ਔਖੀਏਂ ਘੜੀਏਂ ਬਹੁੜੇ ਕੌਣ!

ਛਾਤੀ ਅੰਦਰਲੇ ਥੇਹ-19
ਗੁਰਦਿਆਲ ਦਲਾਲ ਬੁਨਿਆਦੀ ਰੂਪ ਵਿਚ ਗਲਪਕਾਰ ਹੈ। ਹੁਣੇ-ਹੁਣੇ ਉਨ੍ਹਾਂ ਦਾ ਵੱਡ-ਆਕਾਰੀ ਨਾਵਲ ‘ਪੈੜਾਂ’ ਛਪਿਆ ਹੈ। ‘ਛਾਤੀ ਅੰਦਰਲੇ ਥੇਹ’ ਲੇਖ-ਲੜੀ ਵਿਚ ਉਨ੍ਹਾਂ ਆਪਣੇ ਜੀਵਨ ਅਤੇ ਤਜਰਬੇ ਨੂੰ ਆਧਾਰ ਬਣਾ ਕੇ ਕੁਝ ਗੱਲਾਂ ਵੱਖਰੇ ਢੰਗ ਨਾਲ ਕੀਤੀਆਂ ਹਨ ਜਿਹੜੀਆਂ ਅਸੀਂ ਆਪਣੇ ਪਾਠਕਾਂ ਨਾਲ ਸਾਂਝੀਆਂ ਕਰਦੇ ਆ ਰਹੇ ਹਾਂ। ਪੇਸ਼ ਹੈ ਇਸ ਦੀ ਅਗਲੀ ਲੜੀ। -ਸੰਪਾਦਕ

ਗੁਰਦਿਆਲ ਦਲਾਲ
ਫੋਨ: 91-98141-85363
ਸੰਨ 1994 ਵਿਚ ਸਾਡਾ ਮਾਮਾ ਅਮੀਂ ਚੰਦ 85 ਵਰ੍ਹਿਆਂ ਦੀ ਉਮਰ ਭੋਗ ਕੇ ਮਰ ਗਿਆ। ਉਸ ਦੇ ਕੋਈ ਔਲਾਦ ਨਾ ਹੋਣ ਕਰ ਕੇ ਬਿਰਧ ਮਾਮੀ ਬਿਲਕੁਲ ਇਕੱਲੀ ਰਹਿ ਗਈ। ਇਹ ਉਹੀ ਮਾਮਾ ਸੀ ਜਿਸ ਨੇ 1946 ਵਿਚ ਮੇਰੇ ਪਿਉ ਅਨੰਦ ਰਾਮ ਦੀ ਮੌਤ ਮਗਰੋਂ ਸਾਡੇ ਟੱਬਰ ਦੀ ਬਾਂਹ ਫੜੀ ਸੀ। ਸਾਡੀ ਆਪਣੇ ਪਿੰਡ ਹਾਫ਼ਿਜ਼ਾਬਾਦ ਵਿਚ ਕੋਈ ਜ਼ਮੀਨ ਜਾਇਦਾਦ ਨਾ ਹੋਣ ਕਰ ਕੇ ਮਾਮੇ ਨੇ ਸਾਡਾ ਸਮਾਨ ਗੱਡੇ ‘ਤੇ ਲੱਦਿਆ ਅਤੇ ਆਪਣੇ ਪਿੰਡ ਰਾਇਪੁਰ ਲੈ ਗਿਆ। ਬੇਬੇ ਨੂੰ ਖਦਸ਼ਾ ਸੀ ਕਿ ਰਸਤੇ ਵਿਚ ਉਸ ਦੇ ਸ਼ਰੀਕ ਸਮਾਨ ਲੁੱਟ ਲੈਣਗੇ ਅਤੇ ਬੱਚਿਆਂ ਨੂੰ ਮਾਰ ਦੇਣਗੇ। ਇਸੇ ਕਰ ਕੇ ਮਾਮਾ ਆਪਣੇ ਪਿੰਡ ਦੇ ਸਫ਼ੈਦਪੋਸ਼ ਤਾਰਾ ਸਿੰਘ ਨੂੰ ਆਪਣੇ ਨਾਲ ਲੈ ਗਿਆ ਸੀ ਜਿਸ ਨੇ ਮੋਢੇ ਨਾਲ ਪੱਕੀ ਰਫ਼ਲ ਲਟਕਾਈ ਹੋਈ ਸੀ। ਸਾਡੇ ਵਡਾਰੂ ਪਿੰਡ ਵਿਚ ਹੀ ਸੁਨਿਆਰਾ ਕੰਮ ਕਰਦੇ ਸਨ। ਸਾਰੇ ਚਾਚੇ ਤਾਇਆਂ ਦਾ ਆਪਸ ਵਿਚ ਇੱਟ ਕੁੱਤੇ ਦਾ ਵੈਰ ਸੀ। ਰਾਇਪੁਰ ਆਉਂਦਿਆਂ ਬੇਬੇ ਸੁਨਿਆਰੇ ਕੰਮ ਦੇ ਸੰਦਾਂ ਵਾਲੀ ਬੋਰੀ ਪਿੰਡ ਦੇ ਟੋਭੇ ਵਿਚ ਹੀ ਸੁਟਵਾ ਆਈ ਸੀ। ਅਖੇ, ਹੁਣ ਸਾਡੇ ਖਾਨਦਾਨ ਵਿਚ ਕਦੀ ਕੋਈ ਇਹ ਕੁੱਤਾ ਕੰਮ ਨਹੀਂ ਕਰੇਗਾ। ਕਹਿੰਦੇ ਹਨ, ਇਸ ਕੰਮ ਦੇ ਝਮੇਲੇ ਨੇ ਹੀ ਸਾਡੇ ਪਿਉ ਦੀ ਜਾਨ ਲਈ ਸੀ ਜਿਸ ਨੂੰ ਭਰਾਵਾਂ ਨੇ ਹੀ ਜ਼ਹਿਰੀਲਾ ਕੜਾਹ ਖਿਲਾ ਦਿੱਤਾ ਸੀ, ਤੇ ਸਾਡੇ ਵੀਰ ਜੀ ਤੋਂ ਇਕ ਹੋਰ ਵੱਡੇ ਭਰਾ ਨੂੰ ਕਿਧਰੇ ਖਪਾ ਦਿੱਤਾ ਸੀ।
ਅਸੀਂ ਰਾਇਪੁਰ ਆਏ ਤਾਂ ਮਾਮੇ ਨੇ ਆਪਣੇ ਛੇ ਖਣਾਂ ਦੇ ਕੱਚੇ ਘਰ ਵਿਚ ਕੰਧ ਕਰ ਕੇ ਅੱਧਾ ਹਿੱਸਾ ਸਾਨੂੰ ਦੇ ਦਿੱਤਾ ਜਿਸ ਵਿਚ ਸੰਦੂਖ, ਮਿੱਟੀ ਦੀ ਕੋਠੀ, ਚੱਕੀ, ਚਰਖਾ ਤੇ ਹੋਰ ਸਮਾਨ ਰੱਖਣ ਮਗਰੋਂ ਦੋ ਮੰਜਿਆਂ ਦੀ ਥਾਂ ਹੀ ਬਚਦੀ ਸੀ। ਰੋਟੀ ਵੀ ਚੁੱਲ੍ਹਾ ਬਾਲ ਕੇ ਅੰਦਰ ਹੀ ਪੱਕਦੀ ਸੀ। ਸਾਰਾ ਦਿਨ ਘਰ ਵਿਚੋਂ ਧੂੰਆਂ ਹੀ ਨਾ ਨਿਕਲਦਾ। ਥਾਂ ਦੀ ਤੰਗੀ ਕਰ ਕੇ ਸਾਡੇ ਵਿਚੋਂ ਦੋ ਜਣੇ ਡੰਗਰਾਂ ਵਾਲੇ ਕੋਠੇ ‘ਚ ਪੈ ਜਾਂਦੇ। ਆਏ ਗਏ ਕਿਸੇ ਪ੍ਰਾਹੁਣੇ ਨੂੰ ਵੀ ਅਸੀਂ ਰਾਤ ਨੂੰ ਡੰਗਰਾਂ ਵਿਚ ਹੀ ਫਾਹੇ ਟੰਗਦੇ। ਮਾਮਾ ਹਰ ਕਿਸੇ ਨੂੰ ਕਹਿੰਦਾ, “ਤੁਸੀਂ ਭਾਈ ਮੰਨਣਾ ਨਹੀਂ। ਮੈਨੂੰ ਪ੍ਰਤੱਖ ਮਹਾਰਾਜ ਦੇ ਦਰਸ਼ਨ ਹੋਏ ਨੇ। ਸਿਰ ‘ਤੇ ਸੋਨੇ ਦਾ ਮੁਕਟ ਸਜਿਆ ਹੋਇਆ, ਸੋਨੇ ਦੇ ਹੀ ਵਸਤਰ।æææ ਉਹ ਸੋਨੇ ਦੀ ਕਿਤਾਬ ਖੋਲ੍ਹ ਕੇ ਕਹਿਣ ਲੱਗਾ, ਅਮੀਂ ਚੰਦਾ, ਆਪਣੀ ਵੱਡੀ ਭੈਣ ਦੀ ਬਾਂਹ ਫੜ ਤੇ ਭਾਣਜਿਆਂ ਦੇ ਸਿਰਾਂ ‘ਤੇ ਹੱਥ ਰੱਖ। ਕਿੱਥੇ ਤੂੰ ਬੇਔਲਾਦਾ ਸੀ, ਕਿੱਥੇ ਤੈਨੂੰ ਚਾਰ ਪੁੱਤਰ ਦਿੱਤੇ। ਇਹ ਵੱਡੇ ਹੋ ਕੇ ਤੈਨੂੰ ਸਾਂਭਣਗੇ। ਸਰਵਣ ਵਾਂਗ ਤੀਰਥਾਂ ਦੀ ਯਾਤਰਾ ਕਰਾਉਣਗੇ। ਮੈਂ ਵੀ ਭਾਈ ਸੋਚ ਲਿਆ ਏ, ਇਨ੍ਹਾਂ ਬੱਚਿਆਂ ਨੂੰ ਪੜ੍ਹਾ ਲਿਖਾ ਕੇ ਵੱਡੇ ਬੰਦੇ ਬਣਾਊਂ।”
ਮਾਮੇ ਦੀ ਕਹੀ ਇਹ ਗੱਲ ਮੈਨੂੰ ਪਿੰਡ ਦੇ ਕਈ ਬਜ਼ੁਰਗ ਅਕਸਰ ਦੱਸਦੇ ਸਨ। ਮਾਮੇ ਕੋਲ ਵੀ ਕੋਈ ਜ਼ਮੀਨ ਨਹੀਂ ਸੀ। ਉਹ ਸਿਲਾਈ ਦਾ ਕੰਮ ਕਰਦਾ ਸੀ। ਉਸ ਦੀ ਸਿਲਾਈ ਲਾਗਲੇ ਪਿੰਡਾਂ ਵਿਚ ਬੜੀ ਮਸ਼ਹੂਰ ਸੀ। ਉਹ ਮਾਮੀ ਨੂੰ ਵੀ ਸਿਲਾਈ ਸਿਖਾਉਣ ਦੀ ਕੋਸ਼ਿਸ਼ ਕਰਦਾ ਰਿਹਾ ਸੀ ਪਰ ਮਾਮੀ ਸਾਰੀ ਉਮਰ ਕੱਛਾ ਸਿਊਣਾ ਵੀ ਨਾ ਸਿੱਖ ਸਕੀ। ਜਦੋਂ ਪਿੰਡ ਵਿਚ ਕਿਸੇ ਦੇ ਵਿਆਹ ਸ਼ਾਦੀ ਹੁੰਦੀ, ਤੇ ਉਹ ਕੱਪੜੇ ਸਿਊਣ ਲਈ ਮਾਮੇ ਨੂੰ ਘਰ ਬਿਠਾਉਂਦੇ ਤਾਂ ਮੈਨੂੰ ਵੀ ਉਹ ਆਪਣੇ ਨਾਲ ਲੈ ਜਾਂਦਾ। ਉਦੋਂ ਪਿੰਡ ਦੇ ਹਰ ਘਰ ਵਿਚ ਦੁਪਹਿਰ ਵੇਲੇ ਬਾਸਮਤੀ ਦੇ ਚੌਲ ਅਤੇ ਮਸਰੀ ਦੀ ਦਾਲ ਬਣਦੀ ਹੁੰਦੀ ਸੀ। ਜਦੋਂ ਮੈਂ ਮਾਮੇ ਨਾਲ ਜਾਂਦਾ, ਅਗਲੇ ਦੇਸੀ ਘੀ ਵਿਚ ਗੱਚ ਸ਼ੱਕਰ ਜਾਂ ਬੂਰਾ ਵੀ ਪਾਉਂਦੇ। ਮੈਨੂੰ ਦੋਹਤਮਾਨ ਕਰ ਕੇ ਔਰਤਾਂ ਖੂਬ ਖਿਲਾਉਂਦੀਆਂ ਤੇ ਖਿਲਾਉਣ ਮਗਰੋਂ ਪੈਰੀਂ ਹੱਥ ਵੀ ਲਾਉਂਦੀਆਂ। ਇਕ ਦੋ ਪੈਸੇ ਵੀ ਦਿੰਦੀਆਂ। ਮੇਰੀ ਬੇਬੇ ਮਹਿੰਦਰ ਮਾਨੂੰਪੁਰੀ ਦੇ ਨਾਵਲ ‘ਲੋਹੇ ਦੀ ਔਰਤ’ ਦੀ ਨਾਇਕਾ ਵਾਂਗ ਤਕੜੇ ਜੁੱਸੇ ਵਾਲੀ, ਬਹੁਤ ਦਲੇਰ, ਮਿਹਨਤੀ ਅਤੇ ਸਿਰੜੀ ਸੀ। ਪਿੰਡ ਵਿਚ ਜਦੋਂ ਕਿਸੇ ਮੁੰਡੇ ਦੀ ਬਰਾਤ ਚੜ੍ਹਦੀ ਤਾਂ ਪਿੱਛੋਂ ਤੀਵੀਆਂ ਨੱਚਣ, ਕੁੱਦਣ, ਖਰੂਦ ਕਰਨ ਅਤੇ ਬੋਲੀਆਂ ਪਾਉਣ ਲਈ ਸਭ ਤੋਂ ਪਹਿਲਾਂ ਬੇਬੇ ਨੂੰ ਹੀ ਸੱਦਦੀਆਂ। ਬੇਬੇ ਅਕਸਰ ਲੋਕਾਂ ਦੇ ਖੇਤਾਂ ਜਾਂ ਘਰਾਂ ਵਿਚ ਕੰਮ ਕਰਦੀ। ਉਹ ਖੇਤਾਂ ਵਿਚੋਂ ਧਾਨਾਂ ਦੀ ਦੋ ਮਣ ਪੱਕੀ ਭਰੀ ਘਰ ਨੂੰ ਸਿਰ ‘ਤੇ ਚੁੱਕ ਲਿਆਉਂਦੀ। ਪਾਥੀਆਂ ਦੇ ਗੁਹਾਰੇ ਲਾਉਣੇ, ਕਮਾਦ ਬਿਜਾਉਣਾ, ਗੰਨੇ ਘੜਨੇ, ਧਾਨ ਲੁਆਉਣੇ ਤੇ ਵੱਢਣੇ, ਲਸਣ-ਪਿਆਜ ਲੁਆਉਣਾ ਆਦਿ ਉਸ ਦੇ ਮੁੱਖ ਕੰਮ ਸਨ।
ਅਸੀਂ ਕੱਖ ਵੱਢ ਲਿਆਉਂਦੇ ਜਾਂ ਲੱਕੜੀਆਂ ਤੋੜ ਲਿਆਉਂਦੇ। ਨਾਨੀ ਅਕਸਰ ਮੇਰੇ ਨਾਲ ਜਾਂਦੀ। ਮੈਂ ਬਾਂਕ ਪਾ ਕੇ ਟਾਹਲੀਆਂ, ਕਿੱਕਰਾਂ ਤੋਂ ਸੁੱਕੀਆਂ ਲੱਕੜਾਂ ਤੇ ਖੰਜੂਰਾਂ ਤੋਂ ਖੱਗੇ ਖਿੱਚਦਾ। ਹਰ ਵਾਰੀ ਨਾਨੀ ਬੋਲਦੀ, “ਤਾਹਾਂ ਨੂੰ ਨਾ ਝਾਕ ਵੇ, ਅੱਖ ‘ਚ ਵੱਜੂ ਖੱਗਾ।” ਮੈਂ ਉਸ ਨਾਲ ਲੜਦਾ ਰਹਿੰਦਾ ਤੇ ਕਹਿੰਦਾ, “ਬੁੜ੍ਹੀਏ ਚੁੱਪ ਕਰ ਜਾ, ਕਿਉਂ ਭੌਂਕੀ ਜਾਂਦੀ ਏਂ, ਬਾਂਕ ਮਾਰ ਕੇ ਗਾਟਾ ਲਾਹ ਦੂੰ।” ਉਹ ਹੱਸਦੀ, “ਲਾਹ ਦੇ ਲਾਹ ਦੇ, ਦੋਹਤਿਆ ਹਰਾਮਖੋਰਾ, ਚੰਗਾ ਮੇਰੀ ਖਲਾਸੀ ਹੋ ਜੂ।”
ਮਾਮੇ ਵਾਂਗ ਹੀ ਬੇਬੇ ਸਾਨੂੰ ਹਮੇਸ਼ਾ ਪੜ੍ਹਦੇ ਰਹਿਣ ਲਈ ਤਾੜਨਾ ਕਰਦੀ ਰਹਿੰਦੀ। ਰੋਟੀ ਪਾਣੀ ਸਾਡਾ ਵਾਹ-ਵਾਹ ਚਲਦਾ ਸੀ। ਜਦੋਂ ਮਾਮਾ ਕੱਪੜੇ ਸਿਊਂਦਾ, ਮੈਂ ਦੇਹਲੀ ‘ਤੇ ਬਹਿ ਕੇ ਫੱਟੇ ਵਾਲੇ ਪੱਖੇ ਦੀ ਰੱਸੀ ਖਿੱਚਦਾ ਤਾਂ ਉਹ ਖੁਸ਼ ਹੋ ਕੇ ਮਾਮੀ ਨੂੰ ਆਵਾਜ਼ ਮਾਰਦਾ, “ਏ ਲੱਛਮੀ, ਛੋਟੂ ਵਾਸਤੇ ਭੋਰਾ ਕੜਾਹ ਹੀ ਬਣਾ ਲੈ।” ਮਾਮੀ ਕਹਿੰਦੀ, “ਜੀਭ ਆਪਣੀ ਮੂਤਦੀ ਆ, ਨਾਉਂ ਛੋਟੂ ਦਾ।” ਦੋਹਾਂ ਘਰਾਂ ਵਿਚ ਛੋਟਾ ਦਰਵਾਜ਼ਾ ਲੱਗਿਆ ਹੋਇਆ ਸੀ ਜਿਸ ਦੀ ਸਰਦਲ ਨਾਲ ਵਾਰ-ਵਾਰ ਟਕਰਾਉਣ ਕਰ ਕੇ ਮਾਮੇ ਦੇ ਵੀ ਤੇ ਨਾਨੀ ਦੇ ਵੀ ਸਿਰ ਵਿਚ ਵਾਢੇ ਪਏ ਹੋਏ ਸਨ। ਇਸ ਛੋਟੇ ਦਰਵਾਜ਼ੇ ਥਾਣੀ ਨਾਨੀ ਸਾਨੂੰ ਕੁਝ ਨਾ ਕੁਝ ਦਿੰਦੀ ਰਹਿੰਦੀ।
ਮਾਮਾ ਜਿਥੇ ਵੀ ਜਾਂਦਾ, ਸਭ ਤੋਂ ਛੋਟਾ ਹੋਣ ਕਰ ਕੇ ਮੈਨੂੰ ਸਾਇਕਲ ਮੂਹਰੇ ਬਿਠਾ ਕੇ ਲੈ ਜਾਂਦਾ। ਕੋਈ ਵੀ ਖਾਣ ਵਾਲੀ ਚੀਜ਼ ਦੇਖ ਕੇ ਮੈਂ ਰਿਹਾੜ ਕਰਨ ਲੱਗ ਜਾਂਦਾ ਤਾਂ ਉਹ ਲੈ ਦਿੰਦਾ। ਇਕ ਬਰਸਾਤ ਵਿਚ ਕੰਧ ਹੇਠ ਆ ਕੇ ਮਾਮੇ ਦੀ ਲੱਤ ਟੁੱਟ ਗਈ। ਉਸ ਨੂੰ ਕੇਵਲ ਕੜਾਹ ਖਾਣ ਲਈ ਦੱਸਿਆ ਗਿਆ। ਮੈਨੂੰ ਵੀ ਕੜਾਹ ਮਿਲਣ ਲੱਗਿਆ, ਤਾਂ ਮੈਂ ਰੋਟੀ ਛੱਡ ਗਿਆ ਤੇ ਜਿਵੇਂ ਮਾਮਾ ਹੂੰਗਾਰਾ ਮਾਰਿਆ ਕਰੇ, ਕੜਾਹ ਖਾਂਦਿਆਂ ਮੈਂ ਵੀ ਉਵੇਂ ਮਾਰਿਆ ਕਰਾਂ। ਮਾਮੇ ਦੀ ਇੱਛਾ ਸੀ ਕਿ ਉਹ ਮੈਨੂੰ ਪੂਰੀ ਲਿਖਾ-ਪੜ੍ਹੀ ਕਰ ਕੇ ਗੋਦ ਲੈ ਲਵੇ ਪਰ ਬੇਬੇ ਸਦਾ ਟਾਲਮ-ਟੋਲ ਕਰਦੀ ਕਹਿੰਦੀ, “ਸਾਰੇ ਤੇਰੇ ਹੀ ਨੇ। ਤੂੰ ਐਵੇਂ ਪੁੱਠੀਆਂ ਗੱਲਾਂ ਨਾ ਸੋਚਿਆ ਕਰ।” ਦਰਅਸਲ ਬੇਬੇ ਡਰਦੀ ਸੀ ਕਿ ਜੇ ਇਕ ਅਮੀਂ ਨੂੰ ਦੇ ਦਿੱਤਾ, ਇਕ ਅੱਧ ਮਰ ਗਿਆ, ਮੇਰੇ ਤਾਂ ਬੱਸ ਦੋ ਹੀ ਰਹਿ ਜਾਣਗੇ!
ਮਾਮੇ ਦੀ ਸਖ਼ਤੀ, ਨਿਗਰਾਨੀ ਅਤੇ ਸਾਡੀ ਜਿੱਲ੍ਹਣ ‘ਚੋਂ ਨਿਕਲਣ ਦੀ ਇੱਛਾ ਨੇ ਸਾਨੂੰ ਪੜ੍ਹਨ-ਲਿਖਣ ਲਈ ਪ੍ਰੇਰਿਆ। ਵੀਰ ਜੀ ਦੀ ਆਗਰੇ ਨੌਕਰੀ ਲੱਗਣ ਕਰ ਕੇ ਉਸ ਨੇ ਛੋਟੇ ਭਰਾਵਾਂ ਤੋਂ ਸਭ ਕੁਝ ਕੁਰਬਾਨ ਕਰ ਦਿੱਤਾ। ਸਾਰੇ ਭਰਾਵਾਂ ਨੂੰ ਸਰਕਾਰੀ ਨੌਕਰੀਆਂ ਮਿਲ ਗਈਆਂ। ਆਪੋ ਆਪਣੇ ਮਕਾਨ ਬਣਾ ਲਏ। ਚੀਜ਼ਾਂ ਵਸਤਾਂ ਨਾਲ ਘਰ ਭਰ ਲਏ। ਆਪਣੇ ਆਪ ਨੂੰ ਵੱਡੇ ਬੰਦੇ ਸਮਝਣ ਲੱਗ ਪਏ। ਅਸੀਂ ਸਾਰੇ ਮਾਮੇ ਨੂੰ ਜਵਾਬੀ ਕਾਰਡ ਲਿਖਦੇ। ਮਾਮੀ ਅਤੇ ਉਹ ਸਦਾ ਸਾਡੇ ਖ਼ਤ ਉਡੀਕਦੇ ਰਹਿੰਦੇ। ਅਸੀਂ ਹਰ ਖ਼ਤ ਉਤੇ ਪੈਸਿਆਂ ਦੀ ਜਾਂ ਕਿਸੇ ਹੋਰ ਚੀਜ਼ ਦੀ ਲੋੜ ਬਾਰੇ ਪੁੱਛਦੇ। ਉਹ ਲਿਖਦਾ, “ਮੇਰੇ ਕੋਲ ਪੈਸਿਆਂ ਦਾ ਕੋਈ ਘਾਟਾ ਨਹੀਂ, ਤੁਸੀਂ ਮੌਜਾਂ ਕਰੋ। ਬੱਸ ਮੈਨੂੰ ਖ਼ਤ ਲਿਖਦੇ ਰਿਹਾ ਕਰੋ। ਪੂਰੀ ਗੱਲਬਾਤ ਲਿਖ ਕੇ ਕਾਰਡ ਦੇ ਦੋਨੋਂ ਪਾਸੇ ਭਰਿਆ ਕਰੋ। ਖ਼ਤ ਵਿਚ ਪਿੰਡ ਦੇ ਲੋਕਾਂ ਦਾ ਹਾਲ-ਚਾਲ ਪੁੱਛਿਆ ਕਰੋ। ਸਭ ਨੂੰ ਪੈਰੀਂ ਪੈਣਾ, ਸਤਿ ਸ੍ਰੀ ਅਕਾਲ ਲਿਖਿਆ ਕਰੋ।” ਦਰਅਸਲ ਜਦੋਂ ਵੀ ਸਾਡਾ ਕੋਈ ਖ਼ਤ ਉਸ ਨੂੰ ਮਿਲਦਾ, ਉਹ ਡਾਕੀਏ ਨੂੰ ਵੀ ਚਾਹ-ਪਾਣੀ ਪਿਲਾਉਂਦਾ ਤੇ ਪਿੰਡ ਦੇ ਪੜ੍ਹੇ-ਲਿਖੇ ਲੋਕਾਂ ਨੂੰ ਖ਼ਤ ਪੜ੍ਹਾ ਕੇ ਵੀ ਆਉਂਦਾ। ਅਗਲਾ ਕਹਿੰਦਾ, “ਸ਼ਾਬਾਸ਼ੇ ਬਈ ਤੇਰੇ ਅਮੀਂ ਚੰਦਾ, ਮੁੰਡੇ ਤੂੰ ਸਾਰੇ ਅਫ਼ਸਰ ਬਣਾ ‘ਤੇ। ਆਪਣੀ ਭੈਣ ਦੀ ਜ਼ਿੰਦਗੀ ਬਣਾ’ਤੀ। ਤੇਰਾ ਦੇਣ ਨਹੀਂ ਬਈ ਉਹ ਦੇ ਸਕਦੇ। ਐਨਾ ਤਾਂ ਕਿਸੇ ਪਿਉ ਨੇ ਨ੍ਹੀਂ ਕਿਸੇ ਦਾ ਕੀਤਾ ਜੋ ਤੂੰ ਕਰ ਦਿਖਾਇਆ।”
ਪਰ ਹੁਣ ਮਾਮੇ ਦੀ ਮੌਤ ਮਗਰੋਂ ਜਿਹੜੀ ਸਮੱਸਿਆ ਸਾਡੇ ਸਾਹਮਣੇ ਆਈ, ਉਹ ਸੀ ਬਿਰਧ ਮਾਮੀ ਨੂੰ ਆਪਣੇ ਕੋਲ ਰੱਖਣ ਦੀ। ਮੇਰੇ ਅੰਦਰੋਂ ਵਾਰ-ਵਾਰ ਕੋਈ ਆਵਾਜ਼ ਆਉਂਦੀ, “ਲੈ ਜਾ ਉਹਨੂੰ ਆਪਣੇ ਕੋਲ। ਔਖੀ ਘੜੀ ਏ ਉਸ ਦੀ, ਚੁਕਾ ਦੇ ਕਰਜ਼।” ਇਹ ਆਵਾਜ਼ ਕਿਸ ਦੀ ਸੀ? ਮੈਂ ਇਸ ਆਵਾਜ਼ ਤੋਂ ਵਾਰ-ਵਾਰ ਆਪਣਾ ਮੂੰਹ ਕਿਉਂ ਮੋੜ ਰਿਹਾ ਸਾਂ? ਦੋਰਾਹੇ ਵਿਚ ਮੇਰੇ ਆਪਣੇ ਪਰਿਵਾਰ ਦੇ ਸਾਰੇ ਜੀਅ ਚੰਗੀਆਂ ਨੌਕਰੀਆਂ ਕਰਦੇ ਸਨ। ਬਿਰਧ ਅਵਸਥਾ ਵਿਚ ਅੱਪੜੀ ਮੇਰੀ ਬੇਬੇ ਮੇਰੇ ਕੋਲ ਸੀ। ਇਕ ਹੋਰ ਬੁੱਢੀ ਮਾਮੀ ਨੂੰ ਮੈਂ ਕਿਵੇਂ ਰੱਖਦਾ? ਮਾਮੇ ਨੂੰ ਦਾਗ ਲਾਉਣ ਤੋਂ ਭੋਗ ਵਿਚਲੇ ਸਮੇਂ ਮਾਮੀ ਦੀ ਭਤੀਜੀ ਸੱਤਿਆ ਉਸ ਕੋਲ ਰਹੀ ਸੀ।
ਭੋਗ ਤੋਂ ਮਗਰੋਂ ਅਸੀਂ ਸਾਰੇ ਭਰਾ ਇਕੱਠੇ ਬੈਠ ਕੇ ਮਾਮੀ ਬਾਰੇ ਸੋਚਣ ਲੱਗੇ ਤਾਂ ਸੱਤਿਆ ਵੀ ਵਿਚ ਆ ਬੈਠੀ। ਮਾਮੀ ਨਾਲੋਂ ਬਹੁਤਾ ਫਿਕਰ ਸਾਨੂੰ ਲੋਕਾਂ ਦਾ ਸੀ ਜਿਨ੍ਹਾਂ ਨੇ ਸਾਨੂੰ ਪਾਣੀ ਪੀ-ਪੀ ਕੋਸਣਾ ਸੀ। ਮੈਂ ਚੁੱਪ ਬੈਠਾ ਸਾਂ। ਮੈਥੋਂ ਵੱਡੇ ਦੋਨੋਂ ਵੀ ਕੇਂਦਰੀ ਨੁਕਤੇ ‘ਤੇ ਆਉਣ ਤੋਂ ਤਿੜ੍ਹਕਦੇ ਸਨ। ਵੀਰ ਜੀ (ਗੁਰਦੀਪ ਸਿੰਘ) ਕਹਿਣ ਲੱਗੇ, “ਚੱਲ ਕੋਈ ਨਾ ਭਾਈ, ਮੈਂ ਮਾਮੀ ਨੂੰ ਪਟਿਆਲੇ ਲੈ ਜਾਂਦਾ ਹਾਂ ਆਪਣੇ ਕੋਲ। ਮੇਰੇ ਵੀ ਗੋਡੇ ਖੜ੍ਹ ਗਏ। ਉਹ ਜਾਣੇ, ਪਈ ਰਹੂ ਉਥੇ। ਜਿੰਨਾ ਸਰਿਆ ਕਰੀ ਜਾਵਾਂਗੇ।” ਵੀਰ ਜੀ ਬੋਲਦੇ ਅੱਖਾਂ ਭਰ ਆਏ। ਇਹ ਵੀਰ ਜੀ ਨਾਲ ਬੜਾ ਧੱਕਾ ਹੋਣਾ ਸੀ। ਉਨ੍ਹਾਂ ਸਾਰੀ ਜੁਆਨੀ ਹੀ ਭਰਾਵਾਂ ਨੂੰ ਉਤੇ ਚੁੱਕਣ ਲਈ ਲਾ ਦਿੱਤੀ ਸੀ। ਲੋਕਾਂ ਤੋਂ ਉਧਾਰ ਚੁੱਕ-ਚੁੱਕ ਸਾਡੀਆਂ ਫੀਸਾਂ ਦਿੰਦੇ ਰਹੇ ਸਨ। ਬਿਗਾਨੀ ਧੀ, ਸਾਡੀ ਭਾਬੀ ਨੂੰ ਵੀ ਉਨ੍ਹਾਂ ਨੇ ਕਬੀਲਦਾਰੀ ਦੇ ਗਿੱਲੇ ਕੰਬਲ ਹੇਠ ਦੱਬ ਦਿੱਤਾ ਸੀ। ਬੁਰੀ ਤਰ੍ਹਾਂ ਦੋ ਵਾਰੀ ਐਕਸੀਡੈਂਟ ਹੋਣ ਕਰ ਕੇ ਭਾਬੀ ਲੰਮੇ ਸਮੇਂ ਤੋਂ ਮੰਜੇ ‘ਤੇ ਪਈ ਸੀ।
ਸੱਤਿਆ ਕਹਿਣ ਲੱਗੀ, “ਵੀਰ ਜੀ, ਤੁਸੀਂ ਫਿਕਰ ਨਾ ਕਰੋ। ਭੂਆ ਜੀ ਨੂੰ ਮੈਂ ਰੱਖਾਂਗੀ, ਆਪਣੇ ਕੋਲ ਮੁਬਾਰਕਪੁਰ। ਮੈਂ ਉਸ ਨੂੰ ਕੱਲ੍ਹ ਹੀ ਆਪਣੇ ਨਾਲ ਲੈ ਜਾਵਾਂਗੀ।” ਪਰ ਨੇੜੇ ਹੀ ਬੈਠੀ ਸੱਤਿਆ ਦੀ ਮਾਂ (ਮਾਮੀ ਦੀ ਭਰਜਾਈ) ਉਖੜੀ ਕੁਹਾੜੀ ਵਾਂਗ ਪਈ, “ਤੂੰ ਕਿਉਂ ਲੈ ਜਾਵੇਂਗੀ। ਲੈ ਜਾਣ ਉਹਦੇ ਭਾਣਜੇ ਜਿਨ੍ਹਾਂ ਨੇ ਸਾਰੀ ਉਮਰ ਚੂੰਡਿਆ ਉਹਨੂੰ। ਕੋਠੀਆਂ ਕਾਰਾਂ ਵਾਲੇ ਨੇ, ਇਨ੍ਹਾਂ ਨੂੰ ਸ਼ਰਮ ਚਾਹੀਦੀ ਏ।” ਪਰ ਸੱਤਿਆ ਬੋਲੀ, “ਮੰਮੀ, ਇਉਂ ਨਾ ਕਹੋ। ਭੂਆ ਜੀ ਨੂੰ ਮੈਂ ਹੀ ਰੱਖਣਾ ਏਂ। ਹੋਰ ਕਿਸੇ ਨਾਲ ਉਹ ਜਾਣਾ ਵੀ ਨਹੀਂ ਚਾਹੁੰਦੇ। ਬਜ਼ੁਰਗਾਂ ਦੀ ਸੇਵਾ ਤਾਂ ਕਿਸਮਤ ਵਾਲੇ ਨੂੰ ਨਸੀਬ ਹੁੰਦੀ ਏ।”
ਉਸ ਦੀ ਗੱਲ ਸੁਣ ਕੇ ਉਸ ਦਾ ਡੈਡੀ (ਮਾਮੀ ਦਾ ਭਰਾ) ਸਾਧੂ ਰਾਮ ਅੱਖਾਂ ਭਰ ਆਇਆ ਤੇ ਆਪਣੀ ਧੀ ਦੀ ਪਿੱਠ ਥਾਪੜਨ ਲੱਗ ਪਿਆ। ਮੈਂ ਸੱਤਿਆ ਵੱਲ ਦੇਖਿਆ। ਅਤਿ ਸਾਧਾਰਨ ਕੱਪੜੇ, ਕੋਕੇ ਤੋਂ ਬਿਨਾਂ ਸਾਰੇ ਗਹਿਣੇ ਚਾਂਦੀ ਦੇ। ਉਸ ਦਾ ਘਰਵਾਲਾ ਕਿਸੇ ਫੈਕਟਰੀ ਵਿਚ ਕਾਮਾ ਸੀ।
ਸੱਤਿਆ ਨੇ ਸਾਡੀ ਸਮੱਸਿਆ ਹੱਲ ਕਰ ਦਿੱਤੀ। ਅਸੀਂ ਭਰਾਵਾਂ ਨੇ ਸਲਾਹ ਕਰ ਕੇ ਸੱਤਿਆ ਨੂੰ ਕਿਹਾ, “ਦੇਖ ਕੁੜੀਏ, ਜਿਹੜਾ ਇਹ ਮਕਾਨ ਏਂ। ਪੰਜਾਹ ਸੱਠ ਹਜ਼ਾਰ ਦਾ ਤਾਂ ਵਿਕ ਹੀ ਜਾਵੇਗਾ, ਤੂੰ ਵੇਚ ਦੇਣਾ। ਐਨਾ ਕੁ ਟੂਮ ਟੱਲਾ ਵੀ ਮਾਮੀ ਕੋਲ ਹੈਗਾ, ਉਹ ਵੀ ਤੇਰਾ। ਤੂੰ ਕਹੇਂ ਤਾਂ ਅਸੀਂ ਖਰਚਾ ਵੀ ਭੇਜ ਦਿਆਂਗੇ।” ਉਹ ਮੁਸਕਰਾ ਕੇ ਬੋਲੀ, “ਵੀਰ ਜੀ, ਭੂਆ ਜੀ ਨੂੰ ਰੱਖਣ ਦਾ ਮੈਂ ਮੁੱਲ ਵੱਟਣਾ ਏਂ? ਮੈਂ ਤਾਂ ਸੇਵਾ ਕਰਨੀ ਏਂ, ਨਿਰ-ਸੁਆਰਥ ਹੋ ਕੇ ਪਰ ਮੇਰਾ ਸੁਆਰਥ ਵੀ ਹੈਗਾ ਏ, ਉਹ ਇਹ ਕਿ ਜੇ ਅੱਜ ਮੈਂ ਇਹਦੀ ਸੇਵਾ ਕਰਾਂਗੀ ਤਾਂ ਮੇਰੀ ਔਲਾਦ ਦੇਖੂ ਤੇ ਮੈਨੂੰ ਬੁਢਾਪੇ ਵਿਚ ਪੁੱਛੂ। ਰਹੀ ਗੱਲ ਘਰ ਦੀ ਤੇ ਗਹਿਣਿਆਂ ਦੀ। ਇਹ ਸਭ ਕੁਝ ਤੁਹਾਡਾ ਹੈ। ਰੱਖੋ ਚਾਹੇ ਵੇਚੋ।” ਮਨ ਹੀ ਮਨ ਉਸ ਕੁੜੀ ਅੱਗੇ ਮੇਰਾ ਸਿਰ ਝੁਕ ਗਿਆ। ਅਸੀਂ ਕੀ ਸਾਂ, ਤੇ ਇਹ ਗਰੀਬੜੀ ਜਿਹੀ ਕੁੜੀ ਕੀ ਸੀ! ਮੇਰੇ ਅੰਦਰੋਂ ਕੁਝ ਪਿੰਘਰ ਰਿਹਾ ਸੀ।
ਮਾਮੇ ਮਾਮੀ ਦੀ ਆਪਸੀ ਨੇੜਤਾ, ਆਪਸੀ ਪਿਆਰ ਬਾਰੇ ਪਿੰਡ ਦੇ ਲੋਕ ਗੱਲਾਂ ਕਰਦੇ ਸਨ। ਅਸੀਂ ਕਦੀ ਉਨ੍ਹਾਂ ਨੂੰ ਲੜਦੇ ਜਾਂ ਇਕ ਦੂਜੇ ਨੂੰ ਉਚਾ ਬੋਲਦੇ ਨਹੀਂ ਸੀ ਸੁਣਿਆ। ਮੁਬਾਰਕਪੁਰ ਜਾਣ ਮਗਰੋਂ ਮਾਮੀ ਨੇ ਖਾਣਾ ਪੀਣਾ ਛੱਡ ਦਿੱਤਾ। ਕੁਝ ਹੀ ਦਿਨਾਂ ਮਗਰੋਂ ਉਸ ਨੇ ਮੰਜਾ ਮੱਲ ਲਿਆ। ਬੱਸ ਇਕੋ ਗੱਲ ਕਿਹਾ ਕਰੇ, “ਮੇਰਾ ‘ਮਹਾਰਾਜ’ ਕਿੱਥੇ ਆ? ਮੈਨੂੰ ਉਹਦੇ ਕੋਲ ਛੱਡ ਕੇ ਆਓ। ਮੈਂ ਨਹੀਂ ਕੁਝ ਵੀ ਖਾਣਾ।” ਮਾਮੇ ਨੂੰ ਉਹ ‘ਮਹਾਰਾਜ’ ਕਹਿੰਦੀ ਹੁੰਦੀ ਸੀ।æææ ਤੇ ਮਹੀਨੇ ਦੇ ਵਿਚ-ਵਿਚ ਹੀ ਉਹ ਆਪਣੇ ਮਹਾਰਾਜ ਕੋਲ ਚਲੀ ਗਈ।
(ਚਲਦਾ)

Be the first to comment

Leave a Reply

Your email address will not be published.