ਕਵੀ ਡਾæ ਦੀਵਾਨ ਸਿੰਘ ਕਾਲੇਪਾਣੀ

ਬਰਸੀ ‘ਤੇ ਵਿਸ਼ੇਸ਼
ਡਾæ ਦੀਵਾਨ ਸਿੰਘ ਕਾਲੇਪਾਣੀ (1894-1944) ਉਘੇ ਪੰਜਾਬੀ ਕਵੀ ਅਤੇ ਭਾਰਤੀ ਦੇਸ਼ ਭਗਤ ਸਨ। ਉਨ੍ਹਾਂ ਨੇ 1920ਵਿਆਂ ਵਿਚ ਨਾ-ਮਿਲਵਰਤਨ ਲਹਿਰ ਵਿਚ ਹਿੱਸਾ ਲਿਆ ਸੀ। ਉਨ੍ਹਾਂ ਦਾ ਜਨਮ ਪਿਤਾ ਸੁੰਦਰ ਸਿੰਘ ਢਿੱਲੋਂ ਅਤੇ ਮਾਤਾ ਇੰਦਰ ਕੌਰ ਦੇ ਘਰ 22 ਮਈ 1887 ਨੂੰ ਪਿੰਡ ਘਲੋਟੀਆਂ ਖੁਰਦ, ਜ਼ਿਲਾ ਸਿਆਲਕੋਟ (ਹੁਣ ਪਾਕਿਸਤਾਨ) ਵਿਚ ਹੋਇਆ। ਬਚਪਨ ਵਿਚ ਹੀ ਮਾਤਾ-ਪਿਤਾ ਦੀ ਮੌਤ ਹੋਣ ਕਾਰਨ ਉਨ੍ਹਾਂ ਦਾ ਪਾਲਣ-ਪੋਸ਼ਣ ਦਾਦੀ ਅਤੇ ਚਾਚੇ ਸੋਹਣ ਸਿੰਘ ਨੇ ਕੀਤਾ। ਮੁਢਲੀ ਵਿੱਦਿਆ ਪਿੰਡ ਦੇ ਸਕੂਲ ਤੋਂ ਪ੍ਰਾਪਤ ਕਰਨ ਬਾਅਦ ਉਹ ਡਸਕਾ ਦੇ ਮਿਸ਼ਨ ਸਕੂਲ ਵਿਚ ਦਾਖਲ ਹੋ ਗਏ। ਇਥੋਂ ਉਨ੍ਹਾਂ ਅੱਠਵੀਂ ਕੀਤੀ ਅਤੇ 1915 ਵਿਚ ਖਾਲਸਾ ਹਾਈ ਸਕੂਲ ਸਿਆਲਕੋਟ ਤੋਂ ਦਸਵੀਂ ਪਾਸ ਕੀਤੀ। 1916 ਵਿਚ ਉਹ ਆਗਰਾ ਦੇ ਮੈਡੀਕਲ ਕਾਲਜ ਵਿਚ ਦਾਖ਼ਲ ਹੋ ਗਏ ਅਤੇ 1921 ਨੂੰ ਮੈਡੀਕਲ ਸਰਵਿਸ ਵਿਚ ਡਿਪਲੋਮਾ ਲੈਣ ਉਪਰੰਤ ਰਾਵਲਪਿੰਡੀ ਛਾਉਣੀ ਵਿਚ ਫ਼ੌਜੀ ਡਾਕਟਰ ਵਜੋਂ ਨਿਯੁਕਤ ਹੋ ਗਏ।
ਉਨ੍ਹਾਂ ਦੀ ਜ਼ਿੰਦਗੀ ਦਾ ਸਭ ਤੋਂ ਰੌਚਿਕ ਦੌਰ ਉਦੋਂ ਸ਼ੁਰੂ ਹੋਇਆ ਜਦੋਂ ਉਨ੍ਹਾਂ ਦੀ ਬਦਲੀ ਰੰਗੂਨ ਦੀ ਹੋ ਗਈ ਅਤੇ ਉਥੋਂ ਉਨ੍ਹਾਂ ਨੂੰ 1927 ਵਿਚ ਅੰਡੇਮਾਨ (ਕਾਲੇਪਾਣੀ) ਇੱਕ ਸਕੂਲ ਵਿਚ ਭੇਜ ਦਿੱਤਾ ਗਿਆ ਜਿਥੇ ਵਿਦਿਆਰਥੀਆਂ ਨੂੰ ਤਮਿਲ, ਤੈਲਗੂ ਅਤੇ ਪੰਜਾਬੀ ਪੜ੍ਹਾਈ ਜਾਂਦੀ ਸੀ। ਇਥੋਂ ਹੀ ਉਨ੍ਹਾਂ ਦੇ ਨਾਂ ਨਾਲ ਕਾਲੇਪਾਣੀ ਜੁੜ ਗਿਆ। ਇਥੇ ਉਨ੍ਹਾਂ ਪੰਜਾਬੀ ਸਭਾ ਨਾਂ ਦੀ ਇਕ ਜਥੇਬੰਦੀ ਬਣਾਈ। ਗੁਰਦੁਆਰਾ ਸਾਹਿਬ ਵਿਚ ਡਾæ ਕਾਲੇਪਾਣੀ ਅਕਸਰ ਕਵਿਤਾਵਾਂ ਪੜ੍ਹਦੇ ਜਿਨ੍ਹਾਂ ਵਿਚ ਭਾਰਤ ਦੀ ਗੁਲਾਮੀ ਅਤੇ ਅਜ਼ਾਦੀ ਦੀ ਤਾਂਘ ਦਾ ਜ਼ਿਕਰ ਹੁੰਦਾ।
ਦੂਜੀ ਵਿਸ਼ਵ ਜੰਗ ਸਮੇਂ ਜਪਾਨੀਆਂ ਨੇ 1942 ਵਿਚ ਅੰਡੇਮਾਨ ਉਪਰ ਕਬਜ਼ਾ ਕਰ ਲਿਆ। ਡਾæ ਦੀਵਾਨ ਸਿੰਘ ਨੇ ਇਹ ਨਵੀਂ ਗੁਲਾਮੀ ਕਬੂਲ ਨਾ ਕੀਤੀ। ਜਪਾਨੀ ਅਫਸਰਾਂ ਨੇ ਪਿਨਾਂਗ ਰੇਡੀਓ ਤੋਂ ਬਰਤਾਨਵੀ ਹਾਕਮਾਂ ਵਿਰੁਧ ਇਕ ਕਵਿਤਾ ਬੋਲਣ ਲਈ ਮਜਬੂਰ ਕੀਤਾ ਪਰ ਉਨ੍ਹਾਂ ਇਨਕਾਰ ਕਰ ਦਿੱਤਾ ਜਿਸ ਕਰਕੇ ਜਪਾਨੀਆਂ ਨੇ ਉਨ੍ਹਾਂ ਨੂੰ 1943 ਵਿਚ ਕੈਦ ਕਰ ਲਿਆ। ਪੰਜਾਬੀ ਸਭਾ ਦੇ ਬਾਕੀ 65 ਮੈਂਬਰ ਵੀ ਜੇਲ੍ਹ ਵਿਚ ਸੁੱਟ ਦਿੱਤੇ ਗਏ। ਕਰੀਬ ਛੇ ਮਹੀਨਿਆਂ ਦੇ ਤਸੀਹਿਆਂ ਉਪਰੰਤ ਅਕਹਿ, ਅਸਹਿ ਅਤੇ ਅਣ-ਮਨੁੱਖੀ ਤਸੀਹੇ ਦੇ ਕੇ ਅੰਡੇਮਾਨ ਦੀ ਸੈਲੂਲਰ ਜੇæਲ੍ਹ ਵਿਚ ਪੰਜਾਬੀ ਸਭਾ ਦੇ ਹੋਰ ਮੈਂਬਰਾਂ ਦੇ ਨਾਲ ਉਨ੍ਹਾਂ ਨੂੰ 14 ਜਨਵਰੀ 1944 ਨੂੰ ਸ਼ਹੀਦ ਕਰ ਦਿੱਤਾ। ਉਹ ਲੋਕ-ਭਲਾਈ ਕਰਨ ਵਾਲੇ ਅਤੇ ਆਪਣੇ ਵਿਚਾਰਾਂ ਦੇ ਦ੍ਰਿੜਤਾ ਨਾਲ ਪਹਿਰਾ ਦੇਣ ਵਾਲੇ ਇਨਸਾਨ ਸਨ।
ਉਹ ਪ੍ਰੋæ ਪੂਰਨ ਸਿੰਘ ਵਾਂਗ ਮਸਤ, ਅਲਬੇਲੇ ਅਤੇ ਕ੍ਰਾਂਤੀਕਾਰੀ ਕਵੀ ਸਨ। ਪ੍ਰੋæ ਪੂਰਨ ਸਿੰਘ ਦੇ ਨਕਸ਼ੇ ਕਦਮ ‘ਤੇ ਚਲਦਿਆਂ, ਉਨ੍ਹਾਂ ਨੇ ਮੁਕਤ-ਛੰਦ ਕਵਿਤਾ ਲਿਖੀ। ਉਨ੍ਹਾਂ ਦੀ ਕਵਿਤਾ ਵਿਅੰਗ, ਸੰਜਮ ਤੇ ਤਿੱਖੇ ਵਲਵਲੇ ਨਾਲ ਭਰਪੂਰ ਹੈ। ਉਹ ਸਵੈਮਾਣ, ਅਣਖ ਅਤੇ ਗੈਰਤ ਦੀ ਮੂਰਤੀ ਸਨ। ਉਨ੍ਹਾਂ ਦੋ ਕਾਵਿ ਸੰਗ੍ਰਿਹ ਪੰਜਾਬੀ ਸਾਹਿਤ ਜਗਤ ਨੂੰ ਦਿੱਤੇ-‘ਵਗਦੇ ਪਾਣੀ’ (1938) ਤੇ ‘ਅੰਤਿਮ ਲਹਿਰਾਂ’ ਅਤੇ ਉਨ੍ਹਾਂ ਦੇ ਚਲਾਣੇ ਪਿਛੋਂ ਇਕ ਹੋਰ ਕਾਵਿ ਸੰਗ੍ਰਿਹ ‘ਮਲਿਆਂ ਦੇ ਬੇਰ’ ਵੀ ਛਪਿਆ। ਉਨ੍ਹਾਂ ਦੀ ਕਵਿਤਾ ਦੀ ਸੁਰ ਸਾਮਰਾਜ-ਵਿਰੋਧੀ ਅਤੇ ਸੰਗਠਿਤ ਧਰਮ ਦੇ ਖਿਲਾਫ਼ ਸੀ।
ਡਾæ ਕਾਲੇਪਾਣੀ ਦੇ ਜੀਵਨ ਬਾਰੇ ਐਨ ਇਕਬਾਲ ਸਿੰਘ ਦੀ ਅੰਗਰੇਜ਼ੀ ‘ਚ ਲਿਖੀ ਇਕ ਕਿਤਾਬ ‘ਡਾæ ਦੀਵਾਨ ਸਿੰਘ ਕਾਲੇਪਾਣ-ਮੇਕਰਜ਼ ਆਫ ਇੰਡੀਅਨ ਲਿਟਰੇਚਰ’ ਸਾਹਿਤ ਅਕੈਡਮੀ-ਨਵੀਂ ਦਿੱਲੀ ਨੇ 1996 ਵਿਚ ਛਾਪੀ ਸੀ। ‘ਸੀਸੁ ਦੀਆ ਪਰ ਸਿਰਰੁ ਨ ਦੀਆ’ ਦੇ ਮਹਾਵਾਕ ‘ਤੇ ਪਹਿਰਾ ਦਿੰਦਿਆਂ ਇਸ ਸ਼ਹੀਦ ਨੇ ਸ਼ਹੀਦੀ ਪਾਈ।
-ਕੁਲਦੀਪ ਸਿੰਘ
ਯੂਨੀਅਨ ਸਿਟੀ, ਕੈਲੀਫੋਰਨੀਆ।
—————————-
ਡਾæ ਦੀਵਾਨ ਸਿੰਘ ਕਾਲੇਪਾਣੀ ਦੀਆਂ ਕੁਝ ਕਵਿਤਾਵਾਂ
ਵਗਦੇ ਪਾਣੀ
ਪਾਣੀ ਵਗਦੇ ਹੀ ਰਹਿਣ,
ਕਿ ਵਗਦੇ ਸੁੰਹਦੇ ਨੇ,
ਖੜੋਂਦੇ ਬੁੱਸਦੇ ਨੇ,
ਕਿ ਪਾਣੀ ਵਗਦੇ ਹੀ ਰਹਿਣ।

ਜਿੰਦਾਂ ਮਿਲੀਆਂ ਹੀ ਰਹਿਣ,
ਕਿ ਮਿਲੀਆਂ ਜੀਂਦੀਆਂ ਨੇ,
ਵਿਛੜਿਆਂ ਮਰਦੀਆਂ ਨੇ,
ਕਿ ਜਿੰਦਾਂ ਮਿਲੀਆਂ ਹੀ ਰਹਿਣ।

ਰੂਹਾਂ ਉਡਦੀਆਂ ਹੀ ਰਹਿਣ,
ਇਹ ਉਡਿਆਂ ਚੜ੍ਹਦੀਆਂ ਨੇ,
ਅਟਕਿਆਂ ਡਿਗਦੀਆਂ ਨੇ,
ਕਿ ਰੂਹਾਂ ਉਡਦੀਆਂ ਹੀ ਰਹਿਣ।

ਤੇ ਮੈਂ ਟੁਰਦਾ ਹੀ ਰਹਾਂ,
ਕਿ ਟੁਰਿਆਂ ਵਧਦਾ ਹਾਂ,
ਖਲੋਇਆਂ ਘਟਨਾ ਹਾਂ,
ਕਿ ਹਾਂ, ਮੈਂ ਟੁਰਦਾ ਹੀ ਰਹਾਂ।

ਫਰੇਬ
ਮੈਂ ਉਡੀਕਦੀ ਰਹੀ, ਸਾਰੀ ਰਾਤ,
ਤਾਰੇ ਗਿਣ ਗਿਣ ਕੱਢੀ
ਅੱਖਾਂ ਚੋਂ ਸਾਰੀ ਰਾਤ,
ਤੂੰ ਨਾ ਆਇਓਂ।

ਸਵੇਰ ਸਾਰ ਥੱਕ ਗਈ ਮੈਂ,
ਅੱਖ ਲਗ ਗਈ ਮੇਰੀ,
ਤੇ ਤੂੰ ਗਲਵੱਕੜੀ ਆਣ ਪਾਈ,
ਸੁਫ਼ਨੇ ਅੰਦਰ।

ਫਰੇਬਾਂ ਵਾਲਿਆ,
ਜੇ ਆਉਣਾ ਸਾਈ
ਇਉਂ ਸੁਫ਼ਨਿਆਂ ਅੰਦਰ,
ਧਿਙਾਣੇ ਮੈਂ ਜਗਰਾਤੇ ਕੱਟੇ,
ਰਾਤਾਂ ਕਾਲੀਆਂ।

ਬਾਜ਼ੀਗਰ ਨੂੰ
ਆਪੂੰ ਹੱਸਨਾ ਏਂ, ਮੌਜਾਂ ਮਾਣਨਾ ਏਂ,
ਸਾਡੀ ਦੁਨੀ ਕਿਸ ਧੰਧੜੇ ਲਾਈ ਹੋਈ ਆ?
ਬਾਜ਼ੀਗਰਾ, ਤੇਰੀ ਬਾਜ਼ੀ ਬੜੀ ਸੋਹਣੀ,
ਅਸਾਂ ਮੂਰਖਾਂ ਨੂੰ ਫਾਹੀ ਪਾਈ ਹੋਈ ਆ?
ਕਦੀ ਵੜੇਂ ਨਾ ਵਿਚ ਮਸੀਤ ਆਪੂੰ,
ਸਾਡੇ ਲਈ ਇਹ ਅੜੀ ਅੜਾਈ ਹੋਈ ਆ?
ਠਾਕੁਰ-ਦਵਾਰਿਆਂ ਵਿਚ ਨਹੀਂ ਵਾਸ ਤੇਰਾ,
ਕਾਹਨੂੰ ਮੁਫਤ ਲੜਾਈ ਪਵਾਈ ਹੋਈ ਆ?
ਤੈਨੂੰ ਧਰਮਸਾਲੋਂ ਮਾਰ ਬਾਹਰ ਕੀਤਾ,
ਇਨ੍ਹਾਂ ‘ਭਾਈਆਂ’ ਨੇ ਅੱਤ ਚਾਈ ਹੋਈ ਆ।
ਗਿਰਜੇ ਵਿਚ ਨਾ ਹੀ ਲੱਭਾ ਮੁਸ਼ਕ ਤੇਰਾ,
ਟੋਪੀ ਵਾਲਿਆਂ ਅੰਨ੍ਹੀ ਮਚਾਈ ਹੋਈ ਆ।
ਆਪੂੰ ਛੱਪ ਬੈਠੋਂ, ਏਥੇ ਖੱਪ ਪੈ ਗਈ,
ਤੇਰੀ ਧੁਰਾਂ ਦੀ ਅੱਗ ਲਗਾਈ ਹੋਈ ਆ।
ਬੁਰਕੇ ਲਾਹ, ਉਠ ਦਿਹ ਖਾਂ ਦਰਸ ਯਾਰਾ,
ਐਵੇਂ ਕਾਸ ਨੂੰ ਧੂੜ ਧੁਮਾਈ ਹੋਈ ਆ?

ਆਖਰੀ ਸੱਧਰ
ਚਿੱਤ੍ਰ ਗੁਪਤਾਂ ਦੇ ਲਿਖੇ ਨਾ ਫੜੀਂ ਮੈਨੂੰ,
ਪੁੱਛ ਲਈਂ ਮੈਥੋਂ ਸਾਰੀ ਗੱਲ ਪਹਿਲੋਂ।
ਮੇਰੇ ਕਤਲ ਦਾ ਹੁਕਮ ਚੜ੍ਹਾਣ ਵੇਲੇ,
ਤੱਕੀਂ ਨਜ਼ਰ ਭਰ ਕੇ ਮੇਰੇ ਵੱਲ ਪਹਿਲੋਂ।
ਪੂਰੇ ਜੋਬਨ ਦਾ ਜਲਵਾ ਦਿਖਾਲ ਮੈਨੂੰ
ਸਦਕੇ ਹੋਣ ਦੇਵੀਂ ਪਲ ਦਾ ਪਲ ਪਹਿਲੋਂ।
ਪਿਛੋਂ ਧੱਕ ਦੇਈਂ ਵਲ ਜੱਲਾਦ ਭਾਵੇਂ,
ਹੱਥੀਂ ਆਪਣੀ ਖਿੱਚ ਲਈਂ ਖੱਲ ਪਹਿਲੋਂ।
ਵੇਖਾਂ ਆਪਣੀ ਮੌਤ ਦੀ ਮੌਜ ਮੈਂ ਭੀ,
ਵੱਜੇ ਮੌਤ ਮੇਰੀ ਵਾਲਾ ਟੱਲ ਪਹਿਲੋਂ।
ਗ਼ੈਰ ਮਹਿਰਮ ਨਾ ਲਾਸ਼ ਉਠਾਣ ਮੇਰੀ,
ਖ਼ਬਰ ਮਹਿਰਮਾਂ ਨੂੰ ਦੇਈਂ ਘੱਲ ਪਹਿਲੋਂ।

ਦੁੱਖ-ਦਾਰੂ
ਲੋੜ ਹੈ ਕਿ ਮਨੁੱਖ ਡਿੱਗੇ ਤੇ ਮਾਯੂਸ ਹੋਵੇ,
ਰਸਤਾ ਭੁੱਲੇ ਤੇ ਡਾਵਾਂ-ਡੋਲ ਹੋਵੇ,
ਕਿ ਉਸ ਨੂੰ ਗਿਆਨ ਹੋਵੇ-ਆਪਣੀ ਊਣਤਾ,
ਅਲਪੱਗਤਾ ਤੇ ਅਗਿਆਨਤਾ ਦਾ,
ਤੇ ਉਹ ਮਹਿਸੂਸ ਕਰੇ,
ਰੱਬ ਦੀ ਲੋੜ ਨੂੰ, ਰੱਬ ਦੀ ਹੋਂਦ ਨੂੰ।
—-
ਜ਼ਿੰਦਗੀ
ਮੈਂ ਸੋਂ ਗਿਆ ਤੇ ਸੁਫਨਿਆ
ਕਿ ਜ਼ਿੰਦਗੀ ਆਜ਼ਾਦ ਸੀ,
ਕਿ ਜ਼ਿੰਦਗੀ ਆਬਾਦ ਸੀ,
ਕਿ ਜ਼ਿੰਦਗੀ ਸਵਾਦ ਸੀ।
ਮੈਂ ਜਾਗਿਆ ਤੇ ਵੇਖਿਆ
ਕਿ ਜ਼ਿੰਦਗੀ ਇਕ ਫ਼ਰਜ਼ ਸੀ,
ਕਿ ਜ਼ਿੰਦਗੀ ਇਕ ਕਰਜ਼ ਸੀ,
ਕਿ ਜ਼ਿੰਦਗੀ ਇਕ ਮਰਜ਼ ਸੀ।
ਮੈਂ ਸੋਚਿਆ ਤੇ ਸਮਝਿਆ
ਕਿ ਫ਼ਰਜ ਹੀ ਆਜ਼ਾਦ ਹੈ,
ਕਿ ਕਰਜ਼ ਹੀ ਆਬਾਦ ਹੈ।

Be the first to comment

Leave a Reply

Your email address will not be published.