ਬੂਟਾ ਸਿੰਘ
ਫੋਨ: 91-94634-74342
ਮਸ਼ਹੂਰ ਵਕੀਲ ਅਤੇ ਆਮ ਆਦਮੀ ਪਾਰਟੀ ਦੇ ਕੋਰ ਗਰੁੱਪ ਦੇ ਮੈਂਬਰ ਪ੍ਰਸ਼ਾਂਤ ਭੂਸ਼ਣ ਦੇ ਜੰਮੂ-ਕਸ਼ਮੀਰ ਵਿਚ ਭਾਰਤੀ ਫ਼ੌਜ ਲਗਾਈ ਰੱਖਣ ਬਾਰੇ ਹਾਲੀਆ ਬਿਆਨ ਨੂੰ ਲੈ ਕੇ ਜਿਸ ਤਰ੍ਹਾਂ ਦੇ ਸਿਆਸੀ ਪ੍ਰਤੀਕਰਮ ਸਾਹਮਣੇ ਆਏ ਹਨ, ਉਸ ਤੋਂ ਕਸ਼ਮੀਰ ਦੇ ਸਵਾਲ ਬਾਰੇ ਹਿੰਦੁਸਤਾਨ ਦੀ ਮੁੱਖਧਾਰਾ ਸਿਆਸਤ ਦੀ ਜ਼ਿਹਨੀਅਤ ਸਮਝ ਆ ਜਾਣੀ ਚਾਹੀਦੀ ਹੈ। ਉਹ ਇਹ ਕਿ ਦੁਨੀਆ ਦੀ Ḕਸਭ ਤੋਂ ਵੱਡੀ ਜਮਹੂਰੀਅਤ’ ਆਪਣੀ ਕਿਸੇ ਬਾਰਸੂਖ਼ ਸ਼ਖਸੀਅਤ ਨੂੰ ਕਿਸੇ ਮਸਲੇ ਬਾਰੇ ਆਪਣੇ ਵਿਚਾਰ ਖੁੱਲ੍ਹ ਕੇ ਪੇਸ਼ ਕਰਨ ਦਾ ਹੱਕ ਦੇਣ ਲਈ ਵੀ ਤਿਆਰ ਨਹੀਂ ਹੈ। ਪ੍ਰਸ਼ਾਂਤ ਭੂਸ਼ਣ ਨੇ ਮਹਿਜ਼ ਇੰਨਾ ਹੀ ਕਿਹਾ ਸੀ ਕਿ ਕਸ਼ਮੀਰ ਵਿਚ ਅਫਸਪਾ (ਆਰਮਡ ਫੋਰਸਿਜ਼ ਸਪੈਸ਼ਲ ਪਾਵਰਜ਼ ਐਕਟ) ਤਹਿਤ ਫ਼ੌਜ ਨੂੰ ਮਨਮਾਨੀਆਂ ਕਰਨ ਦੀ ਖੁੱਲ੍ਹ ਜਮਹੂਰੀਅਤ ਲਈ ਖ਼ਤਰਨਾਕ ਹੋ ਸਕਦੀ ਹੈ ਤੇ ਇਸ ਬਾਰੇ ਕਸ਼ਮੀਰੀ ਲੋਕਾਂ ਦੀ ਰਾਇ ਲੈਣੀ ਚਾਹੀਦੀ ਹੈ।
ਉਸ ਦਾ ਬਿਆਨ ਆਉਣ ਦੀ ਦੇਰ ਸੀ ਕਿ ਇਸ ਜ਼ਿਹਨੀਅਤ ਦਾ ਇਜ਼ਹਾਰ ਵੱਖੋ-ਵੱਖਰੇ ਸ਼ਕਲਾਂ ਵਿਚ ਸਾਹਮਣੇ ਆਉਣਾ ਸ਼ੁਰੂ ਹੋ ਗਿਆ। ਸੰਘੀਆਂ ਨੇ Ḕਹਿੰਦੂ ਸੁਰੱਖਿਆ ਦਲ’ ਦੇ ਨਾਂ ਹੇਠ ਚਾਲੀ ਬੰਦੇ ਭੇਜ ਕੇ ਆਮ ਆਦਮੀ ਪਾਰਟੀ ਦੇ ਗਾਜ਼ੀਆਬਾਦ ਦਫ਼ਤਰ ਦੀ ਭੰਨਤੋੜ ਕਰਵਾਈ; ਇਸ ਬਹਾਨੇ ਕਿ ਸ੍ਰੀ ਭੂਸ਼ਣ ਦਾ ਬਿਆਨ ਮੁਲਕ ਦੇ ਹਿੱਤਾਂ ਦੇ ਖ਼ਿਲਾਫ਼ ਹੈ। ਹਾਲਾਂਕਿ ਪਹਿਲਾਂ ਜਦੋਂ ਮੋਦੀ ਨੇ ਸਿਆਸੀ ਗਿਣਤੀਆਂ-ਮਿਣਤੀਆਂ ‘ਚੋਂ ਧਾਰਾ 370 ਬਾਰੇ ਮੁੜ-ਵਿਚਾਰ ਦੀ ਗੱਲ ਕੀਤੀ ਸੀ, ਉਦੋਂ ਸੰਘ ਖ਼ਾਮੋਸ਼ ਰਿਹਾ। ਪ੍ਰਸ਼ਾਂਤ ਭੂਸ਼ਣ ਦੇ ਬਿਆਨ ਦੇ ਮਾਮਲੇ ਵਿਚ ਭਗਵੇਂ ਬ੍ਰਿਗੇਡ ਦਾ ਹੁੱਲੜਬਾਜ਼ ਪ੍ਰਤੀਕਰਮ ਭਾਵੇਂ ਸਭ ਤੋਂ ਘਿਨਾਉਣਾ ਸੀ ਪਰ ਗੱਲ ਇਥੋਂ ਤਕ ਮਹਿਦੂਦ ਨਹੀਂ ਹੈ। ਇਸ ਦੇ ਹੋਰ ਇਜ਼ਹਾਰ ਵੀ ਗੌਰਤਲਬ ਹਨ।
ਸੰਘ ਪਰਿਵਾਰ ਕਸ਼ਮੀਰ ਬਾਰੇ ਪਹਿਲਾਂ ਵੀ ਸਮੇਂ-ਸਮੇਂ ‘ਤੇ ਆਪਣੀ ਫਾਸ਼ੀਵਾਦੀ ਜ਼ਿਹਨੀਅਤ ਸਾਹਮਣੇ ਲਿਆਉਂਦਾ ਰਿਹਾ ਹੈ। ਸੰਘ ਨੂੰ ਏਕਤਾ-ਅਖੰਡਤਾ ਦੇ ਮਸਲੇ ਨੂੰ ਅਵਾਮ ਦੀਆਂ ਭਾਵਨਾਵਾਂ ਭੜਕਾਉਣ ਲਈ ਇਸਤੇਮਾਲ ਕਰਨ ਦੀ ਕਾਮਯਾਬੀ ਦਾ ਐਨਾ ਗ਼ਰੂਰ ਹੈ ਕਿ ਪਹਿਲਾਂ ਵੀ ਇਨ੍ਹਾਂ ਦੇ ਇਸ਼ਾਰੇ ‘ਤੇ 12 ਅਕਤੂਬਰ 2011 ਨੂੰ ਸੁਪਰੀਮ ਕੋਰਟ ਅੰਦਰ ਚੈਂਬਰ ਵਿਚ ਦਾਖ਼ਲ ਹੋ ਕੇ ਪ੍ਰਸ਼ਾਂਤ ਭੂਸ਼ਣ ਦੀ ਕੁੱਟਮਾਰ ਕੀਤੀ ਸੀ। ਉਦੋਂ Ḕਭਗਤ ਸਿੰਘ ਕ੍ਰਾਂਤੀ ਸੈਨਾ’ ਦੇ ਨਾਂ ਹੇਠ ਜਿਨ੍ਹਾਂ ਤਿੰਨ ਸ਼ਖਸਾਂ ਨੇ ਹੁੱਲੜਬਾਜ਼ੀ ਕੀਤੀ ਸੀ, ਉਨ੍ਹਾਂ ਵਿਚੋਂ ਵਿਸ਼ਨੂ ਗੁਪਤਾ ਅਤੇ ਐੱਮæਐੱਸ਼ ਬੱਗਾ ਇਸ ਵਕਤ ਭਾਜਪਾ ਦੇ ਮੈਂਬਰ ਹਨ। ਹਾਲੀਆ ਬਿਆਨਾਂ ਵਾਂਗ ਉਦੋਂ ਵੀ ਆਰæਐੱਸ਼ਐੱਸ਼ ਅਤੇ ਇਸ ਦੇ ਹੋਰ ਫਰੰਟਾਂ ਨੇ ਅਜਿਹਾ ਕਰਨ ਵਾਲਿਆਂ ਨਾਲ ਕੋਈ ਸਬੰਧ ਨਾ ਹੋਣ ਦੇ ਬਿਆਨ ਤਾਂ ਦਿੱਤੇ ਸਨ ਪਰ ਨਿਖੇਧੀ ਇਸ ਢੰਗ ਨਾਲ ਕੀਤੀ ਸੀ ਜਿਸ ਦਾ ਮਤਲਬ ਇਹ ਸੀ ਕਿ ਇਸ ਲਈ ਜ਼ਿੰਮੇਵਾਰ ਤਾਂ ਪ੍ਰਸ਼ਾਂਤ ਭੂਸ਼ਣ ਹੀ ਹੈ ਜੋ ਅਜਿਹੇ ਮੁਲਕ ਵਿਰੋਧੀ ਬਿਆਨ ਦਿੰਦਾ ਹੈ। ਉਦੋਂ ਸ੍ਰੀ ਭੂਸ਼ਣ ਨੇ ਕਸ਼ਮੀਰ ਦੀ ਆਜ਼ਾਦੀ ਬਾਰੇ ਰਾਇਸ਼ੁਮਾਰੀ ਕਰਾਉਣ ਦੀ ਮੰਗ ਕੀਤੀ ਸੀ। ਉਸ ਨੇ ਸਪਸ਼ਟ ਕਿਹਾ ਸੀ ਕਿ ਜੇ ਕਸ਼ਮੀਰ ਦਾ ਅਵਾਮ ਹਿੰਦੁਸਤਾਨ ਨਾਲ ਨਹੀਂ ਰਹਿਣਾ ਚਾਹੁੰਦਾ ਤਾਂ ਉਨ੍ਹਾਂ ਨੂੰ ਆਜ਼ਾਦੀ ਦੇਣ ਬਾਰੇ ਵਿਚਾਰ ਕਰਨੀ ਚਾਹੀਦੀ ਹੈ।
ਦਰਅਸਲ, ਜਿਹੜਾ ਵੀ ਕੋਈ ਬੰਦਾ ਕਸ਼ਮੀਰ ਮਸਲੇ ਦੇ ਹੱਲ ਲਈ ਕਸ਼ਮੀਰ ਦੇ ਆਵਾਮ ਦੀਆਂ ਭਾਵਨਾਵਾਂ ਨੂੰ ਤਰਜੀਹ ਜਾਂ ਅਹਿਮੀਅਤ ਦੇਣ ਦੇ ਖ਼ਿਆਲ ਜ਼ਾਹਿਰ ਕਰਦਾ ਹੈ, ਉਸ ਦੇ ਖ਼ਿਆਲਾਤ ਸੰਘ ਪਰਿਵਾਰ ਸਮੇਤ ਅੰਨ੍ਹੇ ਕੌਮਵਾਦ ਦੇ ਕੁਲ ਪੈਰੋਕਾਰਾਂ ਦੇ ਹਮਲਿਆਂ ਨੂੰ ਸੱਦਾ ਦੇਣ ਦਾ ਸਬੱਬ ਹੋ ਨਿੱਬੜਦੇ ਹਨ। ਪਿਛਲੇ ਸਾਲ ਹੀ ਦਿੱਲੀ ਵਿਚ ਬਜਰੰਗ ਦਲੀਆਂ ਵਲੋਂ ਕਸ਼ਮੀਰ ਦੇ ਹੱਕ ‘ਚ ਬੋਲਣ ਕਾਰਨ ਮਨੁੱਖੀ ਹੱਕਾਂ ਦੇ ਮੰਨੇ-ਪ੍ਰਮੰਨੇ ਕਾਰਕੁਨ ਤੇ ਚਿੰਤਕ ਗੌਤਮ ਨਵਲੱਖਾ ਦੇ ਮੂੰਹ ਉੱਪਰ ਕਾਲਖ਼ ਮਲ ਦਿੱਤੀ ਗਈ ਸੀ ਅਤੇ ਕਸ਼ਮੀਰ ਵਿਚ ਹਿੰਦੁਸਤਾਨੀ ਫ਼ੌਜ ਦਾ ਵਿਰੋਧ ਕਰਨ ਵਾਲੇ ਕਸ਼ਮੀਰੀ ਲੜਕੇ-ਲੜਕੀਆਂ ਨਾਲ ਉਥੇ ਪੁਲਿਸ ਦੀ ਮੌਜੂਦਗੀ ‘ਚ ਬਦਤਮੀਜ਼ੀ ਕੀਤੀ ਸੀ।
ਇਸ ਤੋਂ ਪਹਿਲਾਂ, ਜਦੋਂ ਬੁੱਕਰ ਇਨਾਮ ਜੇਤੂ ਲੇਖਕਾ ਅਰੁੰਧਤੀ ਰਾਏ ਨੇ ਅਕਤੂਬਰ 2010 ‘ਚ ਕਸ਼ਮੀਰੀ ਆਗੂ ਸਈਅਦ ਅਲੀ ਸ਼ਾਹ ਗਿਲਾਨੀ ਅਤੇ ਮਾਓਵਾਦੀ ਬੁੱਧੀਜੀਵੀ ਵਰਵਰਾ ਰਾਓ ਸਮੇਤ ਦਿੱਲੀ ਵਿਚ ਕਸ਼ਮੀਰ ਦੇ ਸਵਾਲ ਬਾਰੇ ਇਕ ਸਮਾਗਮ ਵਿਚ ਸ਼ਾਮਲ ਹੋ ਕੇ ਕਿਹਾ ਸੀ ਕਿ Ḕਕਸ਼ਮੀਰ ਇਤਿਹਾਸਕ ਤੌਰ ਉਤੇ ਕਦੇ ਵੀ ਹਿੰਦੁਸਤਾਨ ਦਾ ਹਿੱਸਾ ਨਹੀਂ ਰਿਹਾ’ ਤਾਂ ਪੂਰਾ ਕੌਮਵਾਦੀ ਕੋੜਮਾ ਬੌਖਲਾ ਗਿਆ ਸੀ। ਮਾਮਲਾ ਉਸ ਦੇ ਖ਼ਿਲਾਫ਼ ਜ਼ਹਿਰ ਉਗਲਦੀ ਬਿਆਨਬਾਜ਼ੀ ਤਕ ਮਹਿਦੂਦ ਨਹੀਂ ਸੀ ਰਿਹਾ, ਸਗੋਂ ਕੁਝ ਵਿਅਕਤੀਆਂ ਕੋਲੋਂ ਅਦਾਲਤ ਵਿਚ ਜਨ-ਹਿੱਤ ਪਟੀਸ਼ਨ ਦਾਇਰ ਕਰਵਾ ਕੇ ਅਰੁੰਧਤੀ ਰਾਏ ਤੇ ਹੋਰਨਾਂ ਖ਼ਿਲਾਫ਼ ਧਾਰਾ 124-ਏ ਤਹਿਤ ਦੇਸ-ਧ੍ਰੋਹ ਦਾ ਮੁਕੱਦਮਾ ਦਰਜ ਕਰਾਉਣ ਲਈ ਟਿੱਲ ਲਾਇਆ ਸੀ। ਇਹ ਵੱਖਰਾ ਸਵਾਲ ਹੈ ਕਿ ਇਸ ਨਾਲ ਕੁਲ ਆਲਮ ਵਿਚ ਹੋਣ ਵਾਲੀ ਭੰਡੀ ਨੂੰ ਦੇਖਦਿਆਂ ਮਨਮੋਹਨ ਸਿੰਘ ਹਕੂਮਤ ਨੇ ਇਸ ਨੂੰ ਦਰਕਿਨਾਰ ਕਰਨਾ ਹੀ ਠੀਕ ਸਮਝਿਆ। ਉਦੋਂ ਅਰੁੰਧਤੀ ਰਾਇ ਨੇ ਫਿਟਕਾਰ ਪਾਉਂਦਿਆਂ ਕਿਹਾ ਸੀ, “ਅਜਿਹੀ ਕੌਮ ‘ਤੇ ਤਰਸ ਆਉਂਦਾ ਹੈ ਜਿਸ ਨੂੰ ਆਪਣੇ ਮਨ ਦੀ ਗੱਲ ਕਹਿਣ ਤੋਂ ਰੋਕਣ ਲਈ ਲੇਖਕਾਂ ਦੀ ਜ਼ਬਾਨਬੰਦੀ ਕਰਨੀ ਪੈ ਰਹੀ ਹੈ।”
ਪ੍ਰਸ਼ਾਂਤ ਭੂਸ਼ਣ ਦੇ ਹਾਲੀਆ ਬਿਆਨ ਵਿਚ ਤਾਂ ਕਸ਼ਮੀਰ ਦੀ Ḕਆਜ਼ਾਦੀ’ ਦਾ ਜ਼ਿਕਰ ਵੀ ਨਹੀਂ ਸੀ। ਉਸ ਨੇ ਮਹਿਜ਼ ਇੰਨਾ ਕਿਹਾ ਕਿ ਕਸ਼ਮੀਰ ਵਿਚ ਲੋਕਾਂ ਦੀ ਸੁਰੱਖਿਆ ਲਈ ਫ਼ੌਜ ਲਗਾਈ ਰੱਖਣ ਬਾਰੇ ਉਥੋਂ ਦੇ ਲੋਕਾਂ ਦੀ ਰਾਇ ਲੈਣੀ ਚਾਹੀਦੀ ਹੈ। ਇਸ ਨਾਲ ਹਿੰਦੁਸਤਾਨ ਦੀ ਪੂਰੀ ਸਥਾਪਤੀ ਹੀ ਹਿੱਲ ਗਈ ਜਿਸ ਦਾ ਪੂਰਾ ਸਿਆਸੀ ਦਾਰੋਮਦਾਰ ਹੀ Ḕਅੰਦਰੂਨੀ ਸੁਰੱਖਿਆ’ ਦੀ ਮਿੱਥ ਉੱਪਰ ਟਿਕਿਆ ਹੋਇਆ ਹੈ। ਜਿਸ ਨੂੰ ਆਪਣੇ ਹੀ ਵਤਨ ਵਾਸੀਆਂ ਵਲੋਂ ਉਠਾਏ ਹਰ ਸਮਾਜੀ-ਆਰਥਿਕ ਜਾਂ ਸਿਆਸੀ ਮਸਲੇ ਵਿਚੋਂ Ḕਅਮਨ-ਕਾਨੂੰਨ ਲਈ ਖ਼ਤਰਾ’ ਨਜ਼ਰ ਆਉਂਦਾ ਹੈ। ਕਸ਼ਮੀਰ ਅਤੇ ਉਤਰ-ਪੂਰਬ ਤਾਂ ਹੋਰ ਵੀ ਅਹਿਮ ਹੈ ਕਿਉਂਕਿ ਇਸ ਨਾਲ ਹਿੰਦੁਸਤਾਨੀ ਕਾਰਪੋਰੇਟ ਸਰਮਾਏਦਾਰੀ ਦੀ ਵਿਆਪਕ ਮੰਡੀ ਦੀ ਲੋੜ ਅਤੇ ਯੁੱਧਨੀਤਕ ਅਹਿਮੀਅਤ ਵੀ ਜੁੜੀ ਹੋਈ ਹੈ। ਜੋ ਕਸ਼ਮੀਰ, ਉਤਰ-ਪੂਰਬ ਤੇ ਸਿੱਕਮ ਦਾ ਆਪਣੇ ਵਿਚ ਜਬਰੀ ਇਲਹਾਕ ਕਰ ਕੇ ਵੀ ਸੰਤੁਸ਼ਟ ਨਹੀਂ ਹੈ ਸਗੋਂ ਇਸ ਦੀ ਹਾਬੜੀ ਹੋਈ ਪਸਾਰਵਾਦੀ ਲਾਲਸਾ ਨੇਪਾਲ, ਭੂਟਾਨ, ਪਾਕਿਸਤਾਨ ਗੱਲ ਕੀ ਹਰ ਕਮਜ਼ੋਰ ਗੁਆਂਢੀ ਮੁਲਕ ਨੂੰ ਨਿਗਲਣ ਲਈ ਤਹੂ ਹੈ।
ਅਵਾਮ ਨੂੰ ਇਤਿਹਾਸਕ ਤੱਥਾਂ ਬਾਰੇ ਹਨੇਰੇ ‘ਚ ਰੱਖ ਕੇ ਕੌਮੀ ਜਜ਼ਬਾਤ ਭੜਕਾਉਣ ਲਈ ਜਿਨ੍ਹਾਂ Ḕਕੌਮੀ’ ਹਿੱਤਾਂ ਦੀ ਦੁਹਾਈ ਦਿੱਤੀ ਜਾਂਦੀ ਹੈ, ਉਹ ਦਰਅਸਲ ਕਾਰਪੋਰੇਟ ਸਰਮਾਏਦਾਰੀ ਅਤੇ ਇਸ ਦੇ ਤਾਬੇਦਾਰ ਮੁੱਖਧਾਰਾ ਸਿਆਸੀ ਕੋੜਮੇ ਦੇ ਸਾਂਝੇ ਖ਼ੁਦਗਰਜ਼ ਹਿੱਤ ਹਨ। ਇਨ੍ਹਾਂ ਹਿੱਤਾਂ ਦੀ ਸਿਆਸਤ ਦਾ ਸਿਆਸਤਦਾਨਾਂ ਉੱਪਰ ਕਿੰਨਾ ਦਬਾਅ ਹੈ, ਇਸ ਦਾ ਅੰਦਾਜ਼ਾ ਆਮ ਆਦਮੀ ਪਾਰਟੀ, ਖ਼ਾਸ ਕਰ ਕੇ ਕੇਜਰੀਵਾਲ ਅਤੇ ਖ਼ੁਦ ਪ੍ਰਸ਼ਾਂਤ ਭੂਸ਼ਣ ਦੇ ਹਾਲੀਆ ਬਿਆਨਾਂ ਤੋਂ ਲਗਾਇਆ ਜਾ ਸਕਦਾ ਹੈ।
ਜਿਹੜੀ ਕੇਜਰੀਵਾਲ ਟੀਮ ਸਰਕਾਰ ਬਣਾਉਣ ਲਈ ਕਾਂਗਰਸ ਦੀ ਬਾਹਰੀ ਹਮਾਇਤ ਲੈਣ ਜਾਂ ਨਾ ਲੈਣ ਲਈ ਜਾਂ ਅਵਾਮ ਦੇ ਸਾਧਾਰਨ (ਪਰ ਅਹਿਮ) ਆਰਥਿਕ ਮੰਗਾਂ/ਮਸਲਿਆਂ ਨੂੰ ਚੋਣ ਮਨੋਰਥ-ਪੱਤਰ ਵਿਚ ਸ਼ਾਮਲ ਕਰਨ ਲਈ ਰਾਇਸ਼ੁਮਾਰੀ ਦਾ ਜਮਹੂਰੀ ਢੰਗ ਖ਼ੁਦ ਹੀ ਅਪਣਾਉਂਦੀ ਰਹੀ ਹੈ, ਉਸ ਨੇ ਫਟਾਫਟ ਪ੍ਰੈੱਸ ਕਾਨਫਰੰਸ ਕਰ ਕੇ ਸਪਸ਼ਟੀਕਰਨ ਦੇਣਾ ਜ਼ਰੂਰੀ ਸਮਝਿਆ ਕਿ ਫ਼ੌਜ ਬਾਰੇ ਰਾਇਸ਼ੁਮਾਰੀ ਕਰਾਉਣ ਦੀ ਸਲਾਹ ਪ੍ਰਸ਼ਾਂਤ ਭੂਸ਼ਣ ਦੀ ਨਿੱਜੀ ਰਾਇ ਹੈ, ਇਹ Ḕਆਪ’ ਦੀ ਅਧਿਕਾਰਤ ਪੁਜ਼ੀਸ਼ਨ ਨਹੀਂ ਹੈ। Ḕਆਪ’ ਪਾਰਟੀ ਕਸ਼ਮੀਰ ਵਿਚ ਰਾਏਸ਼ੁਮਾਰੀ ਕਰਾਉਣ ਦੇ ਹੱਕ ਵਿਚ ਨਹੀਂ। ਇਹ ਹਰ ਸਵਾਲ ਬਾਰੇ Ḕਕੌਮੀ ਹਿੱਤ’ ਨੂੰ ਮੁੱਖ ਰੱਖ ਕੇ ਫ਼ੈਸਲਾ ਲਵੇਗੀ।
ਦੂਜੇ ਲਫ਼ਜ਼ਾਂ ਵਿਚ ਕੌਮੀ ਹਿੱਤ ਦੇ ਨਾਂ ਹੇਠ ਕਿਸੇ ਵੀ ਧੱਕੇਸ਼ਾਹੀ ਜਾਂ ਪਸਾਰਵਾਦੀ ਲਾਲਸਾ ਨੂੰ ਜਾਇਜ਼ ਠਹਿਰਾਇਆ ਜਾ ਸਕਦਾ ਹੈ। ਜ਼ਾਹਿਰ ਹੈ ਕਿ ਕਸ਼ਮੀਰ ਵਰਗੇ ਸਵਾਲਾਂ ਬਾਰੇ ਕੇਜਰੀਵਾਲ ਟੀਮ ਦੀ ਬੁਨਿਆਦੀ ਜ਼ਿਹਨੀਅਤ ਸੰਘ ਪਰਿਵਾਰ, ਕਾਂਗਰਸ ਜਾਂ ਹੋਰ ਮੁੱਖਧਾਰਾ ਪਾਰਟੀਆਂ ਤੋਂ ਵੱਖਰੀ ਨਹੀਂ ਹੈ। ਕਹਿਣ ਨੂੰ ਕੇਜਰੀਵਾਲ ਇਹ ਵੀ ਕਹਿ ਸਕਦਾ ਸੀ ਕਿ ਬੇਸ਼ਕ ਇਹ ਪ੍ਰਸ਼ਾਂਤ ਭੂਸ਼ਣ ਦੇ ਨਿੱਜੀ ਵਿਚਾਰ ਹਨ ਪਰ ਕਿਸੇ ਇਲਾਕੇ ਦੇ ਲੋਕ ਆਪਣੀ ਸੁਰੱਖਿਆ ਲਈ ਫ਼ੌਜ ਲਗਾਏ ਜਾਣ ਦੇ ਹੱਕ ਵਿਚ ਹਨ ਜਾਂ ਨਹੀਂ ਇਸ ਬਾਰੇ ਰਾਇਸ਼ੁਮਾਰੀ ਦਾ ਜਮਹੂਰੀ ਢੰਗ ਅਪਣਾਉਣਾ ਗ਼ਲਤ ਨਹੀਂ ਹੈ ਪਰ ਇਥੇ ਕੇਜਰੀਵਾਲ ਟੀਮ ਨੂੰ ਰਾਇਸ਼ੁਮਾਰੀ ਦੀ ਜਮਹੂਰੀ ਕਵਾਇਦ ਗਵਾਰਾ ਨਹੀਂ ਸੀ।
ਕੇਜਰੀਵਾਲ ਟੀਮ ਮਹਿਜ਼ ਖ਼ੁਦ ਹੀ ਸਪਸ਼ਟੀਕਰਨ ਦੇਣ ਤਕ ਮਹਿਦੂਦ ਨਹੀਂ ਰਹੀ, ਸਗੋਂ ਦਬਾਅ ਪਾ ਕੇ ਪ੍ਰਸ਼ਾਂਤ ਭੂਸ਼ਣ ਨੂੰ ਆਪਣੇ ਨਿੱਜੀ ਖ਼ਿਆਲ ਦਬਾ ਕੇ ਮੁਲਕ ਦੀ ਏਕਤਾ-ਅਖੰਡਤਾ ਦੀ ਮੁਹਾਰਨੀ ਰਟਣ ਲਈ ਮਜਬੂਰ ਕਰ ਦਿੱਤਾ ਗਿਆ। (ਕੇਜਰੀਵਾਲ ਟੀਮ ਦੀ ਧਾਰਮਿਕ ਘੱਟਗਿਣਤੀਆਂ ਅਤੇ ਕੌਮੀਅਤਾਂ ਪ੍ਰਤੀ ਜ਼ਿਹਨੀਅਤ ਦਾ ਇਜ਼ਹਾਰ ਟੀਮ ਦੇ ਅਹਿਮ ਮੈਂਬਰ ਕੁਮਾਰ ਵਿਸ਼ਵਾਸ ਦੀ ਉਸ ਵੀਡੀਓ ਕਲਿੱਪ ਤੋਂ ਵੀ ਹੋਇਆ ਜਿਸ ਵਿਚ ਉਸ ਨੇ ਮੁਹੱਰਮ ਦੇ ਦਿਨ ਜਨਤਾ ਦਲ (ਯੂ) ਦੇ ਐੱਮæਐੱਲ਼ਏæ ਸ਼ੋਇਬ ਇਕਬਾਲ ਦੇ ਮੁਸਲਿਮ ਅਕੀਦੇ ਦਾ ਭੱਦੇ ਢੰਗ ਨਾਲ ਮਖੌਲ ਉਡਾਇਆ ਅਤੇ ਸੰਕਟ ਪੈਦਾ ਹੋ ਜਾਣ ਤੋਂ ਬਾਅਦ ਹੀ ਕਲਿਪ ਵਾਪਸ ਲਈ ਗਈ।) ਇਹ ਸ੍ਰੀ ਭੂਸ਼ਣ ਦੇ ਹਾਲੀਆ ਬਦਲੇ ਹੋਏ ਸਪਸ਼ਟੀਕਰਨ ਨੁਮਾ ਬਿਆਨਾਂ ਤੋਂ ਵੀ ਸਪਸ਼ਟ ਹੈ। ਹੁਣ ਉਹ ਕਹਿ ਰਿਹਾ ਹੈ ਕਿ ਉਸ ਨੂੰ ਕਸ਼ਮੀਰ ਦੇ ਹਿੰਦੁਸਤਾਨ ਦਾ Ḕਅਖੰਡ ਹਿੱਸਾ’ ਹੋਣ ਉਤੇ ਕੋਈ ਸ਼ੱਕ ਨਹੀਂ ਹੈ; ਕਿ ਰਾਇਸ਼ੁਮਾਰੀ ਬਾਰੇ ਜ਼ਿਕਰ ਦਾ ਇਹ ਭਾਵ ਨਹੀਂ ਲਿਆ ਜਾਣਾ ਚਾਹੀਦਾ ਹੈ ਕਿ ਕਸ਼ਮੀਰ ਦੇ ਹਿੰਦੁਸਤਾਨ ਨਾਲ ਰਿਸ਼ਤੇ ਬਾਰੇ ਅਵਾਮ ਦੀ ਰਾਇ ਲਈ ਜਾਵੇ। ਹੈਰਾਨੀ ਹੈ ਕਿ ਕਸ਼ਮੀਰ ਦੀ ਆਜ਼ਾਦੀ ਲਈ ਰਾਇਸ਼ੁਮਾਰੀ ਦੀ ਗੱਲ ਕਰਨ ਵਾਲੇ ਪ੍ਰਸ਼ਾਂਤ ਭੂਸ਼ਣ ਦੀ ਰਾਤੋ-ਰਾਤ Ḕਕਸ਼ਮੀਰ ਹਿੰਦੁਸਤਾਨ ਦਾ ਅਖੰਡ ਹਿੱਸਾ’ ਦੀ ਸੋਚ ਕਿਵੇਂ ਬਣ ਗਈ?
ਹਿੰਦੁਸਤਾਨ ਦੇ ਮੁੱਖਧਾਰਾ ਸਿਆਸੀ ਹਲਕੇ ਜੋ ਮਰਜ਼ੀ ਕਹੀ ਜਾਣ, ਤੇ ਇਸ ਤਰ੍ਹਾਂ ਦੇ ਮੁੱਦਿਆਂ ਨੂੰ ਬਹਾਨਾ ਬਣਾ ਕੇ ਵਿਰੋਧੀਆਂ ਵਲੋਂ Ḕਆਪ’ ਦੇ ਵੋਟ ਬੈਂਕ ਨੂੰ ਖ਼ੋਰਾ ਲਾਏ ਜਾਣ ਤੋਂ ਬਚਣ ਦੀ ਗਰਜ਼ ਵਿਚੋਂ ਕੇਜਰੀਵਾਲ ਟੀਮ ਕੁਝ ਵੀ ਬਿਆਨ ਦੇਵੇ, ਪਰ ਉਹ ਇਸ ਹਕੀਕਤ ਨੂੰ ਚੰਗੀ ਤਰ੍ਹਾਂ ਜਾਣਦੇ ਹਨ ਕਿ ਕਸ਼ਮੀਰ ਦੇ ਹਿੰਦੁਸਤਾਨ ਨਾਲ ਜਿਸ ਆਰਜ਼ੀ ਇਲਹਾਕ (26 ਅਕਤੂਬਰ 1947) ਨੂੰ ਇਸ ਮੁਲਕ ਦਾ ਅਨਿੱਖੜ ਹਿੱਸਾ ਸਾਬਤ ਕਰਨ ਲਈ ਦਲੀਲ ਵਜੋਂ ਵਰਤਿਆ ਜਾਂਦਾ ਹੈ, ਇਲਹਾਕ ਬਾਰੇ ਰਾਇਸ਼ੁਮਾਰੀ ਦਾ ਵਾਅਦਾ ਉਸ ਦਾ ਸਭ ਤੋਂ ਅਹਿਮ ਪੱਖ ਸੀ ਜਿਸ ਜ਼ਰੀਏ ਕਸ਼ਮੀਰ ਦੀ ਹੋਣੀ ਦਾ ਫ਼ੈਸਲਾ ਕਸ਼ਮੀਰੀ ਅਵਾਮ ਦੀ ਰਾਇ ਦੇ ਆਧਾਰ ‘ਤੇ ਹੋਣਾ ਸੀ। ਇਲਹਾਕ ਦੀ ਇਹ ਸਭ ਤੋਂ ਅਹਿਮ ਮੱਦ ਸੀ ਜਿਸ ਬਾਰੇ ਹਿੰਦੁਸਤਾਨ ਦੀ ਨਹਿਰੂ ਵਜ਼ਾਰਤ ਨੇ ਵਿਸ਼ਵਾਸਘਾਤ ਕੀਤਾ। ਸ਼ੁਰੂਆਤੀ ਟਾਲਮਟੋਲ ਦੇ ਸਾਲਾਂ ਨੂੰ ਆਪਣਾ ਫ਼ੌਜੀ ਕਬਜ਼ਾ ਪੱਕਾ ਕਰਨ ਲਈ ਵਰਤਿਆ ਗਿਆ।
ਕੌੜਾ ਸੱਚ ਇਹ ਹੈ ਕਿ ਹਿੰਦੁਸਤਾਨੀ ਸਥਾਪਤੀ ਸਾਢੇ ਛੇ ਦਹਾਕਿਆਂ ਦੇ ਦਮਨ ਅਤੇ ਦੋ ਦਹਾਕਿਆਂ ਵਿਚ ਇਕ ਲੱਖ ਦੇ ਕਰੀਬ ਕਸ਼ਮੀਰੀਆਂ ਦਾ ਖ਼ੂਨ ਵਹਾ ਕੇ ਉਨ੍ਹਾਂ ਦੀ ਇਸ ਰੀਝ ਦਾ ਕਤਲ ਨਹੀਂ ਕਰ ਸਕੀ। ਜਦੋਂ ਸੰਘ ਦਾ ਕਾਰਿੰਦਾ ਜਗਮੋਹਣ, ਕਸ਼ਮੀਰ ਦਾ ਗਵਰਨਰ ਸੀ, ਉਸ ਨੇ ਇਹ ਸਪਸ਼ਟ ਇਕਬਾਲ ਕਰਦਿਆਂ ਕਿਹਾ ਸੀ, “ਜੇ ਘਾਟੀ ਵਿਚੋਂ ਫ਼ੌਜ ਹਟਾ ਲਈ ਜਾਵੇ ਤਾਂ ਸਾਰਾ ਕਸ਼ਮੀਰ ਸੜਕਾਂ ‘ਤੇ ਆ ਕੇ ਆਜ਼ਾਦੀ ਦੀ ਮੰਗ ਕਰਨ ਲੱਗ ਜਾਵੇਗਾ।” ਸਥਾਪਤੀ ਦਾ ਇਹ ਹਕੀਕੀ ਡਰ ਹੀ ਹੈ ਜਿਸ ਕਰ ਕੇ ਗੱਲ ਗੱਲ ‘ਤੇ ਰਾਇਸ਼ੁਮਾਰੀ ਕਰਾਉਣ ਵਾਲੀ ਕੇਜਰੀਵਾਲ ਟੀਮ ਕਸ਼ਮੀਰੀ ਅਵਾਮ ਦੀ ਹੋਣੀ ਦੇ ਸਵਾਲ ਬਾਰੇ ਉਥੋਂ ਦੇ ਅਵਾਮ ਦੀ ਰਾਇ ਦਾ ਸਾਹਮਣਾ ਕਰਨ ਲਈ ਤਿਆਰ ਨਹੀਂ ਹੈ ਸਗੋਂ ਆਪਣੇ ਮੈਂਬਰਾਂ ਦੇ ਨਿੱਜੀ ਖ਼ਿਆਲਾਂ ਨੂੰ ਦਬਾਉਣ ਤੋਂ ਵੀ ਗੁਰੇਜ਼ ਨਹੀਂ ਕਰਦੀ।
Leave a Reply