ਅਨੰਦਪੁਰ ਸਾਹਿਬ: ਵਿਰਾਸਤ-ਏ-ਖਾਲਸਾ 25 ਨਵੰਬਰ ਨੂੰ ਆਪਣੇ ਦੋ ਸਾਲ ਪੂਰੇ ਕਰ ਚੁੱਕਾ ਹੈ। ਇਨ੍ਹਾਂ ਦੋ ਸਾਲਾਂ ਵਿਚ ਦੇਸ਼ਾਂ-ਵਿਦੇਸ਼ਾਂ ਤੋਂ ਹੁਣ ਤੱਕ 38 ਲੱਖ ਤੋਂ ਵੱਧ ਸੈਲਾਨੀ ਵਿਰਾਸਤ-ਏ-ਖਾਲਸਾ ਨੂੰ ਦੇਖ ਚੁੱਕੇ ਹਨ। ਇਨ੍ਹਾਂ ਵਿਚ ਕੈਨੇਡਾ ਦੇ ਪ੍ਰਧਾਨ ਮੰਤਰੀ ਸਮੇਤ ਹਿੰਦੁਸਤਾਨ ਦੇ ਕਈ ਅਹੁਦਿਆਂ ‘ਤੇ ਪਹੁੰਚੇ ਮੁੱਖ ਮੰਤਰੀ, ਰਾਜਪਾਲ ਤੇ ਹੋਰ ਸ਼ਖ਼ਸੀਅਤਾਂ ਵੀ ਸ਼ਾਮਲ ਹਨ।
ਦੱਸਣਯੋਗ ਹੈ ਕਿ ਦੁਨੀਆ ਵਿਚ ਅੱਠਵੇਂ ਅਜੂਬੇ ਦੇ ਤੌਰ ‘ਤੇ ਜਾਣਿਆ ਜਾਂਦਾ ਵਿਰਾਸਤ-ਏ-ਖਾਲਸਾ ਨੂੰ ਬਣਾਉਣ ਦਾ ਕੰਮ 300 ਸਾਲਾ ਖਾਲਸਾ ਸਾਜਨਾ ਦਿਵਸ ਮੌਕੇ 1999 ਵਿਚ ਸ਼ੁਰੂ ਹੋਇਆ ਸੀ। ਦੋ ਪੜਾਵਾਂ ਵਿਚ ਬਣਨ ਵਾਲੇ ਇਸ ਅਜਾਇਬ ਘਰ ਦੇ ਪਹਿਲੇ ਪੜਾਅ ਨੂੰ 25 ਨਵੰਬਰ, 2011 ਨੂੰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਉਦਘਾਟਨ ਕਰਕੇ ਲੋਕ ਅਰਪਣ ਕੀਤਾ ਸੀ। ਵਿਰਾਸਤ-ਏ-ਖਾਲਸਾ ਦੇ ਦੂਜੇ ਪੜਾਅ ਦਾ ਕੰਮ ਸ਼ੁਰੂ ਹੋ ਚੁੱਕਾ ਹੈ ਜਿਸ ਵਿਚ ਭਾਰਤ-ਪਾਕਿਸਤਾਨ ਦੀ ਵੰਡ, ਮਹਾਰਾਜਾ ਰਣਜੀਤ ਸਿੰਘ, ਬਾਬਾ ਬੰਦਾ ਸਿੰਘ ਬਹਾਦਰ ਤੇ ਆਜ਼ਾਦੀ ਦੀ ਲੜਾਈ ਨੂੰ ਦਰਸਾਉਂਦੀਆਂ ਗੈਲਰੀਆਂ ਦਾ ਨਿਰਮਾਣ ਕੀਤਾ ਜਾਵੇਗਾ ਜਿਸ ਲਈ ਪੰਜਾਬ ਸਰਕਾਰ ਨੇ 77 ਕਰੋੜ ਦੀ ਰਕਮ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਇਸ ਦਾ ਡਿਜ਼ਾਇਨ ਵੀ ਤਿਆਰ ਹੋ ਚੁੱਕਾ ਹੈ ਜਦੋਂਕਿ ਪਹਿਲੇ ਪੜਾਅ ਦੇ ਕੰਮ ‘ਤੇ ਤਕਰੀਬਨ 350 ਕਰੋੜ ਰੁਪਏ ਖਰਚ ਆਏ ਸਨ। ਇਸ ਦੇ ਨਾਲ ਹੀ ਸੈਲਾਨੀਆਂ ਦੀ ਸਹੂਲਤ ਲਈ ਉਡੀਕ ਘਰ, ਛਾਂ ਤੇ ਸਾਫ਼ ਪੀਣ ਵਾਲੇ ਪਾਣੀ ਦਾ ਕੰਮ ਵੀ ਮੁਕੰਮਲ ਹੋ ਚੁੱਕਾ ਹੈ ਤੇ ਛੇਤੀ ਹੀ ਉਡੀਕ ਘਰ ਨੂੰ ਸੈਲਾਨੀਆਂ ਲਈ ਖੋਲ੍ਹ ਦਿੱਤਾ ਜਾਵੇਗਾ। ਵਿਰਾਸਤ-ਏ-ਖਾਲਸਾ ਦੇ ਪਹਿਲੇ ਭਾਗ ਨੂੰ ਦੇਖਣ ਲਈ ਸਵਾ ਘੰਟਾ ਲੱਗਦਾ ਹੈ ਤੇ ਦੂਸਰੇ ਪੜਾਅ ਲਈ ਵੀ ਤਕਰੀਬਨ ਇੰਨਾ ਹੀ ਸਮਾਂ ਲੱਗੇਗਾ। ਇਹ ਅਜਾਇਬ ਘਰ ਦੁਨੀਆ ਦੇ ਸਭ ਤੋਂ ਵੱਧ ਦੇਖਣ ਵਾਲੇ ਅਜਾਇਬ ਘਰਾਂ ਵਿਚ ਗਿਣਿਆ ਜਾਣ ਲੱਗਾ ਹੈ ਜਿਸ ਦੇ ਹੁਣ ਤੱਕ ਦੇ ਦੇਖੇ ਜਾਣ ਵਾਲੇ ਅੰਕੜਿਆਂ ਮੁਤਾਬਕ 20 ਫੀਸਦੀ ਸੈਲਾਨੀ ਵਿਦੇਸ਼ੀ ਜਾਂ ਪਰਵਾਸੀ ਭਾਰਤੀ ਹੁੰਦੇ ਹਨ। ਜਦੋਂ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਪੰਜਾਂ ਤਖ਼ਤਾਂ ਨੂੰ ਜੋੜਨ ਵਾਲੀ ਰੇਲ ਗੱਡੀ ਦੀਦਾਰ-ਏ-ਤਖ਼ਤ, ਸ਼ਾਨ-ਏ-ਖਾਲਸਾ ਸ੍ਰੀ ਅਨੰਦਪੁਰ ਸਾਹਿਬ ਪੁੱਜੀ ਸੀ ਤਾਂ ਉਸ ਵਿਚ ਸਵਾਰ ਪਰਵਾਸੀ ਭਾਰਤੀ ਵੀ ਇਸ ਵਿਰਾਸਤ ਨੂੰ ਵੇਖ ਕੇ ਇਸ ਦੀ ਭਰਪੂਰ ਪ੍ਰਸੰਸਾ ਕਰਦੇ ਸਨ।
Leave a Reply