ਐਤਕੀਂ 18 ਜਨਵਰੀ ਵਾਲੇ ਅੰਕ ਵਿਚ ਗੁਰਦਿਆਲ ਸਿੰਘ ਬੱਲ ਦੇ ਤ੍ਰਾਤਸਕੀ ਬਾਰੇ ਲਿਖੇ ਲੇਖ ਸਬੰਧੀ ਪ੍ਰਭਸ਼ਰਨਦੀਪ ਸਿੰਘ ਦੀਆਂ ਬਹੱਤਰੀਆਂ ‘ਬੱਲ ਦਾ ਚੁਰਾਸੀ(ਆਂ) ਦਾ ਗੇੜ’ ਪੜ੍ਹੀਆਂ। ਇਕ ਤਾਂ ਲੱਗਦਾ ਹੈ ਕਿ ਪ੍ਰਭਸ਼ਰਨਦੀਪ ਸਿੰਘ ਨੂੰ ਬਹੁਤੀ ਸਮੱਸਿਆ ਤ੍ਰਾਤਸਕੀ ਵਾਲੇ ਲੇਖ ਨਾਲ ਨਹੀਂ, ਸਗੋਂ ਬੱਲ ਦੀ ਸਮੁੱਚੀ ਪਹੁੰਚ ਬਾਰੇ ਹੈ। ਬੱਲ ਦਾ ਲੇਖ ਤਾਂ ਜੋ ਹੋਇਆ ਸੋ ਹੋਇਆ, ਖੁਦ ਪ੍ਰਭਸ਼ਰਨਦੀਪ ਸਿੰਘ ਨੇ ਕਿੰਨਾ ਗੇੜ ਪਾ ਕੇ ਗੱਲ ਕੀਤੀ ਹੈ। ਇੰਨਾ ਭੰਬਲਭੂਸਾ ਤਾਂ ਬੱਲ ਦੇ ਲੇਖ ਵਿਚ ਵੀ ਨਹੀਂ ਲਗਦਾ। ਬੱਲ ਦੇ ਲੇਖ ਬਾਰੇ ਇਹ ਜ਼ਰੂਰ ਕਿਹਾ ਜਾ ਸਕਦਾ ਹੈ ਕਿ ਇਸ ਵਿਚ ਅਗਾਂਹ ਗੱਲਾਂ ਵਿਚੋਂ ਗੱਲਾਂ ਕੱਢੀਆਂ ਗਈਆਂ ਹਨ, ਤ੍ਰਾਤਸਕੀ ਬਾਰੇ ਗੱਲ ਹੁੰਦੀ ਹੁੰਦੀ ਰਹਿ ਹੀ ਗਈ ਹੈ, ਪਰ ਸਦਕੇ ਜਾਈਏ ਪ੍ਰਭਸ਼ਰਨਦੀਪ ਸਿੰਘ ਦੇ! ਉਨ੍ਹਾਂ ਨੇ ਫਿਲਾਸਫੀ ਅਤੇ ਸਾਹਿਤ ਦੇ ਵਿਖਿਆਨ ਦੇ ਬਹਾਨੇ ਅਜਿਹੀਆਂ ਸੱਤਰੀਆਂ-ਬਹੱਤਰੀਆਂ ਛੱਡੀਆਂ ਹਨ ਕਿ ਪੜ੍ਹਦਿਆਂ-ਪੜ੍ਹਦਿਆਂ ਮਨ ਅੱਕ ਗਿਆ। ਜੇ ਲੇਖਕ ਦੀ ਸਤਾਲਿਨ ਬਾਰੇ ਔਖ ਨੂੰ ਧਿਆਨ ਵਿਚ ਰੱਖੀਏ ਤਾਂ ਇਹ ਵੀ ਕਿਹਾ ਜਾ ਸਕਦਾ ਹੈ ਕਿ ਉਨ੍ਹਾਂ ਨੇ ਵੀ ਆਪਣੀ ਲਿਖਤ ਵਿਚ ਉਹੀ ਕੁਝ ਕੀਤਾ ਹੈ ਜਿਸ ਬਾਰੇ ਉਹ ਖੁਦ ਸ਼ਿਕਾਇਤ ਕਰ ਰਹੇ ਹਨ। ਪਾਠਕਾਂ ਨੂੰ ਚੁਰਾਸੀਆਂ ਦੇ ਗੇੜ ਤੋਂ ਬਚਾਉਂਦੇ-ਬਚਾਉਂਦੇ ਉਹ ਸੱਤਰੀਆਂ-ਬਹੱਤਰੀਆਂ ਦੇ ਜਾਲ ਵਿਚ ਫਸਾ ਕੇ ਸੁੱਟ ਗਏ।
-ਗੁਰਮੁਖ ਸਿੰਘ ਜੰਡ
ਰਿਚਮੰਡ ਹਿੱਲ, ਨਿਊ ਯਾਰਕ।
——————————
ਸਾਕਾ ਸਰਹਿੰਦ ਬਾਰੇ ਲੰਮੀ ਨਜ਼ਮ ‘ਸ਼ਹੀਦਾਨਿ-ਵਫ਼ਾ’
ਅੱਲ੍ਹਾ ਯਾਰ ਖ਼ਾਂ ਜੋਗੀ ਦੀ ਸਾਕਾ ਸਰਹਿੰਦ ਬਾਰੇ ਲੰਮੀ ਨਜ਼ਮ ‘ਸ਼ਹੀਦਾਨਿ-ਵਫ਼ਾ’ ਪਹਿਲੀ ਵਾਰ ‘ਪੰਜਾਬ ਟਾਈਮਜ਼’ ਵਿਚ ਪੜ੍ਹੀ ਹੈ। ਲੇਖਕ ਕਿੰਨੇ ਘੱਟ ਸ਼ਬਦਾਂ ਵਿਚ ਸਾਰੀਆਂ ਹਾਲਤਾਂ ਬਾਰੇ ਸੱਚੋ-ਸੱਚ ਬਿਆਨ ਕਰ ਰਿਹਾ ਹੈ। ਇਹ ਪੜ੍ਹ ਕੇ ਬਹੁਤ ਦੁੱਖ ਹੋਇਆ ਕਿ ਕੱਟੜ ਮੁਸਲਮਾਨਾਂ ਨੇ ਉਨ੍ਹਾਂ ਨਾਲ ਵਰਤੋਂ-ਵਿਹਾਰ ਇਸ ਕਰ ਕੇ ਬੰਦ ਕਰ ਲਿਆ ਕਿਉਂਕਿ ਉਸ ਨੇ ਗੁਰੂ ਗੋਬਿੰਦ ਸਿੰਘ ਦੀ ਸ਼ਰਧਾ ਵਿਚ ਕਿਉਂ ਲਿਖਿਆ। ਪਰ ਇਹ ਜਾਣ ਕੇ ਚੰਗਾ ਵੀ ਲੱਗਿਆ ਕਿ ਅੱਲ੍ਹਾ ਯਾਰ ਖ਼ਾਂ ਜੋਗੀ ਨੇ ਕਿਸੇ ਦੀ ਪ੍ਰਵਾਹ ਨਹੀਂ ਕੀਤੀ। ਅਸਲ ਵਿਚ ਕੋਈ ਵੀ ਧਰਮ ਕਦੀ ਅਜਿਹੀ ਕੱਟੜਤਾ ਦੀ ਗੱਲ ਨਹੀਂ ਕਰਦਾ ਪਰ ਧਰਮ ਨੂੰ ਚਲਾਉਣ ਵਾਲੇ ਆਪਣੀ ਜੈ-ਜੈਕਾਰ ਲਈ ਲੋਕਾਂ ਨੂੰ ਇਕ-ਦੂਜੇ ਦੇ ਖਿਲਾਫ ਕਰਦੇ ਰਹਿੰਦੇ ਹਨ। ਅਫਸੋਸ ਤਾਂ ਇਸ ਗੱਲ ਦਾ ਹੈ ਕਿ ਅੱਜ ਕੱਲ੍ਹ ਸਿੱਖ ਧਰਮ ਵਿਚ ਵੀ ਅਜਿਹੇ ਕੁਝ ਲੋਕ ਆਪਣੀ ਗੱਲ ਥੋਪਣ ਦੀ ਕੋਸ਼ਿਸ਼ ਕਰ ਰਹੇ ਹਨ।
-ਪ੍ਰੀਤਮ ਸਿੰਘ ਸਾਹਦੜਾ
ਸ਼ਿਕਾਗੋ।
———————
ਸੰਨ 1947 ਅਤੇ ਸੰਨ 2014
ਪਿਛਲੇ ਕੁਝ ਹਫਤਿਆਂ ਤੋਂ ਅਖਬਾਰਾਂ ਵਿਚ ਵਾਰ ਵਾਰ ਖਬਰਾਂ ਛਪ ਰਹੀਆਂ ਹਨ ਕਿ 1947 ਅਤੇ 2014 ਦੇ ਦਿਨ ਇਕੋ ਜਿਹੇ ਹਨ ਅਤੇ ਅਜਿਹਾ 70 ਸਾਲ ਬਾਅਦ ਹੋਇਆ ਹੈ। ਇਹ ਦਾਅਵਾ ਸਰਾਸਰ ਗਲਤ ਹੈ। ਮੈਂ ਜੋ ਜਾਣਕਾਰੀ ਇਕੱਤਰ ਕੀਤੀ ਹੈ, ਉਸ ਅਨੁਸਾਰ 1902, 1913, 1919, 1930, 1941, 1947, 1958, 1969, 1975, 1986, 1997, 2003 ਅਤੇ 2014 ਦੇ ਦਿਨ ਇਕੋ ਜਿਹੇ ਹਨ। ਇਸ ਤੋ ਬਾਅਦ ਵੀ ਸਾਲ 2025 ਅਤੇ 2031 ਦੇ ਦਿਨ ਇਕੋ ਜਿਹੇ ਹੋਣਗੇ। ਇਹ ਸਾਰੇ ਸਾਲ ਬੁਧਵਾਰ ਨੂੰ ਸ਼ੁਰੂ ਹੁੰਦੇ ਹਨ ਅਤੇ ਇਨ੍ਹਾਂ ਦਾ ਆਖਰੀ ਦਿਨ ਵੀ ਬੁਧਵਾਰ ਹੀ ਹੈ। ਇਨ੍ਹਾਂ ਸਾਰੇ ਸਾਲਾਂ ਵਿਚ 15 ਅਗਸਤ ਵੀ ਸ਼ੁਕਰਵਾਰ ਨੂੰ ਹੀ ਹੈ ਅਤੇ ਬਾਕੀ ਦੇ ਦਿਨ ਇਕ ਦੂਜੇ ਨਾਲ ਮਿਲਦੇ ਹਨ।
ਮੇਰੀ ਜਾਣਕਾਰੀ ਅਨੁਸਾਰ ਇਕ ਵਾਰ 6 ਸਾਲ ਤੇ ਇਕ ਵਾਰ 11 ਸਾਲ ਬਾਦ ਸਾਲ ਦੇ ਦਿਨ ਇਕੋ ਜਿਹੇ ਹੀ ਹੁੰਦੇ ਹਨ। ਇਸ ਲੜੀ ਵਿਚ ਸਾਲ 2021, 2027, 2038, 2049, 2055, 2066, 2077, 2083, 2094 ਜੇ ਸ਼ੁਕਰਵਾਰ ਨੂੰ ਸ਼ੁਰੂ ਹੁੰਦੇ ਨੇ ਤਾਂ ਮੁਕਦੇ ਵੀ ਸ਼ੁਕਰਵਾਰ ਨੂੰ ਹੀ ਨੇ। ਇਸੇ ਤਰ੍ਹਾਂ ਸਾਲ 2018, 2029, 2035, 2046, 2057, 2063, 2074, 2085 ਜੇ ਸੋਮਵਾਰ ਨੂੰ ਚੜ੍ਹਦੇ ਹਨ ਤਾਂ ਮੁਕਦੇ ਵੀ ਸੋਮਵਾਰ ਨੂੰ ਹੀ ਨੇ। ਹੁਣ ਮੈਂ ਆਪਣੀ ਜਨਮ ਮਿਤੀ ਦਸੰਬਰ 10, 1965 ਦੀ ਗੱਲ ਕਰਦਾ ਹਾਂ ਜੋ ਸ਼ੁਕਰਵਾਰ ਸੀ। 1971 ਅਤੇ 1982 ਵਿਚ ਮੇਰਾ ਜਨਮ ਦਿਨ ਉਸੇ ਹੀ ਦਿਨ ਆਇਆ। ਹੁਣ ਅਗਲਾ ਜਨਮ ਦਿਨ 2021 ਨੂੰ ਸ਼ੁਕਰਵਾਰ ਆਵੇਗਾ। ਇਹ ਆਸਾਨ ਕੈਲੰਡਰ ਗਣਿਤ ਹੈ ਜੋ ਪੰਜਾਬ ਦੇ ਸਕੂਲਾਂ Ḕਚ 1977-78 ਤੀਕ ਪੜ੍ਹਾਇਆ ਜਾਂਦਾ ਸੀ ਪਰ ਬਾਅਦ ਵਿਚ ਬੰਦ ਕਰ ਦਿਤਾ ਗਿਆ।
ਰਵਿੰਦਰ ਸਿੰਘ ਕਾਹਲੋਂ
916-521-0300
ਰੋਜ਼ਵਿਲ, ਕੈਲੀਫੋਰਨੀਆ
————————-
ਭੁਲ ਦੀ ਸੋਧ
ਪੰਜਾਬ ਟਾਈਮਜ਼ ਦੇ 18 ਜਨਵਰੀ ਦੇ ਅੰਕ ਵਿਚ ਛਪੇ ਮੇਰੇ ਲੇਖ ਵਿਚ ਡਾæ ਦੀਵਾਨ ਸਿੰਘ ਕਾਲੇਪਾਣੀ ਦੀ ਜਨਮ ਤਾਰੀਖ ਗਲਤੀ ਨਾਲ 22 ਮਈ 1887 ਲਿਖੀ ਗਈ ਹੈ ਜੋ ਅਸਲ ਵਿਚ 22 ਮਈ 1897 ਹੈ। ਪਾਠਕਾਂ ਤੋਂ ਖਿਮਾ ਦਾ ਜਾਚਕ ਹਾਂ।
-ਕੁਲਦੀਪ ਸਿੰਘ, ਯੂਨੀਅਨ ਸਿਟੀ
Leave a Reply