ਡਾæ ਗੁਰਨਾਮ ਕੌਰ, ਕੈਨੇਡਾ
ਪਿਛਲੇ ਲੇਖ ਵਿਚ ਅਸੀਂ ਚਰਚਾ ਕੀਤੀ ਸੀ ਕਿ ਉਸ ਅਕਾਲ ਪੁਰਖ ਦੇ ਸਿਮਰਨ ਤੋਂ ਬਿਨਾਂ, ਉਸ ਨੂੰ ਮਨ ਵਿਚ ਵਸਾਏ ਬਿਨਾਂ ਬਾਹਰੀ ਧਾਰਮਿਕ ਭੇਖ ਦਾ ਕੋਈ ਅਰਥ ਨਹੀਂ। ਇਸ ਸਲੋਕ ਵਿਚ ਗੁਰੂ ਨਾਨਕ ਸਾਹਿਬ ਇਸ ਗੱਲ ‘ਤੇ ਚਾਨਣਾ ਪਾਉਂਦੇ ਹਨ ਕਿ ਅਕਾਲ ਪੁਰਖ ਦੀ ਬਖਸ਼ਿਸ਼ ਤੋਂ ਬਿਨਾਂ ਹਰ ਤਰ੍ਹਾਂ ਦੀਆਂ ਸਿਆਣਪਾਂ ਵਿਅਰਥ ਹਨ। ਉਸ ਦੀ ਬਖਸ਼ਿਸ਼ ਪਾਉਣ ਲਈ ਉਸ ਦੇ ਨਾਮ ਦਾ ਸਿਮਰਨ ਕਰਨਾ ਹੀ ਸਭ ਤੋਂ ਉਤਮ ਸਾਧਨ ਹੈ। (ਗੁਰਬਾਣੀ ਅਨੁਸਾਰ ਅਕਾਲ ਪੁਰਖ ਦੇ ਨਾਮ ਸਿਮਰਨ ਦਾ ਅਰਥ ਹੈ, ਉਸ ਦੇ ਗੁਣਾਂ ਨੂੰ ਯਾਦ ਕਰਨਾ ਅਤੇ ਉਨ੍ਹਾਂ ਗੁਣਾਂ ਨੂੰ ਆਪਣੇ ਅੰਦਰ ਵਸਾਉਣਾ। ਇਸੇ ਲਈ ਬਾਣੀ ਵਿਚ ਕਿਹਾ ਹੈ ਕਿ ਜਿਸ ਕਿਸਮ ਦੇ ਇਸ਼ਟ ਦੀ ਮਨੁੱਖ ਅਰਾਧਨਾ ਕਰਦਾ ਹੈ, ਉਹੋ ਜਿਹਾ ਹੀ ਉਸ ਦਾ ਵਿਅਕਤੀਤਵ ਘੜਿਆ ਜਾਂਦਾ ਹੈ, ‘ਜੈਸਾ ਸੇਵੈ ਤੇਸਾ ਹੋਇ॥’
ਗੁਰੂ ਨਾਨਕ ਸਾਹਿਬ ਦੱਸਦੇ ਹਨ ਕਿ ਭਾਵੇਂ ਲੱਖ ਨੇਕੀ ਦੇ ਅਤੇ ਚੰਗੇ ਕੰਮ ਕਰ ਲਏ ਜਾਣ, ਲੱਖਾਂ ਧਰਮ ਦੇ ਕੰਮ ਕੀਤੇ ਜਾਣ ਜੋ ਸੰਸਾਰ ਦੀਆਂ ਨਜ਼ਰਾਂ ਵਿਚ ਵੀ ਚੰਗੇ ਸਮਝੇ ਜਾਣ ਅਤੇ ਚੰਗੇ ਹੋਣ ਦਾ ਅਹਿਸਾਸ ਪੈਦਾ ਕਰਨ, ਤੀਰਥਾਂ ਉਤੇ ਜਾ ਕੇ ਤੱਪ-ਸਾਧਨਾ ਕੀਤੀ ਜਾਵੇ, ਜੰਗਲਾਂ ਵਿਚ ਜਾ ਕੇ ਸੁੰਨ ਸਮਾਧੀ ਵਿਚ ਟਿਕ ਕੇ ਜੋਗ-ਸਾਧਨਾ ਕੀਤੀ ਜਾਵੇ, ਮੈਦਾਨਿ-ਜੰਗ ਵਿਚ ਜਾ ਕੇ ਲੱਖਾਂ ਬਹਾਦਰੀ ਦੇ ਕਾਰਨਾਮੇ ਵਿਖਾਏ ਜਾਣ ਅਤੇ ਵੈਰੀ ਦਾ ਸਾਹਮਣਾ ਕਰਦਿਆਂ ਆਪਣੀ ਜਾਨ ਦੇ ਦਿੱਤੀ ਜਾਵੇ, ਲੱਖਾਂ ਢੰਗ-ਤਰੀਕਿਆਂ ਨਾਲ ਆਪਣੀ ਸੁਰਤ ਪੱਕੀ ਕੀਤੀ ਜਾਵੇ, ਗਿਆਨ ਦੀ ਚਰਚਾ ਕੀਤੀ ਜਾਵੇ, ਆਪਣੇ ਮਨ ਨੂੰ ਇਕਾਗਰ ਕਰਨ ਦੇ ਉਪਰਾਲੇ ਕੀਤੇ ਜਾਣ, ਅਣਗਿਣਤ ਵਾਰ ਹੀ ਧਰਮ ਸ਼ਾਸਤਰਾਂ ਜਿਵੇਂ ਪੁਰਾਣ ਆਦਿ ਦਾ ਪਾਠ ਪੜ੍ਹਿਆ ਜਾਵੇ ਪਰ ਇਹ ਸਾਰੀਆਂ ਸਿਆਣਪਾਂ ਵਿਅਰਥ ਹਨ। ਗੁਰੂ ਸਾਹਿਬ ਕਹਿੰਦੇ ਹਨ ਕਿ ਉਸ ਦੇ ਦਰਵਾਜ਼ੇ ‘ਤੇ ਪ੍ਰਵਾਨ ਹੋਣ ਲਈ ਉਸ ਪਰਮਾਤਮਾ, ਜਿਸ ਨੇ ਇਸ ਸ੍ਰਿਸ਼ਟੀ ਨੂੰ ਸਾਜਿਆ ਹੈ ਅਤੇ ਜੀਵਾਂ ਦਾ ਪੈਦਾ ਹੋਣਾ ਅਤੇ ਸੰਸਾਰ ਤੋਂ ਜਾਣਾ ਨਿਸਚਤ ਕੀਤਾ ਹੈ, ਦੀ ਬਖਸ਼ਿਸ਼ ਨੂੰ ਪ੍ਰਾਪਤ ਕਰਨਾ ਹੀ ਸੱਚਾ ਅਤੇ ਸਹੀ ਪਰਵਾਨਾ ਹੈ। (ਜਿਵੇਂ ਕਿ ਪਹਿਲਾਂ ਦੱਸਿਆ ਹੈ ਉਸ ਦੀ ਕਿਰਪਾ ਦਾ ਪਾਤਰ ਬਣਨ ਲਈ ਉਸ ਦਾ ਸਿਮਰਨ ਜ਼ਰੂਰੀ ਹੈ। ਨਾਮ ਸਿਮਰਨ ਦਾ ਅਰਥ ਹੈ ਉਸ ਦੇ ਗੁਣਾਂ ਨੂੰ ਆਪਣੀ ਸ਼ਖਸੀਅਤ ਦਾ ਹਿੱਸਾ ਬਣਾਉਣਾ ਅਤੇ ਉਨ੍ਹਾਂ ਨੂੰ ਆਪਣੀ ਕਰਨੀ ਰਾਹੀਂ ਪ੍ਰਗਟ ਕਰਨਾ),
ਲਖ ਨੇਕੀਆ ਚੰਗਿਆਈਆ ਲਖ ਪੁੰਨਾ ਪਰਵਾਣੁ॥
ਲਖ ਤਪ ਉਪਰਿ ਤੀਰਥਾਂ ਸਹਜ ਜੋਗ ਬੇਬਾਣ॥ (ਪੰਨਾ 467)
ਇਸ ਸਲੋਕ ਤੋਂ ਅੱਗੇ ਅੱਠਵੀਂ ਪਉੜੀ ਵਿਚ ਪਰਮਾਤਮਾ ਨੂੰ ਸੰਬੋਧਨ ਕਰਦਿਆਂ ਇੱਕ ਤਰ੍ਹਾਂ ਨਾਲ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਹੈ ਕਿ ਉਹ ਅਕਾਲ ਪੁਰਖ ਹੀ ਐਸੀ ਹਸਤੀ ਹੈ ਜੋ ਸਭ ਦਾ ਮਾਲਕ ਅਤੇ ਅਡੋਲ ਰਹਿਣ ਵਾਲਾ, ਸਦੀਵੀ ਖੇੜੇ ਵਿਚ ਰਹਿਣ ਵਾਲਾ ਹੈ ਅਤੇ ਆਪਣੀ ਇਸ ਅਡੋਲਤਾ ਅਤੇ ਸਦੀਵੀ ਖੇੜੇ ਦਾ ਗੁਣ ਉਸ ਨੇ ਆਪਣੀ ਸਾਰੀ ਰਚਨਾ ਵਿਚ ਵੀ ਵਰਤਾ ਦਿੱਤਾ ਹੈ। ਇਹ ਅਡੋਲਤਾ ਅਤੇ ਸਦੀਵੀ ਖੇੜੇ ਵਾਲਾ ਗੁਣ ਪ੍ਰਾਪਤ ਉਸ ਨੂੰ ਹੁੰਦਾ ਹੈ, ਜਿਸ ਜੀਵ ‘ਤੇ ਪਰਮਾਤਮਾ ਦੀ ਬਖਸ਼ਿਸ਼ ਹੁੰਦੀ ਹੈ। ਜਿਨ੍ਹਾਂ ਜੀਵਾਂ ‘ਤੇ ਇਹ ਬਖਸ਼ਿਸ਼ ਹੋ ਜਾਂਦੀ ਹੈ, ਪਰਮਾਤਮਾ ਦੀ ਕਿਰਪਾ ਸਦਕਾ ਸੱਚ ਹੀ ਉਨ੍ਹਾਂ ਦੇ ਅੰਦਰ ਵੱਸਦਾ ਹੈ ਅਤੇ ਸੱਚ ਹੀ ਉਹ ਕਮਾਉਂਦੇ ਹਨ। ਮੂਰਖ ਬੰਦਿਆਂ ਨੂੰ ਇਸ ਸੱਚ ਦੇ ਸਾਰ ਦੀ ਸਮਝ ਨਹੀਂ ਆਉਂਦੀ, ਉਹ ਮਨਮੁੱਖ ਇਸ ਤੋਂ ਸੱਖਣੇ ਰਹਿ ਜਾਂਦੇ ਹਨ ਅਤੇ ਆਪਣਾ ਜਨਮ ਵਿਅਰਥ ਗੁਆ ਲੈਂਦੇ ਹਨ। ਸੰਸਾਰ ‘ਤੇ ਜਨਮ ਲੈਣ ਦਾ ਉਨ੍ਹਾਂ ਨੂੰ ਕੋਈ ਲਾਭ ਨਹੀਂ ਹੁੰਦਾ ਸਭ ਕੁਝ ਅਜਾਈਂ ਚਲਾ ਜਾਂਦਾ ਹੈ,
ਸਚਾ ਸਾਹਿਬੁ ਏਕੁ ਤੂੰ ਜਿਨਿ ਸਚੋ ਸਚੁ ਵਰਤਾਇਆ॥
ਜਿਸੁ ਤੂੰ ਦੇਹਿ ਤਿਸੁ ਮਿਲੈ ਸਚੁ ਤਾ ਤਿਨੀ ਸਚੁ ਕਮਾਇਆ॥ (ਪੰਨਾ 467)
ਇਸ ਤੋਂ ਅਗਲੇ ਸਲੋਕ ਵਿਚ ਗੁਰੂ ਨਾਨਕ ਸਾਹਿਬ ਫਿਰ ਇਸੇ ਤੱਥ ‘ਤੇ ਜ਼ੋਰ ਦੇ ਰਹੇ ਹਨ ਕਿ ਕੋਈ ਵੀ ਪ੍ਰਾਪਤੀ ਭਾਵੇਂ ਉਹ ਵਿੱਦਿਆ ਦੀ ਹੀ ਕਿਉਂ ਨਾ ਹੋਵੇ, ਪਰਮਾਤਮਾ ਦੀ ਸਿਫਤਿ-ਸਾਲਾਹ ਤੋਂ ਬਿਨਾਂ ਹਉਮੈ ਨੂੰ ਵਧਾਉਣ ਦਾ ਕਾਰਨ ਤਾਂ ਬਣ ਸਕਦੀ ਹੈ ਪਰ ਪਰਮਾਤਮਾ ਤੱਕ ਪਹੁੰਚਣ ਅਤੇ ਉਸ ਦੇ ਦਰ ‘ਤੇ ਕਬੂਲ ਹੋਣ ਵਿਚ ਸਹਾਈ ਨਹੀਂ ਹੁੰਦੀ। ਉਹ ਕਹਿੰਦੇ ਹਨ ਕਿ ਭਾਵੇਂ ਮਨੁੱਖ ਏਨੀਆਂ ਪੋਥੀਆਂ ਪੜ੍ਹ ਲਵੇ ਜਿੰਨੀਆਂ ਗੱਡਿਆਂ ਵਿਚ ਲੱਦੀਆਂ ਜਾ ਸਕਦੀਆਂ ਹੋਣ, ਏਨੀਆਂ ਪੁਸਤਕਾਂ ਪੜ੍ਹ ਲਈਏ ਜਿਨ੍ਹਾਂ ਨਾਲ ਬੇੜੀ ਭਰੀ ਜਾ ਸਕੇ, ਕਈ ਖਾਤੇ ਪੂਰੇ ਜਾ ਸਕਣ, ਜੇ ਪੜ੍ਹ ਪੜ੍ਹ ਕੇ ਸਾਲਾਂ ਦੇ ਸਾਲ ਗੁਜ਼ਾਰੇ ਜਾ ਸਕਣ, ਪੜ੍ਹ ਕੇ ਸਾਲਾਂ ਦੇ ਸਾਰੇ ਮਹੀਨੇ ਗੁਜ਼ਾਰ ਦਿੱਤੇ ਜਾਣ, ਜੇ ਪੜ੍ਹ ਪੜ੍ਹ ਕੇ ਉਮਰ ਦੇ ਸਾਰੇ ਸੁਆਸ ਵੀ ਗੁਜ਼ਾਰ ਦਿੱਤੇ ਜਾਣ ਤਾਂ ਵੀ ਰੱਬ ਦੀ ਦਰਗਾਹ ਵਿਚ ਇਨ੍ਹਾਂ ਵਿਚੋਂ ਕੁਝ ਵੀ ਪ੍ਰਵਾਨ ਨਹੀਂ ਹੁੰਦਾ। ਗੁਰੂ ਨਾਨਕ ਸਾਹਿਬ ਕਹਿੰਦੇ ਹਨ ਕਿ ਰੱਬ ਦੀ ਦਰਗਾਹ ਵਿਚ ਉਸ ਦੀ ਸਿਫਤਿ-ਸਾਲਾਹ ਹੀ ਕਬੂਲ ਹੁੰਦੀ ਹੈ। ਉਸ ਦੀ ਸਿਫਤਿ-ਸਾਲਾਹ ਤੋਂ ਬਿਨਾਂ ਕੋਈ ਉਦਮ ਕਰਨਾ ਹਉਮੈ ਪੈਦਾ ਕਰਨ ਤੇ ਉਸ ਵਿਚ ਭਟਕਦੇ ਰਹਿਣ ਦਾ ਕਾਰਨ ਹੀ ਬਣਦਾ ਹੈ,
ਪੜਿ ਪੜਿ ਗਡੀ ਲਦੀਅਹਿ ਪੜਿ ਪੜਿ ਭਰੀਅਹਿ ਸਾਥ॥
ਪੜਿ ਪੜਿ ਬੇੜੀ ਪਾਈਐ ਪੜਿ ਪੜਿ ਗਡੀਅਹਿ ਖਾਤ॥ (ਪੰਨਾ 467)
ਅਗਲੇ ਸਲੋਕ ਵਿਚ ਗੁਰੂ ਨਾਨਕ ਸਾਹਿਬ ਪੋਥੀਆਂ ਪੜ੍ਹਨ ਦੇ ਨਾਲ ਨਾਲ ਹੋਰ ਮੁਹਾਰਤਾਂ ਦੀ ਵੀ ਗੱਲ ਕਰਦੇ ਹਨ ਜੋ ਪਰਮਾਤਮਾ ਦੇ ਨਾਮ ਸਿਮਰਨ ਤੋਂ ਬਿਨਾਂ ਅਜਾਈਂ ਜਾਂਦੀਆਂ ਹਨ ਅਤੇ ਹਉਮੈ ਨੂੰ ਵਧਾਉਣ ਦਾ ਕਾਰਨ ਬਣਦੀਆਂ ਹਨ। ਗੁਰੂ ਨਾਨਕ ਦੇਵ ਫੁਰਮਾਉਂਦੇ ਹਨ ਕਿ ਜਿੰਨਾ ਕੋਈ ਮਨੁੱਖ ਜ਼ਿਆਦਾ ਪੜ੍ਹਨਾ ਲਿਖਣਾ ਜਾਣਦਾ ਹੈ ਓਨਾ ਹੀ ਉਸ ਨੂੰ ਆਪਣੀ ਵਿੱਦਿਆ ਪ੍ਰਾਪਤੀ ਦਾ ਮਾਣ ਹੋ ਜਾਂਦਾ ਹੈ। ਜਿੰਨਾ ਕੋਈ ਬਹੁਤ ਤੀਰਥਾਂ ਦੀ ਯਾਤਰਾ ਕਰਦਾ ਹੈ, ਓਨਾ ਹੀ ਇਹ ਦੱਸਦਾ ਫਿਰਦਾ ਹੈ ਕਿ ਉਸ ਨੇ ਕਿੰਨੇ ਤੀਰਥਾਂ ਦੀ ਯਾਤਰਾ ਕੀਤੀ ਹੈ ਜੋ ਉਸ ਦੀ ਹਉਮੈ ਨੂੰ ਵਧਾਉਣ ਦਾ ਕਾਰਨ ਬਣਦੀ ਹੈ। ਕਈਆਂ ਨੇ ਬਹੁਤ ਸਾਰੇ ਧਾਰਮਿਕ ਭੇਖ ਧਾਰਨ ਕੀਤੇ ਹੋਏ ਹਨ ਅਰਥਾਤ ਧਾਰਮਿਕ ਚਿੰਨ੍ਹ ਧਾਰਨ ਕੀਤੇ ਹੋਏ ਹਨ ਅਤੇ ਕਈ ਆਪਣੇ ਸਰੀਰ ਨੂੰ ਅਨੇਕ ਕਿਸਮ ਦੀਆਂ ਤਕਲੀਫ਼ਾਂ ਦਿੰਦੇ ਹਨ, ਜਿਸ ਨੂੰ ਇਹੀ ਕਿਹਾ ਜਾ ਸਕਦਾ ਹੈ ਕਿ ਆਪਣੇ ਸਰੀਰ ਨੂੰ ਤੂੰ ਆਪ ਕਸ਼ਟ ਦਿੱਤੇ ਹਨ ਅਤੇ ਇਨ੍ਹਾਂ ਨੂੰ ਸਹਾਰ, ਇਹ ਰੱਬ ਨੂੰ ਪਾਉਣ ਦਾ ਸਾਧਨ ਨਹੀਂ ਹਨ। ਸਰੀਰ ਨੂੰ ਦੁੱਖ ਦੇਣੇ ਰੱਬ ਨੂੰ ਕਬੂਲ ਨਹੀਂ ਹਨ। ਕਈ ਪਰਮਾਤਮਾ ਪ੍ਰਾਪਤੀ ਲਈ ਅੰਨ ਨਹੀਂ ਖਾਂਦੇ ਅਤੇ ਭੋਜਨ ਦੇ ਸੁਆਦ ਤੋਂ ਵਾਂਝੇ ਰਹਿ ਜਾਂਦੇ ਹਨ। ਇਸ ਤਰ੍ਹਾਂ ਪਰਮਾਤਮਾ ਦੇ ਸਿਮਰਨ ਨੂੰ ਛੱਡ ਕੇ ਜਦੋਂ ਉਹ ਦੂਸਰੇ ਪਾਸੇ ਲੱਗ ਜਾਂਦੇ ਹਨ ਤਾਂ ਉਹ ਆਪਣੀ ਜ਼ਿੰਦਗੀ ਨੂੰ ਔਖਾ ਬਣਾ ਲੈਂਦੇ ਹਨ ਅਤੇ ਦੁੱਖ ਸਹਾਰਦੇ ਹਨ। ਕਈ ਅਜਿਹੇ ਹਨ ਜੋ ਕੱਪੜੇ ਨਹੀਂ ਪਾਉਂਦੇ ਅਤੇ ਦਿਨ ਰਾਤ ਕਸ਼ਟ ਸਹਿੰਦੇ ਹਨ (ਕਪੜੇ ਗਰਮੀ-ਸਰਦੀ ਤੋਂ ਬਚਾਉੁਂਦੇ ਹਨ)। ਕਈ ਇਕਾਂਤ ਵਿਚ ਰਹਿ ਕੇ ਮੌਨ ਵਰਤ ਰੱਖਦੇ ਹਨ ਅਤੇ ਅਸਲੀ ਰਸਤੇ ਤੋਂ ਖੁੰਝੇ ਹੋਏ ਹਨ।
ਸੋਚਣ ਵਾਲੀ ਗੱਲ ਇਹ ਹੈ ਕਿ ਮਾਇਆ ਦੀ ਨੀਂਦ ਵਿਚ ਸੁੱਤਾ ਹੋਇਆ ਮਨੁੱਖ ਗੁਰੂ ਤੋਂ ਬਿਨਾ ਕਿਵੇਂ ਜਾਗ ਸਕਦਾ ਹੈ? ਕਈ ਪੈਰਾਂ ਤੋਂ ਨੰਗੇ ਫਿਰਦੇ ਹਨ ਅਤੇ ਆਪਣੀ ਇਸ ਕੀਤੀ ਹੋਈ ਭੁੱਲ ਦੀ ਸਜ਼ਾ ਭੁਗਤ ਰਹੇ ਹਨ। ਕਈ ਚੰਗਾ ਅਤੇ ਸੁੱਚਾ ਵਧੀਆ ਭੋਜਨ ਛੱਡ ਕੇ ਜੂਠਾ-ਮਿੱਠਾ ਖਾਂਦੇ ਹਨ ਅਤੇ ਸਿਰ ਵਿਚ ਸੁਆਹ ਪਾ ਰੱਖੀ ਹੈ। ਇਸ ਤਰ੍ਹਾਂ ਅਗਿਆਨੀ ਮੂਰਖਾਂ ਨੇ ਆਪਣੀ ਇੱਜ਼ਤ ਗੁਆ ਲਈ ਹੈ। ਪਰਮਾਤਮਾ ਦੇ ਨਾਮ ਸਿਮਰਨ ਤੋਂ ਬਿਨਾ ਅਜਿਹੀਆਂ ਕ੍ਰਿਆਵਾਂ ਅਕਾਲ ਪੁਰਖ ਨੂੰ ਪ੍ਰਵਾਨ ਨਹੀਂ ਹਨ। ਕਈ ਅਕਲ ਦੇ ਅੰਨ੍ਹੇ ਅਤੇ ਮੂਰਖ ਉਜਾੜਾਂ ਵਿਚ, ਮੜ੍ਹੀਆਂ ਵਿਚ ਜਾ ਕੇ ਰਹਿੰਦੇ ਹਨ। ਅਸਲੀ ਰਸਤੇ ਦੀ ਪਛਾਣ ਨਾ ਹੋਣ ਕਰਕੇ ਸਮਾਂ ਲੰਘ ਜਾਣ ‘ਤੇ ਪਛਤਾਉਂਦੇ ਹਨ। ਜਿਸ ਮਨੁੱਖ ਨੂੰ ਗੁਰੂ ਮਿਲ ਪਿਆ ਹੈ, ਉਸ ਨੂੰ ਸਹੀ ਰਸਤੇ ਦੀ ਪਛਾਣ ਹੋ ਜਾਂਦੀ ਹੈ ਅਤੇ ਉਹ ਹੀ ਸੁੱਖ ਮਾਣਦਾ ਹੈ। ਅਜਿਹਾ ਮਨੁੱਖ ਕਰਮਾਂ ਵਾਲਾ ਹੈ ਅਤੇ ਰੱਬ ਦਾ ਨਾਮ ਆਪਣੇ ਹਿਰਦੇ ਵਿਚ ਵਸਾ ਕੇ ਰੱਖਦਾ ਹੈ।
ਗੁਰੂ ਨਾਨਕ ਸਾਹਿਬ ਕਹਿੰਦੇ ਹਨ ਕਿ ਗੁਰੂ ਭੀ ਉਸੇ ਨੂੰ ਹੀ ਮਿਲਦਾ ਹੈ ਜਿਸ ਉਤੇ ਉਸ ਅਕਾਲ ਪੁਰਖ ਮਿਹਰ ਦੀ ਨਜ਼ਰ ਕਰਦਾ ਹੈ। ਉਹ ਸੰਸਾਰ ਦੀਆਂ ਆਸਾਂ ਤੇ ਫ਼ਿਕਰਾਂ ਤੋਂ ਨਿਰਲੇਪ ਹੋ ਕੇ ਗੁਰੂ ਦੇ ਸ਼ਬਦ ਦੁਆਰਾ ਆਪਣੀ ਹਉਮੈ ਨੂੰ ਸਾੜ ਦਿੰਦਾ ਹੈ,
ਲਿਖਿ ਲਿਖਿ ਪੜਿਆ ਤੇਤਾ ਕੜਿਆ॥
ਬਹੁ ਤੀਰਥ ਭਵਿਆ ਤੇਤੋ ਲਵਿਆ॥
ਬਹੁ ਭੇਖ ਕੀਆ ਦੇਹੀ ਦੁਖੁ ਦੀਆ॥
ਸਹੁ ਵੇ ਜੀਆ ਅਪਣਾ ਕੀਆ॥ (ਪੰਨਾ 467)
ਅਗਲੀ ਪਉੜੀ ਵਿਚ ਗੁਰੂ ਸਾਹਿਬ ਦੱਸਦੇ ਹਨ ਕਿ ਰੱਬ ਦੇ ਭਗਤ ਉਸ ਨੂੰ ਪਾਉਣ ਲਈ ਕੀ ਕਰਦੇ ਹਨ? ਗੁਰੂ ਨਾਨਕ ਅਨੁਸਾਰ ਰੱਬ ਦੇ ਭਗਤ ਉਸ ਦੇ ਨਾਮ ਦਾ ਸਿਮਰਨ ਕਰਦੇ ਹਨ ਤੇ ਉਸ ਨੂੰ ਚੰਗੇ ਲੱਗਦੇ ਹਨ। ਉਹ ਉਸ ਦੇ ਦਰ ਉਤੇ ਸ਼ੋਭ ਰਹੇ ਹਨ। ਗੁਰੂ ਸਾਹਿਬ ਅੱਗੇ ਦੱਸਦੇ ਹਨ ਕਿ ਜਿਨ੍ਹਾਂ ਦੇ ਭਾਗਾਂ ਵਿਚ ਅਕਾਲ ਪੁਰਖ ਦੀ ਮਿਹਰ ਨਹੀਂ ਲਿਖੀ ਹੁੰਦੀ, ਉਹ ਭਾਗਹੀਣ ਮਨੁੱਖ ਭਟਕਦੇ ਫਿਰਦੇ ਹਨ ਤੇ ਖੁਆਰ ਹੁੰਦੇ ਹਨ, ਉਨ੍ਹਾਂ ਨੂੰ ਪਰਮਾਤਮਾ ਦੇ ਦਰਵਾਜ਼ੇ ‘ਤੇ ਥਾਂ ਨਹੀਂ ਮਿਲਦੀ ਕਿਉਂਕਿ ਉਹ ਆਪਣੇ ਅਸਲੇ ਨੂੰ ਨਹੀਂ ਸਮਝਦੇ (ਗੁਰਬਾਣੀ ਵਿਚ ਮਨੁੱਖ ਨੂੰ ਮੂਲ ਪਛਾਨਣ ਦੀ ਆਗਿਆ ਕੀਤੀ ਗਈ ਹੈ)। ਰੱਬੀ ਗੁਣਾਂ ਨੂੰ ਆਪਣੇ ਅੰਦਰ ਅਨੁਭਵ ਕਰਨ ਤੋਂ ਬਿਨਾ ਹੀ ਆਪਣੇ ਆਪ ਨੂੰ ਵੱਡਾ ਸਮਝਦੇ ਹਨ। ਗੁਰੂ ਨਾਨਕ ਸਾਹਿਬ ਕਹਿੰਦੇ ਹਨ ਕਿ ਮੈਂ ਨੀਵੀਂ ਜਾਤ ਵਾਲਾ ਤੇਰੇ ਦਰਵਾਜ਼ੇ ਦਾ ਇੱਕ ਨਿਮਾਣਾ ਜਿਹਾ ਢਾਡੀ ਹਾਂ, ਹੋਰ ਲੋਕ ਤਾਂ ਆਪਣੇ ਆਪ ਨੂੰ ਉਤਮ ਜਾਤ ਦਾ ਸਦਾਉਂਦੇ ਹਨ। ਜੋ ਤੇਰੇ ਨਾਮ ਨੂੰ ਧਿਆਉਂਦੇ ਹਨ, ਮੈਂ ਉਨ੍ਹਾਂ ਪਾਸੋਂ ਤੇਰਾ ਨਾਮ ਮੰਗਦਾ ਹਾਂ,
ਭਗਤ ਤੇਰੈ ਮਨਿ ਭਾਵਦੇ ਦਰਿ ਸੋਹਨਿ ਕੀਰਤਿ ਗਾਂਵਦੇ॥
ਨਾਨਕ ਕਰਮਾ ਬਾਹਰੇ ਦਰਿ ਢੋਅ ਨ ਲਹਨੀ ਧਾਵਦੇ॥
ਇਕਿ ਮੂਲੁ ਨ ਬੁਝਨਿ ਆਪਣਾ ਅਣਹੋਦਾ ਆਪੁ ਗਣਾਇਦੇ॥
ਹਉ ਢਾਢੀਕਾ ਨੀਚ ਜਾਤਿ ਹੋਰਿ ਉਤਮ ਜਾਤਿ ਸਦਾਇਦੇ॥
ਤਿਨ ਮੰਗਾ ਜਿ ਤੁਝੈ ਧਿਆਇਦੇ॥9॥ (ਪੰਨਾ 468)
ਗੁਰੂ ਨਾਨਕ ਸਾਹਿਬ ਅਗਲੇ ਸਲੋਕ ਵਿਚ ਇਸ ਸੰਸਾਰ ਨੂੰ ‘ਕੂੜ’ ਇਸ ਲਈ ਕਹਿ ਰਹੇ ਹਨ ਕਿਉਂਕਿ ਇਹ ਚਲਾਇਮਾਨ ਹੈ, ਸਦੀਵੀ ਨਹੀਂ। ਇਸੇ ਸੰਦਰਭ ਵਿਚ ਗੁਰੂ ਨਾਨਕ ਸਾਹਿਬ ਫੁਰਮਾਉਂਦੇ ਹਨ ਕਿ ਇਹ ਸੰਸਾਰ ਛਲ ਰੂਪ ਹੈ। ਇਸ ਵਿਚ ਕੋਈ ਰਾਜਾ ਹੈ, ਕੋਈ ਪਰਜਾ ਅਤੇ ਇਹ ਵੀ ਛਿੰਨ-ਭੰਗਰ ਹਨ, ਛਲਾਵਾ ਹਨ। ਇਸ ਦੁਨੀਆਂ ਵਿਚ ਕਿਤੇ ਇਨ੍ਹਾਂ ਰਾਜਿਆਂ ਦੇ ਮੰਡਪ ਅਰਥਾਤ ਸ਼ਾਮਿਆਨੇ ਤੇ ਮਹਿਲ ਮਾੜੀਆਂ ਹਨ, ਇਹ ਸਭ ਵੀ ਛਲ ਰੂਪ ਹਨ ਅਤੇ ਇਨ੍ਹਾਂ ਵਿਚ ਵੱਸਣ ਵਾਲੇ ਵੀ ਚਲਾਇਮਾਨ ਹਨ। ਸੋਨੇ ਚਾਂਦੀ ਵਰਗੀਆਂ ਕੀਮਤੀ ਚੀਜ਼ਾਂ ਅਤੇ ਇਨ੍ਹਾਂ ਨੂੰ ਪਹਿਨਣ ਵਾਲੇ ਵੀ ਸਭ ਭਰਮ ਹਨ। ਇਹ ਸੁੰਦਰ ਸਰੀਰਕ ਆਕਾਰ, ਸੁੰਦਰ ਕੱਪੜੇ, ਬੇਅੰਤ ਸੁੰਦਰ ਸਰੂਪ ਸਰੀਰ-ਸਭ ਭਰਮ ਰੂਪ ਅਤੇ ਬਿਨਸਣਹਾਰ ਹਨ। ਪਰਮਾਤਮਾ ਨੇ ਇਸ ਸੰਸਾਰ ਵਿਚ ਕਿਤੇ ਪੁਰਸ਼ਾਂ ਦੀ ਰਚਨਾ ਕੀਤੀ ਹੈ, ਕਿਤੇ ਇਸਤਰੀਆਂ ਦੀ ਜੋ ਸੰਸਾਰਕ ਖੁਸ਼ੀਆਂ ਵਿਚ ਖਚਿਤ ਹੋ ਕੇ ਖੁਆਰ ਹੋ ਰਹੇ ਹਨ। ਇਹ ਸਭ ਕੁੱਝ ਚਲਾਇਮਾਨ ਹੈ। ਇਸ ਦ੍ਰਿਸ਼ਟਮਾਨ ਸੰਸਾਰ ਦੇ ਛਲਾਵੇ ਵਿਚ ਫਸੇ ਹੋਏ ਪ੍ਰਾਣੀ ਨੂੰ ਇਹ ਭਰਮ ਅਤੇ ਛਲਾਵਾ ਚੰਗਾ ਲਗਦਾ ਹੈ, ਉਸ ਨੂੰ ਇਸ ਨਾਲ ਮੋਹ ਪੈ ਗਿਆ ਹੈ, ਜਿਸ ਮੋਹ ਵਿਚ ਪੈ ਕੇ ਉਹ ਆਪਣੇ ਰਚਣਹਾਰੇ ਨੂੰ ਭੁੱਲ ਗਿਆ ਹੈ। ਉਸ ਨੂੰ ਇਹ ਵੀ ਭੁੱਲ ਗਿਆ ਹੈ ਕਿ ਇਹ ਸੰਸਾਰ ਬਿਨਸਣਹਾਰ ਹੈ ਅਤੇ ਕਿਸੇ ਨਾਲ ਮੋਹ ਨਹੀਂ ਪਾਉਣਾ ਚਾਹੀਦਾ। ਭਾਵੇਂ ਇਹ ਸੰਸਾਰ ਭਰਮ ਹੈ, ਛਲਾਵਾ ਹੈ ਪਰ ਫਿਰ ਵੀ ਸਭ ਨੂੰ ਚੰਗਾ ਅਤੇ ਪਿਆਰਾ ਲੱਗਦਾ ਹੈ, ਸ਼ਹਿਦ ਵਾਂਗ ਮਿੱਠਾ ਲੱਗਦਾ ਹੈ, ਜਿਸ ਕਰਕੇ ਇਹ ਸਭ ਨੂੰ ਆਪਣੀ ਮੋਹ ਮਾਇਆ ਵਿਚ ਡੋਬ ਰਿਹਾ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਹਨ ਕਿ ਉਸ ਅਕਾਲ ਪੁਰਖ ਤੋਂ ਬਿਨਾ ਸਭ ਕੁਝ ਚਲਾਇਮਾਨ ਹੈ, ਇੱਕ ਉਹ ਹੀ ਸਦੀਵੀ ਹੈ,
ਕੂੜੁ ਰਾਜਾ ਕੂੜੁ ਪਰਜਾ ਕੂੜੁ ਸਭੁ ਸੰਸਾਰੁ॥
ਕੂੜੁ ਮੰਡਪ ਕੂੜੁ ਮਾੜੀ ਕੂੜੁ ਬੈਸਣਹਾਰੁ॥
ਕੂੜੁ ਸੁਇਨਾ ਕੂੜੁ ਰੁਪਾ ਕੂੜੁ ਪੈਨਣੁਹਾਰੁ॥ (ਪੰਨਾ 468)
ਉਪਰ ਦਿੱਤੇ ਸਲੋਕ ਵਿਚ ਇਸ ਸੰਸਾਰਕ ਰਚਨਾ ਦੀ ਚਲਾਇਮਾਨਤਾ ਦੱਸਣ ਉਪਰੰਤ ਅਗਲੇ ਸਲੋਕ ਵਿਚ ਦੱਸਿਆ ਹੈ ਕਿ ਫਿਰ ਸਦੀਵੀ ਕੀ ਹੈ, ਸੱਚ ਕੀ ਹੈ ਜਿਸ ਨੂੰ ਮਨੁੱਖ ਨੇ ਪ੍ਰਾਪਤ ਕਰਨਾ ਹੈ? ਸੱਚ ਉਹ ਅਕਾਲ ਪੁਰਖ ਹੈ, ਸੱਚ ਦਾ ਅਰਥ ਹੈ ਜਿਸ ਦੀ ਹੋਂਦ ਸਦੀਵੀ ਹੈ। ਜਪੁਜੀ ਸਾਹਿਬ ਦੇ ਸ਼ੁਰੂ ਵਿਚ ਹੀ ਮੂਲ ਮੰਤਰ ਵਿਚ ਉਸ ਦੀ ਵਿਆਖਿਆ ਕਰਦਿਆਂ ਉਸ ਨੂੰ ‘ਸਤਿਨਾਮ’ ਕਿਹਾ ਹੈ, ਭਾਵ ਜਿਸ ਦੀ ਹੋਂਦ ਹੈ ਅਤੇ ਮੂਲ ਮੰਤਰ ਦੇ ਅੰਤ ਵਿਚ ‘ਗੁਰ ਪਰਸਾਦਿ’ ਕਿਹਾ ਹੈ ਜਿਸ ਦਾ ਅਰਥ ਬਣਦਾ ਹੈ ਕਿ ਉਸ ਨੂੰ ਗੁਰੂ ਦੀ ਕਿਰਪਾ ਰਾਹੀਂ, ਮਿਹਰ ਰਾਹੀਂ ਪਾ ਸਕੀਦਾ ਹੈ। ਅਗਲੇ ਸਲੋਕ ਵਿਚ ਉਸ ਸਤਿ ਦੇ ਅਨੁਭਵ ਦਾ ਹੀ ਜ਼ਿਕਰ ਕੀਤਾ ਹੈ ਕਿ ਉਸ ਸੱਚ ਨੂੰ ਕਿਵੇਂ ਜਾਣ ਸਕੀਦਾ ਹੈ, ਕਿਵੇਂ ਉਸ ਦਾ ਅਨੁਭਵ ਕਰ ਸਕੀਦਾ ਹੈ। ਗੁਰੂ ਨਾਨਕ ਅਨੁਸਾਰ ਜੀਵ ਨੂੰ ਆਪਣੇ ਮੂਲ ਦੀ, ਆਪਣੇ ਅਸਲੇ ਦੀ ਸਮਝ ਉਦੋਂ ਪੈਂਦੀ ਹੈ ਜਦੋਂ ਉਸ ਦੇ ਹਿਰਦੇ ਵਿਚ ਸਤਿ-ਸਰੂਪ ਅਕਾਲ ਪੁਰਖ ਜੋ ਅਸਲੀਅਤ ਦਾ ਮਾਲਕ ਹੈ, ਟਿਕ ਜਾਵੇ। ਉਸ ਦੇ ਟਿਕ ਜਾਣ ਨਾਲ ਮਾਇਆ ਦੇ ਭਰਮ ਦਾ ਅਸਰ ਮਨ ਤੋਂ ਦੂਰ ਹੋ ਜਾਂਦਾ ਹੈ। ਇਸ ਤਰ੍ਹਾਂ ਮਨ ਅਤੇ ਇੰਦਰੀਆਂ ਦੀ ਮੈਲ ਦੂਰ ਹੋ ਜਾਂਦੀ ਹੈ ਅਤੇ ਸਰੀਰ ਧੁਪ ਕੇ ਸਾਫ਼ ਹੋ ਜਾਂਦਾ ਹੈ। ਅਸਲੇ ਦੀ ਸਮਝ ਉਦੋਂ ਆਉਂਦੀ ਹੈ ਜਦੋਂ ਮਨੁੱਖ ਉਸ ਮੂਲ ਨਾਲ ਆਪਣਾ ਮਨ ਜੋੜਦਾ ਹੈ। ਉਸ ਮੂਲ ਸਰੋਤ ਦਾ ਨਾਮ ਸੁਣ ਕੇ ਮਨੁੱਖ ਦੇ ਮਨ ਵਿਚ ਖੇੜਾ ਆਉਂਦਾ ਹੈ ਅਤੇ ਉਸ ਨੂੰ ਮਾਇਆਵੀ ਬੰਧਨਾਂ ਤੋਂ ਆਜ਼ਾਦ ਹੋਣ ਦਾ ਰਸਤਾ ਪਤਾ ਲੱਗ ਜਾਂਦਾ ਹੈ। ਸੰਸਾਰ ਦੇ ਮੂਲ ਪਰਮਾਤਮਾ ਦੀ ਸਮਝ ਮਨੁੱਖ ਨੂੰ ਉਦੋਂ ਆਉਂਦੀ ਹੈ ਜਦੋਂ ਮਨੁੱਖ ਰੱਬੀ ਜੀਵਨ ਗੁਜ਼ਾਰਨ ਦੀ ਜੁਗਤ ਜਾਣ ਲੈਂਦਾ ਹੈ ਅਰਥਾਤ ਸਰੀਰ ਰੂਪੀ ਧਰਤੀ ਵਿਚ ਨਾਮ ਦਾ ਬੀਜ ਬੀਜੇ। ਗੁਰੂ ਕੋਲੋਂ ਸੱਚ ਦੀ ਸਿੱਖਿਆ ਲਵੇ ਅਤੇ ਲੋੜਵੰਦਾਂ ਦੀ ਸਹਾਇਤਾ ਕਰਨ ਦੀ ਜਾਚ ਸਿੱਖੇ, ਕੁਝ ਦਾਨ-ਪੁੰਨ ਕਰੇ ਤਾਂ ਹੀ ਮਨੁੱਖ ਨੂੰ ਸੱਚ ਦੀ ਸਮਝ ਆਉਂਦੀ ਹੈ। ਅੰਦਰ ਵੱਸ ਰਹੇ ਸੱਚ ਨਾਲ ਇੱਕਸੁਰਤਾ ਉਦੋਂ ਹੁੰਦੀ ਹੈ ਜਦੋਂ ਮਨੁੱਖ ਧੁਰ ਅੰਦਰਲੇ ਤੀਰਥ ‘ਤੇ ਟਿਕਿਆ ਰਹੇ, ਆਪਣੇ ਗੁਰੂ ਕੋਲੋਂ ਉਪਦੇਸ਼ ਲੈ ਕੇ ਉਸ ਅੰਦਰਲੇ ਤੀਰਥ ਵਿਚ ਹੀ ਨਿਵਾਸ ਕਰੇ। ਗੁਰੂ ਨਾਨਕ ਸਾਹਿਬ ਕਹਿੰਦੇ ਹਨ ਕਿ ਜਿਨ੍ਹਾਂ ਮਨੁੱਖਾਂ ਦੇ ਅੰਦਰ ਸੱਚ ਦਾ ਮਾਲਕ ਉਹ ਅਕਾਲ ਪੁਰਖ ਟਿਕਿਆ ਹੋਇਆ ਹੈ, ਉਨ੍ਹਾਂ ਦੇ ਸਾਰੇ ਦੁੱਖਾਂ-ਦਰਦਾਂ ਦਾ ਇਲਾਜ ਉਹ ਆਪ ਹੈ ਕਿਉਂਕਿ ਉਹ ਸਾਰੇ ਵਿਕਾਰਾਂ ਨੂੰ ਉਹ ਧੋ ਕੇ ਬਾਹਰ ਕੱਢ ਦਿੰਦਾ ਹੈ ਜੋ ਰੋਗਾਂ ਦਾ ਕਾਰਨ ਬਣਦੇ ਹਨ,
ਸਚੁ ਤਾਪਰੁ ਜਾਣੀਐ ਜਾ ਰਿਦੈ ਸਚਾ ਹੋਇ॥
ਕੂੜ ਕੀ ਮਲੁ ਉਤਰੈ ਤਨੁ ਕਰੇ ਹਛਾ ਧੋਇ॥ (ਪੰਨਾ 468)
Leave a Reply