ਚੰਡੀਗੜ੍ਹ (ਪੰਜਾਬ ਟਾਈਮਜ਼ ਬਿਊਰੋ): ਪਰਵਾਸੀ ਪੰਜਾਬੀਆਂ ਦਾ ਮਨ ਜਿੱਤਣ ਲਈ ਹਰ ਸਾਲ ਕਰਵਾਇਆ ਜਾਂਦਾ ਐਨæਆਰæਆਈæ ਸੰਮੇਲਨ ਸ਼੍ਰੋਮਣੀ ਅਕਾਲੀ ਦਲ ਨੂੰ ਰਾਸ ਨਹੀਂ ਆ ਰਿਹਾ। ਇਸ ਸੰਮੇਲਨ ਤੋਂ ਪਰਵਾਸੀ ਪੰਜਾਬੀ ਕੋਈ ਬਾਹਲੇ ਸੰਤੁਸ਼ਟ ਨਜ਼ਰ ਨਾ ਆਏ; ਦੂਜੇ ਪਾਸੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਵਿਦੇਸ਼ਾਂ ਵਿਚ ਬੈਠੇ ਗਰਮ-ਖਿਆਲੀਆਂ ਬਾਰੇ ਟਿੱਪਣੀਆਂ ਕਰ ਕੇ ਨਵੀਂ ਮੁਸੀਬਤ ਸਹੇੜ ਲਈ ਹੈ। ਪਿਛਲੀ ਵਾਰ ਵੀ ਸ਼ ਬਾਦਲ ਵੱਲੋਂ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਬਾਰੇ ਕੀਤੀਆਂ ਟਿੱਪਣੀਆਂ ਕਰ ਕੇ ਚਰਚਾ ਛਿੜ ਪਈ ਸੀ।
ਪਰਵਾਸੀ ਪੰਜਾਬੀ ਸੰਮੇਲਨ ਵਿਚ ਵਿਦੇਸ਼ਾਂ ਵਿਚੋਂ ਪਹੁੰਚੇ ਪਤਵੰਤਿਆਂ ਨੇ ਇਸ ਵਾਰ ਵੀ ਸ਼ੱਰੇਆਮ ਸਟੇਜ ਤੋਂ ਪੰਜਾਬ ਸਰਕਾਰ ਨੂੰ ਘੇਰਿਆ ਕਿ ਪਿਛਲੇ ਸਮੇਂ ਦੌਰਾਨ ਕੀਤੇ ਵਾਅਦੇ ਅਜੇ ਤੱਕ ਪੂਰੇ ਕਿਉਂ ਨਹੀਂ ਕੀਤੇ ਗਏ। ਇਸ ਲਈ ਹਰ ਸਾਲ ਸੰਮੇਲਨ ਕਰਾਉਣ ਦੀ ਕੋਈ ਤੁਕ ਨਹੀਂ। ਸੰਮੇਲਨ ਵਿਚ ਸ਼ਮੂਲੀਅਤ ਕਰਨ ਆਏ ਪੰਜਾਬੀਆਂ ਦਾ ਮੰਨਣਾ ਸੀ ਕਿ ਉਨ੍ਹਾਂ ਦੀਆਂ ਅਗਲੀਆਂ ਪੀੜ੍ਹੀਆਂ ਪੰਜਾਬ ਦੇ ਅਸੁਰੱਖਿਅਤ ਮਾਹੌਲ ਤੇ ਪੁਲਿਸ ਦੇ ਆਪ ਹੁਦਰੇਪਣ ਕਾਰਨ ਜਨਮ ਭੋਂਇ ਵੱਲ ਮੂੰਹ ਨਹੀਂ ਕਰਦੀਆਂ।
ਸਭ ਤੋਂ ਵੱਡੀ ਚਰਚਾ ਦਾ ਵਿਸ਼ਾ ਮੁੱਖ ਮੰਤਰੀ ਬਾਦਲ ਦਾ ਗਰਮ-ਖਿਆਲੀਆਂ ਬਾਰੇ ਬਿਆਨ ਰਿਹਾ। ਸ਼ ਬਾਦਲ ਵੱਲੋਂ ਪਰਵਾਸੀ ਸੰਮੇਲਨ ਦੌਰਾਨ ਗਰਮ ਖਿਆਲੀ ਸਿੱਖਾਂ ਨੂੰ ਸਹਿਯੋਗ ਨਾ ਦੇਣ ਦੀ ਅਪੀਲ ਦਾ ਸੰਮੇਲਨ ਵਿਚ ਆਏ ਕੈਨੇਡਾ ਦੇ ਮੰਤਰੀ ਟਿਮ ਉੱਪਲ ਨੇ ਬੁਰਾ ਮਨਾਇਆ। ਸੰਮੇਲਨ ਦੇ ਦੂਜੇ ਦਿਨ ਉੱਪਲ ਨੇ ਸਟੇਜ ਤੋਂ ਜਨਤਕ ਤੌਰ ‘ਤੇ ਇਹ ਗੱਲ ਕਹੀ ਕਿ ਪੰਜਾਬ ਵਿਚ ਹੋ ਰਹੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੀ ਚਿੰਤਾ ਕੈਨੇਡਾ ਵਸਦੇ ਪੰਜਾਬੀਆਂ ਨੂੰ ਹੈ ਕਿਉਂਕਿ ਉਥੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨੂੰ ਜੁਰਮ ਮੰਨਿਆ ਜਾਂਦਾ ਹੈ।
ਉਧਰ, ਸਿੱਖਸ ਫਾਰ ਜਸਟਿਸ ਦੇ ਆਗੂਆਂ ਵੱਲੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਨੂੰ ਲਿਖੇ ਗਏ ਪੱਤਰ ਵਿਚ ਮਨੁੱਖੀ ਅਧਿਕਾਰਾਂ ਦੇ ਕਾਨੂੰਨ ਦਾ ਹਵਾਲਾ ਵੀ ਦਿੱਤਾ ਗਿਆ ਹੈ ਜਿਸ ਤਹਿਤ ਕੈਨੇਡਾ ਆਉਣ ਵਾਲੇ ਸੱਤਾਧਾਰੀ ਅਕਾਲੀਆਂ ਵਿਰੁੱਧ ਕਾਰਵਾਈ ਕੀਤੀ ਜਾ ਸਕਦੀ ਹੈ। ਜ਼ਿਕਰਯੋਗ ਹੈ ਕਿ ਸੰਯੁਕਤ ਰਾਸ਼ਟਰ ਵਿਚ ਮਨੁੱਖੀ ਅਧਿਕਾਰ ਕੌਂਸਲ ਵੱਲੋਂ ਬੀਤੇ ਸਾਲ ਜੁਲਾਈ ਵਿਚ ਪੰਜਾਬ ਵਿਚ ਮਨੁੱਖੀ ਅਧਿਕਾਰਾਂ ਦੀ ਹੋ ਰਹੀ ਉਲੰਘਣਾ ਬਾਰੇ ਰਿਪੋਰਟ ਤਿਆਰ ਕੀਤੀ ਗਈ ਸੀ ਜਿਸ ਵਿਚ ਪੰਜਾਬ ਪੁਲਿਸ ਦੇ ਮੁਖੀ ਸੁਮੇਧ ਸੈਣੀ ਦਾ ਵੀ ਜ਼ਿਕਰ ਕੀਤਾ ਗਿਆ ਹੈ।
ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰ ਕੌਂਸਲ ਦੇ ਆਗੂ ਕ੍ਰਿਸਟੌਫ ਹੇਨਜ਼ ਵੱਲੋਂ ਰਿਪੋਰਟ ਤਿਆਰ ਕੀਤੀ ਗਈ ਹੈ ਜਿਸ ਵਿਚ ਉਨ੍ਹਾਂ ਪੁਲਿਸ ਅਧਿਕਾਰੀ ਸੁਮੇਧ ਸੈਣੀ ਵੱਲੋਂ 1990ਵਿਆਂ ਵਿਚ ਮਨੁੱਖੀ ਅਧਿਕਾਰਾਂ ਦੀ ਕੀਤੀ ਉਲੰਘਣਾ ਦਾ ਵਿਸਥਾਰ ਨਾਲ ਜ਼ਿਕਰ ਕੀਤਾ ਹੈ। ਇਸ ਰਿਪੋਰਟ ਵਿਚ ਪੰਜਾਬ ਦੇ ਸੁਰੱਖਿਆ ਦਸਤਿਆਂ ਵੱਲੋਂ ਗ਼ੈਰਕਾਨੂੰਨੀ ਤੌਰ ‘ਤੇ ਮਾਰੇ ਗਏ ਆਮ ਸਿੱਖਾਂ ਦਾ ਹਵਾਲਾ ਵੀ ਦਿੱਤਾ ਗਿਆ ਹੈ। ਇਸ ਰਿਪੋਰਟ ਵਿਚ ਇਸ ਗੱਲ ਦਾ ਵੀ ਜ਼ਿਕਰ ਹੈ ਕਿ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਦੋਸ਼ਾਂ ਵਿਚ ਸੁਮੇਧ ਸੈਣੀ ਨੂੰ ਮਾਰਚ 2012 ਵਿਚ ਤਰੱਕੀ ਦੇ ਕੇ ਅਕਾਲੀ-ਭਾਜਪਾ ਸਰਕਾਰ ਨੇ ਡੀæਜੀæਪੀæ ਬਣਾ ਦਿੱਤਾ ਸੀ।
ਪਰਵਾਸੀ ਪੰਜਾਬੀਆਂ ਨੇ ਇਹ ਵੀ ਸਵਾਲ ਉਠਾਇਆ ਕਿ ਪੰਜਾਬ ਸਰਕਾਰ ਨੇ ਪਿਛਲੇ ਸਾਲ ਕਰਵਾਏ ਪਰਵਾਸੀ ਸੰਮੇਲਨ ਦੌਰਾਨ ਵਾਅਦਿਆਂ ਦੀ ਝੜੀ ਲਾ ਦਿੱਤੀ ਸੀ ਪਰ ਕਿਸੇ ਵੀ ਵਾਅਦੇ ਨੂੰ ਬੂਰ ਨਹੀਂ ਪਿਆ। ਉਲਟਾ ਪਰਵਾਸੀਆਂ ਦੀਆਂ ਮੁਸ਼ਕਲਾਂ ਦੇ ਪਹਾੜ ਜ਼ਰੂਰ ਖੜ੍ਹੇ ਹੋ ਗਏ। ਸੂਬੇ ਦੇ 11 ਐਨæਆਰæਆਈæ ਥਾਣਿਆਂ ਵਿਚ ਸਾਲ 2013 ਦੌਰਾਨ 3572 ਸ਼ਿਕਾਇਤਾਂ ਆਈਆਂ ਸਨ ਜਿਨ੍ਹਾਂ ਵਿਚੋਂ ਸਿਰਫ 271 ਹੀ ਐਫ਼ਆਈæਆਰæ ਦਰਜ ਕੀਤੀਆਂ ਗਈਆਂ ਹਨ। ਐਨæਆਰæਆਈæ ਥਾਣਿਆਂ ਨੇ ਇਨ੍ਹਾਂ ਸ਼ਿਕਾਇਤਾਂ ਦੇ ਹੜ੍ਹ ਵਿਚੋਂ 2268 ਸ਼ਿਕਾਇਤਾਂ ਨੂੰ ਕਾਗਜ਼ੀਂ-ਪੱਤਰੀਂ ਨਿਬੇੜ ਦਿੱਤਾ ਹੈ। ਸਰਕਾਰੀ ਰਿਕਾਰਡ ਅਨੁਸਾਰ ਹੁਣ 1304 ਸ਼ਿਕਾਇਤਾਂ ਹੀ ਬਕਾਇਆ ਹਨ।
ਕੈਨੇਡਾ ਦੇ ਸੂਬੇ ਅਲਬਰਟਾ ਦੇ ਵਿਧਾਇਕ ਪੀਟਰ ਸੰਧੂ ਨੇ ਪੰਜਾਬ ਸਰਕਾਰ ਨੂੰ ਸੁਝਾਅ ਦਿੱਤਾ ਹੈ ਕਿ ਵਿਸ਼ੇਸ਼ ਐਨæਆਰæਆਈæ ਥਾਣੇ ਬਣਾਉਣ ਦੀ ਥਾਂ ਸਮੁੱਚੇ ਸਿਸਟਮ ਵਿਚ ਸੁਧਾਰ ਕੀਤਾ ਜਾਵੇ। ਉਹ ਪਿਛਲੇ ਪਰਵਾਸੀ ਸੰਮੇਲਨ ਵਿਚ ਵੀ ਸ਼ਾਮਲ ਹੋਏ ਸਨ, ਇਸ ਲਈ ਉਨ੍ਹਾਂ ਯਾਦ ਕਰਵਾਇਆ ਕਿ ਉਦੋਂ ਪੰਜਾਬ ਦੇ ਮੁੱਖ ਮੰਤਰੀ ਬਾਦਲ ਨੇ ਪਰਵਾਸੀ ਪੰਜਾਬੀਆਂ ਦੀਆਂ ਸਮੱਸਿਆਵਾਂ ਤੇ ਮੰਗਾਂ ਦੇ ਫੌਰੀ ਹੱਲ ਲਈ ਉਚ ਪੱਧਰੀ ਕਮੇਟੀ ਬਣਾਉਣ ਦਾ ਐਲਾਨ ਕੀਤਾ ਸੀ। ਇਸ 10 ਮੈਂਬਰੀ ਕਮੇਟੀ ਵਿਚ ਪੰਜਾਬ ਦੇ 5 ਕੈਬਨਿਟ ਮੰਤਰੀ ਤੇ ਵਿਦੇਸ਼ਾਂ ਦੇ ਚੁਣੇ 5 ਨੁਮਾਇੰਦੇ ਲੈਣ ਦੀ ਗੱਲ ਕੀਤੀ ਗਈ ਸੀ। ਅੱਜ ਤੱਕ ਇਸ ਕਮੇਟੀ ਦਾ ਗਠਨ ਹੀ ਨਹੀਂ ਕੀਤਾ ਗਿਆ। ਪੰਜਾਬ ਸਰਕਾਰ ਪਰਵਾਸੀ ਪੰਜਾਬੀਆਂ ਦੇ ਸਵਾਲਾਂ ਦਾ ਜਵਾਬ ਦੇਣ ਵਿਚ ਸਮਰੱਥ ਨਜ਼ਰ ਆਈ ਪਰ ਇਸ ਵਾਰ ਫਿਰ ਵੱਡੇ ਵਾਅਦਿਆਂ ਦੀ ਝੜੀ ਲਾ ਦਿੱਤੀ ਹੈ।
Leave a Reply