ਸੱਚੀ ਸੀਰੀਅਸ ਹੋ ਕੇ ਆਪਣੇ ਕੈਰੀਅਰ ‘ਤੇ ਧਿਆਨ ਦੇ ਰਹੀ ਹੈ। 37 ਸਾਲਾ ਅਮੀਸ਼ਾ ਪਟੇਲ ਚਾਹੁੰਦੀ ਹੈ ਕਿ ਉਹ ਹਰ ਸਮੇਂ ਫ਼ਿਲਮਾਂ ਵਿਚ ਬਿਜ਼ੀ ਰਹੇ। ਫ਼ਿਲਮਾਂ ਦੇ ਨਾਲ-ਨਾਲ ਉਹ ਸਮਾਜਿਕ ਸੰਸਥਾਵਾਂ ਨਾਲ ਵੀ ਜੁੜੀ ਹੋਈ ਹੈ ਜੋ ਸਮਾਜ ਭਲਾਈ ਦੇ ਕੰਮ ਕਰਦੀਆਂ ਹਨ ਪਰ ਉਹ ਇਸ ਪ੍ਰਚਾਰ ਤੋਂ ਕਾਫ਼ੀ ਦੂਰ ਹੀ ਰਹਿੰਦੀ ਹੈ।

Be the first to comment

Leave a Reply

Your email address will not be published.