ਨਸ਼ਾ ਤਸਕਰੀ ਦੇ ਖੁਲਾਸਿਆਂ ਨਾਲ ਸਰਕਾਰ ਨੂੰ ਪਿਆ ਵਖ਼ਤ

ਚੰਡੀਗੜ੍ਹ: ਕੌਮਾਂਤਰੀ ਪੱਧਰ ‘ਤੇ ਡਰੱਗ ਤਸਕਰੀ ਦੇ ਦੋਸ਼ ਵਿਚ ਪੁਲਿਸ ਦੇ ਹੱਥੇ ਚੜ੍ਹੇ ਜਗਦੀਸ਼ ਭੋਲਾ ਤੇ ਉਸ ਦੇ ਸਥੀਆਂ ਵੱਲੋਂ ਇਕ ਤੋਂ ਬਾਅਦ ਇਕ ਕੀਤੇ ਜਾ ਰਹੇ ਖੁਲਾਸੇ ਪੰਜਾਬ ਸਰਕਾਰ ਲਈ ਮੁਸੀਬਤਾਂ ਦੀ ਝੜੀ ਲਾ ਰਹੇ ਹਨ। ਭੋਲਾ ਵੱਲੋਂ ਨਸ਼ਿਆਂ ਦੇ ਕਾਰੋਬਾਰ ਵਿਚ ਪੰਜਾਬ ਦੇ ਕੈਬਿਨਟ ਮੰਤਰੀ ਬਿਕਰਮ ਸਿੰਘ ਮਜੀਠੀਆ, ਕਈ ਹੋਰ ਸਿਆਸੀ ਤੇ ਪੁਲਿਸ ਵਿਭਾਗ ਦੀਆਂ ਉੱਚ ਹਸਤੀਆਂ ਦੀ ਸ਼ਮੂਲੀਅਤ ਦੇ ਖ਼ੁਲਾਸੇ ਹੋਣ ਦੇ ਚੱਲਦਿਆਂ ਮਾਮਲੇ ਦੀ ਸੀæਬੀæਆਈ ਜਾਂਚ ਦੀ ਮੰਗ ਨੇ ਜ਼ੋਰ ਫੜ ਲਿਆ ਹੈ।
ਇਥੋਂ ਤੱਕ ਕਿ ਮੁੱਖ ਮੁਲਜ਼ਮ ਜਗਦੀਸ਼ ਭੋਲਾ ਤੇ ਉਸ ਦੇ ਸਾਥੀ ਜਗਜੀਤ ਸਿੰਘ ਚਾਹਲ ਨੇ ਵੀ ਸੀæਬੀæਆਈ ਜਾਂਚ ਨੂੰ ਲੈ ਕੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਵੱਖ-ਵੱਖ ਪਟੀਸ਼ਨਾਂ ਦਾਇਰ ਕਰ ਦਿੱਤੀਆਂ ਹਨ। ਹਾਈ ਕੋਰਟ ਦੀ ਜਸਟਿਸ ਰਿਤੂ ਬਾਹਰੀ ਨੇ ਜਗਜੀਤ ਸਿੰਘ ਚਾਹਲ ਦੀ ਪਟੀਸ਼ਨ ‘ਤੇ ਸੁਣਵਾਈ ਕਰਦਿਆਂ ਪੰਜਾਬ ਸਰਕਾਰ ਤੇ ਹੋਰਾਂ ਨੂੰ ਨੋਟਿਸ ਜਾਰੀ ਕਰ ਦਿੱਤੇ ਹਨ। ਬਾਬਾ ਬਕਾਲਾ ਨੇੜਲੇ ਪਿੰਡ ਰਮਾਣਾ ਚੱਕ ਦੇ ਰਹਿਣ ਵਾਲੇ ਚਾਹਲ ਦੀ ਪਟੀਸ਼ਨ ‘ਤੇ ਅਦਾਲਤ ਵਿਚ ਸੁਣਵਾਈ ਕੀਤੀ ਗਈ।
ਇਸ ਦੌਰਾਨ ਉਸ ਦੇ ਵਕੀਲ ਵਿਕਰਮ ਕੁਮਾਰ ਚੌਧਰੀ ਨੇ ਦਾਅਵਾ ਕੀਤਾ ਹੈ ਕਿ ਇਸ ਕੇਸ ਵਿਚ ਉੱਚ ਸਿਆਸੀ ਹਸਤੀਆਂ ਤੇ ਸੂਬਾ ਸਰਕਾਰ ਵਿਚ ਅਸਰ-ਰਸੂਖ਼ ਰੱਖਣ ਵਾਲਿਆਂ ਦੀ ਸਰਗਰਮ ਸ਼ਮੂਲੀਅਤ ਹੈ ਤੇ ਅਸਲੀ ਨਸ਼ਾ ਕਾਰੋਬਾਰੀਆਂ ਨੂੰ ਬੇਨਕਾਬ ਕਰਨ ਲਈ ਜਾਂਚ ਹੁਣ ਕੇਂਦਰੀ ਜਾਂਚ ਬਿਊਰੋ ਨੂੰ ਸੌਂਪ ਦਿੱਤੀ ਜਾਵੇ। ਚਾਹਲ ਨੇ ਖ਼ੁਦ ਨੂੰ ਇਸ ਕੇਸ ਵਿਚ ਸੌੜੇ ਸਿਆਸੀ ਹਿਤਾਂ ਦੇ ਚੱਲਦਿਆਂ ਝੂਠਾ ਫਸਾਇਆ ਗਿਆ ਹੋਣ ਦਾ ਦਾਅਵਾ ਪੇਸ਼ ਕਰਦਿਆਂ ਕਿਹਾ ਕਿ ਉਹ ਅੰਮ੍ਰਿਤਸਰ ਵਿਚ ਇਕ ਟਰਾਂਸਪੋਰਟ ਕੰਪਨੀ ਚਲਾਉਂਦਾ ਰਿਹਾ ਹੈ।
ਇਸ ਦੌਰਾਨ ਇਲਾਕੇ ਦੇ ਇਕ ਸਾਬਕਾ ਵਿਧਾਇਕ ਤੇ ਉੱਘੇ ਸਿਆਸਤਦਾਨ ਨਾਲ ਉਸ ਦਾ ਵਿਵਾਦ ਵੀ ਚੱਲ ਰਿਹਾ ਹੈ। ਉਸ ਨੇ ਸੂਬਾ ਸਰਕਾਰ ਤੇ ਜਾਂਚ ਕਰ ਰਹੇ ਪੁਲਿਸ ਅਧਿਕਾਰੀਆਂ ਉੱਤੇ ਇਕ ਪਾਸੜ ਤੇ ਸੱਤਾ ਧਿਰ ਦੇ ਹਿੱਤਾਂ ਦੀ ਪੂਰਤੀ ਲਈ ਹੀ ਇਸ ਜਾਂਚ ਨੂੰ ਸਮੇਂ-ਸਮੇਂ ਵੱਖ-ਵੱਖ ਹੈਰਾਨੀਜਨਕ ਮੋੜ ਦੇ ਦਿੱਤੇ ਜਾਣ ਦਾ ਦੋਸ਼ ਲਾਉਂਦਿਆਂ ਕੇਸ ਦੀ ਜਾਂਚ ਸੀæਬੀæਆਈ ਹਵਾਲੇ ਕਰਨ ਦੀ ਮੰਗ ਕੀਤੀ। ਚਾਹਲ ਦੇ ਵਕੀਲ ਨੇ ਉਸ ਦੀ ਗ੍ਰਿਫ਼ਤਾਰੀ ਤੇ ਉਸ ਕੋਲੋਂ ਵੱਡੀਆਂ ਬਰਾਮਦਗੀਆਂ ਨੂੰ ਲੈ ਕੇ ਪੰਜਾਬ ਪੁਲਿਸ ਵੱਲੋਂ ਕੀਤੇ ਜਾ ਰਹੇ ਦਾਅਵਿਆਂ ਨੂੰ ਵੀ ਹਾਈ ਕੋਰਟ ਵਿਚ ਚੁਣੌਤੀ ਦਿੰਦਿਆਂ ਕਿਹਾ ਕਿ ਪੁਲਿਸ ਲਗਾਤਾਰ ਝੂਠ ਬੋਲਦੀ ਆ ਰਹੀ ਹੈ ਤੇ ਉਸ ਕੋਲ ਇਸ ਖ਼ਿਲਾਫ਼ ਵੀਡੀਓ ਸਬੂਤ ਹਨ।
ਚਾਹਲ ਵੱਲੋਂ ਹਿਮਾਚਲ ਪ੍ਰਦੇਸ਼ ਦੇ ਬੱਦੀ ਵਿਚ ਦਵਾਈਆਂ ਬਣਾਉਣ ਵਾਲੀਆਂ ਆਪਣੀਆਂ ਦੋ ਫ਼ੈਕਟਰੀਆਂ ਦਾ ਹਵਾਲਾ ਦਿੰਦੇ ਹੋਏ ਆਪਣੇ ਕੋਲ ਕੁਝ ਵਿਸ਼ੇਸ਼ ਪਦਾਰਥਾਂ ਦੀ ਦਵਾਈਆਂ ਬਣਾਉਣ ਲਈ ਵਰਤੋਂ ਕਰਨ ਵਾਸਤੇ ਹੋਰਾਂ ਮੈਡੀਸਨ ਕਾਰੋਬਾਰੀਆਂ ਵਾਂਗ ਲੋੜੀਂਦੇ ਲਾਇਸੈਂਸ ਹੋਣ ਦਾ ਵੀ ਦਾਅਵਾ ਕਰਦਿਆਂ ਇਸ ਦੀ ਸਬੰਧਤ ਵਿਭਾਗਾਂ ਤੋਂ ਤਸਦੀਕ ਕਰ ਲੈਣ ਦਾ ਵੀ ਪੱਖ ਰੱਖਿਆ ਹੈ।
ਹਾਈਕੋਰਟ ਵੱਲੋਂ ਇਸ ਕੇਸ ਵਿਚ 10 ਫ਼ਰਵਰੀ ਤੱਕ ਜਵਾਬ ਮੰਗਿਆ ਗਿਆ ਹੈ। ਇਸ ਤੋਂ ਪਹਿਲਾਂ ਇਸੇ ਮੁੱਦੇ ਉੱਤੇ ਸੀਨੀਅਰ ਕਾਂਗਰਸੀ ਆਗੂ ਜਗਮੀਤ ਸਿੰਘ ਬਰਾੜ ਵੱਲੋਂ ਦਾਇਰ ਇਕ ਜਨਹਿਤ ਪਟੀਸ਼ਨ ਦਾਇਰ ਉੱਤੇ ਸੂਬੇ ਸਰਕਾਰ ਤੇ ਹੋਰਾਂ ਨੂੰ ਪਹਿਲਾਂ ਹੀ 20 ਜਨਵਰੀ ਲਈ ਨੋਟਿਸ ਜਾਰੀ ਕੀਤੇ ਜਾ ਚੁੱਕੇ ਹਨ।
_____________________________________________
ਭੋਲਾ ‘ਤੇ ਥਰਡ ਡਿਗਰੀ ਤਸ਼ੱਦਦ?
ਚੰਡੀਗੜ੍ਹ: ਨਸ਼ਾ ਸਮਗਲਰ ਜਗਦੀਸ਼ ਭੋਲਾ ਦੇ ਪਿਤਾ ਤੇ ਵਕੀਲ ਨੇ ਪੁਲਿਸ ਹਿਰਾਸਤ ਵਿਚ ਉਸ ‘ਤੇ ਥਰਡ ਡਿਗਰੀ ਦੀ ਵਰਤੋਂ ਦਾ ਦੋਸ਼ ਲਗਾਉਂਦਿਆਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਇਕ ਹੋਰ ਪਟੀਸ਼ਨ ਦਾਇਰ ਕਰ ਦਿੱਤੀ ਹੈ ਜਿਸ ਤਹਿਤ ਉਨ੍ਹਾਂ ਭੋਲਾ ਕੋਲੋਂ ਉਸ ਦੇ ਵਕੀਲ ਜਾਂ ਕਿਸੇ ਮੈਜਿਸਟਰੇਟ ਦੀ ਮੌਜੂਦਗੀ ਵਿਚ ਹੀ ਪੁੱਛਗਿੱਛ ਕੀਤੇ ਜਾਣ ਦੀ ਮੰਗ ਕੀਤੀ ਹੈ। ਭੋਲਾ ਦੇ ਪਿਤਾ ਬਲਛਿੰਦਰ ਸਿੰਘ ਰਾਹੀਂ ਉਸ ਦੇ ਵਕੀਲ ਜੀæਐਸ ਨਾਹੇਲ ਵੱਲੋਂ ਦਾਇਰ ਕੀਤੀ ਇਸ ਪਟੀਸ਼ਨ ਵਿਚ ਦਾਅਵਾ ਕੀਤਾ ਗਿਆ ਹੈ ਕਿ ਪੁਲਿਸ ਹਿਰਾਸਤ ਵਿਚ ਭੋਲੇ ਦੀ ਜਾਨ ਨੂੰ ਖ਼ਤਰਾ ਹੈ। ਇਸ ਦੇ ਨਾਲ ਹੀ ਭੋਲਾ ਵੱਲੋਂ ਇਸ ਮਾਮਲੇ ਦੀ ਨਿਰਪੱਖ ਜਾਂਚ ਕਰਵਾਏ ਜਾਣ ਦੇ ਮਕਸਦ ਨਾਲ ਹਾਈ ਕੋਰਟ ਵਿਚ ਦਾਇਰ ਕੀਤੀ ਜਾ ਚੁੱਕੀ ਪਟੀਸ਼ਨ ਵਿਚੋਂ ਤਰੁੱਟੀਆਂ ਦੂਰ ਕਰ ਦਿੱਤੀਆਂ ਗਈਆਂ ਹਨ।

Be the first to comment

Leave a Reply

Your email address will not be published.