ਗੁਲਜ਼ਾਰ ਸਿੰਘ ਸੰਧੂ
ਇਸ ਵਾਰੀ ਨਵੇਂ ਵਰ੍ਹੇ ਦਾ ਮੌਸਮ ਕੁਝ ਬਹੁਤਾ ਹੀ ਧੁੰਦਲਾ ਹੈ, ਉਤਰੀ ਭਾਰਤ ਵਿਚ ਖਾਸ ਕਰਕੇ। ਦਿੱਲੀ ਵਿਚ ਆਮ ਆਦਮੀ ਪਾਰਟੀ ਦੀ ਤ੍ਰਿਸ਼ੰਕੂ ਜਿੱਤ ਨੇ ਰਾਜਨੀਤੀ ਨੂੰ ਵੀ ਧੁੰਦਲਕੀ ਕਰ ਦਿੱਤਾ ਹੈ। ਬਿਜਲੀ-ਪਾਣੀ ਦੀਆਂ ਥੁੜ੍ਹਾਂ ਅਤੇ ਮਹਿੰਗਾਈ, ਬੇਰੋਜ਼ਗਾਰੀ ਦੀ ਬਹੁਲਤਾ ਨੂੰ ਨਵੀਂ ਪਾਰਟੀ ਦਾ ਨਵਾਂ ਤੇ ਨੌਜਵਾਨ ਨੇਤਾ ਅਰਵਿੰਦ ਕੇਜਰੀਵਾਲ ਕਿਵੇਂ ਹਲ ਕਰਦਾ ਹੈ, ਇਹ ਤਾਂ ਸਮੇਂ ਦੇ ਹੱਥ ਹੈ ਪਰ ਇਸ ਦੀ ਚੜ੍ਹਤ ਨੇ ਜਿਹੜਾ ਵਰਤਮਾਨ ਰਾਜ ਪ੍ਰਣਾਲੀ ਤੋਂ ਵਿਸ਼ਵਾਸ ਦਾ ਢੱਕਣ ਚੁੱਕਿਆ ਹੈ ਇਸ ਨੇ ਰਾਜਨੀਤਕ ਧੁੰਦਲਾਪਨ ਡੂੰਘਾ ਕੀਤਾ ਹੈ। ਦੇਸ਼ ਦੀ ਡੁਬਕੀਆਂ ਲੈਂਦੀ ਰਾਜਨੀਤੀ ਨੂੰ ਆਮ ਆਦਮੀ ਪਾਰਟੀ ਦਾ ਤਿਨਕਾ ਕਿੰਨਾ ਕੁ ਸਹਾਰਾ ਦਿੰਦਾ ਹੈ ਇਹ ਵੀ ਦੇਖਣ ਵਾਲੀ ਗੱਲ ਹੈ। ਇੱਕ ਗੱਲ ਤਾਂ ਸਪਸ਼ਟ ਹੀ ਹੈ ਕਿ ਧੁੰਦਲਕਾ ਬਹੁਤ ਵੱਧ ਗਿਆ ਹੈ। ਰਾਜਨੀਤੀ ਦੇ ਪੰਡਿਤਾਂ ਦਾ ਕਹਿਣਾ ਹੈ ਕਿ ਇਹ ਸਾਡੀ ਵਧੀਆ ਲੋਕ ਰਾਜ ਪ੍ਰਣਾਲੀ ਦੀ ਦੇਣ ਹੈ। ਇਹ ਦੇਣ ਕਿੰਨੀ ਕੁ ਹਾਂ ਪੱਖੀ ਹੈ? ਆਉਣ ਵਾਲੀਆਂ ਲੋਕ ਸਭਾ ਚੋਣਾਂ ਦੇ ਨਤੀਜਿਆਂ ਨੇ ਦੱਸਣਾ ਹੈ। ਹਾਲ ਦੀ ਘੜੀ ਤਾਂ ਚਾਨਣ ਦੀ ਆਸ ਹੀ ਰਖੀ ਜਾ ਸਕਦੀ ਹੈ।
ਇਹੋ ਜਿਹੇ ਵਿਚ ਕਈ ਵਾਰੀ ਖੇਤਰੀ ਜਾਂ ਹਾਸ਼ੀਏ ਉਤੇ ਬੈਠੀਆਂ ਪਾਰਟੀਆਂ ਡਾਵਾਂਡੋਲ ਰਾਜਨੀਤੀ ਦਾ ਠੁੰਮਣਾ ਬਣ ਜਾਂਦੀਆਂ ਹਨ ਪਰ ਹਾਲ ਦੀ ਘੜੀ ਇਹੋ ਜਿਹੀ ਕੋਈ ਸਥਿਤੀ ਨਜ਼ਰ ਨਹੀਂ ਆ ਰਹੀ। ਕੁਝ ਸ਼ੁਭਚਿੰਤਕ ਦੇਸ਼ ਦੀਆਂ ਮਹਿਲਾ ਨੇਤਾਵਾਂ ‘ਤੇ ਟੇਕ ਲਾਈ ਬੈਠੇ ਹਨ। ਉਨ੍ਹਾਂ ਦਾ ਮੱਤ ਹੈ ਕਿ ਭੈਣ ਜੀ, ਦੀਦੀ ਤੇ ਅੰਮਾ ਭਾਵ ਮਾਯਾਵਤੀ, ਮਮਤਾ ਬੈਨਰਜੀ ਤੇ ਜੈਲਲਿਤਾ ਇਕ ਮੁੱਠ ਹੋ ਕੇ ਜਾਂ ਇਕੱਲੀਆਂ ਇਕੱਲੀਆਂ ਅਜਿਹਾ ਪਾਸਕੂ ਬਣ ਸਕਦੀਆਂ ਹਨ ਕਿ ਦੇਸ਼ੂ ਦੀ ਰਾਜਨੀਤੀ ਵਿਚ ਸਾਵਾਂਪਨ ਆ ਜਾਵੇ। ਅਜਿਹੀ ਸੋਚ ਨੂੰ ਆਪਾਂ ਸ਼ੁਭਚਿੰਤਕ ਤਾਂ ਕਹਿ ਸਕਦੇ ਹਾਂ ਪਰ ਇਹ ਮਸਲੇ ਹੱਲ ਨਹੀਂ ਕਰਦੀ। ਉਂਜ ਸਿਆਣਿਆਂ ਦਾ ਕਥਨ ਹੈ ਕਿ ਮੌਸਮ ਵਿਗਿਆਨੀ ਕਿਸੇ ਕਾਰਨ ਭਵਿੱਖਵਾਣੀ ਠੀਕ ਨਾ ਕਰ ਸਕਣ ਤਾਂ ਨੀਲੀ ਛਤਰੀ ਦੇ ਰੰਗ ਢੰਗ ਵੇਖ ਕੇ ਮਜ਼ਾ ਲੈਣ ਵਿਚ ਹੀ ਭਲਾ ਹੈ। ਹੋਰ ਕੁਝ ਹੋਵੇ ਨਾ ਹੋਵੇ ਆਉਣ ਵਾਲੇ ਮਹੀਨੇ ਦੇਸ਼ ਦੇ ਵਸਨੀਕਾਂ ਲਈ ਰੁੱਖੇ ਨਹੀਂ ਰਹਿਣ ਲੱਗੇ। ਵੇਖੋ ਕੀ ਬਣਦਾ ਹੈ। ਨਵੇਂ ਵਰ੍ਹੇ ਦਾ ਸਵਾਗਤ ਤਾਂ ਕਰੀਏ।
ਭਾਰਤ ਦੀਆਂ ਭੱਜੀਆਂ ਬਾਹਾਂ: ਭਾਰਤ ਨੂੰ ਸਾਰਕ ਦੇਸ਼ਾਂ ਦਾ ਜਿਸਮ ਮੰਨੀਏ ਤਾਂ ਪਾਕਿਸਤਾਨ ਤੇ ਬੰਗਲਾ ਦੇਸ਼ ਇਹਦੇ ਨਾਲੋਂ ਟੁੱਟੇ ਹੋਣ ਦੇ ਬਾਵਜੂਦ ਇਸ ਦਾ ਅੰਗ ਮਾਤਰ ਹਨ। ਜਦੋਂ ਉਨ੍ਹਾਂ ਦੀ ਚੰਗੀ ਖਬਰ ਆਉਂਦੀ ਹੈ ਤਾਂ ਵਧੀਆ ਲਗਦੀ ਹੈ। ਪਾਕਿਸਤਾਨ ਵਿਚ ਨਵਾਜ਼ ਸ਼ਰੀਫ ਤੇ ਬੰਗਲਾ ਦੇਸ਼ ਵਿਚ ਸ਼ੇਖ ਹਸੀਨਾ ਦੀ ਚੜ੍ਹਤ ਸਾਡੇ ਲਈ ਚੰਗੀ ਹਵਾ ਦੇ ਬੁਲ੍ਹੇ ਵਾਂਗ ਹੈ। ਨਵੇਂ ਸਾਲ ਵਿਚ ਇਸ ਨੂੰ ‘ਜੀ ਆਇਆਂ ਨੂੰ’ ਕਹਿਣਾ ਵੀ ਬਣਦਾ ਹੈ।
ਧੁੱਪ ਦੀ ਮਹਿਫਿਲ ਇੱਕ ਸਾਹਿਤਕ ਮੇਲਾ: ਇਸ ਵਰ੍ਹੇ ਵਾਲੀ ਪੰਜਾਬੀ ਸਾਹਿਤ ਸਭਾ ਨਵੀਂ ਦਿੱਲੀ ਵੱਲੋਂ ਨਵੇਂ ਸਾਲ ਦੀ ਆਮਦ ਉਤੇ ਨਵਯੁੱਗ ਫਾਰਮ, ਮਹਿਰੌਲੀ ਵਿਖੇ ਮਨਾਈ ਜਾਣ ਵਾਲੀ ਧੁੱਪ ਦੀ ਮਹਿਫਿਲ ਉਚੇਚੀ ਕਹੀ ਜਾ ਸਕਦੀ ਹੈ। ਮੌਸਮ ਦਾ ਪੂਰਾ ਨਿੱਘ ਮਾਨਣ ਤੇ ਗਰਮਾ-ਗਰਮ ਚਾਹ, ਕਾਫੀ, ਪਕੌੜੇ ਤੇ ਲੰਗਰ ਦਾ ਸੇਵਨ ਕਰਨ ਹਿੱਤ ਮਹਿਫਿਲ ਦੀ ਮਿਤੀ 19 ਜਨਵਰੀ ਰੱਖੀ ਗਈ ਹੈ। ਸਨਮਾਨੇ ਜਾਣ ਵਾਲੇ ਸਾਰੇ ਸੱਜਣਾਂ ਨੇ ਮਹਿਫਿਲ ਵਿਚ ਹਾਜ਼ਰ ਹੋਣ ਦਾ ਹੁੰਗਾਰਾ ਭਰਿਆ ਹੈ। ਇਨ੍ਹਾਂ ਪਤਵੰਤਿਆਂ ਵਿਚ ਅੱਸੀਆਂ ਨੂੰ ਟੱਪੇ ਪੱਤਰਕਾਰ ਕੁਲਦੀਪ ਨੱਈਅਰ ਤੇ ਸ਼ਾਇਰ ਜਸਵੰਤ ਸਿੰਘ ਨੇਕੀ ਤੋਂ ਬਿਨਾਂ ਡਾæ ਬਲਦੇਵ ਸਿੰਘ ਬੱਧਨ, ਪ੍ਰੋæ ਹਰਬੰਸ ਸਿੰਘ ਚਾਵਲਾ, ਇਤਿਹਾਸਕਾਰ ਡਾæ ਰਵੇਲ ਸਿੰਘ ਤੇ ਸ਼ ਪਿਆਰਾ ਸਿੰਘ ਐਮ ਏ ਵਰਗੇ ਉਹ ਨਾਮਵਰ ਸੱਜਣ ਵੀ ਸ਼ਾਮਲ ਹਨ ਜਿਨ੍ਹਾਂ ਨੇ ਇਸ ਵਰ੍ਹੇ ਪੰਜਾਬੀ ਦੇ ਅਕਾਦਮਿਕ ਵਿਦਿਅਕ ਤੇ ਰਚਨਾਤਮਿਕ ਜਗਤ ਵਿਚ ਆਪਣਾ ਭਰਪੂਰ ਯੋਗਦਾਨ ਪਾ ਕੇ ਨਵਾਂ ਮੋੜ ਕੱਟਿਆ ਹੈ ਜਾਂ ਕੱਟਣਾ ਹੈ। ਡਾæ ਬੱਧਨ ਤੇ ਡਾæ ਰਵੇਲ ਸਿੰਘ ਦੀ ਕਾਰਗੁਜ਼ਾਰੀ ਤਾਂ ਨੋਟ ਕਰਨ ਵਾਲੀ ਹੈ ਹੈ ਪਿਆਰਾ ਸਿੰਘ ਐਮ ਏ 1942 ਵਿਚ ਸਭਾ ਦੀ ਸਥਾਪਨਾ ਦੇ ਸਮੇਂ ਤੋਂ ਇਸ ਦੇ ਸਰਗਰਮ ਕਾਰਕੁਨ ਰਹੇ ਹਨ। 1980 ਵਿਚ ਬਰਤਾਨੀਆਂ ਦੀ ਧਰਤੀ ਉਤੇ ਵਿਸ਼ਵ ਪੰਜਾਬੀ ਕਾਨਫਰੰਸਾਂ ਦਾ ਮੁੱਢ ਬੰਨ੍ਹਣ ਵਾਲੇ ਸ੍ਰੀ ਰਣਜੀਤ ਧੀਰ ਦੀ ਉਚੇਚੀ ਹਾਜ਼ਰੀ ਨਾਲ ਸਨਮਾਨ ਪ੍ਰਾਪਤ ਕਰਨ ਵਾਲਿਆਂ ਦੀ ਗਿਣਤੀ ਸੱਤ ਹੋ ਜਾਂਦੀ ਹੈ। ਚੇਤੇ ਰਹੇ, ਪਿਛਲੇ ਸਾਲ ਸਿਰਮੌਰ ਪੱਤਰਕਾਰ ਤੇ ਲੇਖਕ ਸ਼ ਖੁਸ਼ਵੰਤ ਸਿੰਘ ਸਿਹਤ ਵਜੋਂ ਢਿੱਲੇ ਹੋਣ ਕਾਰਨ ਮਹਿਫਿਲ ਵਿਸ਼ ਸ਼ਾਮਲ ਨਹੀਂ ਸਨ ਹੋ ਸਕੇ ਤੇ ਉਨ੍ਹਾਂ ਨੂੰ ਉਨ੍ਹਾਂ ਦੇ ਸੁਜਾਨ ਸਿੰਘ ਪਾਰਕ ਵਾਲੇ ਘਰ ਜਾ ਕੇ ਸਨਮਾਨਤ ਕੀਤਾ ਗਿਆ ਸੀ। ਇਹ ਵਰ੍ਹਾ 1914 ਵਿਚ ਜਨਮੇ ਭਾਪਾ ਪ੍ਰੀਤਮ ਸਿੰਘ ਦੀ ਜਨਮ ਸ਼ਤਾਬਦੀ ਦਾ ਵਰ੍ਹਾ ਵੀ ਹੈ। ਇਸ ਵਰ੍ਹੇ ਮਹਿਫਿਲ ਦੀ ਪ੍ਰਧਾਨਗੀ ਕਰਨ ਲਈ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾæ ਜਸਪਾਲ ਸਿੰਘ ਪਟਿਆਲਾ ਤੋਂ ਉਚੇਚੇ ਆ ਰਹੇ ਹਨ। ਪਤਾ ਲੱਗਿਆ ਹੈ ਕਿ ਯਮਲਾ ਜੱਟ ਦਾ ਚੇਲਾ ਤੇ ਹਰਫਨ ਮੌਲਾ ਨਿੰਦਰ ਘੁਗਿਆਣਵੀ ਵੀ ਪਹੁੰਚ ਰਿਹਾ ਹੈ। ਹੋ ਸਕਦਾ ਹੈ ਆਪਣੀ ਤੂੰਬੀ ਲੈ ਕੇ ਆਵੇ। ਆਸ ਹੈ ਕਿ ਉਦੋਂ ਤੱਕ ਮੌਸਮ ਪੂਰਨ ਤੌਰ ‘ਤੇ ਸਾਫ਼ ਹੋ ਜਾਵੇਗਾ। ਸਭਾ ਵੱਲੋਂ ਪੰਜਾਬੀ ਪਿਆਰਿਆਂ ਨੂੰ ਖੁੱਲ੍ਹਾ ਸੱਦਾ ਹੈ।
ਅੰਤਿਕਾ: (ਮੱਖਣ ਸਿੰਘ ਕੁਹਾੜ)
ਚਾਨਣ ਦੇ ਦੁਸ਼ਮਣੋ ਚਾਨਣ ਕਦੇ ਮਰਦਾ ਨਹੀਂ
ਜ਼ਖ਼ਮ ਖਾ ਸਕਦੈ ਮਗਰ ਇਹ ਨ੍ਹੇਰ ਤੋਂ ਡਰਦਾ ਨਹੀਂ।
ਗੇੜ ਪੁੱਠਾ ਦੇਣ ਦੀ ਇਤਿਹਾਸ ਨੂੰ ਕੋਸ਼ਿਸ਼ ਨਾ ਕਰ
ਇਹ ਉਹ ਪਹੀਆ ਹੈ ਜੁ ਪੁੱਠਾ ਘੁੰਮਿਆ ਕਰਦਾ ਨਹੀਂ।
Leave a Reply