ਪੰਜਾਬੀ ਸਿਨੇਮੇ ਦੀ ਵਾਪਸੀ ਦਾ ਮੁੱਦਾ

ਜਤਿੰਦਰ ਮੌਹਰ
ਫੋਨ: 91-97799-34747
ਗਿਣਤੀ ਅਤੇ ਵਿਤ ਪੱਖੋਂ ਫ਼ਿਲਮਸਾਜ਼ ਵਰਿੰਦਰ ਦਾ ਦੌਰ ਪੰਜਾਬੀ ਫ਼ਿਲਮਾਂ ਦਾ ‘ਸੁਨਹਿਰਾ ਦੌਰ’ ਕਿਹਾ ਜਾਂਦਾ ਹੈ। ਉਹ ਚਾਲੂ ਫ਼ਿਲਮ ਸੰਗੀਤ ਦੀ ਚੰਗੀ ਸਮਝ ਰੱਖਦਾ ਸੀ ਜਿਸ ਕਰ ਕੇ ਸੰਗੀਤ ਵਰਿੰਦਰ ਦੀਆਂ ਫ਼ਿਲਮਾਂ ਦੀ ਰੀੜ੍ਹ ਦੀ ਹੱਡੀ ਹੁੰਦਾ ਸੀ। ਇਹੀ ਦੌਰ ਪੰਜਾਬ ਦੇ ਸੰਤਾਪ ਦਾ ਦੌਰ ਵੀ ਸੀ। ਫ਼ਿਲਮਾਂ ਬਣਨੀਆਂ ਬੰਦ ਹੋ ਰਹੀਆਂ ਸਨ। ਰਹਿੰਦੀ-ਖੂੰਹਦੀ ਕਸਰ ਜੱਟ ਮਾਰਕਾ ਫ਼ਿਲਮਾਂ ਅਤੇ ਸ਼ੋਰੀਲੀ ਅਦਾਕਾਰੀ ਦੇ ਖਿਡਾਰੀਆਂ ਨੇ ਕੱਢ ਦਿੱਤੀ। ਪੰਜਾਬੀ ਫ਼ਿਲਮਾਂ ਬਣਨੀਆਂ ਲਗਭਗ ਬੰਦ ਹੋ ਗਈਆਂ ਸਨ। 1995 ਤੱਕ ਪੁਲਿਸ ਦੇ ਕਹਿਰ ਨੇ ਖਾਲਿਸਤਾਨੀ ਲਹਿਰ ਨੂੰ ਬੁਰੀ ਤਰ੍ਹਾਂ ਦਬਾ ਦਿੱਤਾ ਸੀ। ਪੰਜਾਬੀ ਅਜੇ ਤੱਕ ਸੁਰਤ ਸਿਰ ਨਹੀਂ ਹੋਏ। ਤ੍ਰਾਸਦੀ ਦੇ ਸਮਿਆਂ ਵਿਚ ਪੰਜਾਬੀ ਫ਼ਿਲਮਸਾਜ਼ੀ ਹਾਲਾਤ ਤੋਂ ਟੁੱਟ ਕੇ ਝੂਠੇ ਸੰਸਾਰ ਹੀ ਸਿਰਜਦੀ ਰਹੀ। ਇਕ ਵੀ ਫ਼ਿਲਮ ਸਮਕਾਲੀ ਹਾਲਾਤ ਨੂੰ ਪੇਸ਼ ਨਹੀਂ ਕਰ ਸਕੀ। ‘ਸਾਡਾ ਪੰਜਾਬ’ ਫ਼ਿਲਮ ਰਾਹੀਂ ਪੁਲਿਸ ਦੇ ਸੋਹਲੇ ਜ਼ਰੂਰ ਗਾਏ ਗਏ ਸਨ ਜਿਸ ਵਿਚ ਪੁਲਿਸ ਮੁਖੀ ਕੇæਪੀæਐਸ਼ ਗਿੱਲ ਨੇ ਮਹਿਮਾਨ ਭੂਮਿਕਾ ਨਿਭਾਈ ਸੀ। ਕਈ ਸਾਲਾਂ ਦੀ ਚੁੱਪ ਤੋਂ ਬਾਅਦ ਕੁਝ ਇਕ ਫ਼ਿਲਮਾਂ ਪਰਦਾਪੇਸ਼ ਹੋਈਆਂ ਪਰ ਪੰਜਾਬੀ ਦਰਸ਼ਕਾਂ ਨੂੰ ਸਿਨੇਮੇ ਤਕ ਖਿੱਚ ਲਿਆਉਣ ਦਾ ਸਿਹਰਾ ਮਨਮੋਹਣ ਸਿੰਘ ਅਤੇ ਹਰਭਜਨ ਮਾਨ ਹੋਰਾਂ ਦੇ ਸਿਰ ਬੰਨ੍ਹਿਆ ਜਾਂਦਾ ਰਿਹਾ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਇਸ ਜੋੜੀ ਦੀ ਪਹਿਲੀ ਫ਼ਿਲਮ ‘ਜੀ ਆਇਆਂ ਨੂੰ’ ਅਹਿਮ ਹੈ ਪਰ ਸਾਨੂੰ ਕੁਝ ਸਮਾਂ ਪਿੱਛੇ ਵੀ ਝਾਤ ਮਾਰ ਲੈਣੀ ਚਾਹੀਦੀ ਹੈ। ਗੁਰਦਾਸ ਮਾਨ ਅਤੇ ਹਦਾਇਤਕਾਰ ਮਨੋਜ ਪੁੰਜ ਦੀ ਫ਼ਿਲਮ ‘ਸ਼ਹੀਦੇ-ਮੁਹੱਬਤ ਬੂਟਾ ਸਿੰਘ’ ਸਾਡੇ ਦੌਰ ਦੀ ਪਹਿਲੀ ਅਹਿਮ ਫ਼ਿਲਮ ਸੀ। ਇਹ ਫ਼ਿਲਮ ਸੰਨ 1999 ਵਿਚ ਪਰਦਾਪੇਸ਼ ਹੋਈ ਸੀ। ਇਸ ਫ਼ਿਲਮ ਨੇ ਚਾਲੂ ਫ਼ਿਲਮਾਂ ਦੀ ਰਵਾਇਤ ਨੂੰ ਵੱਢ ਮਾਰਿਆ ਅਤੇ ਅਰਥ-ਭਰਪੂਰ ਫ਼ਿਲਮਾਂ ਦੀ ਨਵੀਂ ਪਿਰਤ ਪਾਈ। ਫ਼ਿਲਮ ਨੂੰ ਦਰਸ਼ਕਾਂ ਨੇ ਖ਼ੂਬ ਪਸੰਦ ਕੀਤਾ ਅਤੇ ਇਹ ਮਿੱਥ ਤੋੜੀ ਕਿ ਦਰਸ਼ਕਾਂ ਨੂੰ ਗੰਭੀਰ ਫ਼ਿਲਮਾਂ ਦੇਖਣ ਦੀ ਅਕਲ ਨਹੀਂ ਹੈ। ਇਸੇ ਸਾਲ ਪੁਲਿਸ ਮਹਿਕਮੇ ਦੀ ਕਾਰਜਸ਼ੈਲੀ ‘ਤੇ ਵਿਅੰਗ ਕਰਦੀ ਫ਼ਿਲਮ ‘ਮਾਹੌਲ ਠੀਕ ਹੈ’ ਪਰਦਾਪੇਸ਼ ਹੋਈ। ਇਸ ਫ਼ਿਲਮ ਵੀ ਵਿੱਤ ਪੱਖੋਂ ਕਾਮਯਾਬ ਰਹੀ ਸੀ। ਅਗਲੇ ਸਾਲ ਸੰਨ 2000 ਵਿਚ ਹਦਾਇਤਕਾਰ ਚਿਤਾਰਥ ਸਿੰਘ ਦੀ ਫ਼ਿਲਮ ‘ਸ਼ਹੀਦ ਊਧਮ ਸਿੰਘ’ ਪਰਦਾਪੇਸ਼ ਹੋਈ। ਇਹ ਇਤਿਹਾਸ ਅਤੇ ਜੀਵਨੀ ਨਾਲ ਸੰਬੰਧਤ ਵੰਨਗੀ ਦੀ ਫ਼ਿਲਮ ਸੀ। ਫ਼ਿਲਮ ਵਿਚ ਪੇਸ਼ ਕੀਤੇ ਕਿਰਦਾਰਾਂ ਦੀ ਪੇਸ਼ਕਾਰੀ ਅਤੇ ਇਤਿਹਾਸਕ ਤੱਥਾਂ ਨੂੰ ਲੈ ਕੇ ਵਾਦ-ਵਿਵਾਦ ਰਿਹਾ ਪਰ ਇਹ ਫ਼ਿਲਮ ਵੀ ਦਰਸ਼ਕਾਂ ਨੇ ਕਾਫ਼ੀ ਪਸੰਦ ਕੀਤੀ।
ਉਪਰਲੀਆਂ ਤਿੰਨੇ ਫ਼ਿਲਮਾਂ ਵੱਖਰੀਆਂ ਵੰਨਗੀਆਂ ਦੀਆਂ ਸਨ ਪਰ ਇਸ ਦੇ ਬਾਵਜੂਦ ਪੰਜਾਬੀ ਦਰਸ਼ਕਾਂ ਨੇ ਤਿੰਨੇ ਫ਼ਿਲਮਾਂ ਨੂੰ ਪਿਆਰ ਦਿੱਤਾ। ਪੰਜਾਬੀ ਸਿਨੇਮੇ ਦੀ ਵਾਪਸੀ ਇਨ੍ਹਾਂ ਫ਼ਿਲਮਾਂ ਨਾਲ ਮੰਨੀ ਜਾਣੀ ਚਾਹੀਦੀ ਹੈ। ਮਨਮੋਹਣ-ਹਰਭਜਨ ਮਾਨ ਜੋੜੀ ਦੀ ਫ਼ਿਲਮ ‘ਜੀ ਆਇਆਂ ਨੂੰ’ ਪੰਜਾਬੀ ਫ਼ਿਲਮਾਂ ਦੀ ਵਾਪਸੀ ਦੀ ਕੜੀ ਮੰਨੀ ਜਾਵੇਗੀ। ਇਹ ਫ਼ਿਲਮ 2002 ਵਿਚ ਪਰਦਾਪੇਸ਼ ਹੋਈ ਸੀ। ਇਸ ਫ਼ਿਲਮ ਰਾਹੀਂ ਪੰਜਾਬੀ ਫ਼ਿਲਮਾਂ ਨੇ ਵਿਦੇਸ਼ਾਂ ਵਿਚ ਨਵੀਂ ਮੰਡੀ ਲੱਭ ਲਈ ਅਤੇ ਪੰਜਾਬੀ ਫ਼ਿਲਮ ਦਾ ਸਮੁੰਦਰੋਂ ਪਾਰ ਪਰਦਾਪੇਸ਼ ਹੋ ਸਕਣਾ ਸੰਭਵ ਹੋ ਸਕਿਆ। ਇਸ ਨਾਲ ਨਵੀਆਂ ਪੰਜਾਬੀ ਫ਼ਿਲਮਾਂ ਬਣਨ ਦਾ ਸਬੱਬ ਬਣਿਆ ਪਰ ਇਸ ਸ਼ੁਰੂਆਤ ਨੇ ਫ਼ਿਲਮ ਦੇ ਵਿਸ਼ਿਆਂ ਨੂੰ ਵਿਦੇਸ਼ੀ ਕਿਰਦਾਰਾਂ ਅਤੇ ਕਹਾਣੀਆਂ ਦੁਆਲੇ ਸੁੰਗੇੜਨਾ ਸ਼ੁਰੂ ਕਰ ਦਿੱਤਾ। ਫ਼ਿਲਮ ਦਾ ਨਾਇਕ ਵਿਦੇਸ਼ ਨੂੰ ਵਡਿਆਉਂਦਾ ਹੋਇਆ ਵੱਡੀਆਂ ਕੋਠੀਆਂ ਵਿਚ ਰਹਿੰਦੇ ਧਨਾਢ ਪੰਜਾਬੀਆਂ ਨੂੰ ਸਾਕਾਰ ਕਰਨ ਦਾ ਸਬੱਬ ਬਣ ਗਿਆ। ਯੂæਪੀæ-ਬਿਹਾਰ ਤੋਂ ਆਏ ਪਰਵਾਸੀਆਂ ਨੂੰ ਦੂਜੇ ਦਰਜੇ ਦੇ ਸ਼ਹਿਰੀ ਸਮਝਣ ਦਾ ਰੁਝਾਨ ਪਰਦਾ ‘ਤੇ ਦਿਖਣ ਲੱਗਿਆ। ਪੰਜਾਬ ਦੀਆਂ ਮੁਸ਼ਕਿਲਾਂ ਦਾ ਹੱਲ ਸੁਝਾਉਣ ਲਈ ਪਰਵਾਸੀ ਮਸੀਹਿਆਂ ਦੀ ਦੱਸ ਪੈਣ ਲੱਗੀ। ਮੂਧੇ ਹੋਏ ਪਏ ਪੰਜਾਬ ਨੂੰ ਮਹਿਲਾਂ ਅਤੇ ਸ਼ਾਨਦਾਰ ਕਾਰਾਂ ਦੀ ਚਮਕ ਹੇਠ ਲੁਕੋਣ ਦਾ ਸਬੱਬ ਇਹ ਫ਼ਿਲਮਾਂ ਬਣੀਆਂ। ‘ਵਾਪਸੀ’ ਦਾ ਇਹ ‘ਸ਼ਾਨਦਾਰ’ ਦੌਰ ਕਈ ਸਾਲ ਚੱਲਿਆ ਅਤੇ ਆਪਣੀ ਚਾਲੇ ਹੀ ਪਤਨ ਵੱਲ ਚਲਾ ਗਿਆ ਕਿਉਂਕਿ ਇਨ੍ਹਾਂ ਵਿਸ਼ਿਆਂ ਦੀ ਥਾਂ ਹੁਣ ਬੇਸਿਰ-ਪੈਰ ਦੀਆਂ ਹਾਸਰਸ ਫ਼ਿਲਮਾਂ ਨੇ ਲੈ ਲਈ ਹੈ। ਹਾਸਰਸ ਫ਼ਿਲਮਾਂ ਦਾ ਦੌਰ ਸਿਖਰਾਂ ‘ਤੇ ਹੈ ਪਰ ਨੇੜ-ਭਵਿੱਖ ਵਿਚ ਇਹਦੇ ਵੀ ਪਤਨ ਵੱਲ ਜਾਣ ਦੀ ਸੰਭਾਵਨਾ ਹੈ। ਉਂਜ ਇਹ ਖਤਮ ਨਹੀਂ ਹੋਵੇਗਾ।
ਸੋਚਣਾ ਬਣਦਾ ਹੈ ਕਿ ਪਹਿਲੀਆਂ ਤਿੰਨ ਵੱਖਰੀਆਂ ਵੰਨਗੀਆਂ ਦੀਆਂ ਫ਼ਿਲਮਾਂ ਦੀ ਕੜੀ ਵਿਚ ਤਜਰਬੇ ਕਿਉਂ ਨਹੀਂ ਹੋ ਸਕੇ? ਪੰਜਾਬੀ ਸਿਨੇਮਾ ਉਲਟੇ ਪੈਰੀਂ ਕਿਵੇਂ ਹੋ ਗਿਆ? ਪੰਜਾਬੀ ਸਿਨੇਮੇ ਦੇ ਬਿਹਤਰ ਭਵਿੱਖ ਲਈ ਸਾਨੂੰ ਇਨ੍ਹਾਂ ਸਵਾਲਾਂ ਦੇ ਸਨਮੁੱਖ ਹੋਣਾ ਪਵੇਗਾ। ਪਿਛਲੇ ਦਹਾਕੇ ਵਿਚ ਦੋ-ਚਾਰ ਫ਼ਿਲਮਾਂ ਨੂੰ ਛੱਡ ਕੇ ਪੰਜਾਬੀ ਸਿਨੇਮਾ ਵਿਚ ਵਿਸ਼ੇ ਅਤੇ ਤਕਨੀਕ ਪੱਖੋਂ ਕੋਈ ਮਿਆਰੀ ਤਬਦੀਲੀ ਨਹੀਂ ਆਈ। ਹੁਣ ਵੀ ਪੰਜਾਬੀ ਫ਼ਿਲਮਾਂ ਦੇ ਸ਼ਾਨਦਾਰ ਦੌਰ ਦਾ ਦਾਅਵਾ ਕੀਤਾ ਜਾ ਰਿਹਾ ਹੈ ਜੋ ਵਰਿੰਦਰ ਵੇਲੇ ਵੀ ਕੀਤਾ ਜਾਂਦਾ ਸੀ।
ਵਿਸ਼ੇ ਪੱਖੋਂ ਤਜਰਬੇ ਕਰਨ ਬਿਨਾਂ ਸਾਡਾ ਗੁਜ਼ਾਰਾ ਨਹੀਂ ਹੋ ਸਕਦਾ। ਬੁਰੀਆਂ ਫ਼ਿਲਮਾਂ ਬਣਾ ਕੇ ਭਾਂਡਾ ਦਰਸ਼ਕਾਂ ਸਿਰ ਭੰਨ੍ਹਣ ਦੀ ਪਿਰਤ ਤੋਂ ਛੁਟਕਾਰਾ ਪਾਉਣਾ ਚਾਹੀਦਾ ਹੈ। ਦਰਸ਼ਕ ਹਰ ਵਿਸ਼ੇ ‘ਤੇ ਬਣੀ ਫ਼ਿਲਮ ਦੇਖਣ ਦੇ ਸਮਰੱਥ ਹੁੰਦਾ ਹੈ। ਚੰਗੇ ਵਿਸ਼ੇ ਅਤੇ ਫ਼ਿਲਮ ਦੀ ਦਰਸ਼ਕਾਂ ਤੱਕ ਪਹੁੰਚ ਫ਼ਿਲਮਸਾਜ਼ਾਂ ਦਾ ਸੰਕਟ ਹੈ। ਦਰਸ਼ਕ ਇਹਦਾ ਕਸੂਰਵਾਰ ਨਹੀਂ ਹੈ।

Be the first to comment

Leave a Reply

Your email address will not be published.