ਲੈਨਿਨ, ਸਤਾਲਿਨ ਤੇ ਤ੍ਰਾਤਸਕੀ

ਕਾਮਰੇਡ ਤ੍ਰਾਤਸਕੀ ਬਾਰੇ ਵਿਚਾਰ-1
ਰੂਸੀ ਇਨਕਲਾਬ ਵਿਚ ਲਿਓਨ ਤ੍ਰਾਤਸਕੀ (1879-1940) ਦਾ ਚੰਗਾ-ਚੋਖਾ ਯੋਗਦਾਨ ਰਿਹਾ ਹੈ। ਇਨਕਲਾਬ ਤੋਂ ਬਾਅਦ ਉਸ ਨੇ ਲਾਲ ਫੌਜ ਦੀ ਜਿਸ ਢੰਗ ਨਾਲ ਅਗਵਾਈ ਕੀਤੀ ਅਤੇ ਉਲਟ-ਇਨਕਲਾਬ ਦੇ ਖਦਸ਼ੇ ਨਾਲ ਜਿਸ ਤਰ੍ਹਾਂ ਕਰੜੇ ਹੱਥੀਂ ਨਜਿੱਠਿਆ, ਉਸ ਦੀ ਸੰਸਾਰ ਭਰ ਵਿਚ ਕਿਤੇ ਕੋਈ ਮਿਸਾਲ ਨਹੀਂ ਲੱਭਦੀ। ਉਂਜ, ਉਸ ਦੇ ਕੁਝ ਵਿਚਾਰ ਪਹਿਲਾਂ ਰੂਸੀ ਇਨਕਲਾਬ ਦੇ ਪਿਤਾਮਾ ਲੈਨਿਨ ਅਤੇ ਮਗਰੋਂ ਸਤਾਲਿਨ ਨਾਲ ਇੰਨੇ ਜ਼ਿਆਦਾ ਖਹਿਸਰੇ ਕਿ ਅਖੀਰ ਉਹ ਇਕ-ਦੂਜੇ ਦੇ ਵਿਰੋਧੀ ਹੋ ਨਿਬੜੇ। ਇਸ ਵਿਚਾਰਧਾਰਕ ਭੇੜ ਵਿਚ ਤ੍ਰਾਤਸਕੀ ਨੂੰ ਪਰਿਵਾਰਕ ਤੌਰ ‘ਤੇ ਬਹੁਤ ਵੱਡੀ ਕੀਮਤ ਤਾਰਨੀ ਪਈ। ਇਸ ਕੋਣ ਤੋਂ ਸਤਾਲਿਨ ਦੀ ਅੱਜ ਤੱਕ ਨੁਕਤਾਚੀਨੀ ਹੋ ਰਹੀ ਹੈ ਜਿਸ ਨੇ ਆਪਣੇ ਵਿਰੋਧੀਆਂ ਖਿਲਾਫ ਸਫਾਏ ਦੀ ਮੁਹਿੰਮ ਵਿੱਢ ਦਿੱਤੀ ਸੀ। ਪੰਜਾਬ ਟਾਈਮਜ਼ ਵਿਚ ਡਾæ ਅੰਮ੍ਰਿਤਪਾਲ ਸਿੰਘ ਦਾ ਤ੍ਰਾਤਸਕੀ ਦੇ ਵਿਚਾਰਾਂ ਬਾਰੇ ਲੇਖ ਦੋ ਕਿਸ਼ਤਾਂ ਵਿਚ ਛਾਪਿਆ ਗਿਆ ਸੀ ਜਿਸ ਵਿਚ ਉਨ੍ਹਾਂ ਲੈਨਿਨ ਅਤੇ ਸਤਾਲਿਨ ਦੇ ਹਵਾਲੇ ਨਾਲ ਤ੍ਰਾਤਸਕੀ ਦੀ ਗੱਲ ਛੇੜੀ ਸੀ। ਇਸ ਤੋਂ ਬਾਅਦ ਪਿਛਲੇ ਦੋ ਅੰਕਾਂ ਵਿਚ ਗੁਰਦਿਆਲ ਸਿੰਘ ਬੱਲ ਦਾ ਲੇਖ ਪਾਠਕਾਂ ਨਾਲ ਸਾਂਝਾ ਕੀਤਾ। ਸਭ ਧਿਰਾਂ ਨੂੰ ਆਪਣੀ ਗੱਲ ਕਹਿਣ ਦਾ ਮੌਕਾ ਦੇਣ ਦੇ ਅਸੂਲ ਅਨੁਸਾਰ ਇਸ ਅੰਕ ਵਿਚ ਬਘੇਲ ਸਿੰਘ ਬੱਲ ਦੇ ਲੰਮੇ ਲੇਖ ਦਾ ਪਹਿਲਾ ਹਿੱਸਾ ਛਾਪ ਰਹੇ ਹਾਂ। ਉਨ੍ਹਾਂ ਆਪਣੇ ਲੇਖ ਦਾ ਆਧਾਰ ਡਾæ ਅੰਮ੍ਰਿਤਪਾਲ ਸਿੰਘ ਦੇ ਲੇਖ ਨੂੰ ਬਣਾਇਆ ਹੈ ਅਤੇ ਨਾਲ ਹੀ ਤ੍ਰਾਤਸਕੀ ਦੀ ਸਿਆਸਤ ਦੀ ਗੱਲ ਕੀਤੀ ਹੈ। -ਸੰਪਾਦਕ
ਬਘੇਲ ਸਿੰਘ ਬੱਲ
ਫੋਨ: 91-81468-63344
ਸੋਵੀਅਤ ਰੂਸ ਦੇ ਇਨਕਲਾਬ ਦੇ ਪੰਜ ਮੁੱਖ ਸੂਤਰਧਾਰ ਸਨ-ਲੈਨਿਨ, ਤ੍ਰਾਤਸਕੀ, ਬੁਖਾਰਿਨ, ਕਾਮੇਨੇਵ, ਸਤਾਲਿਨ ਅਤੇ ਜਿਨੋਵੀਵ। 1922 ਤੋਂ ਹੀ ਜਦੋਂ ਲੈਨਿਨ ਨੂੰ ਅਧਰੰਗ ਹੋ ਗਿਆ, ਸਤਾਲਿਨ ਨੇ ਸੋਵੀਅਤ ਰੂਸ ਦੀ ਹਕੂਮਤ ‘ਤੇ ਕਬਜ਼ਾ ਕਰਨ ਦਾ ਮਨ ਬਣਾ ਲਿਆ ਸੀ। ਲੈਨਿਨ ਦੀ ਬਿਮਾਰੀ ਦਾ ਬਹਾਨਾ ਬਣਾ ਕੇ ਸਤਾਲਿਨ ਨੇ ਲੈਨਿਨ ਦੇ ਕਮਿਊਨਿਸਟ ਪਾਰਟੀ ਨਾਲ ਤਾਲ ਮੇਲ ‘ਤੇ ਸਖਤ ਨਿਗਰਾਨੀ ਰੱਖਣੀ ਸ਼ੁਰੂ ਕਰ ਦਿੱਤੀ। 21 ਦਸੰਬਰ ਨੂੰ ਲੈਨਿਨ ਨੇ ਡਾæ ਫੋਇਰਸਟਰ ਦੀ ਆਗਿਆ ਨਾਲ ਆਪਣੀ ਪਤਨੀ ਕਰੂਪਸਕਾਇਆ ਨੂੰ ਇਕ ਪੱਤਰ ਤ੍ਰਾਤਸਕੀ ਵੱਲ ਬੋਲ ਕੇ ਲਿਖਾਇਆ ਸੀ ਜਿਸ ਵਿਚ ਵਿਦੇਸੀ ਵਪਾਰ ਉਤੇ ਇਜਾਰੇਦਾਰੀ ਦੇ ਸਵਾਲ ‘ਤੇ ਪਾਰਟੀ ਦੀ ਕੇਂਦਰੀ ਕਮੇਟੀ ਦੇ ਪਲੈਨਰੀ ਸਮਾਗਮ ਵੱਲੋਂ ਕੀਤੇ ਗਏ ਫੈਸਲੇ ‘ਤੇ ਤਸੱਲੀ ਪ੍ਰਗਟਾਈ ਅਤੇ ਤਜਵੀਜ਼ ਕੀਤਾ ਕਿ ਅਗਲੀ ਪਾਰਟੀ ਕਾਂਗਰਸ ਵਿਚ ਵਿਦੇਸ਼ੀ ਵਪਾਰ ਵਧਾਉਣ ਦਾ ਸਵਾਲ ਉਠਾਉਣ ਅਤੇ ਇਸ ਦੇ ਚਲਨ ਨੂੰ ਬਿਹਤਰ ਬਣਾਉਣ ਲਈ ਕਦਮਾਂ ਬਾਰੇ ਮਤਾ ਜਾਰੀ ਕੀਤਾ ਜਾਵੇ। ਜਦੋਂ ਸਤਾਲਿਨ ਨੂੰ ਇਸ ਪੱਤਰ ਦਾ ਪਤਾ ਲੱਗਾ ਤਾਂ ਉਹਨੇ ਕਰੂਪਸਕਾਇਆ ਨੂੰ ਫੋਨ ਕਰਕੇ ਸਖਤ ਝਾੜ ਪਾਈ ਅਤੇ ਧਮਕੀ ਦਿੱਤੀ ਕਿ ਇਹ ਪੱਤਰ ਲਿਖਣ ਲਈ ਕੰਟਰੋਲ ਕਮਿਸ਼ਨ ਉਹਦੇ ਨਾਲ ਨਜਿੱਠੇਗਾ। ਕਰੂਪਸਕਾਇਆ ਤੇ ਲੈਨਿਨ ਨੇ ਇਹਦਾ ਬਹੁਤ ਬੁਰਾ ਮਨਾਇਆ।
1924 ਵਿਚ ਲੈਨਿਨ ਦੀ ਮੌਤ ਤੋਂ ਬਾਅਦ ਸਤਾਲਿਨ ਨੇ ਬੁਖਾਰਿਨ, ਕਾਮੇਨੇਵ ਤੇ ਜਿਨੋਵੀਵ ਨੂੰ ਗੋਲੀ ਮਰਵਾ ਦਿੱਤੀ। ਤ੍ਰਾਤਸਕੀ ਨੂੰ ਪਹਿਲਾਂ ਤਾਂ ਦੇਸ ਨਿਕਾਲਾ ਦਿੱਤਾ ਗਿਆ ਪਰ ਬਾਅਦ ਵਿਚ ਉਸ ਨੂੰ ਮਾਰਨ ਲਈ ਜਸੂਸ ਲਾ ਦਿੱਤੇ ਗਏ। ਇਹ ਜਸੂਸ ਤ੍ਰਾਤਸਕੀ ਦਾ ਯੂਰਪ ਦੇ ਵੱਖ-ਵੱਖ ਦੇਸਾਂ ਵਿਚ ਪਿੱਛਾ ਕਰਦੇ ਰਹੇ। ਅਖੀਰ ਸਤਾਲਿਨ ਦਾ ਜਸੂਸ ਰਾਮੋਨ ਮਾਰਕਾਡਰ ਤ੍ਰਾਤਸਕੀ ਦੇ ਸਿਰ ਵਿਚ ਬਰਫ ਕੱਟਣ ਵਾਲਾ ਕੁਹਾੜਾ ਮਾਰ ਕੇ ਉਸ ਨੂੰ ਕਤਲ ਕਰਨ ਵਿਚ ਸਫਲ ਹੋ ਗਿਆ। ਸਤਾਲਿਨ ਨੇ ਝੂਠ ਬੋਲਿਆ, “ਤ੍ਰਾਤਸਕੀ ਨੂੰ ਉਸ ਦੇ ਇਕ ਅੱਕੇ ਹੋਏ ਚੇਲੇ ਨੇ ਮਾਰ ਦਿੱਤਾ ਹੈ।” ਰਾਮੋਨ ਮਾਰਕਾਡਰ ਦਾ ਤ੍ਰਾਤਸਕੀ ਦੇ ਕਤਲ ਬਦਲੇ ‘ਹੀਰੋ ਆਫ ਦਿ ਸੋਵੀਅਤ ਯੂਨੀਅਨ’ ਮੈਡਲ ਨਾਲ ਸਨਮਾਨ ਕੀਤਾ ਗਿਆ ਤੇ ਸੈਂਟਰਲ ਕਮੇਟੀ ਦੇ ਵਿਸ਼ੇਸ਼ ਮਤੇ ਰਾਹੀਂ ਉਸ ਨੂੰ ਕਮਿਊਨਿਸਟ ਪਾਰਟੀ ਦਾ ਮੈਂਬਰ ਬਣਾ ਕੇ ਰਿਟਾਇਰਡ ਮੇਜਰ ਜਨਰਲ ਜਿੰਨੀ ਪੈਨਸ਼ਨ ਲਾ ਦਿੱਤੀ ਗਈ। ਤ੍ਰਾਤਸਕੀ ਦੇ ਸਾਰੇ ਪਰਿਵਾਰ, ਉਹਦੇ ਪ੍ਰਾਈਵੇਟ ਸਕੱਤਰਾਂ, ਦੋਸਤਾਂ ਤੇ ਰਿਸ਼ਤੇਦਾਰਾਂ ਦੇ ਕਤਲ ਤੋਂ ਬਾਅਦ ਸਤਾਲਿਨ ਨੇ ਸਿਲਸਿਲੇਵਾਰ ਤ੍ਰਾਤਸਕੀ ਦੀ ਸ਼ਖਸੀਅਤ, ਉਸ ਦੀ ਸੋਵੀਅਤ ਰੂਸ ਦੇ ਇਨਕਲਾਬ ਨੂੰ ਦੇਣ, ਉਸ ਦੀ ਸੋਚ, ਨੈਤਿਕਤਾ ਤੇ ਲੈਨਿਨ ਨਾਲ ਉਸ ਦੇ ਸਬੰਧਾਂ ‘ਤੇ ਕਾਲਖ ਪੋਚਣੀ ਸ਼ੁਰੂ ਕੀਤੀ। ਸਮੁੱਚੇ ਸੰਸਾਰ ਦੇ ਇਤਿਹਾਸ ਵਿਚ ਕਦੇ ਕਿਸੇ ਹਕੂਮਤ ਨੇ ਕਿਸੇ ਇਕੱਲੇ ਸ਼ਖਸ ਦੇ ਸਰੀਰਕ ਤੇ ਮਾਨਸਿਕ ਖਾਤਮੇ ਲਈ ਆਪਣੇ ਇੰਨੇ ਸਰੋਤਾਂ, ਸਾਧਨਾਂ ਤੇ ਝੂਠ ਦੀ ਵਰਤੋਂ ਨਹੀਂ ਕੀਤੀ ਜਿੰਨੀ ਸਤਾਲਿਨ ਦੀ ਹਕੂਮਤ ਨੇ ਤ੍ਰਾਤਸਕੀ ਨੂੰ ਖਤਮ ਕਰਨ ਲਈ ਕੀਤੀ।
ਡਾæ ਅੰਮ੍ਰਿਤਪਾਲ ਸਿੰਘ ਨੇ ਆਪਣੇ ਲੇਖ ‘ਤ੍ਰਾਤਸਕੀ ਅਤੇ ਉਹਦਾ ਤ੍ਰਾਤਸਕੀਵਾਦ’ ਵਿਚ ਉਹ ਸਾਰੇ ਦੋਸ਼ ਦੁਹਰਾਏ ਹਨ ਜੋ ਸਤਾਲਿਨ ਨੇ ਆਪ ਜਾਂ ਆਪਣੇ ਜੋਟੀਦਾਰਾਂ ਰਾਹੀਂ ਤ੍ਰਾਤਸਕੀ ‘ਤੇ ਲਾਏ ਸਨ। ਸਿਰਫ ਦੋ ਦੋਸ਼ਾਂ ਨੂੰ ਡਾæ ਅੰਮ੍ਰਿਤਪਾਲ ਭੁੱਲ ਗਏ। ਪਹਿਲਾ, ਸੋਵੀਅਤ ਰੂਸ ਦੇ ਇਨਕਲਾਬ ਦੀ 15ਵੀਂ ਵਰ੍ਹੇਗੰਢ ‘ਤੇ ਡੈਨਮਾਰਕ ਦੇ ਸੋਸ਼ਲ ਡੈਮੋਕਰੇਟਿਕ ਵਿਦਿਆਰਥੀਆਂ ਦੇ ਸੱਦੇ ‘ਤੇ ਤ੍ਰਾਤਸਕੀ ਆਪਣੇ ਜਲਾਵਤਨੀ ਦੇ ਦਿਨਾਂ ਵਿਚ ਭਾਸ਼ਣ ਦੇਣ ਲਈ ਡੈਨਮਾਰਕ ਗਿਆ ਸੀ। ਚਾਰ ਸਾਲ ਬਾਅਦ ਸਤਾਲਿਨ ਨੇ ਦੋਸ਼ ਲਾਇਆ ਕਿ ਤ੍ਰਾਤਸਕੀ ਡੈਨਮਾਰਕ ਦੇ ਹੋਟਲ ਬ੍ਰਿਸਟਲ ਵਿਚ ਆਪਣੇ ਪੈਰੋਕਾਰਾਂ ਨੂੰ ਸਤਾਲਿਨ ਤੇ ਪੋਲਿਟ ਬਿਊਰੋ ਦੇ ਮਂੈਬਰਾਂ ਦਾ ਕਤਲ ਕਰਨ, ਉਦਯੋਗਾਂ ਦੀ ਭੰਨਤੋੜ ਕਰਨ ਅਤੇ ਰੂਸ ਦੇ ਕਾਮਿਆਂ ਨੂੰ ਵੱਡੀ ਪੱਧਰ ‘ਤੇ ਜ਼ਹਿਰ ਦੇ ਕੇ ਮਾਰਨ ਲਈ ਉਕਸਾਉਣ ਵਾਸਤੇ ਮੀਟਿੰਗ ਕਰਨ ਗਿਆ ਸੀ। ਸਤਾਲਿਨ ਨੂੰ ਇਹ ਨਹੀਂ ਸੀ ਪਤਾ ਕਿ ਤ੍ਰਾਤਸਕੀ ਦੇ ਡੈਨਮਾਰਕ ਜਾਣ ਤੋਂ ਕਈ ਸਾਲ ਪਹਿਲਾਂ ਹੀ ਹੋਟਲ ਬ੍ਰਿਸਟਲ ਢਹਿ ਚੁੱਕਾ ਸੀ ਤੇ ਉਥੇ ਕਿਸੇ ਹੋਰ ਹੋਟਲ ਬ੍ਰਿਸਟਲ ਦੀ ਹੋਂਦ ਹੀ ਨਹੀਂ ਸੀ। ਦੂਜਾ ਦੋਸ਼ ਤ੍ਰਾਤਸਕੀ ਨੂੰ ਦੇਸ਼ ਨਿਕਾਲਾ ਦੇਣ ਅਤੇ ਉਸ ਦੀ ਨਾਗਰਿਕਤਾ ਖੋਹ ਲੈਣ ਬਾਅਦ ਇਹ ਲਾਇਆ ਗਿਆ ਕਿ ਤ੍ਰਾਤਸਕੀ ਨੇ ਆਪਣੇ ਆਪ ਨੂੰ ਸੰਸਾਰ ਬੁਰਜ਼ੂਆਜ਼ੀ ਕੋਲ ਵੇਚ ਦਿੱਤਾ ਹੈ। ਅਖਬਾਰਾਂ ਵਿਚ ਤ੍ਰਾਤਸਕੀ ਦਾ ਕਾਰਟੂਨ ਛਾਪਿਆ ਗਿਆ ਜਿਸ ਵਿਚ 25,000 ਡਾਲਰ ਦੀ ਥੈਲੀ ਤ੍ਰਾਤਸਕੀ ਦੀ ਬੁੱਕਲ ਵਿਚ ਦਿਖਾਈ ਗਈ। ਡਾæ ਅੰਮ੍ਰਿਤਪਾਲ ਨੂੰ ਅਗਾਂਹ ਤੋਂ ਤ੍ਰਾਤਸਕੀ ਵਿਰੁਧ ਆਪਣੇ ਵੱਲੋਂ ਲਾਏ ਦੋਸ਼ਾਂ ਦੀ ਲੜੀ ਵਿਚ ਇਨ੍ਹਾਂ ਦੋ ਦੋਸ਼ਾਂ ਨੂੰ ਵੀ ਸ਼ਾਮਲ ਕਰ ਲੈਣਾ ਚਾਹੀਦਾ ਹੈ।
ਅਜਿਹਾ ਨਹੀਂ ਕਿ ਤ੍ਰਾਤਸਕੀ ਨੇ ਗਲਤੀਆਂ ਨਹੀਂ ਕੀਤੀਆਂ, ਉਹ ਖੁਦ ਆਪਣੇ ਲੇਖ ‘ਸਤਾਲਿਨ ਫਾਲਸੀਫਾਈਜ਼ ਹਿਸਟਰੀ’ ਵਿਚ ਲਿਖਦਾ ਹੈ, “ਕਈ ਮੁੱਢਲੇ ਸਵਾਲਾਂ ‘ਤੇ ਬਾਲਸ਼ਵਿਕਾਂ ਨਾਲ ਮੇਰੇ ਮਤਭੇਦਾਂ ਵਿਚ ਮੈਂ ਵੀ ਗਲਤ ਹੁੰਦਾ ਸੀ।” ਗਲਤੀਆਂ ਤਾਂ ਲੈਨਿਨ ਨੇ ਵੀ ਕੀਤੀਆਂ ਜਿਨ੍ਹਾਂ ਵਿਚੋਂ ਸਭ ਤੋਂ ਵੱਡੀ ਪਾਰਟੀ ਦੀ ਸਾਰੀ ਸ਼ਕਤੀ ਸਤਾਲਿਨ ਦੇ ਹੱਥਾਂ ਵਿਚ ਦੇ ਦੇਣਾ ਸੀ। ਆਪਣੇ ਅੰਤਿਮ ਸਮੇਂ ਲੈਨਿਨ ਨੇ ਇਸ ਗਲਤੀ ਨੂੰ ਮੰਨਦਿਆਂ ਆਪਣੀ ਵਸੀਅਤ ਵਿਚ ਲਿਖਿਆ ਸੀ, “ਸਤਾਲਿਨ ਨੂੰ ਪਾਰਟੀ ਦੇ ਜਨਰਲ ਸਕੱਤਰ ਦੇ ਅਹੁਦੇ ਤੋਂ ਲਾਹ ਦੇਣਾ ਚਾਹੀਦਾ ਹੈ।” ਸਤਾਲਿਨ ਨੇ ਜੋ ਗਲਤੀਆਂ ਕੀਤੀਆਂ, ਉਹ ਤ੍ਰਾਤਸਕੀ ਤੇ ਲੈਨਿਨ ਵੱਲੋਂ ਕੀਤੀਆਂ ਗਲਤੀਆਂ ਨਾਲੋਂ ਕਿਤੇ ਵੱਡੀਆਂ ਸਨ। ਜਿੰਨੇ ਕਾਮਰੇਡ, ਸਤਾਲਿਨ ਨੇ ਕਤਲ ਕਰਵਾਏ, ਉਨ੍ਹਾਂ ਨਾਲੋਂ ਅੱਧੇ ਵੀ ਸਾਰੇ ਸੰਸਾਰ ਦੇ ਬੁਰਜ਼ੂਆਜ਼ੀ ਹਾਕਮਾਂ ਨੇ ਨਹੀਂ ਮਰਵਾਏ।
ਗੱਲ ਤ੍ਰਾਤਸਕੀ ਦੀਆਂ ਇੱਕਾ-ਦੁੱਕਾ ਗਲਤੀਆਂ ਦੀ ਨਹੀਂ; ਗੱਲ ਉਸ ਦੀ ਸਮੁੱਚੀ ਸਿਆਸੀ ਸੇਧ ਦੀ ਤੇ ਰੂਸੀ ਇਨਕਲਾਬ ਨੂੰ ਉਹਦੀ ਦੇਣ ਦੀ ਹੈ। ਲੈਨਿਨ ਨੇ 16 ਅਪਰੈਲ 1917 ਦੀ ‘ਪਰਾਵਦਾ’ ਅਖਬਾਰ ਵਿਚ ਲਿਖਿਆ ਸੀ, “ਤ੍ਰਾਤਸਕੀ ਅਜਿਹਾ ਕਰਾਂਤੀਕਾਰੀ ਹੈ ਜਿਸ ਨੇ ਆਪਣੇ ਜੀਵਨ ਦੇ ਕਈ ਦਹਾਕੇ ਇਨਕਲਾਬ ਦੀ ਸੇਵਾ ਵਿਚ ਲਾਏ ਹਨ।” ਸ਼ਾਇਦ ਡਾæ ਅੰਮ੍ਰਿਤਪਾਲ ਤ੍ਰਾਤਸਕੀ ਦੀ ਰੂਸੀ ਇਨਕਲਾਬ ਨੂੰ ਦੇਣ ਬਾਰੇ ਲੈਨਿਨ ਨਾਲੋਂ ਵਧੇਰੇ ਜਾਣਦੇ ਹਨ! ਉਹ ਤ੍ਰਾਤਸਕੀ ਦੀ ਰੂਸੀ ਇਨਕਲਾਬ ਨੂੰ ਦੇਣ ਨੂੰ ਸਿਫਰ ਕਰਦੇ ਹੋਏ ਲਿਖਦੇ ਹਨ, ਤ੍ਰਾਤਸਕੀ ਤਾਂ ਬਾਲਸ਼ਵਿਕ ਪਾਰਟੀ ਦਾ ਮੈਂਬਰ ਹੀ 1917 ਵਿਚ ਬਣਿਆ ਸੀ। ਇਹ ਗੱਲ ਠੀਕ ਹੈ ਕਿ ਤ੍ਰਾਤਸਕੀ ਰਸਮੀ ਤੌਰ ‘ਤੇ ਪਾਰਟੀ ਮੈਂਬਰ 1917 ਵਿਚ ਹੀ ਬਣਿਆ ਪਰ ਉਹ ਇਸ ਤੋਂ ਕਈ ਦਹਾਕੇ ਪਹਿਲਾਂ ਤੋਂ ਹੀ ਪਾਰਟੀ ਦੇ ਕਈ ਦਸਤਾਵੇਜ਼, ਮਤੇ ਤੇ ਫੈਸਲੇ ਲਿਖਦਾ ਆ ਰਿਹਾ ਸੀ। ਲੈਨਿਨ ਨੇ 1903 ਵਿਚ ਤ੍ਰਾਤਸਕੀ ਦਾ ਨਾਂ ਜਦੋਂ ਕਰਾਂਤੀਕਾਰੀ ਪੱਤ੍ਰਿਕਾ ‘ਇਸਕਰਾ’ ਦੇ ਸੰਪਾਦਕੀ ਮੰਡਲ ਲਈ ਪੇਸ਼ ਕੀਤਾ, ਉਦੋਂ ਤ੍ਰਾਤਸਕੀ ਸਿਰਫ 23 ਸਾਲ ਦਾ ਸੀ। ‘ਇਸਕਰਾ’ ਦੇ ਸੰਪਾਦਕੀ ਮੰਡਲ ਵਿਚ ਉਸ ਸਮੇਂ ਪਲੈਖਾਨੋਵ ਵਰਗੇ ਪ੍ਰੋੜ ਮਾਰਕਸਵਾਦੀ ਸ਼ਾਮਲ ਸਨ।
ਡਾæ ਸਾਹਿਬ ਤ੍ਰਾਤਸਕੀ ਦੇ ‘ਸਥਾਈ ਇਨਕਲਾਬ’ ਦੇ ਸਿਧਾਂਤ ਦੀ ਆਲੋਚਨਾ ਕਰਦਿਆਂ ਲਿਖਦੇ ਹਨ ਕਿ ਤ੍ਰਾਤਸਕੀ ਬਰਜ਼ੂਆ-ਜਮਹੂਰੀ ਇਨਕਲਾਬ ਦੇ ਪੜਾਅ ਨੂੰ ਛਾਲ ਮਾਰ ਕੇ ਲੰਘਣਾ ਚਾਹੁੰਦਾ ਸੀ ਪਰ ‘ਸਥਾਈ ਇਨਕਲਾਬ’ ਦੇ ਸਿਧਾਂਤ ਵਿਚ ਅਜਿਹੀ ਕਿਸੇ ਗੱਲ ਦਾ ਵਰਣਨ ਨਹੀਂ ਹੈ। ‘ਸਥਾਈ ਇਨਕਲਾਬ’ ਸ਼ਬਦਾਂ ਦੀ ਵਰਤੋਂ ਮਾਰਕਸ ਤੇ ਐੈਂਗਲਜ਼ ਨੇ 1850 ਵਿਚ ਕਮਿਊਨਿਸਟ ਲੀਗ ਨੂੰ ਭੇਜੇ ਆਪਣੇ ਡਿਸਪੈਚ ਵਿਚ ਇਸ ਤਰ੍ਹਾਂ ਕੀਤੀ ਸੀ, “ਡੈਮੋਕਰੇਟਿਕ ਪੈਟੀ ਬੁਰਜ਼ੂਆਜ਼ੀ ਇਹ ਚਾਹੁੰਦੀ ਹੈ ਕਿ ਇਨਕਲਾਬ ਨੂੰ ਜਿੰਨੀ ਛੇਤੀ ਹੋ ਸਕੇ, ਖਤਮ ਕੀਤਾ ਜਾ ਸਕੇæææਸਾਡੀ ਇਸ ਕੰਮ ਵਿਚ ਦਿਲਚਸਪੀ ਹੈ ਕਿ ਅਸੀਂ ਇਨਕਲਾਬ ਨੂੰ ਸਥਾਈ ਬਣਾਈਏ ਜਦ ਤੱਕ ਘੱਟ ਜਾਂ ਵੱਧ ਸੰਪਤੀ ਵਾਲੀਆਂ ਸ਼੍ਰੇਣੀਆਂ ਨੂੰ ਉਨ੍ਹਾਂ ਦੀ ਪਦਵੀ ਤੋਂ ਲਾਹਿਆ ਨਹੀਂ ਜਾਂਦਾ; ਜਦ ਤੱਕ ਪ੍ਰੋਲੇਤਾਰੀ, ਰਾਜ ਸ਼ਕਤੀ ਨੂੰ ਜਿੱਤ ਨਹੀਂ ਜਾਂਦੀ ਅਤੇ ਜਦ ਤੱਕ ਪ੍ਰੋਲੇਤਾਰੀ ਦਾ ਸੰਕਲਪ ਸਿਰਫ ਇਕ ਦੇਸ਼ ਵਿਚ ਹੀ ਨਹੀਂ ਸਗੋਂ ਸੰਸਾਰ ਦੇ ਸਾਰੇ ਮੁੱਖ ਦੇਸ਼ਾਂ ਵਿਚ ਆਪਣੇ ਮਿਸ਼ਨ ਵਿਚ ਕਾਫੀ ਅੱਗੇ ਨਹੀਂ ਵਧ ਜਾਂਦਾæææ ਅਤੇ ਪੈਦਾਵਾਰ ਸ਼ਕਤੀਆਂ ਕਾਮਿਆਂ ਦੇ ਹੱਥਾਂ ਵਿਚ ਨਹੀਂ ਆ ਜਾਦੀਆਂ।” ਤ੍ਰਾਤਸਕੀ ਵੀ ਆਪਣੇ ‘ਸਥਾਈ ਇਨਕਲਾਬ’ ਦੀ ਗੱਲ ਕਰਦਿਆਂ ਕਹਿੰਦਾ ਹੈ, ਪ੍ਰੋਲੇਤਾਰੀ ਆਪਣੀ ਅਗਵਾਈ ਹੇਠ ਕਿਸਾਨੀ ਨੂੰ ਨਾਲ ਲੈ ਕੇ ਬੁਰਜ਼ੂਆ ਡੈਮੋਕਰੇਟਿਕ ਇਨਕਲਾਬ ਦੀ ਅਗਵਾਈ ਕਰੇਗਾ ਤੇ ਆਪਣੇ ਮਿਸ਼ਨ ਦੀ ਲਗਾਤਾਰਤਾ ਵਿਚ ਬੁਰਜ਼ੂਆ-ਡੈਮੋਕਰੇਟਿਕ ਇਨਕਲਾਬ ਨੂੰ ਪ੍ਰੋਲੇਤਾਰੀ ਇਨਕਲਾਬ ਵਿਚ ਬਦਲ ਦੇਵੇਗਾ। ਲੈਨਿਨ ਦਾ ਮੱਤ ਵੀ ਲਗਭਗ ਅਜਿਹਾ ਹੀ ਸੀ ਜਦੋਂ ਉਹ ਬੁਰਜ਼ੂਆ-ਡੈਮੋਕਰੇਟਿਕ ਇਨਕਲਾਬ ਦੀ ਅਗਵਾਈ ਕਿਰਤੀ ਕਿਸਾਨਾਂ ਨੂੰ ਸੌਂਪਦਿਆਂ ਆਖਦਾ ਸੀ ਕਿ ਬੁਰਜ਼ੂਆ-ਡੈਮੋਕਰੇਟਿਕ ਇਨਕਲਾਬ ਦਾ ਪੜਾਅ ਖਤਮ ਹੋਣ ਤੋਂ ਬਾਅਦ ਹੀ ਪ੍ਰੋਲੇਤਾਰੀ ਇਨਕਲਾਬ ਹੋਵੇਗਾ। ਲੈਨਿਨ ਨੂੰ ਖੁਦ ਵੀ ਇਹ ਸਪੱਸ਼ਟ ਨਹੀਂ ਸੀ ਕਿ ਬੁਰਜ਼ੂਆ-ਡੈਮੋਕਰੇਟਿਕ ਇਨਕਲਾਬ ਦਾ ਪੜਾਅ ਕਿੱਥੇ ਖਤਮ ਹੁੰਦਾ ਹੈ। ਰੂਸ ਦੇ ਇਨਕਲਾਬ ਦੇ ਪ੍ਰਸੰਗ ਵਿਚ ਲੈਨਿਨ ਨੇ ਕਿਹਾ ਸੀ ਕਿ ਨਵੰਬਰ 1917 ਤੋਂ ਲੈ ਕੇ ਜਨਵਰੀ 1918 ਤੱਕ ਇਨਕਲਾਬ ਬੁਰਜ਼ੂਆ-ਡੈਮੋਕਰੇਟਿਕ ਸੀ। ਫਿਰ ਅਕਤੂਬਰ 1921 ਵਿਚ ਕਿਹਾ ਸੀ ਕਿ ਇਹ ਇਨਕਲਾਬ ਹੁਣ, ਭਾਵ 1921 ਵਿਚ ਖਤਮ ਹੋਇਆ ਹੈ। ਤ੍ਰਾਤਸਕੀ ਅਜਿਹੇ ਕਿਸੇ ਪੜਾਅ ਦੀ ਗੱਲ ਨਹੀਂ ਕਰਦਾ ਤੇ ਉਹ ਸਿੱਧਾ ਹੀ ਬਰਜ਼ੂਆ-ਡੈਮੋਕਰੇਟਿਕ ਇਨਕਲਾਬ ਨੂੰ ਪ੍ਰੋਲੇਤਾਰੀ ਇਨਕਲਾਬ ਵਿਚ ਤਬਦੀਲ ਕਰਨ ਦੀ ਗੱਲ ਕਰਦਾ ਹੈ।
ਡਾæ ਅੰਮ੍ਰਿਤਪਾਲ ਨੇ ਇਕ ਦੇਸ਼ ਵਿਚ ਇਨਕਲਾਬ ਦੀ ਜਿਹੜੀ ਗੱਲ ਕੀਤੀ ਹੈ ਤੇ ਤ੍ਰਾਤਸਕੀ ਨੂੰ ਇਸ ਦਾ ਵਿਰੋਧੀ ਦੱਸਿਆ ਹੈ, ਉਸ ਬਾਰੇ ਸਤਾਲਿਨ ਆਪਣੇ ਕਿਤਾਬਚੇ ‘ਪ੍ਰਸ਼ਨ ਤੇ ਉਤਰ’ ਵਿਚ ਲਿਖਦਾ ਹੈ, “ਇਕ ਦੇਸ਼ ਵਿਚ ਸਮਾਜਵਾਦ ਦੀ ਜਿੱਤ ਸੰਪੂਰਨ ਨਹੀਂ ਹੋ ਸਕਦੀ (ਇਸ ਦੇਸ ਨੂੰ ਇਸ ਗੱਲ ਦੀ ਕੋਈ ਗਰੰਟੀ ਨਹੀਂ ਹੁੰਦੀ ਕਿ ਇਸ ਵਿਚ ਬਾਹਰੋਂ ਦਖਲ ਨਹੀਂ ਹੋਵੇਗਾ) ਜਦ ਤੱਕ ਘੱਟੋ-ਘੱਟ ਹੋਰ ਬਹੁਤ ਸਾਰੇ ਦੇਸ਼ਾਂ ਵਿਚ ਵੀ ਇਨਕਲਾਬ ਨਹੀਂ ਹੋ ਜਾਂਦਾ।” ਲੈਨਿਨ ਵੀ ਕਿਸੇ ਸਮੇਂ ਇਸ ਵਿਚਾਰ ਦਾ ਧਾਰਨੀ ਸੀ। ਜੇ ਗੱਲ ਕੇਵਲ ਇਨਕਲਾਬ ਨੂੰ ਸ਼ੁਰੂ ਕਰਨ ਦੀ ਹੀ ਹੈ ਅਤੇ ਸੰਪੂਰਨ ਹੋਣ ਦੀ ਨਹੀਂ ਤਾਂ ਵੀ ਤ੍ਰਾਤਸਕੀ ਇਕ ਦੇਸ਼ ਵਿਚ ਇਨਕਲਾਬ ਸ਼ੁਰੂ ਕਰਨ ਵਿਚ ਲੈਨਿਨ ਤੇ ਸਤਾਲਿਨ ਦਾ ਮੋਹਰੀ ਸੀ।
ਡਾæ ਅੰਮ੍ਰਿਤਪਾਲ ਨੇ ਇਹ ਵੀ ਕਿਹਾ ਹੈ ਕਿ ਤ੍ਰਾਤਸਕੀ ਮਜ਼ਦੂਰ ਜਮਾਤ ਤੇ ਕਿਸਾਨੀ ਵਿਚਾਲੇ ਵਿਰੋਧਤਾਈ ਨੂੰ ‘ਦੁਸ਼ਮਣਾਨਾ’ ਮੰਨਦਾ ਹੈ। ਅਜਿਹੀ ਗੱਲ ਤ੍ਰਾਤਸਕੀ ਦੀਆਂ ਲਿਖਤਾਂ ਵਿਚ ਕਿਧਰੇ ਵੀ ਨਹੀਂ ਮਿਲਦੀ। ਇਹ ਤਾਂ ਡਾæ ਅੰਮ੍ਰਿਤਪਾਲ ਦੇ ਆਪਣੇ ਦਿਮਾਗ ਦੀ ਕਾਢ ਹੈ। ਤ੍ਰਾਤਸਕੀ ਤਾਂ ਕਿਸਾਨੀ ਬਾਰੇ ਕਹਿੰਦਾ ਸੀ ਕਿ ਪ੍ਰੋਲੇਤਾਰੀ ਨੂੰ ਚਾਹੀਦਾ ਹੈ ਕਿ ਉਹ ਕਿਸਾਨੀ ਨੂੰ ਆਪਣੇ ਨਾਲ ਲੈ ਕੇ ਚੱਲੇ ਅਤੇ ਬੁਰਜ਼ੂਆ-ਡੈਮੋਕਰੇਟਿਕ ਇਨਕਲਾਬ ਦੀ ਅਗਵਾਈ ਕਰੇ ਅਤੇ ਇਸ ਤਰ੍ਹਾਂ ਕਿਸਾਨੀ ਦਾ ਮੁਕਤੀਦਾਤਾ ਬਣੇ। ਵੱਡੇ ਭੂਮੀ-ਪਤੀਆਂ ਦੀ ਜ਼ਮੀਨ ਖੋਹ ਕੇ ਛੋਟੀ ਕਿਸਾਨੀ ਵਿਚ ਵੰਡ ਦੇਣੀ ਚਾਹੀਦੀ ਹੈ। 1920 ਦੇ ਸ਼ੁਰੂ ਵਿਚ ਤ੍ਰਾਤਸਕੀ ਨੇ ਪੋਲਿਟ ਬਿਊਰੋ ਵਿਚ ਕਿਸਾਨ ਆਰਥਿਕਤਾ ਦੇ ਆਪਣੇ ਵਿਸ਼ਲੇਸ਼ਣ ਦੇ ਆਧਾਰ ‘ਤੇ ਕਿਸਾਨੀ ਦੀ ਬਿਹਤਰੀ ਲਈ ਆਪਣੇ ਸੁਝਾਅ ਪੇਸ਼ ਕੀਤੇ ਸਨ। ਲੈਨਿਨ ਦੇ ਸ਼ਬਦ ਹਨ, “ਜਿੱਥੋਂ ਤੱਕ ਮੱਧ-ਵਰਗੀ ਕਿਸਾਨੀ ਦਾ ਸਵਾਲ ਹੈ; ਮੇਰੇ ਤੇ ਤ੍ਰਾਤਸਕੀ ਦੇ ਵਿਚਾਰਾਂ ਵਿਚ ਕੋਈ ਮਤਭੇਦ ਨਹੀਂ ਹਨ।æææ ਕਾਮਰੇਡ ਤ੍ਰਾਤਸਕੀ ਨੇ ਆਪਣੇ ਪੱਤਰ ਵਿਚ ਸਪਸ਼ਟ ਕੀਤਾ ਹੈ ਕਿ ਕਿਉਂ ਕਮਿਊਨਿਸਟ ਪਾਰਟੀ ਤੇ ਸੋਵੀਅਤ ਰੂਸ ਦੀ ਵਰਤਮਾਨ ਕਿਰਤੀ ਕਿਸਾਨਾਂ ਦੀ ਸਰਕਾਰ, ਜਿਸ ਨੂੰ ਸੋਵੀਅਤਾਂ ਤੇ ਪਾਰਟੀ ਮੈਂਬਰਾਂ ਨੇ ਚੁਣਿਆ ਹੈ, ਮੱਧ-ਵਰਗੀ ਕਿਸਾਨਾਂ ਨੂੰ ਆਪਣਾ ਦੁਸ਼ਮਣ ਨਹੀਂ ਮੰਨਦੀ। ਮੈਂ ਦੋਵੀਂ ਹੱਥੀਂ ਤ੍ਰਾਤਸਕੀ ਦੇ ਇਸ ਕਥਨ ਦਾ ਸਮਰਥਨ ਕਰਦਾ ਹਾਂ।” (ਲੈਨਿਨ ਜਿਲਦ 14 ਸਫਾ 28)
ਤ੍ਰਾਤਸਕੀ ਨੇ ਆਪਣੀ ਪੁਸਤਕ ‘ਸਤਾਲਿਨ’ ਦੇ ਪੰਨਾ 433 ਉਤੇ ਲਿਖਿਆ ਹੈ ਕਿ ਸਿਰਫ ਪੱਛਮ ਵਿਚ ਪ੍ਰੋਲੇਤਾਰੀ ਦੀ ਜਿੱਤ ਹੀ ਰੂਸ ਨੂੰ ਪੂੰਜੀਵਾਦ ਦੀ ਬਹਾਲੀ ਤੋਂ ਬਚਾ ਸਕਦੀ ਹੈ ਅਤੇ ਸਮਾਜਵਾਦ ਦੀ ਸਥਾਪਨਾ ਨੂੰ ਯਕੀਨੀ ਬਣਾ ਸਕਦੀ ਹੈ। ਕੀ ਰੂਸੀ ਇਨਕਲਾਬ ਬਾਰੇ ਤ੍ਰਾਤਸਕੀ ਦੀ ਇਹ ਭਵਿੱਖਵਾਣੀ ਸੱਚੀ ਸਿੱਧ ਨਹੀਂ ਹੋਈ? ਕੀ ਰੂਸੀ ਇਨਕਲਾਬ ਨੂੰ ਪੂੰਜੀਵਾਦ ਦੀ ਬਹਾਲੀ ਨੇ ਢਹਿ-ਢੇਰੀ ਨਹੀਂ ਕੀਤਾ? ਕੀ ਸਤਾਲਿਨ ਦਾ ਦਮਨ-ਚੱਕਰ ਇਸ ਇਨਕਲਾਬ ਨੂੰ ਬਚਾ ਸਕਿਆ? ਅਜਿਹੇ ਦਮਨ-ਚੱਕਰ ਨੂੰ ਵੇਖ ਕੇ ਹੀ ਸੰਸਾਰ ਪ੍ਰਸਿੱਧ ਮਨੋਵਿਗਿਆਨੀ ਪਾਵਲੋਵ ਨੇ ਸਤਾਲਿਨ ਨੂੰ ਕਿਹਾ ਸੀ ਕਿ ਜੇ ਅਜਿਹਾ ਕੁਝ ਚਾਲੂ ਰਿਹਾ ਤਾਂ ਇਨਕਲਾਬ ਦਾ ਛੇਤੀ ਹੀ ਭੋਗ ਪੈ ਜਾਵੇਗਾ। ਮਾਰਕਸਵਾਦੀ ਚਿੰਤਕ ਲੂਸੀਓ ਕੁਲੇਟੀ ਅਨੁਸਾਰ ‘ਇਕ ਦੇਸ਼ ਵਿਚ ਇਨਕਲਾਬ’ ਦਾ ਸਿਧਾਂਤ ਕੌਮਾਂਤਰੀ ਦ੍ਰਿਸ਼ਟੀਕੋਣ ਵਾਲੇ ਬੌਧਿਕ ਕਾਮਰੇਡਾਂ ਤ੍ਰਾਤਸਕੀ, ਬੁਖਾਰਿਨ, ਕਾਮੇਨੇਵ, ਜਿਨੋਵੀਵ, ਰਾਦੇਕ, ਪਰੀਓਬਰਾਜੇਂਸਕੀ ਆਦਿ ਨਾਲੋਂ ਕੌਮੀ ਦ੍ਰਿਸ਼ਟੀਕੋਣ ਰੱਖਣ ਵਾਲੇ ਸਾਧਾਰਨ ਬੁੱਧੀ ਦੇ ਮਾਲਕ ਮੋਲੇਤੋਵ, ਕੀਰੋਵ, ਕਗਾਨੋਵਿਚ, ਵੋਰੋਸ਼ੀਲੋਵ, ਕੁਇਬੀਸ਼ੇਬ, ਜ਼ਦਾਨੋਵ, ਯਾਗੋਂਦਾ ਵਰਗੇ ਨੇਤਾਵਾਂ ਦੇ ਵਧੇਰੇ ਰਾਸ ਆਉਂਦਾ ਸੀ। ਇਹ ਮਗਰਲੀ ਕਿਸਮ ਦੇ ‘ਕਾਮਰੇਡ’ ਹੀ ਤ੍ਰਾਤਸਕੀ ਤੋਂ ਬਾਅਦ ‘ਇਕ ਦੇਸ਼ ਵਿਚ ਇਨਕਲਾਬ’ ਨੂੰ ਉਸਾਰਨ ਵਿਚ ਸਤਾਲਿਨ ਦੇ ਮੁੱਖ ਸਾਥੀ ਸਨ।
1931 ਵਿਚ ਸਤਾਲਿਨ ਨੇ ਕਿਹਾ, “ਸੋਵੀਅਤ ਯੂਨੀਅਨ ਸਮਾਜਵਾਦ ਦੇ ਯੁੱਗ ਵਿਚ ਦਾਖਲ ਹੋ ਚੁੱਕਾ ਹੈ।” ਡਾæ ਅੰਮ੍ਰਿਤਪਾਲ ਇਸ ਤੋਂ ਵੀ ਅੱਗੇ ਜਾਂਦਿਆਂ ਆਖਦੇ ਹਨ, “1932-33 ਤੱਕ ਸੋਵੀਅਤ ਸੰਘ ਵਿਚ ਸਮਾਜਵਾਦੀ ਪੈਦਾਵਾਰੀ ਰਿਸ਼ਤਿਆਂ ਦੀ ਉਸਾਰੀ ਦਾ ਕੰਮ ਲਗਭਗ ਪੂਰਾ ਕਰ ਲਿਆ ਜਾਂਦਾ ਹੈ।” ਡਾæ ਸਾਹਿਬ ਤ੍ਰਾਤਸਕੀ ਦੀ ਆਲੋਚਨਾ ਕਰਦਿਆਂ ਕਹਿੰਦੇ ਹਨ ਕਿ ਤ੍ਰਾਤਸਕੀ ਨੇ ਸਮਾਜਵਾਦ ਦੀ ਪਰਿਭਾਸ਼ਾ ਹੀ ਬਦਲ ਦਿੱਤੀ ਸੀ ਕਿਉਂਕਿ ਤ੍ਰਾਤਸਕੀ ਕਹਿੰਦਾ ਸੀ ਕਿ ਕੋਈ ਦੇਸ਼ ਸਮਾਜਵਾਦੀ ਉਦੋਂ ਹੁੰਦਾ ਹੈ ਜਦੋਂ ਉਸ ਦਾ ਜੀਵਨ ਪੱਧਰ ਸਭ ਤੋਂ ਵਿਕਸਿਤ ਸਰਮਾਏਦਾਰ ਦੇਸ਼ ਨਾਲੋਂ ਅੱਗੇ ਲੰਘ ਜਾਵੇ ਪਰ ਇਥੇ ਉਹ ਫਿਰ ਇਹ ਭੁੱਲ ਜਾਂਦੇ ਹਨ ਕਿ 1931 ਵਿਚ ਆਪਣੇ ਦਾਅਵੇ ਨੂੰ ਸਿੱਧ ਕਰਨ ਲਈ ਸਤਾਲਿਨ ਨੇ ਵੀ ਸੋਵੀਅਤ ਸਮਾਜ ਤਥਾਕਥਿਤ ਉਚੇ ਜੀਵਨ ਪੱਧਰ ਦੀ ਤੁਲਨਾ ਰਸਾਤਲ ਵੱਲ ਗਏ ਸਰਮਾਏਦਾਰ ਦੇਸ਼ਾਂ ਦੇ ਜੀਵਨ ਪੱਧਰ ਨਾਲ ਹੀ ਕੀਤੀ ਸੀ, ਤੇ ਕਿਹਾ ਸੀ ਕਿ ਰੂਸ ਸਮਾਜਵਾਦੀ ਯੁੱਗ ਵਿਚ ਦਾਖਲ ਹੋ ਗਿਆ ਹੈ। ਤ੍ਰਾਤਸਕੀ ਨੇ ਸਤਾਲਿਨ ਦੇ ਇਸ ਦੋਹਰੇ ਝੂਠ ਨੂੰ ਨੰਗਾ ਕਰਦਿਆਂ ਕਿਹਾ ਸੀ ਕਿ ਸੋਵੀਅਤ ਸੰਘ ਵਿਚ ਜਿਹੜੀ ਭੁੱਖਮਰੀ, ਥੁੜ੍ਹਾਂ ਭਰੀ ਜ਼ਿੰਦਗੀ ਤੇ ਜ਼ੁਲਮ ਲੋਕ ਇਸ ਵੇਲੇ ਸਹਿ ਰਹੇ ਹਨ, ਉਸ ਨੂੰ ਸਮਾਜਵਾਦ ਕਹਿਣਾ ਲੋਕਾਂ ਦੇ ਸਮਾਜਵਾਦ ਵਿਚ ਵਿਸ਼ਵਾਸ ਨੂੰ ਤੋੜਨਾ ਤੇ ਉਨ੍ਹਾਂ ਨੂੰ ਇਸ ਦੇ ਦੁਸ਼ਮਣ ਬਣਾਉਣਾ ਹੈ।
ਡਾæ ਅੰਮ੍ਰਿਤਪਾਲ ਇਹ ਵੀ ਕਹਿੰਦੇ ਹਨ ਕਿ ਤ੍ਰਾਤਸਕੀ ਸਭ ਇਨਕਲਾਬੀ ਮਸਲਿਆਂ ਵਿਚ ਬਾਲਸ਼ਵਿਕ ਵਿਰੋਧੀ ਸੀ, ਪਰ ਜੇ ਅਜਿਹਾ ਸੀ ਤਾਂ ਫਿਰ ਤ੍ਰਾਤਸਕੀ ਨੂੰ ਬਾਲਸ਼ਵਿਕਾਂ ਨੇ ਰੂਸ ਕਮਿਊਨਿਸਟ ਪਾਰਟੀ ਦੀ ਕੇਂਦਰੀ ਕਮੇਟੀ ਦਾ ਮੈਂਬਰ, ਪੋਲਿਟ ਬਿਊਰੋ ਦਾ ਮੈਂਬਰ, ਫੌਜੀ ਤੇ ਬਾਹਰੀ ਮਾਮਲਿਆਂ ਬਾਰੇ ਲੋਕ ਕਮੀਸਾਰ ਅਤੇ ਇਨਕਲਾਬੀ ਫੌਜੀ ਕੌਂਸਲ ਦਾ ਚੇਅਰਮੈਨ ਜਿਹੇ ਉਚੇ ਅਹੁਦੇ ਕਿਉਂ ਦਿਤੇ? ਲੈਨਿਨ ਨੇ ਆਪਣੀ ਵਸੀਅਤ ਵਿਚ ਤ੍ਰਾਤਸਕੀ ਨੂੰ ਉਸ ਦੀਆਂ ਸਭ ਖਾਮੀਆਂ ਦੇ ਬਾਵਜੂਦ ‘ਸਭ ਤੋਂ ਯੋਗ ਪਾਰਟੀ ਲੀਡਰ’ ਕਿਉਂ ਕਿਹਾ? ਲੈਨਿਨ ਨੇ ਕੌਂਸਟੀਚੂਐਂਟ ਅਸੈਂਬਲੀ ਲਈ ਬਾਲਸ਼ਵਿਕ ਉਮੀਦਵਾਰਾਂ ਦੀ ਲਿਸਟ ਵਾਲੇ ਆਪਣੇ ਪੱਤਰ ਵਿਚ ਲਿਖਿਆ ਸੀ, “ਕੋਈ ਜਣਾ ਵੀ ਤ੍ਰਾਤਸਕੀ ਨੂੰ ਉਮੀਦਵਾਰ ਐਲਾਨੇ ਜਾਣ ਦਾ ਵਿਰੋਧ ਨਹੀਂ ਕਰੇਗਾ, ਕਿਉਂਕਿ ਪਹਿਲੀ ਗੱਲ ਇਹ ਕਿ ਤ੍ਰਾਤਸਕੀ ਨੇ ਆਪਣੇ ਆਉਣ ਦੇ ਪਹਿਲੇ ਦਿਨ ਤੋਂ ਹੀ ਕੌਮਾਂਤਰੀ ਪਦਵੀ ਗ੍ਰਹਿਣ ਕੀਤੀ ਹੈ, ਦੂਜੇ, ਉਹ ਮੈਂਜ਼ਰਾਯੋਂਤਸੀ ਦੀ ਬਾਲਸ਼ਵਿਕਾਂ ਨਾਲ ਏਕਤਾ ਲਈ ਲੜਿਆ ਅਤੇ ਤੀਜੇ, ਉਸ ਨੇ ਜੁਲਾਈ ਦੇ ਮੁਸ਼ਕਿਲਾਂ ਭਰੇ ਦਿਨਾਂ ਵਿਚ ਕ੍ਰਾਂਤੀਕਾਰੀ ਪ੍ਰੋਲੇਤਾਰੀ ਪਾਰਟੀ ਦੇ ਰਾਖੇ ਦੇ ਤੌਰ ‘ਤੇ ਅੱਗੇ ਹੋ ਕੇ ਕੰਮ ਕੀਤਾ। ਅਜਿਹੀ ਗੱਲ ਪਾਰਟੀ ਦੇ ਹੁਣੇ-ਹੁਣੇ ਬਣੇ ਉਨ੍ਹਾਂ ਮੈਂਬਰਾਂ ਬਾਰੇ ਨਹੀਂ ਕਹੀ ਜਾ ਸਕਦੀ ਜਿਨ੍ਹਾਂ ਦੇ ਨਾਮ ਇਸ ਲਿਸਟ ਵਿਚ ਸ਼ਾਮਲ ਕੀਤੇ ਗਏ ਹਨ।”
(ਚਲਦਾ)

Be the first to comment

Leave a Reply

Your email address will not be published.