ਡੇਢ ਸਦੀ ਪਿਛੋਂ ਕੱਢੀਆਂ ਜਾਣਗੀਆਂ ਸ਼ਹੀਦਾਂ ਦੀਆਂ ਅਸਥੀਆਂ

ਅੰਮ੍ਰਿਤਸਰ: ਅੰਮ੍ਰਿਤਸਰ ਦੀ ਤਹਿਸੀਲ ਅਜਨਾਲਾ ਦੇ ਸ਼ਹੀਦੀ ਖੂਹ ਵਿਚ ਦਫ਼ਨ 1857 ਦੀ ਜੰਗ-ਏ-ਆਜ਼ਾਦੀ ਦੇ 282 ਸ਼ਹੀਦ ਭਾਰਤੀ ਸੈਨਿਕਾਂ ਦੀਆਂ ਅਸਥੀਆਂ ਨੂੰ ਕੱਢਣ ਦੀ ਕਾਰਵਾਈ 28 ਫਰਵਰੀ ਨੂੰ ਸ਼ੁਰੂ ਕੀਤੀ ਜਾਵੇਗੀ। ਸ਼ਹੀਦੀ ਖੂਹ ਤੇ ਉਸ ਦੇ ਇਤਿਹਾਸ ‘ਤੇ ਖੋਜ ਕਰ ਚੁੱਕੇ ਸੁਰਿੰਦਰ ਕੋਛੜ ਦੱਸਿਆ ਕਿ 1857 ਦੇ ਸਿਪਾਹੀ ਵਿਦਰੋਹ ਦੇ ਦੌਰਾਨ 30 ਜੁਲਾਈ, 1857 ਨੂੰ ਲਾਹੌਰ ਦੀ ਮੀਆਂ ਮੀਰ ਛਾਉਣੀ ਵਿਚ ਈਸਟ ਇੰਡੀਆ ਕੰਪਨੀ ਦੇ ਵਿਰੁੱਧ ਬਗ਼ਾਵਤ ਕਰਕੇ ਬੰਗਾਲ ਨੇਟਿਵ ਇਨਫ਼ੈਂਟਰੀ ਦੀ 26 ਰੈਜਮੈਂਟ ਦੇ ਕਰੀਬ 500 ਹਿੰਦੂਸਤਾਨੀ ਬੇ-ਹਥਿਆਰ ਸਿਪਾਹੀ ਉਥੋਂ ਭੱਜ ਨਿਕਲੇ।
ਇਲਾਕੇ ਦੇ ਲੋਕਾਂ ਦੀ ਗੱਦਾਰੀ ਦੇ ਚੱਲਦਿਆਂ ਫੜੇ ਜਾਣ ‘ਤੇ ਉਨ੍ਹਾਂ ਵਿਚੋਂ 200 ਦੇ ਕਰੀਬ ਸੈਨਿਕਾਂ ਨੂੰ 31 ਜੁਲਾਈ ਨੂੰ ਅਜਨਾਲਾ ਵਿਚ ਦਰਿਆ ਰਾਵੀ ਦੇ ਪਾਸ ਪਿੰਡ ਡੱਡੀਆਂ ਦੇ ਮੁਕਾਮ ‘ਤੇ ਸ਼ਹੀਦ ਕਰ ਦਿੱਤਾ ਗਿਆ ਜਦੋਂਕਿ ਬਾਕੀ 282 ਸੈਨਿਕਾਂ ਨੂੰ ਅੰਮ੍ਰਿਤਸਰ ਦਾ ਡਿਪਟੀ ਕਮਿਸ਼ਨਰ ਫ਼ਰੈਡਰਿਕ ਹੈਨਰੀ ਕੂਪਰ ਰੱਸਿਆਂ ਨਾਲ ਬੰਨ ਕੇ ਅਜਨਾਲਾ ਲੈ ਆਇਆ। ਅਗਲੀ ਸਵੇਰ ਉਨ੍ਹਾਂ ਵਿਚੋਂ 237 ਸਿਪਾਹੀਆਂ ਨੂੰ ਗੋਲੀਆਂ ਨਾਲ ਸ਼ਹੀਦ ਕਰਨ ਤੋਂ ਬਾਅਦ ਉਨ੍ਹਾਂ ਦੇ ਨਾਲ ਹੀ ਬਾਕੀ ਬਚੇ 45 ਸੈਨਿਕਾਂ ਨੂੰ ਜਿਉਂਦੇ ਉਪਰੋਕਤ ਖੂਹ ਵਿਚ ਸੁੱਟ ਕੇ ਖੂਹ ਬੰਦ ਕਰ ਦਿੱਤਾ ਗਿਆ।
ਉਨ੍ਹਾਂ ਕਿਹਾ ਕਿ ਉਪਰੋਕਤ ਸਾਕੇ ਦੇ 157 ਵਰ੍ਹੇ ਬੀਤ ਜਾਣ ਦੇ ਬਾਅਦ ਵੀ ਸੂਬਾ ਜਾਂ ਕੇਂਦਰ ਸਰਕਾਰ ਨੇ ਖੂਹ ਵਿਚ ਦਫ਼ਨ 282 ਭਾਰਤੀ ਸੈਨਿਕਾਂ ਦੀਆਂ ਅਸਥੀਆਂ ਕੱਢਣ ਲਈ ਕੋਈ ਪਹਿਲ ਨਹੀਂ ਕੀਤੀ। ਗੁਰਦੁਆਰਾ ਸ਼ਹੀਦ ਗੰਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਮਰਜੀਤ ਸਿੰਘ ਸਰਕਾਰੀਆ, ਨੇ ਦੱਸਿਆ ਕਿ ਦੇਸ਼ ਦੀਆਂ ਸਮਾਜਿਕ, ਧਾਰਮਿਕ ਤੇ ਰਾਜਨੀਤਕ ਸੰਸਥਾਵਾਂ ਦੀ ਮੌਜੂਦਗੀ ਵਿਚ ਸ਼ਹੀਦਾਂ ਦੀਆਂ ਅਸਥੀਆਂ 28 ਫਰਵਰੀ ਨੂੰ ਖੂਹ ਵਿਚੋਂ ਧਾਰਮਿਕ ਵਿਧੀ ਤੇ ਸਨਮਾਨ ਸਹਿਤ ਕੱਢੀਆਂ ਜਾਣਗੀਆਂ।
ਅਜਨਾਲਾ ਵਿਚ ਉਨ੍ਹਾਂ ਦਾ ਸਸਕਾਰ ਕਰਨ ਤੋਂ ਬਾਅਦ ਇਹ ਅਸਥੀਆਂ ਸ੍ਰੀ ਗੋਇੰਦਵਾਲ ਸਾਹਿਬ ਤੇ ਹਰਿਦੁਆਰ ਵਿਖੇ ਜਲ-ਪ੍ਰਵਾਹ ਕਰਨ ਲਈ ਲਿਜਾਈਆਂ ਜਾਣਗੀਆਂ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸ਼ਹੀਦਾਂ ਦੇ ਸਸਕਾਰ ਲਈ ਜਲਦੀ ਕਮੇਟੀ ਨੂੰ ਅਜਨਾਲਾ ਵਿਚ ਉਚਿਤ ਜਗ੍ਹਾ ਮੁਹੱਈਆ ਕਰਵਾਈ ਜਾਵੇ ਜਿਥੇ ਬਾਅਦ ਵਿਚ ਸ਼ਹੀਦੀ-ਸਮਾਰਕ ਦਾ ਵੀ ਨਿਰਮਾਣ ਕੀਤਾ ਜਾ ਸਕੇ। ਇਸ ਦੇ ਨਾਲ ਹੀ ਸ਼ਹੀਦੀ ਮੀਨਾਰ ਤੇ ਦਰਿਆ ਰਾਵੀ ਦੇ ਪਾਰ ਪਿੰਡ ਡੱਡੀਆਂ ਵਿਚ ਸ਼ਹੀਦੀ ਸਥਾਨ ‘ਤੇ ਯਾਦਗਾਰੀ ਸਮਾਰਕ ਉਸਾਰੇ ਜਾਣ ਲਈ ਵੀ ਜਗ੍ਹਾ ਮੁਹੱਈਆ ਕਰਾਈ ਜਾਵੇ

Be the first to comment

Leave a Reply

Your email address will not be published.