ਬੂਟਾ ਸਿੰਘ
ਫੋਨ: 91-94634-74342
ਲੰਘੀ 27 ਦਸੰਬਰ ਨੂੰ ਅਹਿਮਦਾਬਾਦ ਦੀ ਅਦਾਲਤ ਵਲੋਂ ਮੁਸਲਮਾਨਾਂ ਦੀ ਕਤਲੋਗ਼ਾਰਤ ਲਈ ਜ਼ਿੰਮੇਵਾਰ ਨਰੇਂਦਰ ਮੋਦੀ ਨੂੰ ਬੇਗੁਨਾਹੀ ਦਾ ਪ੍ਰਮਾਣ ਪੱਤਰ ਦੇਣ ਦੇ ਹਿੰਦੋਸਤਾਨ ਦੀ ਮੁੱਖਧਾਰਾ ਸਿਆਸਤ ਅਤੇ ਅਵਾਮ ਦੋਵਾਂ ਲਈ ਡੂੰਘੇ ਮਾਇਨੇ ਹਨ। ਮੈਜਿਸਟਰੇਟ ਨੇ ਆਪਣੇ ਸਾਢੇ ਤਿੰਨ ਸੌ ਸਫ਼ਿਆਂ ਦੇ ਫ਼ੈਸਲੇ ਵਿਚ ਦਲੀਲ ਦਿੱਤੀ ਕਿ 28 ਫਰਵਰੀ 2002 ਦੇ ਦਿਨ ਗੁਜਰਾਤ ਵਿਚ ਮੁਸਲਮਾਨਾਂ ਦੀ ਵੱਡੇ ਪੈਮਾਨੇ ਦੀ ਕਤਲੋਗ਼ਾਰਤ ਦੌਰਾਨ ਅਹਿਮਦਾਬਾਦ ਦੇ ਗੁਲਬਰਗ ਸੁਸਾਇਟੀ ਇਲਾਕੇ ਵਿਚ 69 ਮੁਸਲਮਾਨਾਂ ਦਾ ਕਤਲੇਆਮ ਕਰਾਉਣ ਦਾ ਜੋ ਇਲਜ਼ਾਮ ਮੋਦੀ ਉੱਪਰ ਹੈ, ਉਸ ਦਾ ਕੋਈ ਸਬੂਤ ਨਹੀਂ ਹੈ।
ਕਾਂਗਰਸ ਦੇ ਸਾਬਕਾ ਪਾਰਲੀਮੈਂਟ ਮੈਂਬਰ ਅਹਿਸਾਨ ਜਾਫ਼ਰੀ ਜਿਸ ਨੂੰ ਉਦੋਂ ਨੂੰ ਜ਼ਿੰਦਾ ਸਾੜ ਦਿੱਤਾ ਗਿਆ, ਦੀ ਪਤਨੀ ਜ਼ਾਕੀਆ ਜਾਫ਼ਰੀ ਦੀ ਪਟੀਸ਼ਨ ਖਾਰਜ ਕਰ ਦੇਣ ਦੇ ਅਦਾਲਤੀ ਫ਼ੈਸਲੇ ਨੇ ਇਕ ਵਾਰ ਫਿਰ ਇਹ ਸਾਬਤ ਕਰ ਦਿੱਤਾ ਹੈ ਕਿ ਇਸ ਮੁਲਕ ਦੇ ਨਿਆਂ ਪ੍ਰਬੰਧ ਵਿਚ ਜ਼ਾਲਮਾਂ ਦੇ ਹੱਕ ਵਿਚ ਕਿੰਨੀ ਲਚਕ ਹੈ। ਧਨਕੁਬੇਰ ਤੇ ਬਾਰਸੂਖ਼ ਕੁਲੀਨ ਹਿੱਸੇ ਇਨਸਾਨੀਅਤ ਦੇ ਖ਼ਿਲਾਫ਼ ਘਿਨਾਉਣੇ ਤੋਂ ਘਿਨਾਉਣੇ ਜੁਰਮ ਕਰ ਕੇ ਵੀ ਇਨਸਾਫ਼ ਦੀ ਕੁਰਸੀ ਤੋਂ ਬੇਗੁਨਾਹੀ ਦਾ ਪ੍ਰਮਾਣ ਪੱਤਰ ਮੌਜ ਨਾਲ ਹੀ ਹਾਸਲ ਕਰ ਲੈਂਦੇ ਹਨ। ਇਸ ਕੇਸ ਨੂੰ ਹਾਈ ਕੋਰਟ ਵਿਚ ਲਿਜਾਣ ਤੋਂ ਰੋਕਣ ਲਈ ਮੋਦੀ ਦੇ ਇਸ਼ਾਰੇ ‘ਤੇ ਗੁਜਰਾਤ ਪੁਲਿਸ ਨੇ ਇਸ ਮਾਮਲੇ ਦੇ ਪੈਰਵਾਈਕਰਤਾ ਸਮਾਜਕ ਕਾਰਕੁਨਾਂ ਤੀਸਤਾ ਸੀਤਲਵਾੜ ਅਤੇ ਜਾਵੇਦ ਆਨੰਦ ਦੇ ਖ਼ਿਲਾਫ਼ ਕਤਲੋਗ਼ਾਰਤ ਪੀੜਤਾਂ ਲਈ ਫੰਡਾਂ ਵਿਚ ਧੋਖਾਧੜੀ ਦਾ ਕੇਸ ਵੀ ਦਰਜ ਕਰ ਲਿਆ ਹੈ।
ਚੇਤੇ ਰੱਖਣਾ ਪਵੇਗਾ ਕਿ ਅਦਾਲਤ ਵਲੋਂ ਮੋਦੀ ਨੂੰ ਬੇਗੁਨਾਹੀ ਦਾ ਪ੍ਰਮਾਣ ਪੱਤਰ ਦੇਣਾ, ਹਿੰਦੂਤਵੀ ਬ੍ਰਿਗੇਡ ਵਲੋਂ ਇਸ ਨੂੰ ‘ਸਚਾਈ ਦੀ ਜਿੱਤ’ ਐਲਾਨ ਕੇ ਇਸ ਦੇ ਜਸ਼ਨ ਮਨਾਉਣਾ, ਆਲਮੀ ਤੇ ਮੁਲਕ ਦੀ ਕਾਰਪੋਰੇਟ ਸਰਮਾਏਦਾਰੀ ਵਲੋਂ ਮੋਦੀ ਦੀਆਂ ਘੋੜੀਆਂ ਗਾਉਣਾ ਅਤੇ ਮੋਦੀ ਵਲੋਂ ਬਾਰਾਂ ਵਰ੍ਹੇ ਬਾਅਦ ਮੁਸਲਮਾਨਾਂ ਦੀ ਕਤਲੋਗ਼ਾਰਤ ਨੂੰ ‘ਧੁਰ ਅੰਦਰ ਤਕ ਹਿਲਾ ਦੇਣ ਵਾਲਾ’ ਵਾਕਿਆ ਬਿਆਨ ਕਰਦਿਆਂ ਗਿਰਗਿਟੀ ਰੰਗ ਦਿਖਾਉਣਾ, ਸੰਘ ਪਰਿਵਾਰ ਦੀ ਦੂਰ-ਅੰਦੇਸ਼ ਚੋਣ ਰਣਨੀਤੀ ਦੀ ਦੱਸ ਪਾਉਣ ਵਾਲੇ ਐਸੇ ਟੁਕੜੇ ਹਨ ਜਿਨ੍ਹਾਂ ਦੀਆਂ ਕੜੀਆਂ ਨੂੰ ਜੇ ਸਹੀ ਚੌਖਟੇ ਵਿਚ ਰੱਖ ਕੇ ਅਤੇ ਆਪਸ ਵਿਚ ਜੋੜ ਕੇ ਦੇਖਿਆ-ਪਰਖਿਆ ਜਾਵੇ ਤਾਂ ਭਗਵੀਂ ਚੋਣ ਯੁੱਧਨੀਤੀ ਦੀ ਸਾਲਮ ਤਸਵੀਰ ਉਘੜ ਆਉਂਦੀ ਹੈ। ਇਨ੍ਹਾਂ ਦਾ ਸਿੱਧਾ ਸਬੰਧ ਇਸ ਸਾਲ ਹੋ ਰਹੀਆਂ ਆਮ ਚੋਣਾਂ ਨਾਲ ਹੈ ਅਤੇ ਇਨ੍ਹਾਂ ਵਿਚੋਂ ਇਸ ਮੁਲਕ ਦੇ ਸਿਰ ਉੱਪਰ ਮੰਡਲਾ ਰਹੇ ਹਿੰਦੂਤਵੀ ਖ਼ਤਰੇ ਦੇ ਆਸਾਰ ਸਪਸ਼ਟ ਨਜ਼ਰ ਆਉਂਦੇ ਹਨ।
ਭਗਵੀਂ ਯੁੱਧਨੀਤੀ ਦਾ ਧੁਰਾ ਹੈ ਮੁਲਕ ਦੀ ਸਥਾਪਤੀ ਦਾ ਇਹ ਡੂੰਘਾ ਸਰੋਕਾਰ ਕਿ ਇਸ ਕਾਰਪੋਰੇਟਤੰਤਰ ਨੂੰ ਭਵਿੱਖ ਵਿਚ ਸੁਚਾਰੂ ਢੰਗ ਨਾਲ ਚਲਾਉਣ ਲਈ ਮੁੱਖਧਾਰਾ ਸਿਆਸਤ ਦਾ ਕਿਹੜਾ ਸਿਆਸੀ ਧੜਾ ਪ੍ਰਭਾਵਸ਼ਾਲੀ ਹੋ ਸਕਦਾ ਹੈ। ਨਹਿਰੂ ਖ਼ਾਨਦਾਨ ਦੇ ਲੰਗੋਟ ਨਾਲ ਬੱਝੀ ਕਾਂਗਰਸ ਦੀ ਵਜ਼ਾਰਤ ਦੋ ਪਾਰੀਆਂ ਵਿਚ ਪੂਰਾ ਇਕ ਦਹਾਕਾ ਕਾਰਪੋਰੇਟ ਸਰਮਾਏਦਾਰੀ ਦੀ ਰੱਜਵੀਂ ਖ਼ਿਦਮਤ ਕਰ ਕੇ ਆਪਣਾ ਫਰਜ਼ ਵੀ ਨਿਭਾਅ ਚੁੱਕੀ ਹੈ ਅਤੇ ਮੁਲਕ ਦੀ ਬੇਰਹਿਮੀ ਨਾਲ ਲੁੱਟਮਾਰ ਕਰ/ਕਰਵਾ ਕੇ ਤਸੱਲੀ ਨਾਲ ਆਪਣਾ ਰੱਜ ਵੀ ਕਰ ਚੁੱਕੀ ਹੈ। ਮਨਮੋਹਨ ਸਿੰਘ ਵਰਗਿਆਂ ਦੀ ‘ਸ਼ਰਾਫ਼ਤ’ ਦੇ ਮੁਖੌਟਿਆਂ ਦੀ ਓਟ ਅਤੇ ਭਾਜਪਾ ਤੋਂ ਬਦਜ਼ਨੀ ਦਾ ਲਾਹਾ ਲੈ ਕੇ ਸੱਤਾਧਾਰੀ ਹੋਏ, ਕਾਰਪੋਰੇਟ ਸਰਮਾਏਦਾਰੀ ਨਾਲ ਮਿਲ ਕੇ ਭ੍ਰਿਸ਼ਟਾਚਾਰ ਅਤੇ ਘੁਟਾਲਿਆਂ ਨਾਲ ਬੁਰੀ ਤਰ੍ਹਾਂ ਕਲੰਕਤ ਹੋਏ ਇਹ ਦਲਾਲ ਕਿਰਦਾਰ ਜੱਗ ਜ਼ਾਹਰ ਹੋ ਚੁੱਕੇ ਹਨ। ਕਾਂਗਰਸ ਲਈ ਸਮੱਸਿਆ ਹੁਣ ਇਹ ਹੈ ਕਿ ਇਸ ਵਕਤ ਇਸ ਕੋਲ ਕੋਈ ਐਸਾ ਪ੍ਰਭਾਵਸ਼ਾਲੀ ਆਗੂ ਨਹੀਂ ਹੈ ਜੋ ਸੋਨੀਆ ਗਾਂਧੀ ਦੀ ਛੱਤਰੀ ਹੇਠ ਜੁੜੇ ਕਾਂਗਰਸੀ ਗੁੱਟਾਂ ਨੂੰ ਆਪਣੇ ਮਗਰ ਲਾਮਬੰਦ ਕਰ ਕੇ ਅਗਲੀਆਂ ਆਮ ਚੋਣਾਂ ਦੇ ਭਵ-ਸਾਗਰ ਵਿਚ ਇਸ ਦਾ ਬੇੜਾ ਬੰਨੇ ਲਾ ਸਕੇ। ਹਾਲ ਹੀ ਵਿਚ ਮਨਮੋਹਨ ਸਿੰਘ ਵਲੋਂ ਅਗਲੀ ਵਾਰ ਪ੍ਰਧਾਨ ਮੰਤਰੀ ਦੀ ਉਮੀਦਵਾਰੀ ਦਾ ਖ਼ਾਹਿਸ਼ਮੰਦ ਨਾ ਹੋਣ ਅਤੇ ਰਾਹੁਲ ਗਾਂਧੀ ਨੂੰ ਇਸ ਅਹੁਦੇ ਦੇ ਕਾਬਲ ਦੱਸਣ ਦੇ ਬਿਆਨਾਂ ਤੋਂ ਜ਼ਾਹਿਰ ਹੈ ਕਿ ਕਾਂਗਰਸ ਵਲੋਂ ਹਰ ਹਾਲਤ ‘ਚ ਰਾਹੁਲ ਗਾਂਧੀ ਨੂੰ ਹੀ ਅਗਲੇ ਪ੍ਰਧਾਨ ਮੰਤਰੀ ਵਜੋਂ ਪੇਸ਼ ਕੀਤਾ ਜਾਣਾ ਤੈਅ ਹੈ। ਵੱਖਰਾ ਸਵਾਲ ਹੈ ਕਿ ਇਹ ਖ਼ਾਨਦਾਨੀ ਸਟਾਰ ਕੋਈ ਸਿਆਸੀ ਕ੍ਰਿਸ਼ਮਾ ਕਰ ਕੇ ਕਾਂਗਰਸ ਦੀ ਦੁਰਦਸ਼ਾ ਦੀ ਕਾਇਆਕਲਪ ਕਰ ਦੇਣ ਦੇ ਸਮਰੱਥ ਨਹੀਂ ਹੈ। ਇਹ ਹਾਲੀਆ ਵਿਧਾਨ ਸਭਾ ਚੋਣਾਂ ਨੇ ਵੀ ਦਿਖਾ ਦਿੱਤਾ ਹੈ।
ਇਨ੍ਹਾਂ ਹਾਲਾਤ ਦੇ ਮੱਦੇਨਜ਼ਰ, ਕਾਰਪੋਰੇਟ ਸਰਮਾਏਦਾਰੀ ਦੇ ਵੱਡੇ ਹਿੱਸੇ ਨੂੰ ਹੁਣ ਅਗਲੀਆਂ ਚੋਣਾਂ ਵਿਚ ਕਾਂਗਰਸ ਤੋਂ ਪ੍ਰਭਾਵਸ਼ਾਲੀ ਕਾਰਗੁਜ਼ਾਰੀ ਦੀ ਉਮੀਦ ਨਹੀਂ ਹੈ। ਕਾਂਗਰਸ ਨੂੰ ਫਿਲਹਾਲ ਪਾਸੇ ਕਰਨ ‘ਚ ਉਨ੍ਹਾਂ ਨੂੰ ਕੋਈ ਉਜ਼ਰ ਵੀ ਨਹੀਂ ਹੈ, ਪਰ ਸਮੱਸਿਆ ਇਹ ਹੈ ਕਿ ਮੁੱਖਧਾਰਾ ਦੀ ਹੋਰ ਕੋਈ ਸਿਆਸੀ ਪਾਰਟੀ ਕਾਂਗਰਸ ਦਾ ਬਦਲ ਬਣਨ ਜੋਗੀ ਨਹੀਂ ਹੈ ਜੋ ਇਸ ਨਿਜ਼ਾਮ ਤੋਂ ਅਵਾਮ ਦੀ ਬਦਜ਼ਨੀ ਦਾ ਲਾਹਾ ਲੈ ਕੇ ਸਥਾਪਤੀ ਨੂੰ ਅਗਲੇ ਪੰਜ ਸਾਲ ਲਈ ਸਿਆਸੀ ਸਥਿਰਤਾ ਦੇ ਸਕੇ। ਲਿਹਾਜ਼ਾ ਉਨ੍ਹਾਂ ਦੀ ਜ਼ਿਆਦਾਤਰ ਟੇਕ ਭਗਵੇਂ ਬ੍ਰਿਗੇਡ ਉਪਰ ਹੀ ਹੈ।
ਸੰਘ ਪਰਿਵਾਰ ਇਹ ਭਲੀਭਾਂਤ ਜਾਣਦਾ ਹੈ ਕਿ ਅਵਾਮ ਤਬਦੀਲੀ ਚਾਹੁੰਦਾ ਹੈ। ਇਹ ਵੀ ਕਿ ਇਸ ਵਕਤ ਅਵਾਮ ਕੋਲ ਇਹ ਬੁੱਝ ਸਕਣ ਦੀ ਸਿਆਸੀ ਸੂਝ ਨਾਦਾਰਦ ਹੈ ਕਿ ਕਾਂਗਰਸ ਦੀ ਥਾਂ ਆਉਣ ਵਾਲੇ ਭਗਵੇਂ ਬ੍ਰਿਗੇਡ ਦੇ ਆਰਥਿਕ ਏਜੰਡੇ ਵਿਚ ਕਾਂਗਰਸ ਤੋਂ ਵੱਖਰਾ ਕੁਝ ਨਹੀਂ ਹੈ। ਸੰਘ ਪਰਿਵਾਰ ਲਈ ਆਮ ਚੋਣਾਂ ਲੰਮੇ ਸਮੇਂ ਲਈ ਮੁਲਕ ਪੱਧਰ ‘ਤੇ ਸੱਤਾ ਹਥਿਆਉਣ ਦਾ ਸੁਨਹਿਰੀ ਮੌਕਾ ਹੈ ਕਿਉਂਕਿ ਕਾਰਪੋਰੇਟ ਸਰਮਾਏਦਾਰੀ ਦੇ ਅਹਿਮ ਹਿੱਸੇ ਮੋਦੀ ਦੇ ‘ਵਿਕਾਸ ਮਾਡਲ’ ਤੋਂ ਪੂਰੇ ਖੁਸ਼ ਹਨ ਅਤੇ ਖੁੱਲ੍ਹ ਕੇ ਉਸ ਦੀ ਹਮਾਇਤ ਕਰ ਰਹੇ ਹਨ। ਦਰਅਸਲ, ਸੰਘ ਪਰਿਵਾਰ ਦੀ ਟੇਕ ਮਹਿਜ਼ ਕਾਂਗਰਸ ਤੋਂ ਬਦਜ਼ਨੀ ਅਤੇ ਕਾਰਪੋਰੇਟ ਹਮਾਇਤ ਉਪਰ ਹੀ ਨਹੀਂ ਹੈ। ਇਕ ਹੋਰ ਤੱਥ ਵੀ ਉਨ੍ਹਾਂ ਲਈ ਕਾਫ਼ੀ ਸਾਜ਼ਗਾਰ ਹੈ। ‘ਸੈਂਟਰ ਫਾਰ ਦਿ ਸਟੱਡੀ ਆਫ ਡਿਵੈਲਪਿੰਗ ਸੁਸਾਇਟੀਜ਼’ ਵਲੋਂ ਆਈæਬੀæਐੱਨ-ਸੀæਐੱਨæਐੱਨæ-ਹਿੰਦੁਸਤਾਨ ਟਾਈਮਜ਼ ਲਈ ਕੀਤੇ ਕੌਮੀ ਹਾਲਤ ਦੇ ਸਰਵੇਖਣ (2007) ਮੁਤਾਬਕ “ਲੰਘੇ ਪੰਜ ਸਾਲਾਂ ਦੌਰਾਨ ਹਿੰਦੁਸਤਾਨੀਆਂ ਵਿਚ ਧਾਰਮਿਕਤਾ ਦੇ ਪੱਧਰ ਵਿਚ ਚੋਖਾ ਵਾਧਾ ਹੋਇਆ ਹੈ। 30 ਫ਼ੀ ਸਦੀ ਲੋਕਾਂ ਦਾ ਕਹਿਣਾ ਹੈ ਕਿ ਇਨ੍ਹਾਂ ਪੰਜ ਸਾਲਾਂ ਵਿਚ ਉਹ ਵਧੇਰੇ ਧਾਰਮਿਕ ਹੋਏ ਹਨ। ਸਿਰਫ਼ 5 ਫ਼ੀ ਸਦੀ ਜਨਤਾ ਹੀ ਐਸੀ ਸੀ ਜਿਸ ਨੇ ਇਸ ਦਾ ਜਵਾਬ ਨਾਂਹ ‘ਚ ਦਿੱਤਾ ਸੀ।” ਇਸੇ ਰਾਇ-ਸ਼ੁਮਾਰੀ ਵਿਚ ਇਹ ਵੀ ਸਾਹਮਣੇ ਆਇਆ ਕਿ ਪੜ੍ਹਾਈ-ਲਿਖਾਈ ਅਤੇ ਆਧੁਨਿਕ ਜ਼ਿੰਦਗੀ ਨਾਲ ਬਾਵਸਤਾ ਹੋ ਕੇ ਉਨ੍ਹਾਂ ਦੀ ਧਾਰਮਿਕਤਾ ਘਟੀ ਨਹੀਂ, ਸਗੋਂ ਵਧੀ ਹੈ। ਰਾਇ-ਸ਼ੁਮਾਰੀ ਦਾ ਨਿਚੋੜ ਇਹ ਹੈ ਕਿ “ਸ਼ਹਿਰਾਂ ਦੇ ਪੜ੍ਹੇ-ਲਿਖੇ ਹਿੰਦੁਸਤਾਨੀ ਆਪਣੇ ਪੇਂਡੂ ਤੇ ਅਨਪੜ੍ਹ ਹਮਵਤਨੀਆਂ ਨਾਲੋਂ ਵਧੇਰੇ ਧਾਰਮਿਕ ਹਨæææ ਪਿੰਡਾਂ ਦੀ ਬਜਾਏ ਸ਼ਹਿਰਾਂ ਅਤੇ ਕਸਬਿਆਂ ਵਿਚ ਧਾਰਮਿਕਤਾ ਵਿਚ ਜ਼ਿਆਦਾ ਵਧੀ ਹੈ।”
ਮਸ਼ਹੂਰ ਚਿੰਤਕ ਮੀਰਾ ਨੰਦਾ ਵੀ ਆਪਣੀ ਅਹਿਮ ਕਿਤਾਬ ‘ਦਿ ਗੌਡ ਮਾਰਕੀਟ’ ਵਿਚ ਹਾਲਾਤ ਦਾ ਇਸੇ ਤਰ੍ਹਾਂ ਦਾ ਜਾਇਜ਼ਾ ਪੇਸ਼ ਕਰਦੀ ਹੈ: “ਹਰਮਨਪਿਆਰੇ ਹਿੰਦੂਵਾਦ ਦਾ ਮਹਾਂ ਉਭਾਰ ਸਾਹਮਣੇ ਆ ਰਿਹਾ ਹੈæææ ਅਮੀਰ ਅਤੇ ਗ਼ਰੀਬ, ਦੋਹਾਂ ਦਾ ਰੁਝਾਨ ਈਸ਼ਵਰਾਂ ਅਤੇ ਧਰਮ ਗੁਰੂਆਂ ਵੱਲ ਹੈ; ਪੁਜਾਰੀਆਂ, ਜੋਤਸ਼ੀਆਂ, ਵਾਸਤੂ ਮਾਹਰਾਂ, ਰੂਹਾਨੀ ਸਲਾਹਕਾਰਾਂ ਦਾ ਕਾਰੋਬਾਰ ਖ਼ੂਬ ਫੈਲ ਰਿਹਾ ਹੈ। æææ ਧਰਮਨਿਰਪੱਖਤਾ ਦਾ ਹਿੰਦੁਸਤਾਨੀ ਬਰੈਂਡ ਸਟੇਟ ਨੂੰ ਬਹੁਗਿਣਤੀ ਮਜ਼੍ਹਬ ਨਾਲ ਗੂੜ੍ਹਾ ਰਿਸ਼ਤਾ ਬਣਾਈ ਰੱਖਣ ਦੀ ਖੁੱਲ੍ਹ ਦਿੰਦਾ ਹੈ। ਜਦੋਂ ਦੀ ਨਵ-ਉਦਾਰਵਾਦੀ ਸਟੇਟ ਦੀ ਨਿੱਜੀ ਸਰਮਾਏਦਾਰੀ ਨਾਲ ਸਾਂਝ-ਭਿਆਲੀ ਪਈ ਹੈ, ਉਦੋਂ ਦਾ ਸਟੇਟ, ਕਾਰਪੋਰੇਟ ਸਰਮਾਏਦਾਰੀ ਅਤੇ ਹਿੰਦੂ ਸਥਾਪਤੀ ਦਾ ਤਿਕੋਣਾ ਰਿਸ਼ਤਾ ਉਭਰ ਕੇ ਸਾਹਮਣੇ ਆਇਆ ਹੈ। ਇਹ ਤਿਕੋਣਾ ਗੱਠਜੋੜ ਐਸੀਆਂ ਸੰਸਥਾਗਤ ਗੁੰਜਾਇਸ਼ਾਂ ਪੈਦਾ ਕਰ ਰਿਹਾ ਹੈ ਜਿਨ੍ਹਾਂ ਅੰਦਰ ਹਿੰਦੂਵਾਦ ਆਲਮੀ ਰਾਜਨੀਤਕ ਆਰਥਿਕਤਾ ਵਲੋਂ ਸਿਰਜੇ ਨਵੇਂ ਸਮਾਜੀ ਹਾਲਾਤ ਅੰਦਰ ਆਪਣੀ ਪ੍ਰਸੰਗਿਕਤਾ ਬਣਾਈ ਰੱਖਣ ਲਈ ਖ਼ੁਦ ਨੂੰ ਨਵਾਂ ਰੂਪ ਦੇ ਰਿਹਾ ਹੈ।” ਸੰਘ ਪਰਿਵਾਰ ਇਸ ‘ਧਾਰਮਿਕਤਾ’ ਦਾ ਲਾਹਾ ਲੈਣ ਲਈ ਸਰਗਰਮ ਹੈ ਪਰ ਉਸ ਨੂੰ ਇਹ ਵੀ ਪਤਾ ਹੈ ਕਿ ਆਪਣੀ ਪਹਿਲਾਂ ਵਾਲੀ ਫਿਰਕੂ ਜ਼ਹਿਰ ਉਗਲਦੀ ਸੁਰ ਅਤੇ ਰੰਗ-ਢੰਗ ਜਾਰੀ ਰੱਖ ਕੇ ਕਾਮਯਾਬੀ ਹਾਸਲ ਨਹੀਂ ਕੀਤੀ ਜਾ ਸਕਦੀ। ਲਿਹਾਜ਼ਾ, ਉਹ ਸਹੂਲਤ ਅਨੁਸਾਰ ਸੁਰ-ਬਦਲੀ ਦੀ ਸਿਆਸਤ ਖੇਡਣ ਅਤੇ ਲਚਕਦਾਰ ਗੱਠਜੋੜ ਸਿਆਸਤ ਦੇ ਫੌਰੀ ਸਿਆਸੀ ਟੀਚੇ ਨਾਲ ਕੰਮ ਕਰਨ ਲਈ ਮਜਬੂਰ ਹਨ।
ਸੰਘ ਪਰਿਵਾਰ ਦੀ ਅਗਵਾਈ ਵਿਚ ਸਮੂਹ ਭਗਵੇਂ ਲਸ਼ਕਰਾਂ ਦੀ 8 ਸਤੰਬਰ ਦੀ ਵਿਸ਼ੇਸ਼ ਮੀਟਿੰਗ ਨੇ ਇਸ ਹਾਲਾਤ ਦਾ ਲਾਹਾ ਲੈਣ ਲਈ ਖ਼ਾਸ ਦਿਸ਼ਾ-ਨਿਰਦੇਸ਼ ਤੈਅ ਕੀਤੇ ਸਨ। ਉਨ੍ਹਾਂ ਦੀ ਰੋਸ਼ਨੀ ਵਿਚ ਆਪਣਾ ਹਿੰਦੂਤਵੀ ਅਜੰਡਾ ਬਦਲਵੇਂ ਰੂਪ ‘ਚ ਲਾਗੂ ਕਰਨ ਅਤੇ ਸਥਾਪਤੀ ਦੀ ਅਜੋਕੀ ਅਣਸਰਦੀ ਜ਼ਰੂਰਤ ਦੋਵਾਂ ਨੂੰ ਮੁੱਖ ਰੱਖ ਕੇ ਸੰਘ ਆਪਣਾ ਤੇ ਆਪਣੇ ਸਟਾਰ ਉਮੀਦਵਾਰ ਮੋਦੀ ਦਾ ਅਕਸ ਸੁਧਾਰਨ ਦੀ ਕਵਾਇਦ ‘ਚ ਜ਼ੋਰ-ਸ਼ੋਰ ਨਾਲ ਜੁਟਿਆ ਹੋਇਆ ਹੈ। ਪਿਛਲੇ ਇਕ ਸਾਲ ਦੇ ਸਿਆਸੀ ਘਟਨਾ-ਵਿਕਾਸਾਂ ਵਿਚੋਂ ਇਸ ਦੇ ਸੰਕੇਤ ਵਾਰ-ਵਾਰ ਨਜ਼ਰ ਆਉਾਂਦੇ ਹੇ ਹਨ। ਵੋਟ ਬੈਂਕ ਵਧਾਉਣ ਦੀ ਸਿਆਸੀ ਜ਼ਰੂਰਤ ਅਨੁਸਾਰ ਭਗਵਾਂ ਬ੍ਰਿਗੇਡ ਆਪਣੇ ਮੁੱਖ ਸਖ਼ਤ ਪੈਂਤੜਿਆਂ ਵਿਚ ਨਰਮੀ ਵੀ ਦਿਖਾ ਰਿਹਾ ਹੈ (ਜਿਵੇਂ ਅਯੁੱਧਿਆ ਵਿਚ ਰਾਮ ਮੰਦਰ, ਕਸ਼ਮੀਰ ਬਾਰੇ ਧਾਰਾ 370 ਖ਼ਤਮ ਕਰਨ ਦੀ ਮੰਗ ਅਤੇ ਇਕਸਾਰ ਸਿਵਲ ਕੋਡ ਦੇ ਮੁੱਦੇ ਬਾਰੇ ਰਵਾਇਤੀ ਪੈਂਤੜੇ ਤੋਂ ਥੋੜ੍ਹਾ ਹਟਵੇਂ ਬਿਆਨ ਸਾਹਮਣੇ ਆ ਰਹੇ ਹਨ); ਜ਼ਰੂਰਤ ਅਨੁਸਾਰ ਮਹਿੰਗਾਈ ਵਰਗੇ ਆਰਥਿਕ ਮੁੱਦੇ ਵੀ ਉਠਾ ਰਿਹਾ ਹੈ (ਜਿਵੇਂ ਕਾਂਗਰਸ ਨੂੰ ਮਹਿੰਗਾਈ ਅਤੇ ਭ੍ਰਿਸ਼ਟਾਚਾਰ ਲਈ ਵਾਰ-ਵਾਰ ਨਿਸ਼ਾਨਾ ਬਣਾਉਣਾ ਅਤੇ ਮੁੰਬਈ ਵਿਚ ਚਾਹ ਵੇਚਣ ਵਾਲਿਆਂ, ਟੈਕਸੀ ਚਾਲਕਾਂ ਵਗੈਰਾ ਦੀ ਉਚੇਚੀ ਲਾਮਬੰਦੀ) ਅਤੇ ਕਿਤੇ ਫਿਰਕੂ ਦੰਗੇ ਕਰਵਾ ਕੇ ਫਿਰਕੂ ਪਾਲਾਬੰਦੀ ਵੀ ਵਧਾ ਰਿਹਾ ਹੈ (ਮੁਜ਼ੱਫਰਨਗਰ ਵਿਚ ਫਿਰਕੂ ਦੰਗੇ ਕਰਵਾਉਣ ਵਾਲਿਆਂ ਨੂੰ ਜੇਲ੍ਹ ਤੋਂ ਬਾਹਰ ਆਉਣ ‘ਤੇ ਮੋਦੀ ਦੀ ਮੌਜੂਦਗੀ ‘ਚ ਮੰਚ ਤੋਂ ਸਨਮਾਨਿਤ ਕੀਤੇ ਜਾਣਾ ਇਸ ਦੀ ਹਾਲੀਆ ਮਿਸਾਲ ਹੈ)।
ਕਾਰਪੋਰੇਟ ਸਰਮਾਏਦਾਰੀ ਦੀ ਪਸੰਦ ਨੂੰ ਮੁੱਖ ਰੱਖਦਿਆਂ ਸੰਘ ਪਰਿਵਾਰ ਨੇ ਮੋਦੀ ਨੂੰ ਸਰਵ-ਪ੍ਰਵਾਨਤ ਸਾਬਤ ਕਰਨ ਲਈ ਪੂਰੀ ਤਾਕਤ ਝੋਕੀ ਹੋਈ ਹੈ। ਮੋਦੀ ਨੂੰ ਅੱਗੇ ਲਿਆਉਣ ਵਕਤ ਅਡਵਾਨੀ ਨੇ ਅਸਹਿਮਤੀ ਜ਼ਾਹਰ ਕੀਤੀ ਸੀ ਪਰ ਜਦੋਂ ਅਡਵਾਨੀ ਨੂੰ ਮਨਾਉਣ ਲਈ ਸੰਘ ਦੇ ਮੁਖੀ ਮੋਹਨ ਭਾਗਵਤ ਨੇ ਉਸ ਨਾਲ ਆਹਲਾ ਮਿਆਰੀ ਮੀਟਿੰਗ ਜ਼ਰੀਏ ਭਾਜਪਾ ਦੇ ਸਾਰੇ ਨਾਰਾਜ਼ ਆਗੂਆਂ ਨੂੰ ਲੀਹ ‘ਤੇ ਆਉਣ ਦਾ ਗੁੱਝਾ ਸੰਦੇਸ਼ ਦਿੱਤਾ ਤਾਂ ‘ਲੋਹਪੁਰਸ਼’ ਨੇ ਮੋਮ ਵਾਂਗ ਨਰਮ ਪੈਂਦਿਆਂ ਪਲ ਨਹੀਂ ਸੀ ਲਾਇਆ।
8 ਸਤੰਬਰ ਦੀ ਮੀਟਿੰਗ ਵਿਚ ਆਰæਐੱਸ਼ਐੱਸ਼, ਭਾਜਪਾ, ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਸੰਘ ਦੇ ਹੋਰ ਹਿੱਸਿਆਂ ਨੇ ਸਿਰ ਜੋੜ ਕੇ ਆ ਰਹੀਆਂ ਚੋਣਾਂ ਦੀ ਤਿਆਰੀ ਲਈ ਆਪਸ ਵਿਚ ਸੁਚਾਰੂ ਤਾਲਮੇਲ ਬੈਠਾ ਕੇ ਚੱਲਣ ਦੀ ਯੁੱਧਨੀਤੀ ਬਾਰੇ ਗੰਭੀਰਤਾ ਨਾਲ ਚਰਚਾ ਕੀਤੀ ਸੀ ਅਤੇ ਉਹ ਅਹਿਮ ਮੁੱਦੇ ਤੈਅ ਕੀਤੇ ਸਨ ਜਿਨ੍ਹਾਂ ਨੂੰ ਬਲਾਕ ਪੱਧਰ ਤੋਂ ਲੈ ਕੇ ਉਪਰਲੇ ਪੱਧਰਾਂ ਤਕ ਮੁਹਿੰਮਾਂ ਦੀ ਸ਼ਕਲ ‘ਚ ਉਠਾਇਆ ਜਾਵੇਗਾ। ਇਸੇ ਯੁੱਧਨੀਤੀ ਦਾ ਅਹਿਮ ਹਿੱਸਾ ਸੀ ਆਪਣਾ ਵੋਟ ਬੈਂਕ ਵਧਾਉਣ ਦੇ ਮਕਸਦ ਨਾਲ ਸਮਾਜ ਦੇ ਖ਼ਾਸ ਹਿੱਸਿਆਂ ਅੰਦਰ ਆਪਣੇ ਬਦਨਾਮ ਤੇ ਦਾਗ਼ੀ ਅਕਸ ਨੂੰ ਸੁਧਾਰਨ ਲਈ ਲਿੱਪਾਪੋਚੀ ਕਰਨਾ; ਮਸਲਨ ਘੱਟਗਿਣਤੀਆਂ, ਸੂਚੀਦਰਜ ਜਾਤਾਂ, ਹੋਰ ਪਛੜੀਆਂ ਸ਼੍ਰੇਣੀਆਂ, ਕਬਾਇਲੀ, ਔਰਤਾਂ, ਨੌਜਵਾਨ ‘ਤੇ ਕੇਂਦਰਤ ਉਚੇਚੀਆਂ ਮੁਹਿੰਮਾਂ। ਭਾਜਪਾ ਦੀ ਦਾਗ਼ੀ ਦਿੱਖ ਸੁਧਾਰ ਕੇ ਹੋਰ ਸਿਆਸੀ ਤਾਕਤਾਂ ਨੂੰ ਭਰੋਸੇ ਵਿਚ ਲੈਂਦੇ ਹੋਏ ਚੋਣਾਂ ਮੌਕੇ ਮੋਕਲਾ ਗੱਠਜੋੜ ਬਣਾਉਣ ਲਈ ਹੋਮ ਵਰਕ ਕਰਨਾ। ਇਸੇ ਯੁੱਧਨੀਤੀ ਨੂੰ ਅਮਲ ਵਿਚ ਲਿਆਉਣ ਲਈ ਸੰਘ ਪਰਿਵਾਰ ਦੀ ਪੂਰੀ ਤਾਕਤ ਸਰਗਰਮ ਹੈ। ਬੇਗੁਨਾਹੀ ਦਾ ਪ੍ਰਮਾਣ ਪੱਤਰ ਵੀ ਇਸੇ ਮੈਨੇਜਮੈਂਟ ਦਾ ਹਿੱਸਾ ਹੈ ਤੇ ਇਸੇ ਦੇ ਤਹਿਤ ਪੂਰੇ ਮੁਲਕ ਅੰਦਰ ਗਿਣਨਯੋਗ ਮੁਸਲਮਾਨ ਵਸੋਂ ਵਾਲੇ ਖੇਤਰਾਂ ਵਿਚ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ।
ਇਨ੍ਹਾਂ ਦੱਬੇ-ਕੁਚਲੇ ਹਿੱਸਿਆਂ ਨੂੰ ਆਪਣੇ ਪੱਖ ਵਿਚ ਭੁਗਤਾਉਣ ਲਈ ਮੋਦੀ ਖ਼ਾਸ ਮੁਹਿੰਮਾਂ ‘ਤੇ ਨਿਕਲਿਆ ਹੋਇਆ ਹੈ। ਇਸੇ ਸਿਆਸੀ ਗਰਜ ਵਿਚੋਂ ਮੋਦੀ ਨੇ ਆਪਣੀ ਤਿੱਖੀ ਫਾਸ਼ੀਵਾਦੀ ਸੁਰ ਵਿਚ ਨਰਮਾਈ ਲਿਆਂਦੀ ਹੈ। ਲੰਘੇ ਛੇ ਮਹੀਨਿਆਂ ਵਿਚ ਮੁਸਲਮਾਨ ਅਵਾਮ ਵਿਚ ਮਕਬੂਲ ਹਸਤੀਆਂ ਨੂੰ ਆਪਣੇ ਨਾਲ ਗੰਢਣ ਦੇ ਉਚੇਚੇ ਯਤਨ ਕੀਤੇ ਗਏ ਹਨ। ਇਸ ਦੀ ਮਿਸਾਲ ਹੈ ਬਾਰਸੂਖ਼ ਮੁਸਲਿਮ ਵਿਦਵਾਨ ਮੁਫ਼ਤੀ ਏਜਾਜ਼ ਅਰਸ਼ਦ ਕਾਸਮੀ ਦੀ ਅਗਵਾਈ ਵਿਚ ਬਣਾਇਆ ਯੂਨਾਈਟਿਡ ਮੁਸਲਿਮ ਫਰੰਟ ਜਿਸ ਨੇ ਦਿੱਲੀ ਅਤੇ ਰਾਜਸਥਾਨ ਵਿਚ ਹਾਲੀਆ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਦੇ ਖ਼ਿਲਾਫ਼ ਸਰਗਰਮ ਮੁਹਿੰਮ ਚਲਾਈ, ਤੇ ਦਿੱਲੀ ਵਿਚ ਮੁਸਲਿਮ ਵਸੋਂ ਨੂੰ 15 ਲੱਖ ਐੱਸ਼ਐੱਮæਐੱਸ਼ ਭੇਜ ਕੇ ਕਾਂਗਰਸ ਨੂੰ ਵੋਟ ਨਾ ਪਾਉਣ ਲਈ ਪ੍ਰੇਰਿਆ। ਮੁਸਲਮਾਨ ਭਾਈਚਾਰੇ ਖ਼ਿਲਾਫ਼ ਜ਼ਹਿਰ ਉਗਲਣ ਵਾਲਾ ਮੋਦੀ ਜੋ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ਼ ਨੂੰ ‘ਮੀਆਂ ਮੁਸ਼ੱਰਫ਼’ ਕਹਿ ਕੇ ਅਕਸਰ ਹੀ ਮਜ਼ਾਕ ਉਡਾਉਂਦਾ ਹੁੰਦਾ ਸੀ ਅਤੇ ਜਿਸ ਨੇ ਇਕ ਸਮੇਂ ਮੌਲਵੀ ਵਲੋਂ ਭੇਟ ਕੀਤੀ ਕਲੰਦਰੀ ਟੋਪੀ ਕਬੂਲ ਕਰਨ ਤੋਂ ਨਾਂਹ ਕਰ ਦਿੱਤੀ ਸੀ, ਹੁਣ ਕਦੇ ਕਲੰਦਰੀ ਟੋਪੀਆਂ ਵਾਲੇ ਇਕੱਠ ਕਰ ਕੇ ਮੁਸਲਮਾਨਾਂ ਵਿਚ ਆਪਣੀ ਮਕਬੂਲੀਅਤ ਦਾ ਤਾਕਤ ਪ੍ਰਦਰਸ਼ਨ ਕਰਦਾ ਹੈ, ਕਦੇ ਕਸ਼ਮੀਰੀ ਮੁਸਲਮਾਨਾਂ ਨੂੰ ਖਿੱਚਣ ਲਈ ਜੰਮੂ ਵਿਚ ਰੈਲੀ ਕਰ ਕੇ ਦਸ ਹਜ਼ਾਰ ਮੁਸਲਮਾਨਾਂ ਦੀ ਨੁਮਾਇਸ਼ ਲਾਉਂਦਾ ਹੈ। ਕਦੇ ਪਟਨੇ ਵਿਚ ਮੁਸਲਮਾਨਾਂ ਨੂੰ ‘ਮੇਰੇ ਮੁਸਲਮਾਨ ਭਾਈਓ’ ਨਾਲ ਮੁਖ਼ਾਤਬ ਹੋਣ ਦਾ ਖੇਖਣ ਕਰ ਕੇ ਉਨ੍ਹਾਂ ਨੂੰ ਹਿੰਦੂਆਂ ਦੀ ਬਜਾਏ ਗ਼ਰੀਬੀ ਨੂੰ ਦੁਸ਼ਮਣ ਸਮਝਣ ਦੀਆਂ ਨਸੀਹਤਾਂ ਦਿੰਦਾ ਹੈ, ਤੇ ਕਦੇ ਕਹਿ ਰਿਹਾ ਹੈ- ‘ਅਗਰ ਵਾਜਪਾਈ ਜੀ ਛੇ ਸਾਲਾ ਰਾਜ-ਕਾਲ ਵਿਚ (ਮੰਦਰ) ਨਹੀਂ ਬਣਾ ਸਕੇ, ਭਲਾ ਮੋਦੀ ਕਿਵੇਂ ਬਣਾ ਲਵੇਗਾ?’ ਮੋਦੀ ਦੇ ਦਫ਼ਤਰ ਵਲੋਂ ਬਿਹਾਰ ਅਤੇ ਯੂæਪੀæ ਦੇ ਮੌਲਵੀਆਂ ਅਤੇ ਮਦਰੱਸਿਆਂ ਦੇ ਸੰਚਾਲਕਾਂ ਨੂੰ ਆਪਣੇ ਹੱਕ ਵਿਚ ਕਰਨ ਲਈ ਵਿਸ਼ੇਸ਼ ਸੰਪਰਕ ਮੁਹਿੰਮ ਚਲਾਈ ਗਈ ਹੈ। ਕਾਂਗਰਸ ਦੀ ਅੰਦਰੂਨੀ ਰਿਪੋਰਟ ਕਹਿੰਦੀ ਹੈ ਕਿ ਦਿੱਲੀ ਵਿਚ ਕਾਂਗਰਸ ਆਪਣਾ 70 ਫ਼ੀ ਸਦੀ ਮੁਸਲਿਮ ਹਮਾਇਤੀ ਆਧਾਰ ਗੁਆ ਚੁੱਕੀ ਹੈ ਜਿਸ ਨੂੰ ਆਪਣੇ ਨਾਲ ਜੋੜਨ ਲਈ ਸੰਘ ਪਰਿਵਾਰ ਹਰ ਹਰਬਾ ਵਰਤ ਰਿਹਾ ਹੈ।
ਮੋਦੀ ਵਰਗੇ ਮਹਿਜ਼ ਸਿਆਸੀ ਚਿਹਰੇ ਹਨ। ਇਨ੍ਹਾਂ ਤੋਂ ਪਾਰ ਸੰਘ ਦਾ ਬਹੁਤ ਵਿਆਪਕ ਤਾਣਾ-ਬਾਣਾ ਸਰਗਰਮ ਹੈ। ਆਦਿਵਾਸੀ ਖੇਤਰਾਂ ਵਿਚ ਸੰਘ ਦੀਆਂ ਬੇਸ਼ੁਮਾਰ ਸ਼ਾਖਾਵਾਂ ਸਾਲਾਂ ਤੋਂ ਘੁਸਪੈਠ ਦੇ ਯਤਨਾਂ ‘ਚ ਲੱਗੀਆਂ ਹੋਈਆਂ ਹਨ। ਸੰਘ ਪਰਿਵਾਰ ਦੀ ਕਾਰਜ-ਸ਼ੈਲੀ ਸਮਝਣ ਲਈ ਇਸ ਦੇ ਕੇਂਦਰੀ ਪ੍ਰਕਾਸ਼ਨ (ਸੁਰੂਚੀ ਪ੍ਰਕਾਸ਼ਨ, ਨਵੀਂ ਦਿੱਲੀ) ਦੀ 1997 ਦੀ ਪ੍ਰਕਾਸ਼ਨਾ ‘ਪਰਮ ਬੈਭਵ ਕੇ ਪਥ ਪਰ’ ਵਿਚ ਦਰਜ ਇਸ ਦੇ ‘ਮੰਚਾਂ’ ਦਾ ਜ਼ਿਕਰ ਇਥੇ ਕੁਥਾਂ ਨਹੀਂ ਹੋਵੇਗਾ ਜਿਸ ਵਿਚ ਹਿੰਦੂ ਜਾਗਰਨ ਮੰਚ ਦੇ ਹਵਾਲੇ ਨਾਲ ਸੰਘ ਦੇ ਤਾਣੇਬਾਣੇ ਦੀ ਦੀ ਤਫ਼ਸੀਲ ਦਾ ਨਿਚੋੜ ਇੰਞ ਦਿੱਤਾ ਗਿਆ ਹੈ: “ਹਿੰਦੂ ਜਾਗਰਿਤੀ ਦੇ ਨਜ਼ਰੀਏ ਤੋਂ ਅੱਜ ਕੱਲ੍ਹ ਇਸ ਤਰ੍ਹਾਂ ਦੇ ਮੰਚ 17 ਸੂਬਿਆਂ ਵਿਚ ਵੱਖੋ-ਵੱਖਰੇ ਨਾਵਾਂ ਨਾਲ ਸਰਗਰਮ ਹਨ”। ਇਸੇ ਕੜੀ ਵਿਚ ਸੰਘ ਦਾ ਲੁਕਵਾਂ ਫਰੰਟ ਬਾਬਾ ਰਾਮਦੇਵ ਵੀ ਸ਼ਰਤਾਂ ਮਨਵਾਉਣ ਦਾ ਨਾਟਕ ਰਚ ਕੇ ਹੁਣ ਖੁੱਲ੍ਹ ਕੇ ਮੋਦੀ ਦੀ ਹਮਾਇਤ ਵਿਚ ਆ ਨਿੱਤਰਿਆ ਹੈ।
ਪਰ ਮੁਲਕ ਦੀ ਤ੍ਰਾਸਦੀ ਇਹ ਹੈ ਕਿ ਸਿਰ ਖੜ੍ਹੇ ਇਸ ਖ਼ਤਰੇ ਦਾ ਮੁਕਾਬਲਾ ਕਰਨ ਅਤੇ ਸਥਾਪਤੀ ਤੋਂ ਅਵਾਮ ਦੀ ਬਦਜ਼ਨੀ ਨੂੰ ਲੋਕਪੱਖੀ ਬਦਲਾਅ ਦੀ ਦਿਸ਼ਾ ਵਿਚ ਮੋੜਾ ਦੇਣ ਲਈ ਤਰੱਕੀਪਸੰਦ ਤਾਕਤਾਂ ਦਾ ਕੋਈ ਪਾਏਦਾਰ ਬਦਲ ਮੌਜੂਦ ਨਹੀਂ ਹੈ।
————————————-
ਕਾਨੂੰਨ, ਅਦਾਲਤਾਂ ਅਤੇ ਮੋਦੀ ਲਈ ਚਾਰਾਜੋਈ
-ਸ੍ਰੀਮਤੀ ਜਾਫ਼ਰੀ ਨੇ ਇਲਜ਼ਾਮ ਲਗਾਇਆ ਸੀ ਕਿ ਮੋਦੀ ਨੇ ਆਪਣੇ ਸੀਨੀਅਰ ਵਜ਼ੀਰਾਂ, ਅਹਿਲਕਾਰਾਂ ਅਤੇ ਪੁਲਿਸ ਨਾਲ ਮਿਲ ਕੇ ਸੂਬੇ ਵਿਚ ਫਿਰਕੂ ਹਿੰਸਾ ਭੜਕਾਈ ਸੀ। ਉਸ ਨੇ ਦੋ ਅਹਿਮ ਵਜ਼ੀਰਾਂ ਨੂੰ ਪੁਲਿਸ ਦੇ ਕੰਟਰੋਲ ਰੂਮ ਵਿਚ ਇਸ ਕੰਮ ਲਈ ਉਚੇਚਾ ਲਗਾਇਆ ਹੋਇਆ ਸੀ ਅਤੇ ਉਸ ਦੇ ਪਤੀ ਅਹਿਸਾਨ ਜਾਫ਼ਰੀ ਵਲੋਂ ਵਾਰ-ਵਾਰ ਫ਼ੋਨ ਕਰ ਕੇ ਜਾਨ ਬਚਾਉਣ ਲਈ ਕੀਤੇ ਤਰਲੇ ਪੁਲਿਸ ਅਤੇ ਸਿਆਸਤਦਾਨਾਂ ਨੇ ਅੱਖੋਂ ਓਹਲੇ ਕਰ ਦਿੱਤੇ।
-ਮਾਰਚ 2008 ‘ਚ ਸੁਪਰੀਮ ਕੋਰਟ ਵਲੋਂ ਨਿਯੁਕਤ ਕੀਤੀ ਵਿਸ਼ੇਸ਼ ਜਾਂਚ ਟੀਮ ਨੇ ਇਸ ਦੀ ਜਾਂਚ ਸ਼ੁਰੂ ਕੀਤੀ।
-2010 ‘ਚ ਜਾਂਚ ਟੀਮ ਵਲੋਂ ਨੌ ਘੰਟੇ ਮੋਦੀ ਤੋਂ ਪੁੱਛਗਿੱਛ ਕੀਤੀ ਗਈ। 2011 ਵਿਚ ਸੁਪਰੀਮ ਕੋਰਟ ਨੇ ਇਹ ਕਹਿ ਕੇ ਮੁਕੱਦਮੇ ਦੀ ਸੁਣਵਾਈ ਕਰਨ ਤੋਂ ਨਾਂਹ ਕਰ ਦਿੱਤੀ ਕਿ ਇਹ ਅਹਿਮਦਾਬਾਦ ਦੀ ਅਦਾਲਤ ਦੇ ਅਧਿਕਾਰ ਖੇਤਰ ਦਾ ਮਾਮਲਾ ਹੈ।
-ਅਪਰੈਲ 2011 ਵਿਚ ਸੰਜੇ ਭੱਟ ਅਤੇ ਆਰæਬੀæ ਸ੍ਰੀਕੁਮਾਰ ਜੋ 2002 ਵਿਚ ਸੀਨੀਅਰ ਪੁਲਿਸ ਅਫ਼ਸਰ ਸਨ, ਨੇ ਜਾਂਚ ਟੀਮ ਨੂੰ ਹਲਫ਼ੀਆ ਬਿਆਨ ਦੇ ਕੇ ਕਿਹਾ ਕਿ ਮੋਦੀ ਨੇ ਖ਼ਾਸ ਮੀਟਿੰਗ ਵਿਚ ਉਸ ਨੂੰ ਅਤੇ ਹੋਰ ਪੁਲਿਸ ਅਫ਼ਸਰਾਂ ਨੂੰ ਕਿਹਾ ਸੀ ਕਿ ਸੂਬੇ ਵਿਚ ਹਿੰਦੂਆਂ ਨੂੰ ਗੋਧਰਾ ਨੇੜੇ ਸਾਬਰਮਤੀ ਐਕਸਪ੍ਰੈੱਸ ਟਰੇਨ ਵਿਚ 59 ਕਾਰ ਸੇਵਕਾਂ ਨੂੰ ਮਾਰਨ ਦੇ ਵਾਕਿਆ ਦਾ ਬਦਲਾ ਲੈਣ ਲੈ ਲੈਣ ਦਿਓ। (ਬਾਅਦ ‘ਚ ਮੋਦੀ ਦੇ ਚਹੇਤੇ ਪੁਲਿਸ ਅਧਿਕਾਰੀ ਡੀæਜੀæ ਵਣਜਾਰਾ ਨੇ ਵੀ ਮੋਦੀ ਦੇ ਇਸ਼ਾਰੇ ‘ਤੇ ਮੁਸਲਿਮ ਨੌਜਵਾਨਾਂ ਦੇ ਫਰਜ਼ੀ ਮੁਕਾਬਲਿਆਂ ਦਾ ਪਰਦਾਫਾਸ਼ ਕਰ ਕੇ ਸਨਸਨੀ ਫੈਲਾ ਦਿੱਤੀ।)
-ਜਾਂਚ ਟੀਮ ਨੇ ਸਿੱਟਾ ਕੱਢਿਆ ਕਿ ਸੰਜੇ ਭੱਟ ਦੀ ਗਵਾਹੀ ਭਰੋਸੇਯੋਗ ਨਹੀਂ, ਕਿਉਂਕਿ ਉਹ ਹਕੂਮਤ ਨਾਲ ਖ਼ਾਰ ਖਾਂਦਾ ਸੀ ਕਿਉਂਕਿ ਉਸ ਨੂੰ ਮੋਦੀ ਸਰਕਾਰ ਨੇ ਪਾਸੇ ਕਰ ਦਿੱਤਾ ਸੀ।
-ਜਾਂਚ ਟੀਮ ਨੇ ਇਹ ਇਲਜ਼ਾਮ ਵੀ ਲਾਇਆ ਕਿ ਇਹ ਦਰਖ਼ਾਸਤ ਕਿਸੇ ਖ਼ਾਸ ਉਦੇਸ਼ ਤੋਂ ਪ੍ਰੇਰਤ ਸੀ ਅਤੇ ਇਹ ਕਾਰਕੁਨ ਤੀਸਤਾ ਸੀਤਲਵਾੜ ਦੀ ਚੁੱਕ ‘ਚ ਆ ਕੇ ਦਿੱਤੀ ਗਈ ਸੀ।
-ਚਾਰ ਸਾਲ ਬਾਅਦ ਫਰਵਰੀ 2012 ਵਿਚ ਜਾਂਚ ਟੀਮ ਨੇ ਕਹਿ ਦਿੱਤਾ ਕਿ ਮੋਦੀ ਅਤੇ 59 ਹੋਰ ਦੋਸ਼ੀਆਂ ਦੇ ਕੋਈ ਮੁਕੱਦਮਾ ਚਲਾਉਣ ਵਾਲਾ ਸਬੂਤ ਨਹੀਂ ਹੈ, ਤੇ ਇਸ ਨੇ ਮਾਮਲਾ ਖ਼ਤਮ ਕਰ ਦੇਣ ਲਈ ਅਦਾਲਤ ਨੂੰ ਕਹਿ ਦਿੱਤਾ।
-ਅਦਾਲਤ ਵਲੋਂ ਬੇਗੁਨਾਹੀ ਦਾ ਪ੍ਰਮਾਣ ਪੱਤਰ ਮਿਲਣ ‘ਤੇ ਆਪਣੇ ਬਲਾਗ ਉੱਪਰ ਮੋਦੀ ਨੇ ਟਿੱਪਣੀ ਕੀਤੀ ਕਿ ਉਹ ਹੁਣ ‘ਸੁਰਖ਼ਰੂ ਅਤੇ ਸ਼ਾਂਤ’ ਮਹਿਸੂਸ ਕਰਦਾ ਹੈ।
-ਭਾਜਪਾ ਅਨੁਸਾਰ ਇਹ ‘ਸੱਚ ਦੀ ਜਿੱਤ’ ਹੈ। ਸੀਨੀਅਰ ਆਗੂ ਅਰੁਣ ਜੇਤਲੀ ਨੇ ਕਿਹਾ ਕਿ “ਮੋਦੀ ਹੁਣ ਪ੍ਰਚਾਰ ਤੋਂ ਬੇਦਾਗ਼ 2014 ਮੁਹਿੰਮ ‘ਚ ਉਤਰੇਗਾ। ਅਦਾਲਤੀ ਹੁਕਮ ਨੇ ਸਾਬਤ ਕਰ ਦਿੱਤਾ ਹੈ ਕਿ ਪ੍ਰਚਾਰ ਕਦੇ ਵੀ ਸੱਚ ਦਾ ਬਦਲ ਨਹੀਂ ਹੋ ਸਕਦਾ।”
Leave a Reply