ਗੋਆ ਫ਼ਿਲਮ ਮੇਲੇ ਦੇ ਹਵਾਲੇ ਨਾਲ ਸਿਨੇਮਾ ਦੀ ਵਿਰਾਸਤ

ਜਤਿੰਦਰ ਮੌਹਰ
ਫੋਨ: 91-97799-34747
ਭਾਰਤ ਦਾ 44ਵਾਂ ਕੌਮਾਂਤਰੀ ਫ਼ਿਲਮ ਨਵੰਬਰ 2013 ਵਿਚ ਗੋਆ ‘ਚ ਲੱਗਿਆ। ਇਹ ਮੇਲਾ ਭਾਰਤ ਸਰਕਾਰ ਦਾ ਉੱਦਮ ਹੁੰਦਾ ਹੈ। ਕੁੱਲ ਆਲਮ ਦੀਆਂ ਚੋਣਵੀਆਂ ਫ਼ਿਲਮਾਂ ਮੇਲੇ ਦਾ ਸ਼ਿੰਗਾਰ ਬਣੀਆਂ। ਕਈ ਮਸ਼ਹੂਰ ਹਸਤੀਆਂ ਨੇ ਮੇਲੇ ਵਿਚ ਸ਼ਿਰਕਤ ਕੀਤੀ। ਇਨ੍ਹਾਂ ਹਸਤੀਆਂ ਨਾਲ ਰੂਬਰੂ-ਸਮਾਗਮ ਹੋਏ। ਖੇਤਰੀ ਅਤੇ ਆਲਮੀ ਸਿਨੇਮੇ ਦੀਆਂ ਸੰਭਾਵਨਾਵਾਂ, ਪ੍ਰਸੰਗਿਕਤਾ, ਦਰਪੇਸ਼ ਮੁਸ਼ਕਿਲਾਂ ਅਤੇ ਉਨ੍ਹਾਂ ਦੇ ਹੱਲ ਬਾਬਤ ਬਹਿਸਾਂ ਕਰਵਾਈਆਂ ਗਈਆਂ। ਦੂਜੇ ਮੁਲਕਾਂ ਤੋਂ ਬਿਨਾਂ ਭਾਰਤੀ ਫ਼ਿਲਮ-ਪ੍ਰੇਮੀ ਹੁੰਮ-ਹੁਮਾ ਕੇ ਫ਼ਿਲਮ ਮੇਲਾ ਦੇਖਣ ਪਹੁੰਚੇ।
ਦੂਜੇ ਮੁਲਕਾਂ ਤੋਂ ਆਏ ਫ਼ਿਲਮਸਾਜ਼ਾਂ ਨੂੰ ਦੇਖ ਕੇ ਸਿਨੇਮੇ ਦੇ ਸਾਂਝੀ ਵਿਰਾਸਤ ਹੋਣ ਦਾ ਖਿਆਲ ਹੋਰ ਪੱਕਾ ਹੋ ਜਾਂਦਾ ਹੈ। ਫ਼ਿਲਮ ਦਾ ਕੰਮ ਮਨੁੱਖ ਨੂੰ ਮਨੁੱਖ ਦੇ ਨੇੜੇ ਲੈ ਕੇ ਆਉਣਾ ਹੈ। ਡਾਢਿਆਂ ਨੇ ਬੇਸ਼ੱਕ ਮਨੁੱਖ ਦੇ ਮਨੁੱਖ ਨਾਲ ਰਾਬਤੇ ਨੂੰ ਸਭਿਆਤਾਵਾਂ ਦਾ ਟਕਰਾਅ ਕਿਹਾ ਹੋਵੇ ਪਰ ਸਿਨੇਮਾ ਇਸ ਧਾਰਨਾ ਨੂੰ ਭੰਨਣ ਦਾ ਅਹਿਮ ਮਾਧਿਅਮ ਬਣਿਆ ਹੈ। ਸਭਿਆਚਾਰਾਂ ਦਾ ਨਿਆਰਾਪਣ ਵੰਨ-ਸੁਵੰਨਤਾ ਦਾ ਸਬੱਬ ਹੈ। ਇਸ ਵੰਨ-ਸੁਵੰਨਤਾ ਨਾਲ ਹੀ ਆਲਮ ਬਹੁਰੰਗਾ ਅਤੇ ਖ਼ੂਬਸੂਰਤ ਬਣਦਾ ਹੈ। ਆਲਮੀ ਸਿਨੇਮਾ ਵੰਨ-ਸੁਵੰਨਤਾ ਦੀ ਖ਼ੂਬਸੂਰਤੀ ਦਾ ਜਸ਼ਨ ਹੈ। ਸਾਂਝੀ ਆਲਮੀ ਵਿਰਾਸਤ ਅਤੇ ਮਨੁੱਖਤਾ ਦਾ ਅਹਿਸਾਸ ਲੋਕਾਈ ਦਾ ਜੋੜ-ਮੇਲ ਹੈ ਜਿੱਥੇ ਹੱਦਾਂ ਵਿਚ ਵੰਡੇ ਜੀਅ ਦੁਸ਼ਮਣ ਨਹੀਂ ਦਿਖਾਈ ਦਿੰਦੇ। ਇਰਾਨੀ ਫ਼ਿਲਮਸਾਜ਼ ਮਾਜਦ ਮਜੀਦੀ ਭਾਰਤੀਆਂ ਨਾਲ ਗਿਲਾ ਕਰਦਾ ਹੈ ਕਿ ਹੁਣ ਭਾਰਤ ਵਿਚ ਚੰਗੀਆਂ ਫ਼ਿਲਮਾਂ ਬਣਨੀਆਂ ਘਟ ਗਈਆਂ ਹਨ। ਉਹ ਸੱਤਿਆਜੀਤ ਰੇਅ ਦੀ ਵਿਰਾਸਤ ਨੂੰ ਗਾਇਬ ਹੁੰਦੀ ਤੱਕਦਾ ਹੈ। ਵਧੇਰੇ ਫ਼ਿਲਮਾਂ ਵਿਚ ਵਿਤੀ ਪੱਖ ਅਹਿਮ ਹੁੰਦਾ ਜਾ ਰਿਹਾ ਹੈ। ਇਹ ਮਾਜਦ ਦਾ ਭਾਰਤੀਆਂ ਲਈ ਫ਼ਿਕਰ ਹੈ। ਉਹ ਇਰਾਨ ਅਤੇ ਭਾਰਤ ਦੀ ਸਾਂਝੀ ਵਿਰਾਸਤ ਨੂੰ ਸ਼ਿੱਦਤ ਨਾਲ ਮਹਿਸੂਸ ਕਰਦਾ ਹੈ। ਉਹਦਾ ਕਹਿਣਾ ਹੈ ਕਿ ਦੋਹਾਂ ਮੁਲਕਾਂ ਕੋਲ ਸਾਂਝਾ ਕਰਨ ਲਈ ਬਹੁਤ ਕੁਝ ਹੈ। ਇਸੇ ਸਿਦਕਦਿਲੀ ਵਿਚੋਂ ਉਹ ਭਾਰਤ ‘ਚ ਫ਼ਿਲਮ ਬਣਾ ਰਿਹਾ ਹੈ। ਉਹ ਦੋਵੇਂ ਮੁਲਕਾਂ ਵਿਚਕਾਰ ਸਾਂਝੀ ਕੜੀ ਬਣਦਾ ਹੈ।
ਵੱਖਰੀਆਂ ਬੋਲੀਆਂ ਅਤੇ ਮੁਲਕਾਂ ਦੇ ਫ਼ਿਲਮਸਾਜ਼ ਵਿੱਤ ਅਤੇ ਹੁਨਰ ਮੁਤਾਬਕ ਆਪਣੇ ਸਮਾਜ ਅਤੇ ਖਿੱਤੇ ਦਾ ਸੰਵਾਦ ਪੂਰੇ ਆਲਮ ਨਾਲ ਰਚਾਉਣ ਦੇ ਕਾਰਜ ਵਿਚ ਲੱਗੇ ਦਿਖਾਈ ਦਿੰਦੇ ਹਨ। ਸਭ ਤੋਂ ਪਹਿਲਾਂ ਉਨ੍ਹਾਂ ਦਾ ਸੰਵਾਦ ਅਪਣੇ-ਆਪ ਨਾਲ ਹੁੰਦਾ ਹੋਵੇਗਾ ਕਿ ਉਹ ਸਿਨੇਮੇ ਬਾਰੇ ਕੀ ਸੋਚਦੇ ਹਨ ਅਤੇ ਫ਼ਿਲਮ ਵਰਗੇ ਮਾਧਿਅਮ ਨੂੰ ਹੀ ਕਿਉਂ ਚੁਣ ਰਹੇ ਹਨ। ਆਪਣੇ-ਆਪ ਨਾਲ ਸੰਵਾਦ ਕੀਤੇ ਬਿਨਾਂ ਜਾਂ ਖੁਦ ਨੂੰ ਸਵਾਲਾਂ ਦੇ ਘੇਰੇ ਵਿਚ ਲਿਆਂਦੇ ਬਿਨਾਂ ਸਿਰਜਣਾ ਦਾ ਕਾਰਜ ਨਹੀਂ ਆਰੰਭਿਆ ਜਾ ਸਕਦਾ। ਖਾਸ ਕਰ ਕੇ ਉਸ ਮਾਧਿਅਮ ਬਾਰੇ ਨਿੱਜੀ ਸਮਝ ਪਾਣੀ ਵਾਂਗ ਸਾਫ਼ ਹੋਣੀ ਬਹੁਤ ਜ਼ਰੂਰੀ ਹੈ ਜੋ ਸਮਾਜ ਜਾਂ ਜਨਤਕ ਸਮਝ ਬਣਾਉਣ ਦਾ ਅਹਿਮ ਮਾਧਿਅਮ ਹੋਵੇ। ਸਿਨੇਮਾ ਲੋਕਾਂ ਨਾਲ ਗੱਲ ਕਰਨ ਅਤੇ ਲੋਕਾਂ ਤੱਕ ਗੱਲ ਪੁਚਾਉਣ ਦਾ ਸਭ ਤੋਂ ਵੱਡਾ ਮਾਧਿਅਮ ਹੈ। ਖੁਦ ਨਾਲ ਕੀਤਾ ਸੰਵਾਦ ਫ਼ਿਲਮਸਾਜ਼ ਨੂੰ ਆਲੇ ਦੁਆਲੇ ਦੀ ਬਿਹਤਰ ਸਮਝ ਦੇ ਯੋਗ ਬਣਾਉਂਦਾ ਹੈ। ਉਂਜ ਇਹ ਵਿਚਾਰ ਗ਼ੈਰ-ਫ਼ਿਲਮੀ ਲੋਕਾਂ ਉਤੇ ਵੀ ਬਰਾਬਰ ਹੀ ਢੁੱਕਦਾ ਹੈ। ਇਹ ਵਿਚਾਰ ਅੰਤਮ ਸੱਚ ਦਾ ਰੂਪ ਨਹੀਂ ਸਗੋਂ ਬਿਹਤਰ ਸਿੱਖਣ-ਸਿਖਾਉਣ ਦੀ ਰਵਾਇਤ ਹੈ, ਜਿੱਥੇ ਫ਼ਿਲਮਸਾਜ਼ ਸੰਗਤ ਨੂੰ ਸੰਵਾਦ ਦੀ ਬਰਾਬਰ ਧਿਰ ਵਜੋਂ ਮਾਨਤਾ ਦਿੰਦਾ ਹੈ। ਉਹਦੇ ਲਈ ਫ਼ਿਲਮ ਇਕਤਰਫਾ ਮਾਧਿਅਮ ਨਹੀਂ ਹੈ। ਫ਼ਿਲਮ ਵਿਚਲਾ ਵਿਚਾਰ, ਸੰਵਾਦ ਸ਼ੁਰੂ ਕਰਨ ਦਾ ਮਾਧਿਅਮ ਹੈ ਪਰ ਅੰਤਮ ਸੱਚ ਨਹੀਂ ਹੈ। ਵੱਖਰੀਆਂ ਫ਼ਿਲਮਾਂ ਸਮਾਜ, ਸਿਆਸਤ ਅਤੇ ਮਨੁੱਖੀ ਸੁਭਾਅ ਦੀਆਂ ਬਾਰੀਕ ਤੰਦਾਂ ਨੂੰ ਵੱਖਰੀ ਰੌਸ਼ਨੀ ਵਿਚ ਆਲਮ ਅੱਗੇ ਲਿਆਉਂਦੀਆਂ ਹਨ। ਵੱਖਰੇ ਖਿੱਤਿਆਂ ਬਾਬਤ ਬਣੀਆਂ ਚਾਲੂ ਧਾਰਨਾਵਾਂ ਨੂੰ ਇਹ ਫ਼ਿਲਮਾਂ ਜ਼ਿੰਮੇਵਾਰੀ ਨਾਲ ਤੋੜਦੀਆਂ ਹਨ। ਫ਼ਿਲਮ ਦੀ ਪਰਦਾਪੇਸ਼ੀ ਤੋਂ ਬਾਅਦ ਫ਼ਿਲਮ-ਕਾਮਿਆਂ ਦੀ ਦਰਸ਼ਕਾਂ ਨਾਲ ਹੁੰਦੀ ਚਰਚਾ ਕਲਾ ਦੀਆਂ ਹੋਰ ਤੰਦਾਂ ਖੋਲ੍ਹਦੀ ਹੈ। ਫ਼ਿਲਮਸਾਜ਼ ਅਪਣੀ ਕਿਰਤ ਬਾਬਤ ਨਿਜੀ ਤਜਰਬੇ ਸਾਂਝੇ ਕਰਦਾ ਹੈ। ਉਹਦੇ ਤਜਰਬੇ ਵਿਚੋਂ ਉਹਦੇ ਖਿੱਤੇ ਦੇ ਹਾਲਾਤ ਅਤੇ ਕਲਾ ਦੀ ਸਿਰਜਣਾ ਵਿਚ ਉਨ੍ਹਾਂ ਹਾਲਾਤ ਦੀ ਭੂਮਿਕਾ ਦਾ ਪਤਾ ਲੱਗਦਾ ਹੈ। ਉਹਦੇ ਵਲੋਂ ਅਪਣੇ ਖਿੱਤੇ ਦੇ ਮਨ ਨਾਲ ਰਚਾਇਆ ਸੰਵਾਦ ਉਹਦੇ ਭਾਈਚਾਰੇ ਦੀ ਨੁਮਾਇੰਦਗੀ ਕਰਦਾ ਹੈ।
ਫ਼ਿਲਮ ਮੇਲੇ ਵਿਚ ਪਹੁੰਚੀਆਂ ਫ਼ਿਲਮਾਂ ਮਨੁੱਖੀ ਭਾਵਨਾਵਾਂ ਨੂੰ ਪਰਦੇ ‘ਤੇ ਉਤਾਰਦੀਆਂ ਹਨ। ਫ਼ਿਲਮ ਮੇਲੇ ਵਿਚ ਇਸ ਵਰਤਾਰੇ ਦੀ ਝਲਕ ਹੋਰ ਉਘੜਵੇਂ ਰੂਪ ਵਿਚ ਸਾਹਮਣੇ ਆਉਂਦੀ ਹੈ। ਫ਼ਿਲਮ ਮੇਲੇ ਦੀਆਂ ਫ਼ਿਲਮਾਂ ਵਿਚ ਫ਼ਿਲਮਸਾਜ਼ ਦਾ ਜਲੌਅ ਸਿਖਰਾਂ ਉਤੇ ਹੁੰਦਾ ਹੈ। ਉਹ ‘ਮੁਖਧਾਰਾ’ ਸਿਨੇਮੇ ਦੇ ਦਬਾਅ ਤੋਂ ਮੁਕਤ ਹੋ ਕੇ ਫ਼ਿਲਮ ਬਣਾਉਂਦਾ ਹੈ, ਜਿੱਥੇ ਉਹਦੀ ਕਲਾਤਮਕ ਅਤੇ ਆਪੇ ਦੀ ਸੰਤੁਸ਼ਟੀ ਦੀ ਝਲਕ ਮਿਲਦੀ ਹੈ। ਉਹਦੇ ਉਤੇ ਲੱਗੀਆਂ ਵਿੱਤੀ ਪਾਬੰਦੀਆਂ ਟੁੱਟ ਜਾਂਦੀਆਂ ਹਨ। ਇਸ ਮਾਹੌਲ ਵਿਚ ਸਿਰਜਣਾ ਦਾ ਕਾਰਜ ਸੁਖਾਲਾ ਹੋ ਜਾਂਦਾ ਹੈ। ਅਸੀਂ ਪੰਜਾਬੀ ਸਿਨੇਮੇ ਨੂੰ ਆਲਮੀ ਸਿਨੇਮੇ ਦੀ ਕੜੀ ਵਜੋਂ ਦੇਖਣਾ ਚਾਹੁੰਦੇ ਹਾਂ। ਆਲਮੀ ਵਰਤਾਰੇ ਤੋਂ ਟੁੱਟ ਕੇ ਤੰਗ ਨਜ਼ਰੀ ਨਾਲ ਸਿਰਜੀ ਕਲਾ ਚਿਰਕਾਲੀ ਨਹੀਂ ਹੁੰਦੀ ਹੈ। ਪੰਜਾਬੀ ਸਿਨੇਮਾ ਪੰਜਾਬੀ ਮਨ, ਸਭਿਆਚਾਰ ਅਤੇ ਖਿੱਤੇ ਦੀ ਰੂਹ ਦੀ ਪਰਦਾਪੇਸ਼ੀ ਦਾ ਮਾਧਿਅਮ ਬਣ ਸਕਦਾ ਹੈ, ਜਿਹਦਾ ਆਲਮ ਨਾਲ ਸੰਵਾਦ ਹੋਣਾ ਜ਼ਰੂਰੀ ਹੈ। ਗੋਆ ਦਾ ਫ਼ਿਲਮ ਮੇਲਾ ਪੰਜਾਬ ਵਿਚੋਂ ਗਏ ਦਰਸ਼ਕ ਨੂੰ ਇਸ ਵਿਚਾਰ ਦਾ ਅਹਿਸਾਸ ਹੋਰ ਸ਼ਿੱਦਤ ਨਾਲ ਕਰਵਾਉਂਦਾ ਹੈ।

Be the first to comment

Leave a Reply

Your email address will not be published.