ਮਰਦਾਂ ਵਰਗੀ ਤੀਵੀਂ ਤੇ ਤੀਵੀਆਂ ਵਰਗਾ ਮਰਦ

ਅਵਤਾਰ ਗੋਂਦਾਰਾ
ਪਿਛਲੇ ਦਿਨੀਂ, ਭਾਰਤ ਦੇ ਪ੍ਰਧਾਨ ਮੰਤਰੀ ਬਣਨ ਦਾ ਸੁਫਨਾ ਪਾਲ ਰਹੇ, ਮੋਦੀ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਬ ਸ਼ਰੀਫ ‘ਤੇ ਸ਼ਬਦੀ ਗੋਲਾਬਾਰੀ ਕੀਤੀ। ਰੱਟਾ ਸਰਹਦੀ ਘੁਸਪੈਠ ਦਾ ਨਹੀਂ ਸੀ। ਗੱਲ ਸਿਰਫ ਇੰਨੀ ਸੀ ਕਿ ਉਸ ਨੇ ਪ੍ਰਧਾਨ ਮੰਤਰੀ ਡਾæ ਮਨਮੋਹਨ ਸਿੰਘ ਨੂੰ ‘ਪੇਂਡੂ ਔਰਤਾਂ ਵਰਗਾ’ ਕਹਿ ਦਿਤਾ। ਡਾ ਮਨਮੋਹਨ ਸਿੰਘ ਦਾ ਕੀ ਪ੍ਰਤੀਕਰਮ ਹੈ, ਇਹ ਨਹੀਂ ਪਤਾ ਲੱਗਿਆ। ਇਸ ਬਾਰੇ ਕਿੰਨੇ ਹੀ ਸੁਆਲ-ਜੁਆਬ ਮਨ ਵਿਚ ਕਵਾਇਦ ਕਰਨ ਲਗੇ। ਔਰਤ ਹੋਣਾ ਜਾਂ ਔਰਤ ਵਰਗਾ ਹੋਣਾ ਕੀ ਐਬ ਹੈ, ਮਿਹਣੇ ਵਲ ਗੱਲ ਹੈ? ਕੀ ਔਰਤ ਵੀ ਆਪਣੇ ਤ੍ਰੀਮਤਪੁਣੇ ਬਾਰੇ ਇਹੀ ਸੋਚਦੀ ਹੈ?
ਪੰਜਾਬੀ ਸਭਿਆਚਾਰ ਵੀ ਤਾਂ ਔਰਤ ਵਿਰੋਧੀ ਮੁੱਲਾਂ, ਗਾਲਾਂ, ਟੋਟਕਿਆਂ ਨਾਲ ਭਰਿਆ ਪਿਆ ਹੈ। ਗੁਰੂ ਸਾਹਿਬਾਨ ਜਾਂ ਕਈ ਭਗਤ ‘ਰੱਬ’ ਪ੍ਰਤੀ ਆਪਣੀ ਆਸਥਾ ਜਾਂ ਭਗਤੀ ਭਾਵਨਾ ਪ੍ਰਗਟ ਕਰਨ ਲਈ, ਆਪਣੇ ਆਪ ਨੂੰ ਔਰਤ ਤੇ ਈਸ਼ਵਰ ਨੂੰ ਇਕ ਪੁਰਖ ਕਲਪਦਿਆਂ, ਇਸਤਰੀਤਵ ਦੇ ਸਿਖਰੀ ਬਲ ਨੂੰ ਮਾਨਤਾ ਦਿੰਦੇ ਹਨ। ਪਰ ਇਸ ਨੇ ਔਰਤਾਂ ਦੀ ਆਪਣੇ ਬਾਰੇ ਤੇ ਮਰਦ ਦੀ ਔਰਤ ਬਾਰੇ ਸੋਚ ‘ਚ ਫਰਕ ਨਹੀਂ ਪਾਇਆ। ਝਾਂਸੀ ਵਾਲੀ ਰਾਣੀ ਲਕਸ਼ਮੀ ਬਾਈ ਬਾਰੇ ਕਵਿਤਾ ‘ਖੂਬ ਲੜੀ ਮਰਦਾਨੀ ਵੋਹ ਤੋ ਝਾਂਸੀ ਵਾਲੀ ਰਾਨੀ ਥੀ’, ਅਸਲ ਵਿਚ ਉਸ ਦੇ ਇਸਤਰੀਤਵ ਦਾ ਅਪਮਾਨ ਹੈ। ਕੀ ਉਹ ‘ਔਰਤ’ ਹੋ ਕੇ ਬਹਾਦਰੀ ਨਾਲ ਨਹੀਂ ਸੀ ਲੜ ਰਹੀ?
ਕਮਾਲ ਦੀ ਗੱਲ ਇਹ ਹੈ ਕਿ ਅੰਦਰਖਾਤੇ, ਮਰਦ ਦੀ ਉਚਤਾ ਨੂੰ ਦੇਸੀ ਔਰਤ ਸਵੀਕਾਰ ਵੀ ਕਰਦੀ ਹੈ। ਉਹ ਵਧੀਆ ਮੁਕੰਮਲ ਔਰਤ ਬਣਨ ਦੀ ਥਾਂ ਮਰਦ ਵਾਂਗ ਵਿਚਰਨਾ, ਸੋਚਣਾ ਤੇ ਮਹਿਸੂਸ ਕਰਨਾ ਲੋੜਦੀ ਹੈ। ਬੇਸ਼ਕ ਔਰਤ ਬਣਨਾ ਮਰਦ ਦਾ ਆਦਰਸ਼ ਕਦੇ ਨਹੀਂ ਰਿਹਾ। ਅੱਜ ਕੱਲ ਦੀਆਂ ਆਜ਼ਾਦ ਪੜ੍ਹੀਆਂ ਲਿਖੀਆਂ ਕੁੜੀਆਂ ਨੂੰ ਗੱਲਾਂ ਕਰਦੇ ਦੇਖੋ। ਉਨ੍ਹਾਂ ਦੇ ਆਪਸੀ ਸੰਬੋਧਨ ਮਰਦਾਵੇਂ ਹੁੰਦੇ ਹਨ। ਜਿਵੇਂ ਯਾਰ ਗੱਲ ਸੁਣ, ਯਾਰ ਚੱਲ ਕੌਫੀ ਪੀਈਏ। ਮਰਦਾਵਾਂ ਪਹਿਰਾਵਾ ਤੇ ਦਿੱਖ ਵੱਲ ਝੁਕਾ ਵੀ ਅੰਦਰਖਾਤੇ ਆਪਣੇ ਇਸਤਰੀਤਵ ਦੇ ਨਿਖੇਧ ਤੇ ਮਰਦ ਦੀ ਉਚਤਾ ਵੱਲ ਇਸ਼ਾਰਾ ਕਰਦਾ ਹੈ। ਦੋਨੋਂ ਲਿੰਗ ਹੀ ਕੁਦਰਤ ਦਾ ਸ਼ਾਹਕਾਰ ਹਨ। ਅਸਲ ਵਿਚ ਔਰਤ ਤਾਂ ਦੋਨਾਂ ‘ਚੋਂ ਹੀ ਸਿਰਮੌਰ ਹੈ। ਗੁਲਾਬ ਦਾ ਆਪਣਾ ਮਹੱਤਵ ਹੈ ਤੇ ਗੁਲਦਾਉਦੀ ਦੀ ਆਪਣੀ ਸ਼ੋਭਾ। ਦੇਸੀ ਔਰਤ ਨੇ ਆਪਣੀ ਕਸੌਟੀ ਆਪ ਬਣਨ ਵੱਲ ਅਜੇ ਰਜੂ ਨਹੀਂਂ ਕੀਤਾ। ਉਸ ਦੇ ਪੈਮਾਨੇ ਵੀ ਮਰਦ ਨੇ ਹੀ ਤੈਅ ਕੀਤੇ ਹਨ। ਪਸ਼ੂ ਨੂੰ ਕਾਬੂ ਕਰਨ ਲਈ ਪਾਈ ਜਾਂਦੀ ਨਥ, ਜੋ ਦਮਨ ਤੇ ਹਿੰਸਾ ਦਾ ਪ੍ਰਤੀਕ ਹੈ, ਨੂੰ ਵੀ ਔਰਤ ਨੇ ਆਪਣੇ ਸ਼ਿੰਗਾਰ ਦਾ ਹਿੱਸਾ ਬਣਾ ਲਿਆ ਹੈ। ਇਹ ਬਾਹਰੀ ਦਮਨ ਨੂੰ ਅੰਦਰਲੇ ਮਨ ਦੀ ਪ੍ਰਵਾਨਗੀ ਹੈ। ਜਦੋਂ ਗੁਲਾਮ ਬੇੜੀਆਂ ਨੂੰ ‘ਫੁਲਾਂ ਦਾ ਹਾਰ’ ਅਤੇ ਜੰਜੀਰਾਂ ਨੂੰ ‘ਪੰਜੇਬਾਂ’ ਸਮਝਣ ਲਗ ਜਾਵੇ ਤਾਂ ਸੱਤਾ ਦਾ ਕੰਮ ਕਾਫੀ ਸੁਖਾਲਾ ਹੋ ਜਾਂਦਾ ਹੈ।
ਮਰਦਾਵੀਂ ਧੌਂਸ, ਜਗੀਰੂ ਸਭਿਆਚਾਰ ਅਤੇ ਕਦਰਾਂ-ਕੀਮਤਾਂ ਖਿਲਾਫ ਹੋ ਰਹੀ ਇਕ ਰੈਲੀ ਵਿਚ ਜਾਣ ਦਾ ਮੌਕਾ ਮਿਲਿਆ। ਪਤੀ ਨੇ ਕੁਟਮਾਰ ਕੇ ਆਪਣੀ ਪਤਨੀ ਨੂੰ ਰਾਤ ਦੇ ਪਿਛਲੇ ਪਹਿਰ ਘਰੋਂ ਕਢ ਦਿਤਾ ਸੀ। ਔਰਤ ਹਸਪਤਾਲ ਵਿਚ ਦਾਖਲ ਸੀ। ਪੁਲਿਸ ਪਰਚਾ ਦਰਜ ਨਹੀਂ ਕਰ ਰਹੀ ਸੀ। ਰੈਲੀ ਤੋਂ ਬਾਅਦ ਐਸ ਐਸ ਪੀ ਨੂੰ ਯਾਦ-ਪਤਰ ਦੇਣਾ ਸੀ। ਮੇਰੀ ਡਿਉਟੀ ਲੱਗੀ ਕਿ ਮੈਂ ਹਸਪਤਾਲ ਜਾਵਾਂ, ਪੀੜਤ ਨੂੰ ਮਿਲਾਂ ਤੇ ਗੱਲਬਾਤ ਕਰਕੇ ਸ਼ਿਕਾਇਤ ‘ਤੇ ਉਸ ਦੇ ਦਸਤਖਤ ਕਰਵਾ ਲਿਆਵਾਂ। ਗੱਲਬਾਤ ਦੌਰਾਨ ਪਤਾ ਲੱਗਾ ਕਿ ਔਰਤ ਦੇ ਪੇਕੇ ਵੀ ਉਸੇ ਸ਼ਹਿਰ ਵਿਚ ਸਨ। ਉਸ ਦੇ ਦੋ ਭਰਾ ਸਨ। ਮੈਂ ਉਸ ਨੂੰ ਕਿਹਾ, ਭਰਾਵਾਂ ਨੂੰ ਸੱਦੋ, ਉਨ੍ਹਾਂ ਨੂੰ ਸਾਡੇ ਨਾਲ ਪੁਲਿਸ ਕੋਲ ਜਾਣਾ ਚਾਹੀਦਾ ਹੈ। ਉਸ ਦੇ ਘਰ ਵਾਲੇ ਬਾਰੇ ਵੀ ਪੁਛਿਆ।
ਉਹ ਮਰੀ ਜਿਹੀ ਅਵਾਜ ਵਿਚ ਬੋਲੀ, “ਬਾਈ ਜੀ, ਘਰ ਵਾਲਾ ਕੋਈ ਕੰਮ ਨੀ ਕਰਦਾ, ਨਿਰਾ ਢੱਟਾ ਹੈ। ਇਕੋ ਕੰਮ ਐ ਮੈਨੂੰ ਮਾਰਨ ਕੁੱਟਣ ਦਾ। ਜਿਥੋਂ ਤਕ ਭਰਾਵਾਂ ਦੀ ਗੱਲ ਹੈ, ਜੇ ਉਨ੍ਹਾਂ ਵਿਚ ਦਮ ਹੁੰਦਾ ਤਾਂ ਘਾਟਾ ਕਾਹਦਾ ਸੀ, ਉਹ ਦੋਨੋਂ ਤਾਂ ਨਿਰੀਆਂ ਗਊਆਂ ਹਨ।” ਬੜਾ ਟੇਡਾ ਮਸਲਾ ਸੀ। ਇਕ ਦਾ ਨਰ ਹੋਣਾ ਸਮੱਸਿਆ ਸੀ, ਦੂਜਿਆਂ ਦੇ ਨਰ ਨਾ ਹੋਣ ਦਾ ਰੋਣਾ ਸੀ।
ਮੈਨੂੰ ਇਕ ਹਾਸੇ ਵਾਲੀ ਘਟਨਾ ਯਾਦ ਆ ਗਈ। ਅਸੀਂ ਕੁਝ ਦੋਸਤ ਕੋਟਕਪੂਰੇ ਕਵੀ ਹਰੀ ਸਿੰਘ ਮੋਹੀ ਦੇ ਘਰ ਬੈਠੇ ਸਾਂ। ਕਵਿਤਾ ਪਾਠ ਚਲ ਰਿਹਾ ਸੀ। ਹਲਕੀਆਂ ਫੁਲਕੀਆਂ ਗੱਲਾਂ ਬਹਿਸ ਵਿਚ ਤੇ ਬਹਿਸ ਤੂੰ ਤੂੰ ਮੈਂ ਮੈਂ ਵਿਚ ਬਦਲ ਗਈ। ਮੋਹੀ ਨੇ ਤੂੰ ਤੂੰ ਕਰਨ ਵਾਲੇ ਨੂੰ ਲਲਕਾਰਿਆ। ਉਹ ਅੱਗੋਂ ਬਿਫਰ ਕੇ ਬੋਲਿਆ, “ਤੂੰ ਐਵੇਂ ਨਾ ਸਮਝੀਂ ਮੈਨੂੰ, ਮੇਰੇ ਵਿਚ ਵੀ ਮਾਦਾ ਐ।” ਮੋਹੀ ਨੇ ਸ਼ਰਾਰਤੀ ਹਾਸਾ ਹਸਦਿਆਂ, ਪੋਲਾ ਜਿਹਾ ਕੁਮੈਂਟ ਕੀਤਾ, “ਹਾਂ ਮੈਨੂੰ ਪਤਾ ਐ ਤੇਰੇ ਵਿਚ ਮਾਦਾ ਹੀ ਮਾਦਾ ਹੈ, ਨਰ ਨ੍ਹੀਂ।” ਮਾਹੌਲ ਇਕ ਦਮ ਹਾਸੇ ਵਿਚ ਬਦਲ ਗਿਆ। ‘ਮਾਦੇ’ ਦੀ ਸ਼ਕਤੀ ‘ਨਰ’ ਅੱਗੇ ਖੀਣ ਹੋ ਗਈ ਸੀ।
ਦੇਸੀ ਔਰਤ ਤਾਂ ਛੱਡੋ, ਪ੍ਰਦੇਸੀ ਵੀ ਕਦੇ ਆਪਣੇ ਤ੍ਰੀਮਤਪਣੇ ਦੀ ਆਭਾ ਬਾਰੇ ਮਾਣਮਤੀ ਹੁੰਦੀ ਨਹੀਂ ਦੇਖੀ। ਉਹ ਮਰਦ ਦੁਆਰਾ ਸਵੀਕਾਰੇ ਜਾਣ ਲਈ ਤਰਲੋਮਛੀ ਹੋਈ ਰਹਿੰਦੀ ਹੈ। ਦਿਮਾਗ ਨਾਲੋਂ, ਦਿਖ ਦਾ ਮਸਲਾ ਉਸ ਨੂੰ ਪੱਬਾਂ ਭਾਰ ਕਰੀ ਰਖਦਾ ਹੈ। ਉਚੀ ਅੱਡੀ ਦੀ ਪੀੜਾ ਵੀ ਉਹ ਬੜੇ ਮਾਣ ਨਾਲ ਝਲਦੀ ਹੈ। ਹਾਰ-ਸ਼ਿੰਗਾਰ ਦੀ ਸਾਰੀ ਸਨਅਤ ਔਰਤ ਦੀ ਇਸੇ ‘ਮਾਨਸਿਕ ਗੰਢ’ ‘ਤੇ ਖੜੀ ਹੈ। ਮਰਦ ਆਪਣੀ ਸ਼ਨਾਖਤ ਆਪ ਬਣਦਾ ਹੈ ਪਰ ਔਰਤ ਦੀ ਸ਼ਨਾਖਤ ਉਸ ਦਾ ਮਰਦ ਜਾਂ ਘਰ ਵਾਲਾ ਹੈ। ਇਸੇ ਲਈ ਪਿਛਲੇ ਸਮੇਂ ‘ਚ ਕਿਸੇ ਮਰਦ ਲਈ ਅਨਪੜ੍ਹ ਜਾਂ ਅਧਪੜ੍ਹ ਔਰਤ ਨਾਲ ਸ਼ਾਦੀ ਕਰਵਾ ਲੈਣੀ ਆਮ ਗੱਲ ਸੀ/ਹੈ ਪਰ ਔਰਤ ਨੂੰ ਆਪਣੇ ਤੋਂ ਘਟ ਪੜ੍ਹੇ-ਲਿਖੇ ਮਰਦ ਨੂੰ ਜੀਵਨ ਸਾਥੀ ਚੁਣਦਿਆਂ ਘਟ ਹੀ ਵੇਖਿਆ ਹੈ। ਸਿਵਾਏ ਪਰਵਾਸੀ ਬਣਨ ਦੀਆਂ ਚਾਹਵਾਨ ਮੁਟਿਆਰਾਂ ਦੇ, ਜੋ ਐਨ ਆਰ ਆਈ ਬਣਨ ਲਈ ਤਾਂ ਡਾਕਟਰ ਵੀ ਟਰਕ ਡਰਾਈਵਰ ਨਾਲ ਵਿਆਹ ਲਈ ਤਿਆਰ ਹੋ ਜਾਂਦੀ ਹੈ। ਪਰ ਇਹ ਇਕ ਅਪਵਾਦ ਹੈ। ਰੌਲਾ ਤਨਖਾਹ ਦਾ ਨਹੀਂ, ਉਧਾਰੇ ਸਟੇਟਸ ਦਾ ਵੀ ਹੈ। ਉਸ ਦੀ ਆਪਣੀ ਸ਼ਨਾਖਤ ਹੀ ਨਹੀਂ ਡੌਲੀ ਗਈ, ਉਹ ਵੀ ਮਰਦ ਦੀ ਸ਼ਨਾਖਤ ਦੇ ਸਹਾਰੇ ਹੀ ਮਾਣ-ਤਾਣ ਪਾਉਣਾ ਲੋਚਦੀ ਹੈ। ਉਹ ਉਸ ਦੇ ਮੋਢਿਆਂ ‘ਤੇ ਚੜ੍ਹ ਕੇ ਉਚੀ ਹੁੰਦੀ ਹੈ।
ਹਲੀਮੀ, ਨਿਮਰਤਾ, ਮਿਠਤ, ਅਧੀਨਗੀ, ਸ਼ਰਾਫਤ ਸਾਰੇ ਹੀ ਗੁਣ, ਇਸਤਰੀ ਲਿੰਗ ਹਨ। ਇਨ੍ਹਾਂ ਦੀ ਗੱਲ ਤਾਂ ਕੀਤੀ ਜਾਂਦੀ ਹੈ ਪਰ ਇਨ੍ਹਾਂ ਗੁਣਾਂ ਦਾ ਅਮਲੀ ਮੁੱਲ ਕੋਈ ਨਹੀਂ। ਕਿਸੇ ਮਰਦ ਵਿਚ ਇਨ੍ਹਾਂ ਦਾ ਹੋਣਾ ਤਾਂ ਉਸ ਦੀ ਮਰਦਾਨਗੀ ‘ਤੇ ਦਾਗ ਹੈ। ਭਾਰਤ ਦਾ ਪ੍ਰਧਾਨ ਮੰਤਰੀ ਡਾæ ਮਨਮੋਹਨ ਸਿੰਘ ਵੀ ਇਸ ਬਿੰਬ ਦਾ ਸ਼ਿਕਾਰ ਹੈ। ਤਾਂਹੀਏ ਸ਼ਰੀਫ ਦੀ ਟਿਪਣੀ ਮੋਦੀ ਨੂੰ ਇਸੇ ਕਰਕੇ ਨਹੀਂ ਪਚੀ। ਉਂਜ ਮੋਦੀ ਦੇ ਵਿਚਾਰ ਵੀ ਸ਼ਰੀਫ ਤੋਂ ਵਖਰੇ ਨਹੀਂ। ਡਾæ ਮਨਮੋਹਨ ਸਿੰਘ ਨੇ ਭਾਰਤੀ ਆਰਥਿਕਤਾ ‘ਚ ਉਹ ਕੂਹਣੀ ਮੋੜਾ ਦਿਤਾ ਹੈ ਕਿ ਉਸ ਨੂੰ ‘ਮਰਦ’ ਕਹਾਉਂਦੇ ਜਾਂ ਬਾਹਲਾ ਬੋਲਣ ਵਾਲੇ ਕਈ ਸਿਆਸਤਦਾਨ ਵੀ ਬਦਲ ਨਹੀਂ ਸਕਦੇ। ਵਿਸ਼ਵੀਕਰਨ ਅਤੇ ਨਿਜੀਕਰਨ ਬੋਤਲ ‘ਚੋਂ ਨਿਕਲੇ ਭੂਤ ਵਾਂਗ ਹਨ। ਕੱਲ੍ਹ ਨੂੰ ਜੇ ਮੋਦੀ ਪ੍ਰਧਾਨ ਮੰਤਰੀ ਬਣ ਜਾਂਦਾ ਹੈ ਤਾਂ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਦਹਾਕੇ ਪਹਿਲਾਂ ‘ਪੇਂਡੂ ਔਰਤਾਂ ਵਰਗੇ’ ਬੰਦੇ ਦੀ ਘੜੀ ‘ਨਵੀਂ ਆਰਥਿਕ ਨੀਤੀ’ ਨੂੰ ਬਦਲਣ ਦੀ ਮਰਦਾਨਗੀ ਉਹ ਕਿਵੇਂ ਦਿਖਾਉਂਦਾ ਹੈ?
ਪੰਜਾਬੀਆਂ ‘ਚ ‘ਮੌਤ ਨੂੰ ਮਖੌਲਾਂ ਕਰਨ’ ਜਾਂ ‘ਕਿਸੇ ਦੀ ਟੈਂ ਨਾ ਮੰਨਣ ਵਾਲੇ’ ਹੀ ਸਤਿਕਾਰ ਤੇ ਪਿਆਰ ਦੇ ਪਾਤਰ ਬਣਦੇ ਹਨ। ਇਨ੍ਹਾਂ ਮਰਦਾਨਾ ਗੁਣਾਂ ਨੂੰ ਔਰਤ ਨੇ ਵੀ ਸਿੱਧੇ ਜਾਂ ਅਸਿਧੇ ਤੌਰ ‘ਤੇ ਮਾਨਤਾ ਦਿੱਤੀ ਹੋਈ ਹੈ। ਉਸ ਦੇ ਸੁਫਨਿਆਂ ਵਿਚ ਕਦਾਵਰ, ਬਹਾਦਰ, ਜਬੇਵਾਲਾ, ਰੌਣਕੀ ਜਿਆਦਾ ਆਉਂਦਾ ਹੈ, ਸਹਿਜ, ਗੰਭੀਰ, ਵਾਕ-ਸੰਜਮੀ ਉਸ ਨੂੰ ਉਨਾ ਨਹੀਂ ਪੋਂਹਦਾ। ਅਜਿਹੇ ਬੰਦੇ ਬਾਰੇ ਇਕ ਔਰਤ ਦਾ ਕਥਨ ਸੀ, “ਉਸ ਦੇ ਕੋਲ ਹੁੰਦਿਆਂ ਲਗਦਾ ਹੀ ਨਹੀਂ ਕਿ ਕੋਲ ਮਰਦ ਬੈਠਾ ਹੈ।” ਦੇਸੀ ਔਰਤ ਨੂੰ ਵੀ ਮੋਦੀ ਵਾਲਾ ‘ਮਰਦ’ ਹੀ ਮਰਦ ਲਗਦਾ ਹੈ। ਇਕ ਵਾਰ ਸਾਡੇ ਘਰ ਕੰਮ ਕਰਨ ਵਾਲੀ ਔਰਤ ਕੁਝ ਦਿਨਾਂ ਦੀ ਗੈਰਹਾਜਰੀ ਬਾਅਦ ਆਈ। ਉਸ ਦੇ ਮੂੰਹ ‘ਤੇ ਨੀਲ ਪਏ ਹੋਏ ਸਨ। ਉਸ ਨੇ ਦਸਿਆ ਕਿ ਉਸ ਦੇ ਘਰ ਵਾਲੇ ਨੇ ਉਸ ਨੂੰ ਬੁਰੀ ਤਰ੍ਹਾਂ ਕੁੱਟਿਆ ਸੀ। ਮੈਨੂੰ ਉਸ ‘ਤੇ ਤਰਸ ਵੀ ਆਇਆ ਤੇ ਉਸ ਦੇ ਘਰ ਵਾਲੇ ‘ਤੇ ਗੁੱਸਾ ਵੀ। ਮੈਂ ਉਸ ਨੂੰ ਥਾਣੇ ਜਾਣ ਦੀ ਸਲਾਹ ਦਿੱਤੀ। ਉਹ ਕਹਿੰਦੀ, “ਕੋਈ ਨ੍ਹੀਂ ਜੀ, ਉਹ ਤਾਂ ਕੁੱਟਦਾ ਹੀ ਰਹਿੰਦਾ ਹੈ। ਮਰਦ ਤਾਂ ਇਉਂ ਹੀ ਕਰਦੇ ਆ।” ਉਸ ਨੇ ਮਰਦਊਪੁਣੇ ਦੇ ਹੱਕ ‘ਚ ਦਲੀਲ ਦੇ ਕੇ ਗੱਲ ਮੁਕਾ ਦਿੱਤੀ, “ਜਿੱਦਂੇ ਉਹ ਕੁੱਟੇ, ਉਦੇਂ ਉਹ ‘ਪਿਆਰ’ ਵੀ ਬਹੁਤ ਕਰਦਾ ਹੈ ਜੀ, ਤੇ ਨਾਲੇ ਫਿਲਮ ਵੀ ਵਿਖਾ ਕੇ ਲਿਆਉਂਦਾ ਹੈ।”
ਇਕ ਸਿਆਣੇ ਬੰਦੇ ਨਾਲ ਇਸ ਵਰਤਾਰੇ ਬਾਰੇ ਗੱਲਬਾਤ ਹੋਈ ਕਿ ਮਰਦਾਵੀਂ ਧੌਂਸ ਅਤੇ ਦੇਸੀ ਔਰਤ ਦੀ ਅਧੀਨਗੀ ਦਾ ਕੀ ਤੋੜ ਹੈ? ਉਸ ਦਾ ਪ੍ਰਵਚਨ ਸੀ ਕਿ ਇਸ ਦਾ ਕੋਈ ਹੱਲ ਨਹੀਂ। ਹਜਾਰਾਂ ਵਰ੍ਹਿਆਂ ਦਾ ਇਤਿਹਾਸ ਹੈ, ਔਰਤ ਤੇ ਮਰਦ ਨੂੰ ਸਿਰਫ ਦਾਬੇ ਅਤੇ ਸਮਰਪਣ ਦਾ ਹੀ ਅਨੁਭਵ ਹੈ। ਉਹ ਸਮਾਨ ਪੱਧਰ ‘ਤੇ ਵਿਚਰ ਹੀ ਨਹੀਂ ਸਕਦੀ। ਜਦੋਂ ਮੌਕਾ ਲਗੇ, ਇਕ ਦੂਜੇ ‘ਤੇ ਗਾਲਬ ਹੋਣ ਦੀ ਤਾਕ ਵਿਚ ਰਹਿੰਦਾ ਹੈ। ਰੌਲਾ ਮਰਦਾਵੀਂ ਧੌਂਸ ਦਾ ਨਹੀਂ, ‘ਧੌਂਸ’ ਦਾ ਹੈ। ਮਰਦ ਨੇ ਵਰ੍ਹਿਆਂ ਤੋਂ ਧੌਂਸ ਜਮਾਈ ਰੱਖੀ ਹੈ। ਜਿਥੇ ਮਰਦ ‘ਚ ਹਲੀਮੀ ਜਾਂ ਕਮਜੋਰੀ ਦਿਸੇ, ਉਥੇ ਔਰਤ ਮਰਦ ਵਾਂਗ ਵਿਹਾਰ ਕਰਨ ਲੱਗ ਜਾਂਦੀ ਹੈ। ਬਲ ਅਤੇ ਸ਼ਕਤੀ ਦੇ ਹੋਣ ਤੇ ਵਰਤੋਂ ਦਾ ਆਪਣਾ ਹੀ ਰੁਮਾਂਸ ਹੈ। ਮੋਦੀ ਵਰਗਾ ਬੰਦਾ ਮਨਮੋਹਨ ਵਰਗੇ ਵਿਰੋਧੀ ਨੂੰ ਵੀ ‘ਪੇਂਡੂ ਔਰਤਾਂ ਵਰਗਾ’ ਨਹੀਂ ਸਗੋਂ ਸ਼ਹਿਰੀਆਂ ਵਾਂਗੂੰ ਚਲਾਕ ਤੇ ਧਕੜ ਦੇਖਣਾ ਚਾਹੁੰਦਾ ਹੈ, ਭਲਾ ਮਾੜੇ ਨਾਲ ਕੀ ਮੜਿਕਣਾ ਹੋਇਆ!

Be the first to comment

Leave a Reply

Your email address will not be published.