ਚੁਰਾਸੀ(ਆਂ) ਦਾ ਗੇੜ

ਪ੍ਰਭਸ਼ਰਨਦੀਪ ਸਿੰਘ
ਪੰਜਾਬ ਟਾਈਮਜ਼ ਵਿਚ ਟ੍ਰਾਟਸਕੀ ਬਾਰੇ ਛਪੇ ਅੰਮ੍ਰਿਤਪਾਲ ਸਿੰਘ ਦੇ ਇੱਕ ਲੰਮੇ ਲੇਖ ਦੇ ਜੁਆਬ ਵਿਚ ਜੱਗ ਜਹਾਨ ਤੋਂ ਨਿਆਰੇ ਚਿੰਤਕ ਗੁਰਦਿਆਲ ਸਿੰਘ ਬੱਲ ਨੇ ਇੱਕ (ਅ)ਲੇਖ ਲਿਖਿਆ। ਇਸ ਦੀ ਵਿਲੱਖਣਤਾ ਹੈ ਕਿ ਇਹ ਲੇਖਕ ਵੱਲੋਂ ਅਖਤਿਆਰ ਕੀਤੀ ਗਈ ਸਾਹਿਤ-ਵਿਧਾ, ਜੋ ਖੁਸ਼ਕ, ਉਕਤਾਊ, ਅਤੇ ਇੱਕ ਵਿਸ਼ੇ ਤੱਕ ਸੀਮਤ ਹੈ, ਦੇ ਘੇਰੇ ਤੱਕ ਸੀਮਤ ਰਹਿਣ ਦੀ ਬਜਾਏ, ਆਜ਼ਾਦਾਨਾ ਪ੍ਰਵਾਜ਼ ਲੈਂਦਿਆਂ, ਵਿਖੰਡਨਵਾਦੀ ਪਹੁੰਚ ਦੀ ਵਿਧਾ ਹੀ ਨਵੀਂ ਅਪਨਾ ਲੈਂਦਾ ਹੈ। ਕੀ ਮਜਾਲ ਕਿ ਅਗਲੇ ਵੱਲੋਂ ਅਪਨਾਈ ਸਾਹਿਤ ਵਿਧਾ ਦਾ ਪ੍ਰਛਾਵਾਂ ਵੀ ਬੱਲ ਸਾਹਿਬ ਦੀ ਲਿਖਤ ਨੂੰ ਪੋਹ ਸਕੇ। ਇਹ (ਅ)ਲੇਖ ਨਾ ਸਿਰਫ ਸਾਹਿਤ ਰਚਨਾ ਦੀ ਨਵੀਂ ਵਿਧਾ ਹੈ, ਸਗੋਂ ਮਨੁੱਖੀ ਮਨ ਦੀ ਤ੍ਰੈਲੋਕੀ ਤੋਂ ਨਿਆਰੀ, ਚੱਕਰਵਰਤੀ ਅਵਸਥਾ ਨੂੰ ਵੀ ਰੂਪਮਾਨ ਕਰਦਾ ਹੈ। ਸ਼ੁੱਧ ਸੈਕੂਲਰ ਪਹੁੰਚ ‘ਚੋਂ ਪੈਦਾ ਹੋਈ ਇਹ ਲਿਖਤ ਵਿਚਾਰ ਅਧੀਨ ਰਚਨਾ ਨੂੰ ਕੋਈ ਖਾਸ ਮਹੱਤਵ ਦੇ ਕੇ ਉਸ ਦਾ ਬ੍ਰਾਹਮਣੀਕਰਨ ਕਰਨ ਤੋਂ ਪਰਹੇਜ਼ ਕਰਦੀ ਹੈ, ਤੇ ਦੁਨੀਆਂ ਭਰ ਦੇ ਸਾਰੇ ਮਸਲਿਆਂ ਨੂੰ ਬਰਾਬਰ ਦਾ ਰੁਤਬਾ ਮੁਹੱਈਆ ਕਰਵਾਉਂਦੀ ਹੈ: ਟ੍ਰਾਟਸਕੀ, ਸਟਾਲਿਨ, ਗੋਰਬਾਚੇਵ, ਹਰਿੰਦਰ ਸਿੰਘ ਮਹਿਬੂਬ, ਅਫਗਾਨਿਸਤਾਨ ਤੋਂ ਗੁਰਭਗਤ ਸਿੰਘ ਤੱਕ ਹਰ ਸ਼ਖਸੀਅਤ ਜਾਂ ਉਸ ਨਾਲ ਸਬੰਧਤ ਮੁੱਦਿਆਂ ਨੂੰ ਬਰਾਬਰ ਦੀ ਥਾਂ ਦਿੱਤੀ ਗਈ ਹੈ। ਕਿਸੇ ਨਾਲ ਕੋਈ ਵਿਤਕਰਾ ਨਹੀਂ ਕੀਤਾ ਗਿਆ। ਲੇਖਕ ਦੀ ਜ਼ਿੰਦਗੀ ਨਾਲ ਪਾਲ਼ੀ ਮੁਹੱਬਤ ਇੱਥੇ ਅਮਲੀ ਰੂਪ ਵਿਚ ਜ਼ਾਹਰ ਹੋਈ ਹੈ। ਤੇ ਆਪਾਂ ਸਾਰੇ ਜਾਣਦੇ ਹਾਂ ਕਿ ਨਬੇੜੇ ਅੰਤ ਨੂੰ ਅਮਲਾਂ ‘ਤੇ ਹੀ ਹੋਣੇ ਹਨ। ਲਿਖਤ ਵਿਚ ਕੁੱਲ ਚੁਰਾਸੀ ਨਾਂਵਾਂ ਦਾ ਜ਼ਿਕਰ ਹੈ। ਇੱਕ ਸਾਧਾਰਨ ਅਖਬਾਰੀ ਲੇਖ ਵਿਚ ਐਡੇ ਮਿਆਰੀ ਹਸਤਾਖਰਾਂ ਦੇ ਨਾਂ ਐਨੀ ਵੱਡੀ ਗਿਣਤੀ ਵਿਚ ਆ ਜਾਣੇ ਬੱਲ ਦੀ ਕਰਾਮਾਤੀ ਸ਼ਖਸੀਅਤ ਦਾ ਸਹਿਜ ਪ੍ਰਗਾਟਾਵਾ ਹੈ, ਇਨਸਾਨੀ ਹਸਤੀ ਦੇ ਜਲਾਲ ਦਾ ਅਦੁੱਤੀ ਜਲਵਾ ਹੈ। ਇਸ ਲਿਖਤ ‘ਚੋਂ ਸਾਹਮਣੇ ਆਉਂਦੇ ਚੁਰਾਸੀ ਦੇ ਗੇੜ ਬਾਰੇ ਜ਼ਰਾ ਅਟਕ ਕੇ ਗੱਲ ਕਰਦੇ ਹਾਂ, ਪਹਿਲਾਂ ਲਿਖਤ ਵਿਚੋਂ ਸਹਿਜ ਆਬਸ਼ਾਰ ਜਿਉਂ ਨਮੂਦਾਰ ਹੋਏ ਪੂਰੇ ਚੁਰਾਸੀ ਨਾਂਵਾਂ ਦੀ ਸੂਚੀ ‘ਤੇ ਗੌਰ ਫੁਰਮਾਓ:
ਲਿਓਨ ਤ੍ਰਾਤਸਕੀ, ਜੋਸਿਫ ਸਤਾਲਿਨ, ਭਗਵਾਨ ਬੁੱਧ, ਪਰਸਰਾਮ, ਭਗਵਾਨ ਈਸਾ, ਪੈਗੰਬਰ ਮੁਹੰਮਦ, ਸੁਕਰਾਤ, ਕਾਰਲ ਮਾਰਕਸ, ਵਲਾਦੀਮੀਰ ਇਲੀਅਚ ਲੈਨਿਨ, ਅਲੈਗਜੈਂਡਰ ਹਰਜ਼ਨ, ਬੈਲਿੰਸਕੀ, ਨਿਕੋਲਾਈ ਚੇਰਨੀਸ਼ਵੇਸਕੀ, ਪਿਸਾਰੇਵ ਪਲੈਖਾਨੋਵ, ਪੁਸ਼ਕਿਨ, ਲਿਓ ਤਾਲਸਤਾਏ, ਤੁਰਗਨੇਵ, ਐਂਤੋਨ ਚੈਖੋਵ, ਫਿਓਦੋਰ ਦਾਸਤੋਵਸਕੀ, ਫਰੈਡਰਿਕ ਨੀਤਸ਼ੇ, ਕਾਰਲ ਜੈਸਪਰਸ, ਡੇਲੀਊਸ਼, ਮਿਸ਼ੇਲ ਫੂਕੋ, ਯੱਕ ਦੈਰਿਦਾ, ਨਿਕੀਤਾ ਖਰੁਸ਼ਚੇਵ, ਲਿਓਨਿਦ ਬਰੈਜ਼ਨੇਵ, ਮਿਖਾਈਲ ਸੁਸਲੋਵ, ਅਲੈਕਸੀ ਕੋਸੀਲਿਨ, ਯੂਰੀ ਆਂਦਰੋਪੋਵ, ਵਲਾਦੀਮੀਰ ਸੋਲੋਵਲੀਯੋਵ, ਇਲੇਨਾ ਕਲੈਪੀਕੋਵਾ, ਮਿਖਾਈਲ ਗੋਰਬਾਚੇਵ, ਯੇਗੋਰ ਲਿਗਾਚੇਵ, ਬੋਰਿਸ ਯੇਲਤਸਿਨ, ਸ਼ੇਵਰਦਨਾਦਜ਼ੇ, ਆਈਜੈਕ ਡਿਊਸ਼ਰ, ਅਲੈਗਜੈਂਡਰ ਯਕੋਵਲੇਵ, ਟਿਮੋਥੀ ਜੇ ਕੋਲਟਨ, ਬਿਲ ਕਲਿੰਟਨ, ਗੋਇਓਂ (ਘੁeਨੋਨ), ਜਰਮਨ ਆਗੂ ਕੋਹਲ, ਜਾਰਜ ਬੁਸ਼, ਲੇਕ ਵਾਲੇਸਾ, ਰੋਨਾਲਡ ਰੀਗਨ, ਜ਼ੁਲਫਿਕਾਰ ਅਲੀ ਭੁੱਟੋ, ਜ਼ਿਆ-ਉਲ-ਹੱਕ, ਹਾਫਿਜ਼-ਉਲਾ ਅਮੀਨ, ਨੂਰ ਮੁਹੰਮਦ ਤਾਰਾਕੀ, ਬਬਰਾਕ ਕਾਰਮਲ, ਅਲੈਕਸੀ ਕੋਸੀਲਿਨ, ਰੌਡਰਿਕ ਬਰੈਥਵੇਟ, ਜੌਨਾਥਨ ਸਟੀਲ, ਸਈਦ ਮੁਹੰਮਦ ਗੁਲਾਬਜ਼ੋਈ, ਅਸਲਮ ਮੁਹੰਮਦ, ਵਤਨਯਾਰ, ਸ਼ੇਰਜਾਨ ਮਜ਼ਦੂਰਯਾਰ, ਅਸਦ-ਉਲਾ ਸਰਵਰੀ, ਮਾਰਖੇਜ ਦੀ ਸਾਦ, ਬਾਤਈ, ਮਹਾਂਰਿਸ਼ੀ ਅਰਵਿੰਦੋ, ਸਈਦ ਹੁਸੈਨ ਨਾਸਰ, ਮਾਰਟਿਨ ਲਿੰਗਜ਼, ਆਰੀ ਕੋਰਬਿਨ, ਫਰਿਟਜੋਫ ਸ਼ੂਨ, ਮਾਓ ਜੇ ਤੁੰਗ, ਡਾæ ਗੁਰਭਗਤ ਸਿੰਘ, ਡਾæ ਅੰਮ੍ਰਿਤਪਾਲ ਸਿੰਘ, ਗੁਰਦੀਪ ਦੇਹਰਾਦੂਨ, ਵਰਿਆਮ ਸਿੰਘ ਸੰਧੂ, ਸੋਹਣ ਸਿੰਘ ਸੀਤਲ, ਕਰਤਾਰ ਸਿੰਘ ਕਲਾਸਵਾਲੀਆ, ਬਾਬਾ ਪ੍ਰੇਮ ਸਿੰਘ ਹੋਤੀ, ਬਾਬਾ ਬਘੇਲ ਸਿੰਘ ਬੱਲ, ਨਰਿੰਦਰ ਭੁੱਲਰ, ਧਰਮਜੀਤ ਸਿੰਘ, ਪ੍ਰੋæ ਰਣਧੀਰ ਸਿੰਘ, ਪ੍ਰੋæ ਗੁਰਤਰਨ ਸਿੰਘ, ਪ੍ਰੋæ ਹਰਿੰਦਰ ਸਿੰਘ ਮਹਿਬੂਬ, ਪ੍ਰੋæ ਹਰਪਾਲ ਸਿੰਘ ਪੰਨੂ, ਪ੍ਰੋæ ਭੁਪਿੰਦਰ ਸਿੰਘ, ਕਰਮਜੀਤ ਸਿੰਘ ਚੰਡੀਗੜ੍ਹ, ਡਾæ ਬਲਕਾਰ ਸਿੰਘ, ਪ੍ਰੋæ ਕੁਲਵੰਤ ਸਿੰਘ, ਮਣੀ ਕੌਲ ਅਤੇ ਕਰਨੈਲ ਸਿੰਘ।
ਇੱਕ ਲਿਖਤ ਵਿਚ ਐਨੇ ਨਾਂਵਾਂ ਦਾ ਜ਼ਿਕਰ ਲਿਖਤ ਦੀ ਪ੍ਰਾਪਤੀ ਹੈ ਜਾਂ ਲੇਖਕ ਦੀ, ਜਾਂ ਫਿਰ ਪੰਜਾਬੀ ਸਾਹਿਤ ਦੀ, ਇਹ ਪਟਾਰੀ ਖੋਲ੍ਹਣ ਤੋਂ ਪਹਿਲਾਂ ਪਾਠਕਾਂ ਦੀ ਗੱਲ ਦੇ ਪ੍ਰਸੰਗ ਨਾਲ ਜਾਣ-ਪਛਾਣ ਕਰਵਾ ਦੇਈਏ।
ਪ੍ਰਸੰਗ ਇਹ ਸੀ ਕਿ ਇੱਕ ਸਟਾਲਿਨਵਾਦੀ ਜਾਪਦੇ ਕਾਮਰੇਡ ਅੰਮ੍ਰਿਤਪਾਲ ਸਿੰਘ ਨੇ ਟ੍ਰਾਟਸਕੀ ਦੀ ਪਹੁੰਚ ਬਾਰੇ ਇੱਕ ਲੇਖ ਲਿਖਿਆ ਅਤੇ ਉਸ ਦੀ ਪਹੁੰਚ ਦੀ ਵਿਆਖਿਆ ਕਰਦਿਆਂ ਉਸ ਦੀਆਂ ਸੀਮਤਾਈਆਂ ਦੀ, ਖਾਸ ਕਰ ਲੈਨਿਨ ਅਤੇ ਸਟਾਲਿਨ ਦੀ ਪਹੁੰਚ ਦੇ ਪ੍ਰਸੰਗ ਵਿਚ ਚਰਚਾ ਕੀਤੀ। ਗੁਰਦਿਆਲ ਬੱਲ ਨੂੰ ਇਹ ਗੱਲ ਪ੍ਰੇਸ਼ਾਨੀ ਵਾਲ਼ੀ ਲੱਗੀ। ਉਨ੍ਹਾਂ ਅਨੁਸਾਰ ਸਟਾਲਿਨ ਨੂੰ ਵਾਜਬ ਠਹਿਰਾਉਣ ਜਾਂ ਉਹਦੀ ਪ੍ਰਾਸੰਗਿਕਤਾ ਨੂੰ ਮੁੜ ਸਥਾਪਤ ਕਰਨ ਦਾ ਰੁਝਾਨ, ਮਨੁੱਖ ਜਾਤੀ ਲਈ ਖਤਰਨਾਕ ਰੁਝਾਨ ਹੈ। ਘੱਟੋ-ਘੱਟ ਮੇਰੀ ਬੱਲ ਸਾਹਿਬ ਦੇ ਇਸ ਵਿਚਾਰ ਨਾਲ ਕੋਈ ਅਸਹਿਮਤੀ ਨਹੀਂ। ਇਸ ਲਈ ਬੱਲ ਸਾਹਿਬ ਵੱਲੋਂ ਇਸ ਲਿਖਤ ਦਾ ਜਵਾਬ ਦੇਣਾ ਦਾਸ ਦੀ ਤੁੱਛ ਬੁੱਧੀ ਅਨੁਸਾਰ ਸਹੀ ਫੈਸਲਾ ਸੀ। ਮੈਂ ਪਾਠਕਾਂ ਨੂੰ ਦੱਸ ਦਿਆਂ ਕਿ ਸਿਰਜਣਾਤਮਕ ਜਲਵੇ ਇੱਕੋ ਵਾਰ ਹੀ ਪੈਦਾ ਹੁੰਦੇ ਹਨ, ਦੁਹਰਾਏ ਨਹੀਂ ਜਾਂਦੇ, ਇਸ ਲਈ ਬੱਲ ਸਾਹਿਬ ਦੀ ਲਿਖਤ ਅੰਦਰਲੇ ਚਾਨਣ ਨਾਲ ਸਰਸ਼ਾਰ ਹੋਣ ਲਈ ਪਾਠਕਾਂ ਦੀ ਚੇਤਨਾ ਨੂੰ ਇਸ ਲਿਖਤ ਵਿਚ ਆਪ ਹੀ ਚੁੱਭੀ ਲਾਉਣੀ ਪੈਣੀ ਹੈ।
ਬੱਲ ਸਾਹਿਬ ਦੀ ਲਿਖਤ ਦੀ ਤਬੀਅਤ ਮੂਲ ਰੂਪ ਵਿਚ ਫਲਸਫਾਨਾ ਨਾ ਹੋ ਕੇ ਸਾਹਿਤਕ ਹੈ। ਪੰਜਾਬ ਵਿਚ ਪੜ੍ਹਾਈ ਲਿਖਾਈ ਨਾਲ ਸਬੰਧਤ ਮਜਲਸਾਂ ਵੀ ਸਾਹਿਤਕ ਬਿਰਤੀ ਵਾਲ਼ੀਆਂ ਹੀ ਹਨ। ਜ਼ਿੰਦਗੀ ਦੇ ਸਮੂਹ ਮਸਲਿਆਂ ਨੂੰ ਵਿਚਾਰਨ ਦਾ ਸ਼ੁਰੂਆਤੀ ਕੇਂਦਰ ਸਾਹਿਤ ਹੀ ਬਣਦਾ ਹੈ। ਸਾਹਿਤਕ ਲਿਖਤਾਂ ਦੀ ਪੈਦਾਇਸ਼ ਦਾ ਆਧਾਰ ਵੀ ਸਾਹਿਤ ਹੀ ਬਣਦਾ ਹੈ। ਫਲਸਫੇ ਦੀ ਪੜਾਈ, ਫਲਸਫਾਨਾ ਮੁਹਾਵਰੇ ਤੇ ਪਕੜ ਬਣਾਉਣ ਦਾ ਸੱਭਿਆਚਾਰ, ਅਸਲੋਂ ਹੀ ਦੁਰਲੱਭ ਹੈ। ਜ਼ਿੰਦਗੀ ਦੇ ਮਸਲਿਆਂ ਬਾਰੇ, ਇਸ ਨੂੰ ਪ੍ਰਭਾਵਿਤ ਕਰਨ ਵਾਲ਼ੇ, ਦਿਸ਼ਾ ਦੇਣ ਵਾਲ਼ੇ ਜਾਂ ਇਸ ਦੇ ਪਿੱਛੇ ਕਾਰਜਸ਼ੀਲ ਫਲਸਫਾਨਾ ਰੁਝਾਨਾਂ ਦੀ ਪੜਚੋਲ ਕਰਨ ਦਾ ਨਾ ਤਾਂ ਰਿਵਾਜ ਹੈ, ਨਾ ਹੀ ਬਹੁਤੇ ਬੰਦੇ ਇਸ ਦੇ ਸਮਰੱਥ ਹਨ। ਇੱਕ ਫਰਕ ਜ਼ਰੂਰ ਪਿਆ ਹੈ: ਪਹਿਲਾਂ ਆਪਣੇ ਵਿਖਿਆਨ ਜਾਂ ਲਿਖਤ ਨੂੰ ਚਾਰ ਚੰਦ ਲਾਉਣ ਲਈ ਸਿਰਫ ਸਾਹਿਤਕਾਰਾਂ ਦੇ ਨਾਂ ਉਚਾਰੇ ਜਾਂਦੇ ਸਨ, ਹੁਣ ਫਿਲਾਸਫਰਾਂ ਦੇ ਨਾਂ ਵੀ ਖੁੱਲ੍ਹ-ਦਿਲੀ ਨਾਲ ਉਲ਼ੱਦ ਦਿੱਤੇ ਜਾਂਦੇ ਹਨ। ਮੁਹਾਵਰਾ ਉਹੀ ਹੈ, ਗੱਲਾਂ ਵੀ ਉਹੀ ਹਨ, ਬੱਸ ਚੁਰਾਸੀ ਦੇ ਗੇੜ ਵਿਚ ਫਿਲਾਸਫਰ ਸ਼ਾਮਲ ਹੋ ਗਏ ਹਨ। ਫਲਸਫੇ ਤੇ ਸਾਹਿਤ ਦੇ ਇਸ ਮਸਲੇ ਵਿਚ ਮੈਂ ਵੀ ਆਪਣੇ ਆਪ ਨੂੰ ਸਾਹਿਤ ਵਾਲ਼ੇ ਪਾਸੇ ਹੀ ਰੱਖਦਾ ਹਾਂ। ਮੇਰੀ ਸਮਝ ਇਹੀ ਹੈ ਕਿ ਸਾਹਿਤ ਮੁਨੱਖੀ ਅਨੁਭਵ ਅਤੇ ਬੋਲੀ ਦੀਆਂ ਪਰਤਾਂ ਜਿਸ ਸ਼ਿੱਦਤ, ਤੀਖਣਤਾ ਅਤੇ ਗੰਭੀਰਤਾ ਨਾਲ ਜਗਾਉਂਦਾ ਹੈ, ਉਹ ਫਲਸਫੇ ਦੇ ਵੱਸ ਦੀ ਗੱਲ ਨਹੀਂ। ਫਲਸਫਾਨਾ ਬਿਰਤਾਂਤ ਆਪਣੀ ਮੈਟਾਫਿਜ਼ੀਕਲ ਬਿਰਤੀ ‘ਚੋਂ ਬਾਹਰ ਨਹੀਂ ਨਿੱਕਲ਼ਦਾ। ਕਹਿਣ ਤੋਂ ਭਾਵ ਸਾਰੇ ਦਾ ਸਾਰਾ ਫਲਸਫਾਨਾ ਬਿਰਤਾਂਤ ਜ਼ਿੰਦਗੀ ਨੂੰ ਇੱਕ ਸਾਂਚੇ ਵਿਚ ਢਾਲਣ ਦੀ, ਜਾਂ ਸਭ ਕੁੱਝ ਪਹਿਲਾਂ ਹੀ ਹਾਸਲ ਕੀਤੇ ਚੌਖਟਿਆਂ ਵਿਚ ਜੜ ਦੇਣ ਦੀ ਹੋੜ ਤੋਂ ਮੁਕਤ ਨਹੀਂ ਹੁੰਦਾ।
ਪਰ ਸਾਹਿਤ ਤੇ ਫਲਸਫੇ ਦਾ ਇਹ ਮਸਲਾ ਇੱਕ ਵੱਖਰੇ ਨੁਕਤੇ ਤੋਂ ਸਮਝਣ ਦੀ ਵੀ ਲੋੜ ਹੈ। ਇਹ ਨੁਕਤਾ ਹੈ ਸਾਹਿਤ ਨੂੰ ਪਰਖਣ ਦੇ ਮਿਆਰ, ਜਾਂ ਸਾਹਿਤਕਾਰ ਹੋਣ ਦੇ ਦਾਅਵੇ ਦਾ ਆਧਾਰ। ਫਲਸਫਾ ਅੱਜ ਪਹਿਲਾਂ ਤੋਂ ਵੀ ਵੱਡੀਆਂ ਬੁਲੰਦੀਆਂ ਛੋਹ ਰਿਹਾ ਹੈ, ਪਰ ਕੇਵਲ ਦੁਨੀਆਂ ਦੇ ਉਨ੍ਹਾਂ ਹਿੱਸਿਆਂ ਵਿਚ ਜਿਨ੍ਹਾਂ ਨੇ ਵਿੱਦਿਅਕ ਅਤੇ ਖੋਜ ਸੰਸਥਾਵਾਂ ਦੇ ਮਿਆਰ ਨੂੰ ਲਗਾਤਾਰ ਬਰਕਰਾਰ ਰੱਖਿਆ ਹੈ। ਸੰਸਥਾਵਾਂ ਦੇ ਮਿਆਰ ਨੂੰ ਬਰਕਰਾਰ ਰੱਖਣ ਦਾ ਅਰਥ ਹੈ ਧੋਖਾਧੜੀ ਦੀ ਓਨੀ ਗੁੰਜਾਇਸ਼ ਨਹੀਂ ਰਹਿੰਦੀ। ਬੰਦੇ ਨੂੰ ਵਿੱਦਿਅਕ ਢਾਂਚੇ ਵਿਚ ਵੜਨ ਲਈ, ਤੇ ਫਿਰ ਆਪਣੀ ਥਾਂ ਬਣਾਈ ਰੱਖਣ ਲਈ ਇੱਕ ਹੱਦ ਤੱਕ ਮਿਹਨਤ ਕਰਨੀ ਹੀ ਪੈਂਦੀ ਹੈ। ਮਿਹਨਤ ਦੇ ਨਾਲ਼-ਨਾਲ਼, ਡੂੰਘੀ ਧਿਆਨੀ ਬਿਰਤੀ ਦੇ ਮਾਹਰ, ਸਾਧ ਸੁਭਾ ਬੰਦੇ ਹੀ ਵੱਡੇ ਫਲਸਫਾਦਾਨ ਬਣਦੇ ਹਨ।
ਇਸ ਦੇ ਉਲ਼ਟ ਸਾਹਿਤ ਵਿਚ ਠੱਗੀ-ਠੋਰੀ ਚੱਲ ਜਾਂਦੀ ਹੈ। ਸਾਹਿਤ ਵਿਚ ਵਿਚਾਰ ਫੈਸ਼ਨ ਵਜੋਂ ਅਪਨਾਏ ਜਾਂਦੇ ਹਨ, ਤੁੱਕੇ ਮਾਰੇ ਜਾਂਦੇ ਹਨ, ਬੇਸਿਰ ਪੈਰ ਦੀਆਂ ਛੱਡੀਆਂ ਜਾਂਦੀਆਂ ਹਨ। ਸਾਹਿਤਕ ਹਲਕਿਆਂ ਵਿਚ ਅਜਿਹੇ ਅਨਸਰਾਂ ਦੇ ਆ ਜਾਣ ਦੀ ਵਧੇਰੇ ਗੁੰਜਾਇਸ਼ ਹੈ ਜੋ ਬਿਨਾਂ ਜਾਣੇ ਸਮਝੇ ਵੱਡੇ-ਵੱਡੇ ਮਸਲਿਆ ਬਾਰੇ ਫੈਸਲੇ ਦਿੰਦੇ ਰਹਿੰਦੇ ਹਨ। ਪੰਜਾਬੀ ਸਾਹਿਤਕ ਹਲਕਿਆਂ ਵਿਚ ਅਜਿਹੇ ਅਨਸਰਾਂ ਦੀ ਹੀ ਭਰਮਾਰ ਹੈ, ਤੇ ਇਸ ਭੀੜ-ਭੜੱਕੇ ਰੌਲ਼ੇ-ਰੱਪੇ ਵਿਚ, ਕਦੇ ਕਦੇ ਕੋਈ ਸੁਰੀਲੀ ਸਾਹਿਤਕ ਅਵਾਜ਼ ਵੀ ਬੁਲੰਦ ਹੋ ਜਾਂਦੀ ਹੈ।
ਬੱਲ ਸਾਹਿਬ ਦੇ ਇਸ ਲੇਖ ਜਾਂ ਇਸ ਕਿਸਮ ਦੀਆਂ ਲਿਖਤਾਂ ਪ੍ਰਤੀ ਮੇਰਾ ਮੂਲ ਇਤਰਾਜ਼ ਇਹੀ ਹੈ ਕਿ ਗੱਲ ਦੇ ਸੰਦਰਭ ‘ਤੇ ਸਿੱਧੀ ਅਤੇ ਸਪੱਸ਼ਟ ਪਕੜ ਬਣਾਏ ਬਗੈਰ ਖਾਹਮਖਾਹ ਫਤਵੇਬਾਜ਼ੀ ਕਰ ਦਿੱਤੀ ਜਾਂਦੀ ਹੈ। ਠੀਕ ਹੈ, ਸਾਹਿਤ ਦੀ ਆਜ਼ਾਦ ਹਸਤੀ ਹੈ ਪਰ ਇਹ ਫਲਸਫੇ ਤੋਂ ਅਲਹਿਦਗੀ ਵਿਚ ਨਹੀਂ ਵਿਚਰਦਾ। ਜਦ ਸਾਹਿਤਕਾਰ ਜਨਤਕ ਪੱਧਰ ‘ਤੇ ਚਲੰਤ ਜਿਹੇ ਵਿਚਾਰਾਂ ਨੂੰ ਆਪਣੇ ਸੁੰਦਰ ਕਥਨਾਂ ਦਾ ਸਰੋਤ, ਜਾਂ ਆਪਣੇ ਉਚ-ਗਿਆਨ ਦਾ ਸੋਮਾ ਬਣਾ ਕੇ ਵਰਤਦੇ ਹਨ, ਤਾਂ ਉਹ ਗੱਲ ਨੂੰ ਬਹੁਤ ਸਿੱਧੜ ਜਿਹੀ ਬਣਾ ਧਰਦੇ ਹਨ। ਸਾਹਿਤਕ ਮੁਹਾਵਰੇ ਵਿਚ ਲਿਖਣ ਵਾਲ਼ੇ ਬੰਦੇ ਨੂੰ ਵੀ ਪਤਾ ਹੋਣਾ ਚਾਹੀਦਾ ਹੈ ਕਿ ਜੋ ਉਹ ਕਹਿ ਰਿਹਾ ਹੈ ਉਸ ਦਾ ਮੂੰਹ ਸਿਰ ਕੀ ਹੈ? ਘੱਟੋ-ਘੱਟ ਵਾਰਤਕ ਵਿਚ ਗੱਲ ਕਿਸੇ ਜ਼ਾਬਤੇ ਵਿਚ ਚੱਲਣੀ ਚਾਹੀਦੀ ਹੈ। ਬਿਨਾਂ ਕੋਈ ਸੰਦਰਭ ਸਿਰਜੇ, ਬਿਨਾ ਕੋਈ ਦਿਸ਼ਾ ਉਲੀਕਣ ਦੇ ਦੁਨੀਆਂ ਭਰ ਦੇ ਮਸਲਿਆਂ ਬਾਰੇ ਫੈਸਲੇ ਕੱਢ ਮਾਰਨੇ ਜ਼ਿਆਦਤੀ ਹੈ, ਪਾਠਕਾਂ ਨਾਲ ਵੀ ਆਪਣੇ-ਆਪ ਨਾਲ ਵੀ। ਮਜ਼ਲੂਮ ਪਾਠਕਾਂ ਦੇ ਅਣਵਰਤੇ ਸਿਰਾਂ ਨੂੰ ਚੁਰਾਸੀ ਫਿਲਾਸਫਰਾਂ, ਸਾਹਿਤਕਾਰਾਂ ਤੇ ਸਿਆਸਤਦਾਨਾਂ ਦੇ ਭਾਰੇ-ਭਾਰੇ ਨਾਂਵਾਂ ਥੱਲੇ ਦਰੜ ਧਰਨਾ, ਲਿਖਾਰੀ ਦੀ ਕਲਮ ਵਿਚ ਸਟਾਲਿਨੀ ਬਿਰਤੀ ਦੇ ਚੁੱਪ-ਚੁਪੀਤੇ ਘੁਸਪੈਠ ਕਰਨ ਦਾ ਲਖਾਇਕ ਹੈ। ਤੇ ਜਦੋਂ ਲੇਖਕ ਸਟਾਲਿਨ ਦੇ (ਇੰਦਰਾ ਗਾਂਧੀ ਦੇ ਨਹੀਂ) ਜ਼ੁਲਮਾਂ ਖਿਲਾਫ ਕੁਰਲਾਹਟ ਭਰਿਆ ਨਾਅਰਾ ਬੁਲੰਦ ਕਰਦੀ ਮਨੁੱਖਤਾ ਦੀ ਨੁਮਾਇੰਦਗੀ ਕਰਨ ਦਾ ਦਾਅਵੇਦਾਰ ਹੋਵੇ, ਉਦੋਂ ਅਜਿਹੀ ਲੇਖਣੀ ਦਾ ਦੁਖਾਂਤ ਹੋਰ ਡੂੰਘਾ ਹੋ ਜਾਂਦਾ ਹੈ। ਲੇਖਕ ਤਾਂ ਕਿਸੇ ਆਈਜ਼ੈਕ ਡਿਊਸ਼ਰ ਦੀਆਂ ਲਿਖਤਾਂ ਪੜ੍ਹ ਕੇ ਦਰਦ ਭਰੀ ਚੀਕ ਮਾਰ ਲੈਂਦਾ ਹੈ, ਪਾਠਕ ਤਾਂ ਵਿਚਾਰੇ ਸੰਘੋਂ ‘ਵਾਜ ਕੱਢਣ ਤੋਂ ਪਹਿਲਾਂ ਹੀ ਦਰੜੇ ਜਾਂਦੇ ਹਨ। ਚੁਰਾਸੀ ਦਾ ਇਹ ਗੇੜ ਬਿਨਾਂ ਸ਼ੱਕ ਪਾਠਕਾਂ ‘ਤੇ ਘੋਰ ਜ਼ੁਲਮ ਹੈ, ਉਨ੍ਹਾਂ ਨੂੰ ਭੈਅ-ਭੀਤ ਕਰਕੇ ਆਪਣੀ ਗੱਲ ਮਨਾਉਣ ਦੇ ਸਟਾਲਿਨੀ ਮਨਸੂਬੇ ਦਾ ਸਿੱਟਾ ਹੈ। ਪਰ ਇਸ ਦੇ ਨਾਲ ਹੀ ਇਹ ਲੇਖਕ ਦੀ ਚਹੁੰ ਕੂਟੀਂ ਭਉਂਦੀ ਫਿਰਦੀ ਆਵਾਗਵਣੀ ਰੂਹ ਦਾ ਵੀ ਲਖਾਇਕ ਹੈ। ਮਸਲਾ ਗੰਭੀਰ ਹੈ, ਚੁਰਾਸੀ ਦਾ ਚੱਕਰ ਡੂੰਘਾ ਹੈ।

Be the first to comment

Leave a Reply

Your email address will not be published.