ਰੂਸੀ ਇਨਕਲਾਬ ਬਾਰੇ ਗੁਰਦਿਆਲ ਬਲ ਦਾ ਲੇਖ

4 ਅਤੇ 11 ਜਨਵਰੀ ਨੂੰ ਦੋ ਕਿਸ਼ਤਾਂ ਵਿਚ ਗੁਰਦਿਆਲ ਬਲ ਦਾ ਲੰਮਾ ਲੇਖ ਪੜ੍ਹਿਆ। ਬਲ ਦੀ ਅਧਿਐਨ ਸਮੱਗਰੀ ਅਤੇ ਰੂਸੀ ਇਨਕਲਾਬ ਬਾਰੇ ਉਸ ਦੇ ਵਿਸ਼ਲੇਸ਼ਣ ਨੂੰ ਸਲਾਮ। ਪਾਰਟੀ ਲਾਈਨ ਤੋਂ ਲਿਖੀ ਲਿਖਤ ਕਾਰਨ ਅੰਮ੍ਰਿਤਪਾਲ ਦਾ ਤਾਸਕੀ ਉਪਰ ਨਿਬੰਧ ਇਕਤਰਫਾ ਅਤੇ ਨੀਰਸ ਹੈ। ਵੀਹਵੀ ਸਦੀ ਦੇ 60ਵੇਂ ਤੇ 70ਵੇਂ ਦਹਾਕੇ ਵਿਚ ਕਮਿਊਨਿਸਟ ਪਾਰਟੀ ਦੀ ਦਫਤਰੀ ਹਦਾਇਤ ਹੁੰਦੀ ਸੀ ਕਿ ਤਾਸਕੀ ਨਹੀਂ ਪੜ੍ਹਨਾ, ਉਸ ਦਾ ਜ਼ਿਕਰ ਨਹੀਂ ਕਰਨਾ। ਉਮੀਦ ਇਹ ਸੀ ਕਮਿਊਨਿਸਟ ਖੁੱਲ੍ਹੇ ਕੰਨਾਂ ਵਾਲੇ ਅਤੇ ਖੁਲ੍ਹੀਆਂ ਅੱਖਾਂ ਵਾਲੇ ਰੋਸ਼ਨ ਦਿਮਾਗ ਕ੍ਰਾਂਤੀਕਾਰੀ ਹੋਣਗੇ ਪਰ ਇਥੇ ਵੀ ਸਟਾਲਿਨ ਦਾ ਪੁਰੋਹਿਤਵਾਦ ਚੱਲ ਪਿਆ। ਪਾਰਟੀ ਵਿਚ ਸਫਾਈ ਦੇ ਨਾਅਰੇ ਅਧੀਨ ਸਟਾਲਿਨ ਨੇ ਲੈਨਿਨ ਦੇ ਸਾਰੇ ਸਾਥੀ ਅਤੇ ਵਰਕਰ ਕਤਲ ਕੀਤੇ, ਸਾਇਬੇਰੀਆ ਦੀਆਂ ਬਰਫਾਂ ਵਿਚ ਗਾਲੇ ਅਤੇ ਤਸੀਹਾ ਕੇਂਦਰਾਂ ਵਿਚ ਰੱਖ ਕੇ ਝੂਠੇ ਇਕਬਾਲੀਆ ਬਿਆਨ ਕਰਵਾ ਕੇ ਦੁਨੀਆਂ ਨੂੰ ਗੁਮਰਾਹ ਕੀਤਾ।
ਇਸਹਾਕ ਡਿਊਸ਼ਰ ਆਧੁਨਿਕ ਰੂਸ ਦਾ ਗੰਭੀਰ ਇਤਿਹਾਸਕਾਰ ਹੈ। ਉਸ ਨੇ ਤਾਸਕੀ ਦੀ ਜੀਵਨੀ ਤਿੰਨ ਜਿਲਦਾਂ ਵਿਚ ਲਿਖੀ ਹੈ। ਇਸ ਜੀਵਨੀ ਨੂੰ ਪੜ੍ਹਦਿਆਂ ਅਹਿਸਾਸ ਹੁੰਦਾ ਹੈ ਕਿ ਔਰੰਗਜ਼ੇਬ ਦੀ ਥਾਂ ਕੋਈ ਉਦਾਰ ਬਾਦਸ਼ਾਹ ਹੁੰਦਾ ਤਾਂ ਮੁਗਲ ਹਕੂਮਤ ਕੁੱਝ ਦਹਾਕੇ ਹੋਰ ਸਾਹ ਲੈ ਸਕਦੀ ਸੀ। ਇਵੇਂ ਹੀ ਸਟਾਲਿਨ ਦੇ ਹੱਥ ਤਾਕਤ ਆਉਣ ਦੀ ਥਾਂ ਜੇ ਤਾਸਕੀ ਕੋਲ ਹਕੂਮਤ ਆ ਜਾਂਦੀ ਤਾਂ ਸੰਭਵ ਹੈ, ਸੋਵੀਅਤ ਰੂਸ ਨਾ ਟੁਟਦਾ। ਤਾਨਾਸ਼ਾਹੀ ਅਧੀਨ ਜਿਉਂ ਰਹੀ ਪਰਜਾ ਦਾ ਗੁੱਸਾ ਧਰਤੀ ਹੇਠ ਦੱਬੀਆਂ ਗਈਆਂ ਜ਼ਮੀਨਦੋਜ਼ ਬਾਰੂਦੀ ਸੁਰੰਗਾਂ ਵਾਂਗ ਪਤਾ ਨਹੀਂ ਸੀ ਕਦੋਂ ਫਟ ਜਾਵੇ।
ਨੋਬਲ ਇਨਾਮ-ਯਾਫਤਾ ਨਾਵਲਕਾਰ ਸਿਕੰਦਰ ਸੋਲਜ਼ੇਨਿਤਸਿਨ ਨੂੰ ਰੂਸ ਵਿਚੋਂ ਦੇਸ਼ ਨਿਕਾਲਾ ਦਿਤਾ ਗਿਆ ਕਿਉਂਕਿ ਉਸ ਨੇ ਐਲਾਨ ਕਰ ਦਿੱਤਾ ਸੀ ਕਿ ਉਹ ਕਮਿਊਨਿਸਟ ਨਹੀਂ। ਉਸ ਨੂੰ ਰਾਈਟਰਜ਼ ਯੂਨੀਅਨ ਵਿਚੋਂ ਕੱਢ ਦਿੱਤਾ ਗਿਆ ਜਿਸ ਦਾ ਅਰਥ ਬੇਰੁਜ਼ਗਾਰੀ ਅਤੇ ਭੁੱਖਮਰੀ ਸੀ। ਪੱਛਮ ਵਿਚ ਉਸ ਦੀਆਂ ਲਿਖਤਾਂ ਛਪਣ ਲੱਗੀਆਂ ਤਾਂ ਰਾਇਲਟੀ ਰਾਹੀ ਉਸ ਦਾ ਗੁਜ਼ਾਰਾ ਚੱਲ ਪਿਆ। ਰੂਸੀ ਸਰਕਾਰੀ ਪ੍ਰੈਸ ਚਿੱਲਾਈ, ਸੋਲਜ਼ੇ ਨੂੰ ਪੱਛਮ ਨੇ ਖਰੀਦ ਲਿਆ ਹੈ, ਇਹ ਵਿਕਾਊ ਮਾਲ ਹੈ। ਫਲਸਰੂਪ ਉਸ ਨੇ ਰਾਇਲਟੀ ਲੈਣੀ ਬੰਦ ਕਰ ਦਿੱਤੀ। ਫਿਰ ਸਰਕਾਰੀ ਇਲਜਾਮ ਲੱਗਾ, ਹੁਣ ਇਹ ਪੱਛਮ ਦੀ ਪਦਾਰਥਕ ਸੇਵਾ ਕਰਨ ਲੱਗ ਪਿਆ ਹੈ।
ਜਦੋਂ ਸਵੀਡਿਸ਼ ਅਕਾਦਮੀ ਨੇ ਨੋਬਲ ਇਨਾਮ ਲੈਣ ਵਾਸਤੇ ਸਟਾਕਹੋਮ ਆਉਣ ਨੂੰ ਸੱਦਾ ਦਿੱਤਾ ਤਾਂ ਉਸ ਨੇ ਲਿਖਿਆ, “ਜੇ ਮੈਂ ਤੁਹਾਡੇ ਦੇਸ਼ ਵਿਚ ਇਨਾਮ ਲੈਣ ਆ ਗਿਆ ਤਾਂ ਕਾਮਰੇਡ ਮੈਨੂੰ ਆਪਣੇ ਪਿਆਰੇ ਵਤਨ ਵਿਚ ਵੜਨ ਨਹੀਂ ਦੇਣਗੇ। ਕਿਰਪਾ ਕਰਕੇ ਡਾਕ ਰਾਹੀਂ ਭੇਜ ਦਿਉ।” ਉਸ ਨੂੰ ਲੰਮਾ ਸਮਾਂ ਕੈਦ ਕੱਟਣੀ ਪਈ, ਮੁਸ਼ੱਕਤ ਕੈਂਪਾ ਦੇ ਤਸੀਹੇ ਝੱਲਣੇ ਪਏ। ਆਖਰ ਦੇਸ਼ ਨਿਕਾਲਾ ਦੇ ਹੀ ਦਿੱਤਾ। ਅਮਰੀਕਾ ਵਿਚੋਂ ਰੂਸੀ ਸਰਕਾਰ ਦੇ ਨਾਮ ਉਸ ਨੇ ਖੁੱਲ੍ਹਾ ਖਤ ਲਿਖਿਆ, ਜਿਸ ਦੀ ਨਕਲ ਮੇਰੇ ਪਾਸ ਪਈ ਹੈ, ਪੰਜਾਬ ਟਾਈਮਜ਼ ਦੇ ਪਾਠਕ ਕਦੀ ਪੜ੍ਹਨਗੇ। ਉਸ ਨੇ ਲਿਖਿਆ ਸੀ, “ਰੂਸ ਦੇ ਹੁਕਮਰਾਨੋ, ਤੁਸੀਂ ਦੇਸ਼ ਦੇ ਦੁਆਲੇ ਲੋਹੇ ਦੀਆਂ ਉਚੀਆਂ ਕੰਧਾਂ ਉਸਾਰ ਦਿੱਤੀਆਂ ਹਨ, ਕਦੀ ਇਨ੍ਹਾਂ ਕੰਧਾਂ ਤੋਂ ਬਾਹਰ ਨਿਕਲੋਗੇ ਤਾਂ ਦੇਖੋਗੇ ਦੁਨੀਆਂ ਵਿਚ ਕਦੋਂ ਦਾ ਸੂਰਜ ਚੜ੍ਹ ਚੁੱਕਾ ਹੈ।”
ਬਲ ਦੀ ਲਿਖਤ ਬਲਵਾਨ ਹੈ, ਅਦਾਰਾ ਪੰਜਾਬ ਟਾਈਮਜ਼ ਨੂੰ ਵਧਾਈ।
-ਪ੍ਰੋæ ਹਰਪਾਲ ਸਿੰਘ ਪੰਨੂ
ਪੰਜਾਬੀ ਯੂਨੀਵਰਸਿਟੀ ਪਟਿਆਲਾ
ਫੋਨ: 91-94642-51454

Be the first to comment

Leave a Reply

Your email address will not be published.