ਚੰਡੀਗੜ੍ਹ: ਪੰਜਾਬ ਕਾਂਗਰਸ ਅੰਦਰ ਕਲੇਸ਼ ਲਗਾਤਾਰ ਵਧਦਾ ਜਾ ਰਿਹਾ ਹੈ ਤੇ ਇਸ ਨੂੰ ਠੱਲ੍ਹਣ ਲਈ ਹਾਈਕਮਾਨ ਵੱਲੋਂ ਲੜਾਈ ਜਾ ਰਹੀ ਹਰ ਜੁਗਤ ਪੁੱਠੀ ਹੈ ਰਹੀ ਹੈ। ਪੰਜਾਬ ਵਿਚ ਕਾਂਗਰਸੀ ਅਹੁਦੇਦਾਰਾਂ ਦੀ ਨਵੀਂ ਐਲਾਨੀ ਸੂਚੀ ਨੇ ਬਲਦੀ ‘ਤੇ ਤੇਲ ਪਾਉਣ ਵਾਲਾ ਕੰਮ ਕੀਤਾ ਹੈ। ਇਸ ਸੂਚੀ ਵਿਚ ਕਈ ਸੀਨੀਅਰ ਆਗੂਆਂ ਨੇ ਅੱਖੋਂ-ਪਰੋਖੇ ਕਰਨ ਦਾ ਦੋਸ਼ ਲਾਉਂਦਿਆਂ ਵਿਰੋਧ ਸ਼ੁਰੂ ਕਰ ਦਿੱਤਾ ਹੈ।
ਬੀਤੇ ਵਰ੍ਹੇ ਹਾਈਕਮਾਨ ਵੱਲੋਂ ਕੈਪਟਨ ਅਮਰਿੰਦਰ ਸਿੰਘ ਤੋਂ ਸੂਬੇ ਦੀ ਪ੍ਰਧਾਨਗੀ ਖੋ ਕੇ ਪ੍ਰਤਾਪ ਸਿੰਘ ਬਾਜਵਾ ਨੂੰ ਦੇਣ ਦਾ ਫੈਸਲਾ ਵੀ ਸਹੀ ਸਾਬਤ ਨਹੀਂ ਹੋਇਆ। ਇਥੋਂ ਤੱਕ ਇਸ ਦੇ ਪ੍ਰਧਾਨ ਬਾਜਵਾ, ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਪੰਜਾਬ ਕਾਂਗਰਸ ਵਿਧਾਇਕ ਦਲ ਦੇ ਆਗੂ ਸੁਨੀਲ ਜਾਖੜ ਹੀ ਇਕਸੁਰ ਨਹੀਂ ਹੋ ਸਕੇ। ਸ਼ ਬਾਜਵਾ ਦੇ ਬੀਤੇ ਵਰ੍ਹੇ 23 ਮਾਰਚ ਨੂੰ ਪੰਜਾਬ ਇਕਾਈ ਦਾ ਅਹੁਦਾ ਸਾਂਭਦਿਆਂ ਹੀ ਕੈਪਟਨ ਨੇ ‘ਲੰਚ ਸਿਆਸਤ’ ਰਾਹੀਂ ਆਪਣੀ ਵੱਖਰੀ ਹੋਂਦ ਦਾ ਮੁਜ਼ਾਹਰਾ ਕਰ ਦਿੱਤਾ ਸੀ।
ਦੂਜੇ ਪਾਸੇ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਸੁਨੀਲ ਜਾਖੜ ਵੀ ਬਾਜਵਾ ਨਾਲ ਕਦੇ ਵੀ ਇਕ ਸੁਰ ਨਜ਼ਰ ਨਹੀਂ ਪਏ। ਪਿਛਲੇ ਸਮੇਂ ਸੰਗਰੂਰ ਵਿਚ ਕਾਂਗਰਸ ਦੀ ਇਕ ਰੈਲੀ ਦੌਰਾਨ ਸ਼ ਬਾਜਵਾ ਤੇ ਕੈਪਟਨ ਵੱਲੋਂ ਪਾਰਟੀ ਦੇ ਕੌਮੀ ਮੀਤ ਪ੍ਰਧਾਨ ਰਾਹੁਲ ਗਾਂਧੀ ਦੀ ਮੌਜੂਦਗੀ ਵਿਚ ਹੀ ਸਟੇਜ ਉਪਰ ਇਕ-ਦੂਜੇ ਨਾਲ ਮੇਹਣੋ-ਮੇਹਣੀ ਹੋਣ ਕਾਰਨ ਕਾਂਗਰਸੀ ਵਰਕਰਾਂ ਦੇ ਹੌਸਲੇ ਪਸਤ ਹੋਏ। ਭਾਵੇਂ ਕਾਂਗਰਸ ਦੇ ਆਮ ਵਰਕਰ ਅਕਾਲੀ ਦਲ-ਭਾਜਪਾ ਤੋਂ ਸਤੇ ਹੋਣ ਕਾਰਨ ਆਪਣੇ ਆਗੂਆਂ ਨੂੰ ਇਕ ਹੋਇਆ ਦੇਖਣਾ ਚਾਹੁੰਦੇ ਹਨ ਪਰ ਫਿਰ ਵੀ ਘੱਟੋ-ਘੱਟ ਲੰਘੇ ਵਰ੍ਹੇ ਤਾਂ ਉਨ੍ਹਾਂ ਦਾ ਇਹ ਸੁਪਨਾ ਪੂਰਾ ਹੁੰਦਾ ਨਹੀਂ ਜਾਪਿਆ।
ਮੁੱਖ ਆਗੂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਅਣਕਿਆਸੀ ਹਾਰ ਕਾਰਨ ਪਾਰਟੀ ਦੀ ਖੁਰੀ ਸਾਖ ਨੂੰ ਬਚਾਉਣ ਦੀ ਥਾਂ ਆਪੋ-ਆਪਣੀ ਭੱਲ ਬਣਾਉਣ ਤੱਕ ਹੀ ਸੀਮਤ ਰਹੇ। ਸ਼ ਬਾਜਵਾ ਨੇ ਪ੍ਰਧਾਨ ਦਾ ਅਹੁਦਾ ਸਾਂਭਦਿਆਂ ਹੀ ਜ਼ਿਲ੍ਹਿਆਂ ਤੇ ਵਿਧਾਨ ਸਭਾ ਹਲਕਿਆਂ ਵਿਚ ਲੋਕ ਸੰਪਰਕ ਪ੍ਰੋਗਰਾਮ ਦੌਰਾਨ ਪੰਜਾਬ ਸਰਕਾਰ ਵਿਰੁੱਧ ਹਮਾਲਾਵਰ ਰੁਖ ਅਖਤਿਆਰ ਕੀਤਾ। ਇਸ ਤੋਂ ਇਕ ਵਾਰ ਸਰਕਾਰ ਨੂੰ ਵੀ ਹੱਥਾਂ-ਪੈਰਾਂ ਦੀ ਪੈ ਗਈ ਕਿਉਂਕਿ ਸ਼ ਬਾਜਵਾ ਨੇ ਧੂੰਆਂਧਾਰ ਢੰਗ ਨਾਲ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਨੂੰ ਭੰਡਣ ਦੀ ਮੁਹਿੰਮ ਚਲਾ ਦਿੱਤੀ।
ਇਸ ਦੌਰਾਨ ਇਕ ਵੇਲੇ ਤਾਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਕਹਿਣਾ ਪਿਆ ਸੀ ਕਿ ਇਹ ਬਾਜਵਾ ਤਾਂ ਕੈਪਟਨ ਤੋਂ ਵੀ ਵੱਧ ਨਿਕਲਿਆ। ਫਿਰ ਸ਼ ਬਾਜਵਾ ਦੇ ਵਧਦੇ ਕਦਮਾਂ ਨੂੰ ਸਰਕਾਰ ਨੇ ਬਰੇਕਾਂ ਲਾਉਣ ਦੀ ਜੁਗਤ ਬਣਾਈ। ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਬਾਜਵਾ ਪਰਿਵਾਰ ਉਪਰ ਸ਼ਾਮਲਾਤ ਜ਼ਮੀਨਾਂ ਖਰੀਦਣ ਤੇ ਦੱਬਣ ਦੇ ਦੋਸ਼ਾਂ ਦੀ ਝੜੀ ਵਿਧਾਨ ਸਭਾ ਦੇ ਅੰਦਰ ਤੇ ਬਾਹਰ ਲਾ ਕੇ ਪ੍ਰਦੇਸ਼ ਕਾਂਗਰਸ ਪ੍ਰਧਾਨ ਨੂੰ ਹਿਫਾਜ਼ਤੀ ਰੁਖ਼ ਅਪਣਾਉਣ ਲਈ ਮਜਬੂਰ ਕਰ ਦਿੱਤਾ।
ਸ਼ ਬਾਜਵਾ ਦੇ ਕਈ ਪਾਰਟੀ ਅੰਦਰਲੇ ਵਿਰੋਧੀਆਂ ਨੇ ਵੀ ਇਸ ਮੁੱਦੇ ਨੂੰ ਖੂਬ ਤੂਲ ਦਿੱਤੀ। ਦੂਜੇ ਪਾਸੇ ਕਾਂਗਰਸ ਹਾਈਕਮਾਂਡ ਦੀਆਂ ਲਮਕਾਊ ਖੇਡਾਂ ਵੀ ਹੋਰ ਪ੍ਰਧਾਨਾਂ ਵਾਂਗ ਸ਼ ਬਾਜਵਾ ਲਈ ਸਿਰਦਰਦੀ ਦਾ ਸਬੱਬ ਬਣੀਆਂ ਰਹੀਆਂ। ਸ਼ ਬਾਜਵਾ ਕਈ ਮਹੀਨਿਆਂ ਤੋਂ ਪੰਜਾਬ ਕਾਂਗਰਸ ਦੇ ਨਵੇਂ ਅਹੁਦੇਦਾਰਾਂ ਦੀ ਸੂਚੀ ਇਕ-ਦੋ ਦਿਨਾਂ ਵਿਚ ਜਾਰੀ ਹੋਣ ਦੇ ਦਾਅਵੇ ਕਰਦੇ ਥੱਕ ਗਏ ਹਨ ਪਰ ਰਾਹੁਲ ਗਾਂਧੋ ਕੋਲ ਕਈ ਮਹੀਨਿਆਂ ਤੋਂ ਪੰਜਾਬ ਇਕਾਈ ਦੇ ਸੰਗਠਨ ਦੀ ਸਥਾਪਨਾ ਲਈ ਸਮਾਂ ਹੀ ਨਹੀਂ ਨਿਕਲਿਆ।
ਕਾਂਗਰਸ ਹਾਈ ਕਮਾਂਡ ਦੀਆਂ ਢਿੱਲ-ਮੱਠ ਭਰੀਆਂ ਨੀਤੀਆਂ ਤੇ ਪੰਜਾਬ ਕਾਗਰਸ ਦੀ ਫੁੱਟ ਕਾਰਨ ਇਸ ਵਰ੍ਹੇ ਕਾਂਗਰਸ ਦੇ ਸੀਨੀਅਰ ਆਗੂ ਅਵਤਾਰ ਸਿੰਘ ਬਰਾੜ ਤੇ ਮੋਗੇ ਦੇ ਵਿਧਾਇਕ ਜੋਗਿੰਦਰ ਜੈਨ ਆਦਿ ਪਲਟੀ ਮਾਰ ਕੇ ਅਕਾਲੀ ਦਲ ਵਿਚ ਜਾ ਸ਼ਾਮਲ ਹੋਏ। ਅਜਿਹੇ ਕਾਰਨਾਂ ਕਰਕੇ ਹੀ ਕਾਂਗਰਸ ਨਸ਼ਿਆਂ ਦੇ ਕਾਰੋਬਾਰ ਵਿਚ ਹਾਕਮ ਧਿਰ ਦੀ ਸ਼ਮੂਲੀਅਤ ਵਰਗੇ ਅਹਿਮ ਮੁੱਦੇ ਉਪਰ ਵੀ ਸਰਕਾਰ ਨੂੰ ਘੇਰਨ ਵਿਚ ਅਸਫਲ ਰਹੀ।
ਪੰਜਾਬ ਵਿਧਾਨ ਸਭਾ ਵਿਚ ਵੀ ਕਾਂਗਰਸ ਵਿਧਾਇਕ ਦਲ ਨੂੰ ਫਿਲਹਾਲ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਗੁੱਝੇ ਸਿਆਸੀ ਹਮਲਿਆਂ ਤੇ ਸ਼ ਮਜੀਠੀਆ ਵੱਲੋਂ ਹਰੇਕ ਮੁੱਦੇ ‘ਤੇ ਕੀਤੀਆਂ ਜਾਂਦੀਆਂ ਟਿੱਚਰਾਂ ਦਾ ਕੋਈ ਤੋੜ ਨਹੀਂ ਮਿਲਿਆ। ਕਾਂਗਰਸ ਵੱਲੋਂ ਇਸ ਵਰ੍ਹੇ ਵਿਧਾਨ ਸਭਾ ਦੇ ਬਾਹਰ ਵਿਧਾਇਕ ਜਗਮੋਹਨ ਸਿੰਘ ਕੰਗ ਨੂੰ ‘ਸਪੀਕਰ’ ਬਣਾ ਕੇ ਸੜਕ ਉਪਰ ਹੀ ਬਰਾਬਰ ਦਾ ਸੈਸ਼ਨ ਚਲਾਉਣ ਕਾਰਨ ਵੀ ਕਾਂਗਰਸ ਦੀ ਸਥਿਤੀ ਕਸੂਤੀ ਬਣੀ ਰਹੀ। ਚੰਡੀਗੜ੍ਹ ਪੁਲਿਸ ਵਲੋਂ ਕਾਂਗਰਸੀ ਵਿਧਾਇਕਾਂ ਵਿਰੁੱਧ ਪੰਜਾਬ ਵਿਧਾਨ ਸਭਾ ਕੈਂਪਸ ਵਿਚ ਇਕ ਪੁਲਿਸ ਮੁਲਾਜ਼ਮ ਦੀ ਕੁੱਟਮਾਰ ਕਰਨ ਦੇ ਦੋਸ਼ਾਂ ਤਹਿਤ ਕੇਸ ਦਰਜ ਕਰਨ ਅਤੇ ਦੂਜੇ ਪਾਸੇ ਸੁਨੀਲ ਜਾਖੜ ਵੱਲੋਂ ਵਿਧਾਨ ਸਭਾ ਦੇ ਸਪੀਕਰ ਚਰਨਜੀਤ ਸਿੰਘ ਅਟਵਾਲ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਇਸ਼ਾਰੇ ‘ਤੇ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਵੱਲੋਂ ਕਾਂਗਰਸੀ ਵਿਧਾਇਕਾਂ ਉਪਰ ਹਮਲਾ ਕਰਨ ਦੇ ਦੋਸ਼ਾਂ ਤਹਿਤ ਪੁਲਿਸ ਨੂੰ ਦਿੱਤੀ ਸ਼ਿਕਾਇਤ ਦਾ ਮੁੱਦਾ ਅੱਜ ਵੀ ਬਰਕਰਾਰ ਹੈ।
Leave a Reply