ਲੇਖਕ ਜੀ! ਪੇਪਰ ਹੀ ਕਾਲੇ ਕਰਦੇ ਹੋ?

‘ਪੰਜਾਬ ਟਾਈਮਜ਼’ ਦੇ 14 ਦਸੰਬਰ ਦੇ ਅੰਕ ਵਿਚ ਮੇਜਰ ਕੁਲਾਰ ਦਾ ਲੇਖ ‘ਚਲੋ ਕੱਟੀਏ ਪਖੰਡਾਂ ਵਾਲੀ ਡੋਰ’ ਦੋ ਵਾਰ ਪੜ੍ਹਿਆ। ਸਿਰਲੇਖ ਤੋਂ ਲੱਗਦਾ ਹੈ ਕਿ ਲੇਖਕ ਪਾਠਕਾਂ ਨੂੰ ਪਖੰਡਾਂ ਬਾਰੇ ਜਾਗਰੂਕ ਕਰਨਾ ਚਾਹੁੰਦਾ ਹੈ ਪਰ ਮੇਰੀ ਇਸ ਆਸ ਨੂੰ ਬੂਰ ਨਹੀਂ ਪਿਆ। ਲੇਖ ਦੇ ਅੰਤ ਵਿਚ ਲੇਖਕ ਨੇ ਲਿਖਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਯਕੀਨ ਪੱਕਾ ਕਰਨਾ ਚਾਹੀਦਾ ਹੈ। ਇਹ ਸਭ ਠੀਕ ਹੈ, ਪਰ ਸਵਾਲ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਉਪਮਾ ਅਤੇ ਸਿੱਖਿਆਵਾਂ ਲੇਖਕ ਨੂੰ ਉਦੋਂ ਯਾਦ ਨਹੀਂ ਸਨ ਜਦੋਂ ਉਸ ਨੂੰ ਇਹ ਪਤਾ ਲੱਗ ਗਿਆ ਸੀ ਕਿ ਪਾਠਕ ਮਾਤਾ ਦੇ ਘਰ ਕਿਸੇ ਸਾਧ ਨੇ ਆਉਣਾ ਹੈ? ਉਹ ਤਾਂ ਸਗੋਂ ਸੇਬ ਵਾਲੇ ਫੋਨ ਦਾ ਭਾਅ ਵੀ ਪਤਾ ਕਰ ਆਇਆ।
‘ਪੰਜੇ ਉਂਗਲਾਂ ਇਕੋ ਜਿਹੀਆਂ ਨਹੀਂ’ ਦੀ ਸੋਚ ਨਾਲ ਚੱਲੋ ਲੇਖਕ ਪਾਠਕ ਮਾਤਾ ਦੇ ਘਰੇ ਪਹੁੰਚ ਵੀ ਗਿਆ ਪਰ ਉਥੇ ਦਾ ਜੋ ਹਾਲ ਉਸ ਨੇ ਲਿਖਿਆ ਹੈ, ਉਹ ਧਿਆਨ ਮੰਗਦਾ ਹੈ। ਸਾਧ ਚੌਂਕੜਾ ਮਾਰੀ ਸੋਫੇ ਉਪਰ ਬੈਠਾ ਹੈ, ਫੋਨ ਉਪਰ ਹੀ ‘ਗਿਆਰਾਂ ਸੌ ਲੱਗੂ, ਕੰਮ ਹੋ ਜਾਊ’ ਕਹਿੰਦਾ ਹੈ, ਤੇ ਕਿਸੇ ਟਰੱਕਾਂ ਵਾਲੇ ਵੀਰ ਦਾ ਗਿਆਰਾਂ ਸੌ ਡਾਲਰ ਵਿਚ ਪਾਠ ਕਰ ਕੇ ਟਰੱਕਾਂ ਦੀ ਰਿਪੇਅਰ ਕਰੀ ਜਾਂਦਾ ਹੈ, ਕਿਸੇ ਸ਼ਰਧਾਲੂ ਦੀ ਲੜਕੀ ਦਾ ਰਿਸ਼ਤਾ ਵੀ ਕਰੀ ਜਾਂਦਾ, ਕਿਸੇ ਸ਼ਰਧਾਲੂ ਬੀਬੀ ਭੈਣ ਨੂੰ ਪੰਜ ਸੌ ਡਾਲਰ ਵਿਚ ਪਾਠ ਕਰ ਕੇ ਔਲਾਦ ਬਖ਼ਸ਼ੀ ਜਾਂਦਾ, ਕਿਸੇ ਸ਼ਰਧਾਲੂ ਜੋੜੇ ਤੋਂ ਪੰਜ ਸੌ ਡਾਲਰ ਲੈ ਕੇ ਬੱਚੇ ਕਹਿਣੇਕਾਰ ਬਣਾਈ ਜਾਂਦਾ ਹੈ; ਤਾਂ ਫਿਰ ਵੀ ਕਿਹੜੀ ਸ਼ੱਕ ਬਾਕੀ ਰਹਿ ਗਈ ਸੀ? ਸਾਫ਼ ਹੋ ਚੁੱਕਾ ਸੀ ਕਿ ਸਾਧ ਪਖੰਡੀ ਹੀ ਨਹੀਂ, ਭੋਲੇ ਲੋਕਾਂ ਨੂੰ ਲੁੱਟ ਵੀ ਰਿਹਾ ਹੈ।
ਲੇਖਕ ਲਈ ਉਹੀ ਵਕਤ ਸੀ ਉਠਣ ਦਾ; ਚਲਦੇ ਪਖੰਡ ਦੀ ਡੋਰ ਤੋੜਨ ਦਾ; ਉਨ੍ਹਾਂ ਸ਼ਰਧਾਲੂਆਂ ਦੀ ਹੋ ਰਹੀ ਲੁੱਟ ਰੋਕਣ ਦਾ, ਜਿਨ੍ਹਾਂ ਨੂੰ ਇਹ ਵੀ ਪਤਾ ਨਹੀਂ ਸੀ ਕਿ ਉਹ ਲੁੱਟੇ ਜਾ ਰਹੇ ਹਨ। ਉਠ ਕੇ ਟਰੱਕ ਵਾਲੇ ਨੂੰ ਕਹਿੰਦਾ ਕਿ ਟਰੱਕਾਂ ਦੀ ਰਿਪੇਅਰ ਸਾਧ ਨੂੰ ਗਿਆਰਾਂ ਸੌ ਡਾਲਰ ਦੇਣ ਨਾਲ ਨਹੀਂ ਹੋਣੀ, ਕਿਸੇ ਚੰਗੀ ਵਰਕਸ਼ਾਪ ਵਿਚ ਜਾਹ। ਬੀਬੀ ਨੂੰ ਕਹਿੰਦਾ, ਆਪਣਾ ਤੇ ਪਤੀ ਦਾ ਚੰਗੇ ਡਾਕਟਰ ਤੋਂ ਚੈਕਅੱਪ ਕਰਵਾ, ਵਾਹਿਗੁਰੂ ‘ਤੇ ਭਰੋਸਾ ਰੱਖੋ। ਜੇ ਇਸ ਤਰ੍ਹਾਂ ਵੀ ਨਹੀਂ ਸੀ ਕਰ ਸਕਦਾ ਤਾਂ ਉਥੋਂ ਉਠ ਕੇ ਹੀ ਆ ਜਾਂਦਾ। ਫਿਰ ਤਾਂ ਇਹ ਕਿੱਸਾ ਅਖਬਾਰ ਵਿਚ ਲਿਖਣ ਦੀ ਕੋਈ ਤੁਕ ਬਣਦੀ; ਨਹੀਂ ਤਾਂ ਇਹ ਲੇਖਕ ਦਾ ਨਿਰੋਲ ਜ਼ਾਤੀ ਮਸਲਾ ਹੀ ਸੀ।
ਨਾਲੇ ਪਾਖੰਡ ਜਾਂ ਪਤੰਗ ਦੀ ਡੋਰ ਪੇਚੇ ਲਾ ਕੇ ਹੀ ਕੱਟੀ ਜਾਂਦੀ ਹੈ। ਪੇਚਾ ਲਾਉਣਾ ਤਾਂ ਬਹੁਤ ਦੂਰ, ਲੇਖਕ ਤਾਂ ਸੋਫੇ ‘ਤੇ ਚੌਂਕੜਾ ਮਾਰੀ ਬੈਠੇ ਸਾਧ ਅੱਗੇ ਖੁਦ ਚੌਂਕੜਾ ਮਾਰੀ ਬੈਠਾ ਰਿਹਾ। ਸ਼ਰਧਾਲੂਆਂ ਦੀ ਹੁੰਦੀ ਲੁੱਟ ਦੇਖਦਾ ਰਿਹਾ। ਅਖੀਰ ਵਿਚ ਪਾਠਕ ਮਾਤਾ ਦੁਆਰਾ ਲੇਖਕ ਦੀ ਗਰੀਨ ਕਾਰਡ ਦੀ ਮੁਸ਼ਕਿਲ ਵੀ ਸਾਧ ਅੱਗੇ ਆ ਜਾਂਦੀ ਹੈ। ਲੇਖਕ ਨੇ ਪਾਠਕ ਮਾਤਾ ਨੂੰ ਆਪਣੀ ਮੁਸ਼ਕਿਲ ਸਾਧ ਅੱਗੇ ਰੱਖਣ ਤੋਂ ਰੋਕਿਆ ਕਿਉਂ ਨਹੀਂ? ਸਾਫ਼ ਹੈ ਕਿ ਉਹ ਵੀ ਗਰੀਨ ਕਾਰਡ ਵੱਟੇ ਵਸਤਰ ਦੇਣ ਲਈ ਤਾਂ ਤਿਆਰ ਸੀ; ਪਰ ਸਾਧੂ ਨੂੰ ਨਹੀਂ, ਘਰ ਦੇ ਮੈਂਬਰ ਦੁਆਰਾ ਕਿਸੇ ਹੋਰ ਨੂੰ। ਵਾਹ ਲੇਖਕ ਜੀ, ਵਾਹ!
ਬਾਕੀ ਰਹੀ ਲੇਖਕ ਦੀ ਹੁਸ਼ਿਆਰ ਰੇਡਰ ਵਾਂਗ ਕੈਂਚੀ ਨਾ ਲੱਗਣ ਦੇਣ ਦੀ ਗੱਲ; ਲੇਖਕ ਉਚੀ ਸੋਚ ਵਾਲਾ ਅਤੇ ਲੇਖਕ ਦੇ ਤੌਰ ‘ਤੇ ਵੀ ਕਾਫ਼ੀ ਕੱਦ ਵਾਲਾ ਹੈ, ਇਸ ਲਈ ਸਾਧ ਨੇ ਉਥੇ ਜਿੰਨੀਆਂ ਵੀ ਕੈਂਚੀਆਂ ਉਨ੍ਹਾਂ ਭੋਲੇ ਸ਼ਰਧਾਲੂਆਂ ਨੂੰ ਮਾਰੀਆਂ, ਉਹ ਕੈਂਚੀਆਂ ਉਸ ਦੀ ਉਥੇ ਚੌਂਕੜਾ ਮਾਰੀ ਬੈਠਿਆਂ ਸੋਚ ਅਤੇ ਅਕਲ ਨੂੰ ਵੀ ਲੱਗ ਰਹੀਆਂ ਸਨ। ਕਿਸੇ ਵੀ ਲੇਖਕ ਨੂੰ ਸੋਚ ਅਤੇ ਅਕਲ ਨੂੰ ਲੱਗੀ ਕੈਂਚੀ ਦਾ ਦੁੱਖ, ਜੇਬ ਨੂੰ ਲੱਗੀ ਸੌ ਦੋ ਸੌ ਦੀ ਕੈਂਚੀ ਨਾਲੋਂ ਕਿਤੇ ਜ਼ਿਆਦਾ ਹੋਣਾ ਚਾਹੀਦਾ ਹੈ। ਲੇਖਕ ਨੇ ਜੇਬ ਨੂੰ ਕੈਂਚੀ ਨਹੀਂ ਲੱਗਣ ਦਿੱਤੀ ਤਾਂ ਕੀ ਹੋ ਗਿਆ; ਸਾਧ ਨੇ ਉਸ ਨੂੰ ਸਿੱਖੀ ਦੀ ਵਿਚਾਰਧਾਰਾ ਵਿਚੋਂ ਹੀ ਆਉਣ ਕਰ ਕੇ ਨੰਬਰ ਆਪਣੇ ਨਾਂ ਕਰ ਲਿਆ।
ਉਹ ਪਾਠਕ ਜਿਸ ਨੂੰ ਲੇਖਕ ਮਾਤਾ ਕਹਿ ਕੇ ਸਤਿਕਾਰ ਦੇ ਰਿਹਾ ਹੈ, ਉਹਨੂੰ ਵੀ ਉਹ ਸੂਝਵਾਨ ਪੁੱਤਰ ਵਾਂਗ ਸਾਧ ਦੀ ਲੁੱਟ ਤੋਂ ਬਚਾਅ ਨਹੀਂ ਸਕਿਆ। ਸਭ ਕੁਝ ਜਾਣਦੇ ਹੋਏ ਵੀ ਕਿ ਸੇਬ ਵਾਲਾ ਫੋਨ ਪਖੰਡੀ ਸਾਧ ਨੂੰ ਭੇਟ ਹੋਵੇਗਾ, ਉਹ ਆਪ ਹੀ ਉਸ ਦਾ ਭਾਅ ਪੁੱਛ ਕੇ ਆਇਆ ਅਤੇ ਆਪ ਹੀ ਲਿਆ ਕੇ ਦਿੱਤਾ। ਸਮਝ ਹੀ ਨਹੀਂ ਆਈ ਕਿ ਉਸ ਨੇ ਪਖੰਡ ਦੀ ਡੋਰ ਕਿਥੇ ਅਤੇ ਕਦੋਂ ਕੱਟੀ ਹੈ? ਬੇਨਤੀ ਹੈ ਕਿ ਆਪਣੇ ਇਸ ਲੇਖ ਨੂੰ ਮੇਜਰ ਕੁਲਾਰ ਦੁਆਰਾ ਪੜ੍ਹੇ ਅਤੇ ਸਾਨੂੰ ਵੀ ਸਮਝਾਵੇ ਕਿ ਉਸ ਨੇ ਸਿੱਖੀ ਸੋਚ ‘ਤੇ ਪਹਿਰਾ ਕਿਥੇ ਦਿੱਤਾ ਹੈ? ਹੁਣ ਰਹੀ ਜੋਤ ਵਾਲੀ ਗੱਲ।æææ ਪਖੰਡੀ ਸਾਧ ਅੱਗੇ ਉਸ ਦੀ ਖਾਮੋਸ਼ੀ ਬਾਰੇ ਪੜ੍ਹ ਕੇ ਯਕੀਨ ਕਰਨਾ ਮੁਸ਼ਕਿਲ ਹੈ ਕਿ ਉਸ ਨੇ ਫੂਕ ਮਾਰ ਕੇ ਜੋਤ ਬੁਝਾ ਦਿੱਤੀ ਹੋਵੇਗੀ। ਚਲੋ, ਜੇ ਸੱਚ ਵੀ ਹੈ ਤਾਂ ਲਗਦਾ ਹੈ, ਮਕਸਦ ਘਿਉ ਬਚਾਉਣਾ ਹੋਵੇਗਾ; ਪਖੰਡ ਬੰਦ ਕਰਨਾ ਨਹੀਂ! ਇਹੀ ਤਾਂ ਵਿਚੋਂ ਸੋਚਣ ਵਾਲੀ ਗੱਲ ਹੈ ਕੁਲਾਰ ਵੀਰ ਜੀ!
ਇਸੇ ਮੁੱਦੇ ਨਾਲ ਮਿਲਦੀ-ਜੁਲਦੀ ਘਟਨਾ ਦੱਸਣਾ ਚਾਹੁੰਦਾ ਹਾਂ। ਬਾਪੂ ਦੇ ਅਪਰੇਸ਼ਨ ਕਰ ਕੇ ਇੰਡੀਆ ਸੱਤ ਅੱਠ ਦਿਨ ਇਕ ਹਸਪਤਾਲ ਵਿਚ ਰਿਹਾ। ਉਥੇ ਪੰਦਰਾਂ ਸੋਲਾਂ ਸਾਲ ਦਾ ਇਕ ਮੁੰਡਾ ਵੀ ਦਾਖ਼ਲ ਸੀ। ਉਸ ਪਰਿਵਾਰ ਤੋਂ ਅੰਦਾਜ਼ਾ ਲਗਾਉਣਾ ਔਖਾ ਨਹੀਂ ਸੀ ਕਿ ਉਨ੍ਹਾਂ ਦਾ ਗੁਜ਼ਾਰਾ ਔਖਾ ਹੈ। ਉਹ ਇਲਾਜ ਲਈ ਵੀ ਸ਼ਾਇਦ ਪੈਸੇ ਫੜ ਫੜਾ ਕੇ ਲਿਆਏ ਹੋਣਗੇ। ਇਕ ਸ਼ਾਮ ਇਕ ਸਾਧ ਅਤੇ ਉਹਦਾ ਚੇਲਾ ਮੁੰਡੇ ਦੀ ਖ਼ਬਰ ਨੂੰ ਆਏ। ਮੁੰਡੇ ਦਾ ਪਰਿਵਾਰ ਸਾਧ ਦਾ ਸ਼ਰਧਾਲੂ ਸੀ। ਮੁੰਡੇ ਦੀ ਮਾਂ ਨੇ ਆਪਣੀ ਚੁੰਨੀ ਦੇ ਲੜ ਨਾਲ ਬੰਨ੍ਹੇ ਦੋ ਸੌ ਰੁਪਏ ਖੋਲ੍ਹੇ ਅਤੇ ਸਾਧ ਨੂੰ ਮੱਥਾ ਟੇਕ ਦਿੱਤਾ। ਨਾਲ ਹੀ ਚਾਹ ਦਾ ਆਰਡਰ ਕਰ ਦਿੱਤਾ। ਸਾਧ ‘ਆ ਜਾਊ ਅਰਾਮ ਆ ਜਾਊ’ ਕਹਿੰਦਾ ਚਾਹ ਦੀਆਂ ਚੁਸਕੀਆਂ ਭਰੀ ਜਾਵੇ। ਬਾਪੂ ਆਪਣੇ ਬਿਸਤਰ ‘ਤੇ ਬੈਠਾ ਸਭ ਕੁਝ ਦੇਖ ਰਿਹਾ ਸੀ। ਉਹ ਬੈਡ ਤੋਂ ਉਠ ਖਲੋਤਾ। ਮੈਂ ਕਾਰਨ ਪੁੱਛਿਆ ਤਾਂ ਬਾਪੂ ਕਹਿੰਦਾ, “ਪੁੱਤ, ਹੁਣ ਹੀ ਉਠਣ ਦਾ ਵਕਤ ਹੈ। ਅੱਖਾਂ ਸਾਹਮਣੇ ਸਾਧ ਲੁੱਟ ਰਿਹਾ ਹੈ, ਗਰੀਬ ਮਾਰ ਹੋ ਰਹੀ ਹੈ।” ਇਹ ਕਹਿ ਕੇ ਮੇਰਾ ਅਨਪੜ੍ਹ, ਛੋਟੇ ਅਤੇ ਕਮਜ਼ੋਰ ਸਰੀਰ ਦਾ ਮਾਲਕ ਬਾਪੂ ਚਪਲਾਂ ਘੜੀਸਦਾ ਉਸ ਸਾਧ ਅੱਗੇ ਜਾ ਖਲੋਤਾ, ਬੇਝਿਜਕ ਕਹਿਣ ਲੱਗਾ, “ਤੂੰ ਫਲਾਣਾ ਏਂ?” ਸਾਧ ਨਾਲ ਆਇਆ ਚੇਲਾ ਮੰਤਰੀ ਨਾਲ ਆਏ ਗੰਨਮੈਨ ਵਾਂਗ ਕਹਿਣ ਲੱਗਾ, “ਹਾਂ ਜੀ, ਇਹ ਪਰਿਵਾਰ ਇਨ੍ਹਾਂ ਦਾ ਸ਼ਰਧਾਲੂ ਹੈ। ਤੁਸੀਂ ਵੀ ਕੁਝ ਪੁੱਛਣਾ ਹੈ?” ਬਾਪੂ ਨੇ ਮੂੰਹ ਘੁਮਾ ਕੇ ਮੁੰਡੇ ਦੀ ਮਾਂ ਵੱਲ ਕੀਤਾ ਤੇ ਕਿਹਾ, “ਮੈਂ ਪੁੱਛਣਾ ਨਹੀਂ, ਇਸ ਭੈਣ ਜੀ ਨੂੰ ਕੁਝ ਦੱਸਣਾ ਹੈæææ ਭੈਣ ਜੀ, ਇਹ ਸਾਧ ਸਾਡੇ ਲਾਗਲੇ ਪਿੰਡ ਦਾ ਫਲਾਣੇ ਦਾ ਮੁੰਡਾ ਹੈ। ਇਹਦਾ ਦਾਦਾ ਮਿਹਨਤੀ ਅਤੇ ਸ਼ਰੀਫ਼ ਬੰਦਾ ਸੀ, ਆਹ ਪੁੱਛਾਂ ਦੇਣ ਦਾ ਕੰਮ ਇਹਦੇ ਨਸ਼ਈ ਤੇ ਕੰਮਚੋਰ ਬਾਪੂ ਨੇ ਚਾਲੂ ਕੀਤਾ ਸੀ। ਉਹਦੇ ਮਰ ਜਾਣ ਬਾਅਦ ਹੁਣ ਇਹ ਲੋਕਾਂ ਨੂੰ ਲੁੱਟਣ ਲੱਗ ਪਿਆ ਹੈ। ਤੇਰੇ ਮੱਥਾ ਟੇਕੇ ਪੈਸਿਆਂ ਦੀ ਇਨ੍ਹਾਂ ਸ਼ਰਾਬ ਅਤੇ ਮੱਛੀ ਖਰੀਦਣੀ ਹੈ।”
ਫਿਰ ਬਾਪੂ ਸਾਧ ਵੱਲ ਸਿੱਧਾ ਹੋਇਆ, “ਤੈਨੂੰ ਸ਼ਰਮ ਨ੍ਹੀਂ ਆਉਂਦੀ? ਉਹ ਵਿਚਾਰੇ ਪਤਾ ਨਹੀਂ ਕਿਵੇਂ ਔਖੇ ਹੋ ਕੇ ਬਿਮਾਰ ਪੁੱਤ ਦਾ ਇਲਾਜ ਕਰਵਾ ਰਹੇ ਆ, ਤੂੰ ਦੋ ਸੌ ਜੇਬ ਵਿਚ ਪਾ ਲਿਆ।æææ ਮੋੜ ਉਨ੍ਹਾਂ ਦੇ ਪੈਸੇ, ਨਹੀਂ ਤਾਂ ਮੈਂ ਕਰਦਾਂ ਪੁਲਿਸ ਨੂੰ ਫੋਨ। ਸੱਦਦਾ ਹਾਂ ਅਖ਼ਬਾਰ ਵਾਲਿਆਂ ਨੂੰ ਹੁਣੇ।” ਸਾਧ ਬਾਪੂ ਦੀਆਂ ਖਰੀਆਂ ਖਰੀਆਂ ਅੱਗੇ ਟਿਕ ਨਾ ਸਕਿਆ ਤੇ ਚੁੱਪ-ਚਾਪ ਪੈਸੇ ਮੋੜ ਦਿੱਤੇ।
ਇਹ ਅਨਪੜ੍ਹ ਤੇ ਸਾਧਾਰਨ ਆਦਮੀ ਦੀ ਸੋਚ ‘ਤੇ ਹੌਸਲਾ ਸੀ। ਮੇਜਰ ਕੁਲਾਰ ਪੜ੍ਹਿਆ-ਲਿਖਿਆ ਹੈ ਅਤੇ ਉਹ ਸਿੱਖੀ ਸੋਚ ਤੇ ਦਲੀਲਾਂ ਨਾਲ ਉਸ ਸਾਧੂ ਦੇ ਸਾਰੇ ਚਿੱਬ ਕੱਢ ਸਕਦਾ ਸੀ। ਅਗਾਂਹ ਹੋਰ ਲੋਕਾਂ ਦੀ ਲੁੱਟ ਵੀ ਠੱਲ੍ਹੀ ਜਾਂਦੀ। ਉਂਜ, ਉਸ ਸਾਧ ਨੇ ਇਕ ਸੱਚ ਵੀ ਬੋਲਿਆ ਹੈ, “ਲੇਖਕ ਜੀ, ਪੇਪਰ ਹੀ ਕਾਲੇ ਕਰਦੇ ਹੋ?” ਜੀ ਹਾਂ! ਇਹ ਸੱਚ ਹੀ ਹੈ। ਮੇਜਰ ਕੁਲਾਰ ਨੇ ਉਦੋਂ ਕੁਝ ਕਰਨ ਦਾ ਮੌਕਾ ਗੁਆ ਦਿੱਤਾ। ਉਸ ਲੁੱਟ ਤੋਂ ਇਕ ਮਹੀਨਾ ਬਾਅਦ ਊਹ ਪੇਪਰ ਹੀ ਕਾਲਾ ਕਰ ਸਕਦਾ ਸੀ, ਤੇ ਪੇਪਰ ਹੀ ਕਾਲਾ ਕੀਤਾ।
ਮੇਰਾ ਮੇਜਰ ਕੁਲਾਰ ਨਾਲ ਕੋਈ ਜ਼ਾਤੀ ਵਿਰੋਧ ਨਹੀਂ। ਉਸ ਨੂੰ ਲਿਖਣ ਦੀ ਜਾਚ ਹੈ ਅਤੇ ਮੈਂ ਉਸ ਦੀਆਂ ਕਈ ਲਿਖਤਾਂ ਬੜੇ ਚਾਅ ਨਾਲ ਪੜ੍ਹੀਆਂ ਹਨ। ਮੈਂ ਤਾਂ ਚੰਗੀ ਲਿਖਤ ਦੀ ਉਪਮਾ ਕਰਨ, ਜਾਂ ਕਿਸੇ ਲਿਖਤ ਦੀ ਉਸਾਰੂ ਆਲੋਚਨਾ ਦਾ ਹਾਮੀ ਹਾਂ। ਇਸੇ ਲਈ ਚਿੱਠੀ ਲਿਖੀ ਹੈ। ਵਾਹਿਗੁਰੂ ਅੱਗੇ ਅਰਦਾਸ ਹੈ ਕਿ ਗਰੀਨ ਕਾਰਡਾਂ ਦੀ ਮੁਸ਼ਕਿਲ ਸਭ ਦੀ ਹੱਲ ਹੋਵੇ; ਸਭ ਪੱਕੇ ਹੋ ਕੇ ਆਪੋ ਆਪਣੇ ਪਿੰਡ ਜਾ ਕੇ ਭੈਣਾਂ-ਭਰਾਵਾਂ, ਮਾਂ-ਬਾਪ ਅਤੇ ਪੇਂਡੂਆਂ ਨੂੰ ਮਿਲਣ; ਤੇ ਫਿਰ ਕਿਸੇ ਨੂੰ ਵੀ ਸਾਧਾਂ ਅੱਗੇ ਚੌਂਕੜਾ ਮਾਰ ਕੇ ਬੈਠਣ ਦੀ ਲੋੜ ਨਾ ਪਵੇæææ ਤੇ ਨਾ ਹੀ ਸਾਡਾ ਕੋਈ ਲਿਖਾਰੀ ਕਿਸੇ ਪਖੰਡੀ ਸਾਧ ਤੋਂ ਇਹ ਅਖਵਾਏ, “ਲੇਖਕ ਜੀ! ਪੇਪਰ ਹੀ ਕਾਲੇ ਕਰਦੇ ਹੋæææ।”
-ਰਾਮ ਲਾਲ ਝੱਲੀ, ਸ਼ਿਕਾਗੋ
ਫੋਨ: 312-405-0623

Be the first to comment

Leave a Reply

Your email address will not be published.