ਸਾਕਾ ਨੀਲਾ ਤਾਰਾ ਬਾਰੇ ਨਵੇਂ ਖੁਲਾਸੇ ਤੋਂ ਸਾਰੇ ਦੰਗ

ਇੰਗਲੈਂਡ ਵੱਲੋਂ ਕੀਤੀ ਮਦਦ ‘ਤੇ ਵਿਵਾਦ ਭਖਿਆ
ਚੰਡੀਗੜ੍ਹ (ਪੰਜਾਬ ਟਾਈਮਜ਼ ਬਿਊਰੋ): ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ 1984 ਦੇ ਸਾਕਾ ਨੀਲਾ ਤਾਰਾ ਦੀ ਯੋਜਨਾ ਨੂੰ ਅੰਜਾਮ ਦੇਣ ਵਿਚ ਭਾਰਤ ਸਰਕਾਰ ਦੀ ਇੰਗਲੈਂਡ ਦੇ ਅਧਿਕਾਰੀਆਂ ਵੱਲੋਂ ਕੀਤੀ ਸਹਾਇਤਾ ਦੇ ਖੁਲਾਸੇ ਮਗਰੋਂ ਭਾਰਤ ਅਤੇ ਇੰਗਲੈਂਡ ਵਿਚ ਸਿਆਸਤ ਗਰਮਾ ਗਈ ਹੈ। ਭਾਰਤ ਤੇ ਵਿਦੇਸ਼ਾਂ ਵਿਚ ਵਸੇ ਸਿੱਖਾਂ ਨੇ ਇਸ ਮਾਮਲੇ ਦੀ ਵਿਆਪਕ ਜਾਂਚ ਮੰਗੀ ਹੈ ਜਿਸ ਮਗਰੋਂ ਇੰਗਲੈਂਡ ਦੇ ਪ੍ਰਧਾਨ ਮੰਤਰੀ ਡੇਵਿਡ ਕੈਮਰੂਨ ਨੇ ਆਪਣੇ ਕੈਬਨਿਟ ਸਕੱਤਰ ਨੂੰ ਇਸ ਮਾਮਲੇ ਦੀ ਜਾਂਚ ਕਰ ਕੇ ਰਿਪੋਰਟ ਦੇਣ ਲਈ ਕਿਹਾ ਹੈ। ਭਾਰਤ ਨੇ ਵੀ ਇਹ ਮਾਮਲਾ ਬਰਤਾਨੀਆ ਕੋਲ ਉਠਾਉਣ ਦਾ ਭਰੋਸਾ ਦਿੱਤਾ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਸਈਦ ਅਕਬਰ-ਉਦ-ਦੀਨ ਨੇ ਕਿਹਾ ਹੈ ਕਿ ਭਾਰਤ ਸਰਕਾਰ ਬਰਤਾਨੀਆ ਸਰਕਾਰ ਕੋਲ ਇਹ ਮਾਮਲਾ ਉਠਾਵੇਗੀ।
ਲੰਡਨ ਵਿਚ ਬ੍ਰਿਟਿਸ਼ ਕੌਮੀ ਪੁਰਾਤੱਤਵ ਦੀਆਂ ਗੁਪਤ ਚਿੱਠੀਆਂ ਤੋਂ ਪਤਾ ਲੱਗਿਆ ਹੈ ਕਿ ਕਿਵੇਂ ਬ੍ਰਿਟਿਸ਼ ਸਪੈਸ਼ਲ ਫੋਰਸ ਦੇ ਮਾਹਿਰ ਨੇ ਨਵੀਂ ਦਿੱਲੀ ਦਾ ਦੌਰਾ ਕੀਤਾ ਅਤੇ ਭਾਰਤੀ ਅਧਿਕਾਰੀਆਂ ਨੂੰ ਸ੍ਰੀ ਹਰਿਮੰਦਰ ਸਾਹਿਬ ‘ਤੇ ਕਬਜ਼ੇ ਦੀ ਵਿਉਂਤਬੰਦੀ ਬਾਰੇ ਸਲਾਹ ਦਿੱਤੀ; ਹਾਲਾਂਕਿ ਇੰਗਲੈਂਡ ਇਸ ਗੱਲ ਤੋਂ ਬੇਖ਼ਬਰ ਸੀ ਕਿ ਫੌਜੀ ਕਾਰਵਾਈ ਨਾਲ ਪੰਜਾਬ ਵਿਚ ਫਿਰਕੂ ਹਿੰਸਾ ਹੋ ਸਕਦੀ ਹੈ। ਇਸ ਅਧਿਕਾਰੀ ਦੇ ਨਾਂ ਅਤੇ ਹੋਰ ਵੇਰਵਿਆਂ ਬਾਰੇ ਖ਼ੁਲਾਸਾ ਨਹੀਂ ਕੀਤਾ ਗਿਆ ਪਰ 23 ਫਰਵਰੀ 1984 ਨੂੰ ਲਿਖੀ ਗਈ ਇਸ ਗੁਪਤ ਚਿੱਠੀ ਵਿਚ ਬ੍ਰਿਟਿਸ਼ ਵਿਦੇਸ਼ ਸਕੱਤਰ ਦੇ ਪ੍ਰਿੰਸੀਪਲ ਨਿਜੀ ਸਕੱਤਰ ਫਾਲ ਨੇ ਕਿਹਾ ਸੀ ਕਿ ਭਾਰਤੀ ਅਧਿਕਾਰੀਆਂ ਨੇ ਅੰਮ੍ਰਿਤਸਰ ਵਿਚ ਸ੍ਰੀ ਹਰਿਮੰਦਰ ਸਾਹਿਬ ਵਿਚੋਂ ਸਿੱਖ ਖਾੜਕੂਆਂ ਨੂੰ ਕੱਢਣ ਦੀ ਯੋਜਨਾ ਲਈ ਇੰਗਲੈਂਡ ਤੋਂ ਸਲਾਹ ਮੰਗੀ ਹੈ।
ਸ੍ਰੀ ਫਾਲ ਵੱਲੋਂ ਬ੍ਰਿਟਿਸ਼ ਗ੍ਰਹਿ ਦਫਤਰ ਵਿਚ ਆਪਣੇ ਸਾਥੀ ਹਮਰੁਤਬਾ ਨੂੰ ਇਹ ਚਿੱਠੀ ਉਸ ਸਮੇਂ ਲਿਖੀ ਗਈ ਜਦੋਂ ਇੰਗਲੈਂਡ, ਭਾਰਤ ਨੂੰ ਹਥਿਆਰ ਵੇਚਣ ਲਈ ਗੱਲਬਾਤ ਕਰ ਰਿਹਾ ਸੀ। ਉਸ ਦੀ ਚਿੱਠੀ ਵਿਚ ਕਿਹਾ ਗਿਆ ਹੈ ਕਿ ਭਾਰਤੀ ਅਧਿਕਾਰੀਆਂ ਵੱਲੋਂ ਸ੍ਰੀ ਹਰਿਮੰਦਰ ਸਾਹਿਬ ‘ਤੇ ਕਾਰਵਾਈ ਨਾਲ ਪਹਿਲੀ ਨਜ਼ਰ ਵਿਚ ਇੰਜ ਜਾਪਦਾ ਹੈ ਕਿ ਪੰਜਾਬ ਵਿਚ ਫਿਰਕੂ ਤਣਾਅ ਵਧ ਜਾਏਗਾ ਅਤੇ ਇੰਗਲੈਂਡ ਵਿਚ ਰਹਿੰਦੇ ਭਾਰਤੀਆਂ ਵਿਚ ਵੀ ਤਣਾਅ ਵਧੇਗਾ। ਪਹਿਲਾਂ 3 ਫਰਵਰੀ ਨੂੰ ਪ੍ਰਧਾਨ ਮੰਤਰੀ ਮਾਰਗਰੇਟ ਥੈਚਰ ਦੇ ਪ੍ਰਮੁੱਖ ਨਿਜੀ ਸਕੱਤਰ ਐਫ਼ਈæਆਰæ ਬਟਲਰ ਵੱਲੋਂ ਸ੍ਰੀ ਫਾਲ ਨੂੰ ਭੇਜੇ ਪੱਤਰ ਵਿਚ ਨਵੀਂ ਦਿੱਲੀ ਵੱਲੋਂ ਭੇਜਿਆ ਗਿਆ ਬੇਨਤੀ ਪੱਤਰ ਪ੍ਰਾਪਤ ਹੋਣ ਦੀ ਪੁਸ਼ਟੀ ਕੀਤੀ ਗਈ ਹੈ। ਇਸ ਪੱਤਰ ਵਿਚ ਨਵੀਂ ਦਿੱਲੀ ਨੇ ਸ੍ਰੀ ਹਰਿਮੰਦਰ ਸਾਹਿਬ ਵਿਚੋਂ ਖਾੜਕੂਆਂ ਨੂੰ ਕੱਢਣ ਲਈ ਯੋਜਨਾ ਬਣਾਉਣ ਬਾਬਤ ਸਲਾਹ ਮੰਗੀ ਸੀ।
ਇਨ੍ਹਾਂ ਦਸਤਾਵੇਜ਼ਾਂ ‘ਤੇ ਟਿੱਪਣੀ ਕਰਦਿਆਂ ਸੰਸਦ ਮੈਂਬਰ ਟੌਮ ਵਾਟਸਨ ਨੇ ਕਿਹਾ ਕਿ ਸਾਕਾ ਨੀਲਾ ਤਾਰਾ ਤੇ ਅੰਮ੍ਰਿਤਸਰ ਵਿਚ ਸ੍ਰੀ ਹਰਿਮੰਦਰ ਸਾਹਿਬ ‘ਤੇ ਹਮਲੇ ਬਾਰੇ ਬਰਤਾਨਵੀ ਸਰਕਾਰ ਵੱਲੋਂ ਭਾਰਤ ਸਰਕਾਰ ਨੂੰ ਸਹਿਯੋਗ ਦਿੱਤੇ ਜਾਣ ਦੇ ਦਾਅਵੇ ਨਾਲ ਬਹੁਤ ਸਾਰੇ ਬਰਤਾਨਵੀ ਸਿੱਖ ਪ੍ਰੇਸ਼ਾਨ ਹੋਣਗੇ। ਹੁਣ ਇਹ ਸਪਸ਼ਟ ਕੀਤਾ ਜਾਵੇ ਕਿ ਬਰਤਾਨਵੀ ਫੌਜ ਵੱਲੋਂ ਕਿਸ ਹੱਦ ਤਕ ਇੰਦਰਾ ਗਾਂਧੀ ਸਰਕਾਰ ਨੂੰ ਸਹਿਯੋਗ ਦਿੱਤਾ ਗਿਆ ਕਿਉਂਕਿ ਇਨ੍ਹਾਂ ਖੁਲਾਸਿਆਂ ਦਾ ਵੱਡੇ ਪੱਧਰ ‘ਤੇ ਅਸਰ ਪੈਣਾ ਹੈ। ਬਰਤਾਨੀਆ ਦੀ ਲੇਬਰ ਪਾਰਟੀ ਨਾਲ ਸਬੰਧਤ ਸ੍ਰੀ ਵਾਟਸਨ ਅਤੇ ਪਹਿਲੇ ਦਸਤਾਰਧਾਰੀ ਸਿੱਖ ਲਾਰਡ ਇੰਦਰਜੀਤ ਸਿੰਘ ਵੱਲੋਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਜੂਨ 1984 ਵਿਚ ਹੋਏ ਸਾਕਾ ਨੀਲਾ ਤਾਰਾ ਅਪਰੇਸ਼ਨ ਮੌਕੇ ਉਸ ਵੇਲੇ ਦੀ ਪ੍ਰਧਾਨ ਮੰਤਰੀ ਮਾਰਗਰੇਟ ਥੈਚਰ ਤੇ ਬਰਤਾਨੀਆ ਦੀ ਹਵਾਈ ਸੈਨਾ ਵੱਲੋਂ ਨਿਭਾਏ ਰੋਲ ਬਾਰੇ ਜਾਰੀ ਕੀਤੇ ਗੁਪਤ ਸਰਕਾਰੀ ਦਸਤਾਵੇਜ਼ਾਂ ਬਾਰੇ ਉਠਾਏ ਸਵਾਲਾਂ ਦੇ ਜਵਾਬ ਲਈ ਪ੍ਰਧਾਨ ਮੰਤਰੀ ਡੇਵਿਡ ਕੈਮਰੂਨ ਨੇ ਆਪਣੇ ਕੈਬਨਿਟ ਸਕੱਤਰ ਤੋਂ ਦਾਅਵੇ ਨਾਲ ਜੁੜੇ ਤੱਥਾਂ ਬਾਰੇ ਜਵਾਬ ਮੰਗਿਆ ਹੈ।
ਯਾਦ ਰਹੇ ਕਿ ਇਹ ਚਿੱਠੀਆਂ ਲੰਡਨ ਦੇ ਰਿਕਾਰਡ ਸੰਗ੍ਰਹਿ ਨੇ 30 ਸਾਲਾਂ ਦੇ ਨਿਯਮ ਪੀæਆਰæਈæਐਮæ 19/1273 ਸੀਰੀਜ਼ ਦੇ ਰੂਪ ਵਿਚ ਜਾਰੀ ਕੀਤੀਆਂ ਹਨ। ਜਨਤਕ ਹੋਈਆਂ ਦੋ ਚਿੱਠੀਆਂ ਵਿਚੋਂ ਇਕ 6 ਫਰਵਰੀ 1984 ਦੀ ਪ੍ਰਧਾਨ ਮੰਤਰੀ ਦਫਤਰ ਦੀ ਹੈ ਜੋ 3 ਫਰਵਰੀ 1984 ਦੇ ਇਕ ਪੱਤਰ ਦਾ ਜਵਾਬ ਹੈ ਜਦਕਿ ਦੂਜੀ 23 ਫਰਵਰੀ 1984 ਦੀ ਵਿਦੇਸ਼ ਮੰਤਰਾਲੇ ਦੇ ਦਫਤਰ ਦੀ ਹੈ। ਇਨ੍ਹਾਂ ਪੱਤਰਾਂ ਨੂੰ ਸਪਸ਼ਟ ਰੂਪ ਵਿਚ ‘ਅਤਿ ਗੁਪਤ ਤੇ ਨਿਜੀ’ ਲਿਖਿਆ ਗਿਆ ਹੈ।
———————————–
ਇੰਗਲੈਂਡ ਦੀ ਭੂਮਿਕਾ ਤੋਂ ਸਿੱਖ ਜਥੇਬੰਦੀਆਂ ਖ਼ਫਾ
ਚੰਡੀਗੜ੍ਹ: ਸਾਕਾ ਨੀਲਾ ਤਾਰਾ ਵਿਚ ਇੰਗਲੈਂਡ ਦੀ ਭੂਮਿਕਾ ਸਾਹਮਣੇ ਆਉਣ ਤੋਂ ਸਿੱਖ ਜਥੇਬੰਦੀਆਂ ਖ਼ਫਾ ਹਨ। ਇਸ ਦੇ ਨਾਲ ਹੀ ਇਸ ਮੁੱਦੇ ‘ਤੇ ਰਾਜਨੀਤੀ ਵੀ ਸ਼ੁਰੂ ਹੋ ਗਈ ਹੈ। ਰਾਜ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਅਰੁਣ ਜੇਤਲੀ ਨੇ ਭਾਰਤ ਸਰਕਾਰ ਤੋਂ ਇਸ ਸਬੰਧੀ ਬਿਆਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਦਸਤਾਵੇਜ਼ ਸਾਬਤ ਕਰਦੇ ਹਨ ਕਿ ਭਾਰਤ ਸਰਕਾਰ ਨੇ ਬਰਤਾਨੀਆ ਦੀ ਮਦਦ ਮੰਗੀ ਸੀ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਨੇ ਆਖਿਆ ਹੈ ਕਿ ਬਰਤਾਨੀਆਂ ਸਰਕਾਰ ਵੱਲੋਂ 1984 ਵਿਚ ਸ੍ਰੀ ਹਰਿਮੰਦਰ ਸਾਹਿਬ ‘ਤੇ ਹਮਲੇ ਸਬੰਧੀ ਭਾਰਤ ਸਰਕਾਰ ਨੂੰ ਸਲਾਹ ਮਸ਼ਵਰਾ ਦੇ ਕੇ ਵਿਉਂਤਬੰਦੀ ਕਰਨ ਵਿਚ ਕੀਤੀ ਮਦਦ ਅਤਿ ਨਿੰਦਣਯੋਗ ਤੇ ਘਿਨਾਉਣੀ ਕਾਰਵਾਈ ਹੈ। ਇਸ ਕਾਰਵਾਈ ਵਿਚ ਬਰਤਾਨੀਆ ਵਰਗੇ ਦੇਸ਼ ਜੋ ਮਨੁੱਖੀ ਅਧਿਕਾਰਾਂ ਦਾ ਅਲੰਬਰਦਾਰ ਅਖਵਾਉਂਦਾ ਹੈ, ਵੱਲੋਂ ਕੇਂਦਰ ਦੀ ਕਾਂਗਰਸ ਸਰਕਾਰ ਨਾਲ ਰਲ ਕੇ ਮੁੱਠੀ ਭਰ ਸਿੱਖਾਂ ਨੂੰ ਕੁਚਲਣ ਦੀ ਵਿਉਂਤਬੰਦੀ ਕਰਨ ਤੇ ਸ੍ਰੀ ਹਰਿਮੰਦਰ ਸਾਹਿਬ ਨੂੰ ਨਸ਼ਟ ਕਰਨ ਦੀ ਵਿਉਂਤਬੰਦੀ ਵਿਚ ਭਾਈਵਾਲ ਬਣਨਾ ਬਹੁਤ ਅਫ਼ਸੋਸਨਾਕ ਹੈ।
ਦਲ ਖਾਲਸਾ ਨੇ ਜੂਨ 1984 ਮੌਕੇ ਦਰਬਾਰ ਸਾਹਿਬ ਹਮਲੇ ਲਈ ਇੰਗਲੈਂਡ ਸਰਕਾਰ ਵੱਲੋਂ ਭਾਰਤ ਸਰਕਾਰ ਦੀ ਕੀਤੀ ਮਦਦ ਦੇ ਖੁੱਲ੍ਹੇ ਭੇਤ ‘ਤੇ ਆਪਣੀ ਤਿੱਖੀ ਪ੍ਰਤੀਕਿਰਿਆ ਪ੍ਰਗਟਾਉਂਦਿਆਂ ਇੰਗਲੈਂਡ ਦੇ ਪ੍ਰਧਾਨ ਮੰਤਰੀ ਡੇਵਿਡ ਕੈਮਰੂਨ ਨੂੰ ਖਤ ਲਿਖ ਕੇ ਕੌਮ ਦੀ ਪੀੜਾ, ਗੱਸਾ ਤੇ ਚਿੰਤਾ ਦਾ ਇਜ਼ਹਾਰ ਕੀਤਾ ਹੈ। ਪਾਰਟੀ ਦੇ ਬੁਲਾਰੇ ਕੰਵਰਪਾਲ ਸਿੰਘ ਵੱਲੋਂ ਇਹ ਖਤ ਦਿੱਲੀ ਸਥਿਤ ਇੰਗਲੈਂਡ ਦੇ ਦੂਤਾਵਾਸ ਰਾਹੀਂ ਭੇਜਿਆ ਗਿਆ ਹੈ।
ਸ਼੍ਰੋਮਣੀ ਅਕਾਲੀ ਦਲ ਨੇ ਕਾਂਗਰਸ ਪਾਰਟੀ ਵੱਲੋਂ ਸਿੱਖ ਭਾਈਚਾਰੇ ਖਿਲਾਫ ਸਾਜ਼ਿਸ਼ਾਂ ਰਚਣ ਦੀ ਆਲੋਚਨਾ ਕਰਦਿਆਂ ਦੋਸ਼ ਲਾਇਆ ਕਿ ਬਰਤਾਨੀਆ ਦੇ ਗੁਪਤ ਦਸਤਾਵੇਜ਼ਾਂ ਦੇ ਸਾਹਮਣੇ ਆਉਣ ਨਾਲ ਸਾਕਾ ਨੀਲਾ ਤਾਰਾ ਦੀ ਅਸਲ ਸਾਜ਼ਿਸ਼ ਬੇਨਕਾਬ ਹੋ ਗਈ ਹੈ। ਪਾਰਟੀ ਦੇ ਸਕੱਤਰ ਤੇ ਬੁਲਾਰੇ ਡਾæ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਮੀਡੀਆ ਰਿਪੋਰਟਾਂ ਨੇ ਕਾਂਗਰਸ ਦੀ ਵੱਡੀ ਸਾਜ਼ਿਸ਼ ਬੇਨਕਾਬ ਕਰ ਦਿੱਤੀ ਹੈ ਜਿਸ ਤੋਂ ਪਤਾ ਲੱਗਾ ਹੈ ਕਿ ਕਾਂਗਰਸ ਪਾਰਟੀ ਨੇ ਆਪਣੇ ਸਿਆਸੀ ਹਿੱਤਾਂ ਖਾਤਰ ਦੇਸ਼ ਦੀ ਪ੍ਰਭੂਸੱਤਾ ਨਾਲ ਵੀ ਸਮਝੌਤਾ ਕਰ ਲਿਆ ਹੈ।
ਬਰਤਾਨੀਆ ਦੇ ਸਿੱਖਾਂ ਨੇ ਦੇਸ਼ ਦੀ ਸਰਕਾਰ ਦੀ ਅਪਰੇਸ਼ਨ ਬਲਿਊ ਸਟਾਰ ਵਿਚ ਭੂਮਿਕਾ ਦੀ ਤੁਰੰਤ ਜਾਂਚ ਮੰਗੀ ਹੈ। ਸਿੱਖ ਕੌਂਸਲ ਦੇ ਮੁਖੀ ਗੁਰਮੇਲ ਸਿੰਘ ਨੇ ਕਿਹਾ ਕਿ ਹਮਲੇ ਵਿਚ ਵੱਡੀ ਗਿਣਤੀ ਵਿਚ ਮਾਸੂਮ ਔਰਤਾਂ ਤੇ ਬੱਚੇ ਮਾਰੇ ਗਏ ਸਨ। ਸਿੱਖਾਂ ਦੇ ਪਵਿੱਤਰ ਅਸਥਾਨ ਦਾ ਘੋਰ ਅਪਮਾਨ ਕੀਤਾ ਗਿਆ। ਇਸ ਮਾਮਲੇ ਦੀ ਤੁਰੰਤ ਵਿਆਪਕ ਜਾਂਚ ਹੋਵੇ। ਯੂæਕੇæ ਸਿੱਖ ਫੈਡਰੇਸ਼ਨ ਦੇ ਬੁਲਾਰੇ ਗੁਰਜੀਤ ਸਿੰਘ ਨੇ ਕਿਹਾ ਕਿ ਬਰਤਾਨੀਆ ਦੀ ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਨੂੰ ਇਸ ਮੁੱਦੇ ਦੀ ਮਹੱਤਤਾ ਸਮਝਣੀ ਚਾਹੀਦੀ ਹੈ। ਸਿੱਖਾਂ ਲਈ 1984 ਦਾ ਹਮਲਾ 1919 ਦੇ ਜਲ੍ਹਿਆਂਵਾਲਾ ਬਾਗ ਕਾਂਡ ਤੋਂ ਕਿਤੇ ਵੱਧ ਅਹਿਮ ਤੇ ਸੰਵੇਦਨਸ਼ੀਲ ਹੈ।
ਲੇਬਰ ਪਾਰਟੀ ਦੇ ਸੰਸਦ ਮੈਂਬਰ ਵਰਿੰਦਰ ਸ਼ਰਮਾ ਨੇ ਆਸ ਪ੍ਰਗਟਾਈ ਕਿ ਛੇਤੀ ਹੀ ਸੱਚਾਈ ਸਾਹਮਣੇ ਆ ਜਾਵੇਗੀ। ਇਸ ਦੌਰਾਨ ਪ੍ਰਧਾਨ ਮੰਤਰੀ ਡੇਵਿਡ ਕੈਮਰੂਨ ਵੱਲੋਂ ਮਾਮਲੇ ਦੀ ਜਾਂਚ ਕਰਵਾਏ ਜਾਣ ਦਾ ਸਿੱਖ ਕੌਂਸਲ ਨੇ ਸਵਾਗਤ ਕੀਤਾ ਹੈ। ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਆਰਡੀਨੇਟਰ ਡਾæ ਪ੍ਰਿਤਪਾਲ ਸਿੰਘ ਨੇ ਕਿਹਾ ਕਿ ਜੇ ਹਮਲੇ ਵਿਚ ਬਰਤਾਨੀਆ ਨੇ ਮਦਦ ਕੀਤੀ ਸੀ ਤਾਂ ਬਹੁਤ ਮੰਦਭਾਗੀ ਗੱਲ ਹੈ। ਭਾਰਤ ਸਰਕਾਰ ਵੀ ਸੱਚਾਈ ਸਾਹਮਣੇ ਰੱਖੇ। ਸਿੱਖਸ ਫਾਰ ਜਸਟਿਸ ਦੇ ਗੁਰਪਤਵੰਤ ਸਿੰਘ ਪੰਨੂ ਨੇ ਕਿਹਾ ਕਿ ਬਰਤਾਨੀਆ ਦੀ ਸੰਸਦ ਮਤਾ ਪਾਸ ਕਰ ਕੇ ਮਾਰਗਰੇਟ ਥੈਚਰ ਵੱਲੋਂ ਕੀਤੀ ਮਦਦ ਖ਼ਿਲਾਫ਼ ਮਤਾ ਪਾਸ ਕਰੇ। ਸੀæਬੀæਆਈæ ਦੇ ਸਾਬਕਾ ਡਾਇਰੈਕਟਰ ਜੋਗਿੰਦਰ ਸਿੰਘ ਨੇ ਕਿਹਾ ਹੈ ਕਿ ਜੇ ਅਪਰੇਸ਼ਨ ਬਲਿਊ ਸਟਾਰ ਵਿਚ ਬਰਤਾਨਵੀ ਮਦਦ ਦੀ ਗੱਲ ਸੱਚੀ ਹੈ ਤਾਂ ਇਸ ਤੋਂ ਸਾਫ਼ ਹੈ ਕਿ ਸ੍ਰੀਮਤੀ ਇੰਦਰਾ ਗਾਂਧੀ ‘ਤੇ ਕੁਝ ਸਲਾਹਕਾਰ ਭਾਰੂ ਸਨ।

Be the first to comment

Leave a Reply

Your email address will not be published.